ਸਿੱਖਾਂ ਦੇ ਕੈਨੇਡਾ ਵਿਚ ਸੰਘਰਸ਼ ਦੀ ਦਾਸਤਾਨ ਪੁਸਤਕ: ਐਨ ਅਨਕਾਮਨ ਰੋਡ

ਡਾ. ਬਲਕਾਰ ਸਿੰਘ ਪਟਿਆਲਾ
ਡਾਇਰੈਕਟਰ ਵਿਸ਼ਵ ਪੰਜਾਬੀ ਸੈਂਟਰ, ਪਟਿਆਲਾ।
ਇਸ ਪੁਸਤਕ ਦਾ ਰੀਵੀਊ ਕਰਨ ਲੱਗਿਆਂ ਇਸ ਦਾ ਕੇਂਦਰੀ ਸਰੋਕਾਰ ਮੈਨੂੰ ਸਿੱਖ ਸੰਘਰਸ਼ ਦੇ ਕੈਨੇਡੀਅਨ ਚੈਪਟਰ ਵਾਂਗ ਲੱਗਾ ਹੈ ਕਿ ਇਸ ਵਿਚ ਪਰਵਾਸ ਕਰ ਗਏ ਕੈਨੇਡੀਅਨ ਸਿੱਖਾਂ ਦੀ ਸਮਾਜਕਤਾ ਅਤੇ ਉਨ੍ਹਾਂ ਦੇ ਇਤਿਹਾਸ ਤੇ ਉਨ੍ਹਾਂ ਦੀਆਂ ਸੰਸਥਾਵਾਂ ਨੂੰ ਆਧਾਰ ਬਣਾ ਲਿਆ ਗਿਆ ਹੈ। 237 ਸਫਿਆਂ ਵਿਚ ਸਜਾਏ ਹੋਏ ਦਸਾਂ ਚੈਪਟਰਾਂ ਵਿਚ ਫੈਲੀ ਸ. ਗਿਆਨ ਸਿੰਘ ਸੰਧੂ ਦੀ ਇਹ ਪੁਸਤਕ ਉਨ੍ਹਾਂ ਦੀ ਜ਼ਿੰਦਗੀ ਦੇ ਹਵਾਲੇ ਨਾਲ ਅਜਿਹੇ ਸੰਘਰਸ਼ ਦੀ ਦਾਸਤਾਨ ਹੋ ਗਈ ਹੈ, ਜੋ ਸਿੱਖਾਂ ਨੂੰ ਕੈਨੇਡਾ ਵਿਚ ਰੋਜ਼ੀ ਰੋਟੀ ਨਾਲ ਜੁੜੀ ਹੋਈ ਬੇਗਾਨੀ-ਧਰਤੀ ਨੂੰ ਆਪਣੀ-ਧਰਤੀ ਬਣਾਉਣ ਲਈ ਲਗਾਤਾਰ ਸਿਦਕ ਤੇ ਸਿਰੜ ਨਾਲ ਲੜਨਾ ਪਿਆ ਹੈ। ਇਸ ਨੂੰ ਲੇਖਕ ਨੇ ਕੈਨੇਡੀਅਨ ਪ੍ਰਸੰਗ ਵਿਚ ਹਾਸ਼ੀਆ-ਭਾਈਚਾਰੇ ਤੋਂ ਮੁੱਖ ਧਾਰਾ ਵਾਲਾ ਭਾਈਚਾਰਾ ਹੋ ਸਕਣ ਦੀ ਲੜਾਈ ਵਾਂਗ ਲਿਆ ਹੈ।

ਕਿਸੇ ਵੀ ਦੇਸ਼ ਨਾਲ ਜੁੜੇ ਵਾਸੀਆਂ ਤੇ ਪਰਵਾਸੀਆਂ ਦੀ ਲੜਾਈ ਦੀਆਂ ਜਿੰਨੀਆਂ ਪਰਤਾਂ ਸਾਹਮਣੇ ਆ ਚੁਕੀਆਂ ਹਨ, ਉਨ੍ਹਾਂ ਵਿਚ ਸੁਜੱਗ ਵਿਉਂਤ (ਵਸਿiੋਨਅਰੇ ਪਲਅਨਨਨਿਗ) ਨਾਲ ਵਿੱਢੇ ਗਏ ਸਿੱਖ ਸੰਘਰਸ਼ ਨਾਲ ਜੁੜੇ ਬਹੁਤ ਸਾਰੇ ਰੰਗ ਇਸ ਕਰਕੇ ਨੁਮਾਇਆ ਹੋ ਗਏ ਹਨ ਕਿ ਦਰਪੇਸ਼ ਦੁਸ਼ਵਾਰੀਆਂ ਵਿਚ ਗੁਰੂ ਨੂੰ ਅੰਗ ਸੰਗ ਰੱਖ ਕੇ ਕੈਨੇਡੀਅਨ ਸਿੱਖ ਸੰਘਰਸ਼ ਕਰਦੇ ਰਹੇ ਹਨ। ਮਾਨਵ ਨੂੰ ਨਾਬਰੀ ਦਾ ਕੁਦਰਤੀ ਜਜ਼ਬਾ ਇਲਾਹੀ ਦਾਤ ਵਾਂਗ ਮਿਲਿਆ ਹੋਇਆ ਤਾਂ ਹੈ, ਪਰ ਸਿੱਖ ਧਰਮ ਦੀ ਆਮਦ ਤੋਂ ਪਹਿਲਾਂ ਕਿਸੇ ਵੀ ਧਰਮ ਨੇ ਇਸ ਵਜੂਦ ਸਮੋਈ ਮਾਨਵ ਨਾਬਰੀ ਦੀ ਸੰਭਾਵਨਾ ਨੂੰ ਸਿੱਖ ਧਰਮ ਵਾਂਗ ਨਹੀਂ ਸੀ ਵਰਤਿਆ। ਇਸ `ਤੇ ਪਹਿਰਾ ਦੇ ਸਕਣ ਦੀ ਮਾਨਸਿਕਤਾ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਸਿੱਖਾਂ ਦੇ ਲਹੂ ਵਿਚ ਉਤਾਰੀ ਗਈ ਸੀ, ਉਸੇ ਦੇ ਇਰਦ-ਗਿਰਦ ਉਸਰੀ ਹੋਈ ਇਹ ਪੁਸਤਕ ਆਪਣੇ ਆਪ ਵਰਗੀ ਆਪ ਹੋ ਗਈ ਹੈ।
ਇਹ ਤਾਂ ਸਭ ਨੂੰ ਪਤਾ ਲੱਗ ਗਿਆ ਹੈ ਕਿ ਸਿੱਖੀ ਅਤੇ ਸੰਘਰਸ਼ ਸਦਾ ਕਰਿੰਘੜੀ ਪਾ ਕੇ ਤੁਰਦੇ ਰਹੇ ਹਨ ਅਤੇ ਸਿੱਖਾਂ ਬਾਰੇ ਇਹ ਮੁਹਾਵਰਾ ਆਮ ਹੀ ਵਰਤਿਆ ਜਾਂਦਾ ਰਿਹਾ ਹੈ, “ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ।” ਅਸਲ ਵਿਚ ਸਿੱਖਾਂ ਨੂੰ ਮੁੱਢ ਤੋਂ ਹੀ ਅੰਦਰੋਂ ਬਹੁਗਿਣਤੀ ਦੇ ਧਰਮ ਨਾਲ ਲੜਨਾ ਪਿਆ ਹੈ ਅਤੇ ਬਾਹਰੋਂ ਹਾਕਮ ਦੇ ਧਰਮ ਨਾਲ ਸੰਘਰਸ਼ ਕਰਨਾ ਪਿਆ ਹੈ।
ਕੈਨੇਡਾ ਵਿਚ ਇਸ ਦੀ ਸ਼ੁਰੂਆਤ ਗਦਰ ਲਹਿਰ ਨਾਲ ਹੋ ਗਈ ਸੀ ਅਤੇ ਇਸੇ ਦੀ ਨਿਰੰਤਰਤਾ ਵਿਚ ਜਦੋਂ ਵਰਲਡ ਸਿੱਖ ਆਰਗੇਨਾਈਜੇਸ਼ਨ (ਇਸ ਤੋਂ ਪਿਛੋਂ ਵਸਿਕ) ਦੀ ਅਗਵਾਈ ਵਿਚ ਸਿੱਖ ਸੰਘਰਸ਼ ਨੂੰ ਚਲਾਇਆ ਗਿਆ ਤਾਂ ਉਸ ਵਿਚ ਲੇਖਕ ਵੱਲੋਂ ਨਿਭਾਈ ਗਈ ਭੂਮਿਕਾ ਦੇ ਇਰਦ ਗਿਰਦ ਉਸਰੀ ਇਸ ਪੁਸਤਕ ਦੀਆਂ ਚੂਲਾਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਕਿਸੇ ਵੀ ਲਹਿਰ ਵਿਚ ਵਿਅਕਤੀ ਦੀ ਭੂਮਿਕਾ ਇਸ ਤਰ੍ਹਾਂ ਲਹਿਰ ਵਰਗੀ ਨਹੀਂ ਲੱਗਦੀ, ਜਿਸ ਤਰ੍ਹਾਂ ਲੇਖਕ ਦੀ ਭੂਮਿਕਾ ਇਸ ਪੁਸਤਕ ਦੇ ਹਵਾਲੇ ਨਾਲ ਚੱਲਦੀ ਫਿਰਦੀ ‘ਵਸਿਕ` ਵਰਗੀ ਲੱਗਦੀ ਲੱਗ ਸਕਦੀ ਹੈ। ਵਾਧਾ ਇਹ ਕਿ ਅਜਿਹਾ ਕਿਸੇ ਮੰਤਵ ਨਾਲ ਜਾਂ ਮਿਥ ਕੇ ਕੀਤਾ ਗਿਆ ਨਜ਼ਰ ਨਹੀਂ ਆਉਂਦਾ। ਕਾਰਨ ਇਹ ਕਿ ਸੁਣਾਈ ਜਾ ਰਹੀ ਦਾਸਤਾਨ ਵਿਚ ਲੇਖਕ ਸੂਤਰਧਾਰ ਜਾਂ ਨਾਇਕ ਵਜੋਂ ਸ਼ਾਮਲ ਹੋਣ ਦੀ ਥਾਂ ਸੰਸਥਾਈ ਸੇਵਕ ਵਾਂਗ ਟੈਕਸਟ ਵਿਚ ਰਮ ਗਿਆ ਕਿਹਾ ਜਾ ਸਕਦਾ ਹੈ।
ਸਿਆਣਿਆਂ ਦਾ ਇਹ ਸੱਚ ਸਾਂਝਾ ਹੋ ਚੁਕਾ ਹੈ ਕਿ ਕਹਿਣ ਨੂੰ ਹਰ ਬੰਦੇ ਕੋਲ ਇਕ ਸੁਪਨਾ ਅਤੇ ਉਸ ਸੁਪਨੇ ਨਾਲ ਜੁੜੀ ਕੋਈ ਨਾ ਕੋਈ ਕਹਾਣੀ ਜ਼ਰੂਰ ਹੁੰਦੀ ਹੈ। ਜਿਨ੍ਹਾਂ ਬੰਦਿਆਂ `ਚ ਇਹ ਕੁਦਰਤੀ ਜਜ਼ਬਾ ਕਿਸੇ ਵੀ ਕਾਰਨ ਦਫਨ ਹੋ ਜਾਂਦਾ ਹੈ, ਉਨ੍ਹਾਂ ਨੂੰ ਜ਼ਿੰਦਗੀ ਕਬਰਾਂ ਦੇ ਮਜੌਰ ਵਾਂਗ ਜਿਉਣੀ ਪੈ ਜਾਂਦੀ ਹੈ। ਇਸ ਮਜੌਰੀਕਰਨ ਦੀਆਂ ਪਰਤਾਂ ਆਮ ਤੌਰ `ਤੇ ਲਾਲਚ, ਈਰਖਾ ਅਤੇ ਝੋਰੇ ਵਿਚ ਪ੍ਰਗਟ ਹੁੰਦੀਆਂ ਰਹਿੰਦੀਆਂ ਹਨ। ਲੇਖਕ ਨੂੰ ਵਧਾਈ ਦੇਣੀ ਬਣਦੀ ਹੈ ਕਿ ਉਸ ਨੇ ਜਿਵੇਂ ਜੀਵਿਆ, ਉਸ ਨੂੰ ਦਿਆਨਤਦਾਰੀ ਨਾਲ ਉਵੇਂ ਹੀ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਕਰਦਿਆਂ ਇਕ ਗੁਰਸਿੱਖ ਵਾਂਗ ਜੋ ਲੈਣਯੋਗ ਸੀ, ਉਹ ਲੈ ਲਿਆ ਅਤੇ ਜੋ ਛੱਡਣਯੋਗ ਸੀ, ਉਹ ਛੱਡ ਦਿਤਾ। ਗੁਰੂ ਭਰੋਸੇ ਵਾਲਿਆਂ ਨਾਲ ਜੁੜੇ ਸਿੱਖ ਵਰਤਾਰੇ ਇਸੇ ਤਰ੍ਹਾਂ ਪ੍ਰਚੰਡਿਤ ਹੁੰਦੇ ਵੀ ਰਹੇ ਹਨ ਅਤੇ ਹੁੰਦੇ ਵੀ ਰਹਿਣੇ ਹਨ।
1970 ਤੋਂ 2018 ਤੱਕ ਪੰਜ ਦਹਾਕਿਆਂ ਦੇ ਬਿਖੜੇ ਪੈਂਡਿਆਂ ਦੇ ਸਿੱਖ ਸਫਰ ਨਾਲ ਜੁੜੇ ਹੋਏ ਬਹੁਤ ਸਾਰੇ ਸੁਖਾਵੇਂ ਤੇ ਅਣਸੁਖਾਵੇਂ ਪਾਸਾਰਾਂ ਨੂੰ ਖੋਲ੍ਹਣ ਵਾਸਤੇ ਇਹ ਪੁਸਤਕ ਚਾਬੀ ਵਾਂਗ ਕੰਮ ਆ ਸਕਦੀ ਹੈ। ਇਨ੍ਹਾਂ ਪਾਸਾਰਾਂ ਦੇ ਹਵਾਲੇ ਨਾਲ ਵਿਸ਼ਵ ਵਿਚ ਪਰਵੇਸ਼ ਕਰ ਰਹੇ ਸਿੱਖ ਪਰਵਾਸ ਨੂੰ ਬਹੁ-ਸਭਿਆਚਾਰਕ ਪ੍ਰਸੰਗ ਵਿਚ ਸਮਝਣਾ ਅਤੇ ਸਮਝਾਉਣਾ ਨਿਰਸੰਦੇਹ ਸੌਖਾ ਹੋ ਸਕਦਾ ਹੈ। ਹੱਡਬੀਤੀਆਂ ਦੇ ਹਵਾਲੇ ਨਾਲ ਪੁਸਤਕ ਦਾ ਹਿੱਸਾ ਹੋ ਗਏ ਸਿਆਸਤਦਾਨ, ਅਫਸਰਸ਼ਾਹੀ ਅਤੇ ਡੇਰੇਦਾਰੀ ਵੱਲੋਂ ਪੈਦਾ ਕੀਤੀਆਂ ਗਈਆਂ ਦੁਸ਼ਵਾਰੀਆਂ, ਇਸ ਪੁਸਤਕ ਰਾਹੀਂ ਸਿੱਖ ਸੰਘਰਸ਼ ਦੇ ਕੈਨੇਡੀਅਨ ਚੈਪਟਰ ਦਾ ਹਿੱਸਾ ਹੋ ਗਈਆਂ ਹਨ। ਭਾਵ ਉਹ ਸਾਰੇ ਕਾਰਨ ਕਿਸੇ ਨਾ ਕਿਸੇ ਰੂਪ ਵਿਚ ਪੁਸਤਕ ਦਾ ਹਿੱਸਾ ਹੋ ਗਏ ਹਨ, ਜੋ ਬਹੁ-ਸਭਿਆਚਾਰਕ ਪ੍ਰਸੰਗ ਵਿਚ ਸਿੱਖ ਦ੍ਰਿਸ਼ਟੀ ਤੋਂ ਸਿਹਤਮੰਦ ਸਮਾਜ ਦੀ ਉਸਾਰੀ ਲਈ ਲੋੜੀਂਦੇ ਸੰਤੁਲਨ, ਪਾਰਦਰਸ਼ਤਾ ਅਤੇ ਇਮਾਨਦਾਰੀ ਦਾ ਬਿਰਦ ਪਾਲਣ ਨਾਲ ਜੁੜੇ ਰਹੇ ਹਨ।
ਲੇਖਕ ਵਾਲੀ ਸਿੱਖ ਚੇਤਨਾ ਦਾ ਮਾਲਕ ਸਾਰਾ ਸਿੱਖ ਭਾਈਚਾਰਾ ਬੇਸ਼ੱਕ ਨਹੀਂ ਹੈ ਅਤੇ ਇਸ ਕਮਜ਼ੋਰੀ ਨੂੰ ਢਕਣ ਦੀ ਸਿਆਸਤ ਹੀ ਸਿੱਖੀ ਸਮਝੀ ਜਾਣ ਲੱਗ ਪਈ ਹੈ। ਇਸੇ ਕਰਕੇ ਸਿੱਖਾਂ ਵਿਚ ਵਾਹਦ ਸਿੱਖ ਹੋਣ ਦਾ ਭਰਮ ਪਾਲਣ ਤੋਂ ਕਿਸੇ ਵੀ ਸਿੱਖ ਨੂੰ ਨਹੀਂ ਰੋਕਿਆ ਜਾ ਸਕਦਾ। ਇਸੇ ਵਿਚੋਂ ਪਹਿਲਾਂ ਇਤਿਹਾਸ ਨੂੰ ਬਾਣੀ ਦੀ ਰੋਸ਼ਨੀ ਵਿਚ ਸਮਝਣ ਦੀ ਥਾਂ, ਬਾਣੀ ਨੂੰ ਇਤਿਹਾਸ ਦੀ ਰੋਸ਼ਨੀ ਵਿਚ ਸਮਝਣ ਦੇ ਲੋਰ ਵਿਚ ਸਿੱਖ ਸਿਆਸਤ ਤੱਕ ਪਹੁੰਚ ਗਏ ਹਾਂ। ਇਸ ਕਿਸਮ ਦੀ ਸਿਆਸਤ ਦੀ ਖਹਿ ਵਿਚੋਂ ਜਿਹੋ ਜਿਹਾ ਸਿੱਖ-ਨੈਰੇਟਿਵ ਅੰਗੜਾਈਆਂ ਲੈਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ, ਉਸ ਵੱਲ ਵੀ ਹੱਡਬੀਤੀ ਸ਼ੈਲੀ ਵਿਚ ਇਸ ਪੁਸਤਕ ਰਾਹੀਂ ਇਸ਼ਾਰੇ ਹੋ ਗਏ ਹਨ। ਇਸੇ ਲਈ ਇਹ ਪੁਸਤਕ ਮੇਰੇ ਨਜ਼ਦੀਕ ਸਿੱਖ ਸੰਘਰਸ਼ ਦੇ ਕੈਨੇਡੀਅਨ ਚੈਪਟਰ ਨੂੰ ਸਮਝਣ ਵਾਸਤੇ ਅਹਿਮ ਦਸਤਾਵੇਜ਼ ਹੋ ਗਈ ਹੈ। ਵਾਧਾ ਇਹ ਕਿ ਇਹ ਪੁਸਤਕ ਵਿਅਕਤੀ ਕੇਂਦਰਤ ਹੋਣ ਦੇ ਬਾਵਜੂਦ ਖੁਲ੍ਹੀ ਪਹੁੰਚ (ੌਪੲਨ ੲਨਦੲਦ) ਵਾਲੀ ਹੋ ਗਈ ਹੈ। ਇਸ ਦੀ ਪ੍ਰੋੜ੍ਹਤਾ ਲੇਖਕ ਦੇ ਆਪਣੇ ਸ਼ਬਦਾਂ ਵਿਚ ਹੋ ਜਾਂਦੀ ਹੈ, ਜਦੋਂ ਉਹ ਵਾਪਸ ਪੰਜਾਬ ਜਾ ਕੇ ਆਪਣੇ ਹੀ ਘਰ ਆਪਣੀ ਹੀ ਅਲਮਾਰੀ ਨੂੰ ਖੋਲ੍ਹਦਾ ਹੈ ਤਾਂ ਸ਼ਰਾਬੀ ਗਿਆਨ, ਪੰਥਕ ਗਿਆਨ, ਵਪਾਰੀ ਗਿਆਨ, ਸਮਾਜ ਸੇਵੀ ਗਿਆਨ ਅਤੇ ਲੇਖਕ ਗਿਆਨ-ਇਨ੍ਹਾਂ ਸਭ ਪਰਤਾਂ ਵਿਚੋਂ ਨਿਕਲ ਕੇ ਇਕਹਿਰੇ ਸਿੱਖ ਨੈਰੇਟਿਵ ਵਾਂਗ ਸਾਹਮਣੇ ਆ ਜਾਂਦਾ ਹੈ। ਨਿੱਜ ਦੇ ਹਵਾਲਿਆਂ ਨਾਲ ਸਮਕਾਲ ਦੀ ਸੁਰ ਫੜਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਇਸ ਪੁਸਤਕ ਦਾ ਹਾਸਲ ਹੋ ਗਈਆਂ ਹਨ।
ਸਿੱਖ ਪਰਵਾਸ ਬੇਸ਼ੱਕ ਮਜ਼ਦੂਰੀ ਕਰਨ ਵਾਲਿਆਂ ਤੋਂ ਸ਼ੁਰੂ ਹੋਇਆ ਸੀ, ਪਰ ਲੇਖਕ ਉਨ੍ਹਾਂ ਸਿੱਖ ਪਰਵਾਸੀਆਂ ਵਿਚੋਂ ਹੈ, ਜੋ ਮਜ਼ਦੂਰੀ ਨਹੀਂ, ਨੌਕਰੀ ਕਰਨ ਦੇ ਇਰਾਦੇ ਨਾਲ ਪਰਵਾਸ ਦਾ ਹਿੱਸਾ ਹੋਏ ਸਨ ਅਤੇ ਇਸ ਤੋਂ ਅੱਗੇ ਵਧ ਕੇ ਸਬੰਧਤ ਦੇਸ਼ ਦੀ ਮੁੱਖ ਧਾਰਾ ਦਾ ਹਿੱਸਾ ਹੋ ਸਕਣ ਦੀ ਰੀਝ ਵੀ ਸੁਤੰਤਰ ਸਿੱਖ ਸੋਚ ਵਾਂਗ ਪਾਲ ਰਹੇ ਸਨ। ਸਿੱਖ ਪਗੜੀ ਦੁਆਲੇ ਉਸਰਦੀ ਕੈਨੇਡੀਅਨ ਸਿਆਸਤ ਦਾ ਜ਼ਿਕਰ ਕਰਦਿਆਂ ਅਤੇ ਦਰਪੇਸ਼ ਨਫਰਤੀ ਵਰਤਾਰਿਆਂ ਨਾਲ ਪੈਦਾ ਹੋ ਰਹੇ ਗੁੱਸੇ ਅਤੇ ਉਦਾਸੀ ਨਾਲ ਜੂਝਦਿਆਂ ਸਿੱਖ ਚੇਤਨਾ ਦੇ ਪ੍ਰਤੀਨਿਧੀਆਂ ਨੇ ਕੈਨੇਡੀਅਨ ਕਾਨੂੰਨ ਨੂੰ ਨਾਲ ਲੈ ਕੇ ਵਿਧਾਨਕ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਸਤੇ ‘ਵਸਿਕ’ ਬਣਾਈ ਸੀ। ਉਸ ਵੇਲੇ ਗੁਰਦੁਆਰੇ ਭਾਈਚਾਰਕ ਕੇਂਦਰ ਹੋਣ ਦੇ ਬਾਵਜੂਦ ਹਰ ਕਿਸਮ ਦੇ ਸਿਆਸੀ ਦਖਲ ਦਾ ਸ਼ਿਕਾਰ ਹੋ ਰਹੇ ਸਨ। ਇਸੇ ਵਿਚਕਾਰ ‘ਵਸਿਕ’ ਨੂੰ ਸਿੱਖ ਭਾਈਚਾਰੇ ਦੀ ਮਾਨਸਿਕਤਾ ਵਿਚ ਟਿਕਾਉਣ ਲਈ ਲੜੇ ਗਏ ਸੰਘਰਸ਼ ਨਾਲ ਜੁੜੀ ਹੋਈ ਹੈ, ਇਹ ਪੁਸਤਕ। ‘ਵਸਿਕ’ ਸਿੱਖ ਸਮੱਸਿਆਵਾਂ ਨਾਲ ਜੁੜੀ ਹੋਈ ਹੋਣ ਕਰਕੇ ਇਸ ਨੂੰ ਸਿਆਸੀ ਦਖਲ ਤੋਂ ਨਹੀਂ ਸੀ ਬਚਾਇਆ ਜਾ ਸਕਦਾ ਕਿਉਂਕਿ ਸਮੱਸਿਆਵਾਂ ਕੈਨੇਡੀਅਨ ਸਿਆਸਤ ਨਾਲ ਖਾਸ ਕਰਕੇ ਅਤੇ ਭਾਰਤੀ ਸਿਆਸਤ ਨਾਲ ਆਮ ਕਰਕੇ ਸਿੱਧੀਆਂ ਜੁੜੀਆਂ ਹੋਈਆਂ ਸਨ। ਇਸ ਹਾਲਤ ਵਿਚ ਸਿੱਖ ਪਰਵਾਸੀਆਂ ਨੂੰ ਕੈਨੇਡੀਅਨ ਸਮਝ ਕੇ ਦੇਸ਼ ਦੇ ਕਾਨੂੰਨ ਮੁਤਾਬਿਕ ਮਸਲੇ ਹੱਲ ਕੀਤੇ ਜਾਣ ਵੱਲ ਸੇਧਿਤ ਹੋਣ ਕਰਕੇ ‘ਵਸਿਕ’ ਨੂੰ ਪਹਿਲਾਂ ਗੁਰਦੁਆਰਿਆਂ ਵਿਚੋਂ ਬਾਹਰ ਨਿਕਲਣਾ ਪਿਆ ਅਤੇ ਫਿਰ ਹੌਲੀ ਹੌਲੀ ਮੁੱਖ ਧਾਰਾ ਦੀ ਸਿਆਸਤ ਵੱਲੋਂ ਧੱਕੀਦੀ ਧਕਾਉਂਦੀ ਸਿਆਸੀ ਵਿਧੀਆਂ ਨੂੰ ਅਪਨਾਉਂਦੀ ਰਹੀ। ਲੇਖਕ, ਇਸ ਵਹਿਣ ਵਿਚ ਵਹਿਣ ਤੋਂ ਬਚਦਾ ਬਚਾਉਂਦਾ ਜਿਹੋ ਜਿਹਾ ਹੋ ਗਿਆ ਸੀ, ਉਸੇ ਨੂੰ ਇਸ ਪੁਸਤਕ ਦੀ ਹੱਡ-ਬੀਤੀ ਪਰਤ ਕਿਹਾ ਜਾ ਰਿਹਾ ਹੈ। ਇਸ ਦਾ ਅਰੰਭ ਗੁਰਦੁਆਰੇ ਵਿਚ ਜਾਸੂਸ (130) ਤੋਂ ਹੁੰਦਾ ਹੈ ਅਤੇ ਇਹੀ ਬਰਾਸਤਾ ਏਜੰਸੀਆਂ ਭਾਰਤ ਸਰਕਾਰ ਤੱਕ ਪਹੁੰਚ ਜਾਂਦਾ ਹੈ। ਸਰਕਾਰਾਂ ਦੀ ਨੌਕਰੀ ਕਰਨ ਵਾਲਿਆਂ ਨੂੰ ਜਿਹੋ ਜਿਹੀਆਂ ਜਿੰਮੇਵਾਰੀਆਂ ਨਿਭਾਉਣੀਆਂ ਹੀ ਪੈਂਦੀਆਂ ਹਨ, ਉਸ ਨੂੰ ਇਸ ਪੁਸਤਕ ਵਿਚ ਦਸ ਨੁਕਤਿਆਂ ਰਾਹੀਂ ਦਿਤਾ ਹੋਇਆ ਹੈ (131)। ਇਹੀ ਸੰਘਰਸ਼ ਲੇਖਕ ਮੁਤਾਬਿਕ ‘ਵਸਿਕ’ ਨੂੰ ਲੜਨਾ ਪੈ ਰਿਹਾ ਸੀ।
‘ਵਸਿਕ’ ਬੇਸ਼ੱਕ ਲੜੇ ਜਾ ਰਹੇ ਸੰਘਰਸ਼ ਦੀ ਇਕੱਲੀ ਪ੍ਰਤੀਨਿਧ ਨਹੀਂ ਸੀ ਅਤੇ ਹੋਰ ਵੀ ਸਿੱਖ ਜਥੇਬੰਦੀਆਂ ਸਾਹਮਣੇ ਆਉਂਦੀਆਂ ਰਹੀਆਂ ਸਨ। ਅਜਿਹੇ ਹਾਲਾਤ ਪੰਜਾਬ ਵਿਚ ਵੀ ਸਨ ਅਤੇ ਇਸ ਦੀ ਕੀਮਤ ਵੀ ਬਹੁਤੀ ਉਥੇ ਹੀ ਦੇਣੀ ਪਈ ਸੀ। ਅਜਿਹੇ ਹਾਲਾਤ ਵਿਚ ਕੁਹਾੜੀ ਅਤੇ ਕੁਹਾੜੀ ਦੇ ਦਸਤੇ ਦੀ ਸਿਆਸਤ ਵਾਂਗ ਸਬੰਧ ਬਣਿਆ ਰਹਿੰਦਾ ਹੈ। ਅਜਿਹੀਆਂ ਘੜੀਆਂ ਘੜਾਈਆਂ ਬੇੜੀਆਂ ਸੰਘਰਸ਼ ਨਾਲ ਜੁੜੇ ਸਿੱਖਾਂ ਦੇ ਪੈਰਾਂ ਵਿਚ ਲੋੜ ਅਤੇ ਹਾਲਾਤ ਮੁਤਾਬਿਕ ਫਿਟ ਕਰ ਲਈਆਂ ਜਾਂਦੀਆ ਸਨ। ਇਸ ਦੇ ਪਰਤ ਦਰ ਪਰਤ ਵੇਰਵੇ ਇਸ ਪੁਸਤਕ ਦਾ ਹਿੱਸਾ ਹੋ ਗਏ ਹਨ।
ਬਿਖੜੇ ਹਾਲਾਤ ਵਿਚ ਕੈਨੇਡੀਅਨ ਸਿੱਖ, ਆਰਥਕ ਖੁਸ਼ਹਾਲੀ (ਖਾਲਸਾ ਕਰੈਡਿਟ ਯੂਨੀਅਨ-134) ਵੱਲ ਵਧਦੇ ਵੀ ਰਹੇ ਸਨ ਅਤੇ ਸਿਆਸਤ (ਜਹਾਜ ਹਾਦਸਾ-137) ਦਾ ਸ਼ਿਕਾਰ ਵੀ ਹੁੰਦੇ ਰਹੇ ਸਨ। ਇਸ ਨਾਲ ਸਿੱਖਾਂ ਦੇ ਗਲ ਪਾਈ ਗਈ ਹਿੰਸਾ ਦੀ ਖਾਲਿਸਤਾਨੀ ਸਿਆਸਤ ਕਿਸੇ ਨਾ ਕਿਸੇ ਬਹਾਨੇ ਉਸ ਵੇਲੇ ਜਿਵੇਂ ਮਘ ਰਹੀ ਸੀ, ਉਵੇਂ ਹੀ ਇਸ ਵੇਲੇ ਧੁਖ ਰਹੀ ਹੈ (138)। ਇਸ ਵਿਚ ਲੇਖਕ ਦੀ ਭੂਮਿਕਾ ਨੂੰ ਪੁਸਤਕ ਦੇ ਪੰਨਾ 140-41 `ਤੇ ਦਰਜ ਕਮਿਸ਼ਨ ਸਾਹਮਣੇ ਦਿੱਤੇ ਬਿਆਨ ਦੇ ਹਵਾਲੇ ਨਾਲ ਸਮਝਿਆ ਜਾ ਸਕਦਾ ਹੈ।
ਪ੍ਰਾਪਤ ਹਵਾਲਿਆਂ ਦੇ ਆਸਰੇ ਨਾਲ ਕਿਹਾ ਜਾ ਸਕਦਾ ਹੈ ਕਿ ਲੇਖਕ ਨੂੰ ਸਪਸ਼ਟਤਾ ਹੈ ਕਿ ਸਿੱਖੀ ਦਾ ਅਤਿਵਾਦ ਨਾਲ ਕੋਈ ਸਬੰਧ ਨਹੀਂ ਹੈ (Sਕਿਹ ਰੲਲਗਿiੋਨ ਅਨਦ ਚੁਲਟੁਰਅਲ ਟਰਅਦਟਿiੋਨਸ ਾੲਰੲ ਅਨਟਟਿਹੲਟਚਿਅਲ ਟੋ ਵiੋਲੲਨਚੲ-140)। ਇਸ ਨਾਲ ਅਸਹਿਮਤੀ ਵਾਲਿਆਂ ਦੀ ਅਸਲ ਵਿਚ ਪੁਸਤਕ ਨੂੰ ਸਿੱਧਿਆਂ ਪੜ੍ਹੇ ਬਿਨਾ ਪੁਸਤਕ ਵਿਚ ਉਣੀਆਂ ਹੋਈਆਂ ਬਾਰੀਕੀਆਂ ਨੂੰ ਸੰਖੇਪ ਕਰਨਾ ਸੌਖਾ ਨਹੀਂ ਹੁੰਦਾ। ਸਿੱਖਾਂ ਦੇ ਆਲੇ-ਦੁਆਲੇ ਪਸਰੀ ਸਿਆਸਤ ਨੇ ਹਾਲਾਤ ਅਜਿਹੇ ਕਰ ਦਿੱਤੇ ਸਨ ਕਿ ਕਿਸੇ ਵੀ ਬਹਾਨੇ, ਕਿਸੇ ਵੀ ਸਿੱਖ ਨੂੰ ਖਬਰੀ ਗਰਦਾਨਿਆ ਜਾ ਸਕਦਾ ਸੀ (148)। ਇਸ ਨਾਲ ਪੱਗ ਅਤੇ ਦਾਹੜੀ ਵਾਲਿਆਂ ਨੂੰ ਬੇਲੋੜੀ ਪੁੱਛ ਗਿੱਛ ਨਾਲ ਜੂਝਣਾ ਪੈ ਰਿਹਾ ਸੀ। ਇਸ ਨਾਲ ਵੱਡਾ ਨੁਕਸਾਨ ਇਹ ਹੋਇਆ ਕਿ ਇਸਲਾਮੀ ਅਤਿਵਾਦ ਨਾਲ ਸਿੱਖਾਂ ਨੂੰ ਨੱਥੀ ਕਰ ਦਿੱਤਾ ਗਿਆ ਅਤੇ ਹੋਰਨਾਂ ਦੀਆਂ ਕੀਤੀਆਂ ਸਿੱਖਾਂ ਨੂੰ ਭੁਗਤਣੀਆਂ ਪੈ ਗਈਆਂ (149)। ਇਸ ਨਾਲ ਸਿੱਖਾਂ ਦੀ ਦਿਆਨਤਦਾਰੀ ਅਤੇ ਮਿਹਨਤ ਖੂਹ ਖਾਤੇ ਪੈਂਦੀ ਰਹੀ।
ਸਾਕਾ ਨੀਲਾ ਤਾਰਾ ਨਾਲ ਜ਼ਖਮੀ ਹੋਈ ਸਿੱਖ ਮਾਨਸਿਕਤਾ ਵਿਚ ਖਾਲਿਸਤਾਨ ਕਿਵੇਂ ਟਿਕ ਗਿਆ, ਇਸ ਨੂੰ ਪੁਸਤਕ ਵਿਚ ਜਿਸ ਤਰ੍ਹਾਂ ਦੱਸਿਆ ਗਿਆ ਹੈ, ਉਸ ਨਾਲ ਸਹਿਮਤ ਨਾ ਹੋ ਕੇ ਵੀ ਅਜਿਹੀਆਂ ਪਰਤਾਂ ਬਾਰੇ ਜਾਣ ਸਕਦੇ ਹਾਂ, ਜੋ ਸਿਆਸਤਦਾਨਾਂ ਨੇ ਬੁਰੀ ਤਰ੍ਹਾਂ ਉਲਝਾ ਦਿੱਤੀਆਂ ਹੋਈਆਂ ਸਨ (152-54, 158)। ਇਸ ਨਾਲ ਜੁੜੀਆਂ ਹੋਈਆਂ ਭਾਰਤ ਸਰਕਾਰ ਦੀਆਂ ਕਾਲੀਆਂ ਸੂਚੀਆਂ (157) ਦਾ ਪ੍ਰਸੰਗ ਉਸਾਰ ਵੀ ਕੀਤਾ ਹੋਇਆ ਹੈ। ਅਜਿਹੀ ਸਥਿਤੀ ਵਿਚ ਲੇਖਕ ਵੱਲੋਂ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਕੈਨੇਡੀਅਨ ਕਾਨੂੰਨ ਮੁਤਾਬਿਕ ਲੜਨ ਦੀ ਜਿਸ ਤਰ੍ਹਾਂ ਪੈਰਵਾਈ ਕੀਤੀ ਗਈ ਸੀ, ਉਹ ਆਪਣੇ ਆਪ ਵਿਚ ਨਵੀਂ ਸ਼ੁਰੂਆਤ ਕਹੀ ਜਾ ਸਕਦੀ ਹੈ (159)। ਇਹ ਸ਼ੁਰੂਆਤ ਲੇਖਕ ਨੇ ਸੋਚ ਸਮਝ ਕੇ ਪ੍ਰਾਪਤ ਨਾਲ ਨਿਭਦਿਆਂ ਕੀਤੀ ਸੀ (165)। ਆਪ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਲੇਖਕ ਉਨ੍ਹਾਂ ਸਭ ਨੂੰ ਨਾਲ ਲੈ ਕੇ ਤੁਰਦਾ ਹੈ, ਜੋ ਸਿੱਖ ਕਹਾਉਣਾ ਚਾਹੁੰਦੇ ਹਨ ਜਾਂ ਸਿੱਖ ਰਹਿਣਾ ਚਾਹੁੰਦੇ ਹਨ (195)। ਪਰਵਾਸ ਵਿਚ ਇਸ ਪਹੁੰਚ ਦੀ ਬਹੁਤ ਲੋੜ ਹੈ।
ਕੈਨੇਡੀਅਨ ਚਾਰਟਰ ਦੇ ਹਵਾਲੇ ਨਾਲ ਜਿਸ ਤਰ੍ਹਾਂ ਲੇਖਕ ਨੇ ਸਿੱਖ ਸੰਘਰਸ਼ ਦੀ ਗੱਲ ਕੀਤੀ ਹੈ, ਉਸ `ਤੇ ਅੱਜ ਵੀ ਪਹਿਰਾ ਦਿੱਤੇ ਜਾਣ ਦੀ ਲੋੜ ਹੈ, ਕਿਉਂਕਿ ਕੈਨੇਡੀਅਨ ਚਾਰਟਰ ਅਤੇ ਸਿੱਖੀ ਦੀ ਵੱਡੀ ਸਾਂਝ ਨੂੰ ਲੇਖਕ ਨੇ ਸਾਹਮਣੇ ਲੈ ਆਂਦਾ ਹੈ (197-99)। ਅਜਿਹੀ ਜਾਗੀ ਹੋਈ ਸੋਚ ਨਾਲ ਕਿਸੇ ਵੀ ਕਿਸਮ ਦੀ ਸਿਆਸਤ ਦਾ ਸਹਿਮਤ ਹੋਣਾ ਬੇਸ਼ੱਕ ਮੁਸ਼ਕਿਲ ਹੈ। ਸਿੱਖ ਸਿਆਸਤ ਤਾਂ ਪੁਸਤਕ ਸਭਿਆਚਾਰ ਤੋਂ ਕੋਰੀ ਹੋਣ ਕਰਕੇ ਜਿਹੋ ਜਿਹੇ ਸ਼ਿਕੰਜਿਆਂ ਵਿਚ ਕਸੀਂਦੀ ਤੁਰੀ ਜਾ ਰਹੀ ਹੈ, ਉਸ ਹਾਲਤ ਵਿਚ ਕੌਣ ਕਿਸ ਨੂੰ ਸਮਝਾਵੇ ਕਿ ਇਸ ਪੁਸਤਕ ਨੂੰ ਲੈ ਕੇ ਸੰਵਾਦ ਛੇੜੇ ਜਾਣ ਦੀ ਲੋੜ ਹੈ। ਪੁਸਤਕ ਰਾਹੀਂ ਸਾਹਮਣੇ ਆ ਰਹੀਆਂ ਚੇਤਨਾ ਪਰਤਾਂ ਨਾਲ ਪੈਰ ਮੇਚ ਕੇ ਨਹੀਂ ਤੁਰਾਂਗੇ ਤਾਂ ਅੰਦਰੋਂ ਤੇ ਬਾਹਰੋਂ ਹੋਣ ਵਾਲੇ ਨੁਕਸਾਨ ਤੋਂ ਆਪਣੇ ਆਪ ਨੂੰ ਵੀ ਨਹੀਂ ਬਚਾ ਸਕਾਂਗੇ। ਅਜਿਹੇ ਸਵਾਲਾਂ ਬਾਰੇ ਸਾਂਝੀ ਸਮਝ ਬਣਾਉਣ ਦੀ ਲੋੜ ਵੱਲ ਇਸ ਪੁਸਤਕ ਰਾਹੀਂ ਜੋ ਕਦਮ ਪੁੱਟਿਆ ਗਿਆ ਹੈ, ਉਸ ਵਾਸਤੇ ਲੇਖਕ ਵਧਾਈ ਦਾ ਪਾਤਰ ਹੈ।