ਸਿੰਬਲ ਦਾ ਰੁੱਖ ਤੇ ਭੂਰੀ ਚਿੜੀ

ਸੰਤੋਖ ਮਿਨਹਾਸ
ਫੋਨ: 559-283-6376
ਮਨੁੱਖ ਦਾ ਜੰਗਲ, ਪਸੂ-ਪੰਛੀਆਂ ਨਾਲ ਨੇੜੇ ਦਾ ਰਿਸ਼ਤਾ ਹੈ। ਜੰਗਲ ਮਨੱੁਖ ਦਾ ਘਰ ਤੇ ਪਸੂ-ਪੰਛੀ ਘਰ ਦੇ ਜੀਅ। ਪੰਛੀ ਪਿਆਰ, ਸਿਦਕ, ਸਬਰ ਦਾ ਪ੍ਰਤੀਕ। ਹੱਦਾਂ, ਬੰਨਿਆਂ ਤੇ ਵਖਰੇਵਿਆਂ ਤੋਂ ਦੂਰ। ਪੰਛੀਆਂ ਨੂੰ ਪਾਇਆ ਚੋਗਾ ਮਨੱੁਖ ਦਾ ਆਪਣਾ ਰੱਜ ਹੁੰਦਾ ਹੈ। ਪੰਛੀਆਂ ਦੇ ਆਪਸੀ ਕਲੋਲ ਮਨੱੁਖ ਲਈ ਮੁਹੱਬਤ ਦਾ ਸੁਨੇਹਾ। ਪੰਛੀਆਂ ਦੀ ਅੰਬਰੀ ਪਰਵਾਜ਼ ਮਨੱੁਖ ਲਈ ਵਲਗਣਾਂ ਤੋੜ ਕੇ ਆਪਸੀ ਸਾਂਝ ਦੀ ਪੁਕਾਰ। ਪੰਛੀਆਂ ਦਾ ਜਿਉਣ ਸਲੀਕਾ ਮਨੱੁਖੀ ਜੀਵਨ ਲਈ ਰਾਹ ਦਸੇਰਾ। ਮਨੱੁਖ ਦੀ ਹੋਂਦ ਅੱਜ ਜੇ ਬਰਕਰਾਰ ਹੈ ਤਾਂ ਪਸੂ-ਪੰਛੀਆਂ ਦੀ ਸਾਂਝ ਸਦਕਾ ਹੈ। ਰੱੁਖਾਂ, ਪੰਛੀਆਂ ਨੂੰ ਇਸੇ ਲਈ ਦਰਵੇਸ਼ ਕਿਹਾ ਗਿਆ ਹੈ।

ਅਸੀਂ ਆਪਣੀਆਂ ਸੋਹਣੀਆਂ ਚੀਜ਼ਾਂ ਦੀ ਤਸ਼ਬੀਹ ਬਹੁਤੀ ਵਾਰੀ ਪਸੂ-ਪੰਛੀਆਂ ਦੀ ਸੰੁਦਰਤਾ ਨਾਲ ਕਰਦੇ ਹਾਂ। ਜੇ ਮਹਿਬੂਬਾ ਦੀ ਅੱਖ ਦੀ ਪ੍ਰਸ਼ੰਸਾ ਕਰਨੀ ਹੋਵੇ ਤਾਂ ਹਿਰਨੀ ਦੀ ਅੱਖ ਨਾਲ ਕਰਦੇ ਹਾਂ। ਹਿਰਨੀ ਦੀ ਸੁੰਦਰਤਾ ਹਮੇਸ਼ਾ ਮਨੱੁਖ ਨੂੰ ਕਾਇਲ ਕਰਦੀ ਰਹੀ ਹੈ। ਦਿਲ ਨੂੰ ਧੂਹ ਪਾਉਂਦੇ ਸੁਰੀਲੇ ਬੋਲਾਂ ਦੀ ਤੁਲਨਾ ਅਸੀਂ ਕੋਇਲ ਦੀ ਆਵਾਜ਼ ਨਾਲ ਕਰਦੇ ਹਾਂ। ਇਸੇ ਲਈ ਮਿੱਠੀ ਆਵਾਜ਼ ਦੀ ਮਲਕਾ ਸੁਰਿੰਦਰ ਕੌਰ ਨੂੰ ‘ਪੰਜਾਬ ਦੀ ਕੋਇਲ’ ਦਾ ਖਿਤਾਬ ਲੋਕਾਂ ਨੇ ਬਖਸ਼ਿਆ ਹੈ। ਕੋਇਲ, ਮੈਨਾ, ਬੁਲਬੁਲ ਦੇ ਸੁਰੀਲੇ ਬੋਲਾਂ ਦੀ ਹੂਕ ਫਿਜ਼ਾ ਵਿਚ ਵੈਰਾਗ ਖਿੰਡਾ ਦਿੰਦੀ ਹੈ। ਮੁਹੱਬਤ ਦੀ ਤੋਰ ‘ਚ ਵਗਦੇ ਪੈਰਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੈਲਾਂ ਪਾਉਂਦੇ ਮੋਰ ਦੀ ਤਸਵੀਰ ਸਾਡੇ ਮਨ ‘ਚ ਉਭਰਦੀ ਹੈ। ਬਾਜ਼ ਸੂਰਬੀਰ ਯੋਧਿਆਂ ਦੀ ਨਿਸ਼ਾਨੀ, ਹੋਸ਼ ਅਤੇ ਜੋਸ਼ ਦਾ ਪ੍ਰਤੀਕ ਹੈ।
ਕੁਦਰਤ ਦੀ ਕਾਇਨਾਤ ਵਿਚ ਹਜ਼ਾਰਾਂ ਸ਼ੋਖੀਆਂ ਭਰਦੇ ਇਹ ਲਟਬੌਰੇ ਉਡਣ ਖਟੋਲੇ ਸਾਡੇ ਸੋਹਣੇ ਸੁਪਨਿਆਂ ਦੇ ਪ੍ਰਛਾਂਵੇਂ ਹਨ। ਫੁੱਲ, ਕਿਤਾਬਾਂ, ਪਸੂ-ਪੰਛੀ ਆਦਿ ਮਨੱੁਖੀ ਜੀਵਨ ਦਾ ਆਧਾਰ ਹਨ। ਮੈਨੂੰ ਸਭ ਤੋਂ ਵੱਧ ਖੁਸ਼ੀ ਉਦੋਂ ਮਿਲਦੀ ਹੈ, ਜਦੋਂ ਮੈਂ ਅਨੋਖੇ ਰੰਗ-ਬਰੰਗੇ ਫੱੁਲ ਤੇ ਪੰਛੀ ਵੇਖਦਾ ਹਾਂ। ਮੈਨੂੰ ਕਈ ਵਾਰ ਹੇਮਕੁੰਟ ਸਾਹਿਬ ਜਾਣ ਦਾ ਮੌਕਾ ਮਿਿਲਆ, ਪਰ ਮੇਰੀ ਬਹੁਤੀ ਖਿੱਚ ਫਲਾਵਰ ਘਾਟੀ ਵੇਖਣ ਦੀ ਰਹੀ ਹੈ, ਜਿਸ ਨੂੰ ਜੰਨਤ ਕਿਹਾ ਗਿਆ ਹੈ। ਫੁੱਲਾਂ ਨੂੰ ਵੇਖ ਕੇ ਸ਼ੁਦਾਈ ਹੋਣਾ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ। ਸੱਚ-ਮੁੱਚ ਉਥੇ ਫੁੱਲਾਂ ਦੀ ਸੁਦੇਹਿਣ ਕਬਰ ਹੈ, ਜਿਸ ਨੂੰ ਫੱੁਲਾਂ ਵਿਚ ਸਵਰਗ ਦਿਿਸਆ। ਆਖਰੀ ਸਾਹ ਵੀ ਫੱੁਲਾਂ ਦੇ ਇਸ ਜਹਾਨ `ਤੇ ਨਿਛਾਵਰ ਕਰ ਦਿੱਤਾ। ਰੱੁਖਾਂ, ਪੰਛੀਆਂ ਦੀ ਸਾਂਝ ਮਨੱੁਖ ਨੂੰ ਖੇੜਾ ਬਖਸ਼ਦੀ ਹੈ। ਇਨ੍ਹਾਂ ਦੀ ਦੋਸਤੀ ਵਿਚ ਨਾ ਵਲ, ਨਾ ਛਲ; ਨਾ ਸਵਾਰਥ ਦੀ ਬੂ। ਪੱਛਮੀ ਮੁਲਕਾਂ ਵਿਚ ਬੰਦੇ ਦੀ ਦੋਸਤੀ ਤੋਂ ਜਾਨਵਰਾਂ ਦੀ ਦੋਸਤੀ ਦਾ ਰਿਵਾਜ਼ ਵੱਧ ਪ੍ਰਚਲਿਤ ਹੋ ਰਿਹਾ ਹੈ। ਇਸੇ ਲਈ ਕੁੱਤੇ ਦੀ ਵਫਾਦਾਰੀ ਨੂੰ ਵਡਿਆਇਆ ਗਿਆ ਹੈ।
ਅੱਜ ਸਿੰਬਲ ਦਾ ਰੁੱਖ ਤੇ ਭੂਰੀ ਚਿੜੀ ਕਿਉਂ ਯਾਦ ਆਏ? ਇਹੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ। ਕੈਲੀਫੋਰਨੀਆ ਰਹਿੰਦਿਆਂ ਕੋਈ ਦਸ ਵਰਿਆਂ ਤੋਂ ਉਪਰ ਹੋ ਚੱਲੇ ਹਨ। ਇੱਥੇ ਆਉਂਦਿਆਂ ਕੰਮ `ਤੇ ਲੱਗਣ ਸਾਰ ਮੈਂ ਛੇਤੀ ਹੀ ਘਰ ਖਰੀਦ ਲਿਆ ਸੀ। ਜਦੋਂ ਬੱਚੇ ਪੜ੍ਹ-ਲਿਖ ਕੇ ਨੌਕਰੀਆਂ `ਤੇ ਲੱਗ ਗਏ ਤਾਂ ਸਾਨੂੰ ਇਹ ਘਰ ਛੋਟਾ ਲੱਗਣ ਲੱਗ ਪਿਆ। ਅਸਲ ਵਿਚ ਮੇਰੇ ਘਰ ਕਾਫੀ ਲੇਖਕ ਦੋਸਤਾਂ ਦੇ ਆਉਣ-ਜਾਣ ਨਾਲ ਸਹਿਤਕ ਬੈਠਕਾਂ ਵੇਲੇ ਘਰ ਦੇ ਜੀਅ ਔਖ ਮਹਿਸੂਸ ਕਰਦੇ ਸਨ। ਇਸੇ ਸਮਸਿਆ ਵਿਚੋਂ ਨਵਾਂ ਘਰ ਲੈਣ ਦੀ ਗੱਲ ਤੁਰੀ ਸੀ। ਜਦੋਂ ਮੈਂ ਜੋੜ ਤੋੜ ਲਾ ਕੇ ਵੇਖਿਆ ਤਾਂ ਨਵਾਂ ਘਰ ਮੇਰੀ ਪਹੁੰਚ ਤੋਂ ਬਾਹਰ ਸੀ। ਨਵਾਂ ਘਰ ਲੈਣ ਦੀ ਥਾਂ ਮੈਂ ਸੋਚਿਆ ਕਿਉਂ ਨਾ ਇੱਕ ਖੁੱਲਾ ਕਮਰਾ ਹੋਰ ਬਣਾ ਲਿਆ ਜਾਵੇ।
ਬਾਹਰ ਬਣੇ ਪੈਟੀE ਨੂੰ ਤੋੜ ਕੇ ਉਸ ਦੀ ਥਾਂ ਕਮਰਾ ਬਣਾਉਣ ਲਈ ਇੱਕ ਕੰਪਨੀ ਨਾਲ ਕਰਾਰ ਕਰ ਲਿਆ। ਪੈਟੀE ਬੜਾ ਖੁੱਲ੍ਹਾ ਸੀ। ਆਮ ਪੰਜਾਬੀਆਂ ਵਾਂਗ ਮੇਰੀ ਪਤਨੀ ਵੀ ਇਸ ਨੂੰ ਰਸੋਈ ਲਈ ਵੱਧ ਵਰਤਦੀ ਸੀ। ਘੱੁਗੀਆਂ, ਚਿੜੀਆਂ ਦਾ ਵੀ ਇਹ ਰੈਣ ਬਸੇਰਾ ਸੀ। ਜਿਸ ਦਿਨ ਇਸ ਨੂੰ ਤੋੜਿਆ ਗਿਆ, ਉਸ ਦਿਨ ਇਹ ਪੰਛੀਆਂ ਦਾ ਰੈਣ ਬਸੇਰਾ ਵੀ ਟੁੱਟ ਗਿਆ। ਛੱਤ ਦੇ ਮੁੱਢ ਵਿਚ ਬਣੇ ਆਲ੍ਹਣੇ ਨੂੰ, ਜਿਸ ਵਿਚ ਕੁਝ ਆਂਡੇ ਵੀ ਸਨ, ਬਥੇਰਾ ਬਚਾਉਣ ਦੀ ਕੋਸ਼ਿਸ ਕੀਤੀ, ਫਿਰ ਵੀ ਬਹੁਤੇ ਤੀਲੇ ਖਿਲਰ ਗਏ। ਬਾਕੀ ਬਚੇ ਉਨ੍ਹਾਂ ਪੀਚ ਦੇ ਰੁੱਖ ਦੇ ਮੁੱਢ ਨਾਲ ਰੱਖ ਦਿੱਤੇ। ਕਿਸੇ ਨੇ ਇਸ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ। ਜਿੰਨੇ ਦਿਨ ਇਹ ਕਮਰਾ ਬਣਦਾ ਰਿਹਾ, ਮਸ਼ੀਨਾਂ ਤੇ ਹਥੌੜਿਆਂ ਦਾ ਸ਼ੋਰ ਕਾਫੀ ਤੰਗ ਕਰਦਾ ਰਿਹਾ। ਉਨੇ ਦਿਨ ਸਾਡੇ ਘਰ ਦੇ ਰੱੁਖ ਵੀ ਪੰਛੀਆਂ ਦੀ ਆਮਦ ਤੋਂ ਸੱਖਣੇ ਰਹੇ। ਤਿੰਨ ਕੁ ਹਫਤਿਆਂ ਪਿਛੋਂ ਕਮਰਾ ਬਣ ਗਿਆ। ਕੰਪਨੀ ਆਪਣਾ ਨਿੱਕ ਸੁਕ ਸਾਂਭ ਤੁਰਦੀ ਬਣੀ।
ਸ਼ਾਮ ਦਾ ਵੇਲਾ ਹੋਵੇਗਾ। ਮੈਂ ਉਸ ਕਮਰੇ ਦਾ ਬੂਹਾ ਖੋਲ੍ਹ ਕੇ ਬਾਹਰ ਮਾੜੀ ਮੋਟੀ ਸਫਾਈ ਕਰ ਰਿਹਾ ਸਾਂ। ਜਦ ਵਾਪਸ ਮੁੜਿਆ ਤਾਂ ਵੇਖਿਆ ਇੱਕ ਘੁੱਗੀਆਂ ਦਾ ਜੋੜਾ ਉਸ ਕਮਰੇ ਅੰਦਰ ਪੱਖੇ `ਤੇ ਬੈਠਾ ਸੀ। ਮੈਂ ਹੈਰਾਨ ਹੋ ਗਿਆ ਕਿ ਇਹ ਅੰਦਰ ਕਿਵੇਂ ਆ ਗਏ? ਅਚਾਨਕ ਉਨ੍ਹਾਂ ਦੇ ਆਲ੍ਹਣੇ ਵਾਲੀ ਘਟਨਾ ਯਾਦ ਆਈ। ਮੈਂ ਇੱਕ ਦਮ ਠਠੰਬਰ ਗਿਆ। ਮਨ ਵਿਚ ਤਰਸ ਆਇਆ। ਮੈਨੂੰ ਆਪਣੇ ਆਪ `ਤੇ ਸ਼ਰਮ ਆਈ, ਜਿਵੇਂ ਮੈਂ ਬਹੁਤ ਵੱਡਾ ਦੋਸ਼ੀ ਹੋਵਾਂ। ਮੈਂ ਆਪਣੇ ਘਰ ਦੀ ਖੁਸ਼ੀ ਲਈ ਉਨ੍ਹਾਂ ਦਾ ਘਰ ਬਰਬਾਦ ਕਰ ਦਿੱਤਾ ਸੀ। ਭਾਵੇਂ ਹੁਣ ਬਾਹਰ ਰੱੁਖਾਂ `ਤੇ ਪੰਛੀ ਆਉਣ ਲੱਗ ਪਏ ਸਨ, ਪਰ ਜਦੋਂ ਉਹ ਚਹਿਚਹਾਉਂਦੇ ਹਨ ਤਾਂ ਮੈਨੂੰ ਐਂ ਲਗਦਾ ਏ, ਜਿਵੇਂ ਮੈਨੂੰ ਲਾਹਨਤਾਂ ਪਾ ਰਹੇ ਹੋਣ। ਪਹਿਲਾਂ ਮੈਨੂੰ ਉਨ੍ਹਾਂ ਦੀ ਅਵਾਜ਼ ਸੰਗੀਤ ਲੱਗਦੀ ਹੁੰਦੀ ਸੀ। ਇਹ ਸੰਗੀਤ ਤੋਂ ਲਾਹਨਤਾਂ ਤੱਕ ਦਾ ਸਫਰ ਹੁਣ ਮੇਰੇ ਮਨ ਨੂੰ ਕੁਰੇਦਦਾ ਹੈ। ਇਹ ਸਫਰ ਹੀ ਮੈਨੂੰ ਸਿੰਬਲ ਦੇ ਰੱੁਖ ਤੇ ਭੂਰੀ ਚਿੜੀ ਦੀ ਘਟਨਾ ਨਾਲ ਜੋੜਦਾ ਹੈ।
ਮੈਂ ਕੋਈ ਪੱਚੀ ਕੁ ਸਾਲ ਪਹਿਲਾਂ ਆਪਣੇ ਜੱਦੀ ਘਰ ਵਿਚ ਹੀ ਇੱਕ ਨਵਾਂ ਘਰ ਬਣਾਇਆ ਸੀ। ਜਿਵੇਂ ਹਰ ਇੱਕ ਦੀ ਖਾਹਿਸ਼ ਹੰੁਦੀ ਹੈ, ਮੈਂ ਵੀ ਆਪਣੀਆਂ ਰੀਝਾਂ, ਲੋੜਾਂ ਮੁਤਾਬਕ ਉਸ ਦੀ ਉਸਾਰੀ ਵਿਚ ਕੋਈ ਕਸਰ ਨਾ ਰਹਿਣ ਦਿੱਤੀ। ਘਰ ਦੇ ਵਿਹੜੇ ਵਿਚ ਬਹੁਤ ਵੱਡੀ ਨਿੰਮ ਹੈ, ਜਿੱਥੇ ਹਮੇਸ਼ਾ ਪੰਛੀਆਂ ਦੀ ਭਰਮਾਰ ਰਹਿੰਦੀ ਹੈ ਤੇ ਨਾਲੇ ਘਰ ਨੂੰ ਵੀ ਹਰਿਆ ਭਰਿਆ ਦਰਸਾਉਂਦੀ ਹੈ। ਘਰ ਨੂੰ ਹੋਰ ਸਜਾਉਣ ਲਈ ਮੈਂ ਨਵੇਂ ਫੱੁਲ ਬੂਟੇ, ਵੇਲਾਂ ਲਾਈਆਂ। ਇੱਕ ਵਾਰ ਨਰਸਰੀ `ਚੋਂ ਬੂਟੇ ਲਿਆਉਣ ਵੇਲੇ ਉਥੇ ਸੀਜ਼ਨਲ ਕੰਮ ਕਰਦੇ ਮੇਰੇ ਇੱਕ ਲਿਹਾਜੀ ਕਾਮੇ ਨੇ ਇਹ ਕਹਿ ਕੇ ਇੱਕ ਬੂਟਾ ਦਿੱਤਾ ਕਿ ਇਹ ਬੂਟੇ ਸਰਕਾਰੀ ਅਫਸਰਾਂ ਦੀਆਂ ਕੋਠੀਆਂ ਵਿਚ ਲਾਉਣ ਲਈ ਰੱਖੇ ਹਨ। ਬੂਟਾ ਸੋਹਣਾ ਦਿਸਦਾ ਸੀ, ਪਰ ਨਾ ਉਸ ਨੂੰ ਪਤਾ ਸੀ ਕਿ ਇਹ ਕਾਹਦਾ ਬੂਟਾ ਹੈ, ਨਾ ਮੈਨੂੰ। ਮੈਂ ਵੀ ਇਹ ਸੋਚ ਕੇ ਲੈ ਲਿਆ ਕਿ ਜੋ ਬੂਟੇ ਅਫਸਰਾਂ ਦੀਆਂ ਕੋਠੀਆਂ ਵਾਸਤੇ ਰੱਖੇ ਹਨ, ਵਧੀਆ ਹੀ ਹੋਣਗੇ।
ਜਦੋਂ ਬੂਟਾ ਵੱਡਾ ਹੋਇਆ ਤਾਂ ਸਿੰਬਲ ਦਾ ਰੱੁਖ ਨਿਕਲਿਆ। ਕਈ ਸਾਲ ਤਾਂ ਸੋਹਣਾ ਲੱਗਿਆ। ਪੰਛੀਆਂ ਦੀ ਵੀ ਇਸ ਉਤੇ ਕਾਫੀ ਰੌਣਕ ਬਣੀ ਰਹਿੰਦੀ, ਪਰ ਜਿਉਂ ਜਿਉਂ ਵੱਡਾ ਹੋ ਕੇ ਫੈਲਣ ਲੱਗਾ, ਘਰ ਲਈ ਸਮਸਿਆ ਬਣ ਲੱਗਾ। ਗਵਾਢੀਆਂ ਦੀਆਂ ਕੰਧਾਂ ਤੇ ਘਰ ਦੇ ਫਰਸ਼ ਨੂੰ ਨੁਕਸਾਨ ਪਹੁੰਚਾਉਣ ਲੱਗਾ। ਆਖਰ ਮੈਂ ਭਰੇ ਮਨ ਨਾਲ ਫੈਸਲਾ ਕਰ ਲਿਆ ਕਿ ਇਸ ਨੂੰ ਵਢਾ ਦਿੱਤਾ ਜਾਵੇ। ਮੈਂ ਆਪਣੇ ਖੇਤੀ ਕਰਦੇ ਛੋਟੇ ਭਰਾ ਨੂੰ ਕਿਹਾ, ਯਾਰ ਕਿਸੇ ਦਿਨ ਖੇਤੋਂ ਬੰਦੇ ਲਿਆ ਕੇ ਇਸ ਨੂੰ ਵੱਢਾ ਦੇ। ਉਸ ਨੂੰ ਕਈ ਹਫਤੇ ਵਿਹਲ ਨਾ ਮਿਲੀ; ਮੈਂ ਕਈ ਵਾਰ ਯਾਦ ਵੀ ਕਰਾਇਆ, ਪਰ ਗੱਲ ਉਥੇ ਦੀ ਉਥੇ ਖੜੀ ਰਹੀ। ਅਚਾਨਕ ਇੱਕ ਦਿਨ ਵੱਡੇ ਤੜਕੇ ਸਿੰਬਲ ਉਤੇ ਇੱਕ ਸੁਰੀਲੇ ਪੰਛੀ ਦੀ ਆਵਾਜ਼ ਨੇ ਮੈਨੂੰ ਉਠਾ ਦਿਤਾ, ‘ਚਰਰ…ਚਰਰ…ਚਰ…ਚਰ…ਚ…ਚ…।’ ਪਹਿਲਾਂ ਤਾਂ ਮੈਂ ਸਮਝਿਆ ਸ਼ਾਇਦ ਗਵਾਂਢੀਆਂ ਨੇ ਨਵੀਂ ਬੈੱਲ ਲਵਾਈ ਹੈ, ਕਿਉਂਕਿ ਉਸ ਦੀ ਆਵਾਜ਼ ਜਵਾਂ ਇਲੈਕਟ੍ਰਾਨਿਕ ਬੈੱਲ ਵਰਗੀ ਸੀ। ਹੋ ਸਕਦਾ ਇਸ ਪੰਛੀ ਦੀ ਆਵਾਜ਼ ਨੂੰ ਆਧਾਰ ਬਣਾ ਕੇ ਹੀ ਇਸ ਬੈੱਲ ਦੀ ਕਾਢ ਕੱਢੀ ਹੋਵੇ। ਜਦੋਂ ਮੈਂ ਬਾਹਰ ਨਿਕਲ ਕੇ ਦੇਖਿਆ, ਇੱਕ ਭੂਰੇ ਰੰਗ ਦੀ ਚਿੜੀ ਇਹ ਆਵਾਜ਼ ਕੱਢ ਰਹੀ ਸੀ।
ਮੈਨੂੰ ਉਸ ਦੀ ਆਵਾਜ਼ ਬਹੁਤ ਪਿਆਰੀ ਲੱਗੀ। ਹੁਣ ਉਹ ਨਿੱਤ-ਨੇਮ ਵਾਂਗ ਹਰ ਰੋਜ਼ ਵੱਡੇ ਤੜਕੇ ਆਪਣੀ ਆਵਾਜ਼ ਦਾ ਜਾਦੂ ਬਿਖੇਰਦੀ। ਸਾਡੇ ਘਰ ਪਸਰੇ ਸੰਨਾਟੇ ਦੀ ਚੱੁਪ ਟੁੱਟਦੀ। ਮੇਰਾ ਘਰ ਰੌਣਕ ਨਾਲ ਭਰ ਜਾਂਦਾ। ਮੇਰੀ ਉਸ ਨਾਲ ਸਾਂਝ ਇੱਕ ਲਗਾE ਵਿਚ ਬਦਲ ਗਈ। ਮੈਨੂੰ ਰਾਮਚਰਿੱਤ ਮਾਨਸ ਵਿਚ ਤੁਲਸੀ ਦਾਸ ਦੇ ਕਹੇ ਸ਼ਬਦ ਯਾਦ ਆਏ, “ਪਸੂ-ਪੰਛੀ ਰਿਸ਼ੀਆਂ ਮੁਨੀਆਂ ਕੋਲ ਬੇਧੜਕ ਚਲੇ ਜਾਂਦੇ ਹਨ; ਪਰ ਹਿੰਸਾ ਕਰਨ ਵਾਲਿਆਂ ਨੂੰ ਦੇਖਦੇ ਹੀ ਭੱਜ ਜਾਂਦੇ ਹਨ। ਮਿੱਤਰ ਅਤੇ ਦੁਸ਼ਮਣ ਨੂੰ ਪੰਛੀ ਵੀ ਪਛਾਣਦੇ ਹਨ।” ਹੁਣ ਮੈਂ ਉਸ ਦੇ ਮਿੱਤਰਤਾ ਦੇ ਘੇਰੇ ਵਿਚ ਸਾਂ। ਹੁਣ ਹਰ ਰੋਜ਼ ਉਸ ਦੀ ਆਵਾਜ਼ ਨਾਲ ਮੇਰੀ ਪ੍ਰਭਾਤ ਹੁੰਦੀ। ਮੈਂ ਉਸ ਨੂੰ ਦੇਖਦਾ, ਸ਼ਾਇਦ ਉਹ ਵੀ ਮੇਰੀ ਹਾਜ਼ਰੀ ਮਹਿਸੂਸ ਕਰਦੀ।
ਅਚਾਨਕ ਇੱਕ ਦਿਨ ਮੇਰਾ ਭਰਾ ਸਿੰਬਲ ਵੱਢਣ ਲਈ ਖੇਤੋਂ ਬੰਦੇ ਲੈ ਕੇ ਆ ਗਿਆ। ਮੈਂ ਬੰਦਿਆਂ ਨੂੰ ਰੋਕ ਦਿੱਤਾ। ਉਹ ਬੜਾ ਹੈਰਾਨ ਹੋਇਆ। ਮੇਰੇ ਇਸ ਫੈਸਲੇ `ਤੇ ਆਖਣ ਲੱਗਾ, “ਚੰਗਾ ਬੰਦਾ ਤੰੂ, ਦੋ ਮਹੀਨੇ ਹੋਗੇ ਮੇਰੇ ਮਗਰ ਪਏ ਨੂੰ, ਅੱਜ ਮੈਂ ਮਸਾਂ ਕੰਮ ਤੋਂ ਹਟਾ ਕੇ ਬੰਦੇ ਲੈ ਕੇ ਆਇਆਂ, ਹੁਣ ਕਹਿੰਦਾ ਇਹ ਵੱਢਣਾ ਨਹੀਂ।”
ਮੈਂ ਉਸ ਨੂੰ ਗੰਭੀਰ ਹੋ ਕੇ ਕਿਹਾ, “ਤੜਕੇ ਏਹਦੇ `ਤੇ ਇੱਕ ਚਿੜੀ ਬਹੁਤ ਵਧੀਆ ਬੋਲਦੀ ਐ। ਉਸ ਨਾਲ ਮੇਰੀ ਇੱਕ ਸਾਂਝ ਜਿਹੀ ਹੋ`ਗੀ। ਜੇ ਸਿੰਬਲ ਵੱਢਦਾਂ, ਉਹ ਵਿਚਾਰੀ ਪਤਾ ਨਹੀਂ ਕਿੱਥੇ ਜਾਊ? ਮੇਰੀ ਗੱਲ `ਤੇ ਸਾਰੇ ਹੱਸਣ ਲੱਗ ਪਏ। ਪਰ ਸਿੰਬਲ ਦਾ ਰੱੁਖ ਵੱਢ ਹੋਣੋਂ ਬਚ ਗਿਆ। ਭੂਰੀ ਚਿੜੀ ਹਰ ਰੋਜ਼ ਸਵੇਰੇ ਫਿਰ ਬੋਲੀ, ਜਿਵੇਂ ਮੇਰਾ ਧੰਨਵਾਦ ਕਰ ਰਹੀ ਹੋਵੇ। ਦੋ ਕੁ ਹਫਤਿਆ ਬਾਅਦ ਮੈਂ ਅਮਰੀਕਾ ਆ ਗਿਆ, ਪਰ ਅਖੀਰਲੇ ਦਿਨ ਤੱਕ ਵੀ ਮੇਰੀ ਉਸ ਨਾਲ ਸਾਂਝ ਬਣੀ ਰਹੀ।
ਪਰਦੇਸ ਆ ਕੇ ਮਨੱੁਖ ਮਸ਼ੀਨ ਬਣ ਜਾਂਦਾ ਹੈ। ਫੱੁਲਾਂ, ਪੰਛੀਆਂ ਦੀਆਂ ਗੱਲਾਂ ਰੋਟੀ ਦੇ ਚੱਕਰ ਵਿਚ ਬੰਦੇ ਨੂੰ ਕਿੱਥੇ ਯਾਦ ਰਹਿੰਦੀਆਂ ਹਨ! ਮੈਂ ਵੀ ਇੱਥੇ ਆ ਕੇ ਘਰ ਤੋਰਨ ਦੀ ਦੌੜ ਵਿਚ ਸ਼ਾਮਲ ਹੋ ਗਿਆ। ਜਦ ਦੋ ਕੁ ਸਾਲ ਬਾਅਦ ਮੈਂ ਆਪਣੇ ਜੱਦੀ ਘਰ ਵਾਪਸ ਪਰਤਿਆ ਤਾਂ ਸਿੰਬਲ ਦਾ ਰੱੁਖ ਉਥੇ ਨਹੀਂ ਸੀ। ਮੈਂ ਇਸ ਦਾ ਕੋਈ ਖਾਸ ਨੋਟਿਸ ਨਾ ਲਿਆ। ਮੈਨੂੰ ਕਈ ਦਿਨ ਹੋ ਗਏ ਸਨ ਘਰ ਰਹਿੰਦਿਆਂ, ਪਰ ਉਹ ਚਿੜੀ ਕਦੇ ਨਹੀਂ ਸੀ ਬੋਲੀ, ਭਾਵੇਂ ਨਿੰਮ `ਤੇ ਹੁਣ ਵੀ ਟਾਵੀਆਂ ਟਾਵੀਆਂ ਚਿੜੀਆਂ ਆਪਣਾ ਰਾਗ ਅਲਾਪਦੀਆਂ ਹਨ। ਮੈਨੂੰ ਹੈਰਾਨੀ ਜਰੂਰ ਹੋਈ। ਹੁਣ ਘਰ ਦੇ ਰੱੁਖਾਂ ਤੋਂ ਦੇਸੀ ਚਿੜੀਆਂ ਅਲੋਪ ਸਨ, ਪਰ ਮੈਂ ਭੂਰੀ ਚਿੜੀ ਵਾਲੀ ਗੱਲ ਭੁੱਲ ਭੁਲਾ ਗਿਆ ਸਾਂ।
ਇਨ੍ਹੀਂ ਦਿਨੀਂ ਹੀ ਸਿੱਧੂ ਦਮਦਮੀ ਤੇ ਉਸ ਦੇ ਤਿੰਨ ਕੁ ਹੋਰ ਸਾਥੀ ਭਾਜੀ ਗੁਰਸ਼ਰਨ `ਤੇ ਇੱਕ ਫਿਲਮ ਬਣਾਉਣ ਦੇ ਸਬੰਧ ਵਿਚ ਮੇਰੇ ਕੋਲ ਠਹਿਰੇ ਸਨ। ਇੱਕ ਦਿਨ ਸਵੇਰੇ ਸਵੇਰੇ ਅਚਾਨਕ ਉਸ ਭੂਰੀ ਚਿੜੀ ਦੀ ਆਵਾਜ਼ ਸੁਣੀ। ਕੈਮਰਾਮੈਨ ਤੇ ਉਸ ਦਾ ਸਾਥੀ ਉਪਰਲੀ ਮੰਜਿ਼ਲ ਦੀ ਟੈਂਕੀ `ਤੇ ਚੜ੍ਹ ਕੇ ਨਿੰਮ `ਤੇ ਬੈਠੇ ਪੰਛੀਆਂ ਨੂੰ ਸ਼ੂਟ ਕਰ ਰਹੇ ਸਨ। ਮੈਂ ਵੀ ਆਵਾਜ਼ ਸੁਣ ਕੇ ਬਾਹਰ ਨਿਕਲਿਆ ਤਾਂ ਕੈਮਰਾਮੈਨ ਨੇ ਮੈਨੂੰ ਕਿਹਾ, ਭਾਜੀ ਆਹ ਆਵਾਜ਼ ਵਾਲਾ ਪੰਛੀ ਸਾਡੀ ਪਕੜ ਵਿਚ ਨਹੀਂ ਆ ਰਿਹਾ।
ਜਦ ਮੈਂ ਗਹੁ ਨਾਲ ਦੇਖਿਆ, ਇੱਕ ਚਿੜੀ ਗਵਾਂਢੀਆਂ ਦੇ ਅਸ਼ੋਕ ਟਰੀ `ਤੇ ਬੈਠੀ ਸਾਡੇ ਨਾਲ ਸਾਂਝ ਪਾ ਰਹੀ ਸੀ। ਮੈਨੂੰ ਇੱਕ ਦਮ ਉਹ ਸਿੰਬਲ ਦੇ ਰੱੁਖ ਵਾਲੀ ਭੂਰੀ ਚਿੜੀ ਯਾਦ ਆਈ। ਮੈਨੂੰ ਲੱਗਾ ਜਿਵੇਂ ਉਹ ਵਾਪਸ ਪਰਤ ਆਈ ਹੋਵੇ ਤੇ ਮੈਨੂੰ ਲਾਹਨਤਾਂ ਪਾ ਰਹੀ ਹੋਵੇ, ਵੇਖ ਹੁਣ ਮੈਂ ਤੇਰੇ ਘਰ ਦੇ ਰੱੁਖ `ਤੇ ਨਹੀਂ ਬੈਠੀ, ਅਸ਼ੋਕ ਟਰੀ ਵਾਲਾ ਮੇਰਾ ਘਰ ਹੈ।
ਕੈਮਰੇ ਵਾਲਾ ਮੁੰਡਾ ਆਖ ਰਿਹਾ ਸੀ, ਜੇ ਇਹ ਪੰਛੀ ਨਿੰਮ `ਤੇ ਬੈਠੇ ਪੰਛੀਆਂ ਦੇ ਵਿਚ ਬੈਠਾ ਹੁੰਦਾ ਤਾਂ ਬੜਾ ਵਧੀਆ ਸ਼ੂਟ ਹੋਣਾ ਸੀ। ਮੈਂ ਚੁੱਪ ਰਿਹਾ, ਮੇਰੇ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਮੇਰੇ ਲਈ ਹੁਣ ਘੁੱਗੀਆਂ ਦੇ ਆਲ੍ਹਣੇ ਤੋੜਨ ਦੀ ਘਟਨਾ ਤੇ ਸਿੰਬਲ ਦੇ ਰੱੁਖ ਦੀ ਘਟਨਾ ਇੱਕੋ ਹਾਦਸਾ ਬਣ ਗਿਆ ਸੀ। ਮੈਨੂੰ ਉਸ ਵਕਤ ਇੱਕ ਵਿਦਵਾਨ ਦੇ ਕਹੇ ਸ਼ਬਦ ਚੇਤੇ ਆਏ, “ਮਨੱੁਖ ਕੋਲ ਕੁਝ ਵੀ ਅਜਿਹਾ ਨਹੀਂ ਜੋ ਜਾਨਵਰਾਂ ਲਈ ਲਾਹੇਵੰਦ ਹੋਵੇ, ਪਰ ਜਾਨਵਰਾਂ ਕੋਲ ਬਹੁਤ ਕੁੱਝ ਹੈ, ਜੋ ਮਨੱੁਖ ਲਈ ਸਿੱਖਣਯੋਗ ਹੈ।”