ਬਜਰੰਗ ਦਲ ਦੀ ਬੁਰਛਾਗਰਦੀ

ਹਿੰਦੂਤਵ ਦੀ ਚੜ੍ਹਤ ਕਿਵੇਂ ਹੋਈ-5
ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐਸ. ਐਸ.) ਨੇ ਆਪਣੀ ਹੋਂਦ ਦੇ ਕਰੀਬ ਨੌਂ ਦਹਾਕਿਆਂ ਦੌਰਾਨ ਬੜੇ ਉਤਰਾ-ਚੜ੍ਹਾਅ ਦੇਖੇ ਹਨ। ਅੱਜ ਕੱਲ੍ਹ ਇਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੱਥਾਂ ਵਿਚ ਭਾਰਤ ਦੀ ਹਕੂਮਤ ਹੈ। ਇਸ ਵੇਲੇ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਹੈ; ਇਸੇ ਤਰ੍ਹਾਂ ਆਰ. ਐਸ. ਐਸ. ਸੰਸਾਰ ਦੀ ਸਭ ਤੋਂ ਵੱਡੀ ਵਾਲੰਟੀਅਰ ਸੰਸਥਾ ਹੈ। ਉਘੇ ਪੱਤਰਕਾਰ ਧੀਰੇਂਦਰ ਕੁਮਾਰ ਝਾਅ ਨੇ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਲਈ ਜ਼ਿੰਮੇਵਾਰ ਸੰਗਠਨਾਂ ਬਾਰੇ ਚਰਚਾ ਆਪਣੀ ਕਿਤਾਬ ‘ਸ਼ੈਡੋ ਆਰਮੀਜ਼’ (ਹਿੰਦੂਤਵੀ ਲਸ਼ਕਰ) ਵਿਚ ਕੀਤੀ ਹੈ। ਇਸ ਕਿਸ਼ਤ ਵਿਚ ਬਜਰੰਗ ਦਲ ਦੇ ਕਾਰਿਆਂ ਬਾਰੇ ਕੁਝ ਹੋਰ ਖੁਲਾਸੇ ਕੀਤੇ ਗਏ ਹਨ।

-ਸੰਪਾਦਕ

ਧੀਰੇਂਦਰ ਕੁਮਾਰ ਝਾਅ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਵਿਸ਼ਵ ਹਿੰਦੂ ਪ੍ਰੀਸ਼ਦ ਦੀ ਵੈਬਸਾਈਟ ਬਜਰੰਗ ਦਲ ਨੂੰ ਹਿੰਦੂ ਸਮਾਜ ਦਾ ‘ਸੁਰੱਖਿਆ ਘੇਰਾ` ਆਖਦੀ ਹੈ; ਹਾਲਾਂਕਿ ਇਸ ਜਥੇਬੰਦੀ ਦੀਆਂ ਸਰਗਰਮੀਆਂ ਨਾਲ ਤਾਂ ਇਸ ਤੋਂ ਉਲਟ ਸਾਬਤ ਹੁੰਦਾ ਹੈ। ਅਰਾਜਕ ਬਣਤਰ ਅਤੇ ਅਨੁਸ਼ਾਸਨਹੀਣ ਬਿਰਤੀ ਵਾਲੀ ਇਹ ਜਥੇਬੰਦੀ ਸੰਘ ਪਰਿਵਾਰ ਦਾ ਇੱਲਤੀ ਬੱਚਾ ਹੈ।
ਬਜਰੰਗ ਦਲ ਦੀ ਸਥਾਪਨਾ ਤੋਂ 15 ਸਾਲ ਬਾਅਦ 1999 ਵਿਚ ਇਸ ਦੇ ਕਾਰਕੁਨਾਂ ਦੀ ਟੋਲੀ, ਜਿਸ ਦੀ ਅਗਵਾਈ ਰਵਿੰਦਰ ਕੁਮਾਰ ਪਾਲ ਉਰਫ ਦਾਰਾ ਸਿੰਘ ਕਰ ਰਿਹਾ ਸੀ, ਨੇ ਆਸਟਰੇਲੀਆ ਦੇ ਮਿਸ਼ਨਰੀ ਗ੍ਰਾਹਮ ਸਟੇਨਜ਼ ਅਤੇ ਉਸ ਦੇ ਬੱਚਿਆਂ ਨੂੰ ਜਿਉਂਦੇ ਸਾੜ ਦਿੱਤਾ। ਸਟੇਨਜ਼ 30 ਸਾਲਾਂ ਤੋਂ ਉੜੀਸਾ ਦੇ ਕੋਹੜੀ ਮਰੀਜ਼ਾਂ ਵਿਚ ਕੰਮ ਕਰ ਰਿਹਾ ਸੀ। ਜਦੋਂ ਸਿਆਲ ਵਿਚ ਜਨਵਰੀ ਦੀ ਉਸ ਰਾਤ ਉਨ੍ਹਾਂ ਦੀ ਹੱਤਿਆ ਕੀਤੀ ਗਈ, ਉਹ ਅਤੇ ਉਸ ਦੇ ਦੋ ਨਿੱਕੇ-ਨਿੱਕੇ ਪੁੱਤਰ ਕਿਓਨਝਾਰ ਜਿਲੇ ਦੇ ਪਿੰਡ ਮਨੋਹਰਪੁਰ ਵਿਚ ਆਪਣੀ ਕਾਰ ਵਿਚ ਸੌਂ ਰਹੇ ਸਨ। ਇਕ ਹਜੂਮ ਨੇ ਕਾਰ ਉਪਰ ਪੈਟਰੋਲ ਛਿੜਕਿਆ ਅਤੇ ਅੱਗ ਲਾ ਦਿੱਤੀ। ਸਟੇਨਜ਼ ਨੇ ਭੱਜਣ ਦੀ ਕੋਸ਼ਿਸ ਕੀਤੀ, ਪਰ ਭੀੜ ਨੇ ਉਸ ਨੂੰ ਕਾਰ ‘ਚੋਂ ਨਿਕਲਣ ਨਾ ਦਿੱਤਾ ਅਤੇ ਤਿੰਨੇ ਪਿਉ-ਪੁੱਤਰ ਅੱਗ ਵਿਚ ਸੜ ਕੇ ਸੁਆਹ ਹੋ ਗਏ।
ਛੇਤੀ ਹੀ ਪਤਾ ਲੱਗ ਗਿਆ ਕਿ ਇਹ ਕਾਂਡ ਬਜਰੰਗ ਦਲ ਵਾਲਿਆਂ ਦਾ ਕਾਰਾ ਹੈ। ਉੜੀਸਾ ਦੇ ਡੀ.ਜੀ.ਪੀ. ਬੀ. ਬੀ. ਪਾਂਡਾ ਦੀ ਜਾਂਚ ਨੇ ਇਸ ਉਪਰ ਸਰਕਾਰੀ ਮੋਹਰ ਲਾ ਦਿੱਤੀ। ਉਸ ਨੇ ਕਿਹਾ, ‘ਇਸ ਹਮਲੇ ਵਿਚ ਬਜਰੰਗ ਦਲ ਦਾ ਹੱਥ ਹੈ।` (ਮਈ 2019 ਵਿਚ ਲੋਕ ਸਭਾ ਚੋਣਾਂ ਵਿਚ ਜਿੱਤ ਕੇ ਪਾਰਲੀਮੈਂਟ ਵਿਚ ਪਹੁੰਚਿਆ ਅਖੌਤੀ ਫਕੀਰ ਪ੍ਰਤਾਪ ਚੰਦਰ ਸਾਰੰਗੀ ਉਦੋਂ ਬਜਰੰਗ ਦਲ ਦੀ ਉੜੀਸਾ ਇਕਾਈ ਦਾ ਮੁਖੀ ਸੀ, ਉਸ ਦੇ ਹੱਥ ਇਨ੍ਹਾਂ ਕਤਲਾਂ ਦੇ ਲਹੂ ਨਾਲ ਰੰਗੇ ਹੋਏ ਹਨ। -ਅਨੁਵਾਦਕ)। ਪੜਤਾਲ ਕਰਨ `ਤੇ ਖੁਲਾਸਾ ਹੋਇਆ ਕਿ 2 ਜਨਵਰੀ 1999 ਦੀ ਰਾਤ ਸਥਾਨਕ ਆਗੂ ਦਾਰਾ ਸਿੰਘ ਨੇ ਭੀੜ ਦੀ ਅਗਵਾਈ ਕੀਤੀ। 2003 ਵਿਚ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ, ਜੋ 2005 ਵਿਚ ਉੜੀਸਾ ਹਾਈਕੋਰਟ ਨੇ ਉਮਰ ਕੈਦ ਵਿਚ ਬਦਲ ਦਿੱਤੀ। 2011 ਵਿਚ ਸੁਪਰੀਮ ਕੋਰਟ ਨੇ ਹਾਈਕੋਰਟ ਦਾ ਫੈਸਲਾ ਬਰਕਰਾਰ ਰੱਖਿਆ।
ਇਹ ਸੋਚ ਕੇ ਕਿ ਹੁਣ ਤਾਂ ਕੇਂਦਰ ਵਿਚ ਸੰਘ ਦਾ ਹੀ ਸਿਆਸੀ ਵਿੰਗ ਭਾਜਪਾ ਸੱਤਾ ਵਿਚ ਹੈ, ਬਜਰੰਗ ਦਲ ਨੇ ਆਪਣਾ ਤਾਂਡਵ ਨਾਚ ਹੋਰ ਵੀ ਹੌਸਲੇ ਨਾਲ ਜਾਰੀ ਰੱਖਿਆ। ਇਸ ਦੇ ਕਾਰਿੰਦਿਆਂ ਨੇ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਗਿਰਜਾ ਘਰਾਂ, ਪਾਦਰੀਆਂ ਅਤੇ ਇਸਾਈ ਸਾਧਵੀਆਂ `ਤੇ ਹਮਲੇ ਕੀਤੇ। ਸਭ ਤੋਂ ਵੱਧ ਦਿਲ ਕੰਬਾਊ ਸਰਗਰਮੀਆਂ ਗੁਜਰਾਤ ਵਿਚ ਹੋਈਆਂ, ਜਿਥੇ ਇਹ ਸ਼ਾਇਦ ਸਭ ਤੋਂ ਵੱਧ ਮਜ਼ਬੂਤ ਹੈ। ਜਦੋਂ 2002 ਵਿਚ ਰਾਜ ਦੇ ਬਹੁਤ ਸਾਰੇ ਹਿੱਸਿਆਂ ਵਿਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ, ਇਸ ਫਿਰਕੂ ਹਿੰਸਾ ਵਿਚ ਇਸ ਦਾ ਵੱਡਾ ਹੱਥ ਸੀ। ਗੁਜਰਾਤ ਦੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਰਲ ਕੇ ਬਜਰੰਗ ਦਲ ਭੀੜਾਂ ਨੂੰ ਜਥੇਬੰਦ ਕਰਨ ਅਤੇ ਕਤਲੋ-ਗਾਰਤ ਲਈ ਉਕਸਾਉਣ ਵਿਚ ਸਭ ਤੋਂ ਵੱਧ ਸਰਗਰਮ ਦੇਖਿਆ ਗਿਆ।
ਬਜਰੰਗ ਦਲ ਦਾ ਕਾਰਿੰਦਾ ਬਾਬੂ ਬਜਰੰਗੀ ਆਪਣੇ ਘਿਨਾਉਣੇ ਕਾਰਿਆਂ ਬਾਰੇ ਕੈਮਰੇ ਅੱਗੇ ਸ਼ੱਰੇਆਮ ਸ਼ੇਖੀ ਮਾਰਦਾ ਹੈ ਕਿ ਉਸ ਨੇ 28 ਫਰਵਰੀ 2002 ਨੂੰ ਸਥਾਨਕ ਇਲਾਕੇ ਦੇ ਲੋਕਾਂ ਨੂੰ ਹਥਿਆਰ ਵੰਡੇ ਅਤੇ ਮੁਸਲਿਮ ਬਹੁਗਿਣਤੀ ਇਲਾਕੇ ਨਰੋਦਾ ਪਾਟੀਆ `ਤੇ ਹਮਲਾ ਕੀਤਾ। ਉਨ੍ਹਾਂ ਨੂੰ ਜਿੰਨੇ ਵੀ ਮੁਸਲਮਾਨ ਮਿਲੇ, ਸਭ ਨੂੰ ਕੋਹ-ਕੋਹ ਕੇ ਮਾਰ ਦਿੱਤਾ। ਉਨ੍ਹਾਂ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਦਿੱਤੀ ਸੂਚੀ ਅਨੁਸਾਰ ਮੁਸਲਮਾਨਾਂ ਦੀਆਂ ਦੁਕਾਨਾਂ ਨੂੰ ਅੱਗ ਲਾਈ।
ਜੇ 2002 ਵਿਚ ਬਜਰੰਗ ਦਲ ਨੇ ਕਤਲੇਆਮ ਲਈ ਆਦਮੀ ਅਤੇ ਆਦਮਖੋਰ ਹਜੂਮ ਮੁਹੱਈਆ ਕੀਤੇ ਤਾਂ ਬਾਅਦ ਵਾਲੇ ਸਾਲਾਂ ਵਿਚ ਉਹ ਸਮਾਜ ਦੇ ਵੱਖ-ਵੱਖ ਫਿਰਕਿਆਂ ਵਿਚ ਵੰਡੀਆਂ ਪੈਦਾ ਕਰਨ ਦੇ ਸੰਘ ਪਰਿਵਾਰ ਦੇ ਏਜੰਡੇ ਨੂੰ ਨੇਪਰੇ ਚਾੜ੍ਹਨ ਦੇ ਕਾਰਜ ਵਿਚ ਵੀ ਪੂਰੀ ਤਨਦੇਹੀ ਤੇ ਸਰਗਰਮੀ ਨਾਲ ਜੁਟਿਆ ਹੋਇਆ ਹੈ। ਗੁਜਰਾਤ ਵਿਚ ਇਸ ਨੇ ਮੁਸਲਮਾਨਾਂ ਜਾਂ ਕਿਸੇ ਹੋਰ ਜਾਤ ਦੇ ਲੜਕਿਆਂ ਨਾਲ ਵਿਆਹ ਕਰਾਉਣ ਵਾਲੀਆਂ ਹਿੰਦੂ ਲੜਕੀਆਂ ਨੂੰ ਇਸ ‘ਫੰਦੇ` ਵਿਚੋਂ ਕੱਢਣ ਲਈ ਧਰਮ ਯੁੱਧ ਛੇੜ ਦਿੱਤਾ। 2007 ਵਿਚ ਬਜਰੰਗ ਦਲ ਦੇ ਛਾਪੇ ਗਏ ਕਿਤਾਬਚੇ ਵਿਚ ਕਿਹਾ ਗਿਆ ਕਿ ਪ੍ਰੇਮ ਵਿਆਹ ਹਿੰਦੂ ਰਵਾਇਤਾਂ ਦੇ ਖਿਲਾਫ ਹਨ, ਇਸ ਕਰਕੇ ਹਿੰਦੂ ਲੜਕੀ ਨੂੰ ਇਸ ਸਾਜ਼ਿਸ਼ ਦੇ ਜਾਲ ਵਿਚੋਂ ਮੁਕਤ ਕਰਾਉਣਾ 100 ਗਊਆਂ ਬਚਾਉਣ ਦੇ ਬਰਾਬਰ ਹੈ।
ਬਜਰੰਗ ਦਲ ਅਤੇ ਸੰਘ ਦੇ ਹੋਰ ਲਸ਼ਕਰਾਂ ਦੀਆਂ ਕਾਰਵਾਈਆਂ ਨੇ ਮਾਹੌਲ ਇਸ ਕਦਰ ਜ਼ਹਿਰੀਲਾ ਬਣਾ ਦਿੱਤਾ ਕਿ ਬਹੁਤ ਸਾਰੇ ਸ਼ਹਿਰਾਂ ਵਿਚ ਮੁਸਲਮਾਨਾਂ ਨੇ ਆਪਣੀ ਸੁਰੱਖਿਆ ਲਈ ਇਕੱਠੇ ਹੋ ਕੇ ਰਹਿਣਾ ਸ਼ੁਰੂ ਕਰ ਦਿੱਤਾ। ਇਸ ਨਾਲ ਰਾਜ ਵਿਚ ਵੱਡੇ ਪੱਧਰ ‘ਤੇ ਵੱਖਰੀਆਂ ਬਸਤੀਆਂ ਹੋਂਦ ਵਿਚ ਆ ਗਈਆਂ। ਦਰਅਸਲ, ਹੁਣ ਤਾਂ ਗੁਜਰਾਤ ਦੇ ਬਹੁਤ ਸਾਰੇ ਵੱਡੇ ਸ਼ਹਿਰਾਂ ਵਿਚ ਵੱਡੀ ਮੁਸਲਿਮ ਆਬਾਦੀ ਵਾਲੇ ਅਲੱਗ-ਥਲੱਗ ਖੇਤਰ ਬਣੇ ਹੋਏ ਹਨ, ਜਿਨ੍ਹਾਂ ਨੂੰ ਸਥਾਨਕ ਲੋਕ ਮਿਨੀ ਪਾਕਿਸਤਾਨ ਕਹਿੰਦੇ ਹਨ। ਇਸ ਸ਼ਬਦ ਦਾ ਜਨਤਕ ਇਸਤੇਮਾਲ ਦਰਸਾਉਂਦਾ ਹੈ ਕਿ ਉਥੇ ਰਹਿਣ ਵਾਲੇ ਸਾਰੇ ਉਨ੍ਹਾਂ ਲਈ ਦੁਸ਼ਮਣ ਹਨ। ਇਨ੍ਹਾਂ ਦੁਆਲੇ ਉਸਾਰੀਆਂ ਕੰਧਾਂ ਇਨ੍ਹਾਂ ਨੂੰ ਬਾਕੀ ਅਬਾਦੀ ਤੋਂ ਅਲਹਿਦਾ ਕਰਦੀਆਂ ਹਨ, ਜੋ ਹਰ ਫਿਰਕੂ ਫਸਾਦ ਪਿਛੋਂ ਹੋਰ ਉਚੀਆਂ ਹੋ ਜਾਂਦੀਆਂ ਹਨ। ਅਮੀਰ ਖੇਤਰਾਂ ਵਿਚ ਵੀ ਮੁਸਲਮਾਨਾਂ ਨੂੰ ਜਾਇਦਾਦ ਖਰੀਦਣ ਦੀ ਆਗਿਆ ਨਹੀਂ।
2004 ਵਿਚ ‘ਫਰੰਟ ਲਾਈਨ’ ਰਸਾਲੇ ਵਿਚ ਛਪੀ ਰਿਪੋਰਟ ਦੱਸਦੀ ਹੈ, “ਜਦੋਂ ਮੁਸਲਮਾਨਾਂ ਨੇ ਪਾਲਦੀ ਵਿਚ ਫਲੈਟ ਖਰੀਦੇ, ਜੋ ਅਹਿਮਦਾਬਾਦ ਦਾ ਕਾਰੋਬਾਰੀ ਖੇਤਰ ਹੈ ਤਾਂ ਬਜਰੰਗ ਦਲ ਦੇ ਕਾਰਕੁਨਾਂ ਨੇ ਇਮਾਰਤ ਢਾਹ ਦਿੱਤੀ ਅਤੇ ਬੰਬ ਸੁੱਟ ਕੇ ਲਿਫਟ ਉਡਾ ਦਿੱਤੀ, ਅਤੇ ਉਨ੍ਹਾਂ ਮੁਸਲਮਾਨ ਮਾਲਕਾਂ ਨੂੰ ਉਹ ਫਲੈਟ ਕੌਡੀਆਂ ਦੇ ਭਾਅ ਵੇਚਣ ਲਈ ਮਜਬੂਰ ਕਰ ਦਿੱਤਾ। ਅਹਿਮਦਾਬਾਦ ਸ਼ਹਿਰ ਦੇ ਗੇਟਬੰਦ ਇਲਾਕਿਆਂ ਵਿਚ ਬਜਰੰਗ ਦਲ ਨੇ ਉਨ੍ਹਾਂ ਵਪਾਰੀਆਂ `ਤੇ ਹਮਲੇ ਕੀਤੇ, ਜਿਨ੍ਹਾਂ ਨੇ ਮੁਸਲਮਾਨਾਂ ਨੂੰ ਜਾਇਦਾਦ ਵੇਚੀ ਸੀ।”
2002 ਦੀ ਫਿਰਕੂ ਹਿੰਸਾ ਪਿਛੋਂ ਸਹਿਮੇ ਹੋਏ ਮੁਸਲਮਾਨਾਂ ਵਲੋਂ ਆਪਣੀਆਂ ਅਲਹਿਦਾ ਬਸਤੀਆਂ ਬਣਾਉਣ ਦਾ ਸਿਲਸਿਲਾ ਪੇਂਡੂ ਖੇਤਰਾਂ ਵਿਚ ਵੀ ਸ਼ੁਰੂ ਹੋ ਗਿਆ। ਰਿਪੋਰਟ ਦੱਸਦੀ ਹੈ, ‘ਬਹੁਤ ਸਾਰੇ ਸ਼ਰਨਾਰਥੀਆਂ ਲਈ ਆਪਣੇ ਘਰਾਂ ਨੂੰ ਪਰਤ ਕੇ ਉਥੇ ਮੁੜ ਵਸਣਾ ਸੰਭਵ ਨਹੀਂ। ਉਹ ਨਾਲ ਲੱਗਦੇ ਕਸਬਿਆਂ ਅਤੇ ਪਿੰਡਾਂ, ਜਿਥੇ ਮੁਸਲਿਮ ਆਬਾਦੀ ਵਧੇਰੇ ਹੈ, ਵਿਚ ਜਾ ਕੇ ਵਸੇਬਾ ਕਰਨ ਨੂੰ ਤਰਜੀਹ ਦੇ ਰਹੇ ਹਨ। ਉਹ ਮਹਿਸੂਸ ਕਰਦੇ ਹਨ ਕਿ ਅਲਹਿਦਾ ਰਹਿਣ ਕਾਰਨ ਉਹ ਸੌਖਾ ਨਿਸ਼ਾਨਾ ਬਣ ਸਕਦੇ ਹਨ। ਪਿੰਡਾਂ ਵਿਚ ਵਸਦੇ ਮੁਸਲਮਾਨਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਉਥੋਂ ਕੱਢਣ ਤੋਂ ਬਾਅਦ ਬਜਰੰਗ ਦਲ ਦੀਆਂ ਸਥਾਨਕ ਇਕਾਈਆਂ ਨੇ ਹੰਕਾਰ ਨਾਲ ਉਥੇ ‘ਮੁਸਲਿਮ ਮੁਕਤ’ ਇਲਾਕੇ ਦੇ ਬੈਨਰ ਲਾ ਦਿੱਤੇ।
ਫਿਰ ਬਜਰੰਗ ਦਲ ਬਾਬਤ ਜੋ ਸਭ ਤੋਂ ਖਤਰਨਾਕ ਸਬੂਤ ਸਾਹਮਣੇ ਆਉਣੇ ਸ਼ੁਰੂ ਹੋਏ, ਉਹ ਸਨ ਇਸ ਦਾ ਕੌਮਾਂਤਰੀ ਦਹਿਸ਼ਤਵਾਦੀ ਗੁੱਟਾਂ ਦੀ ਤਰਜ਼ ‘ਤੇ ਹਜੂਮੀ ਹਿੰਸਾ ਤੋਂ ਗੁਪਤ ਦਹਿਸ਼ਤਵਾਦੀ ਮੁਹਿੰਮ ਵੱਲ ਕੱਟਿਆ ਮੋੜਾ। ਇਹ ਸਭ ਤੋਂ ਪਹਿਲਾਂ ਅਪਰੈਲ 2006 ਵਿਚ ਮਹਾਰਾਸ਼ਟਰ ਵਿਚ ਨਾਂਦੇੜ ਵਿਚ ਸਾਹਮਣੇ ਆਇਆ, ਜਿਥੇ ਇਸ ਦੇ ਦੋ ਕਾਰਿੰਦੇ ਆਰ. ਐਸ. ਐਸ. ਦੇ ਕਾਰਿੰਦੇ ਲਕਸ਼ਮਣ ਰਾਜ ਕੋਂਡਵਾਰ ਦੇ ਘਰ ਵਿਸਫੋਟਕ ਸਮਾਨ ਬਣਾਉਂਦੇ ਮਾਰੇ ਗਏ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਹੋਰ ਕਸਬਿਆਂ ਪਰਭਾਨੀ, ਜਾਲਨਾ ਅਤੇ ਪੂਰਨਾ ਤੋਂ ਵੀ ਬੰਬ ਕਾਂਡਾਂ ਦੀਆਂ ਰਿਪੋਰਟਾਂ ਆਈਆਂ। ਜਾਂਚ ਤੋ ਪਤਾ ਲੱਗਾ ਕਿ ਇਹ ਆਮ ਜੁਰਮ ਨਹੀਂ ਸਨ। ਇਹ ਬਜਰੰਗ ਦਲ ਦੀ ਵੱਡੀ ਸਾਜ਼ਿਸ਼ ਵੱਲ ਸੰਕੇਤ ਕਰਦੇ ਸਨ, ਜਿਥੇ ਘੱਟ ਗਿਣਤੀ ਫਿਰਕੇ ਦੇ ਲੋਕਾਂ ਦੇ ਭੇਸ ਵਿਚ ਬੰਬ ਤਿਆਰ ਕੀਤੇ ਜਾਂਦੇ ਸਨ ਤਾਂ ਜੋ ਮਸਜਿਦਾਂ ‘ਤੇ ਹਮਲੇ ਕੀਤੇ ਜਾਣ ਅਤੇ ਇਸ ਦਹਿਸ਼ਤਗਰਦੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਵੇ ਕਿ ਇਹ ਮੁਸਲਮਾਨਾਂ ਵਲੋਂ ਅੰਜਾਮ ਦਿੱਤੇ ਗਏ ਹਨ। ਅਗਲੀ ਛਾਣਬੀਣ ਤੋਂ ਪਤਾ ਲੱਗਾ ਕਿ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਤੋਂ ਬਜਰੰਗ ਦਲ ਦੇ ਤਿੰਨ ਦਰਜਨ ਕਾਰਿੰਦਿਆਂ ਨੂੰ ਪੂਨੇ ਵਿਚ ਸਿਖਲਾਈ ਦਿੱਤੀ ਗਈ ਸੀ, ਜਦਕਿ ਸੌ ਦੇ ਕਰੀਬ ਹੋਰ ਮੈਂਬਰਾਂ ਨੂੰ ਨਾਗਪੁਰ ਵਿਚ ਹਥਿਆਰ ਚਲਾਉਣ ਅਤੇ ਬੰਬ ਬਣਾਉਣ ਦੀ ਸਿਖਲਾਈ ਦਿੱਤੀ ਗਈ। ਇਹ ਭੇਤ ਵੀ ਖੁੱਲਿ੍ਹਆ ਕਿ ਬਜਰੰਗ ਦਲ ਦੇ ਇਨ੍ਹਾਂ ਕਾਰਕੁਨਾਂ ਨੂੰ ਸਿਖਲਾਈ ਦੇਣ ਵਾਲੇ ਲੋਕਾਂ ਵਿਚ ਫੌਜ ਅਤੇ ਖੁਫੀਆ ਏਜੰਸੀਆਂ ਦੇ ਰਿਟਾਇਰ ਹੋਏ ਅਧਿਕਾਰੀ ਵੀ ਸ਼ਾਮਲ ਸਨ।
ਦੋ ਸਾਲ ਬਾਅਦ 24 ਅਗਸਤ 2008 ਨੂੰ ਇਕ ਹੋਰ ਅਜਿਹੀ ਘਟਨਾ ਕਾਨਪੁਰ ਵਿਖੇ ਵਾਪਰੀ ਜਿਥੇ ਬਜਰੰਗ ਦਲ ਦੇ ਦੋ ਕਾਰਿੰਦੇ ਰਾਜੀਵ ਮਿਸ਼ਰਾ ਅਤੇ ਭੁਪਿੰਦਰ ਸਿੰਘ ਵਿਸਫੋਟਕ ਸਮੱਗਰੀ ਨਾਲ ਬੰਬ ਬਣਾਉਂਦੇ ਮਾਰੇ ਗਏ। ਕਾਨਪੁਰ ਰੇਂਜ ਦੇ ਪੁਲਿਸ ਦੇ ਆਈ. ਜੀ. ਨੇ ਜਾਂਚ ਪਿਛੋਂ ਪੱਤਰਕਾਰਾਂ ਨੂੰ ਦੱਸਿਆ ਕਿ ਉਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਨੇ ‘ਬੰਬ ਕਾਂਡਾਂ ਨੂੰ ਅੰਜਾਮ ਦੇਣ ਦੀ ਵਿਆਪਕ ਯੋਜਨਾ` ਨਾਕਾਮ ਬਣਾ ਦਿੱਤੀ ਹੈ। ਪੁਲਿਸ ਨੇ 3 ਕਿਲੋ ਲੈੱਡ ਆਕਸਾਈਡ, 500 ਗਰਾਮ ਲਾਲ ਲੈੱਡ, ਇਕ ਕਿੱਲੋਗ੍ਰਾਮ ਪੋਟਾਸ਼ੀਅਮ ਨਾਈਟਰੇਟ, 11 ਦੇਸੀ ਗਰਨੇਡ, ਬਹੁਤ ਸਾਰੇ ਬੰਬਾਂ ਦੇ ਪਿੰਨ, ਟਾਈਮਰ ਅਤੇ ਬਹੁਤ ਸਾਰੀਆਂ ਬੈਟਰੀਆਂ ਧਮਾਕੇ ਵਾਲੀ ਥਾਂ ਤੋਂ ਬਰਾਮਦ ਕੀਤੀਆਂ। ਦੇਸੀ ਹੈਂਡ ਗਰਨੇਡ ਆਕਾਰ ਅਤੇ ਸ਼ਕਲ ਪੱਖੋਂ ਫੌਜ ਵਲੋਂ ਵਰਤੇ ਜਾਣ ਵਾਲੇ ਗਰਨੇਡਾਂ ਨਾਲ ਮਿਲਦੇ ਜੁਲਦੇ ਸਨ। ਇਸ ਵਾਰਦਾਤ ਸਬੰਧੀ ਮਾਰੇ ਛਾਪਿਆਂ ਦੌਰਾਨ ਪੁਲਿਸ ਨੂੰ ਡਾਇਰੀ ਅਤੇ ਹੱਥ ਨਾਲ ਬਣਾਏ ਉਤਰ ਪ੍ਰਦੇਸ਼ ਦੇ ਮੁਸਲਿਮ ਆਬਾਦੀ ਵਾਲੇ ਫਿਰੋਜ਼ਾਬਾਦ ਦੇ ਨਕਸ਼ੇ ਮਿਲੇ। ਨਕਸ਼ਿਆਂ `ਤੇ ਘੱਟੋ-ਘੱਟ ਪੰਜ ਥਾਂਵਾਂ ਦੀ ਨਿਸ਼ਾਨਦੇਹੀ ਕੀਤੀ ਹੋਈ ਸੀ ਕਿ ਇਹ ਖੇਤਰ ਉਨ੍ਹਾਂ ਦੇ ਨਿਸ਼ਾਨੇ `ਤੇ ਹੋਣਗੇ।
2008 ਵਿਚ ਜਦ ਉੜੀਸਾ ਦੇ ਕੰਧਮਾਲ ਵਿਚ ਇਸਾਈਆਂ ਵਿਰੁਧ ਦੰਗੇ ਹੋਏ ਤਾਂ ਬਜਰੰਗ ਦਲ ਇਕ ਵਾਰ ਫੇਰ ਚਰਚਾ ਵਿਚ ਆਇਆ। ਇਸ `ਤੇ ਇਸ ਫਿਰਕੂ ਹਿੰਸਾ ਵਿਚ ਸ਼ਾਮਲ ਹੋਣ ਦੇ ਦੋਸ਼ ਲੱਗੇ, ਇਸ ਤੋਂ ਥੋੜ੍ਹੇ ਚਿਰ ਬਾਅਦ ਕਥਿਤ ਤੌਰ ‘ਤੇ ਮਾਓਵਾਦੀਆਂ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਵਾਮੀ ਲਕਸ਼ਮਨੰਦਾ ਸਰਸਵਤੀ ਅਤੇ ਉਸ ਦੇ ਚਾਰ ਹਮਾਇਤੀਆਂ ਦਾ ਕਤਲ ਕਰ ਦਿੱਤਾ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਦੀ ਮੌਤ ਦੇ ਤੁਰੰਤ ਪਿਛੋਂ ਹਿੰਸਾ ਵਿੱਢ ਦਿੱਤੀ ਗਈ। ਸਰਕਾਰੀ ਅੰਕੜਿਆਂ ਅਨੁਸਾਰ 38 ਮੌਤਾਂ ਹੋਈਆਂ ਪਰ ਗੈਰਸਰਕਾਰੀ ਅੰਦਾਜ਼ਿਆਂ ਮੁਤਾਬਿਕ ਮੌਤਾਂ ਦੀ ਗਿਣਤੀ 93 ਸੀ। ਇਸ ਤੋਂ ਇਲਾਵਾ ਇਸਾਈ ਕਬੀਲਿਆਂ ਅਤੇ ਚਰਚਾਂ `ਤੇ ਵੀ ਹਮਲੇ ਕੀਤੇ ਗਏ। ਨਤੀਜੇ ਵਜੋਂ 50,000 ਤੋਂ ਵੱਧ ਲੋਕ ਉਥੋਂ ਉਜੜ ਕੇ ਕਿਤੇ ਹੋਰ ਥਾਂ ਜਾਣ ਲਈ ਮਜਬੂਰ ਹੋ ਗਏ।
ਬੰਬ ਕਾਂਡਾਂ ਅਤੇ ਕੰਧਮਾਲ ਦੰਗਿਆਂ ਵਿਚ ਬਜਰੰਗ ਦਲ ਦੀ ਭੂਮਿਕਾ ਜਾਹਰ ਹੋਣ ਕਾਰਨ ਵੱਖ-ਵੱਖ ਹਿੱਸਿਆਂ ਵਿਚ ਇਸ ਜਥੇਬੰਦੀ `ਤੇ ਪਾਬੰਦੀ ਦੀ ਮੰਗ ਉਠੀ। ਕੌਮੀ ਸੁਰੱਖਿਆ ਸਲਾਹਕਾਰ ਐਮ. ਕੇ. ਨਰਾਇਣਨ ਨੇ ਇਸ ਵਿਚਾਰ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਇਹ ਪਾਬੰਦੀ ਬਹੁਤੀ ਦੇਰ ਟਿਕਣ ਵਾਲੀ ਨਹੀਂ। ਉਸ ਨੇ ਸਲਾਹ ਦਿੱਤੀ, ਇਸ ਦੀ ਥਾਂ ਸਾਨੂੰ ਹਾਸਲ ਸੂਚਨਾ ਦੇ ਆਧਾਰ ‘ਤੇ ਬਜਰੰਗ ਦਲ ਦੇ ਕਾਰਿੰਦਿਆਂ ਨੂੰ ਵੱਡੀ ਤਾਦਾਦ ਵਿਚ ਗ੍ਰਿਫਤਾਰ ਕਰ ਲੈਣਾ ਚਾਹੀਦਾ ਹੈ। ਤੁਸੀਂ ਇਸ `ਤੇ ਪਾਬੰਦੀ ਤਾਂ ਲਾ ਦਿਓਗੇ, ਪਰ ਉਸ ਨੇ ਦਲੀਲ ਦਿੱਤੀ ਕਿ ਪੂਰੀ ਤਿਆਰੀ ਬਿਨਾ ਕਿਸੇ ਜਥੇਬੰਦੀ `ਤੇ ਪਾਬੰਦੀ ਨਹੀਂ ਲਾਈ ਜਾ ਸਕਦੀ। ਇਸ ਦੀ ਥਾਂ ਇਸ ਨਾਲ ਸਖਤੀ ਨਾਲ ਨਜਿੱਠਿਆ ਜਾਵੇ, ਕਿਉਂਕਿ ਪਾਬੰਦੀ ਲਾਉਣ ‘ਤੇ ਬਹੁਤੇ ਨਵੇਂ ਨਾਂਵਾਂ ਹੇਠ ਉਸੇ ਮਨੋਰਥ ਵਾਲੀਆਂ ਕਈ ਹੋਰ ਜਥੇਬੰਦੀਆਂ ਬਣਾ ਲਈਆਂ ਜਾਂਦੀਆਂ ਹਨ।

ਨਰਾਇਣਨ ਦੀ ਗੱਲ ਠੀਕ ਸੀ। ਬਜਰੰਗ ਦਲ ਜ਼ਿਆਦਾਤਰ ਗਲੀਆਂ ਵਿਚ ਧੌਂਸ ਜਮਾਉਣ ਵਾਲੇ ਕੱਚਘਰੜ ਗੁੰਡਿਆਂ ਦਾ ਜਮਘਟਾ ਹੋਣ ਕਾਰਨ ਇਸ `ਤੇ ਪਾਬੰਦੀ ਲਾ ਕੇ ਇਸ ਨੂੰ ਨਕੇਲ ਨਹੀਂ ਸੀ ਪਾਈ ਜਾ ਸਕਦੀ। ਇਸ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਣ ਲਈ ਪੱਕੇ ਇਰਾਦੇ ਵਾਲੀ ਯੋਜਨਾ ਦਰਕਾਰ ਹੈ, ਪਰ ਹੁਣ ਤਕ ਕਿਸੇ ਵੀ ਸਰਕਾਰ ਨੇ ਅਜਿਹੀ ਦ੍ਰਿੜ ਇੱਛਾ ਸ਼ਕਤੀ ਨਹੀਂ ਦਿਖਾਈ।
ਦੰਗੇ-ਫਸਾਦ ਅਤੇ ਦਹਿਸ਼ਤੀ ਸਰਗਰਮੀਆਂ ਹੀ ਬਜਰੰਗ ਦਲ ਦੀ ਇਕੋ-ਇਕ ਮੁਹਾਰਤ ਨਹੀਂ। ਇਹ ਲੋਕ ਵੱਖ-ਵੱਖ ਕਲਾਕਾਰਾਂ, ਲਿਖਾਰੀਆਂ ਅਤੇ ਉਨ੍ਹਾਂ ਹੋਰ ਹਿੱਸਿਆਂ ਖਿਲਾਫ, ਸਭਿਆਚਾਰ ਦੇ ਨਾਂ ‘ਤੇ ਆਪਣੀ ਗੁੰਡਾਗਰਦੀ ਚਲਾਉਂਦੇ ਰਹੇ ਹਨ, ਜਿਨ੍ਹਾਂ ਨੂੰ ਉਹ ਹਿੰਦੂ ਰਵਾਇਤਾਂ ਅਤੇ ਸਭਿਆਚਾਰ ਛੱਡ ਕੇ ਕੁਰਾਹੇ ਪਏ ਸਮਝਦੇ ਹਨ।
ਮੁੱਢ ਵਿਚ ਉਨ੍ਹਾਂ ਦੇ ਨਿਸ਼ਾਨੇ ‘ਤੇ ਕਲਾਕਾਰ ਸਨ, ਜੋ ਉਨ੍ਹਾਂ ਦੀ ਪਰਿਭਾਸ਼ਾ ਦੇ ਫਿੱਟ ਨਹੀਂ ਆਉਂਦੇ ਸਨ। 1996 ਵਿਚ ਚਿਤਰਕਾਰ ਐਮ. ਐਫ. ਹੁਸੈਨ `ਤੇ ਉਸ ਦੀ 1976 ਵਿਚ ਬਣਾਈ ਸਰਸਵਤੀ ਦੀ ਪੇਂਟਿੰਗ ਕਾਰਨ ਹਮਲਾ ਕੀਤਾ ਗਿਆ, ਜੋ ਅਰਧ ਨਗਨ ਹਾਲਤ ਵਿਚ ਚਿਤਰੀ ਗਈ ਸੀ। ਇਸ ਪਿਛੋਂ ਅਜਿਹੇ ਹਮਲੇ ਆਮ ਹੋ ਗਏ। ਕਈ ਸਾਲ ਹੁਸੈਨ ਕਾਨੂੰਨੀ ਹਿਫਾਜ਼ਤ ਦੀ ਇੰਤਜ਼ਾਰ ਕਰਦਾ ਰਿਹਾ, ਜਦੋਂ ਇਹ ਨਾ ਮਿਲੀ ਤਾਂ ਉਹ ਆਪਣੇ ਵਤਨ ਭਾਰਤ ਨੂੰ ਅਲਵਿਦਾ ਕਹਿ ਕੇ ਪਰਦੇਸ ਚਲਿਆ ਗਿਆ।
ਬਜਰੰਗ ਦਲ ਨੇ ਉਨ੍ਹਾਂ ਹਿੰਦੂ ਕਲਾਕਾਰਾਂ ਨੂੰ ਵੀ ਨਿਸ਼ਾਨਾ ਬਣਾਇਆ, ਜਿਨ੍ਹਾਂ ਨੇ ਬਜਰੰਗ ਦਲੀਆਂ ਅਨੁਸਾਰ ਹਿੰਦੂ ਦੇਵੀ ਦੇਵਤਿਆਂ ਨੂੰ ‘ਅਨੈਤਿਕ` ਰੂਪ ਵਿਚ ਪੇਸ਼ ਕੀਤਾ ਸੀ। ਜਨਵਰੀ 2004 ਵਿਚ ਇਸੇ ਗਰੁਪ ਦੇ ਦਿਸ਼ਾ-ਨਿਰਦੇਸ਼ਾਂ `ਤੇ ਸੂਰਤ ਵਿਚ ‘ਗਾਰਡਨ ਆਰਟ ਗੈਲਰੀ’ `ਤੇ ਧਾਵਾ ਬੋਲ ਕੇ ਪੇਟਿੰਗਾਂ ਦੀ ਭੰਨ-ਤੋੜ ਕੀਤੀ ਗਈ, ਜਿਨ੍ਹਾਂ ਵਿਚ ‘ਹੁਸੈਨ` ਦੀਆਂ ਬਣਾਈਆਂ ਬਹੁਤ ਸਾਰੀਆਂ ਕੈਨਵਸ ਪੇਂਟਿੰਗ ਤੋਂ ਇਲਾਵਾ ਕੇ. ਐਚ. ਆਰਾ, ਐਨ. ਐਸ. ਬੇਂਦਰੇ ਅਤੇ ਚਿਤਰੋਵਾਨੂ ਮਜੂਮਦਾਰ ਦੇ ਚਿੱਤਰ ਸ਼ਾਮਲ ਸਨ। 2007 ਵਿਚ ਇਸ ਨੇ ਆਪਣੇ ਹਮਲੇ ਦਾ ਨਿਸ਼ਾਨਾ ਐਮ. ਐਸ. ਯੂਨੀਵਰਸਿਟੀ ਵਡੋਦਰਾ ਦੇ ਕਲਾ ਵਿਭਾਗ ਨੂੰ ਬਣਾਇਆ, ਦੋਸ਼ ਇਹ ਲਾਇਆ ਕਿ ਇਕ ਵਿਦਿਆਰਥੀ ਨੇ ਧਾਰਮਿਕ ਥੀਮ ਦੀ ਵਰਤੋਂ ਕਰਕੇ ਅਸ਼ਲੀਲ ਤਸਵੀਰਾਂ ਬਣਾਈਆਂ ਸਨ।
ਬਜਰੰਗ ਦਲ ਨੇ ਉਨ੍ਹਾਂ ਨਾਟਕਾਂ ਅਤੇ ਫਿਲਮਾਂ ਖਿਲਾਫ ਵੀ ਮੁਹਿੰਮ ਵਿੱਢੀ ਹੋਈ ਹੈ, ਜੋ ਉਨ੍ਹਾਂ ਦੀ ਹਿੰਦੂ ਸਭਿਆਚਾਰ ਦੀ ਧਾਰਨਾ ਮੁਤਾਬਿਕ ਨਹੀਂ। 2004 ਵਿਚ ਨਾਟਕ ‘ਪੋਂਗਾ ਪੰਡਿਤ` ਨੂੰ ਬਜਰੰਗ ਦਲ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ, ਕਿਉਂਕਿ ਉਸ ਵਿਚ ਦਲਿਤਾਂ ਦੀ ਦੁਰਦਸ਼ਾ ਨੂੰ ਭੰਡਿਆ ਗਿਆ ਸੀ। ਉਨ੍ਹਾਂ ਨੇ ਦੀਪਾ ਮਹਿਤਾ ਦੀ ਫਿਲਮ ‘ਵਾਟਰ` ਦੇ ਸੈੱਟ ਦੀ ਵੀ ਭੰਨ ਤੋੜ ਕੀਤੀ, ਜਿਸ ਵਿਚ ਵਿਧਵਾਵਾਂ ਦੀ ਦੁਰਦਸ਼ਾ ਪੇਸ਼ ਕੀਤੀ ਗਈ ਸੀ। ਇਸ ਤੋਂ ਪਹਿਲਾਂ ਉਸ ਦੀ ਇਕ ਹੋਰ ਮਸ਼ਹੂਰ ਫਿਲਮ ‘ਫਾਇਰ` ਤੋਂ ਵੀ ਬਜਰੰਗ ਦਲ ਵਾਲੇ ਲੋਹੇ ਲਾਖੇ ਸਨ, ਜਿਸ ਦਾ ਵਿਸ਼ਾ ਸਮਲਿੰਗੀ ਔਰਤਾਂ ਦੇ ਪ੍ਰੇਮ-ਸਬੰਧਾਂ ਦੀ ਕਹਾਣੀ ਸੀ।
ਵੈਲਨਟਾਈਨ ਡੇਅ ਜਸ਼ਨ ਬਜਰੰਗ ਦਲ ਜਿਹੀਆਂ ਜਥੇਬੰਦੀਆਂ ਲਈ ਸੌਖਾ ਨਿਸ਼ਾਨਾ ਹਨ। ਪਾਰਕਾਂ ਵਿਚ ਟਹਿਲਦੇ, ਇਕ ਦੂਜੇ ਨੂੰ ਗੁਲਾਬ ਦੇ ਫੁੱਲ ਭੇਟ ਕਰਦੇ ਅਤੇ ਚਾਕਲੇਟ ਜਾਂ ਹੋਰ ਤੋਹਫੇ ਦਿੰਦੇ ਔਰਤਾਂ ਤੇ ਮਰਦਾਂ ਨੂੰ ਦੇਖ ਕੇ ਇਸ ਦੇ ਕਾਰਿੰਦੇ ਭੜਕ ਜਾਂਦੇ ਹਨ ਅਤੇ ਹਰ ਸਾਲ ਵੱਡੀ ਤਾਦਾਦ ਵਿਚ ਇਕੱਠੇ ਹੋ ਕੇ ਅਜਿਹੇ ਸਮਾਗਮਾਂ `ਤੇ ਹਮਲੇ ਕਰਕੇ ਹੁੜਦੰਗ ਮਚਾਉਂਦੇ ਹਨ। ਉਹ ਨੌਜਵਾਨ ਜੋੜਿਆਂ ਨੂੰ ਤੰਗ ਪ੍ਰੇਸ਼ਾਨ ਕਰਦੇ, ਉਨ੍ਹਾਂ ਦੇ ਚਿਹਰਿਆਂ ‘ਤੇ ਕਾਲਖ ਮਲ ਦਿੰਦੇ ਹਨ ਅਤੇ ਉਨ੍ਹਾਂ ਨੂੰ ਵਿਆਹ ਦੀਆਂ ਰਸਮਾਂ ਕਰਨ ਜਾਂ ਰੱਖੜੀ ਬੰਨ੍ਹਣ ਲਈ ਮਜਬੂਰ ਕਰਦੇ ਹਨ। ਕਈ ਵਾਰ ਤਾਂ ਉਨ੍ਹਾਂ ਦੀ ਕੁੱਟਮਾਰ ਵੀ ਕਰ ਦਿੰਦੇ ਹਨ।
2014 ਵਿਚ ਕੇਂਦਰ ਵਿਚ ਭਾਜਪਾ ਦੇ ਸੱਤਾ ਵਿਚ ਆਉਣ ਪਿਛੋਂ ਇਉਂ ਜਾਪਦਾ ਹੈ ਕਿ ਬਜਰੰਗ ਦਲ ਵਿਚ ਨਵੀਂ ਰੂਹ ਫੂਕੀ ਗਈ ਅਤੇ ਇਸ ਦੀ ਹਿੰਸਾ ਦਾ ਸਿਲਸਿਲਾ ਇਕ ਵਾਰ ਫਿਰ ਅਖਬਾਰਾਂ ਦੀਆਂ ਸੁਰਖੀਆਂ ਬਣਨਾ ਸ਼ੁਰੂ ਹੋ ਗਿਆ। ਇਸ ਨੇ ਆਪਣਾ ਧਿਆਨ ਧਰਮ ਬਦਲੀ ਅਤੇ ਗਊ ਮਾਸ ਖਾਣ ‘ਤੇ ਪਾਬੰਦੀ ਲਾਗੂ ਕਰਵਾਉਣ `ਤੇ ਕੇਂਦਰਤ ਕਰ ਲਿਆ। ਦਸੰਬਰ 2014 ਵਿਚ ਨਰਿੰਦਰ ਮੋਦੀ ਦੇ ਸੱਤਾ ਵਿਚ ਆਉਣ ਦੇ ਥੋੜ੍ਹੇ ਮਹੀਨੇ ਬਾਅਦ ਹੀ ਬਜਰੰਗ ਦਲ ਨੇ ਯੂ. ਪੀ. ਦੇ ਸ਼ਹਿਰ ਆਗਰਾ ਵਿਚ ਸਮਾਗਮ ਕਰਕੇ 300 ਮੁਸਲਮਾਨਾਂ ਦੀ ਹਿੰਦੂ ਧਰਮ ਵਿਚ ‘ਸਵੈ ਇੱਛਾ ਨਾਲ’ ਮੁੜ ਵਾਪਸੀ ਕਰਵਾਈ, ਪਰ ਛੇਤੀ ਹੀ ਸੱਚਾਈ ਸਾਹਮਣੇ ਆ ਗਈ। ਜਿਨ੍ਹਾਂ ਜ਼ਿਆਦਾਤਰ ਮੁਸਲਮਾਨਾਂ ਨੇ ਇਨ੍ਹਾਂ ਦੇ ਫੁਰਮਾਨ ਦੀ ਪਾਲਣਾ ਕੀਤੀ, ਉਹ ਨਿਹਾਇਤ ਗਰੀਬ ਸਨ ਅਤੇ ਆਗਰਾ ਦੇ ਬਾਹਰ ਝੁੱਗੀਆਂ ਝੋਂਪੜੀਆਂ ਵਿਚ ਰਹਿੰਦੇ ਸਨ। ਉਹ ਬੰਗਲਾ ਦੇਸ਼ ਤੋਂ ਉਜੜ ਕੇ ਆਏ ਪਰਵਾਸੀ ਸਨ ਅਤੇ ਉਨ੍ਹਾਂ ਕੋਲ ਰਾਸ਼ਨ ਕਾਰਡ ਵੀ ਨਹੀਂ ਸਨ। ਉਨ੍ਹਾਂ ਵਿਚੋਂ ਕੁਝ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਗੁੰਮਰਾਹ ਕਰਕੇ ਬੀ. ਪੀ. ਐਲ. ਕਾਰਡਾਂ ਦੀ ਰਜਿਸਟਰੇਸ਼ਨ ਕਰਵਾਉਣ ਦੇ ਬਹਾਨੇ ਬਜਰੰਗ ਦਲ ਦੇ ਧਰਮ ਬਦਲੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਲਿਆਂਦਾ ਗਿਆ। ਬਾਕੀਆਂ ਨੇ ਕਿਹਾ ਕਿ ਉਨ੍ਹਾਂ ਨੇ ਹਿੰਦੂਤਵੀ ਗਰੋਹਾਂ ਦੀ ਹਿੰਸਾ ਦੇ ਡਰੋਂ ਧਰਮ ਬਦਲ ਲਿਆ ਹੈ।
ਅਜਿਹੀਆਂ ਜਬਰੀ ਧਰਮ ਬਦਲੀਆਂ, ਜਿਨ੍ਹਾਂ ਨੂੰ ਬਜਰੰਗ ਦਲ ਅਤੇ ਹੋਰ ਹਿੰਦੂਤਵੀ ਤਾਕਤਾਂ ‘ਘਰ ਵਾਪਸੀ’ ਕਹਿੰਦੇ ਹਨ, ਪ੍ਰਧਾਨ ਮੰਤਰੀ ਮੋਦੀ ਦੀ ਖਾਮੋਸ਼ੀ ਦੀ ਹੱਲਾਸ਼ੇਰੀ ਨਾਲ ਆਮ ਗੱਲ ਹੋ ਗਈ। 29 ਜਨਵਰੀ 2016 ਨੂੰ ਬਜਰੰਗ ਦਲ ਦੇ ਕਾਰਿੰਦਿਆਂ ਨੇ ਅਵਦੇਸ਼ ਕੁਮਾਰ ਨਾਂ ਦੇ ਇਕ ਬੰਦੇ ਨੂੰ ਉਤਰ ਪ੍ਰਦੇਸ਼ ਦੇ ਜਿਲਾ ਜਲਾਓਂ ਵਿਚ ਛਿੱਤਰਾਂ ਦਾ ਹਾਰ ਪਾ ਕੇ, ਮੂੰਹ ਕਾਲਾ ਕਰਕੇ ਅਤੇ ਗਧੇ `ਤੇ ਬਿਠਾ ਕੇ ਗਲੀਆਂ ਵਿਚ ਉਸ ਦਾ ਜਲੂਸ ਕੱਢਿਆ। ਪੁਲਿਸ ਅਨੁਸਾਰ ਬਜਰੰਗ ਦਲ ਨੂੰ ਯਕੀਨ ਸੀ ਕਿ ਚਾਰ ਹਿੰਦੂਆਂ ਦਾ ਧਰਮ ਬਦਲ ਕੇ ਇਸਾਈ ਧਰਮ ਅਪਨਾਉਣ ਵਿਚ ਉਸ ਦਾ ਹੱਥ ਸੀ। ਪੁਲਿਸ ਨੇ ਬਾਅਦ ਵਿਚ ਬਜਰੰਗ ਦਲ ਦੇ 100-150 ਕਾਰਿੰਦਿਆਂ ਖਿਲਾਫ ਰਿਪੋਰਟ ਦਰਜ ਕੀਤੀ ਅਤੇ ਕੁਝ ਨੂੰ ਗ੍ਰਿਫਤਾਰ ਵੀ ਕੀਤਾ। ਉਂਜ ਅਜਿਹੇ ਕੇਸਾਂ ਦਾ ਇਥੇ ਹੀ ਭੋਗ ਪੈ ਜਾਂਦਾ ਹੈ।
‘ਗਊ ਮਾਸ ਖਾਣ `ਤੇ ਮੁਕੰਮਲ ਪਾਬੰਦੀ’ ਆਰ. ਐਸ. ਐਸ. ਦਾ ਪੁਰਾਣਾ ਏਜੰਡਾ ਹੈ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਪਿਛੋਂ ਬਜਰੰਗ ਦਲ ਨੇ ਹਿੰਸਾ ਦਾ ਕਹਿਰ ਢਾਹੁਣ ਦਾ ਇਸ ਨੂੰ ਇਕ ਹੋਰ ਬਹਾਨਾ ਬਣਾ ਲਿਆ। ਇਸ ਨੇ 2015 ਵਿਚ ਜੰਮੂ ਵਿਚ ਮੁਜਾਹਰਾ ਕਰਕੇ ਮੰਗ ਕੀਤੀ ਕਿ ਜੰਮੂ ਕਸ਼ਮੀਰ ਵਿਚ ਗਊ ਜਾਤੀ ਦੇ ਪਸੂਆਂ ਨੂੰ ਮਾਰਨ ਅਤੇ ਖਰੀਦੋ-ਫਰੋਖਤ ਕਰਨ `ਤੇ ਮੁਕੰਮਲ ਪਾਬੰਦੀ ਲਾਈ ਜਾਵੇ ਅਤੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।
28 ਸਤੰਬਰ 2015 ਨੂੰ ਮੁਹੰਮਦ ਅਖਲਾਕ ਨੂੰ ਦਾਦਰੀ (ਉਤਰ ਪ੍ਰਦੇਸ਼) ਵਿਚ ਇਸ ਅਫਵਾਹ ਦੇ ਆਧਾਰ ‘ਤੇ ਹਿੰਦੂ ਹਜੂਮ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਕਿ ਉਹ ਅਤੇ ਉਸ ਦਾ ਪਰਿਵਾਰ ਗਊ ਹੱਤਿਆ ਕਰਕੇ ਉਸ ਦਾ ਮਾਸ ਖਾ ਰਿਹਾ ਹੈ। ਬਜਰੰਗ ਦਲ ਨੇ ਕਾਤਲਾਂ ਦਾ ਸਾਥ ਦਿੱਤਾ, ਇਹ ਜੁਰਮ ਕਰਨ ਵਾਲਿਆਂ ਨੂੰ ਤੁਰੰਤ ਕਾਨੂੰਨੀ ਮਦਦ ਦਿੱਤੀ। ਬਜਰੰਗ ਦਲ ਦੇ ਬੁਲਾਰੇ ਬਲਰਾਜ ਡੂੰਗਰ ਨੇ ਤਾਂ ਇਹ ਚਿਤਾਵਨੀ ਵੀ ਦਿੱਤੀ ਕਿ ਜੇ ਗਊ ਮਾਸ ਖਾਣ `ਤੇ ਮੁਕੰਮਲ ਪਾਬੰਦੀ ਨਾ ਲਾਈ ਤਾਂ ਉਤਰ ਪ੍ਰਦੇਸ਼ ਵਿਚ ਇਕ ਹੋਰ 1857 ਵਾਪਰ ਜਾਵੇਗਾ।
ਬਜਰੰਗ ਦਲ ਨੇ ਆਪਣੀ ਬੁਰਛਾਗਰਦ ਨੀਤੀ ਪੂਰੀ ਦ੍ਰਿੜਤਾ ਨਾਲ ਜਾਰੀ ਰੱਖੀ। 15 ਮਾਰਚ 2016 ਨੂੰ ਪੁਲਿਸ ਨੇ ਮੇਵਾੜ ਯੂਨੀਵਰਸਿਟੀ ਚਿਤੌੜਗੜ੍ਹ (ਰਾਜਸਥਾਨ) ਵਿਚ ਚਾਰ ਕਸ਼ਮੀਰੀ ਮੁਸਲਿਮ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ `ਤੇ ਬਜਰੰਗ ਦਲ ਦੇ ਕਾਰਿੰਦਆਂ ਨੇ ਹੋਸਟਲ ਦੇ ਕਮਰੇ ਵਿਚ ਗਊ ਦਾ ਮਾਸ ਪਕਾਉਣ ਦੇ ਦੋਸ਼ ਲਾਏ ਸਨ। ਬਾਅਦ ਵਿਚ ਪਤਾ ਲੱਗਾ ਕਿ ਇਹ ਗਊ ਦਾ ਮਾਸ ਨਹੀਂ ਸੀ। ਜਦ ਉਨ੍ਹਾਂ ਦੀ ਗ੍ਰਿਫਤਾਰੀ ਦੀਆਂ ਖਬਰਾਂ ਕੌਮੀ ਪੱਧਰ ਦੀਆਂ ਸੁਰਖੀਆਂ ਬਣਨ ਲੱਗੀਆਂ ਤਾਂ ਪੁਲਿਸ ਨੇ ਇਹ ਸਫਾਈ ਦਿੱਤੀ: ਉਨ੍ਹਾਂ ਨੇ ਤਾਂ ਕਸ਼ਮੀਰੀ ਨੌਜਵਾਨਾਂ ਨੂੰ ਬਜਰੰਗ ਦਲੀਆਂ ਤੋਂ ਬਚਾਉਣ ਲਈ ਹਿਰਾਸਤ ਵਿਚ ਲਿਆ ਸੀ!
ਜਾਹਰ ਹੈ ਕਿ ਦੰਗੇ-ਫਸਾਦਾਂ, ਬੰਬ ਕਾਂਡਾਂ ਤੋਂ ਲੈ ਕੇ ਹਜੂਮੀ ਹਮਲਿਆਂ ਤਕ ਹਰ ਹਿੰਸਕ ਵਾਰਦਾਤ ਪਿੱਛੇ ਬਜਰੰਗ ਦਲ ਦੇ ਕਾਰਿੰਦਿਆਂ ਦਾ ਹੱਥ ਰਿਹਾ ਹੈ। ਇਨ੍ਹਾਂ ਨੂੰ ਤਾਂ ਜੱਗ ਦਿਖਾਵੇ ਲਈ ਵੀ ਆਪਣੀ ਚੰਗੀ ਦਿੱਖ ਬਣਾਈ ਰੱਖਣ ਦੀ ਲੋੜ ਮਹਿਸੂਸ ਨਹੀਂ ਹੁੰਦੀ। ਮੰਗਲੌਰ ਵਿਚ ਤਾਂ ਇਹ ਇਸ ਸਭ ਕਾਸੇ ਨਾਲ ਅਭੇਦ ਹੋ ਕੇ ‘ਕਾਰੋਬਾਰੀਆਂ` ਵਜੋਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦੇ ਦੇਖੇ ਜਾ ਸਕਦੇ ਹਨ। ਇਸ ਦਾ ਸਿਹਰਾ ਸ਼ਰਨ ਪੈਂਪਵੈਲ ਦੀ ਮੁਸਲਿਮ ਕਾਰੋਬਾਰੀਆਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਕੇ ਅਤੇ ਪੁਲਿਸ ਦੀ ਡਿਗ ਰਹੀ ਸਾਖ ਦਾ ਲਾਹਾ ਲੈ ਕੇ ਬਜਰੰਗ ਦਲ ਦੇ ਲਸ਼ਕਰਾਂ ਰਾਹੀਂ ਸੁਰੱਖਿਆ ਮੁਹੱਈਆ ਕਰਾਉਣ ਦੀ ਮੁਹਾਰਤ ਨੂੰ ਜਾਂਦਾ ਹੈ। ਰੁਜ਼ਗਾਰ ਦੇ ਮੌਕੇ ਨਾ ਹੋਣ ਕਾਰਨ ਹੈਰਾਨੀ ਦੀ ਗੱਲ ਨਹੀਂ, ਜੇ ਹਿੰਦੂਤਵ ਦੀ ਸਰਮਾਏਦਾਰੀ ਵੱਡੀ ਤਾਦਾਦ ਵਿਚ ਨੌਜਵਾਨਾਂ ਨੂੰ ਇਸ ਕਦਰ ਧੂਹ ਪਾਉਂਦੀ ਹੈ।
(ਚਲਦਾ)