ਮਿਸ਼ਨ ਚੰਦਰਯਾਨ: ਭਾਰਤ ਇਤਿਹਾਸ ਸਿਰਜਣ ਤੋਂ ਖੁੰਝਿਆ

ਬੰਗਲੁਰੂ: ਪੂਰਾ ਮੁਲਕ ਜਦੋਂ ਸਾਹ ਰੋਕੀ ਚੰਦਰਯਾਨ-2 ਦੀ ਚੰਦਰਮਾ ਦੇ ਦੱਖਣੀ ਧੁਰੇ ‘ਤੇ ‘ਸਾਫਟ ਲੈਂਡਿੰਗ‘ ਦੀ ਬੇਸਬਰੀ ਨਾਲ ਉਡੀਕ ਵਿਚ ਸੀ ਤਾਂ ਐਨ ਆਖਰੀ ਮੌਕੇ ਲੈਂਡਰ ਵਿਚ ਤਕਨੀਕੀ ਨੁਕਸ ਪੈਣ ਨਾਲ ਇਸ ਦਾ ਬੰਗਲੁਰੂ ਵਿਚਲੇ ਖੋਜ ਕੇਂਦਰ ਨਾਲੋਂ ਸੰਪਰਕ ਟੁੱਟ ਗਿਆ।

ਇਸਰੋ ਦੇ ਚੇਅਰਮੈਨ ਕੇ. ਸਿਵਾਨ ਨੇ ਕਿਹਾ ਕਿ ਯੋਜਨਾ ਮੁਤਾਬਕ ਪੜਾਅ ਵਾਰ ਸਭ ਕੁਝ ਠੀਕ ਚੱਲ ਰਿਹਾ ਸੀ ਕਿ ਚੰਦਰਮਾ ਦੀ ਸਤਹਿ ਤੋਂ ਮਹਿਜ਼ 2.1 ਕਿਲੋਮੀਟਰ ਦੂਰੀ ‘ਤੇ ਉਨ੍ਹਾਂ ਦਾ ਵਿਕਰਮ ਲੈਂਡਰ ਨਾਲੋਂ ਸੰਪਰਕ ਟੁੱਟ ਗਿਆ। ਇਸਰੋ ਵਿਗਿਆਨੀਆਂ ਨੇ ਲੈਂਡਿੰਗ ਦੇ ਆਖਰੀ 15 ਮਿੰਟਾਂ ਨੂੰ ਦਹਿਸ਼ਤੀ ਕਰਾਰ ਦਿੱਤਾ ਸੀ। ਲੈਂਡਰ ਨੇ ਇਸ ਪੜਾਅ ਨੂੰ ਸ਼ੁਰੂ ‘ਚ ਤਾਂ ਸੌਖਿਆਂ ਹੀ ਪਾਰ ਕਰ ਲਿਆ ਪਰ ਆਖਰੀ ਪਲਾਂ ‘ਚ ਇਸ ਦਾ ਸੰਪਰਕ ਟੁੱਟ ਗਿਆ। ਹਾਲਾਂਕਿ ਬਾਅਦ ਵਿਚ ‘ਵਿਕਰਮ‘ ਲੈਂਡਰ ਦੀਆਂ ਕੁਝ ਤਸਵੀਰਾਂ ਪ੍ਰਾਪਤ ਹੋਈਆਂ ਹਨ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜੇ ਵੀ ਸੰਪਰਕ ਦੀ ਆਸ ਬਾਕੀ ਹੈ। ਇਸ ਤੋਂ ਪਹਿਲਾਂ ਇਸਰੋ ਸਮੇਤ ਪੂਰੇ ਦੇਸ਼ ਨੂੰ ਲੈਂਡਰ ਵਿਕਰਮ ਦੇ ਧਰਤੀ ਦੀ ਸਤਹਿ ‘ਤੇ ਉਤਰਨ ਵਾਲੇ ਪਲ ਦੀ ਲੰਮੇ ਸਮੇਂ ਤੋਂ ਉਡੀਕ ਸੀ। ਇਸਰੋ ਨੇ ਮਿਸ਼ਨ ਚੰਦਰਯਾਨ ਦੇ ਅਹਿਮ ਪੜਾਵਾਂ ਨੂੰ ਯੋਜਨਾ ਮੁਤਾਬਕ ਮੁਕੰਮਲ ਕੀਤੇ ਜਾਣ ਦਾ ਦਾਅਵਾ ਕੀਤਾ ਸੀ।
ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਨੇ ਲੜੀਵਾਰ ਟਵੀਟਾਂ ਰਾਹੀਂ ਚੰਦਰਯਾਨ-2 ਦੀ ਸਫਲਤਾ ਦਾ ਕਰੋੜਾਂ ਭਾਰਤੀਆਂ ਨੂੰ ਲਾਹਾ ਮਿਲਣ ਦੀ ਗੱਲ ਆਖੀ ਸੀ। ਇਸਰੋ ਚੇਅਰਮੈਨ ਕੇ. ਸਿਵਜਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪਲ ਦੀ ਬੇਸਬਰੀ ਨਾਲ ਉਡੀਕ ਸੀ ਤੇ ਹੁਣ ਤਕ ਸਭ ਕੁਝ ਯੋਜਨਾ ਮੁਤਾਬਕ ਸਿਰੇ ਚੜ੍ਹਿਆ ਹੈ। ‘ਵਿਕਰਮ` ਲੈਂਡਰ ਦੇ ਵੱਡੇ ਤੜਕੇ ਡੇਢ ਤੋਂ ਢਾਈ ਵਜੇ ਦੇ ਦਰਮਿਆਨ ਚੰਦਰਮਾ ਦੀ ਸਤਹਿ `ਤੇ ਉਤਰਨ ਦੀ ਸੰਭਾਵਨਾ ਸੀ। ਜਦੋਂਕਿ ਰੋਵਰ ‘ਪ੍ਰਗਿਆਨ` ਨੇ ਮਿਥੇ ਮੁਤਾਬਕ ਵਿਕਰਮ ਦੀ ਲੈਂਡਿੰਗ ਤੋਂ ਲਗਭਗ ਤਿੰਨ ਘੰਟੇ ਮਗਰੋਂ ਸਵੇਰੇ ਸਾਢੇ ਪੰਜ ਵਜੇ ਤੋਂ ਸਾਢੇ ਛੇ ਵਜੇ ਵਿਚਾਲੇ ਲੈਂਡਰ `ਚੋਂ ਬਾਹਰ ਨਿਕਲਣਾ ਸੀ। ਇਸ ਸਾਫਟ ਲੈਂਡਿੰਗ ਨੂੰ ਦੂਰਦਰਸ਼ਨ, ਇਸਰੋ ਦੀ ਵੈੱਬਸਾਈਟ `ਤੇ ਵੈੱਬਕਾਸਟ ਅਤੇ ਯੂ-ਟਿਊਬ, ਫੇਸਬੁੱਕ ਤੇ ਟਵਿੱਟਰ `ਤੇ ਲਾਈਵ ਵਿਖਾਉਣ ਦੇ ਪ੍ਰਬੰਧ ਕੀਤੇ ਗਏ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਨਲਾਈਨ ਕੁਇਜ ਦੇ ਦਰਜਨਾਂ ਜੇਤੂ ਵਿਦਿਆਰਥੀਆਂ, ਪੱਤਰਕਾਰ ਭਾਈਚਾਰੇ ਦੇ ਇਕ ਵੱਡੇ ਸਮੂਹ ਵੱਲੋਂ ਲੈਂਡਰ ‘ਵਿਕਰਮ` ਦੇ ਚੰਦਰਮਾ ਦੀ ਸਤਹਿ ਵੱਲ ਆਖਰੀ ਸਫਰ ਨੂੰ ਇਸਰੋ ਦੇ ਟੈਲੀਮੈਟਰੀ ਟਰੈਕਿੰਗ ਤੇ ਕਮਾਂਡ ਨੈਟਵਰਕ (ਆਈ.ਐਸ.ਟੀ.ਆਰ.ਏ.ਸੀ.) ਰਾਹੀਂ ਅੱਖੀਂ ਵੇਖਿਆ। 1471 ਕਿਲੋ ਵਜਨੀ ‘ਵਿਕਰਮ` ਦਾ ਨਾਂ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਡਾ. ਵਿਕਰਮ ਏ. ਸਾਰਾਭਾਈ ਦੇ ਨਾਂ `ਤੇ ਰੱਖਿਆ ਗਿਆ ਸੀ। ਜੇਕਰ ਭਾਰਤ ਦਾ ਇਹ ਮਿਸ਼ਨ ਸਫਲ ਰਹਿੰਦਾ ਹੈ ਤਾਂ ਉਹ ਰੂਸ, ਅਮਰੀਕਾ ਤੇ ਚੀਨ ਮਗਰੋਂ ਅਜਿਹਾ ਕਰਨ ਵਾਲਾ ਚੌਥਾ ਮੁਲਕ ਬਣ ਜਾਵੇਗਾ।
____________________________________
ਸਾਨੂੰ ਆਪਣੇ ਵਿਗਿਆਨੀਆਂ ‘ਤੇ ਮਾਣ: ਮੋਦੀ
ਬੰਗਲੂਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਦਿਲ ਨਾ ਛੱਡਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਵਿਗਿਆਨ, ਦੇਸ਼ ਤੇ ਮਨੁੱਖ ਜਾਤੀ ਦੀ ਬਹੁਤ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸਰੋ ਦਾ ਸਫਰ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਉਹ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਸਰੋ ਵਿਗਿਆਨੀਆਂ ‘ਤੇ ਮਾਣ ਹੈ। ਉਨ੍ਹਾਂ ਵਿਗਿਆਨੀਆਂ ਨੂੰ ਹੁਣ ਤਕ ਦੇ ਸਫਰ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਇਕ ਟਵੀਟ ਵਿਚ ਕਿਹਾ ਕਿ ਇਹ ਹਿੰਮਤ ਵਿਖਾਉਣ ਦਾ ਵੇਲਾ ਹੈ। ਅਸੀਂ ਅਜੇ ਵੀ ਆਸਵੰਦ ਹਾਂ ਤੇ ਆਪਣੇ ਪੁਲਾੜ ਪ੍ਰੋਗਰਾਮ ਨੂੰ ਲੈ ਕੇ ਸਖਤ ਮਿਹਨਤ ਕਰਨੀ ਜਾਰੀ ਰੱਖਾਂਗੇ।
____________________________________
60 ਸਾਲਾਂ ‘ਚ 40 ਫੀਸਦੀ ਅਸਫਲ ਰਹੇ ਚੰਦਰਮਾ ਮਿਸ਼ਨ
ਨਵੀਂ ਦਿੱਲੀ: ਚੰਦਰਯਾਨ-2 ਦੀ ਅਸਫਲਤਾ ਨਾਲ ਪੂਰਾ ਦੇਸ਼ ਗਮਗੀਨ ਹੈ। ਸਾਰਿਆਂ ਦੇ ਮਨਾਂ ਵਿਚ ਇਹੀ ਸਵਾਲ ਉੱਠਦਾ ਹੈ ਕਿ ਆਖਰ ਗਲਤੀ ਕਿੱਥੇ ਹੋਈ? ਇਸ ਦੌਰਾਨ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਪਿਛਲੇ 6 ਦਹਾਕਿਆਂ ਵਿਚ ਚੰਦਰਮਾ ਮਿਸ਼ਨ ਵਿਚ ਸਫ਼ਲਤਾ 60 ਫੀਸਦੀ ਮੌਕਿਆਂ ‘ਤੇ ਮਿਲੀ ਹੈ। ਨਾਸਾ ਅਨੁਸਾਰ ਇਸ ਦੌਰਾਨ 109 ਚੰਦਰਮਾ ਮਿਸ਼ਨ ਸ਼ੁਰੂ ਕੀਤੇ ਗਏ, ਜਿਸ ਵਿਚੋਂ 61 ਸਫਲ ਰਹੇ ਅਤੇ 48 ਅਸਫਲ।