ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਬਾਣੀ ਪੜ੍ਹਦੇ-ਸੁਣਦੇ ਅਕਸਰ ਸਾਡੇ ਕੰਨ ਵਿਚ ਪੈਂਦਾ ਕਿ ਇਸ ਸੰਸਾਰ ਵਿਚ ਚੁਫੇਰੇ ਘੋਰ ਅੰਧਕਾਰ ਪਸਰਿਆ ਹੋਇਆ ਹੈ। ਅਥਾਹ ਰੋਸ਼ਨੀ ਹੋਣ ਦੇ ਬਾਵਜੂਦ ਇਸ ਵਿਚ ਕਿਸੇ ਪਾਸੇ ਕੁਝ ਨਜ਼ਰ ਨਹੀਂ ਆਉਂਦਾ। ਅੱਜ ਤੀਕ ਜੋ ਵੀ ਧਰਮ ਹੋਂਦ ਵਿਚ ਆਏ, ਉਹ ਆਪਣੇ ਸ਼ਰਧਾਲੂਆਂ ਲਈ ਇਹੀ ਸੰਦੇਸ਼ ਦਿੰਦੇ ਆਏ ਕਿ ਉਨ੍ਹਾਂ ਲਈ ਇਹ ਜੀਵਨ ਨਰਕ ਹੈ। ਉਹ ਦੱਸਦੇ ਹਨ ਕਿ ਇਸ ਨਰਕ ਤੋਂ ਮੁਕਤੀ ਪ੍ਰਾਪਤ ਕਰਨਾ ਹੀ ਮਨੁੱਖ ਦਾ ਅੰਤਿਮ ਉਦੇਸ਼ ਹੈ। ਉਨ੍ਹਾਂ ਅਨੁਸਾਰ ਮਨੁੱਖ ਦਾ ਭਲਾ ਇਸੇ ਵਿਚ ਹੈ ਕਿ ਉਹ ਇਸ ਨਰਕ ਰੂਪੀ ਸੰਸਾਰ ਵਿਚ ਆਵਾਗਮਨ ਤੋਂ ਮੁਕਤੀ ਹਾਸਲ ਕਰੇ। ਇਸੇ ਲਈ ਸਭ ਧਰਮ ਆਪਣੇ ਆਪਣੇ ਨਿਯਮਾਂ ਅਨੁਸਾਰ ਪੂਜਾ ਪਾਠ ਸਮੇਤ ਮੁਕਤੀ ਦੇ ਕਈ ਉਪਾਅ ਦੱਸਦੇ ਹਨ।
ਪਰ ਕੀ ਇਹ ਜਗਤ ਸੱਚੀ ਮੁੱਚੀ ਇਕ ਨਰਕ ਹੈ? ਕੀ ਇਹ ਅਸਲ ਵਿਚ ਹੀ ਹਨੇਰੇ ਦਾ ਘਰ ਹੈ? ਚਾਨਣ ਤਾਂ ਇੱਥੇ ਬਹੁਤ ਹੈ, ਫਿਰ ਹਨੇਰਾ ਕਿਸ ਪ੍ਰਕਾਰ ਦਾ ਹੋਇਆ? ਇਹ ਚਾਨਣ ਤੇ ਮੁਕਤੀ ਦਾ ਕੀ ਸਬੰਧ ਹੋਇਆ? ਕੀ ਮੁਕਤ ਹੋਣ ਨਾਲ ਰੋਸ਼ਨੀ ਵਧ ਜਾਵੇਗੀ? ਆਖਰ ਇਹ ਹਨੇਰੇ ਤੇ ਚਾਨਣ ਦਾ ਇਸ਼ਾਰਾ ਕਿਸ ਪਾਸੇ ਹੈ? ਸਾਡੇ ਮਨ ਵਿਚ ਇਸ ਤਰ੍ਹਾਂ ਦੇ ਵੱਖ ਵੱਖ ਸਵਾਲ ਉਠਦੇ ਹਨ, ਪਰ ਇਨ੍ਹਾਂ ਦਾ ਹੱਲ ਕਦੇ ਕਿਸੇ ਨਹੀਂ ਦੱਸਿਆ।
ਇਹ ਪ੍ਰਸ਼ਨ ਗੁਰਬਾਣੀ ਵਿਚ ਵੀ ਕਈ ਵਾਰ ਆਇਆ ਹੈ, ਜਿੱਥੇ ਗੁਰੂ ਸਾਹਿਬਾਨ ਨੇ ਇਸ ਨੂੰ ਐਨਾ ਨਿਰਾਸ਼ਾਵਾਦੀ ਰੌਂ ਵਿਚ ਨਹੀਂ ਲਿਆ। ਆਸਾ ਦੀ ਵਾਰ ਵਿਚ ਗੁਰੂ ਅੰਗਦ ਫੁਰਮਾਉਂਦੇ ਹਨ, ਹਨੇਰਾ ਇੰਨਾ ਸੰਘਣਾ ਹੈ ਕਿ ਹਜ਼ਾਰਾਂ ਸੂਰਜ ਤੇ ਚੰਦਰਮਾ ਹੋਣ `ਤੇ ਵੀ ਹਟਣ ਵਾਲਾ ਨਹੀਂ। ਉਨ੍ਹਾਂ ਅਨੁਸਾਰ ਸੰਸਾਰਕ ਹਨੇਰਾ ਤਾਂ ‘ਗੁਰ’ ਦੀ ਸਿੱਖਿਆ ਨਾਲ ਹੀ ਦੂਰ ਹੋ ਸਕਦਾ ਹੈ। ਇਸ ਤੁਕ ਤੋਂ ਇੰਨਾ ਪਤਾ ਲਗਦਾ ਹੈ ਕਿ ਸੰਸਾਰ ਵਿਚ ਸੂਰਜ ਤੇ ਚੰਦਰਮਾ ਦੀ ਅਥਾਹ ਰੋਸ਼ਨੀ ਪੈਂਦੀ ਹੈ, ਪਰ ਤਾਂ ਵੀ ਇੱਥੇ ਘੋਰ ਹਨੇਰਾ ਹੈ। ਪਰ ਇਹ ਗੱਲ ਫਿਰ ਵੀ ਸਪਸ਼ਟ ਨਹੀਂ ਹੁੰਦੀ ਕਿ ਇਸ ਵਿਚ ਐਸੀ ਕਿਹੜੀ ਚੀਜ਼ ਹੈ, ਜੋ ਸੂਰਜ ਦੇ ਚਾਨਣ ਵਿਚ ਵੀ ਨਹੀਂ ਦਿਸਦੀ ਤੇ ‘ਗੁਰ’ ਦੀ ਸਿਖਿਆ ਨਾਲ ਦਿੱਸਣ ਲਗਦੀ ਹੈ? ਪਤਾ ਇਹ ਵੀ ਨਹੀਂ ਲਗਦਾ ਕਿ ਇਹ ਹਨੇਰਾ ਦੂਰ ਕਰਨ ਵਾਲਾ ‘ਗੁਰ’ ਕੀ ਹੈ, ਜੋ ਸਭ ਕੁਝ ਸਾਫ ਦਿਸਣ ਦੀ ਆਸ ਬੰਨ੍ਹਾਉਂਦਾ ਹੈ!
ਭਾਈ ਗੁਰਦਾਸ ਨੇ ਲਿਖਿਆ ਹੈ, “ਸਤਿਗੁਰ ਨਾਨਕ ਪਰਗਟਿਆ ਮਿਟੀ ਧੁੰਧੁ ਜਗ ਚਾਨਣ ਹੋਆ।” ਉਨ੍ਹਾਂ ਦੀ ਇਸ ਤੁਕ ਤੋਂ ਜਾਪਦਾ ਹੈ ਕਿ ਗੁਰੂ ਨਾਨਕ ਦੇ ਆਉਣ ਨਾਲ ਇੰਨਾ ਚਾਨਣ ਹੋਇਆ ਕਿ ਜੱਗ ਦਾ ਹਨੇਰਾ ਦੂਰ ਹੋ ਗਿਆ। ਇਸ ਗੱਲ ਤੋਂ ਬਹੁਤ ਸਾਰੇ ਸ਼ਰਧਾਲੂਆਂ ਨੇ ਲੱਖਣ ਲਾਇਆ ਕਿ ਗੁਰੂ ਨਾਨਕ ਇੰਨੇ ਤੇਜੱਸਵੀ ਮਹਾਂਪੁਰਸ਼ ਸਨ, ਜਿਨ੍ਹਾਂ ਦੇ ਪੈਦਾ ਹੋਣ ਨਾਲ ਹੀ ਪ੍ਰਕਾਸ਼ ਹੋ ਗਿਆ। ਕਈ ਕਥਾਕਾਰ ਤਾਂ ਇੱਥੋਂ ਤੀਕ ਕਹਿ ਜਾਂਦੇ ਹਨ ਕਿ ਉਨ੍ਹਾਂ ਦੇ ਜਨਮ ਸਮੇਂ ਰਾਤ ਨੂੰ ਸੱਚ ਮੁੱਚ ਦਾ ਉਜਾਲਾ ਫੈਲ ਗਿਆ ਸੀ। ਖੈਰ, ਇਹ ਗੱਲ ਤਾਂ ਮੱਕਾ ਘੁਮਾਉਣ ਵਾਲੀ ਮਿੱਥ ਵਾਂਗ ਬਿਲਕੁਲ ਹੀ ਮਿਥਿਹਾਸ ਲਗਦੀ ਹੈ, ਪਰ ਬਹੁਤੇ ਸੰਜੀਦਾ ਸਿੱਖ ਵਿਦਵਾਨ ਤੇ ਗਿਆਨੀ ਵੀ ਇਸ ਬਾਰੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਕਿ ਗੁਰੂ ਨਾਨਕ ਦੇ ਆਗਮਨ ਨਾਲ ਕਿਸ ਤਰ੍ਹਾਂ ਦੇ ਉਜਾਲੇ ਦਾ ਮੁੱਢ ਬੱਝਾ। ਜੇ ਪੁੱਛੋ ਤਾਂ ਕਹਿੰਦੇ ਹਨ, ਗੁਰੂ ਸਾਹਿਬ ਨੇ ਬਹੁਤ ਸਾਰੇ ਪਾਪੀਆਂ ਨੂੰ ਇਮਾਨਦਾਰੀ ਤੇ ਨੇਕ ਕਮਾਈ ਦੀ ਸਿੱਖਿਆ ਦੇ ਕੇ ਚੰਗੇ ਰਾਹ ਪਾਇਆ। ਜੇ ਉਨ੍ਹਾਂ ਨੂੰ ਹੋਰ ਜਾਣਕਾਰੀ ਦੇਣ ਲਈ ਆਖੋ ਤਾਂ ਕਹਿਣਗੇ ਕਿ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਪੁਰਾਣੇ ਨਿਰਾਰਥਕ ਰੀਤੀ ਰਿਵਾਜਾਂ ਨਾਲੋਂ ਤੋੜਿਆ ਤੇ ਇਮਾਨਦਾਰੀ ਵਾਲਾ ਜੀਵਨ ਬਤੀਤ ਕਰਨ ਦੀ ਮੱਤ ਦਿੱਤੀ। ਇੱਦਾਂ ਦੀਆਂ ਸਹੀ ਮੱਤਾਂ ਤਾਂ ਮਹਾਤਮਾ ਬੁੱਧ ਸਮੇਤ ਕਈ ਹੋਰ ਭਾਰਤੀ ਮਹਾਂਪੁਰਸ਼ਾਂ ਨੇ ਪਹਿਲਾਂ ਕਈ ਵਾਰ ਦਿੱਤੀਆਂ ਸਨ। ਫਿਰ ਗੁਰੂ ਨਾਨਕ ਨੇ ਅਜਿਹੀ ਕਿਹੜੀ ਨਿਵੇਕਲੀ ਮੱਤ ਦਿੱਤੀ, ਜਿਸ ਨਾਲ ਅੰਧਕਾਰਮਈ ਮੱਧਕਾਲੀ ਸਮਾਜ ਵਿਚ ਚਾਨਣ ਦਾ ਪ੍ਰਕਾਸ਼ ਹੋਇਆ?
ਇਹ ਪ੍ਰਸ਼ਨ ਸਿੱਖ ਮੱਤ ਦਾ ਬੁਨਿਆਦੀ ਨੁਕਤਾ ਹੈ। ਇਹ ਨੁਕਤਾ ਇਸ ਨੂੰ ਦੂਜੇ ਸਭ ਧਰਮਾਂ, ਮੱਤਾਂ ਤੇ ਵਿਚਾਰਧਾਰਾਵਾਂ ਤੋਂ ਵੱਖ ਕਰਦਾ ਹੈ। ਜੋ ਇਸ ਨੁਕਤੇ ਨੂੰ ਸਮਝ ਗਏ, ਉਹ ਸਿੱਖ ਹਨ ਤੇ ਜੋ ਨਹੀਂ ਸਮਝੇ ਉਹ ਸਿਧਾਂਤਕ ਤੌਰ `ਤੇ ਸਿੱਖ ਨਹੀਂ ਹਨ, ਭਾਵੇਂ ਉਹ ਬਾਹਰੀ ਤੌਰ ਤੇ ‘ਸਿੱਖ’ ਅਖਵਾਉਂਦੇ ਹੋਣ ਜਾਂ ‘ਸਿੱਖ ਧਰਮ’ ਪ੍ਰਤੀ ਭਰਪੂਰ ਸ਼ਰਧਾ ਵੀ ਰੱਖਦੇ ਹੋਣ। ਗੱਲ ਇਕ ਖਾਸ ਕਿਸਮ ਦੇ ਬਾਣੇ ਤੇ ਇਕ ਦ੍ਰਿੜ ਵਿਸ਼ਵਾਸ ਦੀ ਨਹੀਂ ਹੈ, ਸਗੋਂ ਗੱਲ ਮਨੁੱਖੀ ਬੁੱਧੀ ਨੂੰ ਗੁਰੂ ਨਾਨਕ ਦੀ ਮੱਤ ਅਨੁਸਾਰ ਢਾਲਣ ਤੇ ਵਰਤਣ ਦੀ ਹੈ। ਗੁਰੂ ਸਾਹਿਬ ਨੇ ਆਪ ਲਿਖਿਆ ਹੈ ਕਿ ਜੇ ਹਿਰਦਾ ਕਸੁੱਧਾ ਹੋਵੇ ਭਾਵ ਮਨ ਹੀ ਲੀਹ `ਤੇ ਨਾ ਹੋਵੇ ਤਾਂ ਬਾਹਰੀ ਭੇਖ ਤੇ ਵਿਹਾਰ ਕੋਈ ਅਰਥ ਨਹੀਂ ਰੱਖਦੇ।
ਪਰ ਤ੍ਰਾਸਦੀ ਇਹ ਹੈ ਕਿ ਕੋਈ ਸਿੱਖ ਵਿਦਵਾਨ ਜਾਂ ਪ੍ਰਚਾਰਕ ਨਹੀਂ ਦੱਸਦਾ ਕਿ ਸਿੱਖੀ ਦੀ ਇਹ ਚਾਨਣਮਈ ਲੀਹ ਕੀ ਹੈ, ਜੋ ਗੁਰੂ ਸਾਹਿਬ ਨੇ ਸਿੱਖਾਂ ਨੂੰ ਦੱਸੀ। ਜੇ ਵਿਦਵਾਨਾਂ ਨੂੰ ਪਤਾ ਹੁੰਦਾ ਤੇ ਉਨ੍ਹਾਂ ਨੇ ਸ਼ਰਧਾਲੂਆਂ ਨੂੰ ਦੱਸਿਆ ਹੁੰਦਾ ਤਾਂ ਅਜੋਕੇ ਸਿੱਖ ਸਿੱਖ-ਮੱਤ ਨੂੰ ਸਿੱਖ ਧਰਮ ਨਾ ਕਹਿੰਦੇ। ਧਰਮ ਕੋਈ ਵੀ ਹੋਵੇ, ਬੁੱਧੀ ਨੂੰ ਸੁੰਗੇੜ ਦਿੰਦਾ ਹੈ ਤੇ ਨਾਕਾਮ ਕਰ ਦਿੰਦਾ ਹੈ। ਧਰਮ ਨਾਲ ਪਰੰਪਰਾਵਾਂ, ਕਰਮ-ਕਾਂਡ ਤੇ ਕੁਰੀਤੀਆਂ ਜੁੜ ਜਾਂਦੀਆਂ ਹਨ। ਧਰਮ `ਤੇ ਹਾਵੀ ਲੋਕਾਂ ਦਾ ਕਬਜ਼ਾ ਹੋ ਜਾਂਦਾ ਹੈ, ਜੋ ਇਸ ਨੂੰ ਆਪਣੇ ਅਨੁਸਾਰ ਚਲਾਉਂਦੇ ਹਨ। ਧਰਮ ਹੌਲੀ ਹੌਲੀ ਵਿਖਾਵੇ, ਪਖੰਡ ਤੇ ਸ਼ੋਸ਼ਣ ਦਾ ਕੇਂਦਰ ਬਣ ਜਾਂਦੇ ਹਨ। ਧਰਮ ਅਸਥਾਨ ਲੋਟੂ ਵਰਗ ਰਾਹੀਂ ਮਾਇਆ, ਵਸਤਰ, ਸੋਨਾ, ਚਾਂਦੀ ਤੇ ਹੀਰੇ ਜਵਾਹਰਾਤ ਇਕੱਤਰ ਕਰਨ ਦਾ ਜ਼ਰੀਆ ਬਣ ਜਾਂਦੇ ਹਨ। ਲੋਟੂ ਜਮਾਤਾਂ ਇਸ ਜਮਾਂ-ਪੂੰਜੀ ਨੂੰ ਹਜ਼ਮ ਕਰਨ ਲਈ ਸ਼ੋਸ਼ਤ ਵਰਗ ਨੂੰ ਅਗਿਆਨ ਵਿਚ ਪਾ ਕੇ ਸਹੀ ਸਿਧਾਂਤਾਂ ਤੋਂ ਦੂਰ ਰਖਦੇ ਹਨ। ਉਹ ਧਰਮ ਅਸਥਾਨਾਂ ਨੂੰ ਕਬਜ਼ੇ ਵਿਚ ਕਰਕੇ ਆਪਣੇ ਕੰਮ ਦੇ ਪ੍ਰਸਾਰ ਲਈ ਹੋਰ ਨਵੇਂ ਧਰਮ ਅਸਥਾਨ ਬਣਾਉਂਦੇ ਹਨ। ਪ੍ਰਚਾਰ ਦੇ ਨਾਂ `ਤੇ ਦੁਕਾਨਦਾਰੀਆਂ ਕਾਇਮ ਕਰਦੇ ਹਨ ਤੇ ਸ਼ਰਧਾਲੂਆਂ ਨੂੰ ਗਿਆਨ ਤੋਂ ਦੂਰ ਰੱਖ ਕੇ ਮਾਇਆ ਬਟੋਰਦੇ ਹਨ। ਉਹ ਉਨ੍ਹਾਂ ਦੀ ਅੰਨ੍ਹੀ ਸ਼ਰਧਾ ਨੂੰ ਵੋਟ ਬੈਂਕਾਂ ਵਿਚ ਬਦਲ ਕੇ ਸਿਆਸੀ ਲਾਹਾ ਲੈਂਦੇ ਹਨ। ਧਰਮ ਨਾਲ ਜੁੜ ਕੇ ਸ਼ਰਧਾਲੂ ਤਰਕ ਤੇ ਵਿਵੇਕ ਤੋਂ ਟੁੱਟ ਜਾਂਦੇ ਹਨ, ਅੰਧਵਿਸ਼ਵਾਸ ਕਾਰਨ ਗਿਆਨ ਤੇ ਵਿਗਿਆਨ ਵਿਚ ਪੱਛੜ ਜਾਂਦੇ ਹਨ। ਉਹ ਕਿਸੇ ਵੀ ਸਵਾਲ ਦਾ ਕੋਈ ਤਰਕ-ਪੂਰਨ ਜਵਾਬ ਨਹੀਂ ਦੇ ਸਕਦੇ। ਉਨ੍ਹਾਂ ਦੇ ਹਰ ਜਵਾਬ ਦਾ ਤੋੜਾ ਰੱਬ ਦੀ ਮਰਜ਼ੀ ਤੋਂ ਸ਼ੁਰੂ ਹੋ ਕੇ ਰੱਬ ਦੀ ਮਰਜ਼ੀ `ਤੇ ਹੀ ਟੁੱਟ ਜਾਂਦਾ ਹੈ। ਦੱਬੀ ਸੋਝੀ ਕਾਰਨ ਉਨ੍ਹਾਂ ਵਿਚ ਗੁਰੂ ਨਾਨਕ ਜਿਹੀ ਮੌਲਿਕ ਸੋਚ ਤੇ ਪ੍ਰਤਿਭਾ ਪੈਦਾ ਨਹੀਂ ਹੋ ਸਕਦੀ।
ਜੇ ਅਜੋਕੇ ਸਿੱਖਾਂ ਦੇ ਮਨਾਂ ਦੀ ‘ਧੁੰਧ’ ਨਾਨਕੀ ਗਿਆਨ ਨੇ ਮਿਟਾਈ ਹੁੰਦੀ ਤਾਂ ਉਹ ਗੁਰੂ ਦੀ ਦੇਹ ਨਾਲ ਨਾ ਜੁੜਦੇ, ਸਗੋਂ ਗੁਰੂ ਦੇ ਸ਼ਬਦ ਨਾਲ ਜੁੜਦੇ। ਫਿਰ ਕਿਸੇ ਨੂੰ ‘ਗੁਰੂ ਮਾਨਿਓ ਗ੍ਰੰਥ’ ਦਾ ਹੁਕਮ ਦੇਣ ਦੀ ਲੋੜ ਨਾ ਪੈਂਦੀ ਕਿ ਗਿਆਨਵਾਨ ਪੁਰਸ਼ ਲਈ ਤਾਂ ਇਸ ਤੋਂ ਅੱਗੇ ਮੰਨਣ ਲਈ ਕੁਝ ਰਹਿ ਹੀ ਨਹੀਂ ਜਾਂਦਾ। ਉਹ ਆਪਣੀ ਅਗਵਾਈ ਲਈ ਸੁਭਾਵਕ ਹੀ ‘ਖੋਜ ਸ਼ਬਦ ਮਹਿ ਲੇਹ’ ਉਤੇ ਅਮਲ ਕਰਦੇ। ਫਿਰ ਅਜੋਕੇ ਸਿੱਖ ਗੁਰਦੁਆਰਿਆਂ ਵਿਚ ਗ੍ਰੰਥ ਸਾਹਿਬ ਨੂੰ ਗੁਰਾਂ ਦੀ ਪਰਗਟ ਦੇਹ ਸਮਝ ਕੇ ਮੰਜੀਆਂ ਜਾਂ ਪੀੜ੍ਹੀਆਂ ਦੇ ਪਾਵੇ ਨਾ ਘੁੱਟਦੇ ਤੇ ਨਾ ਹੀ ਇਸ ਨੂੰ ਰੁਮਾਲੇ ਪਾ ਕੇ ਸਵਾਉਂਦੇ, ਵੱਖਰਾ ਕਮਰਾ ਦੇ ਕੇ ਗਰਮੀਆਂ ਵਿਚ ਪੱਖਾ ਤੇ ਸਰਦੀਆਂ ਵਿਚ ਹੀਟਰ ਵੀ ਨਾ ਲਾਉਂਦੇ। ਨਾ ਉਹ ਇਸ ਨੂੰ ਚੌਰ ਝੱਲ ਕੇ ਭੋਗ ਲਵਾਉਂਦੇ ਤੇ ਨਾ ਹੀ ਹੁਕਮਨਾਮਾ ਲੈ ਕੇ ਲੋਕਾਂ ਵਿਚ ਇਹ ਭਰਮ ਫੈਲਾਉਂਦੇ ਕਿ ਸਾਰੀ ਕਾਇਨਾਤ ਕੇਵਲ ਸਵੇਰ ਦੇ ਵਾਕ ਦੁਆਲੇ ਹੀ ਘੁੰਮਦੀ ਹੈ ਤੇ ਸਵੇਰ ਦਾ ਵਾਕ ਹੀ ਦਿਨ ਭਰ ਦਾ ਪੂਰਾ ਗ੍ਰੰਥ ਸਾਹਿਬ ਹੁੰਦਾ ਹੈ।
ਜੇ ਸਿੱਖ ਵਿਦਵਾਨਾਂ ਨੇ ਗੁਰੂ ਸਾਹਿਬ ਦੇ ਗਿਆਨ ਦੀ ਸਹੀ ਭਾਲ ਕੀਤੀ ਹੁੰਦੀ ਤਾਂ ਗੁਰਦੁਆਰੇ ਵੀ ਗਿਆਨ ਦੀ ਛਿੱਟ ਦਿੰਦੀਆਂ ਲਾਇਬ੍ਰੇਰੀਆਂ ਦਾ ਰੂਪ ਹੁੰਦੇ, ਜਿਥੇ ਗੁਰੂ ਗ੍ਰੰਥ ਸਾਹਿਬ ਸਮੇਤ ਕੁਦਰਤ ਤੇ ਕਰਤੇ ਸਬੰਧੀ ਸਾਰਾ ਸਾਹਿਤ ਸਭ ਨੂੰ ਖੁਲ੍ਹਾ ਉਪਲਭਦ ਹੁੰਦਾ। ਉਥੇ ਕਈ ਕਈ ਸੈਮੀਨਾਰ ਰੂਮ ਹੁੰਦੇ, ਜਿੱਥੇ ਸਾਧਾਂ ਦੇ ਦੀਵਾਨਾਂ ਦੀ ਥਾਂ ਕੁਦਰਤ ਦੇ ਵਿਖਮ ਵਿਸ਼ਿਆਂ `ਤੇ ਵਿਦਵਾਨਾਂ ਦੇ ਵਿਚਾਰ ਵਟਾਂਦਰੇ ਹੁੰਦੇ। ਗਿਆਨ ਗੋਸ਼ਟੀਆਂ ਦੇ ਉਚੇ ਤੇ ਮਿਆਰੀ ਨਿਯਮ ਹੁੰਦੇ, ਜੋ ਹੁੱਲੜਬਾਜੀ ਨੂੰ ਠੱਲ੍ਹ ਪਾ ਕੇ ਹਰ ਗਿਆਨੀ ਨੂੰ ਵਿਚਾਰ ਸਾਂਝੇ ਕਰਨ ਦਾ ਪੂਰ ਪੂਰਾ ਮੌਕਾ ਦਿੰਦੇ। ਇਕੱਤਰ ਗਿਆਨੀਆਂ ਲਈ ਨਿਰੰਤਰ ਲੰਗਰ ਵੀ ਵਰਤਦਾ ਤਾਂ ਜੋ ਉਹ ਗਿਆਨ ਧਿਆਨ ਦੇ ਨਾਲ ਨਾਲ ਭੁੱਖ-ਨਿਵਾਰਨ ਵੀ ਕਰਦੇ ਰਹਿੰਦੇ। ਇਸ ਦੇ ਨਾਲ ਹੀ ਗੁਰਦੁਆਰਿਆਂ ਵਿਚ ਪ੍ਰਯੋਗਸ਼ਾਲਾਵਾਂ ਤੇ ਆਬਜ਼ਰਵੇਟਰੀਆਂ ਹੁੰਦੀਆਂ, ਜਿਥੇ ਉਘੇ ਭੂ-ਵਿਗਿਆਨੀ ਅਤੇ ਖਗੋਲ-ਸਾਸ਼ਤਰੀ ਪ੍ਰੀਖਣ ਕਰਦੇ ਤੇ ਆਪਣੇ ਸਿੱਟੇ ਸਾਂਝੇ ਕਰਦੇ। ਫਿਰ ਉਹ ਗੁਰੂ ਸਾਹਿਬ ਦੇ ‘ਸੋ ਦਰ ਕੇਹਾ ਸੋ ਘਰ ਕੇਹਾ’ ਵਾਲੇ ਪ੍ਰਸ਼ਨ ਦਾ ਉਤਰ ਖੋਜਦੇ, ਦੱਸਦੇ ਕਿ ਸ਼ਿ੍ਰਸ਼ਟੀ ਦੇ ਕਰਤਾਰ ਦਾ ਕਾਰਖਾਨਾ ਕਿਸੇ ਸਾਫ ਸੁਥਰੀ ਸੁੱਚਮ ਵਾਲੀ ਥਾਂ `ਤੇ ਨਹੀਂ ਹੁੰਦਾ, ਜਿੱਥੇ ਬੈਠ ਕੇ ਸ਼ਰਧਾਲੂ ਉਸ ਨੂੰ ਪੂਜਦੇ ਹਨ। ਇਹ ਕਿਸੇ ਅੰਮ੍ਰਿਤ ਕੁੰਡ ਵਿਚ ਨਹੀਂ ਹੁੰਦਾ, ਜਿੱਥੇ ਟੁੱਭੀ ਲਾ ਕੇ ਭਗਤ-ਜਨ ਉਸ ਨੂੰ ਮਿਲਣ ਦੀ ਆਸ ਰੱਖਦੇ ਹਨ ਕਿਉਂਕਿ ਸਾਫ ਸਫਾਈ ਵਾਲੀ ਥਾਂ ਤਾਂ ਜੀਵ ਪੈਦਾ ਹੀ ਨਹੀਂ ਹੁੰਦਾ। ਉਸ ਦੀ ਵਰਕਸ਼ਾਪ ਤਾਂ ਹਮੇਸ਼ਾ ‘ਗੰਦੀ’ ਕਹੀ ਜਾਣ ਵਾਲੀ ਐਸੀ ਥਾਂ `ਤੇ ਹੁੰਦੀ ਹੈ, ਜਿਸ ਨੂੰ ਵੇਖਦਿਆਂ ਹੀ ਅਜੋਕਾ ਸਫਾਈ ਪਸੰਦ ਸ਼ਰਧਾਲੂ ਡਿਟੌਲ ਦੇ ਘੋਲ ਵਿਚ ਇਸ਼ਨਾਨ ਕਰਨਾ ਚਾਹੇ। ਇਹ ਥਾਂ ਗੰਦੇ ਪਾਣੀ ਦਾ ਛੱਪੜ, ਰੂੜੀ ਦਾ ਢੇਰ, ਅੰਤੜੀਆਂ ਦਾ ਮਲ, ਜਾਨਵਰਾਂ ਦੇ ਕੀੜੇ ਪਏ ਜਖਮ, ਗਲ੍ਹੇ-ਸੜੇ ਫਲ ਤੇ ਜੀਵ ਜੰਤੂਆਂ ਦੇ ਗਰਭਆਸਿਆਂ ਜਿਹੀ ਕੋਈ ਵੀ ਬਦਬੂਦਾਰ ਸੜਿਹਾਂਦ ਵਾਲੀ ਥਾਂ ਹੋ ਸਕਦੀ ਹੈ, ਜਿੱਥੇ ਜੀਵਨ ਦੀ ਸਿਰਜਣਾ ਹੁੰਦੀ ਹੈ। ਅਜਿਹੇ ਗਿਆਨ ਨਾਲ ਅਜੋਕੇ ਸਿੱਖਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਕਿ ‘ਜਤ ਪਹਾਰਾ ਧੀਰਜ ਸੁਨਿਆਰ’ ਵਾਲੀ ਪੌੜੀ ਦਾ ਕੀ ਅਰਥ ਹੈ ਤੇ ‘ਸਚ ਖੰਡ’ ਕਿਸ ਦਿਸ਼ਾ ਵਿਚ ਹੈ?
ਇਹ ਸਭ ਤਾਂ ਹੀ ਸੰਭਵ ਹੋ ਸਕਦਾ ਹੈ, ਜੇ ਸਿੱਖ ਵਿਦਵਾਨ ਧਿਆਨ ਦੇਣ ਕਿ ‘ਸਿੱਖੀ’ ਕੀ ਹੈ ਤੇ ਇਸ ਦਾ ਗਿਆਨ ਨਾਲ ਕੀ ਸਬੰਧ ਹੈ? ਉਹ ਇਹ ਵੀ ਦੱਸਣ ਕਿ ਸਿੱਖੀ ਸਿਧਾਂਤ ਮੁੱਖ ਤੌਰ `ਤੇ ਕਿਹੜੀ ਬਾਣੀ ਵਿਚ ਦਰਜ ਹੈ ਤਾਂ ਜੋ ਹਰ ਜਿਗਿਆਸੂ ਇਸ ਤੱਕ ਪਹੁੰਚ ਕਰ ਸਕੇ। ਇਨ੍ਹਾਂ ਮੁਢਲੇ ਕਾਰਜਾਂ ਨੂੰ ਭੁਲਾ ਕੇ ‘ਮਿਟੀ ਧੁੰਧੁ ਜਗਿ ਚਾਨਣੁ ਹੋਆ’ ਦਾ ਹੋਕਾ ਦੇਣ ਦਾ ਕੋਈ ਲਾਭ ਨਹੀਂ।