ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਦਾ ਸਫਰ

ਡਾ. ਜਸਵਿੰਦਰ ਸਿੰਘ, ਸਿੰਘਾਪੁਰ
ਫੋਨ: +65-98951996
ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਅਤੇ ਇਸ ਨੂੰ ਅੱਗੇ ਤੋਰਨ ਲਈ ਗੁਰੂ ਅੰਗਦ ਦੇਵ ਨੇ ਅਹਿਮ ਭੂਮਿਕਾ ਨਿਭਾਈ। ਗੁਰੂ ਅੰਗਦ ਦੇਵ ਦਾ ਜਨਮ ਬਾਬਾ ਫੇਰੂਮਲ ਦੇ ਘਰ ਮੱਤੇ ਦੀ ਸਰਾਂ (ਜਿਲਾ ਮੁਕਤਸਰ) ਵਿਖੇ 31 ਮਾਰਚ 1504 ਈ: ਨੂੰ ਹੋਇਆ। ਉਨ੍ਹਾਂ ਦੇ ਬਚਪਨ ਦਾ ਨਾਂ ‘ਲਹਿਣਾ’ ਸੀ। ਸਿੱਖ ਧਰਮ ਦੀ ਸਦੀਵੀ ਹੋਂਦ ਬਰਕਰਾਰ ਰੱਖਣ ਲਈ ਬਾਬੇ ਨਾਨਕ ਨੇ ਆਪਣੀ ਦੂਰ-ਦ੍ਰਿਸ਼ਟੀ ਤੇ ਦਾਨਸ਼ਮੰਦੀ ਨਾਲ ਗੁਰੂ-ਚੇਲੇ ਦੀ ਰੀਤ ਚਲਾ ਕੇ ਭਾਈ ਲਹਿਣੇ ਨੂੰ ਦੂਜੇ ਗੁਰੂ ਅੰਗਦ ਦੇਵ ਦੇ ਰੂਪ ਵਿਚ ਸਥਾਪਤ ਕੀਤਾ। ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ 62 ਸਲੋਕਾਂ ਦੇ ਰੂਪ ਵਿਚ ਮਿਲਦੀ ਹੈ।

ਅੰਗਦ ਦਾ ਸ਼ਾਬਦਿਕ ਅਰਥ ਹੈ: ਅੰਗ ਨੂੰ ਸ਼ੋਭਾ ਦੇਣ ਵਾਲਾ ਭੂਸ਼ਣ, ਭੁਜਬੰਦ, ਬਾਜੂਬੰਦ ਆਦਿ। ਟਰੰਪ ਦੇ ਸ਼ਬਦਾਂ ਵਿਚ ਸਭ ਕੁਝ ਖਿਲਰ-ਪੁਲਰ ਤੇ ਉਡ-ਪੁਡ ਜਾਂਦਾ, ਜੇ ਗੁਰੂ ਨਾਨਕ ਆਪਣੀ ਥਾਂ ਗੁਰੂ ਅੰਗਦ ਨੂੰ ਨਾ ਬਿਠਾਲਦੇ। ਗੋਕਲ ਚੰਦ ਨਾਰੰਗ ਦਾ ਕਹਿਣਾ ਹੈ ਕਿ ਜੇ ਗੁਰੂ ਨਾਨਕ, ਗੁਰੂ ਅੰਗਦ ਦੇਵ ਨੂੰ ਗੁਰੂਤਾ-ਗੱਦੀ ਦੀ ਬਖਸ਼ਿਸ਼ ਨਾ ਕਰਦੇ ਤਾਂ ਅੱਜ ਸਿੱਖ ਧਰਮ ਦਾ ਨਾਮੋ-ਨਿਸ਼ਾਨ ਨਾ ਹੁੰਦਾ।
ਗੁਰੂ ਨਾਨਕ ਦੇਵ ਨੇ ਭਾਈ ਲਹਿਣਾ ਨੂੰ ਪੂਰੀ ਤਰ੍ਹਾਂ ਯੋਗ ਜਾਣ ਕੇ ਗੁਰੂ ਅੰਗਦ ਨਾਂ ਦੇ ਕੇ ਸਤੰਬਰ 1539 ਈ: ਵਿਚ ਪ੍ਰਮੁੱਖ ਸਿੱਖਾਂ ਦੀ ਮੌਜੂਦਗੀ ਵਿਚ ਆਪਣੀ ਥਾਂ `ਤੇ ਪ੍ਰਚਾਰ ਕਰਨ ਲਈ ਗੁਰਿਆਈ ਦੀ ਮਹਾਨ ਜ਼ਿੰਮੇਵਾਰੀ ਸੌਂਪੀ। ਗੁਰਗੱਦੀ ਦਾ ਸ਼ਾਬਦਿਕ ਅਰਥ ਹੈ, ਗੁਰੂ ਦਾ ਤਖਤ। ਬਾਬੇ ਨਾਨਕ ਨੇ ਗੁਰੂ ਅੰਗਦ ਦੇਵ ਨੂੰ ਮੱਥਾ ਟੇਕਿਆ ਤੇ ਬਾਕੀ ਸੰਗਤਾਂ ਨੂੰ ਮੱਥਾ ਟੇਕਣ ਲਈ ਕਿਹਾ। ਉਨ੍ਹਾਂ ਨੇ ਗੁਰੂ ਅੰਗਦ ਦੇਵ ਨੂੰ ਤਖਤ `ਤੇ ਬਿਠਾ ਕੇ ਸਭ ਸੰਗਤਾਂ ਦੇ ਸਾਹਮਣੇ ਬਾਣੀ ਦੀ ਪੋਥੀ ਸੌਂਪ ਕੇ ਐਲਾਨ ਕੀਤਾ, ਮੇਰੀ ਜਗ੍ਹਾ ਹੁਣ ਗੁਰੂ, ਗੁਰੂ ਅੰਗਦ ਦੇਵ ਨੂੰ ਸਮਝਣਾ। ਇਨ੍ਹਾਂ ਦਾ ਦਰਸ਼ਨ ਮੇਰਾ ਦਰਸ਼ਨ, ਇਨ੍ਹਾਂ ਦਾ ਬਚਨ ਹੀ ਮੇਰਾ ਬਚਨ ਹੋਵੇਗਾ। ਗੁਰੂ ਨਾਨਕ ਨੇ ਮਾਰੂ ਸੋਹਲੇ ਵਿਚ ਕਿਹਾ ਹੈ ਕਿ ਤਖਤ `ਤੇ ਉਹੀ ਬੈਠਦਾ ਹੈ, ਜੋ ਉਸ ਦੇ ਲਾਇਕ ਹੁੰਦਾ ਹੈ। ਜਿਸ ਨੇ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਵਿਕਾਰਾਂ ਨੂੰ ਮੁਕਾ ਲਿਆ ਹੋਵੇ, ਉਸ ਨੂੰ ਹੀ ਤਖਤ ਹਾਸਲ ਹੁੰਦਾ ਹੈ।
ਤਖਤਿ ਬਹੈ ਤਖਤੈ ਕੀ ਲਾਇਕ॥ (ਗੁਰੂ ਗ੍ਰੰਥ ਸਾਹਿਬ, ਪੰਨਾ 1039)
ਇਸ ਤਰ੍ਹਾਂ ਗੁਰੂ ਨਾਨਕ ਨੇ ਆਪਣੇ ਸਿੱਖ ਭਾਈ ਲਹਿਣੇ ਨੂੰ ਆਪਣੇ ਹੱਥੀਂ ਗੱਦੀ ਨਸ਼ੀਨ ਕੀਤਾ। ਪਰਚੀਆਂ ਭਾਈ ਸੇਵਾ ਦਾਸ ਅਨੁਸਾਰ ‘ਆਪ ਹੋਤੇ ਗੁਰਾਈ ਕੈ ਤਖਤ ਉਪਰ ਬੈਠਾਇਆ।’ ਭਾਈ ਗੁਰਦਾਸ ਆਪਣੀ ਪਹਿਲੀ ਵਾਰ (ਪਉੜੀ 45) ਵਿਚ ਗੁਰ-ਗੱਦੀ ਦੀ ਪਰੰਪਰਾ ਨੂੰ ਇਵੇਂ ਦਰਸਾਉਂਦੇ ਹਨ,
ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ।
ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ।
ਲਖਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ।
ਕਾਇਆ ਪਲਟਿ ਸਰੂਪ ਬਣਾਇਆ॥
ਗੁਰਗੱਦੀ ਉਪਰੰਤ ਗੁਰੂ ਅੰਗਦ ਦੇਵ ਦਾ ਜੱਸ ਸੱਤਾਂ ਦੀਪਾਂ ਵਿਚ ਫੈਲ ਗਿਆ। ਭਾਈ ਲਹਿਣਾ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਰਸ ਕੇ ‘ਜਗਤ ਗੁਰੂ’ ਬਣ ਗਏ। ਭੱਟ ‘ਕਲਸਹਾਰ’ ਦਾ ਫੁਰਮਾਨ ਹੈ,
ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ
ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ॥ (ਗੁਰੂ ਗ੍ਰੰਥ ਸਾਹਿਬ, ਪੰਨਾ 1391)
ਜਨਮਸਾਖੀ ਮਿਹਰਬਾਨ ਵਿਚ ਅੰਕਿਤ ਹੈ, “ਤਬ ਗੁਰੂ ਅੰਗਦ ਕਉ ਸ਼ਬਦ ਦੀ ਥਾਪਨਾ ਦੇ ਕੇ ਸੰਮਤ 1596, ਅੱਸੂ ਵਦੀ ਦਸਮੀ ਕਉ ਆਪ ਸਚਖੰਡ ਸਿਧਾਰੇ॥ ਸਭ ਸੰਗਤਾਂ ਅਤੇ ਗੁਰੂ ਅੰਗਦ ਦੇ ਕਰਤਾਰਪੁਰ ਵਿਖੇ ਗੁਰੂ ਪੁੱਤਰਾਂ ਦੇ ਸਖਤ ਵਿਰੋਧ ਕਾਰਨ ਖਡੂਰ ਸਾਹਿਬ ਨੂੰ ਆਪਣਾ ਟਿਕਾਣਾ ਬਣਾਇਆ।”
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥
(ਗੁਰੂ ਗ੍ਰੰਥ ਸਾਹਿਬ, ਪੰਨਾ 967)
ਗੁਰੂ ਅੰਗਦ ਦੇਵ ਨੇ ਸਿੱਖ ਮੱਤ ਨੂੰ ਸ੍ਰੀ ਚੰਦ ਵਲੋਂ ਚਲਾਏ ਉਦਾਸੀ ਮੱਤ ਦੇ ਪ੍ਰਭਾਵ ਤੋਂ ਬਚਾਇਆ। ਪਹਿਲੇ ਪਾਤਸ਼ਾਹ ਦੇ ਬਖਸ਼ੇ ਗੁਰਮਤਿ ਮਾਰਗ ਦਾ ਬਹੁਤ ਸੁਚੱਜੇ ਢੰਗ ਨਾਲ ਪਸਾਰ ਕੀਤਾ। ਗੁਰੂ ਅੰਗਦ ਦੇਵ ਨੇ ਦੀਨ-ਦੁਖੀਆਂ ਦੀ ਸੇਵਾ, ਲੰਗਰ ਦੀ ਮਰਿਆਦਾ ਅਤੇ ਗੁਰਮੁਖੀ ਲਿਪੀ ਦਾ ਪ੍ਰਚਾਰ ਅਤੇ ਬਾਲ-ਬੋਧ ਤਿਆਰ ਕਰ ਕੇ ਬੱਚਿਆਂ ਵਿਚ ਵੰਡਿਆ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰਮੁਖੀ ਲਿਪੀ ਤੋਂ ਭਾਵ ਜੋ ਵਾਕ ਗੁਰਮੁਖਾਂ ਨੇ ਲਿਖੇ, ਜਿਸ ਕਾਰਨ ਇਸ ਦਾ ਨਾਉਂ ‘ਗੁਰਮੁਖੀ’ ਪ੍ਰਸਿੱਧ ਹੋਇਆ। ਗੁਰੂ ਨਾਨਕ ਨਾਲ ਸਬੰਧਿਤ ਪ੍ਰਸੰਗ ਨੂੰ ਸਾਂਭਣ ਲਈ ਜਨਮਸਾਖੀ ਪਰੰਪਰਾ ਸ਼ੁਰੂ ਹੋਈ। ਗੁਰਬਾਣੀ ਕੀਰਤਨ, ਸੰਗਤ, ਲੰਗਰ-ਪੰਗਤ ਦੀ ਜੁਗਤ ਦਾ ਪ੍ਰਚਾਰ ਕਰਕੇ ਮਾਨਵਵਾਦੀ ਫਲਸਫੇ ਨੂੰ ਉਤਸ਼ਾਹਿਤ ਕੀਤਾ ਅਤੇ ਊਚ-ਨੀਚ ਦਾ ਭੇਦ-ਭਾਵ ਖਤਮ ਕਰਨ ਲਈ ਯਤਨਸ਼ੀਲ ਹੋਏ। ਗੁਰਬਾਣੀ ਗਵਾਹ ਹੈ ਕਿ ਗੁਰੂ ਅੰਗਦ ਦੇਵ ਆਪ ਗੁਰ ਸ਼ਬਦ ਦਾ ਲੰਗਰ ਵਰਤਾਇਆ ਕਰਦੇ ਸਨ। ਭਾਈ ਸੱਤਾ ਤੇ ਬਲਵੰਡ ਰਾਮਕਲੀ ਕੀ ਵਾਰ ਵਿਚ ਜ਼ਿਕਰ ਇਉਂ ਹੈ,
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥ (ਪੰਨਾ 967)
ਬਾਬੇ ਨਾਨਕ ਨੇ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਲੰਗਰ ਦੀ ਪ੍ਰਥਾ ਅਰੰਭ ਕਰ ਦਿੱਤਾ ਸੀ। ਗੁਰੂ ਅੰਗਦ ਦੇਵ ਨੇ ਖਡੂਰ ਸਾਹਿਬ ਪਹੁੰਚ ਕੇ ਲੰਗਰ ਦੀ ਪ੍ਰਥਾ ਦਾ ਵਿਕਾਸ ਕੀਤਾ, ਜਿਸ ਵਿਚ ਗੁਰੂ ਜੀ ਦੇ ਮਹਿਲ ਮਾਤਾ ਖੀਵੀ ਨੇ ਵਡਮੁੱਲਾ ਯੋਗਦਾਨ ਪਾਇਆ। ਲੰਗਰ ਦੀ ਇਹ ਪ੍ਰਥਾ ਅੱਜ ਵੀ ਉਸੇ ਰੂਪ ਵਿਚ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ।
ਸਮਾਜ ਨੂੰ ਸਰੀਰਕ ਤੌਰ ‘ਤੇ ਰਿਸ਼ਟ-ਪੁਸ਼ਟ ਕਰਨ ਲਈ ਖੇਡਾਂ ਅਤੇ ਮੱਲਾਂ ਦੇ ਅਖਾੜਿਆਂ ਦਾ ਵਿਕਾਸ ਕੀਤਾ। ਗੁਰੂ ਜੀ ਵਲੋਂ ਪੈਦਾ ਕੀਤੀ ਗਈ ਨਰੋਈ ਦੇਹ ਵਿਚੋਂ ਹੀ ਇੱਕ ਵਿਲੱਖਣ ਸੱਭਿਆਚਾਰ ਪੈਦਾ ਹੋਇਆ, ਜੋ ਖਾਲਸਾ ਫੌਜ ਦੇ ਵਿਲੱਖਣ ਕਾਰਨਾਮਿਆਂ ਦਾ ਆਧਾਰ ਬਣਿਆ।
ਆਪੇ ਛਿੰਝ ਪਵਾਇ ਮਲਾਖਾੜਾ ਰਚਿਆ॥ (ਪੰਨਾ 1280)
ਗੁਰਿਆਈ ਦੀ ਜ਼ਿੰਮੇਵਾਰੀ ਦਾ ਮੰਤਵ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਨਿਖਾਰਨਾ, ਪ੍ਰਚਾਰਨਾ, ਮਨੁੱਖੀ ਭਾਈਚਾਰੇ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਕਰਨਾ, ਇਸੇ ਹੀ ਵਿਚਾਰਧਾਰਾ ਨੂੰ ਮਿਲਗੋਭਾ ਹੋਣ ਤੋਂ ਬਚਾਉਣਾ ਆਦਿ ਸੀ। ਗੁਰੂ ਅੰਗਦ ਦੇਵ ਨੇ ਆਪਣੇ ਜੀਵਨ ਦੇ ਲਗਭਗ ਤੇਰਾਂ ਸਾਲ (ਸਤੰਬਰ 1539-1552) ਦੇ ਗੁਰਿਆਈ ਕਾਲ ਸਮੇਂ ਹਰੇਕ ਉਪਦੇਸ਼ ਅਤੇ ਹਰੇਕ ਕਾਰਜ ਵਿਚ ਇਨ੍ਹਾਂ ਗੱਲਾਂ ਨੂੰ ਸਾਹਮਣੇ ਰੱਖਿਆ।