ਉਹ ਵੀ ਦਿਨ ਸਨ

ਗੁਰਭਜਨ ਗਿੱਲ
ਲਾਇਲਪੁਰ ਖਾਲਸਾ ਕਾਲਜ, ਜਲੰਧਰ ਮੇਰੇ ਸੁਪਨਿਆਂ `ਚ ਬਹੁਤ ਆਉਂਦਾ ਹੈ। ਮੇਰੇ ਬਚਪਨ ਵੇਲੇ ਮੇਰੇ ਦੋਵੇਂ ਵੱਡੇ ਭਰਾ ਜਸਵੰਤ ਸਿੰਘ ਗਿੱਲ ਤੇ ਮਗਰੋਂ ਸੁਖਵੰਤ ਸਿੰਘ ਗਿੱਲ ਇਸੇ ਕਾਲਜ `ਚ ਐਮ. ਏ. ਕਰਨ ਆਏ ਸਨ।

ਵੱਡੇ ਭਾ ਜੀ ਨਾਲ ਏਥੇ ਹੀ ਡਾ. ਐਸ. ਪੀ. ਸਿੰਘ, ਸੁਰਿੰਦਰ ਗਿੱਲ, ਭਾ ਜੀ ਬਰਜਿੰਦਰ ਸਿੰਘ, ਰਾਜਿੰਦਰ ਸਿੰਘ ਚੀਮਾ, ਅਮਰਜੀਤ ਚੰਦਨ ਅੱਗੜ ਪਿੱਛੜ ਪੜ੍ਹਦੇ ਸਨ। ਉਦੋਂ ਹੀ ਪ੍ਰੇਮ ਗੋਰਖੀ ਏਥੇ ਕਾਲਜ `ਚ ਕਰਮਚਾਰੀ ਸੀ। ਨਵਾਂ ਨਵਾਂ ਲਿਖਣ ਦੇ ਰਾਹ ਤੁਰਿਆ। ਪ੍ਰੋ. ਨਿਰੰਜਨ ਸਿੰਘ ਢੇਸੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਸਨ। ਪੂਰੇ ਸੂਹੇ।
ਮੈਂ 1971 `ਚ ਲੁਧਿਆਣੇ ਪੜ੍ਹਨ ਆ ਗਿਆ ਭਾ ਜੀ ਕੋਲ, ਜੀ. ਜੀ. ਐਨ. ਖਾਲਸਾ ਕਾਲਜ ਵਿਚ। ਉਦੋਂ ਜਲੰਧਰ `ਚ ਬਾਈਪਾਸ ਨਹੀਂ ਸੀ ਹੁੰਦਾ। ਬੱਸ ਅੱਡਾ ਵੱਡੇ ਡਾਕਖਾਨੇ ਦੇ ਗਵਾਂਢ `ਚ ਸੀ। ਬਟਾਲਿਉਂ ਸਤਲੁਜ ਟਰਾਂਸਪੋਰਟ ਦੀ ਬੱਸ ਲੈਣੀ ਤੇ ਜਲੰਧਰ ਦਸ ਮਿੰਟ ਦੇ ਠਹਿਰਾਅ ਬਾਅਦ ਲੁਧਿਆਣੇ ਤੁਰ ਪੈਣਾ।
ਫਾਟਕ ਦੋ ਪੈਂਦੇ ਸਨ, ਇੱਕ ਡੀ. ਏ. ਵੀ. ਕਾਲਜ ਕੋਲ ਤੇ ਦੂਜਾ ਲਾਇਲਪੁਰ ਖਾਲਸਾ ਕਾਲਜ ਕੋਲ। ਲੋਹੀਆਂ ਵੱਲ ਜਾਂਦੀ ਗੱਡੀ ਵਾਲੇ ਮੁੰਡਿਆਂ ਤਾਂ ਲਾਇਲਪੁਰ ਖਾਲਸਾ ਕਾਲਜ ਨੇੜੇ ਰੋਕ ਠਹਿਰਾਅ (੍ਹਅਲਟ) ਵੀ ਪ੍ਰਵਾਨ ਕਰਵਾ ਲਿਆ ਸੀ।
ਸਾਡੀ ਬੱਸ ਜਦੋਂ ਵੀ ਲਾਇਲਪੁਰ ਖਾਲਸਾ ਕਾਲਜ ਦੇ ਗੇਟ ਅੱਗਿਉਂ ਲੰਘਦੀ ਤਾਂ ਬੜੀ ਹਸਰਤ ਨਾਲ ਅੰਦਰ ਝਾਕਦਾ। ਗਰਾਉਂਡ `ਚ ਹਾਕੀ ਖੇਡਦੇ ਮੁੰਡਿਆਂ `ਚੋਂ ਕਿੰਨੇ ਅਜੀਤਪਾਲ, ਪਰਗਟ, ਗੁਰਮੇਲ ਤੇ ਦਰਜਨਾਂ ਉਲੰਪੀਅਨ ਇਸ ਮਿੱਟੀ ਨੇ ਘੜੇ। ਪ੍ਰੋ. ਇੰਦਰਜੀਤ ਨੇ ਕਿੰਨਿਆਂ ਦੇ ਪੱਬਾਂ `ਚ ਭੰਗੜਾ ਉਗਾਇਆ। ਕਿੰਨੇ ਮਲਕੀਤ ਗੋਲਡਨ ਸਟਾਰ ਬਣੇ।
ਕਿੰਨੇ ਲਿਖਾਰੀ ਇਥੇ ਪੜ੍ਹ ਕੇ ਸੁਰਿੰਦਰ ਗਿੱਲ, ਅਮਰਜੀਤ ਚੰਦਨ, ਆਤਮਜੀਤ, ਕਸ਼ਮੀਰ ਕਾਦਰ ਤੇ ਰਵਿੰਦਰ ਸਹਿਰਾਅ ਬਣੇ। ਸੁੱਖੀ ਬਾਠ ਵਰਗੇ ਦਾਨਵੀਰ, ਡਾ. ਐਸ. ਪੀ. ਸਿੰਘ ਵਰਗੇ ਵਾਈਸ ਚਾਂਸਲਰ, ਬਰਜਿੰਦਰ ਸਿੰਘ ਹਮਦਰਦ ਵਰਗੇ ਸੰਪਾਦਕ, ਰਾਜਿੰਦਰ ਸਿੰਘ ਚੀਮਾ ਵਰਗੇ ਸਿਰਮੌਰ ਵਕੀਲ।
ਪਰ ਮੇਰਾ ਚਾਅ ਪੂਰਾ ਨਾ ਹੋ ਸਕਿਆ ਏਥੇ ਪੜ੍ਹਨ ਦਾ।
ਮੈਂ ਕਾਲਾ ਅਫਗਾਨਾ ਵਿਚ ਪੜ੍ਹਦਿਆਂ ਇੱਕ ਵਾਰ ਕਵਿਤਾ ਮੁਕਾਬਲੇ `ਚ ਭਾਗ ਲੈਣ ਆਇਆ ਸਾਂ, 1970 `ਚ, ਪਰ ਮੁਕਾਬਲਾ ਮੁਲਤਵੀ ਹੋ ਗਿਆ, ਉਸੇ ਸਵੇਰ ਕਿਸੇ ਵਿਦਿਆਰਥੀ ਨਾਲ ਵਾਪਰੇ ਕਿਸੇ ਹਾਦਸੇ ਕਾਰਨ।
ਸਾਲ ਸ਼ਾਇਦ 1981 ਸੀ ਜਾਂ 82 ਇਹ ਤਾਂ ਪੱਕਾ ਪਤਾ ਨਹੀਂ, ਪਰ ਏਨਾ ਜ਼ਰੂਰ ਪਤਾ ਹੈ ਕਿ ਜਦ ਲਾਇਲਪੁਰ ਖਾਲਸਾ ਕਾਲਜ ਤੋਂ ਕਵੀ ਦਰਬਾਰ ਲਈ ਸੱਦਾ ਪੱਤਰ ਮਿਲਿਆ ਤਾਂ ਖੁਸ਼ੀ `ਚ ਮੈਂ ਸਾਰੀ ਰਾਤ ਸੌ ਨਾ ਸਕਿਆ। ਪਲਸੇਟੇ ਮਾਰ ਕੇ ਰਾਤ ਲੰਘਾਈ। ਸਵੇਰੇ ਜਗਰਾਉਂ ਤੋਂ ਬੱਸ ਲੈ ਕੇ ਜਲੰਧਰ ਪੁੱਜਾ ਤਾਂ ਪ੍ਰਿੰਸੀਪਲ ਸਾਹਿਬ ਦੇ ਕਮਰੇ `ਚ ਚਾਹ ਪੀਂਦਿਆਂ ਆਪਣੀ ਜ਼ਬਾਨ ਦੇ ਵੱਡੇ ਕਵੀਆਂ ਨੂੰ ਮਿਲਿਆ।
ਰਵਿੰਦਰ ਸਹਿਰਾਅ ਉਦੋਂ ਇਸ ਕਾਲਜ `ਚ ਐਮ. ਏ. ਕਰਦਾ ਸੀ। ਉਸ ਨੇ ਪਿਛਲੇ ਦਿਨੀਂ ਉਸ ਕਵੀ ਦਰਬਾਰ ਦੀ ਤਸਵੀਰ ਸਾਂਝੀ ਕੀਤੀ ਤਾਂ ਬਹੁਤ ਚੰਗਾ ਚੰਗਾ ਲੱਗਿਆ। ਤਸਵੀਰ `ਚ ਸਿਰਮੌਰ ਪੰਜਾਬੀ ਕਵੀ ਸੰਤ ਰਾਮ ਉਦਾਸੀ, ਪਾਸ਼, ਵਰਿਆਮ ਸਿੰਘ ਸੰਧੂ, ਸੁਰਿੰਦਰ ਗਿੱਲ, ਫਤਹਿਜੀਤ, ਸੁਰਜੀਤ ਪਾਤਰ, ਦਰਸ਼ਨ ਖਟਕੜ ਤੇ ਰਵਿੰਦਰ ਸਹਿਰਾਅ ਦੇ ਨਾਲ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਮੋਹਨ ਸਿੰਘ ਜੌਹਲ, ਪ੍ਰੋ. ਨਿਰੰਜਨ ਸਿੰਘ ਢੇਸੀ, ਪ੍ਰੋ. ਨਰਜੀਤ ਸਿੰਘ ਖਹਿਰਾ, ਪ੍ਰੋ. ਜਸਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਅਟਵਾਲ, ਪ੍ਰੋ. ਨਿਰਮਲ ਸਿੰਘ ਤੇ ਪ੍ਰੋ. ਹਰਬੰਸ ਸਿੰਘ ਬੋਲੀਨਾ ਖੜ੍ਹੇ ਹਨ। ਇਹ ਤਸਵੀਰ ਵੇਖਦਿਆਂ ਹੁਣ ਵੀ ਰੂਹ ਨਸ਼ਿਆ ਜਾਂਦੀ ਹੈ।
ਕਿੰਨੇ ਸੱਜਣ ਕਾਫਲੇ `ਚੋਂ ਨਿੱਖੜ ਗਏ ਨੇ, ਸੰਤ ਰਾਮ ਉਦਾਸੀ ਤੇ ਪਾਸ਼ ਵਰਗੇ। ਮੋਹਨ ਸਿੰਘ ਜੌਹਲ ਵਰਗੇ। ਕਿੰਨੇ ਸੱਜਣ ਐਸੇ ਨਿੱਖੜੇ ਕਿ ਮੁੜ ਕਦੇ ਨਹੀਂ ਮਿਲੇ।
ਇਹ ਤਸਵੀਰ ਜਦੋਂ ਵਰਿਆਮ ਸਿੰਘ ਸੰਧੂ ਨੇ ਆਪਣੇ ਫੇਸਬੁੱਕ ਖਾਤੇ `ਚ ਵਰਤੀ ਤਾਂ ਮੁੜ ਚੇਤੇ ਆਈ। ਰਵਿੰਦਰ ਸਹਿਰਾਅ ਕੋਲ ਅਸਲੀ ਤਸਵੀਰ ਹੈ, ਜੋ ਜਲੰਧਰ ਵਾਲੇ ਪ੍ਰੈਸ ਫੋਟੋਗਰਾਫਰ ਪਿਆਰੇ ਲਾਲ ਨੇ ਖਿੱਚੀ ਸੀ।
ਯਾਦਾਂ ਕਿਵੇਂ ਸ਼ਕਤੀ ਬਣਦੀਆਂ ਨੇ, ਇਸ ਤਸਵੀਰ ਨੇ ਦੱਸਿਆ।