ਅਮਾਜ਼ੋਨ ਜੰਗਲਾਂ ਦੀ ਅੱਗ ਅਤੇ ਵਿਕਸਿਤ ਦੇਸ਼

ਡਾ. ਗੁਰਿੰਦਰ ਕੌਰ
ਫੋਨ: 408-493-9776
ਅਗਸਤ ਮਹੀਨੇ ਦੇ ਸ਼ੁਰੂ ਤੋਂ ਹੀ ਬਰਾਜ਼ੀਲ ਵਿਚ ਪੈਂਦੇ ਅਮਾਜ਼ੋਨ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਹੋਈ ਹੈ ਅਤੇ ਇਸ ਅੱਗ ਦੀ ਭਿਆਨਕਤਾ ਨੂੰ ਦੇਖ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਧਰਤੀ ਦੇ ਫੇਫੜੇ ਸੜ ਰਹੇ ਹਨ। ਫਰਾਂਸ ਦੇ ਰਾਸ਼ਟਰਪਤੀ ਮੈਕਰੂਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਾਡਾ ਘਰ ਸੜ ਰਿਹਾ ਹੈ।

ਇਸ ਅੱਗ ਨਾਲ ਦੁਨੀਆਂ ਵਿਚ ਹਾਲ-ਦੁਹਾਈ ਮਚੀ ਹੋਈ ਹੈ, ਪਰ ਵਿਕਸਿਤ ਦੇਸ਼ ਡਾਢੇ ਫਿਕਰ ਵਿਚ ਹਨ, ਇਸ ਲਈ ਉਨ੍ਹਾਂ ਨੇ ਹਾਲ ਵਿਚ ਹੋਈ ਜੀ-7 ਦੀ ਕਾਨਫਰੰਸ ਵਿਚ ਇਸ ਮੁੱਦੇ ਨੂੰ ਕੌਮਾਂਤਰੀ ਐਮਰਜੈਂਸੀ ਅਤੇ ਵਾਤਾਵਰਣ ਦਾ ਘਾਣ ਮੰਨਦਿਆਂ ਇਸ ਉਤੇ ਸਾਂਝੇ ਤੌਰ `ਤੇ ਚਰਚਾ ਕਰਕੇ ਬਰਾਜ਼ੀਲ ਦੇ ਰਾਸ਼ਟਰਪਤੀ ਨੂੰ ਜੰਗਲਾਂ ਵਿਚ ਲੱਗੀ ਅੱਗ ਬੁਝਾਉਣ ਲਈ 22 ਮਿਲੀਅਨ ਅਮਰੀਕੀ ਡਾਲਰ ਮਦਦ ਕਰਨ ਦੀ ਪੇਸ਼ਕਸ ਵੀ ਕੀਤੀ ਹੈ। ਇਸ ਤੋਂ ਬਿਨਾ ਕੈਨੇਡਾ ਨੇ 11 ਮਿਲੀਅਨ ਅਤੇ ਬ੍ਰਿਟੇਨ ਨੇ 12 ਮਿਲੀਅਨ ਡਾਲਰ ਉਸ ਸਾਂਝੀ ਰਕਮ ਤੋਂ ਅਲੱਗ ਦੇਣ ਲਈ ਕਿਹਾ ਹੈ, ਪਰ ਬਰਾਜ਼ੀਲ ਦੇ ਰਾਸ਼ਟਰਪਤੀ ਨੇ ਇਹ ਰਕਮ ਲੈਣ ਤੋਂ ਨਾਂਹ ਕਰਦਿਆਂ ਕਿਹਾ ਹੈ ਕਿ ਉਹ ਇਨ੍ਹਾਂ ਦੇਸ਼ਾਂ ਤੋਂ ਵਿੱਤੀ ਮਦਦ ਸਿਰਫ ਇਕ ਹੀ ਸ਼ਰਤ ਉਤੇ ਲੈਣਗੇ ਕਿ ਜੇ ਫਰਾਂਸ ਦਾ ਰਾਸ਼ਟਰਪਤੀ ਮੈਕਰੂਨ ਉਨ੍ਹਾਂ ਬਾਰੇ ਕਹੇ ਮਾੜੇ ਸ਼ਬਦ ਵਾਪਸ ਲੈ ਲਵੇ।
ਅਮਾਜ਼ੋਨ ਦੇ ਜੰਗਲਾਂ ਨੂੰ ਅੱਗ ਲੱਗਣਾ ਕੋਈ ਅਨੋਖੀ ਗੱਲ ਨਹੀਂ ਹੈ। ਇਨ੍ਹਾਂ ਜੰਗਲਾਂ ਵਿਚ ਹਰ ਸਾਲ ਮਈ ਤੋਂ ਸਤੰਬਰ ਤੱਕ ਦੇ ਮਹੀਨਿਆਂ ਵਿਚ ਚਰਾਗਾਹਾਂ ਵਿਚਲੇ ਘਾਹ, ਦਰਖਤਾਂ ਤੋਂ ਡਿਗੇ ਸੁੱਕੇ ਪੱਤਿਆਂ ਅਤੇ ਟਾਹਣੀਆਂ ਨੂੰ ਕੁਦਰਤੀ ਤੌਰ `ਤੇ ਅੱਗ ਲੱਗ ਜਾਂਦੀ ਹੈ ਜਾਂ ਲਾ ਦਿੱਤੀ ਜਾਂਦੀ ਹੈ ਤਾਂ ਕਿ ਅਗਲੇ ਸਾਲ ਲਈ ਚਰਾਗਾਹਾਂ ਵਿਚ ਨਵਾਂ ਘਾਹ ਉਗ ਸਕੇ ਅਤੇ ਖਾਲੀ ਪਈਆਂ ਥਾਂਵਾਂ `ਤੇ ਖੇਤੀ ਕੀਤੀ ਜਾ ਸਕੇ, ਪਰ ਇਸ ਸਾਲ ਇਨ੍ਹਾਂ ਜੰਗਲਾਂ ਵਿਚ ਲੱਗੀ ਅੱਗ ਕੌਮਾਂਤਰੀ ਪੱਧਰ `ਤੇ ਚਰਚਾ ਦਾ ਵਿਸ਼ਾ ਬਣ ਗਈ ਹੈ, ਕਿਉਂਕਿ 2019 ਵਿਚ 2018 ਨਾਲੋਂ 85 ਫੀਸਦ ਵਧ ਰਕਬੇ ਉਤੇ ਇਹ ਅੱਗ ਲੱਗੀ ਹੋਈ ਹੈ।
ਬਰਾਜ਼ੀਲ ਦੀ ਨੈਸ਼ਨਲ ਇੰਸਟੀਚਿਊਟ ਫਾਰ ਸਪੇਸ ਰਿਸਰਚ ਦੀ ਇਕ ਰਿਪੋਰਟ ਅਨੁਸਾਰ 2018 ਵਿਚ ਸਿਰਫ 39,759 ਥਾਂਵਾਂ ਉਤੇ ਅੱਗ ਲੱਗੀ ਸੀ, ਪਰ ਇਸ ਸਾਲ 29 ਅਗਸਤ ਨੂੰ ਲਗਭਗ 80,000 ਥਾਂਵਾਂ `ਤੇ ਅੱਗ ਲੱਗੀ ਦੇਖੀ ਗਈ ਹੈ। ਇਹ ਇੰਸਟੀਚਿਊਟ 2013 ਤੋਂ ਜੰਗਲਾਂ ਨੂੰ ਅੱਗ ਲੱਗਣ ਦਾ ਰਿਕਾਰਡ ਰੱਖ ਰਹੀ ਹੈ। ਇਸ ਸਾਲ ਹੁਣ ਤੱਕ ਦੇ ਰਿਕਾਰਡ ਅਨੁਸਾਰ ਸਭ ਤੋਂ ਵੱਧ ਥਾਂਵਾਂ `ਤੇ ਅੱਗ ਲੱਗੀ ਹੈ। ਇਹ ਕੁਦਰਤੀ ਵਰਤਾਰਾ ਨਾ ਹੋ ਕੇ ਮਨੁੱਖੀ ਕਾਰਗੁਜ਼ਾਰੀ ਹੈ। ਅਮਰੀਕਾ ਦੀ ਏਜੰਸੀ ਨਾਸਾ ਦੀ ਇਕ ਰਿਪੋਰਟ ਅਨੁਸਾਰ ਬਰਾਜ਼ੀਲ ਦੇ ਜੰਗਲਾਂ ਦੀ ਅੱਗ ਦੇ ਧੂੰਏ ਨੇ ਨਾਲ ਲੱਗਦੇ ਖੇਤਰਾਂ ਤੋਂ ਇਲਾਵਾ ਹਜ਼ਾਰਾਂ ਮੀਲ ਦੂਰ ਵੱਸੇ ਸ਼ਹਿਰ ਸਾEਪਾਲੋ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਬਰਾਜ਼ੀਲ ਦੀ ਨੈਸ਼ਨਲ ਇੰਸਟੀਚਿਊਟ ਫਾਰ ਸਪੇਸ ਰਿਸਰਚ ਦੀ ਰਿਪੋਰਟ ਆਉਣ ਪਿਛੋਂ ਸਭ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਮੈਕਰੂਨ ਅਤੇ ਬਰਾਜ਼ੀਲ ਦੀਆਂ ਗੈਰ-ਸਰਕਾਰੀ ਸੰਸਥਾਵਾਂ ਨੇ ਅੱਗ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਉਤੇ ਚਿੰਤਾ ਪ੍ਰਗਟਾਈ ਅਤੇ ਬਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨਾਲ ਗੱਲਬਾਤ ਕੀਤੀ। ਬੋਲਸੋਨਾਰੋ ਨੇ ਪਹਿਲਾਂ ਤਾਂ ਕਿਹਾ ਕਿ ਇਹ ਕੁਦਰਤੀ ਅੱਗ ਹੈ ਅਤੇ ਉਨ੍ਹਾਂ ਦੇ ਦੇਸ਼ ਦੀ ਨੈਸ਼ਨਲ ਇੰਸਟੀਚਿਊਟ ਦੀ ਰਿਪੋਰਟ ਕੋਰਾ ਝੂਠ ਹੈ, ਪਰ ਬਾਅਦ ਵਿਚ ਸਫਾਈ ਦਿੰਦਿਆਂ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਜੰਗਲਾਂ ਨੂੰ ਅੱਗ ਗੈਰ-ਸਰਕਾਰੀ ਸੰਸਥਾਵਾਂ ਨੇ ਉਸ ਦੀ ਸਰਕਾਰ ਨੂੰ ਬਦਨਾਮ ਕਰਨ ਲਈ ਲਾਈ ਹੈ, ਕਿਉਂਕਿ ਸਰਕਾਰ ਨੇ ਉਨ੍ਹਾਂ ਦੇ ਫੰਡਾਂ ਵਿਚ ਕਾਫੀ ਕਟੌਤੀ ਕਰ ਦਿੱਤੀ ਹੈ। ਇਸ ਪਿਛੋਂ ਬਰਾਜ਼ੀਲ ਦੇ ਰਾਸ਼ਟਰਪਤੀ ਨੇ ਨੈਸ਼ਨਲ ਇੰਸਟੀਚਿਊਟ ਫਾਰ ਸਪੇਸ ਰਿਸਰਚ ਦੇ ਮੁਖੀ ਨੂੰ ਵੀ ਬਰਖਾਸਤ ਕਰ ਦਿੱਤਾ।
ਬਰਾਜ਼ੀਲ ਵਿਚ ਆਮ ਲੋਕ ਵੀ ਜੰਗਲਾਂ ਵਿਚ ਲੱਗੀ ਅੱਗ ਉਤੇ ਕਾਬੂ ਪਾਉਣ ਲਈ ਰੋਸ ਮੁਜਾਹਰੇ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਪਸੂ-ਪਾਲਣ, ਖੇਤੀ ਅਤੇ ਲੱਕੜੀ ਦਾ ਧੰਦਾ ਕਰਨ ਵਾਲੇ ਇਕ ਖਾਸ ਵਰਗ ਲਈ ਜੰਗਲਾਂ ਨੂੰ ਅੱਗ ਲਾ ਕੇ ਉਨ੍ਹਾਂ ਨੂੰ ਜ਼ਮੀਨ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਨਿਊ ਯਾਰਕ ਟਾਈਮਜ਼ ਅਨੁਸਾਰ ਜੇਅਰ ਬੋਲਸੋਨਾਰੋ ਵਲੋਂ ਵਾਤਾਵਰਣ ਸੰਵੇਦਨਸ਼ੀਲ ਖੇਤਰਾਂ ਵਿਚ ਗੈਰ-ਕਾਨੂੰਨੀ ਤੌਰ `ਤੇ ਜੰਗਲ ਵੱਢਣ ਵਾਲਿਆਂ ਨੂੰ ਸਿਰਫ ਚੇਤਾਵਨੀ ਦੇਣਾ ਅਤੇ ਉਨ੍ਹਾਂ ਨੂੰ ਜੁਰਮਾਨਾ ਲਾਉਣ ਵਰਗੇ ਕਾਨੂੰਨਾਂ ਨੂੰ ਹਟਾ ਦੇਣ ਨਾਲ ਵੀ ਜੰਗਲਾਂ ਦੀ ਕਟਾਈ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਜੇਅਰ ਬੋਲਸੋਨਾਰੋ ਨੇ ਆਪਣੀ ਚੋਣ ਮੁਹਿੰਮ ਦੌਰਾਨ ਕਿਹਾ ਸੀ ਕਿ ਉਹ ਜੰਗਲਾਂ ਦੇ ਵਾਤਾਵਰਣ ਸੁਰੱਖਿਅਤ ਖੇਤਰ ਵੀ ਖੁਦਾਈ ਅਤੇ ਖੇਤੀਬਾੜੀ ਲਈ ਮੁਹੱਈਆ ਕਰਵਾ ਦੇਵੇਗਾ। ਇਨ੍ਹਾਂ ਜੰਗਲਾਂ ਵਿਚ ਰਹਿੰਦੇ ਆਦਿਵਾਸੀਆਂ ਨੂੰ ਤਾਂ ਉਸ ਨੇ ਚਿੜੀਆਘਰ ਦੇ ਜਾਨਵਰ ਹੀ ਦੱਸਿਆ ਹੈ। ਬਰਾਜ਼ੀਲ ਦੀ ਮੌਜੂਦਾ ਸਰਕਾਰ ਨੇ ਵਾਤਾਵਰਣ ਸਾਂਭ-ਸੰਭਾਲ ਏਜੰਸੀ (ਭੳੰੳ) ਦੀ ਗਰਾਂਟ ਵਿਚ 24 ਫੀਸਦ ਦੀ ਕਟੌਤੀ ਕਰ ਦਿੱਤੀ ਹੈ। ਇਸ ਤਰ੍ਹਾਂ ਦੇ ਸਭ ਤੱਥ ਇਸ ਗੱਲ ਦਾ ਪੁਖਤਾ ਸਬੂਤ ਹਨ ਕਿ ਬਰਾਜ਼ੀਲ ਦੀ ਮੌਜੂਦਾ ਸਰਕਾਰ ਆਰਥਿਕ ਵਿਕਾਸ ਦੇ ਚੱਕਰ ਵਿਚ ਵਾਤਾਵਰਣ ਨਿਯਮਾਂ ਅਤੇ ਜੰਗਲਾਂ ਦੀ ਸਾਂਭ-ਸੰਭਾਲ ਨੂੰ ਅੱਖੋਂ ਪਰੋਖੇ ਕਰ ਰਹੀ ਹੈ।
ਅਮਾਜ਼ੋਨ ਦੇ ਜੰਗਲਾਂ ਦੀ ਅੱਗ ਸਾਰੀ ਦੁਨੀਆਂ ਲਈ ਚਿੰਤਾ ਦਾ ਵਿਸ਼ਾ ਕਿਉਂ ਹੈ? ਅਸਲ ਵਿਚ ਅਮਾਜ਼ੋਨ ਦੇ ਜੰਗਲਾਂ ਵਿਚ ਦੁਨੀਆਂ ਦੇ ਸਭ ਤੋਂ ਘਣੇ ਅਤੇ ਸਭ ਕਿਸਮਾਂ ਦੇ ਦਰਖਤ ਹਨ, ਜੋ 5.5 ਮਿਲੀਅਨ ਵਰਗ ਕਿਲੋਮੀਟਰ ਵਿਚ ਦੱਖਣੀ ਅਮਰੀਕਾ ਦੇ ਨੌਂ ਦੇਸਾਂ-ਬਰਾਜ਼ੀਲ, ਗੁਆਨਾ, ਬੋਲੇਵੀਆ, ਪੇਰੂ, ਇਕਵੇਡੋਰ, ਕੋਲੰਬੀਆ, ਵੈਨਜ਼ੁਏਲਾ, ਸੁਰੀਨਾਮ ਅਤੇ ਫਰੈਂਚ-ਗੁਆਨਾ ਵਿਚ ਫੈਲੇ ਹੋਏ ਹਨ, ਪਰ ਇਨ੍ਹਾਂ ਜੰਗਲਾਂ ਦਾ 60 ਤੋਂ 70 ਫੀਸਦ ਰਕਬਾ ਇਕੱਲੇ ਬਰਾਜ਼ੀਲ ਵਿਚ ਹੀ ਪੈਂਦਾ ਹੈ।
ਅਮਾਜ਼ੋਨ ਦੇ ਜੰਗਲ ਧਰਤੀ `ਤੇ ਕੁੱਲ ਆਕਸੀਜਨ ਦਾ ਲਗਭਗ 20 ਫੀਸਦੀ ਪੈਦਾ ਕਰਦੇ ਹਨ, ਇਸ ਲਈ ਇਨ੍ਹਾਂ ਨੂੰ ਧਰਤੀ ਦੇ ਫੇਫੜੇ ਵੀ ਕਿਹਾ ਜਾਂਦਾ ਹੈ ਅਤੇ ਇੱਥੇ ਬਨਸਪਤੀ ਅਤੇ ਜੀਵ-ਜੰਤੂਆਂ ਦੀਆਂ ਲਗਭਗ 10 ਫੀਸਦੀ ਪ੍ਰਜਾਤੀਆਂ ਮਿਲਦੀਆਂ ਹਨ। ਇਸ ਦੇ ਨਾਲ ਨਾਲ ਇੱਥੇ ਕਰੀਬ ਤਿੰਨ ਕਰੋੜ ਲੋਕ ਵੱਸੇ ਹੋਏ ਹਨ, ਜਿਨ੍ਹਾਂ ਵਿਚੋਂ 400 ਕਬੀਲਿਆਂ ਦੇ 20 ਲੱਖ ਆਦਿਵਾਸੀ ਹਨ। ਇਸ ਤੋਂ ਇਲਾਵਾ ਇਹ ਜੰਗਲ ਧਰਤੀ ਨੂੰ ਮਨੁੱਖਾਂ ਦੇ ਰਹਿਣਯੋਗ ਬਣਾਉਣ ਵਾਲੀਆਂ ਪ੍ਰਕ੍ਰਿਆਵਾਂ ਵਿਚ ਅਹਿਮ ਯੋਗਦਾਨ ਪਾਉਂਦੇ ਹਨ ਜਿਵੇਂ ਵਾਤਾਵਰਣ ਵਿਚਲੀਆਂ ਗਰੀਨ ਹਾਊਸ ਗੈਸਾਂ, ਖਾਸ ਕਰ ਕਾਰਬਨ ਡਾਇਆਕਸਾਈਡ ਨੂੰ ਸੋਖ ਕੇ ਆਕਸੀਜਨ ਪੈਦਾ ਕਰਦੇ ਹਨ ਅਤੇ ਇਸੇ ਤਰ੍ਹਾਂ ਨਾਈਟਰੋਜਨ, ਸਲਫਰ ਡਾਇਆਕਸਾਈਡ ਆਦਿ ਨੂੰ ਮੁੜ ਗੇੜ ਵਿਚ ਲਿਆਉਂਦੇ ਹਨ। ਇੱਥੇ ਹੀ ਬੱਸ ਨਹੀਂ, ਇਨ੍ਹਾਂ ਜੰਗਲਾਂ ਵਿਚ ਦਰੱਖਤਾਂ ਤੋਂ ਨਮੀ ਨਿਕਲ ਕੇ ਹਰ ਰੋਜ਼ ਪਹਿਲਾਂ ਬੱਦਲ ਬਣਾਉਂਦੀ ਹੈ ਅਤੇ ਸ਼ਾਮ ਨੂੰ ਤੇਜ਼ ਮੀਂਹ ਵੀ ਪਾਉਂਦੀ ਹੈ। ਇਸ ਤਰ੍ਹਾਂ ਸਾਰੀਆਂ ਪ੍ਰਕ੍ਰਿਆਵਾਂ ਦਰਖਤਾਂ ਨਾਲ ਹੀ ਜੁੜੀਆਂ ਹਨ।
ਅਮਾਜ਼ੋਨ ਦੇ ਦਰਖਤ ਬਹੁਤ ਘਣੇ ਅਤੇ ਪੁਰਾਣੇ ਹਨ ਜਿਸ ਕਰਕੇ ਇਨ੍ਹਾਂ ਦੀਆਂ ਜੜ੍ਹਾਂ ਕਾਫੀ ਮਾਤਰਾ ਵਿਚ ਪਾਣੀ ਆਪਣੇ ਅੰਦਰ ਜਜ਼ਬ ਕਰੀ ਬੈਠੀਆਂ ਹਨ, ਜਿਸ ਨਾਲ ਇੱਥੋਂ ਧਰਤੀ ਹੇਠਲੇ ਪਾਣੀ ਦੇ ਜ਼ਖੀਰੇ ਹਮੇਸ਼ਾ ਭਰੇ ਰਹਿੰਦੇ ਹਨ। ਅਮਰੀਕਾ ਦੀ ਨੈਸ਼ਨਲ ਅਕੈਡਮੀ ਆਫ ਸਾਇੰਸ ਦੀ 2007 ਦੀ ਇਕ ਖੋਜ ਅਨੁਸਾਰ ਅਮਾਜ਼ੋਨ ਦੇ ਜੰਗਲ ਤਾਂ ਧਰਤੀ `ਤੇ ਮਨੁੱਖਾਂ ਵਲੋਂ ਪੈਦਾ ਕੀਤੀ ਕਾਰਬਨ ਡਾਇਆਕਸਾਈਡ ਨੂੰ 9 ਤੋਂ 14 ਦਹਾਕਿਆਂ ਤੱਕ ਸੋਖਣ ਦੀ ਸਮਰੱਥਾ ਰੱਖਦੇ ਹਨ। ਇਹ ਸਾਰੇ ਫਾਇਦੇ ਅਤੇ ਪ੍ਰਕ੍ਰਿਆਵਾਂ ਜੰਗਲਾਂ ਦੀ ਹੋਂਦ ਨਾਲ ਹੀ ਜੁੜੀਆਂ ਹਨ। ਜੇ ਇਹ ਜੰਗਲ ਇਸੇ ਤਰ੍ਹਾਂ ਮਨੁੱਖੀ ਸਵਾਰਥਾਂ ਲਈ ਸਾੜੇ ਜਾਂਦੇ ਰਹੇ ਤਾਂ ਇਕੱਲੇ ਬਰਾਜ਼ੀਲ ਜਾਂ ਦੱਖਣੀ ਅਮਰੀਕਾ ਉਤੇ ਹੀ ਕੁਦਰਤ ਦਾ ਕਹਿਰ ਨਹੀਂ ਟੁੱਟੇਗਾ ਸਗੋਂ ਦੁਨੀਆਂ ਦੇ ਸਾਰੇ ਦੇਸ਼ ਹੀ ਇਸ ਲਾਲਸਾ ਭਰੀ ਮਨੁੱਖੀ ਕਾਰਗੁਜ਼ਾਰੀ ਦਾ ਸ਼ਿਕਾਰ ਹੋ ਜਾਣਗੇ। ਆਰਥਿਕ ਵਿਕਾਸ ਦੀ ਇਸ ਅੰਨੀ ਦੌੜ ਵਿਚ ਬਨਸਪਤੀ ਅਤੇ ਜੀਵ ਜੰਤੂਆਂ ਦੀਆਂ ਲੱਖਾਂ ਪ੍ਰਜਾਤੀਆਂ ਸਵਾਹ ਦੇ ਢੇਰ ਬਣ ਜਾਣਗੀਆਂ ਅਤੇ ਇਸ ਨਾਲ ਇੱਥੇ ਰਹਿਣ ਵਾਲੇ ਆਦਿਵਾਸੀਆਂ ਦੇ ਹੱਕਾਂ ਦਾ ਜੋ ਘਾਣ ਹੋਵੇਗਾ, ਉਸ ਦਾ ਤਾਂ ਵੇਰਵਾ ਦੇਣਾ ਵੀ ਵੱਸੋਂ ਬਾਹਰਾ ਹੈ।
ਜੰਗਲਾਂ ਨੂੰ ਅੱਗ ਲੱਗਣ ਨਾਲ ਤਾਪਮਾਨ ਵਿਚ ਕਾਫੀ ਵਾਧਾ ਹੋ ਸਕਦਾ ਹੈ, ਕਿਉਂਕਿ ਇਕ ਤਾਂ ਜੰਗਲ ਵੱਡੀ ਮਾਤਰਾ ਵਿਚ ਕਾਰਬਨ ਡਾਇਆਕਸਾਈਡ ਸੋਖ ਲੈਂਦੇ ਹਨ, ਜੋ ਮਨੁੱਖ ਦੀਆਂ ਗਤੀਵਿਧੀਆਂ ਰਾਹੀਂ ਪੈਦਾ ਹੁੰਦੀ ਹੈ। ਦੂਜਾ, ਜੰਗਲ ਸੜਨ ਨਾਲ ਕਾਰਬਨ ਡਾਇਆਕਸਾਈਡ ਵਾਤਾਵਰਣ ਵਿਚ ਫੈਲ ਜਾਵੇਗੀ ਅਤੇ ਧਰਤੀ ਦੇ ਤਾਪਮਾਨ ਵਿਚ ਚੋਖਾ ਵਾਧਾ ਕਰ ਦੇਵੇਗੀ।
ਇਸੇ ਕਰਕੇ ਵਿਕਸਿਤ ਦੇਸ਼ ਬਰਾਜ਼ੀਲ ਵਿਚਲੇ ਅਮਾਜ਼ੋਨ ਦੇ ਜੰਗਲਾਂ ਨੂੰ ਲੱਗੀ ਅੱਗ ਤੋਂ ਚਿੰਤਿਤ ਹਨ, ਪਰ ਦੂਜੇ ਪਾਸੇ ਜੇ ਇਸ ਸਾਰੇ ਵਰਤਾਰੇ ਨੂੰ ਧਿਆਨ ਨਾਲ ਸਮਝਿਆ ਜਾਵੇ ਤਾਂ ਜੰਗਲਾਂ ਨੂੰ ਅੱਗ ਲਾਉਣ ਦਾ ਕਾਰਨ ਵੀ ਵਿਕਸਿਤ ਦੇਸ਼ ਹੀ ਹਨ। ਵਿਕਸਿਤ ਦੇਸ਼ਾਂ ਦੀਆਂ ਖਾਣ ਪੀਣ ਦੀਆਂ ਵਸਤਾਂ ਵਿਚ ਗਊ ਮਾਸ ਅਤੇ ਸੋਇਆਬੀਨ ਦੇ ਤੇਲ ਦੀ ਵਰਤੋਂ ਵੱਧ ਹੁੰਦੀ ਹੈ। ਬਰਾਜ਼ੀਲ ਦੇ ਜੰਗਲਾਂ ਨੂੰ ਅੱਗ ਲਾ ਕੇ ਸਾਫ ਕਰਨ ਦਾ ਮੁੱਖ ਕਾਰਨ ਪਸੂ-ਪਾਲਣ ਅਤੇ ਸੋਇਆਬੀਨ ਦੀ ਖੇਤੀ ਲਈ ਜ਼ਮੀਨ ਤਿਆਰ ਕਰਨਾ ਹੈ। ਬਰਾਜ਼ੀਲ 2018 ਵਿਚ ਗਊ ਦੇ ਮਾਸ ਦੀ ਦਰਾਮਦ ਵਿਚ ਦੁਨੀਆਂ ਵਿਚ ਪਹਿਲੇ ਨੰਬਰ `ਤੇ ਸੀ। ਇੱਥੋਂ ਪਿਛਲੇ ਸਾਲ 1.64 ਮਿਲੀਅਨ ਟਨ ਗਊ ਦਾ ਮਾਸ ਅਤੇ 83.3 ਮਿਲੀਅਨ ਟਨ ਸੋਇਆਬੀਨ ਬਰਾਮਦ ਕੀਤੀ ਗਈ ਸੀ, ਜਿਸ ਦਾ ਬਹੁਤਾ ਹਿੱਸਾ ਯੂਰਪੀ ਦੇਸ਼ਾਂ ਨੂੰ ਹੀ ਗਿਆ। ਇਹ ਦੇਸ਼ ਆਪਣੇ ਦੇਸ਼ ਵਿਚ ਗਰੀਨ ਹਾਊਸ ਗੈਸਾਂ ਦੇ ਨਿਕਾਸ ਦੀ ਮਾਤਰਾ ਘਟਾਉਣ ਲਈ ਇਹੋ ਜਿਹੀਆਂ ਵਸਤਾਂ ਬਾਹਰਲੇ ਦੇਸ਼ਾਂ ਤੋਂ ਹੀ ਮੰਗਵਾਉਂਦੇ ਹਨ।
ਬਰਾਜ਼ੀਲ ਦੇ ਜੰਗਲਾਂ ਨੂੰ ਅੱਗ ਲੱਗਣ ਜਾਂ ਲਾਉਣ ਦਾ ਮੁੱਦਾ ਤਾਂ ਕੌਮਾਂਤਰੀ ਪੱਧਰ ਉਤੇ ਬਹੁਤ ਜ਼ੋਰ-ਸ਼ੋਰ ਨਾਲ ਚਰਚਾ ਦਾ ਵਿਸ਼ਾ ਬਣ ਗਿਆ, ਪਰ ਅਮਰੀਕਾ ਅਤੇ ਕੁਝ ਹੋਰ ਵਿਕਸਿਤ ਦੇਸ਼ ਧਰਤੀ ਉਤੇ ਵਧਦੇ ਤਾਪਮਾਨ ਪ੍ਰਤੀ ਕਿੰਨੇ ਸੰਜੀਦਾ ਹਨ, ਉਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਜੀ-7 ਦੇਸਾਂ ਦੀ ਕਾਨਫਰੰਸ ਵਿਚ ਅਮਰੀਕਾ ਦੇ ਰਾਸ਼ਟਰਪਤੀ ਮੌਸਮੀ ਤਬਦੀਲੀਆਂ ਉਤੇ ਹੋਣ ਵਾਲੇ ਵਿਚਾਰ-ਵਟਾਂਦਰੇ ਵਿਚ ਸ਼ਾਮਲ ਹੀ ਨਹੀਂ ਹੋਏ ਅਤੇ ਉਥੋਂ ਵਾਪਸ ਅਮਰੀਕਾ ਪਰਤਦੇ ਸਾਰ 29 ਅਗਸਤ 2019 ਨੂੰ ਮਿਥੇਨ ਗੈਸ ਦੀ ਨਿਕਾਸੀ ਉਤੇ Eਬਾਮਾ ਦੇ ਸਮੇਂ ਦੀਆਂ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ। ਇਸ ਤੋਂ ਇਲਾਵਾ ਅਮਰੀਕਾ ਹੀ ਉਹ ਦੇਸ਼ ਹੈ, ਜਿਸ ਨੇ ਆਰਥਿਕ ਵਿਕਾਸ ਦੀਆਂ ਪੌੜੀਆਂ ਚੜ੍ਹਦਿਆਂ ਵਾਤਾਵਰਣ ਵਿਚ ਸਭ ਤੋਂ ਵੱਧ ਗਰੀਨ ਹਾਊਸ ਗੈਸਾਂ ਛੱਡੀਆਂ ਹਨ ਅਤੇ ਇਹ ਹੀ ਦੁਨੀਆਂ ਦਾ ਇਕੱਲਾ ਦੇਸ਼ ਹੈ, ਜੋ ਪੈਰਿਸ ਮੌਸਮੀ ਸੰਧੀ ਤੋਂ ਬਾਹਰ ਆਉਣ ਦਾ ਐਲਾਨ ਕਰ ਚੁਕਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੇ ਇਕ ਦੇਸ਼ ਕੁਦਰਤੀ ਸਰੋਤਾਂ ਦਾ ਉਜਾੜਾ ਕਰਦਾ ਹੈ ਤਾਂ ਦੂਜਾ ਵੀ ਕਰੇ। ਇਹ ਸੱਚ ਹੈ ਕਿ ਬਰਾਜ਼ੀਲ ਦੇ ਜੰਗਲਾਂ ਨੂੰ ਲੱਗੀ ਅੱਗ ਤਾਪਮਾਨ ਵਿਚ ਵਾਧਾ ਕਰੇਗੀ, ਪਰ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਕੌਮਾਂਤਰੀ ਪੱਧਰ ਉਤੇ ਹੋਈਆਂ ਕਾਨਫਰੰਸਾਂ ਵਿਚ ਜੰਗਲਾਂ ਵਰਗੇ ਬਹੁਮੁੱਲੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਦੇ ਮੁੱਦੇ ਨੂੰ ਸੰਜੀਦਗੀ ਨਾਲ ਨਹੀਂ ਲਿਆ ਗਿਆ। 1992 ਵਿਚ ਬਰਾਜ਼ੀਲ ਦੇ ਹੀ ਰੀE ਡੀ ਜਨੇਰੀE ਸ਼ਹਿਰ ਵਿਚ ਵਾਤਾਵਰਣ ਅਤੇ ਵਿਕਾਸ ਨਾਂ ਦੀ ਕਾਨਫਰੰਸ ਯੂ. ਐਨ. E. ਵੱਲੋਂ ਕਰਵਾਈ ਗਈ ਸੀ, ਜਿਸ ਵਿਚ ਵਿਕਸਿਤ ਦੇਸ਼ਾਂ ਨੇ ਅਮਾਜ਼ੋਨ ਦੇ ਜੰਗਲਾਂ ਨੂੰ ਕੌਮਾਂਤਰੀ ਵਿਰਾਸਤ ਬਣਾਉਣ ਦਾ ਵਿਚਾਰ ਪ੍ਰਗਟਾਉਂਦਿਆਂ ਕਿਹਾ ਸੀ ਕਿ ਇੱਥੋਂ ਦੇ ਸੰਘਣੇ ਜੰਗਲਾਂ ਦਾ ਧਰਤੀ ਦੇ ਸਮੁੱਚੇ ਵਾਤਾਵਰਣ ਨੂੰ ਸੰਤੁਲਿਤ ਰੱਖਣ ਵਿਚ ਅਹਿਮ ਹਿੱਸਾ ਹੈ, ਪਰ ਇਸ ਖੇਤਰ ਦੇ ਦੇਸ਼ਾਂ ਨੇ ਕਿਹਾ ਸੀ, ਇਸ ਫੈਸਲੇ ਨਾਲ ਇਕ ਤਾਂ ਸਾਡੇ ਦੇਸ਼ਾਂ ਦੀ ਆਜ਼ਾਦੀ ਨੂੰ ਖਤਰਾ ਪੈਦਾ ਹੋ ਜਾਵੇਗਾ ਅਤੇ ਦੂਜਾ ਜੇ ਕੁਦਰਤੀ ਸਰੋਤਾਂ ਦਾ ਤੁਸੀਂ ਲਾਹਾ ਲੈਣਾ ਚਾਹੁੰਦੇ ਹੋ ਤਾਂ ਇਸ ਦੇ ਬਦਲੇ ਇਸ ਖੇਤਰ ਦੇ ਦੇਸ਼ਾਂ ਨੂੰ ਆਰਥਿਕ ਵਿਕਾਸ ਲਈ ਵਿੱਤੀ ਮਦਦ ਦਿੱਤੀ ਜਾਵੇ ਅਤੇ ਕਲੀਨ ਟੈਕਨੋਲੋਜੀ ਸਸਤੇ ਭਾਅ ਜਾਂ ਮੁਫਤ ਦਿੱਤੀ ਜਾਵੇ, ਜਿਸ ਲਈ ਵਿਕਸਿਤ ਦੇਸ਼ਾਂ ਨੇ ਅੱਜ ਤੱਕ ਕੋਈ ਹਾਮੀ ਨਹੀਂ ਭਰੀ।
ਇਸ ਲਈ ਸਾਰੇ ਦੇਸ਼ਾਂ ਨੂੰ ਚਾਹੀਦਾ ਹੈ ਕਿ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਲਈ ਕੌਮਾਂਤਰੀ ਪੱਧਰ ਉਤੇ ਫੈਸਲੇ ਲਵੇ, ਪਰ ਫੈਸਲੇ ਲੈਂਦਿਆਂ ਸਾਰੇ ਦੇਸ਼ਾਂ ਦੇ ਹਿੱਤਾਂ ਅਤੇ ਉਨ੍ਹਾਂ ਦੇ ਆਰਥਿਕ ਵਿਕਾਸ ਦਾ ਧਿਆਨ ਰੱਖਿਆ ਜਾਵੇ, ਨਹੀਂ ਤਾਂ ਸਾਰੇ ਦੇਸ਼ ਆਪਣੀ ਆਪਣੀ ਚਾਲ ਚਲਦਿਆਂ ਧਰਤੀ ਦੇ ਵਾਤਾਵਰਣ ਦੀ ਪਹਿਲਾ ਤੋਂ ਹੀ ਡਾਵਾਂਡੋਲ ਹਾਲਤ ਨੂੰ ਹੋਰ ਤਰਸਯੋਗ ਸਥਿਤੀ ਵਿਚ ਪਹੁੰਚਾ ਦੇਣਗੇ।