ਭਾਰੀ ਗੰਨ

ਕਿਸਾਨ ਦੀ ਜ਼ਿੰਦਗੀ ਚੰਗੀ ਭਲੀ ਚੱਲਦੀ ਸੀ ਕਿ ਹਰੇ ਇਨਕਲਾਬ ਨੇ ਉਸ ਦੀ ਗੱਡੀ ਲੀਹੋਂ ਲਾਹ ਦਿੱਤੀ। ਟਿਊਬਵੈਲ ਲੱਗ ਗਏ, ਟਰੈਕਟਰ ਆ ਗਏ, ਲੱਗਾ ਹੁਣ ਤਾਂ ਬੱਲੇ ਬੱਲੇ ਹੋ ਗਈ, ਪਰ ਇਹ ਟਰੈਕਟਰ ਹੀ ਉਸ ਦੀ ਜਾਨ ਦਾ ਖੌ ਬਣ ਗਏ। ਟਰੈਕਟਰ ਦੀਆਂ ਕਿਸ਼ਤਾਂ ਮੋੜ ਨਾ ਹੋਈਆਂ। ਜਮੀਨਾਂ ਗਹਿਣੇ ਪੈ ਗਈਆਂ ਤੇ ਫਿਰ ਵਿਕ ਗਈਆਂ। ਜੱਟ ਨੂੰ ਮਜਦੂਰੀ ਕਰਨੀ ਪਈ। ਸਭ ਕੁਝ ਰੁਲ-ਖੁਲ ਗਿਆ। ਇਹੋ ਵਾਰਤਾ ਹੈ, ਇਸ ਕਹਾਣੀ ਦੀ।

-ਸੰਪਾਦਕ

ਕਰਮ ਸਿੰਘ ਮਾਨ
ਫੋਨ: 559-261-5024

ਮਿਹਰ ਮੰਜੇ `ਤੇ ਪਿਆ ਸਾਰੀ ਰਾਤ ਉਸਲਵੱਟੇ ਲੈਂਦਾ ਰਿਹਾ। ਕੰਮ ਕਰਦਿਆਂ ਪੈਂਦਾ ਰੌਲਾ-ਰੱਪਾ, ਹਥੌੜੀ ਦੀ ਠੱਕ ਠੱਕ ਤੇ ਟੁਟਦੀਆਂ ਇੱਟਾਂ ਦੀਆਂ ਕਿੰਕਰਾਂ ਉਸ ਦੇ ਮਨ ਦੇ ਵਿਹੜੇ ਵਿਚ ਦੂਰ ਦੂਰ ਤੱਕ ਡਿੱਗ ਰਹੀਆਂ ਸਨ, ਜ਼ਿਹਨ ਵਿਚ ਖੁਭੀਆਂ ਕਿੰਕਰਾਂ ਦੀ ਪੀੜ ਉਹ ਸਾਰੀ ਰਾਤ ਝਲਦਾ ਰਿਹਾ ਸੀ। ਸਾਰੀ ਝਾਕੀ ਅਰਧ ਸੁੱਤੇ ਦੀਆਂ ਅੱਖਾਂ ਸਾਹਮਣੇ ਜਗਦੀ-ਬੁਝਦੀ ਰਹੀ ਸੀ। ਉਹ ਖੇਸ ਵਿਚ ਮੂੰਹ-ਸਿਰ ਲਪੇਟੀ ਪਿਆ ਰਿਹਾ।
“ਗੋਡੇ ਜਿੱਡਾ ਦਿਨ ਚੜ੍ਹ ਗਿਐ, ਉਠ ਕੰਮ `ਤੇ ਨ੍ਹੀਂ ਜਾਣਾ? ਉਡੀਕੀ ਜਾਂਦੇ ਹੋਣੇ ਦੁੱਧ ਨੂੰ ਉਹ।” ਚੰਦ ਕੌਰ ਮਿਹਰ ਦਾ ਮੋਢਾ ਝੰਜੋੜਦੀ ਬੋਲੀ।
“ਜਾਣਾ ਨ੍ਹੀਂ। ਸ਼ਰਮ ਆਉਂਦੀ ਆ।” ਮਿਹਰ ਨੇ ਪਾਸਾ ਵੱਟ ਕੇ ਮੂੰਹ ਦੂਜੇ ਪਾਸੇ ਨੂੰ ਕਰ ਲਿਆ।
“ਚਲਿਆ ਜਾਹ, ਪਿਉ ਆਲੇ ਮੁਰੱਬੇ `ਚ ਟਰੈਕਟਰ ਲੈ ਕੇ ਫਿਰ। ਸ਼ਰਮ ਆਉਂਦੀਂ ਆ, ਇਹਨੂੰ! ਉਦੋਂ ਨ੍ਹੀਂ ਸ਼ਰਮ ਆਉਂਦੀ, ਜਦੋਂ ਨੰਬਰਦਾਰ ਸੁਰਮੁਖ ਸਿੰਘ ਦੀ ਨੂੰਹ ਰਾਤ ਬਰਾਤੇ ਲੋਕਾਂ ਦੇ ਪਸੂਆਂ ਦਾ ਗੋਹਾ ਚੁੱਕ ਕੇ ਪਾਥੀਆਂ ਪੱਥ ਕੇ ਟੱਬਰ ਦਾ ਬੱਬਰ ਭਰਦੀ ਆ।” ਚੰਦ ਕੁਰ ਹਿਰਖ ਨਾਲ ਬੋਲਦੀ ਸਿਰ `ਤੇ ਲਈ ਘਸਮੈਲੀ ਚੁੰਨੀ ਨਾਲ ਹੰਝੂ ਪੂੰਝਣ ਲੱਗ ਪਈ।
ਅਜੇ ਤਾਂ ਤਿੰਨ ਦਿਨ ਵੀ ਨਹੀਂ ਸੀ ਹੋਏ ਇਸ ਗੱਲ ਨੂੰ, ਜਦੋਂ ਸ਼ਰੀਕਣੀ ਨਸੀਬੋ ਦੀ ਮਾਰੀ ਬੋਲੀ ਚੰਦ ਕੁਰ ਨੂੰ ਲਹੂ-ਲੁਹਾਣ ਕਰ ਗਈ ਸੀ, “ਪਤਾ ਨ੍ਹੀਂ ਲੋਕ ਕਿਮੇਂ ਲੋਕਾਂ ਦਾ ਗੋਹਾ ਚੁੱਕ ਕੇ ਪਾਥੀਆਂ ਪੱਥ ਲੈਂਦੇ ਆ। ਇੱਕ ਪੰਜ ਰੁਪਈਏ ਨੂੰ ਕੀ, ਭਾਵੇਂ ਸੌ ਨੂੰ ਕਿਉਂ ਨਾ ਵਿਕੇ। ਮੈਂ ਤਾਂ ਕਦੇ ਘਰ ਦਾ ਗੋਹਾ ਵੀ ਚੁੱਕ ਕੇ ਨ੍ਹੀਂ ਵੇਖਿਆ। ਭਈਆ ਰਾਣੀ, ਜਾਣੇ ਜਾਂ ਨਾ ਜਾਣੇ।”
ਚੰਦ ਕੁਰ ਸ਼ਰੀਕੇ ਵਿਆਹ ਵਿਚ ਗਈ ਸੀ, ਜਿੱਥੇ ਮਹਿੰਗਾਈ ਬਾਰੇ ਗੱਲ ਚਲਦੀ ਗੋਹੇ ਦੀਆਂ ਪਾਥੀਆਂ ਤੱਕ ਆ ਪੁੱਜੀ ਸੀ। ਚੰਦ ਕੁਰ ਚੁੱਪ ਕਰਕੇ ਉਥੋਂ ਤੁਰ ਆਈ, ਕਿੰਨਾ ਹੀ ਚਿਰ ਉਹ ਘਰ ਆ ਕੇ ਭੁੱਬਾਂ ਮਾਰ ਕੇ ਰੋਈ ਸੀ।
ਮਿਹਰ ਉਠਿਆ। ਹੱਥ-ਮੂੰਹ ਧੋਤਾ, ਕੁਰਲੀ ਕੀਤੀ। ਦੋ ਕਿੱਲੋ ਦੁੱਧ ਨਾਲ ਭਰਿਆ ਡੋਲੂ ਸਾਈਕਲ ਦੇ ਹੈਂਡਲ ਨਾਲ ਲਟਕਾਇਆ। ਉਹ ਚੰਦ ਕੁਰ ਦੇ ਹੰਝੂ ਅੱਖਾਂ `ਚ ਲਟਕਾਈ ਅਣਚਾਹੇ ਮਨ ਨਾਲ ਕੰਮ ਲਈ ਤੁਰ ਪਿਆ।
“ਚਾਹ ਦੀ ਘੁੱਟ ਤਾਂ ਪੀ ਜਾਹ।” ਚੰਦ ਕੁਰ ਨੇ ਪਿੱਛੋਂ ਹਾਕ ਮਾਰੀ।
ਮਿਹਰ ਨੇ ਨਾ ਕੋਈ ਉਤਰ ਦਿੱਤਾ ਅਤੇ ਨਾ ਪਿੱਛੇ ਵੱਲ ਸਿਰ ਘੁੰਮਾਇਆ।
“ਮਿਰਚ!” ਇਹ ਕਹਿੰਦੀ ਚੰਦ ਕੁਰ ਅੰਦਰ ਚਲੀ ਗਈ।
ਰਾਜ ਚਰਨਜੀਤ ਠੇਕੇਦਾਰ ਕੁਲਵੰਤ ਸਿੰਘ ਦੀ ਕੋਠੀ ਠੇਕੇ `ਤੇ ਪਾ ਰਿਹਾ ਸੀ। ਉਹ ਅਤੇ ਚਾਰ ਹੋਰ ਮਜ਼ਦੂਰ-ਸੁਰਜੂ, ਭੂਰਾ, ਸੈਦਾ ਅਤੇ ਗਿੰਦਰ ਪਹਿਲਾਂ ਹੀ ਆਏ ਬੈਠੇ ਸਨ। ਉਹ ਮਿਹਰ ਨੂੰ ਉਡੀਕ ਰਹੇ ਸਨ। ਮਿਹਰ ਨੇ ਦੁੱਧ ਲਿਆਉਣਾ ਸੀ ਤੇ ਉਸ ਦੇ ਆਏ ਤੋਂ ਹੀ ਚਾਹ ਬਣਨੀ ਸੀ।
ਮਿਹਰ ਨੇ ਸਾਈਕਲ ਕੰਧ ਨਾਲ ਖੜ੍ਹਾ ਕੀਤਾ, ਡੋਲੂ ਲਾਹ ਕੇ ਕਿੱਲੀ `ਤੇ ਟੰਗਿਆ, ਕਿਸੇ ਨਾਲ ਕੋਈ ਗੱਲ ਨਾ ਕੀਤੀ, ਚੁੱਪ ਚਾਪ ਵਿਹੜੇ ਵਿਚ ਸੀਮੈਂਟ ਨਾਲ ਲਿਬੜਿਆ ਬੱਠਲ ਧੋਣ ਲੱਗਾ। ਭੂਰੇ ਨੇ ਪਹਿਲਾਂ ਹੀ ਉਬਲ ਕੇ ਕਮਲੀ ਹੋਈ ਚਾਹ ਵਿਚ ਦੁੱਧ ਪਾ ਕੇ ਸਭ ਨੂੰ ਹਾਕ ਮਾਰ ਦਿੱਤੀ। ਸਾਰੇ ਚੁੱਲੇ ਦੁਆਲੇ ਬੈਠ ਗਏ। ਮਿਹਰ ਗਲਾਸ ਲੈ ਕੇ ਇੱਟਾਂ ਦੀ ਥੜ੍ਹੀ `ਤੇ ਜਾ ਬੈਠਾ।
“ਉਰੇ ਆ ਜਾ ਸਾਡੇ ਕੋਲ, ਅੱਡ ਈ ਰਹਿਣੈਂ?” ਗਿੰਦਰ ਨੇ ਹਾਕ ਮਾਰੀ। ਮਿਹਰ ਚੁੱਪ-ਚਾਪ ਉਥੇ ਹੀ ਬੈਠਾ ਰਿਹਾ।
“ਪੀਉ ਚਾਹ ਕੰਡੇਦਾਰ!” ਗਿੰਦਰ ਹੱਥ ਵਿਚ ਫੜੇ ਗਲਾਸ ਨੂੰ ਹਿਲਾਉਣ ਲੱਗਾ।
“ਸਾਥੀਆ, ਦੁੱਧ ਪੂਰਾ ਸੰਘਣਾ। ਚਾਹ ਬੁੱਲ੍ਹਾਂ ਨਾਲੋਂ ਨ੍ਹੀਂ ਲੈਂਦੀ?” ਭੂਰਾ ਬੋਲਿਆ।
“ਹੂੰਅ! ਠੁਣਠੁਣ! ਰਲਾ ਦਿੰਦਾ ਹੋਊ ਯੂਰੀਆ, ਗਰੀਸ ਜਾਂ ਕੋਈ ਹੋਰ ਨਿੱਕ ਸੁੱਕ ਦੁੱਧ ਵਿਚ।” ਸੁਰਜੂ ਨੇ ਮੋਢੇ ਛੰਡ ਕੇ ਨੱਕ ਚੜ੍ਹਾਇਆ। ਸੁਰਜੂ ਨੇ ਜੇ ਕਿਸੇ ਨੂੰ ਘਟੀਆ ਕਹਿਣਾ ਹੁੰਦਾ ਜਾਂ ਕਿਸੇ `ਤੇ ਚੋਟ ਕਰਨੀ ਹੁੰਦੀ, ਉਹ ਇਹੋ ਸ਼ਬਦ ਵਰਤਦਾ। ਹੁਣ ਇਹ ਸ਼ਬਦ ਸੁਰਜੂ ਦੇ ਨਾਂ ਨਾਲ ਜੁੜ ਗਿਆ ਸੀ। “ਦੱਸ ਕੀ ਰਲਾਉਂਦਾ, ਤੇਰਾ ਭਣੋਈਆ? ਹੋਰ ਲੁਆ ਲੋ ਕਿਸੇ ਦੇ ਘਰੋਂ।” ਮਿਹਰ ਨੇ ਹੱਥ ਵਿਚ ਫੜਿਆ ਬੱਠਲ ਪਟਕਾ ਕੇ ਧਰਤੀ `ਤੇ ਮਾਰਿਆ।
“ਕੀ ਕਹਿਨਾਂ ਤੂੰ?” ਸੁਰਜੂ ਵੀ ਸੁਣ ਕੇ ਖੜ੍ਹਾ ਹੋ ਗਿਆ।
“ਛੇੜ`ਤੀ ਸਿੰਗੜੀ! ਲਾ ਠੂੰਹੇ ਦੀ ਪੂਛ ਨੂੰ ਹੱਥ।” ਸੈਦੇ ਨੇ ਗੱਲ ਨੂੰ ਤੂਲ ਦੇਣੀ ਚਾਹੀ।
“ਸਾਥੀਉ, ਜੇ ਕਹੀਏ, ਸੁਣ ਵੀ ਲਈਏ। ਜ਼ਰ ਵੀ ਲਈਏ। ਸਾਥੀਉ ਹਾਸੇ ਦੀ ਗੱਲ ਦਾ ਗੁੱਸਾ ਨ੍ਹੀਂ ਕਰੀਦਾ।”
ਭੂਰੇ ਸਾਥੀ ਦੀ ਇਸ ਗੱਲ ਨਾਲ ਮਿਹਰ ਤੇ ਸੁਰਜੂ ਦੇ ਕੱਸੇ ਤੇਵਰ ਢਿੱਲੇ ਨਾ ਹੋਏ।
“ਲੈ ਮੇਰੀ ਗੱਲ ਸੁਣ ਲੌ। ਲੋਕ ਕਹਿੰਦੇ ਹੁੰਦੇ ਆ, ਟਰੈਕਟਰ ਆ`ਗੇ ਤਰਖਾਣ ਮਰਨਗੇ ਭੁੱਖੇ। ਵੇਖ`ਲਾ ਸ਼ਹਿਰ ਜਾ ਕੇ ਕਾਰਖਾਨੇ ਲਾ ਕੇ ਬਹਿ’ਗੇ। ਆਹ ਲੋਹਾ ਕੁੱਟਦੇ ਮੇਰੇ ਚਾਚੇ ਲੁਹਾਰਾਂ ਨੇ ਵਰਕਸ਼ਾਪਾਂ ਬਣਾ ਲਈਆਂ। ਆਹ ਤਾਏ ਹਰਨਾਮ ਕਿਆਂ ਦਰਜੀਆਂ ਨੇ ਸ਼ਹਿਰ ਜਾ ਕੇ, ਸੂਟ ਜੇ ਬਣਾ ਕੇ ਦਿੱਲੀ ਲੁੱਟ`ਲੀ। ਸਭ ਫੰਨੇ ਖਾਂ ਬਣ’ਗੇ। ਜਿਹੜਾ ਚੱਜ ਦਾ ਕੰਮ ਧੰਦੇ ਸਿੱਖ ਲੂ, ਉਹੀ ਚੱਜ ਦੀ ਰੋਟੀ ਖਾਊ। ਨਹੀਂ ਤਾਂ ਫਿਰੂ ਸਾਡੇ ਵਾਂਗੂੰ ਜਬਕਦਾ।” ਭੂਰੇ ਨੇ ਗੱਲ ਦਾ ਰੁੱਖ ਬਦਲ ਦਿੱਤਾ।
“ਉਏ ਸਾਥੀਆ, ਮੈਂ ਕੀ ਕਰੂੰ ਸ਼ਹਿਰ ਜਾ ਕੇ? ਸਾਡਾ ਜੁਤੀਆਂ ਦਾ ਧੰਦਾ ਤਾਂ ਪਹਿਲਾਂ ਹੀ ਮਾਰ`ਤਾ ਬਾਟਾ-ਸ਼ਾਟਾ ਮਾਰਕਾ ਦੇ ਮਾਲ ਨੇ। ਹੁਣ ਇਨ੍ਹਾਂ ਨੂੰ ਠੋਕੂ ਚੀਨ ਤੇ ਹੋਰ ਦੇਸ਼ਾਂ ਦਾ ਵਧੀਆ ਤੇ ਸਸਤਾ ਮਾਲ। ਸ਼ਹਿਰ ਦੇ ਸਟੋਰ ਤੋਂ ਪਿੰਡ ਉਗਰ ਬਾਣੀਏ ਦੀ ਹੱਟੀ ਤੱਕ ਮਿਲਦੀ ਚੱਪਲ, ਗੁਰਗਾਬੀ, ਤਿਲੇਦਾਰ ਜੁੱਤੀ। ਹੋਰ ਸਭ ਕੁਝ।” ਸੈਦੇ ਨੇ ਆਪਣਾ ਦੁੱਖ ਰੋਇਆ।
“ਸਾਥੀਓ, ਨਮੀਆਂ ਗੁੱਡੀਆਂ, ਨਮੇ ਪਟੋਲੇ। ਮਾਂਜ ਦੇਣਗੀਆਂ ਕੂਕਿਆਂ ਦੇ ਡੋਲ ਆਂਗੂੰ ਬਾਹਰਲੀਆਂ ਕੰਪਨੀਆਂ ਸਾਡੇ ਵਪਾਰ ਤੇ ਕੰਮ ਧੰਦਿਆਂ ਨੂੰ। ਹੱਟੀ-ਭੱਠੀ, ਛੋਟੇ-ਮੋਟੇ ਵਣਜ-ਵਪਾਰ ਕੰਮ ਧੰਦੇ ਸਭ ਬੰਦ। ਬਣ ਜਾਣਗੇ ਸਭ ਮਜਦੂਰ। ਫਿਰ ਝੁੱਲੂ ਲਾਲ ਫਲੇਰਾ।” ਭੂਰੇ ਨੇ ਸੈਦੇ ਦੀ ਗੱਲ ਪੂਰੀ ਕੀਤੀ।
“ਗੱਲ ਹੈ ਸੱਚੀ, ਝੂਠ ਨ੍ਹੀਂ ਰੱਤੀ। ਕੰਪਨੀ ਬਦੇਸ਼ੀ। ਸਰਮਾਇਆ ਬਦੇਸ਼ੀ। ਮਾਲ ਦੇਸੀ, ਮੋਹਰ ਬਦੇਸ਼ੀ। ਦੇਸੀ ਗਊ, ਬਦੇਸ਼ੀ ਵੱਛੇ। ਤੀਮੀ ਦੇਸੀ, ਜੰਮੂ ਪੁੱਤ ਬਦੇਸ਼ੀ। ਲੀਡਰ ਦੇਸੀ, ਸੋਚ ਬਦੇਸੀ। ਠੈਂਗਣ ਈ ਝੂੱਲੂ, ਲਾਲ ਫਲੇਰਾ, ਸਾਥੀਆ ਤੇਰਾ।” ਗਿੰਦਰ ਕਾਵਿਕ ਲਹਿਜੇ ਵਿਚ ਕਿੰਨਾ ਕੁਝ ਸਹਿਜ ਭਾਅ ਹੀ ਕਹਿ ਗਿਆ।
“ਸੁਰਜੂ ਤੋਂ ਪਿੰਡ ਬਾਰਾਂ ਫੁੱਟ ਬੋਰ ਟੱਟੀ ਤਾਂ ਪੁੱਟ ਨ੍ਹੀਂ ਹੁੰਦੀ। ਇੱਕ ਲੱਖ ਤੋਂ ਘੱਟ ਤਾਂ ਬੋਰ ਕਰਨ ਵਾਲੇ ਬੋਕੇ ਨ੍ਹੀਂ ਆਉਂਦੀ। ਸ਼ਹਿਰ ਜਾ ਕੇ ਕੀ ਕਰਲੂ ਇਹ?” ਸੈਦੇ ਨੇ ਵਾਰੀ ਲਈ।
“ਤੈ, ਤੂੰ ਰੰਗਰੇਟੇ ਗੁਰੂ ਕੇ ਬੇਟੇ?
“ਮੈਂ ਇੱਥੇ ਈ ਚੰਗਾਂ। ਡਿੱਗੀ-ਢਹੀ ਦਾ ਯਾਰ ਮੁਕੰਦਾ, ਆਪਾਂ ਨੂੰ ਚਰਨੀ ਈ ਚੰਗਾ। ਘਾਹੀ ਦੇ ਪੁੱਤ ਨੇ ਘਾਹ ਈ ਖੋਤਣਾ। ਮਿਲੀ ਜਾਂਦਾ ਖੋਤਣ ਨੂੰ।”
ਇਹ ਗੱਲਾਂ ਸ਼ਾਇਦ ਸਾਰੇ ਮਾਹੌਲ ਨੂੰ ਖੁਸ਼ਗਵਾਰ ਕਰਨ ਲਈ ਹੀ ਕਰ ਰਹੇ ਸਨ, ਪਰ ਮਿਹਰ ਦਾ ਦਿਲ ਬਹਿੰਦਾ ਜਾ ਰਿਹਾ ਸੀ।
“ਰਾਠ! ਠੁਣ ਠੁਣ! ਨਾ ਸ਼ਹਿਰ ਦਾ, ਨਾ ਪਿੰਡ ਦਾ। ਰਹਿ ਗਿਆ ਜ਼ਰਦੇ ਦੀ ਪੁੜੀ ਚੱਬਣ ਜੋਗਾ।” ਸੁਰਜੂ ਨੇ ਘ੍ਰਿਣਾ ਉਗਲੀ।
ਸੁਰਜੂ ਦੇ ਕਹੇ ਸ਼ਬਦ ‘ਰਾਠ` ਅਤੇ ‘ਠੁਣ ਠੁਣ’ ਮਿਹਰ ਦੇ ਨਿਰਣੇ ਕਾਲਜੇ ਪਾਣੀ ਵਾਂਗ ਲੜ ਗਏ। ਉਸ ਨੇ ਕੁਝ ਕਹਿਣ ਲਈ ਅੰਦਰੋਂ ਉਠੇ ਸ਼ਬਦਾਂ ਨੂੰ ਆਪਣੇ ਬੁੱਲ੍ਹਾਂ ਤੋਂ ਬਾਹਰ ਨਾ ਆਉਣ ਦਿੱਤਾ।
“ਉਠੋ ਛੇਤੀ ਕਰੋ। ਗੱਲੀਂ ਡਹਿ’ਪੇ। ਉਠੋ ਬਈ ਵਿਹੜੇ ਆਲਿਓ। ਆਉ ਬਈ ਸਾਰੇ।” ਕਹਿੰਦਿਆਂ ਮਿਸਤਰੀ ਨੇ ਕਰੰਡੀ ਤੇ ਗਰਮਾਲਾ ਚੁੱਕ ਲਿਆ।
“ਸਾਥੀਆ, ਹੇਠਲੀ ਉਤੇ ਹੋਗੀ। ਹੁਣ ਤਾਂ ‘ਢਹੇ ਕੌਲੇ ਜੱਟਾਂ ਸਰਦਾਰਾਂ ਦੇ, ਪੱਕੇ ਘਰ ਵਿਹੜੇ ਆਲਿਆਂ ਦੇ।’ ਬਦਲ ਗਿਆ ਯੁੱਗ ਹੁਣ ਤਾਂ। ਉਹ ਵੇਲੇ ਗਏ ਜਦੋਂ ਵਿਹੜੇ ਆਲਿਆਂ ਦੇ ਖੁੱਲ੍ਹੇ ਵਿਹੜੇ `ਚ ਕੁੱਤੇ ਮੂਤਦੇ ਸੀ। ਜਿਹੜਾ ਕੰਮ ਕਰੂ, ਉਨ੍ਹਾਂ ਦੇ ਈ ਪੈਣਗੇ ਪੱਕੇ। ਪੈਸੇ ਨਾਲ ਇੱਜਤ, ਸਰਦਾਰੀ ਅਤੇ ਸਾਕ ਸਕੀਰੀ। ਪੈਸੇ ਨਾਲ ਈ ਚੌਧਰ।”
‘ਢਹੇ ਕੌਲੇ ਜੱਟਾਂ ਸਰਦਾਰਾਂ ਦੇ` ਸ਼ਬਦ ਸੁਣ ਕੇ ਮਿਹਰ ਨੇ ਫੱਟੜ ਸੱਪ ਵਾਂਗੂੰ ਜ਼ਹਿਰ ਘੋਲਣਾ ਹੀ ਸੀ। ਇਹ ਘਰ ਮਿਹਰ ਦੇ ਪਿਉ ਸੁਰਮੁਖ ਦਾ ਹੁੰਦਾ ਸੀ, ਜੋ ਢਾਹ ਕੇ ਠੇਕੇਦਾਰ ਕੁਲਵੰਤ ਸਿੰਘ ਕੋਠੀ ਪਾ ਰਿਹਾ ਸੀ। ਸੁਰਮੁਖ ਸਿੰਘ ਨੂੰ ਵੇਚਣਾ ਪਿਆ ਸੀ।
ਇੰਨੇ ਚਿਰ ਵਿਚ ਲੈਂਟਰ ਪਾਉਣ ਲਈ ਮਸ਼ੀਨ ਆ ਗਈ। ਸਾਰੇ ਉਠ ਕੇ ਮਸ਼ੀਨ ਨੂੰ ਧੱਕ ਕੇ ਥਾਂ ਸਿਰ ਲਾਉਣ ਲੱਗੇ।
“ਕਿੰਨਾ ਸੌਖਾ ਹੋ ਗਿਆ ਕੰਮ। ਬਰੇਤੀ, ਸੀਮੈਂਟ, ਪਾਣੀ ਪਾਉ। ਇਨ੍ਹੇ ਗੁੰਨ ਕੇ ਤਿੰਨ ਮੇਲ ਦੇ ਕੜਾਹ ਵਰਗਾ ਮਸਾਲਾ ਬਣਾ ਦੇਣਾ। ਬੱਸ ਲਿਫਟ ਨਾਲ ਭਰੇ ਟੱਬ ਮਿਸਤਰੀ ਕੋਲ ਜਾ ਡਿੱਗਣੇ ਨੇ। ਨਹੀਂ ਤਾਂ ਬੱਠਲਾਂ ਨਾਲ ਢੋਂਦੇ ਈ ਮਰ ਜਾਂਦੇ।” ਸਾਰੇ ਹੈਰਾਨ ਸਨ।
“ਕਹਿੰਦੇ ਪਾਥੀਆਂ ਪੱਥਣ ਵਾਲੀ ਮਸ਼ੀਨ ਆ`ਗੀ। ਮਸ਼ੀਨ ਤਾਂ ਮਿਲਜੂ ਸਟੋਰਾਂ `ਚੋਂ, ਗੋਹਾ ਕਿੱਥੋਂ ਮਿਲੂ? ਲੋਕ ਤਾਂ ਰਾਤ ਬਰਾਤੇ ਰਾਹਾਂ `ਚ ਡਿੱਗੇ ਫੋਸ ਵੀ ਚੱਕ ਲਿਆਉਂਦੇ ਆ ਦੂਜਿਆਂ ਦੇ ਡੰਗਰਾਂ ਦੇ।” ਸੁਰਜੂ ਨੇ ਧੌਣ ਅਕੜਾ ਕੇ ਕਿਹਾ।
ਸੁਰਜੂ ਦੇ ਇਹ ਬੋਲ ਮਿਹਰ ਲਈ ਤਾਂ ਚੰਦ ਕੁਰ ਨੂੰ ਨਸੀਬ ਕੌਰ ਦੀ ਮਾਰੀ ਬੋਲੀ ਤੋਂ ਘੱਟ ਨਹੀਂ ਸਨ। ਸੁਣਨ ਸਾਰ ਹੀ ਚੰਦ ਕੁਰ ਉਸ ਦੀਆਂ ਅੱਖਾਂ ਸਾਹਮਣੇ ਆ ਖੜ੍ਹੀ।
“ਸੁੱਥਣ `ਚੋਂ।” ਉਸ ਦੇ ਅੰਦਰੋਂ ਸ਼ਬਦਾਂ ਦੇ ਜਵਾਲਾਮੁਖੀ ਵਾਂਗ ਵਿਸਫੋਟ ਦੀ ਧਮਕ ਤੇ ਗਰਜ ਨਾਲ ਮਿਸਤਰੀ ਤੱਕ ਸਾਰੇ ਕੰਬ ਗਏ। ਅਜੇ ਵੀ ਸ਼ੁਕਰ ਸੀ ਸ਼ਬਦ ‘ਤੇਰੀ` ਲਾਵੇ ਦੀ ਹੇਠਲੀ ਪਰਤ ਵਾਂਗ ਬੁੱਲ੍ਹਾਂ ਤੋਂ ਬਾਹਰ ਆਉਣ ਤੋਂ ਪਹਿਲਾਂ ਅੰਦਰੇ ਹੀ ਰਹਿ ਗਿਆ।
“ਕਿਮੇ ਚਾਂਮਲੀ ਆ, ਸਾਰੇ ਵੱਗ `ਚੋਂ ਚਰ ਕੇ ਆਈ ਢਾਂਡੀ ਆਂਗੂੰ।” ਉਸ ਦੇ ਮੂੰਹੋਂ ਬਹੁਤ ਹੀ ਨੀਵੀਂ ਅਵਾਜ਼ `ਚ ਸਹਿਜ ਸੁਭਾ ਨਿਕਲਿਆ ਵਾਕ ਸ਼ਾਇਦ ਹੀ ਕਿਸੇ ਦੇ ਕੰਨੀਂ ਪਿਆ ਹੋਵੇ।
“ਬਚਿਓ ਬਾਰੂਦ ਨੂੰ ਤੀਲੀ ਲਾਉਣ ਤੋਂ।” ਮਿਸਤਰੀ ਨੇ ਬਹੁਤ ਹੀ ਧੀਮੀ ਸੁਰ `ਚ ਕਿਹਾ।
“ਸਾਥੀਆ! ਲਗਦਾ ਅੱਜ ਤਾਂ ਅੜ’ਗੀ ਗੁੱਸੇ ਦੀ ਸੂਈ ਡੇਂਜਰ ਜੋਨ `ਚ। ਘਰੋਂ ਈ ਹੋਇਆ ਲਗਦੈ ਇਨੂੰ ਕੁਝ।” ਭੂਰਾ ਆਪਣੇ ਆਪ ਨੂੰ ਮੁਖਾਤਬ ਹੋਇਆ।
ਮਿਹਰ ਉਠਿਆ। ਬਰੇਤੀ ਛਾਣ ਕੇ ਵਿਚ ਸੀਮੈਂਟ ਰਲਾਉਣ ਲੱਗ ਪਿਆ। ਸੁਰਜੂ ਉਠਿਆ, ਪਾਣੀ ਦੇ ਭਰੇ ਕੜਾਹੇ ਵਿਚੋਂ ਬਾਲਟੀ ਨਾਲ ਪਾਣੀ ਪਾ ਕੇ ਚੰਗੀ ਤਰ੍ਹਾਂ ਵਾਢ ਦੇ ਕੇ ਮਤਰਾਲ ਵਰਗਾ ਮਸਾਲਾ ਬਣਾ ਦਿੱਤਾ। ਭੂਰਾ ਪਾਣੀ ਦੇ ਭਰੇ ਕੜਾਹੇ ਵਿਚ ਇੱਟਾਂ ਤਰ ਕਰਨ ਲੱਗਾ।
ਮਿਹਰ ਨੇ ਅੱਡੀਆਂ ਤੋਂ ਬੈਠੀ, ਤਲਿਆਂ ਤੋਂ ਘਸੀ ਪੈਰੀਂ ਫਿੜ-ਫਿੜ ਕਰਕੇ ਨਿਕਲਦੀ ਜੁੱਤੀ ਲਾਹ ਕੇ ਪਾਸੇ ਰੱਖ ਦਿੱਤੀ। ਬੋਰੀ ਦਾ ਪੱਲਾ ਪਾੜ ਕੇ ਸਲੀਪਰ ਜਿਹੇ ਬਣਾਏ ਪੈਰੀਂ ਪਾ ਕੇ ਉਤੋਂ ਸਣ ਦੀ ਰੱਸੀ ਨਾਲ ਬੰਨ ਲਏ।
ਸੁਰਜੂ ਨੇ ਮਸਾਲੇ ਦੀ ਮਤਰਾਲ ਨਾਲ ਪੂਰਾ ਨੱਪ ਕੇ ਬੱਠਲ ਭਰ ਦਿੱਤਾ ਅਤੇ ਆਪ ਪਾਸੇ ਨੂੰ ਟਲ ਗਿਆ। ਮਿਹਰ ਨੇ ਪੂਰੇ ਗੁੱਸੇ ਨਾਲ ਬੱਠਲ ਚੁੱਕਣ ਲਈ ਪੂਰਾ ਤਾਣ ਲਾਇਆ, ਪਰ ਮੁਸ਼ਕਿਲ ਨਾਲ ਹੀ ਬੱਠਲ ਹਿੱਕ ਤੱਕ ਆਇਆ। ਮਸਾਲੇ ਦੀ ਮਤਰਾਲ ਉਸ ਦੇ ਗਲਾਮੇ ਵਿਚ ਪੈ ਗਈ। ਭੂਰੇ ਨੇ ਭੱਜ ਕੇ ਬੱਠਲ ਚੁਕਾ ਦਿੱਤਾ।
“ਠੀਕ ਠੀਕ ਪਾਇਆ ਕਰ ਸੁਰਜੂ। ਬੱਠਲ ਭਾਰਾ। ਰਾਠ ਦੀ ਧੋਣ ਈ ਮੁੱਚ ਚੱਲੀ ਸੀ। ਮਸਾਲਾ ਡੁੱਲ੍ਹ ਕੇ ਗਲਾਮੇ `ਚ ਪੈ ਗਿਆ। ਵੱਢ`ਦੂ ਸੀਮੈਂਟ।” ਭੂਰਾ ਬੋਲਿਆ।
“ਠੁਣਠੁਣ! ਇਹ ਮੁਫਤ ਕੰਮ ਨ੍ਹੀਂ ਕਰਦਾ। ਆਪਣੇ ਬਰਾਬਰ ਦੇ ਪੈਸੇ ਲੈਂਦਾ।” ਸੁਰਜੂ ਨੇ ਪੂਰੀ ਘ੍ਰਿਣਾ ਵਿਖਾਈ।
“ਤੂੰ ਤਾਂ ਦਾਰੇ ਭਲਵਾਨ ਨਾਲ ਘੁਲਦਾ ਰਿਹੈਂ? ਠੁਣਠੁਣ ਤੇ ਸਾਥੀਆ ਉਦੋਂ ਤੁਸੀਂ ਕਹਿੰਦੇ ਹੁੰਦੇ ਸੀ, ਅਸੀਂ ਸੋਡੇ ਅਰਗੇ ਨ੍ਹੀਂ। ਸਾਡੀ ਚੁੱਲ੍ਹੇ-ਚੌਕੇ ਤੇ ਭਾਂਡੇ ਦੀ ਸਾਂਝ ਆ ਮਿਹਰ ਹੋਰਾਂ ਨਾਲ। ਹੁਣ ਬੱਠਲ ਦੀ ਸਾਂਝ ਪਾਉਣ ਵੇਲੇ ਚਲੂਣੇ ਲੜਦੇ ਨੇ…।” ਇਹ ਗੱਲ ਗਿੰਦਰ ਹੀ ਕਹਿ ਸਕਦਾ ਸੀ।
ਮਿਸਤਰੀ ਨੇ ਸੁਰਜੂ ਨੂੰ ਇੱਥੋਂ ਹਟਾ ਕੇ ਸੈਦੇ ਨਾਲ ਇੱਟਾਂ ਢੋਣ ਲਾ ਦਿੱਤਾ। ਮਿਹਰ ਬਰੇਤੀ ਛਾਣ ਕੇ ਉਸ ਵਿਚ ਸੀਮੈਂਟ ਦੇ ਬੱਠਲ ਰਲਾਉਂਦਾ ਰਿਹਾ। ਗਿੰਦਰ ਤੇ ਭੂਰਾ ਬਾਕੀ ਸਾਰੇ ਕੰਮ ਕਰਦੇ ਰਹੇ।
ਠੇਕੇਦਾਰ ਕਿਰਪਾਲ ਸਿੰਘ ਕੋਠੇ ਤੋਂ ਪੌੜੀਆਂ ਉਤਰ ਕੇ ਸਿੱਧਾ ਮਿਸਤਰੀ ਕੋਲ ਆ ਗਿਆ। ਮੁੱਛਾਂ ਨੂੰ ਵਟ ਚਾੜ੍ਹਦਾ ਬੋਲਿਆ, “ਮਿਸਤਰੀ ਖਿੱਚ ਆਪਦੀ ਲੇਬਰ ਨੂੰ। ਕੱਲ ਨੂੰ ਹਰ ਹਾਲ `ਚ ਲੈਂਟਰ ਪੈ ਜਾਣਾ ਚਾਹੀਦੈ। ਦੋ ਕਿਲੋ ਭੇਜ ਦਿਨਾਂ ਭੁੱਕੀ ਦੇ। ਕਰ`ਦੀਂ ਟੈਟ ਮੁੰਡਿਆਂ ਨੂੰ?”
“ਫਿਰ ਤਾਂ…! ਉਤਰ ਆਇਐ ਜਹਾਜ ਸਰਦਾਰ ਜੀ?” ਸੁਰਜੂ ਦੀ ਗੱਲ ਸੁਣ ਕੇ ਠੇਕੇਦਾਰ ਕਿਰਪਾਲ ਸਿੰਘ ਹੱਸ ਪਿਆ।
“ਜਹਾਜ ਦਾ ਕੀ ਹੈ, ਉਤਰਦਾ ਹੀ ਰਹਿੰਦੈ। ਭਰੀ ਟ੍ਰੇਨ ਦੀ ਗੱਲ ਕਰ। ਵਜੀਰ ਦੀ ਫੁੱਲ ਕਿਰਪਾ ਸਰਦਾਰ `ਤੇ।” ਸਾਥੀ ਭੂਰੇ ਦੇ ਕਹੇ ਸ਼ਬਦ ਸੁਣ ਕੇ ਉਸ ਨੇ ਧੌਣ ਅਕੜਾ ਲਈ।
“ਦੇ ਦਿੰਦਾ ਚਾਰ ਬੁੱਕ ਮਿਸਤਰੀ ਨੂੰ ਸਾਰਿਆਂ ਨੂੰ ਅਮਲੀ ਬਣਾਉਣ ਲਈ ਲੁਟੇਰਾ। ਡਾਕੂ! ਚੱਬਾਂ ਪਿੰਜਣੀਆਂ ਰੁੱਗ ਭਰ ਕੇ, ਸਾਲੇ ਮੇਰੇ ਦੀਆਂ।” ਗਿੰਦਰ ਅੰਦਰੇ-ਅੰਦਰ ਰਿਝਿਆ। ਰਿੱਝਣ ਦਾ ਕਾਰਨ ਵੀ ਸੀ। ਇੱਕ ਤਾਂ ਉਹ ਨਜੂਲ ਦੀ ਜਮੀਨ ਦੱਬੀ ਬੈਠਾ ਸੀ। ਦੂਜਾ ਗਿੰਦਰ ਦੀ ਕਮਲੀ ਭਰਜਾਈ, ਜੋ ਟੋਭੇ `ਚ ਡੁੱਬ ਕੇ ਮਰ ਗਈ ਸੀ, ਉਨ੍ਹਾਂ ਨੇ ਇਨ੍ਹਾਂ ਨੂੰ ਝੂਠੇ ਕਤਲ ਦੇ ਕੇਸ ਵਿਚ ਫਸਾਉਣ ਦੀ ਕਸਰ ਨਹੀਂ ਸੀ ਛੱਡੀ।
“ਸਰਦਾਰ ਜੀ। ਤੁਸੀਂ ਫਿਕਰ ਨਾ ਕਰੋ। ਤੁਹਾਡੇ ਨਾਲੋਂ ਮੈਨੂੰ ਵੱਧ ਫਿਕਰ ਆ।” ਮਿਸਤਰੀ ਨੇ ਬੜੀ ਹਲੀਮੀ ਨਾਲ ਕਿਹਾ।
ਠੇਕੇਦਾਰ ਕਿਰਪਾਲ ਉਥੇ ਖੜ੍ਹਾ ਹੀ ਵਿਸ਼ੇਸ਼ ਅੰਦਾਜ਼ ਵਿਚ ਸ਼ਬਦ ਪੀਹ ਕੇ ਮਿਹਰ ਨੂੰ ਬੋਲਿਆ, “ਰਾਠਾ! ਕੀ ਹਾਲ ਐ? ਕਿਮੇ ਊਂਦਾ ਜਾ ਫਿਰਦੈਂ। ਬਰੇਤੀ `ਚ ਸੀਮੈਂਟ ਹਿਸਾਬ ਨਾਲ ਪਾਈਂ। ਖਿਆਲ ਰੱਖੀਂ। ਗਿਣਤੀ ਨਾ ਭੁੱਲ`ਜੀਂ ਕਿਤੇ। ਤੇਰਾ ਈ ਘਰ ਐ। ਆਪਣੀ ਈ ਕੋਠੀ ਸਮਝ।”
ਠੇਕੇਦਾਰ ਕਿਰਪਾਲ ਦੇ ਇਹ ਸ਼ਬਦ ਸੁਣ ਕੇ ਪਹਿਲਾਂ ਤਾਂ ਮਿਹਰ ਦੇ ਹੱਥ ਕੰਬ ਗਏ ਤੇ ਸਿਰ ਸ਼ਰਮ ਨਾਲ ਝੁਕ ਗਿਆ, ਪਰ ਅਗਲੇ ਪਲ ਇੱਕ ਦਮ ਉਸ ਦੇ ਮਨ ਅੰਦਰ ਤੁਫਾਨ ਮੱਚ ਗਿਆ।
‘ਲੇਬਰ! ਆਬਦੀ ਕੋਠੀ! ਰਾਠ!` ਸ਼ਰੀਕ ਦੇ ਬੋਲੇ ਇਹ ਸ਼ਬਦ ਡੰਗ ਗਏ ਮਿਹਰ ਨੂੰ, ਸੀਨਾ ਚੀਰ ਗਏ। ਕਿਸੇ ਵੇਲੇ ਉਸ ਦੇ ਅਲਬੇਲੇ ਸੁਭਾ ਕਰਕੇ ਉਸ ਦੇ ਦੋਸਤ ਉਸ ਨੂੰ ਰਾਠ ਕਹਿ ਦਿੰਦੇ ਸਨ, ਪਿਆਰ ਵਜੋਂ। ਪਰ ਹੁਣ ਤਾਂ ਰਾਠ ਸ਼ਬਦ ਕਹਿ ਕੇ ਸਾਰੇ ਉਸ ਦੀ ਗਰੀਬੀ ਦਾ ਚੋਭ ਲਾਉਂਦੇ ਸਨ। ਕੁਲਵੰਤ ਦਾ ਕਿਹਾ ‘ਰਾਠ` ਸ਼ਬਦ ਉਸ ਨੂੰ ਸਾੜ ਗਿਆ। ਉਹ ਰੇਤਾ ਰਲਾਉਂਦਾ ਉਠ ਕੇ ਖੜ੍ਹਾ ਹੋ ਗਿਆ। ਉਥੇ ਪਈ ਸੱਬਲ ਨੂੰ ਚੁੱਕ ਕੇ ਲੋਹਾ ਜਿਹਾ ਕੁੱਟਣ ਲੱਗ ਪਿਆ। ਉਸ ਦੇ ਮਨ `ਚ ਆਇਆ ਕਿ ਉਹ ਕਿਰਪਾਲ ਦੀ ਕੰਗਰੋੜ ਭੰਨ ਦੇਵੇ ਤੇ ਕੁੱਟ ਕੁੱਟ ਕੇ ਲੱਤਾਂ ਚੂਰ ਕਰ ਦੇਵੇ। ਮਨ ਦੇ ਲਾਵੇ ਦਾ ਸੇਕ ਉਸ ਦੀਆਂ ਲਾਲ ਗੇਰੂ ਅੱਖਾਂ `ਚ ਪਰਤੱਖ ਝਲਕਦਾ ਸੀ।
“ਮਿਹਰ ਸਿਆਂ, ਨਿਉਂ `ਚ ਪਈਆਂ ਪੁਰਾਣੀਆਂ ਇੱਟਾਂ ਨੂੰ ਦੁਰਮਟ ਨਾਲ ਕੁੱਟ ਦੇਹ। ਬਾਕੀ ਕੰਮ ਗਿੰਦਰ ਤੇ ਭੂਰਾ ਕਰ ਲੈਣਗੇ।” ਮਿਸਤਰੀ ਨੇ ਮੌਕਾ ਤਾੜ ਕੇ ਕਿਹਾ।
ਮਿਹਰ ਦੁਰਮਟ ਚੁੱਕ ਕੇ ਨੀਂਹ `ਚ ਵੜ੍ਹ ਗਿਆ।
“ਰਾਠਾ! ਦੱਬ ਕੇ ਮਾਰੀਂ ਦੁਰਮਟ। ਰਾਠ ਸਾਹਿਬ, ਪੋਲੀ ਕੁੱਟੀ ਨਿਉਂ ਦਬ ਜਾਂਦੀ ਐ। ਆਪਣੀ ਕੋਠੀ ਈ ਸਮਝ, ਇਹ।”
ਜਦ ਨੂੰ ਮਿਹਰ ਨੇ ਸਿਰ ਚੁੱਕ ਕੇ ਉਪਰ ਵੇਖਿਆ, ਕਿਰਪਾਲ ਸਿੰਘ ਪੌੜੀਆਂ ਚੜ੍ਹ ਕੇ ਚੁਬਾਰੇ ਵਿਚ ਚਲਾ ਗਿਆ ਸੀ। ਮਿਹਰ ਦਾ ਤਣਿਆ ਮੁੱਕਾ ਤਣਿਆ ਹੀ ਰਹਿ ਗਿਆ।
ਨੀਂਹ ਵਾਲੀ ਥਾਂ `ਤੇ ਉਨ੍ਹਾਂ ਦੀ ਖੁਰਲੀ ਹੁੰਦੀ ਸੀ, ਜਿਸ ਵਿਚ ਕਿਲਿਆਂ ਨਾਲ ਸੱਜਰ ਸੂਈਆਂ ਹਥਣੀਆਂ ਵਰਗੀਆਂ ਦੋ ਮੱਝਾਂ ਬੱਝੀਆਂ ਰਹਿੰਦੀਆਂ। ਉਸ ਨੂੰ ਮਾਂ ਦੀ ਅਵਾਜ਼ ਆਈ, “ਮੇਰੂ, ਵੱਡਾ ਗਲਾਸ ਚੁੱਕ ਲਿਆ। ਕੱਚਾ ਦੁੱਧ ਪੀ ਜਾ ਆ ਕੇ। ਦੁੱਧ-ਘਿਉ ਨਾਲ ਈ ਸਰੀਰ `ਚ ਜੋਰ ਭਰਦਾ। ਸਰੀਰ ਗੱਠੀਦਾ।”
“ਦੁੱਧ ਕਿੱਥੇ ਮਾਂ? ਤੇਰੀ ਨੂੰਹ ਤਾਂ ਸਾਰਾ ਦੁੱਧ ਡੇਰੀ `ਚ ਪਾ ਕੇ ਘਰ ਤੋਰਦੀ ਆ। ਦੁੱਧ ਮੈਨੂੰ ਤਾਂ ਕੀ, ਤੇਰੇ ਪੋਤੇ ਨੂੰ ਵੀ ਘੁੱਟ ਨ੍ਹੀਂ ਮਿਲਦਾ।” ਉਸ ਨੇ ਸਿਰ ਉਪਰ ਚੁੱਕ ਕੇ ਹਉਕਾ ਭਰਿਆ।
ਮਿਹਰ ਨੇ ਮੁੜ ਮਰੇ ਜਿਹੇ ਹੱਥਾਂ ਨਾਲ ਦੁਰਮਟ ਚੁੱਕਿਆ ਅਤੇ ਰੁਕ ਗਿਆ। “ਮਾਰ ਪੁੱਤ। ਰੁਕ ਨਾ। ਕਿਉਂ ਦਿਲ ਛੋਟਾ ਕਰਦੈਂ।” ਉਸ ਨੂੰ ਨਿਉਂ ਵਿਚ ਪਏ ਬਾਪੂ ਦੀ ਅਵਾਜ਼ ਆਈ।
“ਕੁੱਟ ਨ੍ਹੀਂ ਹੁੰਦੀ ਬਾਪੂ ਤੇਰੀ ਹਿੱਕ। ਵਜਦਾ ਨ੍ਹੀਂ ਦੁਰਮਟ ਤੇਰੀ ਹਿੱਕ `ਤੇ। ਕੰਧ ਨ੍ਹੀਂ ਚਿਣਾਈ ਜਾਣੀ ਬਾਪੂ, ਤੇਰੇ ਮਿਹਰ ਤੋਂ। ਬਾਪੂ ਤੇਰੀ ਹਿੱਕ `ਤੇ ਭਰ ਭਰ ਪਾਏ ਨ੍ਹੀਂ ਜਾਣੇ ਬੱਠਲ।” ਉਹ ਇੱਕ ਦਮ ਨਿਉਂ `ਚੋਂ ਬਾਹਰ ਨਿਕਲ ਕੇ ਵਿਹੜੇ ਵਿਚ ਪਈਆਂ ਪਿੱਲੀਆਂ ਇੱਟਾਂ ਦੀ ਰੋੜੀ ਬਣਾਉਣ ਲੱਗਾ। ਇੰਨੇ ਜ਼ੋਰ ਦੀ ਹਥੌੜੀ ਮਾਰਦਾ, ਇੱਟਾਂ ਦੀਆਂ ਕੰਕਰਾਂ ਦੂਰ ਦੂਰ ਤੱਕ ਵਿਹੜੇ ਵਿਚ ਖਿਲਰ ਜਾਂਦੀਆਂ। ਬਾਹਰ ਕੀ ਹੋ ਰਿਹਾ ਹੈ, ਉਸ ਨੂੰ ਕੁਝ ਵੀ ਦਿਸਦਾ-ਸੁਣਦਾ ਨਹੀਂ ਸੀ। ਸੁਣਦੀਆਂ ਸਨ, ਅੰਦਰ ਦੀਆਂ ਅਵਾਜ਼ਾਂ। ਪੀੜ ਉਸ ਦੇ ਜ਼ਿਹਨ `ਚ ਖੁੱਭੀਆਂ ਕੰਕਰਾਂ ਦੀ।
ਪਹਿਲੀ ਕੰਕਰ ਜੋ ਜ਼ਿਹਨ `ਚ ਖੁੱਭੀ ਪਈ ਸੀ, ਉਸ ਦੀ ਪੀੜ ਨਾਲ ਉਹ ਕਰਾਹ ਉਠਿਆ। ਉਸ ਨੇ ਹੱਥ ਵਿਚ ਫੜੀ ਇੱਟ ਕੁੱਟ ਕੁਟ ਕੇ ਲਾਲ ਮਿਰਚ ਵਾਂਗ ਪੀਹ ਦਿੱਤੀ।
ਮਿਹਰ ਸੱਤਵੀਂ ਜਮਾਤ `ਚੋਂ ਪੜ੍ਹਨੋਂ ਹਟ ਗਿਆ। ਅਕਤੂਬਰ ਦਾ ਮਹੀਨਾ ਸੀ ਉਦੋਂ। ਉਹ ਦੋ ਹਫਤੇ ਸਕੂਲ ਨਾ ਗਿਆ। ਪੰਦਰਵੇਂ ਦਿਨ ਉਹ ਡਰਦਾ ਡਰਦਾ ਸਕੂਲ ਗਿਆ। ਮਾਸਟਰ ਸਰਨ ਦਾਸ ਉਸ ਨੂੰ ਸੂਈ ਕੁੱਤੀ ਵਾਂਗ ਟੁੱਟ ਕੇ ਪੈ ਗਿਆ। ਗੈਰ ਹਾਜਰ ਹੋਣ ਦਾ ਕਾਰਨ ਵੀ ਨਾ ਪੁੱਛਿਆ।
“ਇੰਨੇ ਦਿਨ ਬੈਠਾ ਰਿਹਾ ਮਾਂ ਦੀ ਬੁੱਕਲ ਵਿਚ। ਕੁੱਤੀ ਦਾ ਪੁੱਤ। ਸੂਰ ਦਾ ਤੁਖਮ।” ਗੁੱਸੇ ਵਿਚ ਅੱਗ ਬਬੂਲੇ ਹੋਏ ਮਾਸਟਰ ਨੇ ਉਸ ਦੇ ਦੋ ਤਿੰਨ ਘਸੁੰਨ ਤੇ ਚਾਰ ਥੱਪੜ ਵੀ ਜੜ ਦਿੱਤੇ। ਬਸਤਾ ਕਲਾਸ ਰੂਮ ਤੋਂ ਬਾਹਰ ਸੁੱਟ ਦਿੱਤਾ।
ਉੁਹ ਰੋਂਦਾ ਰੋਂਦਾ ਸਾਈਕਲ ਸਟੈਂਡ ਵਿਚ ਆ ਗਿਆ। ਉਸ ਨੇ ਜਮੈਟਰੀ ਬਾਕਸ ਵਿਚੋਂ ਦੋ ਟੰਗੀ ਪਰਕਾਰ ਕੱਢੀ। ਥਾਂ ਥਾਂ ਤੋਂਂ ਸਾਈਕਲ ਦੀਆਂ ਟਿਊਬਾਂ ਪੰਚਰ ਕਰ ਦਿੱਤੀਆਂ। ਉਹ ਸਾਰਾ ਦਿਨ ਇੱਧਰ ਉਧਰ ਘੁੰਮਦਾ ਰਿਹਾ। ਸ਼ਾਮ ਨੂੰ ਉਹ ਮਾਸਟਰ ਦੇ ਰਾਹ ਵਿਚ ਰਾਹ ਨਾਲ ਜਾਂਦੇ ਕੱਸੀ ਦੇ ਖਾਲ ਵਿਚ ਲੁਕ ਕੇ ਬੈਠ ਗਿਆ। ਮਾਸਟਰ ਨੂੰ ਵੇਖ ਕੇ ਛਾਲ ਮਾਰ ਕੇ ਰਾਹ ਵਿਚ ਆ ਗਿਆ। ਰਾਮ ਸਰਨ ਦਾਸ ਦੇ ਪਿੱਛੇ ਬੈਠੇ ਡਰਾਇੰਗ ਮਾਸਟਰ ਚਰਨ ਸਿੰਘ ਨੇ ਉਸ ਦੇ ਹੱਥੋਂ ਸੋਟੀ ਫੜ ਲਈ।
‘ਮਾਂ ਦੀ ਗਾਲ੍ਹ ਕਿਉਂ ਕੱਢੀ ਇਨ੍ਹੇ?` ਆਖ ਸਰਨਾ ਕੰਬਣ ਲੱਗ ਪਿਆ।
“ਚੱਲ ਕਰਦੇ ਆਂ ਸਾਰੀ ਗੱਲ ਸਕੂਲ ਜਾ ਕੇ।”
ਮਾਸਟਰ ਚਰਨ ਦੇ ਕਹਿਣ `ਤੇ ਮਿਹਰ ਸਮੇਤ ਸਾਰੇ ਵਾਪਸ ਸਕੂਲ ਆ ਗਏ। ਸਕੂਲ ਵਿਚ ਪੰਚਾਇਤ ਤੇ ਪਿੰਡ ਦੇ ਸਿਆਣੇ ਲੋਕ ਅਤੇ ਤਮਾਸ਼ਬੀਨ ਇਕੱਠੇ ਹੋ ਗਏ। ਕਈਆਂ ਨੇ ਮਿਹਰ ਨੂੰ ਪੁਲਿਸ ਦੇ ਹਵਾਲੇ ਕਰਨ ਦਾ ਸੁਝਾ ਦਿੱਤਾ। ਸਕੂਲ ਵਿਚ ਅਗਲੀ ਸਵੇਰ ਮੁੜ ਇਕੱਠ ਹੋਇਆ।
“ਮਾਸਟਰ ਜੀ ਮੁਆਫ ਕਰ ਦਿਉ। ਬੱਚਾ।” ਬਾਪੂ ਸਰਮੁੱਖ ਸਿੰਘ ਚਾਰ ਪੰਚਾਂ ਨੂੰ ਆਪਣੇ ਨਾਲ ਲੈ ਗਿਆ। ਪੰਚਾਇਤ ਦੇ ਇਕੱਠ ਵਿਚ ਮੁਆਫੀ ਮੰਗੀ।
“ਮਾਸਟਰ ਦਾ ਵੀ ਕਸੂਰ ਆ। ਉਨ੍ਹੇਂ ਕਿਉਂ ਕੱਢੀ ਮਾਂ ਦੀ ਗਾਲ੍ਹ? ਅਸਲੀ ਗੱਲ ਤਾਂ ਇਹ ਆ ਮਾਸਟਰ ਇਸ `ਤੇ ਟੂਸ਼ਨ ਰੱਖਣ ਲਈ ਦਬਾ ਪਾਉਂਦਾ?” ਸਰਪੰਚ ਨੇ ਬੱਚੇ ਦਾ ਪੱਖ ਰੱਖਿਆ।
“ਚੱਲੋ ਮਾਸਟਰ ਦਾ ਕਸੂਰ ਵੀ ਹੋਵੇ। ਮਾਸਟਰ ਦਾ ਸਿਰ ਤਾਂ ਨ੍ਹੀਂ ਪਾੜਨਾ! ਸਾਨੂੰ ਦਸਦਾ ਸਾਰੀ ਗੱਲ। ਤੁਸੀਂ ਦੱਸ ਦਿੰਦੇ। ਹੁਣ ਇਸ ਲਈ ਇਸ ਸਕੂਲ ਵਿਚ ਕੋਈ ਥਾਂ ਨ੍ਹੀਂ। ਬਸ ਸਰਟੀਫਿਕੇਟ ਲੈ ਜੋ ਕਟਾ ਕੇ।” ਹੈਡਮਾਸਟਰ ਦਾ ਦੋ ਟੁੱਕ ਫੈਸਲਾ ਸੀ। ਮਿਹਰ ਮੁੜ ਕੇ ਸਕੂਲ ਨ੍ਹੀਂ ਗਿਆ। ਘਰ ਦਿਆਂ ਨੇ ਕਿਸੇ ਹੋਰ ਸਕੂਲ ਵਿਚ ਦਾਖਲ ਕਰਾਉਣਾ ਚਾਹਿਆ, ਪਰ ਉਹ ਨਾ ਮੰਨਿਆ। ਪਿਉ ਦੀ ਝਾੜ-ਝੰਬ, ਕੁੱਟ ਮਾਰ, ਫਿਟਕਾਰ, ਮਾਂ ਦੀ ਘੂਰ, ਲਾਡ-ਪਿਆਰ, ਕੋਈ ਵੀ ਗੱਲ ਕਾਰਗਰ ਸਾਬਤ ਨਾ ਹੋਈ। ਨਾ ਹੀ ਦੋਸਤਾਂ-ਮਿੱਤਰਾਂ ਦਾ ਦੋਸਤੀ ਦਾ ਵਾਸਤਾ।
“ਪਿਉ ਵਰਗਾ ਜ਼ਿੱਦੀ ਆ। ਨਹੀਂ ਜਾਣਾ ਤਾਂ ਨਾ ਜਾਹ। ਇਦ੍ਹੇ ਕਰਮਾਂ `ਚ ਚਾਰ ਅੱਖਰ ਲਿਖਣ ਲੱਗੀ ਵਿਹੁ ਮਾਤਾ ਪਤਾ ਨ੍ਹੀਂ ਕਿੱਥੇ ਮਰ`ਗੀ?” ਮਾਂ ਰਾਮ ਕੌਰ ਨੇ ਬਾਪੂ ਸੁਰਮੁਖ ਸਿੰਘ ਨੂੰ ਸਮਝਾ ਲਿਆ ਸੀ। ਉਸ ਨੇ ਸੱਤਵੀਂ ਜਮਾਤ ਵਿਚੋਂ ਹਟ ਕੇ ਬਾਪੂ ਸੁਰਮੁਖ ਸਿੰਘ ਨਾਲ ਖੇਤੀ ਦੇ ਕੰਮ ਵਿਚ ਪੈ ਕੇ ਚੰਗਾ ਕੰਮ ਰੋੜ ਲਿਆ।
ਉਨ੍ਹਾਂ ਮਾਰੂ ਜ਼ਮੀਨ ਵਿਚ ਬੋਰ ਕਰਕੇ ਪਾਣੀ ਲਾਉਣ ਲਈ ਇੰਜਣ ਧਰ ਦਿੱਤਾ ਸੀ। ਜ਼ਮੀਨ ਸੇਂਜੂ ਹੋ ਗਈ। ਨਵੇਂ ਬੀਜ ਤੇ ਰਸਾਇਣਕ ਖਾਦਾਂ ਦੀ ਵਰਤੋਂ ਹੋਣ ਲੱਗ ਪਈ। ਫਸਲਾਂ ਦੇ ਸਰਕਾਰੀ ਭਾਅ ਬੱਝ ਗਏ। ਉਹ ਦੋ ਸਾਲ ਵਿਚ ਹੀ ਪੈਰਾਂ ਸਿਰ ਹੋ ਗਏ। ਜਿਸ ਦਿਨ ਉਹ ਡੀ. ਟੀ. 14 ਹਾਰਸ ਪਾਵਰ ਦਾ ਟਰੈਕਟਰ ਬੈਂਕ ਤੋਂ ਕਰਜਾ ਲੈ ਕੇ ਘਰੇ ਲਿਆਏ, ਬੇਬੇ ਰਾਮ ਕੌਰ ਬੂਹੇ ਅੱਗੇ ਤੇਲ ਚੋਅ ਕੇ ਚੁੰਨੀ ਨਾਲ ਲਾਈਟਾਂ ਪੂੰਝਣ ਲੱਗ ਪਈ। ਇਹ ਵੇਖ ਕੇ ਬਾਪੂ ਨੇ ਕਿਹਾ ਸੀ, “ਰਾਮ ਕੁਰੇ, ਇਉਂ ਮੂੰਹ ਪੂੰਝੀ ਜਾਨੀ ਆ ਜਿਵੇਂ ਨਵਾਂ ਪੁੱਤ ਆਇਆ ਹੁੰਦਾ।”
“ਹੋਰ ਕਿਤੇ ਨਹੀਂ। ਦੋ ਪੁੱਤ ਹੋ`ਗੇ ਤੇਰੇ ਕਮਾਈ ਕਰਨ ਨੂੰ।”
ਸੀ ਵੀ ਸੱਚੀ ਗੱਲ। ਦੋ ਸਾਲ ਵਿਚ ਉਨ੍ਹਾਂ ਟਰੈਕਟਰ ਦੀਆਂ ਕਿਸ਼ਤਾਂ ਮੋੜ ਕੇ ਸਾਰਾ ਸੰਦ ਸੱਪਾ ਬਣਾ ਲਿਆ। ਉਹ ਵੱਧ ਜਮੀਨ ਠੇਕੇ `ਤੇ ਲੈ ਲੈਂਦੇ। ਮਿਹਰ ਜਮੀਨ ਕਿਰਾਏ `ਤੇ ਵਾਹ ਆਉਂਦਾ। ਕਿਰਾਏ `ਤੇ ਲੋਕਾਂ ਦੀ ਫਸਲ ਮੰਡੀ ਵਿਚ ਢੋ ਦਿੰਦਾ, ਪਰ ਇਸ ਤੋਂ ਪਿੱਛੋਂ ਪੈ ਗਿਆ ਬੈਕ ਗੇਅਰ।
ਸਰੀਕਾਂ ਦੀ ਰੀਸ, ਆੜ੍ਹਤੀਏ ਦੀ ਹੱਲਾਸ਼ੇਰੀ ਅਤੇ ਏਜੰਸੀ ਦੇ ਸੇਲਜ਼ਮੈਨ ਦੇ ਝਾਂਸੇ ਵਿਚ ਆ ਕੇ ਉਨ੍ਹਾਂ ਪੰਜਾਹ ਹਾਰਸ ਪਾਵਰ ਦਾ ਟਰੈਕਟਰ ਕੀ ਲਿਆਂਦਾ, ਬੱਸ ਮੱਝ ਵੇਚ ਕੇ ਘੋੜੀ ਖਰੀਦ ਕੇ ਕਰਜਾ ਚੜ੍ਹਾ ਲਿਆ। ਘੋੜੀ ਕਿੱਲੇ `ਤੇ ਬੰਨੀ ਚੱਬੀ ਗਈ ਫਸਲ ਤੇ ਲਿੱਦ ਕਰ ਕੇ ਲਾਈ ਗਈ ਕਰਜੇ ਦੇ ਢੇਰ।
ਖੇਤੀ `ਤੇ ਆਉਣ ਵਾਲੇ ਖਰਚੇ ਚਾਰ ਰੁਪਈਏ ਵਧਦੇ, ਭਾਅ ਇੱਕ ਰੁਪਈਆ ਵਧਦਾ। ਹਰ ਚੀਜ ਮਹਿੰਗੀ। ਖੇਤੀ ਘਾਟੇ ਵਿਚ ਜਾਣ ਲੱਗੀ। ਹਰ ਛੇ ਮਹੀਨੇ ਪਿਛੋਂ ਢਾਈ ਰੁਪਈਏ ਸੈਂਕੜਾ ਮਹੀਨੇ ਦਾ ਵਿਆਜ ਅਤੇ ਫਸਲ ਵਿਚ ਪਿਆ ਘਾਟਾ ਜੋੜ ਕੇ ਨਵਾਂ ਪਰਨੋਟ ਲਿਖਿਆ ਜਾਂਦਾ। ਕਰਜਾ ਲਾਹੁਣ ਲਈ ਜਿੰਨੀ ਵੱਧ ਜਮੀਨ ਉਹ ਠੇਕੇ `ਤੇ ਲੈਂਦੇ, ਉਨਾ ਵੱਧ ਘਾਟਾ ਪੈਂਦਾ। ਫਸਲ ਵਿਚ ਘਾਟੇ ਦੇ ਨਾਲ ਜਮੀਨ ਦਾ ਠੇਕਾ ਸਿਰ ਟੁੱਟਣ ਲੱਗਾ।
ਇੱਕ ਸਾਲ ਸੌਣੀ ਦੀ ਫਸਲ ਹੜ੍ਹਾਂ ਨਾਲ ਹੜ੍ਹ ਗਈ ਤੇ ਹਾੜੀ ਦੀ ਫਸਲ `ਤੇ ਗੜੇ ਪੈ ਗਏ। ਸੁਰਮੁਖ ਸਿੰਘ ਦੀ ਤਕਦੀਰ `ਤੇ ਅਜਿਹੀ ਗੜ੍ਹੇਮਾਰ ਹੋਈ, ਜਿਸ ਦਾ ਝੰਬਿਆ ਉਹ ਮੁੜ ਕੇ ਨਾ ਉਠਿਆ।
“ਸੁਰਮੁਖ ਸਿੰਆਂ ਤੇਰੇ `ਕੱਲੇ ਦਾ ਇਹੀ ਹਾਲ ਨ੍ਹੀਂ, ਸਾਰੇ ਲੋਕਾਂ ਦਾ ਈ ਆ। ਜੱਟ ਰੱਬ ਦਾ ਝੰਬਿਆ ਨ੍ਹੀਂ ਲੋਟ ਆਉਂਦਾ। ਬਥੇਰੇ, ਕੁੱਤੇ-ਬਿੱਲੇ ਨੇ ਜਿਉਂਦੇ ਦਾ ਮਾਸ ਵੱਢ ਕੇ ਚੂੰਡਣ ਨੂੰ।” ਸੱਜਣ ਸਿੰਘ ਪਰਨੋਟ `ਤੇ ਗਵਾਹੀ ਪਾਉਂਦਾ ਬੋਲਿਆ ਸੀ।
ਪਹਿਲੀ ਵਾਰ ਜਦੋਂ ਬਾਪੂ ਨੇ ਪਰਨੋਟ `ਤੇ ਅੰਗੂਠਾ ਲਾਇਆ, ਉਸ ਨੂੰ ਲੱਗਾ ਜਿਵੇਂ ਸਿਆਹੀ ਪਰਨੋਟ ਤੋਂ ਉਠ ਕੇ ਉਸ ਦੇ ਮੱਥੇ `ਤੇ ਆ ਚਿਪਕੀ ਹੋਵੇ। ਫਿਰ ਬਾਪੂ ਦੀ ਪਰਨੋਟ `ਤੇ ਅੰਗੂਠਾ ਲਾਉਣ ਦੀ ਝਿਜਕ ਚੁੱਕੀ ਗਈ। ਸਾਰੀ ਜਮੀਨ ਆੜ੍ਹਤੀਏ ਕੋਲ ਪਰਨੋਟ `ਤੇ ਗਹਿਣੇ ਹੋ ਗਈ। ਬਾਹਰ ਪਤਾ ਨਾ ਲੱਗੇ, ਬਾਪੂ ਠੇਕੇ `ਤੇ ਵਾਹੁੰਦਾ ਰਿਹਾ; ਪਰ ਕਿੰਨਾ ਚਿਰ ਦਾਈ ਤੋਂ ਪੇਟ ਲੁਕ ਸਕਦਾ ਸੀ?
ਅਸ਼ਟਾਮ `ਤੇ ਚੜ੍ਹ ਕੇ ਸਾਰੀ ਜਮੀਨ ਦੀ ਗਹਿਣੇ ਦੀ ਰਜਿਸਟਰੀ ਹੋ ਗਈ। ਅਸਮਾਨ `ਚੋਂ ਡਿੱਗ ਕੇ ਖਜੂਰ `ਤੇ ਲਟਕਦੇ ਬਾਪੂ ਨੂੰ ਅਜੇ ਵੀ ਧਰਤੀ `ਤੇ ਪੈਰ ਟਿਕਣ ਦੀ ਆਸ ਸੀ।
ਮਿਹਰ ਦਾ ਵਿਆਹ ਵੀ ਕਰਨਾ ਸੀ ਤੇ ਕੁੜੀ ਬੀਬੋ ਦਾ ਵਿਆਹ ਵੀ ਸਹੁਰਿਆਂ ਦੀ ਮੰਗ `ਤੇ ਕਰਨਾ ਪਿਆ। ਕਰਜੇ ਦੇ ਵੱਡੇ ਵਗਦੇ ਦਰਿਆ ਵਿਚ ਦੋ ਵੱਡੇ ਨਾਲੇ ਹੋਰ ਆ ਪਏ। ਕਰਜੇ ਦੇ ਦਰਿਆ ਦੇ ਵਹਿਣ ਨੂੰ ਠੱਲ ਪਾਉਣ ਲਈ ਜਮੀਨ ਬੈਅ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ। ਬੇਬੇ ਰਾਮ ਕੌਰ ਤਾਂ ਇਸ ਨਿਘਰਦੀ ਹਾਲਤ ਦੇ ਸਦਮੇ ਕਾਰਨ ਸਮੇ ਤੋਂ ਪਹਿਲਾਂ ਹੀ ਸਦੀਵੀ ਵਿਛੋੜਾ ਦੇ ਗਈ।
ਹਰ ਸਾਲ ਦੋ ਕਿੱਲੇ ਬੈਅ ਹੋ ਜਾਂਦੇ। ਸਾਰੀ ਜਮੀਨ ਬੈਅ ਹੋਣ ਨੂੰ ਤਿੰਨ ਸਾਲ ਵੀ ਨਾ ਲੱਗੇ। ਜਮੀਨ ਵਿਕ ਗਈ ਤੇ ਨਾਲ ਹੀ ਵਿਕ ਗਈ ਬਾਪੂ ਦੀ ਸਰਦਾਰੀ, ਇੱਜਤ, ਰੁਤਬਾ, ਹਉਮੈ, ਅਣਖ, ਗੈਰਤ-ਸਭ ਕੁਝ।
ਕਰਜਾ ਅਜੇ ਵੀ ਬਾਕੀ ਸੀ। ਸਰਕਾਰੀ ਕਰਜਾ ਉਗਰਾਹੁਣ ਵਾਲੀ ਪੁਲਿਸ ਦੀਆਂ ਹੱਥਕੜੀਆਂ ਤੋਂ ਲੁਕਦਾ ਫਿਰਦਾ ਬਾਪੂ ਇਕ ਦਿਨ ਹੱਥ ਆ ਗਿਆ। ਉਹ ਤਿੰਨ ਦਿਨ ਜੇਲ੍ਹ ਵਿਚ ਰਿਹਾ। ਇਹ ਘਰ ਮਾਸਟਰ ਕੁਲਵੰਤ ਨੂੰ ਗਹਿਣੇ ਧਰ ਕੇ ਬਾਪੂ ਨੂੰ ਛਡਾ ਕੇ ਲਿਆਏ ਸਨ।
ਚਾਰ ਸਾਲ ਪਹਿਲਾਂ ਇਸੇ ਮਹੀਨੇ, ਇਸੇ ਦਿਨ ਇਸੇ ਘਰ ਦੀ ਕੁਰਕੀ ਦੇ ਨੋਟਿਸ ਆ ਗਏ ਸਨ। ਇਹ ਘਰ ਕੁਲਵੰਤ ਸਿੰਘ ਨੇ ਆਪਣੇ ਨਾਂ ਕੁਰਕ ਕਰਾ ਲਿਆ। ਉਸ ਨੇ ਕਿਹਾ, ਮੇਰੇ ਪੈਸੇ ਦੇ ਦਿਉ, ਘਰ ਵਾਪਸ ਲੈ ਲਉ। ਪਰ ਪੈਸੇ ਹੁੰਦੇ ਕੁਰਕੀ ਕਿਉਂ ਹੁੰਦੀ? ਹਥਿਆ ਲਿਆ ਸੀ ਉਸ ਨੇ ਘਰ। ਬਾਪੂ ਇਹ ਝੱਲ ਨਾ ਸਕਿਆ।
ਮਿੱਟੀ ਸਰਕਾਰੇ ਦਰਬਾਰੇ ਰੁਲਣ ਨ੍ਹੀਂ ਦੇਣੀ। ਸ਼ਾਇਦ ਇਹ ਕੁਲਵੰਤ ਸਿੰਘ ਦੀ ਕੁਟਲ-ਨੀਤੀ ਸੀ। ਪੋਸਟ ਮਾਰਟਮ ਤੋਂ ਬਿਨਾ ਹੀ ਸਸਕਾਰ ਕਰ ਦਿੱਤਾ। ਯੂਨੀਅਨਾਂ ਨੇ ਭੋਗ `ਤੇ ਹੰਝੂ ਤਾਂ ਬਥੇਰੇ ਵਹਾਏ, ਪਰ ਨੌਂ ਪੂਰਬੀਏ ਬਾਰਾਂ ਚੁੱਲਿ੍ਹਆਂ ਦਾ ਸਰਕਾਰ `ਤੇ ਕੀ ਅਸਰ ਪੈ ਸਕਦਾ ਸੀ? ਵੈਸੇ ਵੀ ਖੁਦਕਸ਼ੀ ਸਾਬਤ ਕਰਨ ਲਈ ਫਾਈਲ ਦਾ ਪੇਟ ਭਰਨਾ ਵੀ ਪੈਣਾ ਸੀ। ਆਖਰ ਮਿਹਰ ਤਿੰਨ ਮਰਲੇ ਦੇ ਰੂੜੀ ਵਾਲੇ ਪਲਾਟ ਵਿਚ ਰੜੇ ਮੈਦਾਨ ਇੱਕ ਕਮਰਾ ਤੇ ਇਕ ਛਤੜਾ ਪਾ ਕੇ ਆ ਬੈਠਾ।
ਕੋਠੀ ਦੇ ਪਿਛਵਾੜੇ ਵਿਹੜੇ ਵਿਚੋਂ ਚਿੱਟਾ ਦੁਰਗੰਧ ਭਰਿਆ ਧੂੰਆਂ ਉਠਿਆ। ਸ਼ਾਇਦ ਇਹ ਲੱਕੜ ਦੇ ਟੁਕੜੇ ਤੇ ਰਬੜ ਦੇ ਪੱਚਰ ਸੜ ਰਹੇ ਸਨ। ਛੇਤੀ ਹੀ ਸੱਪ ਦੀ ਜੀਭ ਵਾਂਗ ਲਾਟਾਂ ਨਿਕਲਣ ਲੱਗੀਆਂ। ਮਚਦੀ ਅੱਗ ਦੀ ਤੜ-ਤੜ ਵਿਚ ਉਸ ਨੂੰ ਬੇਬੇ ਦਿਸੀ-ਚੁੱਪ ਚਾਪ, ਜਿਵੇਂ ਜੀਭ ਠਾਕੀ ਗਈ ਹੋਵੇ।
ਉਹ ਇੱਟਾਂ ਕੁੱਟਦਾ ਇਕ ਦਮ ਖੜ੍ਹਾ ਹੋ ਗਿਆ। ਉਸ ਨੇ ਆਪਣੀਆਂ ਅੱਖਾਂ ਅੱਗਿਉਂ ਮੁੜਕਾ ਛੰਡਿਆ। ਲੈਂਟਰ ਲਈ ਸਰੀਆ ਕੱਟਦੇ ਮਿਸਤਰੀ ਕੋਲ ਆ ਗਿਆ। ਰੈਂਚ ਵਿਚ ਸਰੀਆ ਫਸਾ ਕੇ ਸਿੱਧਾ ਕਰਨ ਲੱਗਾ। ਉਸ ਤੋਂ ਸਰੀਆ ਸਿੱਧਾ ਨਹੀਂ ਸੀ ਹੋ ਰਿਹਾ।
“ਅੱਗ ਵਿਚ ਪਾਏ ਬਿਨਾ ਸਰੀਆ ਸਿੱਧਾ ਨ੍ਹੀਂ ਹੁੰਦਾ। ਕੁੱਟੇ ਬਿਨਾ ਡੰਗ ਨ੍ਹੀਂ ਨਿਕਲਦਾ।” ਕੰਧ ਦੀ ਨਿਉਂ `ਚ ਦੱਬਿਆ ਬਾਪੂ ਬੋਲਿਆ।
“ਡਰਪੋਕ! ਤੂੰ ਕਿਉਂ ਨਾ ਕੀਤਾ ਸਰੀਆ ਗਰਮ। ਕਿਉਂ ਨਾ ਡੰਗ ਕੱਢਿਆ? ਕਿਉਂ ਨਾ ਦੱਸਿਆ ਸਾਨੂੰ ਡੰਗ ਕੱਢਣਾ, ਛੱਡ ਗਿਆ ਸਾਨੂੰ।” ਉਸ ਨੇ ਉਥੋਂ ਭੱਜ ਜਾਣਾ ਚਾਹਿਆ। ਆਪਣੇ ਘਰ ਦੇ ਮਲਬੇ ਤੋਂ ਦੂਰ। ਸਭ ਤੋਂ ਦੂਰ। ਉਸ ਲਈ ਖੜ੍ਹਨਾ ਮੁਹਾਲ ਹੋ ਗਿਆ।
“ਹੱਡ ਭੰਨਣੀ ਜੀ ਹੋਈ ਲਗਦੀ ਆ। ਦੁਆਈ ਲੈ ਕੇ ਆ ਜਾਨਾਂ।” ਕਹਿ ਕੇ ਉਹ ਚਲਿਆ ਗਿਆ। ਜਾਣ ਸਾਰ ਮੰਜੀ `ਤੇ ਪੈ ਗਿਆ। ਚੰਦ ਕੁਰ ਪਾਣੀ ਦਾ ਗਲਾਸ ਭਰ ਕੇ ਲਿਆਈ। ਉਸ ਦੀਆਂ ਗੇਰੂ ਰੰਗੀਆਂ ਹੋਈਆਂ ਅੱਖਾਂ ਦੀ ਖੌਫਨਾਕ ਤੱਕਣੀ ਵੇਖ ਕੇ ਘਬਰਾ ਗਈ।
ਦੁਪਹਿਰ ਪਿੱਛੋਂ ਮਿਹਰ ਕੰਮ `ਤੇ ਨਾ ਆਇਆ, ਪਰ ਮਿਹਰ ਦਾ ਮੁੰਡਾ ਦੁੱਧ ਵਾਲਾ ਖਾਲੀ ਡੋਲੂ ਲੈਣ ਆ ਗਿਆ।
ਮਿਸਤਰੀ ਨੇ ਸੌ ਸੌ ਦੇ ਵੀਹ ਨੋਟ ਮੁੰਡੇ ਦੀ ਜੇਬ `ਚ ਪਾ ਕੇ ਉਸ ਨੂੰ ਕਿਹਾ, “ਆਹ ਪੈਸੇ ਆਪਣੇ ਪਿਉ ਨੂੰ ਫੜਾ ਕੇ ਆ। ਉਸ ਨੂੰ ਦੱਸਦੀਂ ਤੇਰਾ ਦੋਸਤ ਆਇਆ ਸੀ, ਮੇਜਰ ਸਿੰਘ ਕਨੇਡਾ ਤੋਂ। ਇਹ ਪੈਸੇ ਤੇਰੀ ਮਦਦ ਲਈ ਉਹ ਦੇ ਕੇ ਗਿਆ।”
ਵੀਹ ਮਿੰਟ ਬਾਅਦ ਮੁੰਡਾ ਉਸੇ ਤਰ੍ਹਾਂ ਈ ਵਾਪਸ ਆ ਗਿਆ। ਉਸ ਨੇ ਵੀਹ ਦੇ ਵੀਹ ਨੋਟ ਵਾਪਸ ਲਿਆ ਕੇ ਮਿਸਤਰੀ ਨੂੰ ਫੜ੍ਹਾ ਦਿੱਤੇ।
“ਓ ਕਿਹੜੀ ਬਿੱਲੀ ਨੇ ਰਾਹ ਕੱਟ`ਤਾ। ਬਾਰ `ਤੇ ਆਈ ਲੱਛਮੀ ਨੂੰ ਧੱਕੇ ਮਾਰਦਾ। ਹਾਂ ਦਸ ਗੱਲ ਕੀ ਹੋਈ? ਕੀ ਕਹਿੰਦੈ ਤੇਰਾ ਪਿਉ?” ਮਿਸਤਰੀ ਬੋਲਿਆ।
ਬਾਪੂ ਕਹਿੰਦਾ ਸੀ, “ਸਾਨੂੰ ਨ੍ਹੀਂ ਲੋੜ ਕਿਸੇ ਦੇ ਨੋਟਾਂ ਦੀ। ਵੱਡਾ ਪੈਸੇ ਵਾਲਾ ਹੋਊ ਤਾਂ ਆਪਣੇ ਘਰੇ ਰਹੇ। ਪੈਸਿਆਂ ਨਾਲ ਆਫਰਿਆ, ਐਥੇ ਵੰਡ ਦੇ। ਹੈਗੇ ਆ ਏਨ੍ਹਾਂ `ਚ ਵਾਲੇ। ਲੈ ਲੈਣਗੇ ਹੱਸ ਕੇ।”
“ਵਾਹ ਉਇ ਰਾਠਾ! ਰੱਸੀ ਤਾਂ ਸੜ`ਗੀ ਪਰ ਵੱਟ ਨ੍ਹੀਂ ਗਿਆ।” ਮਿਸਤਰੀ ਨੇ ਉਦਾਸ ਹੁੰਦਿਆਂ ਕਿਹਾ।
“ਸਾਥੀਆ, ਜੇ ਮੇਜਰ ਨੇ ਮਦਦ ਕਰਨੀ ਸੀ ਤਾਂ ਜਾਂਦਾ ਸਿੱਧਾ ਉਦ੍ਹੇ ਘਰੇ। ਅਫਸੋਸ ਕਰ ਜਾਂਦਾ ਉਦੇ ਪਿਉ ਦਾ। ਘਰੇ ਜਾ ਕੇ ਦੇ ਆਉਂਦਾ। ਲੈ ਲੈਣੇ ਸੀ ਉਨ੍ਹੇ। ਉਨੇ੍ਹ ਤਾਂ ਸੋਚਿਆ ਨ੍ਹੀਂ, ਤੂੰ ਈ ਸੋਚ ਲੈਂਦਾ। ਸਾਡੇ ਸਾਹਮਣੇ ਨਾ ਦਿੰਦਾ ਮੁੰਡੇ ਨੂੰ।” ਸਾਥੀ ਭੂਰੇ ਨੇ ਉਦਾਸ ਹੁੰਦਿਆਂ ਕਿਹਾ।
“ਭੁੱਖਾ ਮਰਦਾ। ਘਰੇ ਖਾਣ ਨੂੰ ਦਾਣੇ ਨ੍ਹੀਂ। ਜੁਆਕਾਂ ਦੇ ਪੈਰਾਂ `ਚ ਜੁੱਤੀ ਨ੍ਹੀਂ। ਘਰ ਦੀਆਂ ਕੰਧਾਂ ਖੁਰੀਆਂ ਪਈਆਂ। ਬਾਰ ਦੇ ਤਖਤੇ ਟੁੱਟੇ ਪਏ ਆ। ਵਿਹੜੇ `ਚ ਕੁੱਤੇ ਮੂਤਦੇ ਆ। ਘਰ ਤਾਂ ਰੱਖਿਆ ਨ੍ਹੀਂ ਗਿਆ ਮਲੰਗਾਂ ਤੋਂ?” ਸੁਰਜੂ ਅਬਾ-ਤਬਾ ਬੋਲੀ ਜਾ ਰਿਹਾ ਸੀ।
“ਸੁਰਜੂ ਚਮਚਾ। ਜੂਠੀ ਪਲੇਟ ਚੱਟ। ਸੈਦਾ ਖੱਸੀ। ਸਾਥੀ ਤੂੰ ਕੜਾਹ ਕਰਦਾ ਗੱਲਾਂ ਦਾ ਕੜਾਹ ਕਰਨ ਜੋਗਾ ਈ ਬਣਿਆ ਕਾਲਜ ਜਾ ਕੇ। ਡੱਕਾ ਕਰਨ ਜੋਗਾ ਨ੍ਹੀਂ। ਰਾਠ ਬੀ ਬਸ ਕਚੀਚੀ ਵੱਟਣ ਜੋਗਾ। ਕਰੇ ਕਣ। ਚੁੱਕੇ ਫਣ। ਵੱਢ ਦਿਆਂ ਗਾਟਾ। ਫੌੜੀਆਂ `ਤੇ ਤੁਰੇ ਮੇਰਾ ਸਾਲਾ।” ਗਿੰਦਰ ਨੇ ਗੁੱਸੇ ਦਾ ਇਜ਼ਹਾਰ ਕੀਤਾ।
ਮਿਹਰ ਕੰਮ `ਤੇ ਨਾ ਆਇਆ। ਮੁੰਡਾ ਮਿਸਤਰੀ ਨੂੰ ਦੱਸ ਗਿਆ, ਹੋਰ ਬੰਦਾ ਰੱਖ ਲਏ। ਬਾਪੂ ਨੇ ਦਿਹਾੜੀ `ਤੇ ਕੰਮ ਨ੍ਹੀਂ ਕਰਨਾ ਤੇਰੇ ਨਾਲ।
ਪੰਡਿਤ ਸਰੂਪ ਰਾਮ ਵੈਦ ਦੀ ਮੌਤ ਪਿਛੋਂ ਪਰਿਵਾਰ ਦਾ ਕੋਈ ਕਮਾਊ ਮੈਂਬਰ ਨਾ ਰਿਹਾ। ਤਾਪ-ਖੰਘ ਦੀਆਂ ਪੁੜੀਆਂ ਵੇਚਣ ਤੇ ਜਜਮਾਨੀ-ਪੁਰੋਹਿਤੀ ਤੋਂ ਹੋਣ ਵਾਲੀ ਸਾਰੀ ਆਮਦਨ ਬੰਦ ਹੋ ਗਈ। ਜਿਹੜੇ ਦੋ-ਚਾਰ ਕਿੱਲੇ ਪਿਤਾ-ਪੁਰਖੀ ਮਿਲੇ ਸਨ, ਉਹ ਦੋਵੇਂ ਕੁੜੀਆਂ ਦੇ ਵਿਆਹ ਵਿਚ ਬੈਅ ਹੋ ਗਏ। ਮੁੰਡਾ ਜਗਦੀਸ਼ ਰਾਮ ਨੌਵੀਂ ਜਮਾਤ `ਚੋਂ ਹਟ ਕੇ ਸ਼ਹਿਰ ਮਥਰਾ ਦਾਸ ਅਰੋੜੇ ਦੇ ਕਲਾਥ ਹਾਊਸ `ਤੇ ਥਾਨ ਇਕੱਠੇ ਕਰਦਾ ਹੌਲੀ ਹੌਲੀ ਸੇਲਜ਼ਮੈਨ ਬਣ ਗਿਆ। ਉਹ ਸਾਰਾ ਦਿਨ ਉਥੇ ਕੰਮ ਕਰਕੇ ਰਾਤ ਨੂੰ ਸਾਈਕਲ `ਤੇ ਪਿੰਡ ਆ ਜਾਂਦਾ।
“ਅਰੋੜੇ ਦੇ ਘਰੇ ਡੰਗਰ ਪਸੂ ਵਿਤੇ ਨਿੱਕਾ ਮੋਟਾ ਕੰਮ ਕਰਨ ਲਈ ਬੰਦੇ ਦੀ ਲੋੜ ਆ। ਉਹ ਮੈਨੂੰ ਕਹਿੰਦੇ ਨੇ, ਕੋਈ ਆਪਦਾ ਜਾਣੂ ਬੰਦਾ ਲਿਆ ਕੰਮ ਵਾਸਤੇ। ਤੂੰ ਚਲਿਆ ਚੱਲ ਉਥੇ। ਸਹਿਰ `ਚ ਕੀਹਨੂੰ ਪਤਾ ਕੌਣ ਐ ਤੇ ਕੀ ਕੰਮ ਕਰਦਾ? ਘਰੋਂ ਸਿੱਧਾ ਉਸ ਦੇ ਘਰ ਤੇ ਉਥੋਂ ਸ਼ਾਮ ਨੂੰ ਆਪਣੇ ਘਰ। ਇਰਾਦਾ ਕੋਈ ਮਾੜਾ ਨ੍ਹੀਂ, ਮੈਂ ਵੀ ਤਾਂ ਕਰਦਾ ਈ ਆਂ ਉਥੇ ਕੰਮ।”
“ਤੇਰੀ ਗੱਲ ਹੋਰ ਐ। ਤੈਨੂੰ ਕੀ ਫਰਕ ਪੈਂਦਾ ਬਾਣੀਆਂ ਬਕਾਲਾਂ `ਚ ਕੰਮ ਕਰਨ ਨਾਲ?” ਜਗਦੀਸ਼ ਇਹ ਸੁਣ ਕੇ ਚੁੱਪ ਕਰ ਜਾਂਦਾ।
ਅੱਜ ਜਗਦੀਸ਼ ਨੇ ਉਸ ਦੇ ਘਰ ਜਾ ਕੇ ਆਪਣਾ ਇਰਾਦਾ ਦੱਸ ਦਿੱਤਾ।
ਮਿਹਰ ਨੇ ਆਪਣੀ ਪਤਨੀ ਚੰਦ ਕੌਰ ਕੋਲ ਝੂਠ ਬੋਲਿਆ ਕਿ ਉਸ ਨੇ ਦੁਨਾਲੀ ਬੰਦੂਕ ਲੈ ਕੇ ਦੁਕਾਨ `ਤੇ ਬੈਠ ਕੇ ਰਾਖੀ ਈ ਕਰਨੀ ਐ। ਬੱਸ ਬੈਂਕ ਵਿਚ ਕੈਸ਼ ਜਮਾ ਕਰਵਾਉਣ ਸਮੇਂ ਸੇਠ ਨਾਲ ਕਾਰ `ਤੇ ਬਹਿ ਕੇ ਚਲੇ ਜਾਣਾ ਹੈ, ਨਹੀਂ ਤਾਂ ਟੌਰ੍ਹ ਨਾਲ ਗੰਨ ਫੜ੍ਹ ਕੇ ਬੈਠੇ ਹੀ ਰਹਿਣਾ ਹੈ।
ਚੰਦ ਕੁਰ ਭਰੇ ਮਨ ਨਾਲ ਮਿਹਰ ਦੇ ਸ਼ਹਿਰ ਜਾ ਕੇ ਕੰਮ ਕਰਨ ਲਈ ਰਜ਼ਾਮੰਦ ਤਾਂ ਹੋ ਗਈ, ਪਰ ਉਹ ਸਮਝਦੀ ਤਾਂ ਸੀ ਸਾਰੀ ਗੱਲ ਕਿ ‘ਬੰਦੂਕ ਚਲਾਉਣਾ ਇੱਕ ਪਾਸੇ, ਇਸ ਨੇ ਬੰਦੂਕ ਫੜ੍ਹ ਕੇ ਵੀ ਨ੍ਹੀਂ ਵੇਖੀ।` ਪੁਰਾਣੇ ਦਿਨਾਂ ਨੂੰ ਯਾਦ ਕਰ ਕੇ ਉਸ ਦਾ ਚਿਹਰਾ ਇਕਦਮ ਉਤਰ ਗਿਆ।
ਜਗਦੀਸ਼ ਨੇ ਉਸ ਦੇ ਸਾਈਕਲ ਦਾ ਫਟਿਆ ਟਾਇਰ ਗੰਢਾ ਦਿੱਤਾ। ਉਸ ਲਈ ਰਬੜ ਦੀ ਗੁਰਗਾਬੀ ਖਰੀਦ ਲਿਆਇਆ। ਅਗਲੇ ਦਿਨ ਉਸ ਨਾਲ ਕੰਮ `ਤੇ ਚਲਾ ਗਿਆ।
ਪੰਡਿਤ ਜਗਦੀਸ਼ ਮਿਹਰ ਨੂੰ ਬਜਾਜ ਮਥਰਾ ਦਾਸ ਅਰੋੜੇ ਦੇ ਘਰ ਛੱਡ ਆਇਆ। ਘਰ ਦੀ ਮਾਲਕਣ ਘਰੇ ਨਹੀਂ ਸੀ। ਬਹਾਦਰ (ਗੋਰਖਾ ਨੌਕਰ) ਨੇ ਜੋ ਕੰਮ ਕਰਨਾ ਸੀ, ਉਹ ਸਮਝਾ ਦਿੱਤਾ। ਹਰੇ ਪੱਠਿਆਂ ਦੀ ਟਾਲ ਭਾਵੇਂ ਘਰ ਤੋਂ ਦੋ ਫਰਲਾਂਗ ਸੀ, ਪਰ ਰਾਹ ਦਾਣਾ ਮੰਡੀ ਵਿਚ ਦੀ ਜਾਂਦਾ ਸੀ, ਜਿੱਥੇ ਕਈ ਵਾਰ ਉਹ ਪਿਆਰਾ ਲਾਲ ਆੜਤੀਏ ਦੇ ਫੜ `ਚ ਕਣਕ ਦੀਆਂ ਟਰਾਲੀਆਂ ਢੇਰੀ ਕਰਕੇ ਗਿਆ ਸੀ, ਪਰ ਉਸ ਨੂੰ ਤਾਂ ਕਿੰਨੇ ਈ ਸਾਲ ਬੀਤ ਗਏ ਸਨ। ਅੱਜ ਐਤਵਾਰ ਸੀ, ਹਾੜੀ ਦਾ ਸੀਜਨ ਲੰਘ ਗਿਆ ਸੀ, ਮੰਡੀ ਵਿਚ ਸੁੰਨਸਾਨ ਸੀ। ਇਸ ਗੱਲ ਨਾਲ ਉਸ ਦਾ ਤੇਜੀ ਨਾਲ ਧੱਕ ਧੱਕ ਕਰਦਾ ਦਿਲ ਟਿਕਾਣੇ ਆਇਆ। ਬਹਾਦਰ ਉਸ ਨੂੰ ਹਰੇ ਪੱਠਿਆਂ ਦੀ ਟਾਲ `ਤੇ ਛੱਡ ਆਇਆ। ਉਸ ਨੇ ਹਰੇ ਚਾਰੇ ਦੀ ਭਰੀ ਲਈ। ਸਾਈਕਲ ਦੇ ਕੈਰੀਅਰ `ਤੇ ਰੱਖੀ ਅਤੇ ਪੱਗ ਨਾਲ ਮੂੰਹ ਢਕ ਲਿਆ।
‘ਚਲ ਬਈ ਘੁੱਦੂ, ਲੱਦ ਗਧੀ `ਤੇ ਪੱਠੇ।` ਸਾਈਕਲ ਦੇ ਕੈਰੀਅਰ `ਤੇ ਹੱਥ ਫੇਰ ਕੇ ਉਹ ਖੁੱਲ੍ਹ ਕੇ ਹੱਸਿਆ। ਸਾਈਕਲ `ਤੇ ਸਵਾਰ ਹੋ ਕੇ ਘਰ ਨੂੰ ਚੱਲ ਪਿਆ। ‘ਆਖਰ ਕਿੰਨਾ ਕੁ ਚਿਰ ਚੱਲੂਗਾ, ਇਹ?` ਉਸ ਨੇ ਆਪਣੇ ਆਪ ਨੂੰ ਸਵਾਲ ਕੀਤਾ। ਇਸ ਤਰ੍ਹਾਂ ਸੋਚਦੇ ਦਾ ਉਸ ਦਾ ਦਿਮਾਗ ਸੌਂ ਹੀ ਚਲਿਆ ਸੀ।
ਉਸ ਨੇ ਪੱਠੇ ਕੁਤਰੇ। ਹਰੇ ਵਿਚ ਤੂੜੀ ਰਲਾ ਕੇ ਟੋਕਰੀ ਟੋਕਰੀ ਦੋਹਾਂ ਮੱਝਾਂ ਦੀ ਖੁਰਲੀ ਵਿਚ ਪਾ ਦਿੱਤੀ। ਜਦ ਮੱਝਾਂ ਪੱਠੇ ਖਾ ਹਟੀਆਂ, ਉਨ੍ਹਾਂ ਨੂੰ ਨੁਹਾਇਆ। ਫੌੜ੍ਹੇ ਨਾਲ ਗੋਹਾ ਹਟਾਇਆ ਅਤੇ ਬੱਠਲ ਭਰ ਕੇ ਪਾਥੀਆਂ ਪੱਥਣ ਲਈ ਪਿਛਲੇ ਵਿਹੜੇ `ਚ ਸੁੱਟ ਦਿੱਤਾ। ਉਹ ਸਾਰਾ ਕੰਮ ਨੀਵੀਂ ਪਾ ਕੇ ਕਰੀ ਗਿਆ।
ਗੋਹਾ ਸੁੱਟਦੇ ਮਿਹਰ ਦੇ ਕੰਨਾਂ `ਚ ਉਸ ਦੇ ਪਾਲੀ ਘੁੱਦੂ ਦੀ ਅਵਾਜ ਆਈ, “ਚਾਚਾ, ਅੱਜ ਤਾਂ ਮੈਂ ਇਹ ਗੋਹਾ ਸਿਟ`ਤਾ ਕੱਲ ਨੂੰ ਗੋਹੇ-ਕੂੜੇ ਆਲੀ ਤੋਂ ਸੁਟਾ ਲੀਂ। ਇਹ ਮੇਰਾ ਕੰਮ ਨ੍ਹੀਂ। ਮੈਂ ਨਹੀਂ ਕੱਲ ਨੂੰ ਕਰਨਾ। ਮੈਨੂੰ ਸ਼ਰਮ ਆਉਂਦੀ ਆ। ਲੋਕ ਵੇਖ ਕੇ ਕੀ ਕਹਿਣਗੇ?” ਉਹ ਅੱਖਾਂ ਭਰ ਆਇਆ। ਉਸ ਦੇ ਅੰਦਰੋਂ ਇਕ ਹੌਕਾ ਬਾਹਰ ਨਿਕਲਿਆ। ਉਸ ਦਾ ਜੀਅ ਕੱਚਾ ਹੋਣ ਲੱਗ ਪਿਆ।
ਦੇਸੀ ਰੇਹੁ ਪਾਉਣ ਸਮੇਂ ਸੜੇ ਗੋਹੇ ਦੀ ਗੈਸ ਦੀ ਦੁਰਗੰਧ ਉਸ ਦੇ ਸਿਰ ਨੂੰ ਕਦੇ ਨਹੀਂ ਸੀ ਚੜ੍ਹੀ। ਉਸ ਗੈਸ ਨਾਲ ਤਾਂ ਉਸ ਦੀ ਰੂਹ ਨਸ਼ਿਆਉਂਦੀ। ਰੇਹੁ ਦੇ ਭਾਰੇ ਟੋਕਰਿਆਂ ਦਾ ਭਾਰ ਉਸ ਨੂੰ ਭਾਰ ਨਾ ਲਗਦਾ। ਉਸ ਨੂੰ ਇਸ ਦੁਰਗੰਧ ਵਿਚੋਂ ਬੂਰ ਪੈ ਕੇ ਦੋਧਿਆਂ `ਤੇ ਆਈ ਮੱਕੀ ਦੀ ਖੁਸ਼ਬੋ ਆਉਂਦੀ। ਕੱਚੇ ਦੋਧਿਆਂ ਦੇ ਰਸ ਨਾਲ ਉਸ ਦਾ ਮੂੰਹ ਭਰ ਜਾਂਦਾ।
ਮਿਸਤਰੀ ਨਾਲ ਕੰਮ ਕਰਦੇ ਅਨੁਸੂਚਿਤ ਜਾਤਾਂ ਤੇ ਪਛੜੀਆਂ ਜਾਤਾਂ ਦੇ ਕਾਮੇ ਉਸ ਨੂੰ ਲਾਗੀ ਹੀ ਲਗਦੇ, ਆਪਣੇ ਨਾਲੋਂ ਘਟੀਆ। ਉਨ੍ਹਾਂ ਨਾਲ ਕੰਮ ਕਰਕੇ ਉਸ ਦੇ ਅੰਦਰ ਡੰਗ ਵਜਦਾ। ਉਨ੍ਹਾਂ ਦੀਆਂ ਗੁੱਝੀਆਂ, ਮਸ਼ਕਰੀਆਂ, ਟਕੋਰਾਂ ਆਦਿ ਉਸ ਦਾ ਸੀਨਾ ਸਾੜੀ ਰਖਦੀਆਂ। ਮਸਾਲੇ ਦੀ ਮਤਰਾਲ ਦੇ ਭਾਰ ਨਾਲ ਉਸ ਦੀ ਧੋਣ ਦੱਬੀ ਰਹਿੰਦੀ। ਐਪਰ ਜਦੋਂ ਉਹ ਬੱਠਲ ਛੱਤ `ਤੇ ਜਾ ਡਿਗਦਾ, ਉਸ ਨਾਲ ਕੰਧਾਂ ਲਿੱਪੀਆਂ ਜਾਂਦੀਆਂ ਜਾਂ ਫਰਸ਼ `ਤੇ ਪੈਂਦਾ, ਉਸ ਨੂੰ ਕੁਝ ਕਰਨ ਦੀ ਤਸੱਲੀ ਹੁੰਦੀ। ਕਿਤੇ ਨਾ ਕਿਤੇ ਕੁਝ ਕਰਨ ਦਾ ਨਸ਼ਾ ਜਿਹਾ ਚੜ੍ਹ ਜਾਂਦਾ। ਪਲ ਭਰ ਲਈ ਉਸ ਨੂੰ ਕੁਝ ਸਕੂਨ ਮਿਲਦਾ।
ਇਹ ਕੰਮ ਸਰੀਰਕ ਤੌਰ `ਤੇ ਤਾਂ ਬਹੁਤ ਹੀ ਸੌਖਾ ਸੀ, ਪਰ ਇਸ ਨਾਲ ਦੁਪਹਿਰ ਤੋਂ ਪਹਿਲਾਂ ਹੀ ਉਹ ਨਿੱਸਲ ਹੋ ਗਿਆ। ਉਸ ਨੂੰ ਇੰਜ ਲੱਗਾ ਜਿਵੇਂ ਬੁਖਾਰ ਚੜ੍ਹ ਗਿਆ ਹੋਵੇ। ਉਹ ਪਸੂਆਂ ਵਾਲੇ ਵਿਹੜੇ ਵਿਚ ਬਾਣ ਦੀ ਮੰਜੀ `ਤੇ ਧੁੱਪ ਵਿਚ ਹੀ ਪਿਆ ਰਿਹਾ। ਬਹਾਦਰ ਨੇ ਆ ਕੇ ਉਸ ਦੀ ਮੰਜੀ ਛਾਂਵੇਂ ਕਰਾਈ। ਉਹ ਉਸ ਨੂੰ ਚਾਹ ਦਾ ਇਕ ਕੱਪ ਤੇ ਦੋ ਬਿਸਕੁਟ ਦੇ ਗਿਆ। ਉਸ ਨੇ ਬੜੀ ਔਖ ਨਾਲ ਚਾਹ ਦੇ ਦੋ ਘੁੱਟ ਅੰਦਰ ਕੀਤੇ ਤੇ ਬਿਸਕੁਟ ਉਸ ਦੇ ਸੰਘ ਵਿਚ ਅੜ੍ਹ ਗਏ। ਉਸ ਨੂੰ ਲੱਗਾ, ਜਿਵੇਂ ਉਹ ਕੁਨੀਨ ਦੀ ਗੋਲੀ ਨਿਗਲ ਰਿਹਾ ਹੋਵੇ।
ਸ਼ਾਮ ਨੂੰ ਮੱਝ ਦੀ ਧਾਰ ਹਰ ਰੋਜ ਚੰਦ ਕੌਰ ਹੀ ਕੱਢਦੀ ਸੀ। ਉਸ ਨੂੰ ਤਾਂ ਕਿਤੇ ਅੜੇ੍ਹ-ਥੁੜ੍ਹੇ ਹੀ ਧਾਰ ਕੱਢਣੀ ਪੈਂਦੀ ਸੀ। ਹੁਣ ਉਹ ਧਾਰ ਕਢਦਾ ਪਾਣੀ ਨਾਲ ਥਣ ਧੋਂਦਾ ਚੰਦ ਕੌਰ ਨਾਲ ਗੱਲਾਂ ਕਰਨ ਲੱਗ ਪਿਆ, “ਤੂੰ ਹੀ ਚੋਅ ਲਿਆ ਕਰ। ਤੇਰੇ ਥਾਪੀ ਦੇਣ ਨਾਲ ਪੈਰ ਗੱਡ ਕੇ ਖੜ੍ਹ ਜਾਂਦੀ ਆ। ਤੁਪਕਾ ਤੁਪਕਾ ਲਾਹ ਦਿੰਦੀ ਆ। ਹੁਣ ਸਾਲੀ ਖੁਰ ਜਿਆ ਮਾਰੀ ਜਾਂਦੀ ਆ ਜਿਵੇਂ ਮੱਖ ਲੜਦੀ ਹੋਵੇ।” ਧਾਰ ਚੋ ਕੇ ਖੜ੍ਹਨ ਲੱਗੇ ਦਾ ਸਿਰ ਚਕਰਾਉਣ ਲੱਗਾ। ਉਹ ਸੰਭਲਿਆ। ਉਸ ਨੇ ਦੁੱਧ ਦੀ ਬਾਲਟੀ ਬਹਾਦਰ ਨੂੰ ਫੜਾ ਦਿੱਤੀ।
ਸੂਰਜ ਛੁਪ ਗਿਆ ਸੀ। ਉਸ ਨੇ ਚੋਰ ਅੱਖ ਨਾਲ ਮਾਲਕਣ ਵੱਲ ਵੇਖਿਆ। ਉਸ ਨੂੰ ਪਛਾਣਨ ਵਿਚ ਦੇਰ ਨਾ ਲੱਗੀ। ਉਸ ਨੂੰ ਵੇਖ ਕੇ ਉਹ ਕੰਬ ਗਿਆ। ਮਿਹਰ ਨੇ ਸਾਈਕਲ ਚੁੱਕਿਆ ਅਤੇ ਘਰ ਦੇ ਬਾਹਰ ਨਿੱਕਲ ਕੇ ਬੀਹੀ ਵਿਚ ਖੜ੍ਹ ਕੇ ਸਾਈਕਲ ਦੀ ਲੱਥੀ ਚੇਨ ਚੜ੍ਹਾਉਣ ਲੱਗਾ।
“ਕੱਲ ਨੂੰ ਸਦੇਹਾਂ ਆ`ਜੀਂ ਭਾਈ।” ਉਸ ਨੇ ਪਿੱਛੋਂ ਆਉਂਦੀ ਅਵਾਜ਼ ਸੁਣੀ।
“ਹੈਂ ਕੁੜੇ ਇਦ੍ਹਾ ਮੁੜੰਗਾ ਤਾ ਮੇਰੂ ਅਰਗਾ। ਹੈਂ ਇਹ ਕੀ?” ਇਹ ਵੇਖ ਕੇ ਉਹ ਹੈਰਾਨ ਰਹਿ ਗਈ। ਪਾਕਿਸਤਾਨ ਤੋਂ ਉਜੜ ਕੇ ਆਉਣ ਦਾ ਸਮਾਂ ਇੱਕ ਦਮ ਉਸ ਦੇ ਮਨ ਦੀ ਸਕਰੀਨ `ਤੇ ਫਲੈਸ਼ ਕਰ ਗਿਆ।
“ਬਹਾਦਰ, ਜਦੋਂ ਪਾਕਿਸਤਾਨੋਂ ਉਜੜ ਕੇ ਆਏ ਸੀ, ਸੁਰਮੁਖ ਸਿੰਘ ਦੇ ਘਰੇ ਅਸੀਂ ਚਾਹ ਪਾਣੀ ਪੀਂਦੇ। ਪਹਿਲਾਂ ਖੋਤੀ `ਤੇ ਗਾਜਰਾਂ ਲੱਦ ਕੇ ਇਸ ਪਿੰਡ ਵੇਚਣ ਜਾਂਦੇ। ਇਸੇ ਘਰੇ ਦੁਪਹਿਰ ਵੇਲੇ ਖੋਤੀ ਨੂੰ ਬੰਨ ਕੇ ਪੱਠੇ ਪਾਉਂਦੇ। ਅਗਲੇ ਦਿਨ ਦਾਣਿਆਂ ਦੀ ਖੁਰਜੀ ਭਰ ਕੇ ਸ਼ਹਿਰ ਲੈ ਆਉਂਦੇ। ਫਿਰ ਸਾਈਕਲ `ਤੇ ਚੜ੍ਹ ਕੇ ਕੱਪੜਾ ਵੇਚਿਆ। ਉਜੜ ਕੇ ਆਏ ਸੀ। ਰੋਟੀ ਤਾਂ ਕਿਤੋਂ ਖਾਣੀ ਸੀ? ਕੋਈ ਮੰਗਵੀਂ ਕਿੰਨੇ ਦਿਨ ਦਿੰਦਾ?” ਉਹ ਆਪ ਮੁਹਾਰੇ ਬੋਲੀ ਜਾ ਰਹੀ ਸੀ।
ਬੀਹੀ ਵਿਚ ਸਾਈਕਲ ਦੀ ਚੇਨ ਚੜ੍ਹਾਉਂਦੇ ਮਿਹਰ ਦੇ ਕੰਨਾਂ ਵਿਚ ਇਹ ਬੋਲ ਪਏ। ਮਿਹਰ ਮੁੜ ਕੇ ਪਿੱਛੇ ਵੱਲ ਨਾ ਝਾਕਿਆ। ਉਹ ਸਾਈਕਲ ਦੀ ਕਾਠੀ ਦੇ ਬਰਾਬਰ ਝੁਕ ਕੇ ਤੇਜੀ ਨਾਲ ਤੁਰਨ ਲੱਗਾ। ਸਾਈਕਲ `ਤੇ ਚੜ੍ਹਨ ਲੱਗੇ ਦਾ ਸਾਈਕਲ ਇਕ ਘਰ ਦੀ ਬੀਹੀ `ਚ ਬਣੀ ਥੇੜ੍ਹੀ ਨਾਲ ਟਕਰਾ ਹੀ ਚੱਲਿਆ ਸੀ, ਮਸੀਂ ਬਚਿਆ।
ਉਹ ਬਹੁਤ ਹੀ ਤੇਜੀ ਨਾਲ ਪੈਡਲ ਮਾਰ ਰਿਹਾ ਸੀ। ਉਹ ਜਾ ਪਿੰਡ ਨੂੰ ਰਿਹਾ ਸੀ, ਪਰ ਪਿੰਡ ਦਿਸਦਾ ਨਹੀਂ ਸੀ। ਜਾ ਘਰ ਨੂੰ ਰਿਹਾ ਸੀ, ਪਰ ਘਰ ਉਸ ਨੂੰ ਦਿਸਦਾ ਨਹੀਂ ਸੀ। ਉਹ ਆਪਣੀ ਪਤਨੀ ਅਤੇ ਪੁੱਤ ਕੋਲ ਨੂੰ ਜਾ ਰਿਹਾ ਸੀ, ਪਰ ਹੁਣ ਉਹ ਸਾਰੇ ਉਸ ਦੀ ਸਿਮ੍ਰਤੀ `ਚੋਂ ਮਿਟ ਗਏ ਸਨ। ਉਸ ਦੇ ਸੁੰਨ ਹੋਏ ਦਿਮਾਗ `ਚ ਭੁਚਾਲ ਆ ਗਿਆ। ਉਹ ਰੇਤਲੇ ਰਾਹ ਦੇ ਟਿਬਿਆਂ ਨੂੰ ਚੀਰਦਾ ਜਾ ਰਿਹਾ ਸੀ। ਉਸ ਨੇ ਨਹਿਰ ਦੇ ਕਿਨਾਰੇ ਲੱਗੇ ਪੰਪ ਕੋਲ ਸਾਈਕਲ ਸੁੱਟ ਦਿੱਤਾ, ਸਟੈਂਡ ਵੀ ਨਾ ਲਾਇਆ। ਉਸ ਦੀ ਪੱਗ ਦਾ ਖੁੱiਲ਼੍ਹਆ ਲੜ ਅਗਲੇ ਚੱਕੇ ਦੇ ਗਜਾਂ ਵਿਚ ਫਸ ਗਿਆ। ਲੱਤ ਸਾਈਕਲ ਦੇ ਫਰੇਮ `ਚ ਫਸ ਗਈ। ਉਹ ਉਲਝ ਕੇ ਡਿੱਗ ਪਿਆ। ਉਸ ਦੇ ਕੰਨਾਂ ਵਿਚ ਮੁੰਡੇ ਦੀ ਦਰਦ ਨਾਲ ਚੀਕਦੇ ਦੀ ਲੇਰ ਸੁਣੀ, ਜਦੋਂ ਉਸ ਦਾ ਪੈਰ ਅਗਲੇ ਚੱਕੇ ਦੇ ਗਜਾਂ `ਚ ਅੜ੍ਹ ਗਿਆ ਸੀ। ਉਹ ਦੁੱਖ ਨਾਲ ਚੀਕਾਂ ਮਾਰਦੇ ਨੂੰ ਚੁੱਕੀ ਹਸਪਤਾਲ ਵਿਚ ਸਾਰੀ ਰਾਤ ਖੜ੍ਹਾ ਰਿਹਾ।
ਮਿਹਰ ਨੇ ਸਾਈਕਲ ਦੇ ਹੈਂਡਲ ਵਿਚ ਫਸੀ ਪੱਗ ਕੱਢੀ। ਪੰਪ ਤੋਂ ਪਾਣੀ ਦਾ ਘੁੱਟ ਪੀਤਾ। ਅੱਖਾਂ `ਚ ਪਾਣੀ ਦੇ ਛਿੱਟੇ ਮਾਰੇ। ਸਾਈਕਲ ਚੁੱਕ ਕੇ ਵੇਖਿਆ। ਮੂਹਰਲੀ ਟਿਊਬ ਟਾਇਰ ਨੂੰ ਪਾੜ ਕੇ ਬਾਹਰ ਨਿੱਕਲ ਆਈ ਸੀ। ਕਿਸੇ ਵੀ ਪਲ ਉਸ ਦਾ ਭੜਾਕਾ ਪੈ ਸਕਦਾ ਸੀ। ਉਸ ਨੇ ਬਾਲ ਢਿੱਲਾ ਕਰਕੇ ਥੋੜੀ ਕੁ ਹਵਾ ਬਾਹਰ ਕੱਢੀ। ਉਹ ਸਾਈਕਲ ਰੋੜ੍ਹ ਕੇ ਤੁਰਨ ਲੱਗਾ।
“ਬੜਾ ਵਧੀਆ ਨਿਆਣਾ ਪਾਇਆ। ਨਿਉਲੀ ਜਿੰਦਾ ਈ ਜੜ`ਤਾ, ਪੱਟੂਆ।” ਉਹ ਸਾਈਕਲ ਦੀ ਕਾਠੀ ਨੂੰ ਥਾਪੀ ਦੇਣ ਲੱਗਾ।
“ਵੇਖ ਲਾ ਸਾਲੇ ਨੰਗ ਰੋੜੇ। ਸਾਈਕਲ `ਤੇ ਡੱਗੀ ਲਾ ਕੇ ਕਿੱਡੀ ਵੱਡੀ ਦੁਕਾਨ ਪਾਈ ਬੈਠੇ ਆ। ਟੱਲੀ ਵਾਂਗ ਖੜਕਦੀ ਆ ਰੋੜੀ।” ਉਸ ਨੂੰ ਪਿੱਛਿਓਂ ਆਉਂਦੀ ਅਵਾਜ਼ ਚੰਗੀ ਲੱਗੀ। “ਸਾਲੇ ਨੰਗ ਰੋੜੇ। ਸਾਈਕਲ `ਤੇ ਡੱਗੀ ਲਾ ਕੇ ਕਿੱਡੀ ਵੱਡੀ ਹੱਟੀ ਪਾਈ ਬੈਠੇ ਆ ਲੀੜੇ ਦੀ। ਗਾਜਰਾਂ ਵੇਚਦੀ ਸ਼ਾਹਣੀ ਬਣੀ ਬੈਠੀ ਆ ਹੁਣ ਤਾਂ। ਗਾਜਰ ਪਾਕ ਵਰਗੀ ਪਈ ਆ ਅਜੇ ਵੀ।” ਹੁਣ ਉਸ ਨੂੰ ਉਹਦੀ ਆਪਣੇ ਕੰਨਾਂ `ਚ ਪਈ ਅਵਾਜ਼ ਚੰਗੀ ਲੱਗੀ।
ਰਾਹ ਵਿਚ ਸਕੂਲ ਕੋਲ ਦੀ ਲੰਘਦੇ ਦੇ ਉਸ ਦੇ ਰਾਮ ਚਰਨ ਦਾਸ ਬੁੱਚੜ ਅਧਿਆਪਕ ਚੇਤੇ ਆਇਆ। ਉਸ ਨੂੰ ਯਾਦ ਕਰਕੇ ਉਸ ਨੇ ਸਕੂਲ ਵੱਲ ਮੂੰਹ ਕਰਕੇ ਥੁੱਕਿਆ।
ਸੁਰਜੂ ਦੀ ਭੈਣ ਸੀਤੋ ਵੀ ਉਸ ਨੂੰ ਚੇਤੇ ਆਈ, ਜਿਸ ਨੇ ਉਸ ਨੂੰ ਕਬੱਡੀ ਖੇਡਦੇ ਵੇਖਿਆ ਸੀ ਤੇ ਆਪਣੀ ਸਹੇਲੀ ਨੂੰ ਕਿਹਾ ਸੀ, “ਕੁੜੇ ਪੱਟਾਂ ਵਿਚ ਕਿੰਨਾ ਜ਼ੋਰ ਆ ਟੁੱਟ ਪੈਣੇ ਦੇ।” ਇਹ ਗੱਲ ਉਸ ਨੇ ਆਪ ਸੁਣੀ ਸੀ ਅਤੇ ਸੀਤੋ ਦੇ ਪਿਆਰ ਦਾ ਮਿੰਨਾ ਮਿੰਨਾ ਸੇਕ ਉਸ ਦੀ ਸਿਮ੍ਰਤੀ ਵਿਚ ਵਸ ਗਿਆ ਸੀ। ਇਹ ਸੋਚ ਕੇ ਉਸ ਨੂੰ ਸੁਰਜੂ ਵੀ ਚੰਗਾ ਲੱਗਾ।
ਉਹ ਹਨੇਰੇ ਹੋਏ ਘਰ ਪਹੁੰਚਿਆ। ਤੀਜ ਦਾ ਚੰਨ ਚੜ੍ਹਨ ਨੂੰ ਸੀ। ਸਾਰਾ ਪਰਿਵਾਰ ਉਸ ਨੂੰ ਉਡੀਕ ਰਿਹਾ ਸੀ। ਕਿਸੇ ਨੇ ਵੀ ਬੁਰਕੀ ਮੂੰਹ `ਚ ਨਹੀਂ ਸੀ ਪਾਈ।
“ਬੜਾ ਕੁਵੇਲਾ ਕਰ`ਤਾ। ਗੰਨ, ਕਿੱਥੇ ਰੱਖ ਆਇਐਂ?” ਘਰ `ਚ ਪੈਰ ਧਰਦੇ ਨੂੰ ਵੇਖ ਕੇ ਚੰਦ ਕੁਰ ਮੁਸਕਰਾਈ।
ਉਸ ਨੇ ਸਾਈਕਲ ਸਟੈਂਡ `ਤੇ ਲਾਇਆ। ਪਿੱਛੋਂ ਮੁੰਡੇ ਨੇ ਭੱਜ ਕੇ ਲੱਕ ਦੁਆਲੇ ਬਾਹਾਂ ਵਗਲ ਲਈਆਂ।
“ਬਾਪੂ! ਬਾਪੂ!! ਠੂਹ ਭਾਰੀ ਠੂਹ ਚੁੱਕ`ਲੀ ਸੀ?”
“ਹਾਂ, ਭਾਰੀ ਸੀ। ਸਾਲੀ ਦਾ ਮੂੰਹ ਹੀ ਉਲਟੇ ਪਾਸੇ ਨੂੰ ਹੋ ਗਿਆ ਸੀ! ਹੁਣ ਨ੍ਹੀਂ ਭਾਰੀ ਲੱਗਣੀ।” ਇਹ ਕਹਿੰਦੇ ਉਸ ਨੇ ਮੁੰਡੇ ਨੂੰ ਚੁੱਕ ਕੇ ਹਿੱਕ ਨਾਲ ਲਾ ਲਿਆ।