ਭਾਰਤ `ਚ ਸੂਈ ਤੇ ਤਲਵਾਰ ਤੋਂ ਵੱਧ ਸਰਗਰਮ ਹੈ ਕੈਂਚੀ

-ਜਤਿੰਦਰ ਪਨੂੰ
ਸਾਡੇ ਇਹ ਸਤਰਾਂ ਲਿਖਣ ਵੇਲੇ ਤੱਕ ਭਾਰਤ ਦੇ ਲੋਕਾਂ ਨੂੰ ਝਟਕਾ ਦੇਣ ਵਾਲੀ ਇਹ ਵੱਡੀ ਖਬਰ ਮਿਲ ਚੁਕੀ ਹੈ ਕਿ ਇਸ ਦੇਸ਼ ਦੀ ਸਰਕਾਰ ਦਾ ਵੱਡੀਆਂ ਖਾਹਿਸ਼ਾਂ ਵਾਲਾ ਅਤੇ ਬਹੁਤ ਪ੍ਰਚਾਰਿਆ ਗਿਆ ਚੰਦਰਯਾਨ-ਦੋ ਮਿਸ਼ਨ ਐਨ ਚੰਦ ਦੀ ਫਿਰਨੀ `ਤੇ ਪਹੁੰਚ ਕੇ ਹੱਥੋਂ ਛੁਟਣ ਵਾਲੀ ਗੱਲ ਹੋ ਗਈ ਹੈ। ਇਸ ਦੇ ਨਾਲ ਸਾਨੂੰ ਵੀ Eਨਾ ਹੀ ਝਟਕਾ ਲੱਗਾ ਹੈ, ਜਿੰਨਾ ਕਿਸੇ ਉਸ ਹੋਰ ਭਾਰਤੀ ਨੂੰ ਲੱਗਾ ਹੋਵੇਗਾ, ਜੋ ਦੇਸ਼ ਦਾ ਨਾਂ ਰੋਸ਼ਨ ਹੁੰਦਾ ਵੇਖਣਾ ਚਾਹੁੰਦਾ ਹੈ। ਚੰਦਰਯਾਨ ਮਿਸ਼ਨ ਕਾਮਯਾਬ ਹੁੰਦਾ ਤਾਂ ਭਾਰਤ ਦਾ ਜੋ ਨਾਂ ਬਣਨਾ ਸੀ, ਉਹ ਵੱਖਰੀ ਗੱਲ ਸੀ, ਇਸ ਦਾ ਸਮੁੱਚੀ ਮਨੁੱਖਤਾ ਦੇ ਲਈ ਵੀ ਕਈ ਤਰ੍ਹਾਂ ਦਾ ਲਾਭ ਹੋਣਾ ਸੀ, ਜੋ ਹੋਣੋਂ ਰਹਿ ਗਿਆ ਹੈ। ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਇਸ ਵਿਚਾਰ ਨਾਲ ਸਹਿਮਤ ਹਾਂ ਕਿ ਅਜਿਹੇ ਉਤਰਾ-ਚੜ੍ਹਾਅ ਆਉਂਦੇ ਰਹਿੰਦੇ ਅਤੇ ਠੇਡੇ ਵੀ ਲੱਗਦੇ ਰਹਿੰਦੇ ਹਨ, ਇਸ ਲਈ ਦਿਲ ਛੋਟਾ ਕਰਨ ਦੀ ਥਾਂ ਅਗਲੇ ਯਤਨ ਵੱਲ ਧਿਆਨ ਦੇਣਾ ਚਾਹੀਦਾ ਹੈ।

ਬਹੁਤ ਸਾਰੇ ਲੋਕ ਸਿਰਫ ਇਥੋਂ ਤੱਕ ਸੀਮਤ ਹੋ ਸਕਦੇ ਹਨ, ਪਰ ਸਾਡੀ ਸੋਚ ਕਿਸੇ ਨੂੰ ਠੀਕ ਲੱਗੇ ਜਾਂ ਨਾ, ਇਹ ਕਹਿਣ ਵਿਚ ਸਾਨੂੰ ਝਿਜਕ ਨਹੀਂ ਕਿ ਇਸ ਤਰ੍ਹਾਂ ਦੇ ਕੰਮਾਂ ਮੌਕੇ ਪ੍ਰਧਾਨ ਮੰਤਰੀ ਦਾ ਹਰ ਵਾਰੀ ਮੌਜੂਦ ਹੋਣਾ ਸਾਨੂੰ ਠੀਕ ਨਹੀਂ ਲੱਗਦਾ। ਜੋ ਸਮਾਂ ਸਾਡੇ ਸਾਇੰਸਦਾਨਾਂ ਨੂੰ ਆਪਣੇ ਮਿਸ਼ਨ ਲਈ ਸਮਰਪਿਤ ਕਰਨਾ ਚਾਹੀਦਾ ਹੈ, ਉਸੇ ਦੌਰਾਨ ਜਦੋਂ ਪ੍ਰਧਾਨ ਮੰਤਰੀ ਸਿਰਹਾਣੇ ਜਾ ਬੈਠਦਾ ਹੈ ਤਾਂ ਉਸ ਵਕਤ ਪਰੋਟੋਕੋਲ ਦਾ ਖਿਆਲ ਰੱਖਣ ਲਈ ਕੁਝ ਨਾ ਕੁਝ ਸਮਾਂ Eਧਰ ਵੀ ਲੱਗਦਾ ਹੈ ਤੇ ਅਸਲ ਕੰਮ ਵੱਲੋਂ ਧਿਆਨ ਲਾਂਭੇ ਪੈਂਦਾ ਹੈ। ਬੱਚਿਆਂ ਨੂੰ ਵੀ ਪੁੱਛੋ ਤਾਂ ਇਹ ਗੱਲ ਕਹਿਣਗੇ ਕਿ ਸਾਰਾ ਕੁਝ ਆਉਂਦਾ ਹੁੰਦਿਆਂ ਵੀ ਜਦੋਂ ਟੀਚਰ ਸਿਰਹਾਣੇ ਆਣ ਖੜੋਂਦਾ ਹੈ ਤਾਂ ਕਈ ਵਾਰ ਏਸੇ ਤਰ੍ਹਾਂ ਦੇ ਦਬਾਅ ਹੇਠ ਬੱਚਿਆਂ ਦੇ ਹੱਥ ਕੰਬਣ ਲੱਗਦੇ ਹਨ ਤੇ ਕਈ ਕੁਝ ਭੁੱਲ ਜਾਂਦਾ ਹੈ। ਸਾਇੰਸਦਾਨਾਂ ਦੀ ਪਿੱਠ ਥਾਪੜਨ ਦਾ ਕੰਮ ਦਿੱਲੀ ਵਿਚ ਬੈਠੇ ਵੀ ਹੋ ਸਕਦਾ ਹੈ ਤੇ ਉਨ੍ਹਾਂ ਕੋਲ ਇੱਕ ਦਿਨ ਬਾਅਦ ਵੀ ਜਾਇਆ ਜਾ ਸਕਦਾ ਹੈ, ਪਰ ਇਹ ਗੱਲ ਮੌਕੇ ਦੇ ਮਾਲਕਾਂ ਨੂੰ ਕਹਿਣ ਦੀ ਜੁਰਅੱਤ ਸਾਇੰਸਦਾਨਾਂ ਕੀ, ਵੱਡੇ ਅਫਸਰਾਂ ਦੀ ਵੀ ਨਹੀਂ ਹੋ ਸਕਦੀ।
ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਇੰਸਦਾਨਾਂ ਨੂੰ ਠੀਕ ਕਿਹਾ ਹੈ ਕਿ ਏਦਾਂ ਦੇ ਹਾਦਸੇ ਤੋਂ ਦੁਖੀ ਹੋਣ ਜਾਂ ਹਿੰਮਤ ਛੱਡਣ ਦੀ ਲੋੜ ਨਹੀਂ, ਅਗਲੇ ਕੰਮ ਲਈ ਜੁੱਟ ਜਾਣਾ ਚਾਹੀਦਾ ਹੈ, ਪਰ ਪ੍ਰਧਾਨ ਮੰਤਰੀ ਨੂੰ ਇਹ ਸੋਚਣ ਜੋਗਾ ਵਕਤ ਵੀ ਕੱਢਣਾ ਚਾਹੀਦਾ ਹੈ ਕਿ ਖੁਦ ਉਨ੍ਹਾਂ ਦੇ ਜਿ਼ੰਮੇ ਜੋ ਕੰਮ ਹੈ, ਉਥੇ ਵੀ ਸਥਿਤੀ ਠੀਕ ਨਹੀਂ। ਆਰਥਕ ਮੋਰਚੇ `ਤੇ ਭਾਰਤ ਦੀ ਸਥਿਤੀ ਲਗਾਤਾਰ ਚਿੰਤਾ ਵਾਲੀ ਬਣੀ ਜਾਂਦੀ ਹੈ। ਮਾਰੂਤੀ ਵਰਗੀ ਕਾਰ ਕੰਪਨੀ ਆਪਣੇ ਮੁੱਢ ਤੋਂ ਕਦੀ ਰੁਕਦੀ ਨਹੀਂ ਵੇਖੀ ਸੀ ਤੇ ਇਸ ਹਫਤੇ ਉਸ ਨੂੰ ਆਪਣੇ ਗੁੜਗਾਂਉਂ ਤੇ ਮਾਨੇਸਰ ਵਾਲੇ ਦੋ ਪਲਾਂਟ ਦੋ ਦਿਨ ਬੰਦ ਕਰਨ ਦਾ ਐਲਾਨ ਕਰਨਾ ਪੈ ਗਿਆ ਹੈ। ਕਾਰਨ ਸਿਰਫ ਆਰਥਕ ਮੰਦੀ ਹੈ, ਜਿਸ ਨੂੰ ਸਰਕਾਰ ਨਹੀਂ ਮੰਨਦੀ। ਕੰਪਨੀ ਦੇ ਬੰਦ ਹੋਣ ਦਾ ਕਾਰਨ ਇਹ ਹੈ ਕਿ ਮਾਲ ਬਹੁਤ ਜਿ਼ਆਦਾ ਬਣ ਗਿਆ ਹੈ ਤੇ ਅੱਗੇ ਵਿਕਰੀ ਨਹੀਂ ਹੋ ਰਹੀ। ਪ੍ਰਧਾਨ ਮੰਤਰੀ ਨੂੰ ਉਸ ਤਰ੍ਹਾਂ ਦੀ ਕੋਈ ਚਿੰਤਾ ਹੀ ਨਹੀਂ, ਅਜਿਹੀ ਚਿੰਤਾ ਆਮ ਲੋਕਾਂ ਨੂੰ ਹੈ। ਉਹ ਰਾਜਨੀਤੀ ਦੀਆਂ ਅੱਠੋ-ਅੱਠ ਮਾਰ ਰਿਹਾ ਹੈ।
ਭਾਰਤ ਦਾ ਪ੍ਰਧਾਨ ਮੰਤਰੀ ਸਾਰੀ ਦੁਨੀਆਂ ਨੂੰ ਇਹ ਹੋਕਾ ਦੇਈ ਜਾਂਦਾ ਹੈ ਕਿ ਅਸੀਂ ਟ੍ਰਿਲੀਅਨ ਡਾਲਰ ਇਕਾਨਮੀ ਵਾਲਾ ਦੇਸ਼ ਬਣਨ ਵਾਲੇ ਹਾਂ। ਦੇਸ਼ ਟ੍ਰਿਲੀਅਨ ਡਾਲਰ ਇਕਾਨਮੀ ਵਾਲਾ ਬਣਨ ਨਾਲ ਆਮ ਆਦਮੀ ਦੀ ਜਿ਼ੰਦਗੀ `ਤੇ ਕੀ ਅਸਰ ਪਵੇਗਾ, ਇਹ ਗੱਲ ਕਿਸੇ ਆਮ ਆਦਮੀ ਦੇ ਪੱਲੇ ਨਹੀਂ ਪੈ ਰਹੀ। ਆਮ ਆਦਮੀ ਨੂੰ ਨਾ ਟ੍ਰਿਲੀਅਨ ਦਾ ਪਤਾ ਹੈ, ਨਾ ਉਸ ਇਕਾਨਮੀ ਦੀ ਸਮਝ ਹੈ, ਜਿਸ ਦੀ ਪੂਰੀ ਸਮਝ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਨਹੀਂ ਜਾਪਦੀ, ਪਰ ਲੋਕਾਂ ਨੂੰ ਇਹ ਪਤਾ ਹੈ ਕਿ ਜਦੋਂ ਵੀ ਭਾਰਤ ਦੀ ਆਰਥਕ ਤਰੱਕੀ ਦੀ ਗੱਲ ਹੁੰਦੀ ਹੈ, ਆਮ ਘਰਾਂ ਦਾ ਚੱੁਲ੍ਹਾ ਬਾਲਣਾ ਪਹਿਲਾਂ ਤੋਂ ਮਹਿੰਗਾ ਹੋ ਜਾਂਦਾ ਹੈ। ਬਾਜ਼ਾਰ ਵਿਚ ਖਾਣ-ਪੀਣ ਅਤੇ ਪਹਿਨਣ ਵਾਲੀ ਹਰ ਚੀਜ਼ ਹੋਰ ਮਹਿੰਗੀ ਹੋ ਜਾਂਦੀ ਹੈ। ਕਾਰੋਬਾਰੀ ਜਮਾਤ ਦੇ ਜੋ ਲੋਕ ਪਹਿਲਾਂ ਇਸ ਪ੍ਰਧਾਨ ਮੰਤਰੀ ਦੇ ਵਿਖਾਏ ਸੁਫਨਿਆਂ ਨੂੰ ਆਪਣੇ ਕੋਲ ਆਏ ਗ੍ਰਾਹਕਾਂ ਅੱਗੇ ਮੁਫਤ ਪਰੋਸਣ ਦਾ ਕੰਮ ਬੜੇ ਸ਼ੌਕ ਨਾਲ ਕਰਦੇ ਹੁੰਦੇ ਸਨ, ਅੱਜ ਕੱਲ ਕਰਨ ਤੋਂ ਹਟਦੇ ਜਾਂਦੇ ਹਨ।
ਹਾਕਮ ਪਾਰਟੀ ਨਾਲ ਰਾਜਸੀ ਪੱਖੋਂ ਬੱਝੇ ਹੋਏ ਲੋਕ ਅੱਜ ਵੀ ਪਾਰਟੀ ਦਾ ਗੁਣਗਾਨ ਕਰਦੇ ਹੋਏ ਮਿਲ ਜਾਂਦੇ ਹਨ, ਪਰ ਸਿਰਫ ਰਾਜਸੀ ਪੱਖੋਂ ਜੁੜਨ ਤੋਂ ਸਿਵਾ ਹੋਰ ਹਰ ਗੱਲ ਵਿਚ ਉਹ ਵੀ ਅਵਾਜ਼ਾਰ ਦਿਖਾਈ ਦਿੰਦੇ ਹਨ। ਪਾਰਟੀ ਉਨ੍ਹਾਂ ਦੀ ਮਜ਼ਬੂਤ ਹੈ ਤੇ ਹਰ ਆਏ ਦਿਨ ਹੋਰ ਮਜ਼ਬੂਤ ਹੋਈ ਜਾਂਦੀ ਹੈ, ਪਰ ਆਪਣੇ ਕੰਮਾਂ ਕਾਰਨ ਮਜ਼ਬੂਤ ਨਹੀਂ ਹੋ ਰਹੀ, ਇਸ ਲਈ ਹੁੰਦੀ ਜਾਂਦੀ ਹੈ ਕਿ ਜਿਹੜਾ ਆਗੂ ਕਿਸੇ ਵੀ ਪਾਰਟੀ ਵੱਲੋਂ ਕਿਸੇ ਵੇਲੇ ਕਿਸੇ ਰਾਜ ਦੀ ਸਰਕਾਰ ਜਾਂ ਕੇਂਦਰ ਦਾ ਕੋਈ ਅਹੁਦਾ ਮਾਣ ਚੁਕਾ ਹੈ, ਉਸ ਦੀ ਕੁਝ ਨਾ ਕੁਝ ਕਮਜ਼ੋਰੀ ਲੱਭ ਕੇ ਉਸ ਨੂੰ ਦੇਸ਼ ਦੀ ਕਮਾਨ ਸੰਭਾਲ ਰਹੀ ਪਾਰਟੀ ਵੱਲ ਖਿੱਚਿਆ ਜਾ ਰਿਹਾ ਹੈ। ਜਦੋਂ ਉਹ ਲੋਕ ਇਹ ਵੇਖਦੇ ਹਨ ਕਿ ਕਿਸੇ ਸਮੇਂ ਦਾ ਗ੍ਰਹਿ ਮੰਤਰੀ ਪੀ. ਚਿਦੰਬਰਮ ਰਗੜਿਆ ਗਿਆ ਤੇ ਫਲਾਣੇ-ਫਲਾਣੇ ਹੋਰ ਆਗੂਆਂ ਨੂੰ ਸੀ. ਬੀ. ਆਈ. ਦੇ ਇੱਕੋ ਸੰਮਨ ਨਾਲ ਇਹ ਸਮਝ ਪੈ ਗਈ ਹੈ ਕਿ ਦੇਸ਼ ਦੀ ਮੁੱਖ ਧਾਰਾ ਬਾਰੇ ਕਿਸੇ ਸਿਧਾਂਤ ਨਾਲ ਸੋਚਣ ਦੀ ਥਾਂ ‘ਰੱਬ ਨੇੜੇ ਕਿ ਘਸੁੰਨ’ ਦਾ ਇੱਕੋ ਗਜ ਰਹਿ ਗਿਆ ਹੈ ਤਾਂ ਉਹ ‘ਯੋਗ ਸਮੇਂ’ ‘ਯੋਗ ਫੈਸਲੇ’ ਲੈਣ ਲੱਗ ਪਏ ਹਨ।
ਚੰਦਰਯਾਨ-2 ਆਖਰੀ ਸਿਰੇ `ਤੇ ਪਹੁੰਚ ਕੇ ਸਾਥ ਨਾ ਛੱਡ ਜਾਂਦਾ ਤਾਂ ਅਗਲਾ ਇੱਕ ਮਹੀਨਾ ਇਸ ਦੇ ਆਸਰੇ ਹੀ ਰਾਜਸੀ ਲੀਡਰਸਿ਼ਪ ਦੀ ਅਜਿਹੀ ਮਹਿਮਾ ਗਾਈ ਜਾਣੀ ਸੀ ਕਿ ਕਿਸੇ ਨੂੰ ਹੋਰ ਕੋਈ ਮੁੱਦਾ ਚੇਤੇ ਹੀ ਨਹੀਂ ਸੀ ਆਉਣ ਦਿੱਤਾ ਜਾਣਾ। ਅਜਿਹੇ ਮੁੱਦਿਆਂ ਦੀ ਕਿਰਪਾ ਹੈ ਕਿ ਦੇਸ਼ ਦੇ ਲੋਕਾਂ ਨੂੰ ਕਦੇ ਇਹ ਯਾਦ ਨਹੀਂ ਰਹਿੰਦਾ ਕਿ ਪ੍ਰਧਾਨ ਮੰਤਰੀ ਨੇ ਪੰਜ ਸਾਲ ਪਹਿਲਾਂ ਕੀ ਕਿਹਾ ਸੀ ਜਾਂ ਪੰਜ ਸਾਲ ਲੰਘਣ ਤੱਕ ਪੰਜ ਸਾਲ ਪਹਿਲਾਂ ਦਾ ਕਿਹਾ ਭੁਲਾਉਣ ਨੂੰ ਕਿਹੜਾ ਦਾਅ ਵਰਤਿਆ ਸੀ, ਉਸ ਦੀ ਥਾਂ ਤੇਜ਼ ਰਫਤਾਰ ਫਿਲਮ ਵਾਂਗ ਨਵਾਂ ਦ੍ਰਿਸ਼ ਅੱਖਾਂ ਮੂਹਰੇ ਆ ਜਾਂਦਾ ਹੈ। ਤਰੱਕੀ ਵੇਖਣ ਦੇ ਲਈ ਮਨ ਕਰਦਾ ਹੋਵੇ ਤਾਂ ਚੰਦਰਯਾਨ-2 ਦੇ ਬਾਅਦ ਚੰਦਰਯਾਨ-3 ਨੂੰ ਉਡੀਕਣ ਦੀ ਲੋੜ ਨਹੀਂ, ਸਰਕਾਰੀ ਅੰਕੜਿਆਂ ਵਿਚੋਂ ਹੀ ਬਥੇਰਾ ਕੁਝ ਦਿਖਾਈ ਦੇ ਜਾਂਦਾ ਹੈ।
‘ਬੇਟੀ ਬਚਾE, ਬੇਟੀ ਪੜ੍ਹਾE’ ਵਾਲੇ ਦੌਰ ਵਿਚ ਦੇਸ਼ ਦੀਆਂ ਧੀਆਂ ਦੇ ਨਾਲ ਉਹੋ ਕੁਝ, ਸਗੋਂ ਉਸ ਤੋਂ ਵੱਧ ਹੋਈ ਜਾ ਰਿਹਾ ਹੈ, ਜੋ ਕੁਝ ਕਾਂਗਰਸੀ ਰਾਜ ਵਿਚ ਹੁੰਦਾ ਸੀ ਅਤੇ ਭਾਜਪਾ ਭੰਡੀ ਕਰ ਕੇ ਉਸ ਦੇ ਮੁਕਾਬਲੇ ਆਪਣੇ-ਆਪ ਨੂੰ ‘ਵੱਖਰੀ-ਨਿਆਰੀ ਪਾਰਟੀ’ ਆਖਦੀ ਹੁੰਦੀ ਸੀ। ਉਨ੍ਹਾਂ ਦੇ ਵਿਧਾਇਕ ਅਤੇ ਮੰਤਰੀ ਜੋ ਪੱੁਠੇ ਕੰਮ ਕਰਿਆ ਕਰਦੇ ਸਨ, ਅੱਜ ਕੱਲ ਉਹੋ ਸਭ, ਸਗੋਂ ਉਨ੍ਹਾਂ ਦਾ ਰਿਕਾਰਡ ਤੋੜਨ ਵਾਂਗ ਭਾਜਪਾ ਦੇ ਆਗੂ ਤੇ ਮੰਤਰੀ ਕਰਦੇ ਹਨ। ਪਹਿਲਾਂ ਹਰ ਸਕੈਂਡਲ ਵਿਚ ਉਨ੍ਹਾਂ ਦਾ ਨਾਂ ਆਉਂਦਾ ਸੀ, ਅੱਜ ਹਰ ਸਕੈਂਡਲਬਾਜ਼ ਭਾਜਪਾ ਵਿਚ ਆਉਣ ਨੂੰ ਕਾਹਲਾ ਹੋਇਆ ਪਿਆ ਹੈ। ਜਿੱਥੇ ਇਹੋ ਜਿਹੀ ਧਾੜ ਇਕੱਠੀ ਹੋਈ ਜਾਂਦੀ ਹੈ, ਉਥੇ ਇਹੋ ਕੁਝ ਹੋਣਾ ਹੈ।
ਸਭ ਤੋਂ ਭੈੜਾ ਹਾਲ ਬੇਰੁਜ਼ਗਾਰੀ ਦੇ ਪੱਖ ਤੋਂ ਹੈ। ਨੌਕਰੀਆਂ ਨਵੀਂਆਂ ਨਿਕਲ ਨਹੀਂ ਰਹੀਆਂ ਤੇ ਆਰਥਕ ਮੰਦੀ ਦੇ ਅਸਰ ਕਾਰਨ ਹੋਰ ਖੇਤਰਾਂ ਵਿਚੋਂ ਛਾਂਟੀ ਹੋਣ ਵਾਲਾ ਖਤਰਾ ਪੈਦਾ ਹੋ ਰਿਹਾ ਹੈ। ਹਾਲੇ ਅੱਠ ਮਹੀਨੇ ਪਹਿਲਾਂ ਪਾਰਲੀਮੈਂਟ ਦੇ ਸਾਹਮਣੇ ਇਹ ਗੱਲ ਮੰਨੀ ਗਈ ਕਿ ਦੇਸ਼ ਦੇ ਕਰੀਬ ਇੱਕ ਲੱਖ ਸਕੂਲਾਂ ਵਿਚ ਸਿਰਫ ਇਕ ਇਕ ਅਧਿਆਪਕ ਸਾਰਾ ਕੰਮ ਚਲਾ ਰਿਹਾ ਹੈ। ਅਜਿਹੇ ਸਕੂਲਾਂ ਵਿਚ ਅਠਾਰਾਂ ਹਜ਼ਾਰ ਤੋਂ ਵੱਧ ਮੱਧ ਪ੍ਰਦੇਸ਼ ਦੇ ਸਨ, ਜਿੱਥੇ ਭਾਜਪਾ ਦਾ ਚੌਦਾਂ ਤੋਂ ਵੱਧ ਸਾਲ ਰਾਜ ਰਿਹਾ ਤੇ ਪਿਛਲੇ ਦਸੰਬਰ ਵਿਚ ਸਰਕਾਰ ਬਦਲੀ ਹੈ। ਦੂਜਾ ਨੰਬਰ ਬਾਰਾਂ ਹਜ਼ਾਰ ਏਦਾਂ ਦੇ ਸਕੂਲਾਂ ਨਾਲ ਰਾਜਸਥਾਨ ਦਾ ਹੈ ਅਤੇ ਉਥੇ ਵੀ ਪਿਛਲੇ ਦਸੰਬਰ ਤੱਕ ਭਾਜਪਾ ਸਰਕਾਰ ਸੀ। ਤੀਜਾ ਨੰਬਰ ਉੱਤਰ ਪ੍ਰਦੇਸ਼ ਦਾ ਹੈ, ਜਿੱਥੇ ਪਿਛਲੇ ਢਾਈ ਸਾਲਾਂ ਤੋਂ ਭਾਜਪਾ ਦਾ ਰਾਜ ਹੈ ਅਤੇ ਚੌਥਾ ਝਾਰਖੰਡ ਦਾ ਹੈ, ਜਿੱਥੇ ਪਿਛਲੇ ਪੰਜ ਸਾਲਾਂ ਤੋਂ ਭਾਜਪਾ ਦੀ ਅਗਵਾਈ ਹੇਠ ਸਰਕਾਰ ਚੱਲ ਰਹੀ ਹੈ। ਇਨ੍ਹਾਂ ਸਕੂਲਾਂ ਵਾਸਤੇ ਸਰਕਾਰ ਨੂੰ ਕਦੀ ਚੇਤਾ ਹੀ ਨਹੀਂ ਆਇਆ। ਭਾਰਤ ਵਿਚ ਜਿੱਥੇ ਹਰ ਸਾਲ ਨਵੇਂ ਸਕੂਲ ਅਤੇ ਕਾਲਜ ਖੁੱਲ੍ਹਣ ਦੀ ਗੱਲ ਸੁਣਿਆ ਕਰਦੀ ਸੀ, ਪਿਛਲੇਰੇ ਸਾਲ ਇੱਕ ਸੌ ਤੋਂ ਵੱਧ ਕਾਲਜ ਬੰਦ ਹੋਣ ਦੀ ਖਬਰ ਆਈ ਸੀ, ਪਿਛਲੇ ਸਾਲ ਅਠੱਤਰ ਬੰਦ ਹੋਏ ਸਨ ਅਤੇ ਅਗਲੇ ਸਾਲ ਪਝੱਤਰ ਹੋਰ ਬੰਦ ਹੋਣ ਵਾਲੇ ਸੁਣੇ ਜਾਂਦੇ ਹਨ। ਇਨ੍ਹਾਂ ਵਿਿਦਅਕ, ਟੈਕਨੀਕਲ ਤੇ ਡਾਕਟਰੀ ਕਾਲਜਾਂ ਨੂੰ ਬੰਦ ਕਰਨ ਦੀ ਨੌਬਤ ਕਿਉਂ ਆ ਰਹੀ ਹੈ, ਇਸ ਬਾਰੇ ਸੋਚਣ ਦੀ ਨਾ ਕੋਈ ਲੋੜ ਸਮਝਦਾ ਹੈ ਤੇ ਨਾ ਕਿਸੇ ਕੋਲ ਇਸ ਕੰਮ ਜੋਗਾ ਸਮਾਂ ਹੀ ਬਚਿਆ ਹੈ।
ਇੱਕੋ ਮਕਸਦ ਸਰਕਾਰ ਦਾ ਰਹਿ ਗਿਆ ਹੈ ਕਿ ਸਾਰੇ ਦੇਸ਼ ਵਿਚ ਇੱਕੋ ਪਾਰਟੀ ਦਾ ਏਦਾਂ ਦਾ ਰਾਜ ਹੋਣਾ ਚਾਹੀਦਾ ਹੈ ਕਿ ਵਿਚਾਲੇ ਕਿਸੇ ਹੋਰ ਦਾ ਝੰਡਾ ਦਿਖਾਈ ਨਾ ਦੇਵੇ। ਲੋਕਤੰਤਰ ਇਹ ਤਾਂ ਨਹੀਂ ਹੁੰਦਾ। ਲੋਕਤੰਤਰ ਵਿਚ ਹਰ ਕਿਸਮ ਦੇ ਵਿਚਾਰਾਂ ਨੂੰ ਥਾਂ ਦੇਣੀ ਹੁੰਦੀ ਹੈ। ਇਥੇ ਹਰ ਹੋਰ ਸੋਚ ਨੂੰ ਠੱਪ ਕੇ ਸਿਰਫ ਇੱਕੋ ਪਾਰਟੀ ਤੇ ਇੱਕੋ ਸੋਚ ਦੇ ਰਾਜ ਦੀ ਕਲਪਨਾ ਨੂੰ ਲੋਕਤੰਤਰ ਦਾ ਨਵਾਂ ਨਮੂਨਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇੱਕ ਅਖਾਣ ਹੈ ਕਿ ਸੂਈ ਦਾ ਕੰਮ ਤਲਵਾਰ ਨਹੀਂ ਕਰ ਸਕਦੀ ਤੇ ਤਲਵਾਰ ਦਾ ਕੰਮ ਸੂਈ ਨਹੀਂ ਕਰ ਸਕਦੀ। ਸਾਡਾ ਲੋਕਤੰਤਰ ਇਸ ਜਿੱਲ੍ਹਣ ਵਿਚ ਫਸਿਆ ਜਾਪਦਾ ਹੈ, ਜਿੱਥੇ ਸਿਊਣ-ਪਰੋਣ ਦਾ ਆਪਣਾ ਕੰਮ ਸੂਈ ਕਰੀ ਜਾਂਦੀ ਹੈ, ਜਿਸ ਵਿਚ ਪੁਲਾੜ ਵਿਿਗਆਨੀਆਂ ਤੇ ਸਿਹਤ ਸੇਵਾਵਾਂ ਤੋਂ ਲੈ ਕੇ ਵਿਕਾਸ ਦੇ ਹਰ ਖੇਤਰ ਦੇ ਲੋਕ ਸ਼ਾਮਲ ਹਨ। ਦੇਸ਼ ਦੀ ਰਾਖੀ ਦਾ ਤਲਵਾਰ ਵਾਲਾ ਕੰਮ ਫੌਜ ਅਤੇ ਹੋਰ ਸੁਰੱਖਿਆ ਸੇਵਾਵਾਂ ਦੇ ਲੋਕ ਵੀ ਕਰੀ ਜਾ ਰਹੇ ਹਨ। ਇਨ੍ਹਾਂ ਦੋਹਾਂ-ਸੂਈ ਅਤੇ ਤਲਵਾਰ ਵਿਚਾਲੇ ਹੋਰ ਤਿੱਖੀ ਚੀਜ਼ ਕੈਂਚੀ ਉਭਰਦੀ ਜਾਪਦੀ ਹੈ, ਜੋ ਇਸ ਦੇਸ਼ ਦੀ ਏਕਤਾ ਨੂੰ ਪੈਂਦੇ ਕਿਸੇ ਲੰਗਾਰ ਨੂੰ ਸਿਊਣ ਤੇ ਭਰਨ ਦਾ ਕੰਮ ਕਰਨ ਜੋਗੀ ਤਾਂ ਨਹੀਂ, ਚੀਰਨ ਅਤੇ ਲੀਰਾਂ ਕਰਨ ਦੀ ਮਾਹਰ ਹੈ। ਉਹ ਕੈਂਚੀ ਹੀ ਇਸ ਵਕਤ ਵੇਖ ਕੇ ਅਣਗੌਲੀ ਕੀਤੀ ਜਾ ਰਹੀ ਹੈ।