ਨਾਨਕੁ ਸਾਇਰ ਏਵ ਕਹਤੁ ਹੈ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਾਰੇ ਸਿੱਖ ਜਗਤ ਵਲੋਂ ਬਹੁਤ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਪਿਛਲੇ ਸਾਲ ਨਵੰਬਰ ਵਿਚ ਹੋ ਗਈ ਸੀ। ਇਉਂ ਨਵੰਬਰ 2019 ਤਕ ਇਹ ਸਿਲਸਿਲਾ ਚੱਲਦਾ ਰਹਿਣਾ ਹੈ। ਦੁਨੀਆਂ ਦੇ ਹਰ ਮੁਲਕ ਵਿਚ ਵਸਦੀ ਸਿੱਖ ਕੌਮ ਜਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਇਹ ਸਾਲ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਸਮਰਪਿਤ ਹੈ। ਧਾਰਮਿਕ ਜਥੇਬੰਦੀਆਂ ਅਤੇ ਸਰਕਾਰਾਂ ਵੀ ਇਹ ਪੁਰਬ ਆਪਣੇ ਆਪਣੇ ਢੰਗ ਨਾਲ ਮਨਾ ਰਹੀਆਂ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਿੱਖਾਂ ਦੀ ਮੁਖ ਧਾਰਮਿਕ ਜਮਾਤ ਕਹਾਉਂਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ, ਜੋ ਸਿਆਸੀ ਪਾਰਟੀ ਹੈ, ਇਨ੍ਹਾਂ ਸਮਾਗਮਾਂ ਨੂੰ ਆਪੋ-ਆਪਣੇ ਮੁਫਾਦ ਲਈ ਵਰਤਣ ਤੋਂ ਗੁਰੇਜ ਨਹੀਂ ਕਰਨਗੀਆਂ ਅਤੇ ਆਪਣੀਆਂ ਹਿੱਲੀਆਂ ਹੋਈਆਂ ਜੜ੍ਹਾਂ ਮਜ਼ਬੂਤ ਕਰਨ ਲਈ ਪੂਰੀ ਤਾਕਤ ਵੀ ਲਾ ਦੇਣਗੀਆਂ। ਕੁਰਸੀਆਂ ਅਤੇ ਗੋਲਕਾਂ ‘ਤੇ ਰਾਜ ਕਰਨ ਵਾਲੇ ਲੋਕ ਵੀ ਪੱਬਾਂ ਭਾਰ ਹੋ ਕੇ ਧਰਮੀ ਹੋਣ ਦੇ ਦਾਅਵੇ ਕਰਨਗੇ ਪਰ ਅੰਦਰਲੀ ਸ਼ਰਧਾ ਅਤੇ ਚਾਓ ਤੋਂ ਇਹ ਲੋਕ ਕੋਹਾਂ ਦੂਰ ਹੋਣਗੇ। ਸ਼ਰਧਾ ਅਤੇ ਚਾਓ ਤਾਂ ਸਿਰਫ ਧੁਰ ਅੰਦਰੋਂ ਗੁਰੂ ਨਾਲ ਜੁੜੀਆਂ ਹੋਈਆਂ ਸੰਗਤਾਂ ਦੇ ਚਿਹਰਿਆਂ ਤੋਂ ਹੀ ਦੇਖਣ ਨੂੰ ਮਿਲੇਗਾ।
ਗੁਰੂ ਨਾਨਕ ਦੇਵ ਜੀ ਦਾ ਪਾਵਨ ਜਨਮ ਅਸਥਾਨ ਰਾਇ ਭੋਇੰ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ), ਪੰਜਾ ਸਾਹਿਬ ਅਤੇ ਸੰਸਾਰਕ ਜੀਵਨ ਯਾਤਰਾ ਤੋਂ ਰੁਖਸਤ ਹੋਣ ਵਾਲਾ ਅਸਥਾਨ ਕਰਤਾਰਪੁਰ ਹੁਣ ਪਾਕਿਸਤਾਨ ਵਿਚ ਹਨ। ਪਿਛਲੇ ਸੱਤ ਦਹਾਕਿਆਂ ਤੋਂ ਸਮੁੱਚਾ ਸਿੱਖ ਜਗਤ ਇਹ ਅਰਦਾਸ ਕਰ ਰਿਹਾ ਹੈ ਕਿ ਹੇ ਸਤਿਗੁਰੂ ਜੀ! ਵਿਛੜੇ ਹੋਏ ਧਾਰਮਿਕ ਅਸਥਾਨਾਂ ਦੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਤੇ ਦੀਦਾਰ ਬਖਸ਼ੋ। ਗੁਰਬਾਣੀ ਦਾ ਫਰਮਾਨ ਹੈ, “ਬਿਰਥੀ ਕਦੀ ਨ ਹੋਵਈ ਜਨ ਕੀ ਅਰਦਾਸਿ॥”
ਇਸ ਪਾਵਨ ਪੁਰਬ ਮੌਕੇ ਕਰਤਾਰਪੁਰ ਦੇ ਦਰਸ਼ਨਾਂ ਲਈ ਲਾਂਘਾ ਬਣਾਉਣ ਵਾਸਤੇ ਪਹਿਲ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੱਡੀ ਫਰਾਖਦਿਲੀ ਦਾ ਸਬੂਤ ਦਿਤਾ, ਪਰ ਪਿਛਲੇ ਸਮੇਂ ਦੌਰਾਨ ਦੋਹਾਂ ਮੁਲਕਾਂ ਵਿਚਾਲੇ ਪੈਦਾ ਹੋਏ ਤਣਾਅ ਨੇ ਕਈ ਤਰ੍ਹਾਂ ਦੇ ਖਦਸ਼ੇ ਖੜ੍ਹੇ ਕਰ ਦਿੱਤੇ ਹਨ। ਹੁਣ ਬੇਵਸੀ ਨਾਲ ਹੀ ਸਹੀ, ਭਾਰਤ ਸਰਕਾਰ ਵੀ ਇਸ ਕਾਰਜ ਵਿਚ ਸਹਿਯੋਗ ਦੇ ਰਹੀ ਹੈ।
ਉਂਜ, ਸਮੁੱਚਾ ਸਿੱਖ ਜਗਤ ਇਸ ਪੁਰਬ ਮੌਕੇ ਅਗੰਮੀ ਖੁਸ਼ੀ ਵਿਚ ਝੂਮ ਰਿਹਾ ਹੈ। ਆਓ, ਅਸੀਂ ਵੀ ਸਤਿਗੁਰਾਂ ਦੇ ਸ਼ੁਕਰਾਨੇ ਕਰੀਏ। ਗੁਰੂ ਨਾਨਕ ਦੇਵ ਜੀ ਦੀ ਆਪਣੀ ਉਚਾਰੀ ਬਾਣੀ ਜਿਸ ਤਰ੍ਹਾਂ ਦਾ ਜੀਵਨ ਜਿਉਣ ਲਈ ਸਾਨੂੰ ਸੰਦੇਸ਼ ਦਿੰਦੀ ਹੈ, ਕੀ ਅਸੀਂ ਉਸ ਉਤੇ ਅਮਲ ਕਰ ਰਹੇ ਹਾਂ ਜਾਂ ਕਰਦੇ ਹਾਂ? ਆਓ, ਕੁਝ ਵਿਚਾਰ ਕਰੀਏ।
ਨਾਨਕੁ ਸਾਇਰੁ ਏਵ ਕਹਤੁ ਹੈ॥ ਨਿਕੜੇ ਨਾਨਕ ਨੇ ਸੰਸਾਰ ਦੇ ਜੀਵਾਂ ਨੂੰ ਸਹੀ ਮਾਰਗ ਦੇ ਪਾਂਧੀ ਬਣਾਉਣਾ ਸੀ, ਇਸ ਲਈ ਉਸ ਦੀ ਰੂਪ ਰੇਖਾ ਵੀ ਘੜੀ ਜਾ ਰਹੀ ਸੀ, ਪਰ ਮਾਤਾ-ਪਿਤਾ ਨੇ ਸੋਚਿਆ, ਨਾਨਕ ਹਾਣੀ ਬੱਚਿਆਂ ਨਾਲ ਖੇਡਦਾ ਨਹੀਂ, ਨਾ ਹੀ ਚੱਜ ਨਾਲ ਖਾਂਦਾ ਪੀਂਦਾ ਹੈ। ਵੈਦ ਨੂੰ ਬੁਲਾ ਲਿਆ। ਜਦ ਵੈਦ ਨੇ ਬਾਂਹ ਫੜ ਕੇ ਬਿਮਾਰੀ ਦਾ ਪਤਾ ਲਾਉਣਾ ਚਾਹਿਆ ਤਾਂ ਨਾਨਕ ਆਖਿਆ, “ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ॥ ਭੋਲਾ ਵੈਦ ਨ ਜਾਣਈ ਕਰਕ ਕਲੇਜੇ ਮਾਹਿ॥”
ਜਦ ਮੱਝਾਂ ਚਰਾਉਣ ਗਏ ਤਾਂ ਖੇਸੀ ਤਾਣ ਕੇ ਪੈ ਗਏ। ਮੱਝਾਂ ਨੇ ਜ਼ਿਮੀਂਦਾਰ ਦੀ ਖੇਤੀ ਉਜਾੜ ਛੱਡੀ। ਗੱਲ ਰਾਇ ਬੁਲਾਰ ਕੋਲ ਪਹੁੰਚੀ ਤਾਂ ਨਾਨਕ ਆਖਿਆ-ਖੇਤੀ ਤਾਂ ਹਰੀ ਭਰੀ ਹੈ, ਇਹ ਦੇਖ ਕੇ ਰਾਇ ਬੁਲਾਰ ਬਾਬੇ ਦਾ ਮੁਰੀਦ ਹੋਇਆ।
ਉਪਰੰਤ ਪਿਤਾ ਕਾਲੂ ਜੀ ਨੇ ਵੀਹ ਰੁਪਏ ਦੇ ਕੇ ਵਣਜ ਲਈ ਆਖਿਆ ਅਤੇ ਨਾਲ ਭਾਈ ਬਾਲਾ ਜੀ ਨੂੰ ਵੀ ਤੋਰਿਆ ਕਿ ਨਾਨਕ ਖਰਾ ਸੌਦਾ ਕਰਕੇ ਘਰ ਨੂੰ ਆਵੇ, ਕਿਤੇ ਕੋਈ ਗਲਤੀ ਨਾ ਕਰ ਬੈਠੇ। ਉਮਰ ਜੋ ਅਜੇ ਅੰਞਾਣੀ ਸੀ, ਪਰ ਗੁਰੂ ਬਾਬੇ ਨੇ ਨਿਕੜੀ ਉਮਰੇ ਹੀ ਉਹ ਖਰਾ ਸੌਦਾ ਕਰ ਦਿਖਾਇਆ, ਜੋ ਬਾ-ਕਮਾਲ ਸੀ। ਸੰਸਾਰ ਨੂੰ ਸੁਨੇਹਾ ਦਿੱਤਾ ਕਿ ਭੁੱਖੇ ਨੂੰ ਰੋਟੀ ਖੁਆਉਣ ਨਾਲੋਂ ਹੋਰ ਕੋਈ ਖਰਾ ਸੌਦਾ ਹੋ ਹੀ ਨਹੀਂ ਸਕਦਾ। ਸੋ ਬਾਬੇ ਨੇ ਵੀਹ ਰੁਪਈਆਂ ਦੀ ਰਸਦ ਦਾ ਲੰਗਰ ਜੋ ਉਸ ਵੇਲੇ ਸੰਤ ਮੰਡਲ ਨੂੰ ਛਕਾਇਆ ਸੀ, ਉਹ ਅਜੇ ਤਕ ਵੀ ਚੱਲ ਰਿਹਾ ਹੈ। ਜਦ ਤਕ ਇਹ ਸੰਸਾਰ ਰਹੇਗਾ, ਲੰਗਰ ਚੱਲਦਾ ਰਹੇਗਾ। ਇਹ ਖਰਾ ਸੌਦਾ ਹੋਇਆ ਦੇਖ ਪਿਤਾ ਕਾਲੂ ਜੀ ਨੇ ਧੀ ਨਾਨਕੀ ਨੂੰ ਆਖਿਆ ਕਿ ਨਾਨਕ ਦਾ ਚਿੱਤ ਕਿਸੇ ਕੰਮ ਵਿਚ ਨਹੀਂ ਲੱਗਦਾ ਤਾਂ ਭੈਣ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਨੇ ਆਖਿਆ, ਨਾਨਕ ਹੁਣ ਸਾਡੇ ਕੋਲ ਸੁਲਤਾਨਪੁਰ ਰਹੇਗਾ।
ਸੋ ਸੁਲਤਾਨਪੁਰ ਵਿਚ ਬਾਬੇ ਨਾਨਕ ਨੇ ਮੋਦੀਖਾਨੇ ਅੰਦਰ ਬੈਠ ਖੂਬ ਤੇਰਾ ਤੇਰਾ ਤੋਲਿਆ। ਜਿਥੇ ਉਨ੍ਹਾਂ ਢਿੱਡੋਂ ਭੁੱਖੇ ਗਰੀਬਾਂ ਨੂੰ ਰਸਦਾਂ ਵੰਡੀਆਂ, ਉਥੇ ਤੇਰਾ ਤੇਰਾ ਦਾ ਉਪਦੇਸ਼ ਕਰਕੇ ਮਾਲਕ ਦੀ ਮਹਿਮਾ ਵੀ ਕੀਤੀ। ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਥ ਧਰਮ ਦਾ ਸਤਿਕਾਰ ਕੀਤਾ ਅਤੇ ਪਰਿਵਾਰਕ ਜੀਵਨ ਵਿਚ ਰਹਿੰਦਿਆਂ ਵੀ ਚਾਰ ਉਦਾਸੀਆਂ ਕਰਕੇ ਪਰਮਾਤਮਾ ਨਾਲੋਂ ਟੁੱਟੀ ਹੋਈ ਮਨੁੱਖਤਾ ਨੂੰ ਸਹੀ ਜੀਵਨ ਜਿਉਣ ਦਾ ਰਾਹ ਦਰਸਾਇਆ। ਉਨ੍ਹਾਂ ਨੇ ਪੰਡਿਤਾਂ, ਕਾਜ਼ੀਆਂ, ਮੁਲਾਣਿਆਂ ਤੇ ਸਿੱਧਾਂ ਨਾਲ ਵਿਚਾਰਾਂ ਕੀਤੀਆਂ ਅਤੇ ਉਨ੍ਹਾਂ ਨੂੰ ਵੀ ਸੱਚਾਈ ਦਾ ਮਾਰਗ ਦੱਸਿਆ, “ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ॥”
ਉਦਾਸੀਆਂ ਮਗਰੋਂ ਬਾਬੇ ਨਾਨਕ ਨੇ ਆਣ ਕਰਤਾਰ ਪੁਰ ਵਸਾਇਆ ਅਤੇ ਪਤਨੀ ਬੀਬੀ ਸੁਲੱਖਣੀ ਜੀ ਤੇ ਦੋਵੇਂ ਪੁੱਤਰ ਵੀ ਕੋਲੇ ਬੁਲਾ ਲਏ। ਗੁਰੂ ਨਾਨਕ ਪਾਤਸ਼ਾਹ ਨੇ ਇਥੇ ਆਪ ਖੇਤੀ ਦਾ ਕੰਮ ਕਰਕੇ ਗ੍ਰਹਿਸਥ ਜੀਵਨ ਨੂੰ ਹੋਰ ਉਚਾਈਆਂ ਦਿਤੀਆਂ ਅਤੇ ਹੱਥੀਂ ਕਿਰਤ ਕਰਨ ਦਾ ਉਤਮ ਉਪਦੇਸ਼ ਵੀ ਦਿਤਾ। ਕਰਤਾਰਪੁਰ ਸਾਹਿਬ ਵਿਚ ਬਾਬਾ ਜੀ ਨੇ ਜੀਵਨ ਦੇ ਪਿਛਲੇਰੇ ਸਮੇਂ ਦੇ ਅਠਾਰਾਂ ਸਾਲ ਜਾਂ ਕੁਝ ਹੋਰ ਸਮਾਂ ਪਰਿਵਾਰ ਵਿਚ ਰਹਿ ਕੇ ਹੀ ਬਤੀਤ ਕੀਤਾ। ਇਥੇ ਹੀ ਉਨ੍ਹਾਂ ਲਹਿਣਾ ਜੀ ਨੂੰ ਲਹਿਣੇ ਤੋਂ ਗੁਰੂ ਅੰਗਦ ਬਣਾਇਆ ਅਤੇ ਅਖੀਰਲੇ ਸਮੇਂ ਗੁਰਗੱਦੀ ਸੌਂਪੀ।
ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ॥
ਕਿਰਤ ਕਰਨ ਦੇ ਨਾਲ ਨਾਲ ਸਤਿਗੁਰਾਂ ਨੇ ਆਤਮਿਕ ਬੁਲੰਦੀਆਂ ‘ਤੇ ਵਿਚਰਨ ਅਤੇ ਸਾਦਗੀ ਭਰੇ ਜੀਵਨ ਲਈ ਵੀ ਆਖਿਆ,
ਮਨੁ ਹਾਲੀ ਕਿਰਸਾਣੀ ਕਰਣੀ
ਸਰਮੁ ਪਾਣੀ ਤਨ ਖੇਤੁ॥
ਨਾਮੁ ਬੀਜੁ ਸੰਤੋਖੁ ਸੁਹਾਗਾ
ਰਖੁ ਗਰੀਬੀ ਵੇਸੁ॥
ਵਿਹਲੇ ਰਹਿ ਕੇ ਜਾਂ ਮੰਗ ਕੇ ਖਾਣ ਵਾਲਿਆਂ ਨੂੰ ਵੀ ਸਮਝਾਇਆ,
ਮਖਟੂ ਹੋਇ ਕੈ ਕੰਨ ਪੜਾਏ॥
ਫਕਰੁ ਕਰੇ ਹੋਰੁ ਜਾਤਿ ਗਵਾਏ॥
ਗੁਰੁ ਪੀਰੁ ਸਦਾਏ ਮੰਗਣ ਜਾਇ॥
ਤਾ ਕੈ ਮੂਲਿ ਨ ਲਗੀਐ ਪਾਇ॥
ਹੇ ਭਾਈ! ਕਿਰਤ ਵੀ ਕਰੋ ਅਤੇ ਵੰਡ ਕੇ ਵੀ ਖਾਓ,
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥
ਧਰਮਾਂ ਦੇ ਕੱਟੜ ਆਗੂਆਂ ਅਤੇ ਠੇਕੇਦਾਰਾਂ ਨੂੰ ਲਲਕਾਰਿਆ,
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥
ਇਥੇ ਹੀ ਬਸ ਨਹੀਂ, ਉਨ੍ਹਾਂ ਨਕਲੀ, ਦੰਭੀਆਂ ਅਤੇ ਪਖੰਡੀਆਂ ਦੇ ਪਾਜ ਖੋਲ੍ਹਦਿਆਂ ਕਿਹਾ,
ਆਂਟ ਸੇਤੀ ਨਾਕੁ ਪਕੜਹਿ
ਸੂਝਤੇ ਤਿਨਿ ਲੋਅ॥
ਮਗਰ ਪਾਛੈ ਕਛੁ ਨ ਸੂਝੈ
ਏਹੁ ਪਦਮੁ ਅਲੋਅ॥
ਉਸ ਕਰਤਾ ਪੁਰਖ ਦੀ ਸਿਫਤਿ ਸਾਲਾਹ ਵਿਚ ਇਕਮਿਕ ਹੁੰਦਿਆਂ ਬਾਬੇ ਕਿਹਾ,
ਵਡਾ ਸਾਹਿਬੁ ਊਚਾ ਥਾਉ॥
ਊਚੇ ਊਪਰਿ ਊਚਾ ਨਾਉ॥
ਏਵਡੁ ਊਚਾ ਹੋਵੈ ਕੋਇ॥
ਤਿਸੁ ਊਚੇ ਕਉ ਜਾਣੈ ਸੋਇ॥
ਤੇ ਜਾਂ,
ਸੁਣਿ ਵਡਾ ਆਖੈ ਸਭ ਕੋਇ॥
ਕੇਵਡੁ ਵਡਾ ਡੀਠਾ ਹੋਇ॥
ਨਾਨਕੁ ਸਾਇਰੁ ਏਵ ਕਹਤੁ ਹੈ॥ ਬਾਬਾ ਗੁਰੂ ਨਾਨਕ ਜੀ ਸ਼ਾਇਰ ਹਨ ਅਤੇ ਇਸ ਸ਼ਾਇਰੀ ਲਈ ਉਹ ਅਕਾਲ ਪੁਰਖ ਦੇ ਸ਼ੁਕਰਾਨੇ ਵਿਚ ਜੁੜਦਿਆਂ ਆਖਦੇ ਹਨ,
ਧੰਨ ਸੁ ਕਾਗਦੁ ਕਲਮ ਧੰਨੁ
ਧਨ ਭਾਂਡਾ ਧਨੁ ਮਸੁ॥
ਧਨੁ ਲੇਖਾਰੀ ਨਾਨਕਾ
ਜਿਨਿ ਨਾਮੁ ਲਿਖਾਇਆ ਸਚੁ॥
ਕਲਮ ਦੀ ਕੀਤੀ ਜਾ ਰਹੀ ਦੁਰਵਰਤੋਂ ਲਈ ਚਿਤਾਵਨੀ ਦਿੰਦਿਆਂ ਬਾਬੇ ਨੇ ਆਖਿਆ,
ਧ੍ਰਿਗੁ ਤਿਨਾ ਕਾ ਜੀਵਿਆ
ਜਿ ਲਿਖਿ ਲਿਖਿ ਵੇਚਹਿ ਨਾਉ॥
ਖੇਤੀ ਜਿਨ ਕੀ ਉਜੜੈ
ਖਲਵਾੜੈ ਕਿਆ ਥਾਉ॥
ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤ ‘ਤੇ ਹੋ ਰਹੇ ਜ਼ੁਲਮਾਂ ਖਿਲਾਫ ਵੀ ਆਵਾਜ਼ ਬੁਲੰਦ ਕੀਤੀ ਅਤੇ ਕਿਹਾ,
ਸੋ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ॥
ਸਤਿਗੁਰੂ ਪਿਤਾ ਜੀ ਅਤੀ ਕੋਮਲ ਹਿਰਦੇ ਦੇ ਮਾਲਕ ਸਨ ਅਤੇ ਜਦ ਮਾਸੂਮਾਂ `ਤੇ ਹੁੰਦੇ ਜ਼ੁਲਮ ਨੂੰ ਵੇਖ ਕੇ ਹਿਰਦਾ ਦ੍ਰਵਿਆ ਤਾਂ ਉਸ ਕਾਦਰ ਨੂੰ ਵੀ ਆਖ ਦਿਤਾ,
ਏਤੀ ਮਾਰ ਪਈ ਕਰਲਾਣੇ
ਤੈਂ ਕੀ ਦਰਦੁ ਨ ਆਇਆ॥
ਕਲਮ ਦੇ ਧਨੀ ਗੁਰੂ ਬਾਬਾ ਜਦੋਂ ਵਜਦ ਵਿਚ ਆਉਂਦੇ ਤਾਂ ਕਹਿ ਉਠਦੇ,
ਮੈ ਬਨਜਾਰਨਿ ਰਾਮ ਕੀ॥
ਤੇਰਾ ਨਾਮੁ ਵਖਰੁ ਵਾਪਾਰੁ ਜੀ॥
ਤੇ ਜਾਂ,
ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ॥
ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ
ਤੂੰ ਆਪੇ ਸਰਬ ਸਮਾਣਾ॥
ਕੁਝ ਗੱਲਾਂ ਧਿਆਨ ਗੋਚਰੇ। ਸਤਿਗੁਰਾਂ ਦੀ ਗੁਰਬਾਣੀ ਦਾ ਅਨਮੋਲ ਖਜਾਨਾ ਸਾਡੇ ਕੋਲ ਹੋਣ ਦੇ ਬਾਵਜੂਦ 550 ਸਾਲਾਂ ਮਗਰੋਂ ਵੀ ਅਸੀਂ ਉਥੇ ਦੇ ਉਥੇ ਹੀ ਖੜ੍ਹੇ ਹਾਂ, ਕਿਉਂਕਿ ਗੁਰਬਾਣੀ ਨੂੰ ਪੜ੍ਹਿਆ ਜਾਂ ਗਾਵਿਆ ਤਾਂ ਬਹੁਤ ਜਾ ਰਿਹਾ ਹੈ, ਪਰ ਇਸ ‘ਤੇ ਵਿਚਾਰ ਨਹੀਂ ਕੀਤੀ ਗਈ। ਜੇ ਕੀਤੀ ਵੀ ਗਈ ਹੈ ਤਾਂ ਬਹੁਤ ਥੋੜ੍ਹੀ। ਅੱਜ ਸਿੱਖ ਕੌਮ ਵਿਚ ਸੁਚੱਜੀ ਲੀਡਰਸ਼ਿਪ ਦੀ ਘਾਟ ਹੈ। ਅਸੀਂ ਧਰਮੀ ਬਣ ਤਾਂ ਬੈਠੇ ਹਾਂ ਪਰ ਧਰਮ ਦੀ ਪਰਿਭਾਸ਼ਾ ਤੋਂ ਵਾਂਝੇ ਰਹਿ ਗਏ ਹਾਂ। ਅਸੀਂ ਗੁਰੂ ਦੇ ਸਿੱਖ ਜਾਂ ਸਿੰਘ ਤਾਂ ਨਹੀਂ ਬਣ ਸਕੇ, ਪਰ ਕੱਟੜਤਾ ਦੇ ਮੁਦੱਈ ਜ਼ਰੂਰ ਬਣ ਗਏ ਹਾਂ। ਦੇਸ਼-ਵਿਦੇਸ਼ ਵਿਚ ਆਲੀਸ਼ਾਨ ਗੁਰੂ ਘਰ ਵੀ ਬਣ ਚੁਕੇ ਹਨ ਅਤੇ ਧਰਮ ਦੇ ਝੰਡੇ ਵੀ ਲਹਿਰਾ ਰਹੇ ਹਨ, ਪਰ ‘ਖਸਮਹੁ ਘੁਥੀਆ ਫਿਰਹਿ ਨਿਮਾਣੀਆ॥’ ਵਾਂਗ ਹਰ ਥਾਂ ਗੋਲਕ ਅਤੇ ਚੌਧਰ ਦਾ ਮਸਲਾ ਪ੍ਰਧਾਨ ਹੈ,
ਸਰਮੁ ਧਰਮੁ ਦੁਇ ਛਪਿ ਖਲੋਏ
ਕੂੜੁ ਫਿਰੈ ਪਰਧਾਨੁ ਵੇ ਲਾਲੋ॥
ਅਸੀਂ ਸ਼ਬਦ ਗੁਰੂ ਨੂੰ ਸਮਰਪਤਿ ਹੋਣ ਦੀ ਥਾਂ ਆਪੋ-ਆਪਣੀ ਡਫਲੀ ਵਜਾ ਰਹੇ ਹਾਂ, ਸਗੋਂ ਸ਼ਬਦ ਗੁਰੂ ਦੀ ਆੜ ਵਿਚ ਆਪਣੇ ਰਾਜ ਭਾਗ ਸਥਾਪਤ ਕਰ ਰਹੇ ਹਾਂ। ਜਿਨ੍ਹਾਂ ਭਰਮ ਭੁਲੇਖਿਆਂ ਅਤੇ ਬੁਰਾਈਆਂ ਤੋਂ ਸਤਿਗੁਰਾਂ ਨੇ ਸਾਨੂੰ ਵਰਜਿਆ ਸੀ, ਉਹੀ ਸਭ ਕੁਝ ਹੁਣ ਡੇਰਿਆਂ ਵਿਚ ਬੈਠੇ ਵਿਹਲੜ ਸਾਧ ਸ਼ੱਰੇਆਮ ਕਰ ਰਹੇ ਹਨ।
ਆਓ, ਗੁਰੂ ਨੂੰ ਸਮਰਪਿਤ ਹੋ ਕੇ ਨਿਵੇਕਲੀ ਪਛਾਣ ਬਣਾ ਕੇ ਵਿਚਰੀਏ। ਜ਼ਰਾ ਕੁ ਹਉਂ ਅਤੇ ਹੰਕਾਰ ਤੋਂ ਪਰੇ ਹੋ ਕੇ ਤਾਂ ਦੇਖੀਏ, ਹਰ ਪਾਸੇ ਅਨੰਦ ਹੀ ਅਨੰਦ ਹੈ। ਫਿਰ ਦੇਖਣਾ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮਨਾਉਣ ਵਿਚ ਕਿਵੇਂ ਖੁਸ਼ੀਆਂ ਮਿਲਦੀਆਂ ਹਨ।
ਆਪੁ ਗਵਾਈਐ ਤਾ ਸਹੁ ਪਾਈਐ
ਅਉਰੁ ਕੈਸੀ ਚਤੁਰਾਈ॥
ਬੇਨਤੀ ਹੈ, ਗੁਰੂ ਬਾਣੀ ਨੂੰ ਸਿਰਫ ਮੱਥਾ ਹੀ ਨਾ ਟੇਕੀਏ, ਜੋ ਗੁਰੂ ਕਹਿੰਦਾ ਹੈ, ਉਸ ਨੂੰ ਮੰਨੀਏ ਅਤੇ ਮਨੁੱਖਤਾ ਦੇ ਭਲੇ ਲਈ ਕੰਮ ਕਰੀਏ।