ਸਿੱਖ ਕਤਲੇਆਮ: ਸੱਤ ਕੇਸ ਹੋਰ ਮੁੜ ਖੋਲ੍ਹੇ

ਨਵੀਂ ਦਿੱਲੀ: 1984 ਸਿੱਖ ਕਤਲੇਆਮ ਨਾਲ ਜੁੜੇ ਕੇਸਾਂ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਖਿਲਾਫ ਦਰਜ ਕੇਸ ਸਮੇਤ ਸੱਤ ਕੇਸਾਂ ਦੀ ਜਾਂਚ ਮੁੜ ਖੋਲ੍ਹ ਦਿੱਤੀ ਹੈ। ਇਕ ਕੇਸ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਹੋਏ ਕਤਲੇਆਮ ਨਾਲ ਸਬੰਧਤ ਹੈ।

ਕੇਸ ਮੁੜ ਖੁੱਲ੍ਹਣ ਨਾਲ ਕਮਲ ਨਾਥ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ; ਹਾਲਾਂਕਿ ਸਿੱਖ ਜਥੇਬੰਦੀਆਂ ਵਲੋਂ ਇਹ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ ਕਿ ਕਮਲ ਨਾਥ ਇਸ ਸਮੇਂ ਮੁੱਖ ਮੰਤਰੀ ਹੈ ਤੇ ਉਸ ਦੀ ਪਹੁੰਚ ਜਾਂਚ ਵਿਚ ਅੜਿੱਕਾ ਡਾਹ ਸਕਦੀ ਹੈ। ਦੂਜੇ ਪਾਸੇ ਕਮਲ ਨਾਥ ਖਿਲਾਫ ਕੇਸ ਖੁੱਲ੍ਹਣ ਪਿੱਛੋਂ ਕਾਂਗਰਸ ਦੀਆਂ ਨੀਤੀਆਂ ਉਤੇ ਵੀ ਸਵਾਲ ਉਠ ਰਹੇ ਹਨ। ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਤੋਂ ਬਾਅਦ ਕਮਲ ਨਾਥ ਅਜਿਹਾ ਸੀਨੀਅਰ ਕਾਂਗਰਸੀ ਆਗੂ ਹੈ ਜਿਸ ਖਿਲਾਫ ਪੁਖਤਾ ਸਬੂਤ ਹੋਣ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ ਪਰ ਪਾਰਟੀ ਇਨ੍ਹਾਂ ਤਿੰਨਾਂ ਆਗੂਆਂ ਨੂੰ ਹਮੇਸ਼ਾ ਵੱਡੇ ਅਹੁਦਿਆਂ ਨਾਲ ਨਿਵਾਜਦੀ ਰਹੀ ਹੈ। ਪਿਛਲੇ ਸਾਲ ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣ ਸਮੇਂ ਪਾਰਟੀ ਦੀ ਕਾਫੀ ਆਲੋਚਨਾ ਹੋਈ ਸੀ ਪਰ ਇਸ ਦੀ ਭੋਰਾ ਪਰਵਾਹ ਨਾ ਕੀਤੀ ਗਈ। ਸੱਜਣ ਕੁਮਾਰ ਨੂੰ ਸਜ਼ਾ ਹੋਣ ਤੱਕ ਪਾਰਟੀ ਨੇ ਗਲ ਲਾਈ ਰੱਖਿਆ।
ਕਮਲ ਨਾਥ ਖਿਲਾਫ ਦਰਜ ਕੇਸ (601/84) ਵਿਚ ਮੁਖਤਿਆਰ ਸਿੰਘ ਅਤੇ ਸਾਬਕਾ ਪੱਤਰਕਾਰ ਸੰਜੇ ਸੂਰੀ, ਦੋ ਗਵਾਹ ਹਨ। ਇਨ੍ਹਾਂ ਨੇ ਨਾਨਾਵਤੀ ਕਮਿਸ਼ਨ ਅੱਗੇ ਹਲਫੀਆ ਬਿਆਨ ਦਾਇਰ ਕਰ ਕੇ ਕਮਲ ਨਾਥ ਅਤੇ ਵਸੰਤ ਸਾਠੇ ਵਲੋਂ 1984 ਸਿੱਖ ਕਤਲੇਆਮ ਵਿਚ ਨਿਭਾਈ ਭੂਮਿਕਾ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਹਲਫੀਆ ਬਿਆਨਾਂ `ਚ ਦੱਸਿਆ ਕਿ ਕਿਵੇਂ ਕਮਲ ਨਾਥ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਨੇੜੇ ਹਜੂਮ ਨੂੰ ਹਦਾਇਤਾਂ ਦੇ ਕੇ ਸਿੱਖਾਂ ਦਾ ਕਤਲੇਆਮ ਕਰਵਾਇਆ। ਇਹ ਕੇਸ ਤਕਨੀਕੀ ਕਾਰਨਾਂ ਕਰ ਕੇ ਬੰਦ ਕਰ ਦਿੱਤਾ ਗਿਆ ਸੀ ਤੇ ਕਮਲ ਨਾਥ ਦਾ ਨਾਮ ਜਾਣ-ਬੁੱਝ ਕੇ ਬਾਹਰ ਰੱਖਿਆ ਗਿਆ। ਇਹ ਸੱਤ ਕੇਸ ਵਸੰਤ ਵਿਹਾਰ, ਸਨ ਲਾਈਟ ਕਾਲੋਨੀ, ਕਲਿਆਣਪੁਰੀ, ਪਾਰਲੀਮੈਂਟ ਸਟਰੀਟ, ਕਨਾਟ ਪਲੇਸ, ਪਟੇਲ ਨਗਰ ਤੇ ਸ਼ਾਹਦਰਾ ਪੁਲਿਸ ਸਟੇਸ਼ਨਾਂ ਵਿਚ ਦਰਜ ਐਫ.ਆਈ.ਆਰਾਂ. ਨਾਲ ਸਬੰਧਤ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਮਲ ਨਾਥ ਖਿਲਾਫ ਪੁਖਤਾ ਸਬੂਤ ਹਨ ਤੇ 2 ਗਵਾਹ ਵੀ ਗਵਾਹੀ ਲਈ ਤਿਆਰ ਹਨ।