ਕਰਤਾਰਪੁਰ ਲਾਂਘਾ: ਪਾਕਿਸਤਾਨ ਨੇ ਵੀਜ਼ਾ ਮੁਕਤ ਦਾਖਲੇ ਲਈ ਭਰੀ ਹਾਮੀ

ਅਟਾਰੀ: ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਲਾਂਘੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਅਟਾਰੀ ਸਰਹੱਦ ‘ਤੇ ਹੋਈ ਤੀਜੀ ਮੀਟਿੰਗ ਦੌਰਾਨ ਭਾਵੇਂ ਦੋਵੇਂ ਮੁਲਕ ਕੁਝ ਮੁੱਦਿਆਂ ‘ਤੇ ਸਹਿਮਤੀ ਨਹੀਂ ਬਣਾ ਸਕੇ, ਪਰ ਪਾਕਿਸਤਾਨ ਨੇ ਭਾਰਤੀ ਯਾਤਰੂਆਂ ਨੂੰ ਬਿਨਾਂ ਵੀਜ਼ਾ ਦੇ ਅਤੇ ਰੋਜ਼ਾਨਾ ਪੰਜ ਹਜ਼ਾਰ ਯਾਤਰੂਆਂ ਨੂੰ ਗੁਰਦੁਆਰੇ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਹਾਮੀ ਭਰ ਦਿੱਤੀ ਹੈ।
ਮੀਟਿੰਗ ਦੌਰਾਨ ਭਾਰਤ ਨੇ ਜਿਥੇ ਯਾਤਰੂਆਂ ‘ਤੇ ਫੀਸ ਲਾਉਣ ਦੀ ਪਾਕਿਸਤਾਨੀ ਤਜਵੀਜ਼ ਦਾ ਵਿਰੋਧ ਕੀਤਾ, ਉਥੇ ਪਾਕਿਸਤਾਨ ਨੇ ਵਾਰੀ ਦਾ ਵੱਟਾ ਲਾਉਂਦਿਆਂ ਪ੍ਰੋਟੋਕਾਲ ਅਧਿਕਾਰੀ ਭੇਜਣ ਦੀ ਭਾਰਤੀ ਮੰਗ ਖਾਰਜ ਕਰ ਦਿੱਤੀ।

ਸਕੱਤਰ ਪੱਧਰ ਦੀ ਤੀਜੇ ਦੌਰ ਦੀ ਮੀਟਿੰਗ ਵਿਚ ਪਾਕਿਸਤਾਨ ਵੱੱਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤੇ ਦੱਖਣੀ ਏਸ਼ੀਆ ਤੇ ਸਾਰਕ ਮੁਲਕਾਂ ਦੇ ਮਾਮਲਿਆਂ ਦੇ ਡਾਇਰੈਕਟਰ ਜਨਰਲ ਮੁਹੰਮਦ ਫੈਸਲ ਦੀ ਅਗਵਾਈ ਹੇਠ ਲਗਭਗ 20 ਮੈਂਬਰੀ ਵਫਦ ਨੇ ਸ਼ਮੂਲੀਅਤ ਕੀਤੀ। ਭਾਰਤ ਵੱਲੋਂ ਇਸ ਮੀਟਿੰਗ ਦੀ ਅਗਵਾਈ ਗ੍ਰਹਿ ਮੰਤਰਾਲੇ ਦੇ ਜੁਆਇੰਟ ਸਕੱਤਰ ਐਸ.ਸੀ.ਐਲ. ਦਾਸ ਨੇ ਕੀਤੀ। ਉਨ੍ਹਾਂ ਨਾਲ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ ਦੀਪਕ ਮਿੱਤਲ ਅਤੇ ਪੰਜਾਬ ਸਰਕਾਰ ਵੱਲੋਂ ਸਕੱਤਰ ਹੁਸਨ ਲਾਲ ਹਾਜ਼ਰ ਸਨ।
ਮੀਟਿੰਗ ਦੌਰਾਨ ਪਾਕਿਸਤਾਨ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਆਉਣ ਵਾਲੇ ਹਰ ਯਾਤਰੂ ‘ਤੇ ਲਾਈ ਗਈ 20 ਅਮਰੀਕੀ ਡਾਲਰ ਦੀ ਫੀਸ ਅਤੇ ਭਾਰਤ ਵੱਲੋਂ ਲਾਂਘੇ ਰਾਹੀਂ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੂਆਂ ਨਾਲ ਪ੍ਰੋਟੋਕੋਲ ਅਧਿਕਾਰੀ ਭੇਜਣ ਦੇ ਮੁੱਦਿਆਂ ‘ਤੇ ਦੋਵੇਂ ਪਾਸੇ ਸਹਿਮਤੀ ਨਹੀਂ ਬਣ ਸਕੀ। ਭਾਰਤ ਨੇ ਯਾਤਰੂਆਂ ‘ਤੇ ਫੀਸ ਲਾਉਣ ਦੀ ਤਜਵੀਜ਼ ਦਾ ਵਿਰੋਧ ਕਰਦਿਆਂ ਆਖਿਆ ਕਿ ਕਿਸੇ ਵੀ ਗੁਰਦੁਆਰੇ ਵਿਚ ਦਰਸ਼ਨ ਕਰਨ ਲਈ ਕੋਈ ਫੀਸ ਨਹੀਂ ਹੁੰਦੀ। ਇਸੇ ਤਰ੍ਹਾਂ ਭਾਰਤ ਵੱਲੋਂ ਯਾਤਰੂਆਂ ਦੇ ਨਾਲ ਪ੍ਰੋਟੋਕੋਲ ਅਧਿਕਾਰੀ ਭੇਜਣ ਦੀ ਤਜਵੀਜ਼ ਨੂੰ ਪਾਕਿਸਤਾਨ ਨੇ ਰੱਦ ਕਰ ਦਿੱਤਾ। ਮੀਟਿੰਗ ਉਪਰੰਤ ਗ੍ਰਹਿ ਮੰਤਰਾਲੇ ਦੇ ਜੁਆਇੰਟ ਸਕੱਤਰ ਐਸ.ਸੀ.ਐਲ. ਦਾਸ ਨੇ ਦੱਸਿਆ ਕਿ ਉਪਰੋਕਤ ਦੋਵਾਂ ਮੁੱਦਿਆਂ ਨੂੰ ਛੱਡ ਕੇ ਬਾਕੀ ਮੁੱਦਿਆਂ ਉਤੇ ਸਹਿਮਤੀ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਲਾਂਘੇ ਰਾਹੀਂ ਯਾਤਰੂ ਬਿਨਾਂ ਵੀਜ਼ਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕ ਸਕਣਗੇ। ਯਾਤਰੂਆਂ ਨੂੰ ਇਕ ਦਿਨ ਵਿਚ ਹੀ ਮੱਥਾ ਟੇਕਣ ਉਪਰੰਤ ਵਾਪਸ ਪਰਤਣਾ ਹੋਵੇਗਾ। ਕੋਈ ਵੀ ਭਾਰਤ ਵਾਸੀ ਜਿਸ ਕੋਲ ਪਾਸਪੋਰਟ ਹੈ, ਇਹ ਯਾਤਰਾ ਕਰ ਸਕੇਗਾ। ਇਸ ਤੋਂ ਇਲਾਵਾ ਭਾਰਤੀ ਮੂਲ ਦੇ ਵਸਨੀਕ, ਜੋ ਵਿਦੇਸ਼ਾਂ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਓ.ਸੀ.ਆਈ. (ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ) ਕਾਰਡ ਹੈ, ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨੇ ਰੋਜ਼ਾਨਾ ਪੰਜ ਹਜ਼ਾਰ ਯਾਤਰੂਆਂ ਨੂੰ ਇਸ ਲਾਂਘੇ ਰਾਹੀਂ ਗੁਰਦੁਆਰੇ ਦੇ ਦਰਸ਼ਨ ਕਰਾਉਣ ਲਈ ਸਹਿਮਤੀ ਦਿੱਤੀ ਹੈ।
ਭਾਰਤ ਨੇ ਵਿਸਾਖੀ ਅਤੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਮੇਤ ਵਿਸ਼ੇਸ਼ ਮੌਕਿਆਂ ਉਤੇ 10 ਤੋਂ 15 ਹਜ਼ਾਰ ਯਾਤਰੂਆਂ ਨੂੰ ਮੱਥਾ ਟੇਕਣ ਲਈ ਭੇਜਣ ਦੀ ਮੰਗ ਰੱਖੀ ਹੈ, ਜਿਸ ਨੂੰ ਪਾਕਿਸਤਾਨ ਨੇ ਹਾਲ ਦੀ ਘੜੀ ਸਵੀਕਾਰ ਨਹੀਂ ਕੀਤਾ ਹੈ। ਪਾਕਿਸਤਾਨ ਨੇ ਕਿਹਾ ਕਿ ਉਹ ਹੌਲੀ ਹੌਲੀ ਯਾਤਰੂਆਂ ਦੀ ਸਮਰੱਥਾ ਵਿਚ ਵਾਧਾ ਕਰੇਗਾ ਕਿਉਂਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਲੋੜੀਂਦੇ ਢਾਂਚੇ ਦੀ ਵੀ ਲੋੜ ਹੈ। ਮੀਟਿੰਗ ਦੌਰਾਨ ਬੁੱਢੀ ਰਾਵੀ ਨਾਲੇ ‘ਤੇ ਪੁਲ ਬਣਾਉਣ ਦਾ ਮਾਮਲਾ ਵੀ ਵਿਚਾਰਿਆ ਗਿਆ, ਪਰ ਪਾਕਿਸਤਾਨ ਨੇ ਅਜੇ ਪੁਲ ਬਣਾਉਣ ਤੋਂ ਅਸਮਰੱਥਾ ਪ੍ਰਗਟਾਈ ਹੈ। ਦੋਵਾਂ ਧਿਰਾਂ ਵੱਲੋਂ ਫਿਲਹਾਲ ਇਕ ਸਲਿਪ ਰੋਡ ਬਣਾਉਣ ਉਤੇ ਸਹਿਮਤੀ ਬਣੀ ਹੈ ਤਾਂ ਜੋ ਲਾਂਘੇ ਦੀ ਸ਼ੁਰੂਆਤ ਨਵੰਬਰ ਮਹੀਨੇ ਵਿਚ ਨਿਰਧਾਰਿਤ ਸਮੇਂ ‘ਤੇ ਕੀਤੀ ਜਾ ਸਕੇ। ਇਹ ਆਰਜ਼ੀ ਪ੍ਰਬੰਧ ਹੋਵੇਗਾ ਅਤੇ ਮਗਰੋਂ ਬੁੱਢੀ ਰਾਵੀ ਨਾਲਾ ‘ਤੇ ਪੁਲ ਉਸਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਯਾਤਰੂਆਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਭਾਰਤੀ ਅਧਿਕਾਰੀਆਂ ਨੇ ਖਾਲਿਸਤਾਨ ਪੱਖੀ ਜਾਂ ਹੋਰ ਜਥੇਬੰਦੀਆਂ ਵੱਲੋਂ ਲਾਂਘੇ ਦੀ ਦੁਰਵਰਤੋਂ ਨਾ ਕਰਨ ਦੀ ਮੰਗ ਵੀ ਰੱਖੀ। ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੂਆਂ ਨੂੰ ਲੰਗਰ ਅਤੇ ਪ੍ਰਸਾਦਿ ਵੀ ਪਾਕਿਸਤਾਨ ਵੱਲੋਂ ਮੁਹੱਈਆ ਕੀਤਾ ਜਾਵੇਗਾ। ਇਕ ਭਾਰਤੀ ਅਧਿਕਾਰੀ ਨੇ ਦੱਸਿਆ ਕਿ ਪ੍ਰੋਟੋਕਾਲ ਅਧਿਕਾਰੀ ਭੇਜਣ ਸਬੰਧੀ ਭਾਰਤ ਦੀ ਮੰਗ ਪ੍ਰਤੀ ਪਾਕਿਸਤਾਨੀ ਅਧਿਕਾਰੀਆਂ ਦਾ ਰਵੱਈਆ ਪੂਰੀ ਤਰ੍ਹਾਂ ਨਾਂਹ ਪੱਖੀ ਸੀ। ਇਸੇ ਤਰ੍ਹਾਂ ਯਾਤਰੂ ਫੀਸ ਲਾਉਣ ਬਾਰੇ ਵੀ ਉਹ ਪੂਰੀ ਤਰ੍ਹਾਂ ਬਜ਼ਿੱਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਾਂਘੇ ਦੀ ਉਸਾਰੀ ਲਈ ਪਾਕਿਸਤਾਨ ਨੇ ਕਰੋੜਾਂ ਰੁਪਏ ਖਰਚੇ ਹਨ। ਭਾਰਤੀ ਅਧਿਕਾਰੀਆਂ ਨੇ ਡੇਰਾ ਬਾਬਾ ਨਾਨਕ ਵਿਚ ਯਾਤਰੂ ਟਰਮੀਨਲ ਬਣਾਉਣ ਸਬੰਧੀ ਚੱਲ ਰਹੇ ਕੰਮ ਬਾਰੇ ਵੀ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਯਾਤਰੂ ਟਰਮੀਨਲ ਅਤੇ ਚਹੁੰ ਮਾਰਗੀ ਸੜਕ ਦਾ ਕੰਮ ਨਿਰਧਾਰਿਤ ਸਮੇਂ ਵਿਚ ਮੁਕੰਮਲ ਹੋਵੇਗਾ।
____________________________
ਸਿੱਖ ਸ਼ਰਧਾਲੂਆਂ ਨੂੰ ਦੋ ਵਰਗਾਂ ‘ਚ ਵੰਡਣ ਦੀ ਤਿਆਰੀ
ਇਸਲਾਮਾਬਾਦ: ਕਰਤਾਰਪੁਰ ‘ਚ ਦਰਬਾਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਨੇ ਦੋ ਵਰਗਾਂ ‘ਚ ਵੰਡਣ ਦਾ ਫੈਸਲਾ ਲਿਆ ਹੈ। ਮੀਡੀਆ ਰਿਪੋਰਟ ਮੁਤਾਬਕ ਇਕ ਵਰਗ ‘ਚ ਭਾਰਤ ਦੇ ਅਤੇ ਦੂਜੇ ‘ਚ ਬਾਕੀ ਦੁਨੀਆਂ ਦੇ ਸਿੱਖ ਸ਼ਰਧਾਲੂ ਸ਼ਾਮਲ ਹੋਣਗੇ। ਡਾਅਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸਿੱਖ ਸ਼ਰਧਾਲੂਆਂ ਲਈ ਆਨਲਾਈਨ ਵੀਜ਼ਾ ਪ੍ਰਣਾਲੀ ‘ਚ ਧਾਰਮਿਕ ਸੈਰ ਸਪਾਟਾ ਵਰਗ ਜੋੜਨ ਦਾ ਫੈਸਲਾ ਲਿਆ ਹੈ। ਰਿਪੋਰਟ ਮੁਤਾਬਕ ਵਿਦੇਸ਼ ਮੰਤਰਾਲੇ ਵੱਲੋਂ ਵੀਜ਼ਾ ਅਰਜ਼ੀਆਂ ਨੂੰ ਦੋ ਵੱਖੋ ਵੱਖਰੇ ਵਰਗਾਂ ‘ਚ ਰੱਖਿਆ ਜਾਵੇਗਾ। ਪਹਿਲੇ ਵਰਗ ‘ਚ ਭਾਰਤੀ ਮੂਲ ਦੇ ਦੁਨੀਆਂ ‘ਚ ਵਸਦੇ ਸਿੱਖ ਸ਼ਰਧਾਲੂ ਹੋਣਗੇ ਜਦਕਿ ਦੂਜੇ ‘ਚ ਭਾਰਤ ਆਧਾਰਿਤ ਸਿੱਖ ਸ਼ਰਧਾਲੂ ਹੋਣਗੇ। ਪ੍ਰਸਤਾਵਿਤ ਕਦਮ ਲਈ ਵਿਦੇਸ਼ ਮੰਤਰਾਲੇ ਵੱਲੋਂ ਕੈਬਨਿਟ ਤੋਂ ਨੀਤੀ ‘ਚ ਸੋਧ ਕਰਨ ਦੀ ਮੰਗ ਕੀਤੀ ਜਾਵੇਗੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀਆਂ ਵੀਜ਼ਾ ਅਰਜ਼ੀਆਂ ਦਾ ਨਿਬੇੜਾ ਸੱਤ ਤੋਂ 10 ਦਿਨਾਂ ਦੇ ਅੰਦਰ ਕੀਤਾ ਜਾਵੇਗਾ।
____________________________
ਯਾਤਰੂਆਂ ‘ਤੇ ਫੀਸ ਲਾਉਣ ਦੀ ਨਿਖੇਧੀ
ਅੰਮ੍ਰਿਤਸਰ: ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਲਾਂਘੇ ਦੇ ਸ਼ੁਰੂ ਹੋਣ ਮਗਰੋਂ ਦਰਸ਼ਨ ਲਈ ਜਾਣ ਵਾਲੇ ਹਰ ਯਾਤਰੂ ਕੋਲੋਂ ਪਾਕਿਸਤਾਨ ਵੱਲੋਂ 20 ਅਮਰੀਕੀ ਡਾਲਰ ਸਰਵਿਸ ਫੀਸ ਵਜੋਂ ਵਸੂਲੇ ਜਾਣ ਦੀ ਪ੍ਰਸਤਾਵਿਤ ਯੋਜਨਾ ਦਾ ਸਿੱਖ ਸ਼ਖਸੀਅਤਾਂ ਨੇ ਵੀ ਵਿਰੋਧ ਕੀਤਾ ਹੈ। ਇਸ ਤੋਂ ਪਹਿਲਾਂ ਲਾਂਘੇ ਸਬੰਧੀ ਹੋਈ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਮੀਟਿੰਗ ਵਿਚ ਕੇਂਦਰੀ ਤੇ ਪੰਜਾਬ ਦੇ ਅਧਿਕਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਚੁੱਕਾ ਹੈ। ਫਿਲਹਾਲ ਪਾਕਿਸਤਾਨ ਇਹ ਯਾਤਰੂ ਜਾਂ ਸਰਵਿਸ ਫੀਸ ਲਾਉਣ ਲਈ ਬਜ਼ਿੱਦ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਲਈ ਜਾਣ ਵਾਸਤੇ ਕੋਈ ਫੀਸ ਨਹੀਂ ਹੋਣੀ ਚਾਹੀਦੀ। ਉਨ੍ਹਾਂ ਆਖਿਆ ਕਿ ਗੁਰੂ ਘਰ ਹਰ ਧਰਮ ਅਤੇ ਹਰ ਵਰਗ ਦੇ ਲੋਕਾਂ ਲਈ ਖੁੱਲ੍ਹੇ ਹਨ ਅਤੇ ਗੁਰਦੁਆਰੇ ਜਾਣ ਵਾਸਤੇ ਕਿਸੇ ਨੂੰ ਕੋਈ ਫੀਸ ਨਹੀਂ ਦੇਣੀ ਪੈਂਦੀ।