ਕਾਂਗਰਸ, ‘ਆਪ` ਤੇ ਅਕਾਲੀ-ਭਾਜਪਾ ਲਈ ਵੱਡੀ ਚੁਣੌਤੀ ਹੋਣਗੀਆਂ ਜ਼ਿਮਨੀ ਚੋਣਾਂ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ ਉਪ ਚੋਣਾਂ ਸਿਰ ਉਤੇ ਹਨ। ਸਿਆਸੀ ਪਾਰਟੀਆਂ ਵਿਚ ਵੀ ਹਿਲਜੁਲ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਹੁਣ ਤੱਕ ਸਾਰੀਆਂ ਸੀਟਾਂ ਉਤੇ ਚੋਣਾਂ ਲੜਨ ਦਾ ਐਲਾਨ ਕਰ ਚੁੱਕੀ ਹੈ। ਜਦੋਂ ਕਿ ਲੋਕ ਇਨਸਾਫ ਪਾਰਟੀ ਵੱਲੋਂ ਦਾਖਾ ਅਤੇ ਫਗਵਾੜਾ ਦੋ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕੀਤੇ ਜਾਣ ਦੇ ਆਸਾਰ ਹਨ। ਇਹ ਉਪ ਚੋਣਾਂ ਹੁਕਮਰਾਨ ਕਾਂਗਰਸ, ‘ਆਪ` ਅਤੇ ਅਕਾਲੀ-ਭਾਜਪਾ ਗੱਠਜੋੜ ਲਈ ਚੁਣੌਤੀ ਤੋਂ ਘੱਟ ਨਹੀਂ ਹਨ,

ਕਿਉਂਕਿ ਇਨ੍ਹਾਂ ਚੋਣਾਂ ਦੇ ਨਤੀਜੇ ਇਨ੍ਹਾਂ ਤਿੰਨਾਂ ਪਾਰਟੀਆਂ ਦੀ ਭਵਿੱਖ ਦੀ ਰਾਜਨੀਤੀ ਦੀ ‘ਦਿਸ਼ਾ ਅਤੇ ਦਸ਼ਾ` ਤੈਅ ਕਰਨ ਵਾਲੇ ਹੋਣਗੇ।
ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ‘ਆਪ` ਦੇ ਅਸਤੀਫਾ ਦੇ ਚੁੱਕੇ ਵਿਧਾਇਕਾਂ ਦੇ ਅਸਤੀਫੇ ਲਟਕਾਈ ਰੱਖਣ ਤੋਂ ਇਹੀ ਪ੍ਰਭਾਵ ਬਣਦਾ ਹੈ ਕਿ ਕਾਂਗਰਸ ਇਹ ਸਮਝਦੀ ਹੈ ਕਿ ਜੇਕਰ ਬਹੁਤ ਜ਼ਿਆਦਾ ਥਾਵਾਂ `ਤੇ ਉਪ ਚੋਣ ਹੁੰਦੀ ਹੈ ਤਾਂ ਸ਼ਾਇਦ ਉਹ ਹੁਕਮਰਾਨ ਹੋਣ ਕਾਰਨ ਹੋਣ ਵਾਲੇ ਫਾਇਦੇ ਨਹੀਂ ਉਠਾ ਸਕੇਗੀ। ਭਾਵੇਂ ਆਮ ਤੌਰ `ਤੇ ਇਹ ਸਮਝਿਆ ਜਾਂਦਾ ਹੈ ਕਿ ਉਪ ਚੋਣਾਂ ਵਿਚ ਹੁਕਮਰਾਨ ਪਾਰਟੀ ਹੀ ਜੇਤੂ ਰਹਿੰਦੀ ਹੈ ਪਰ ਵਿਧਾਨ ਸਭਾ ਦੀਆਂ 2017 ਅਤੇ ਲੋਕ ਸਭਾ ਦੀਆਂ 2019 ਦੀਆਂ ਚੋਣਾਂ ਵਿਚ ਪਈਆਂ ਵੋਟਾਂ ਦੇ ਅੰਕੜੇ ਤੇ ਤੱਥ ਜਿਸ ਸਥਿਤੀ ਵੱਲ ਇਸ਼ਾਰਾ ਕਰ ਰਹੇ ਹਨ, ਉਨ੍ਹਾਂ ਤੋਂ ਜਾਪਦਾ ਹੈ ਕਿ ਜਲਾਲਾਬਾਦ ਤੇ ਮੁਕੇਰੀਆਂ ਹਲਕਿਆਂ ਵਿਚ ਕਾਂਗਰਸ ਲਈ ਉਪ ਚੋਣ ਜਿੱਤਣਾ ‘ਖਾਲਾ ਜੀ ਦਾ ਵਾੜਾ` ਨਹੀਂ ਹੋਵੇਗਾ ਜਦੋਂ ਕਿ ਦਾਖਾ ਅਤੇ ਫਗਵਾੜਾ ਵਿਚ ਵੀ ਮੁਕਾਬਲਾ ਸਖਤ ਹੋਣ ਦੇ ਆਸਾਰ ਜਾਪਦੇ ਹਨ। ਭਾਵੇਂ ‘ਆਪ` ਨੇ ਸਾਰੀਆਂ ਉਪ ਚੋਣਾਂ ਲੜਨ ਦਾ ਫੈਸਲਾ ਕਰ ਲਿਆ ਹੈ ਪਰ ਅੰਕੜੇ ਤੇ ਸਥਿਤੀਆਂ ‘ਆਪ` ਦੇ ਹੱਕ ਵਿਚ ਨਹੀਂ ਜਾਪਦੀਆਂ।
ਤੀਜੇ ਪਾਸੇ ਪੰਜਾਬ ਵਿਚ ਅਜੇ ਵੀ ਅਕਾਲੀ ਦਲ ਨੂੰ ਲੋਕ ਬੇਅਦਬੀਆਂ ਲਈ ਮੁਆਫ ਕਰਦੇ ਨਹੀਂ ਦਿਖਦੇ। ਪਰ ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋੜ ਨੂੰ ਸ਼ਹਿਰੀ ਖੇਤਰਾਂ ਵਿਚ ਵਧੀ ਵੋਟ ਇਹ ਪ੍ਰਭਾਵ ਦਿੰਦੀ ਹੈ ਕਿ ਹਿੰਦੂ ਵੋਟ ਵਿਚ ਮੋਦੀ ਲਹਿਰ ਦਾ ਅਸਰ ਸੀ। ਦੂਜੇ ਪਾਸੇ ਉਪ ਚੋਣਾਂ ਵਾਲੇ ਵਿਧਾਨ ਸਭਾ ਹਲਕਿਆਂ ਵਿਚੋਂ 3 ਦੇ ਤੱਥ ਤੇ ਅੰਕੜੇ ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿਚ ਜਾਂਦੇ ਹਨ ਜਦੋਂ ਕਿ ਦਾਖਾ ਵਿਧਾਨ ਸਭਾ ਚੋਣ ਵਿਚ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਦੇ ਤੱਥ ਤੇ ਅੰਕੜੇ ਲੋਕ ਇਨਸਾਫ ਪਾਰਟੀ ਨੂੰ ਅਕਾਲੀ ਦਲ ਤੋਂ ਉੱਪਰ ਦਿਖਾ ਰਹੇ ਹਨ। ਲੋਕ ਸਭਾ ਚੋਣ ਵਿਚ ‘ਆਪ` ਵੱਲੋਂ ਵਿਧਾਨ ਸਭਾ ਵਿਚ ਲਈ ਗਈ ਕਾਫੀ ਵੋਟ ਲੋਕ ਇਨਸਾਫ ਪਾਰਟੀ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ ਪਈ ਲੱਗਦੀ ਹੈ।
ਇਹ ਉਪ ਚੋਣਾਂ ਭਾਜਪਾ ਲਈ ਨਹੀਂ ਸਗੋਂ ਅਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਲਈ ਬਹੁਤ ਜ਼ਿਆਦਾ ਅਹਿਮ ਹਨ। ਇਨ੍ਹਾਂ 4 ਉਪ ਚੋਣਾਂ ਵਿਚ ਅਕਾਲੀ ਦਲ ਤੇ ਭਾਜਪਾ ਵੱਲੋਂ 2-2 ਸੀਟਾਂ ਲੜੇ ਜਾਣ ਦੇ ਆਸਾਰ ਹਨ। ਇਹ ਸਪੱਸ਼ਟ ਹੈ ਕਿ ਜੇਕਰ ਅਕਾਲੀ ਦਲ ਆਪਣੇ ਹਿੱਸੇ ਦੀਆਂ ਦੋਵੇਂ ਸੀਟਾਂ ਜਿੱਤ ਜਾਂਦਾ ਹੈ ਤਾਂ ਉਹ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਸੱਤਾ ਵਿਚ ਵਾਪਸੀ ਵੱਲ ਇਕ ਮਜ਼ਬੂਤ ਕਦਮ ਮੰਨਿਆ ਜਾਵੇਗਾ ਪਰ ਜੇਕਰ ਅਕਾਲੀ ਦਲ ਇਹ ਦੋਵੇਂ ਸੀਟਾਂ ਹਾਰ ਗਿਆ ਤਾਂ ਯਕੀਨੀ ਤੌਰ ‘ਤੇ ਇਹ ਹਾਰ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਾਜਨੀਤੀ ਦੀ ਹਾਰ ‘ਤੇ ਇਕ ਮੋਹਰ ਲੱਗਣ ਵਰਗੀ ਗੱਲ ਹੋਵੇਗੀ। ਦਾਖਾ ਵਿਧਾਨ ਸਭਾ ਹਲਕੇ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਐਚ.ਐਸ. ਫੂਲਕਾ 58,923 ਵੋਟਾਂ ਲੈ ਕੇ ਜਿੱਤੇ ਸਨ। ਉਨ੍ਹਾਂ ਦੇ ਮੁਕਾਬਲੇ ਅਕਾਲੀ-ਭਾਜਪਾ ਗੱਠਜੋੜ ਦੇ ਮਨਪ੍ਰੀਤ ਸਿੰਘ ਇਆਲੀ ਨੂੰ 54,754 ਵੋਟਾਂ ਪਈਆਂ ਸਨ। ਪਰ ਇਨ੍ਹਾਂ ਚੋਣਾਂ ਵਿਚ ਕੈਪਟਨ ਦੇ ਹੱਕ ਵਿਚ ਲਹਿਰ ਬਣ ਜਾਣ ਦੇ ਬਾਵਜੂਦ ਕਾਂਗਰਸੀ ਉਮੀਦਵਾਰ ਹਾਰਨ ਵਾਲੇ ਅਕਾਲੀ ਉਮੀਦਵਾਰ ਤੋਂ ਵੀ 16 ਹਜ਼ਾਰ ਵੋਟਾਂ ਪਿੱਛੇ ਰਹਿ ਗਏ ਸਨ। ਕਾਂਗਰਸ ਦੇ ਉਮੀਦਵਾਰ ਮੇਜਰ ਸਿੰਘ ਭੈਣੀ ਨੂੰ 28,571 ਵੋਟਾਂ ਹੀ ਮਿਲੀਆਂ ਸਨ।
ਹੁਣ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਵੇਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਲੁਧਿਆਣਾ ਸੀਟ ਜਿੱਤ ਗਏ ਪਰ ਲੁਧਿਆਣਾ ਵਿਚ ਪੈਂਦੇ ਵਿਧਾਨ ਸਭਾ ਹਲਕੇ ਦਾਖਾ ਵਿਚ ਉਹ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਤੋਂ ਥੋੜ੍ਹਾ ਪਿੱਛੇ ਹੀ ਰਹੇ। ਇਥੋਂ ਬੈਂਸ ਨੂੰ 44,938 ਵੋਟਾਂ ਪਈਆਂ ਅਤੇ ਬਿੱਟੂ ਨੂੰ 43,644 ਵੋਟਾਂ ਮਿਲੀਆਂ। ਇਥੋਂ ਅਕਾਲੀ ਦਲ 2017 ਨਾਲੋਂ ਵੀ ਬਹੁਤ ਹੇਠਾਂ ਚਲਾ ਗਿਆ। ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ 28,896 ਵੋਟਾਂ ਹੀ ਮਿਲੀਆਂ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਲਾਲਾਬਾਦ ਹਲਕੇ ਤੋਂ ਉਸ ਵੇਲੇ ਦੇ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 75,271 ਵੋਟਾਂ ਲਈਆਂ ਸਨ। ਦੂਜੇ ਨੰਬਰ ‘ਤੇ ‘ਆਪ‘ ਦੇ ਭਗਵੰਤ ਮਾਨ ਰਹੇ ਸਨ, ਜਿਨ੍ਹਾਂ ਨੇ 56,771 ਵੋਟਾਂ ਪ੍ਰਾਪਤ ਕੀਤੀਆਂ, ਜਦੋਂ ਕਿ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ 31,539 ਵੋਟਾਂ ਲੈ ਕੇ ਤੀਸਰੇ ਨੰਬਰ ‘ਤੇ ਰਹੇ ਸਨ। ਪਰ ਹੁਣ ਲੋਕ ਸਭਾ ਚੋਣਾਂ ਵਿਚ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਚੋਣਾਂ ਨਾਲੋਂ ਵੀ ਕਰੀਬ ਸਾਢੇ 13 ਹਜ਼ਾਰ ਵੋਟਾਂ ਵਧੇਰੇ ਲੈਣ ਵਿਚ ਸਫਲ ਰਹੇ। ਹਾਲਾਂਕਿ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੇ ਵੀ 2019 ਵਿਚ 2017 ਵਿਚ ਕਾਂਗਰਸ ਵੱਲੋਂ ਲਈਆਂ ਵੋਟਾਂ ਵਿਚ 26 ਹਜ਼ਾਰ ਦੇ ਕਰੀਬ ਵੋਟਾਂ ਦਾ ਵਾਧਾ ਦਰਜ ਕਰਕੇ 57,944 ਵੋਟਾਂ ਲਈਆਂ ਪਰ ‘ਆਪ‘ ਦੇ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਸਰਾਂ ਨੂੰ ਭਗਵੰਤ ਮਾਨ ਵੱਲੋਂ 2017 ਵਿਚ ਲਈਆਂ ਵੋਟਾਂ ਨਾਲੋਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਕਰੀਬ 53 ਹਜ਼ਾਰ ਵੋਟਾਂ ਘੱਟ ਮਿਲੀਆਂ। ਉਨ੍ਹਾਂ ਨੂੰ ਸਿਰਫ 3304 ਵੋਟਾਂ ਹੀ ਪਈਆਂ।
_____________________________
ਜ਼ਿਮਨੀ ਚੋਣਾਂ ਲਈ ਹਾਕਮ ਧਿਰ ਦੀ ਚਾਲ ਸੁਸਤ
ਚੰਡੀਗੜ੍ਹ: ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ ਅਗਲੇ ਹਫਤੇ ਕਰਨ ਦੀਆਂ ਤਿਆਰੀਆਂ ਹਨ ਪਰ ਹਾਕਮ ਧਿਰ ਕਾਂਗਰਸ ਵੱਲੋਂ ਇਨ੍ਹਾਂ ਹਲਕਿਆਂ ਦੀਆਂ ਚੋਣਾਂ ਲਈ ਕੋਈ ਖਾਸ ਤਿਆਰੀ ਕੀਤੀ ਨਹੀਂ ਜਾਪਦੀ। ਕਾਂਗਰਸ ਨੇ ਇਕ ਹਲਕੇ ਤੋਂ ਉਮੀਦਵਾਰ ਦੀ ਚੋਣ ਲਗਭਗ ਕਰ ਲਈ ਹੈ ਪਰ ਬਾਕੀ ਤਿੰਨ ਹਲਕਿਆਂ ਬਾਰੇ ਭੰਬਲਭੂਸਾ ਬਰਕਰਾਰ ਹੈ। ਜਲਾਲਾਬਾਦ ਪੱਛਮੀ, ਫਗਵਾੜਾ, ਮੁੱਲਾਂਪੁਰ ਦਾਖਾ ਅਤੇ ਮੁਕੇਰੀਆਂ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਕਰਵਾਈਆਂ ਜਾਣੀਆਂ ਹਨ। ਜਲਾਲਾਬਾਦ ਪੱਛਮੀ ਤੇ ਫਗਵਾੜਾ ਤੋਂ ਕ੍ਰਮਵਾਰ ਵਿਧਾਇਕ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਆਗੂ ਸੋਮ ਪ੍ਰਕਾਸ਼ ਲੋਕ ਸਭਾ ਮੈਂਬਰ ਬਣ ਗਏ ਹਨ ਤੇ ਮੁੱਲਾਂਪੁਰ ਦਾਖਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਆਗੂ ਤੇ ਵਕੀਲ ਐਚ.ਐਸ. ਫੂਲਕਾ ਨੇ ਅਸਤੀਫਾ ਦੇ ਦਿੱਤਾ ਸੀ। ਚੌਥੀ ਸੀਟ ਮੁਕੇਰੀਆਂ ਹਲਕੇ ਦੇ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਮਗਰੋਂ ਖਾਲੀ ਹੋਈ ਹੈ। ਜੇ ਵਿਧਾਨ ਸਭਾ ਦੇ ਸਪੀਕਰ ਚਾਰ ਹੋਰ ਵਿਧਾਇਕਾਂ, ਜਿਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਅਸਤੀਫੇ ਦਿੱਤੇ ਹਨ, ਦੇ ਅਸਤੀਫੇ ਪ੍ਰਵਾਨ ਕਰ ਲੈਂਦੇ ਤਾਂ ਸੂਬੇ ਵਿਚ ਚਾਰ ਦੀ ਥਾਂ ਅੱਠ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੋਣੀਆਂ ਸਨ ਤੇ ਇਸ ਕਾਰਨ ‘ਆਪ` ਕੋਲੋਂ ਵਿਰੋਧੀ ਧਿਰ ਦਾ ਤਾਜ ਵੀ ਖੁੱਸ ਜਾਣਾ ਸੀ।