ਤਿੱਤਰਖੰਭੀ ਨੂੰ ਵਾਚਦਿਆਂ…

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸ਼ਬਦਾਂ ਤੇ ਹਰਫਾਂ ਦੀ ਪਰਖ ਪੜਚੋਲ ਕਰਦਿਆਂ ਕਿਹਾ ਸੀ, “ਸ਼ਬਦ, ਬੋਲੇ ਵੀ ਜਾਂਦੇ ਤੇ ਅਬੋਲ ਵੀ, ਗੁੰਗੇ ਵੀ ਤੇ ਸ਼ੋਰਗੁਲ ਵੀ ਪੈਦਾ ਕਰਦੇ, ਸੁਰਬੱਧ ਵੀ ਅਤੇ ਉਗੜ ਦੱੁਘੜੇ ਵੀ ਹੁੰਦੇ।

ਇਹ ਸ਼ਬਦ ਦੀ ਲੋੜ, ਰੂਪ ਅਤੇ ਵਰਤੋਂ ‘ਤੇ ਨਿਰਭਰ ਕਰਦਾ।” ਗੁਰਬਾਣੀ ਦੇ ਹਵਾਲੇ ਨਾਲ ਉਹ ਦੱਸਦੇ ਹਨ, “ਗੁਰ ਕਾ ਸਬਦੁ ਕੋ ਵਿਰਲਾ ਬੂਝੈ ਆਪ ਮਾਰੇ ਤਾ ਤ੍ਰਿਭਵਣੁ ਸੂਝੈ॥ ਲੋੜ ਹੈ, ਇਸ ਸ਼ਬਦ-ਆਸਥਾ ਨਾਲ ਅੰਤਰੀਵ ਨੂੰ ਰੌਸ਼ਨ ਕਰਕੇ ਆਤਮਕ ਸਿਰਜਣਾ ਦਾ ਮਾਰਗ ਅਪਨਾਈਏ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਬੱਦਲਾਂ ਵਿਚੋਂ ਇਕ ਛੋਟੀ ਬਦਲੋਟੀ, ਜਿਸ ਨੂੰ ਤਿੱਤਰਖੰਭੀ ਵੀ ਕਹਿ ਦਿੰਦੇ ਹਨ, ਦੇ ਹਵਾਲੇ ਨਾਲ ਮਨੁੱਖੀ ਸ਼ਖਸੀਅਤ ਦੇ ਵੱਖੋ ਵੱਖ ਪੱਖਾਂ ਦਾ ਵਿਿਖਆਨ ਕੀਤਾ ਹੈ। ਉਹ ਕਹਿੰਦੇ ਹਨ, “ਤਿੱਤਰਖੰਭੀ ਵਾਂਗ ਹੀ ਜਿੰ਼ਦਗੀ ਵੀ ਦੁੱਖਾਂ ਤੇ ਸੁੱਖਾਂ ਦਾ ਸੰਗਮ, ਹਾਸਿਆਂ ਤੇ ਹੰਝੂਆਂ ਦੀ ਸਾਂਝ, ਸਫਲਤਾਵਾਂ ਤੇ ਨਾਕਾਮੀਆਂ ਵਿਚਲਾ ਅਸਾਵਾਂਪਣ ਅਤੇ ਪਨਪਦੇ ਸਬੰਧਾਂ ਤੇ ਤਿੜਕਦੇ ਰਿਸ਼ਤਿਆਂ ਦਾ ਨਾਮ-ਕਰਣ।…ਤਿੱਤਰਖੰਭੀ ਵਰਗੇ ਕੁਝ ਲੋਕ ਵੀ ਹੁੰਦੇ, ਜੋ ਤੁਹਾਡੀ ਝੋਲੀ ਵਿਚ ਕੁਝ ਧੁੱਪਾਂ ਅਤੇ ਛਾਂਵਾਂ ਪਾ ਅਲੋਪ ਹੋ ਜਾਂਦੇ।” ਉਨ੍ਹਾਂ ਦੀ ਚਾਹਨਾ ਹੈ, “ਐ ਮਨਾਂ! ਕੁਝ ਸਿੱਖ ਬੱਦਲੀ ਤੋਂ, ਕਾਹਤੋਂ ਵਰੇਸ ਗਵਾਈ। ਸ਼ੁਭ ਕਰਮਨ ਦੀ ਖੇਤੀ ਕਰ ਕੇ, ਜੱਗ ਦੀ ਖੱਟ ਵਡਿਆਈ। ਘੁੱਪ ਸਮਿਆਂ ਦੀ ਸਰਘੀ ਬਣ ਜਾ, ਕਰ ਲੈ ਕਿਰਨ-ਕਮਾਈ।” –ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਤਿੱਤਰਖੰਭੀ, ਜਲ-ਵਾਸ਼ਪਾਂ ਦਾ ਬਸੇਰਾ, ਬੱਦਲਾਂ ਦਾ ਭਰਮਣ, ਧੁੱਪ ਤੇ ਛਾਂ ਦੀ ਲੁਕਣਮੀਟੀ ਅਤੇ ਨਵੇਂ ਨਵੇਂ ਅਕਾਰਾਂ ਦੀ ਧਰਾਤਲ। ਪਲ ਪਲ ਬਦਲਦੇ ਵਿਚਾਰਾਂ ਅਤੇ ਦ੍ਰਿਸ਼ਾਂ ਨੂੰ ਦ੍ਰਿਸ਼ਟਮਾਨ ਕਰਦੀਆਂ ਬਦਲੋਟੀਆਂ।
ਤਿੱਤਰਖੰਭੀ, ਪੌਣ-ਪਿੰਡੇ ‘ਤੇ ਪਾਣੀ ਦੀ ਪਰਵਾਜ਼, ਹਵਾ ਸੰਗ ਨਿੱਕੀਆਂ ਨਿੱਕੀਆਂ ਗੱਲਾਂ ਅਤੇ ਹੁੰਗਾਰੇ। ਇਨ੍ਹਾਂ ਹੁੰਗਾਰਿਆਂ ਵਿਚ ਹੀ ਹਵਾ ਦੇ ਨਾਮ ਹੁੰਦੀ ਜੀਵਨ-ਨਮੀ।
ਤਿੱਤਰਖੰਭੀ, ਨਿਰੰਤਰ ਗਤੀਸ਼ੀਲ, ਸੂਰਜ ਨਾਲ ਅੱਖ-ਮਿਚੋਲੀ, ਅੰਬਰ ਦਾ Eਹਲਾ, ਧੁੱਪ ਨੂੰ ਝਾਤ ਅਤੇ ਫਿਜ਼ਾ ਨਾਲ ਸੰਵਾਦ। ਇਹ ਸੰਵਾਦ ਸਿਰਫ ਪੌਣਾਂ ਦੀ ਬੋਲੀ ਨੂੰ ਸਮਝਣ ਵਾਲਿਆਂ ਨੂੰ ਹੀ ਸੁਣਦਾ ਅਤੇ ਉਹ ਇਸ ਦਾ ਹੁੰਗਾਰਾ ਭਰਦੇ।
ਤਿੱਤਰਖੰਭੀ ਬਹੁਤ ਕੁਝ ਮਨੁੱਖੀ ਚੇਤਨਾ ਵਿਚ ਧਰਦੀ, ਜਦ ਕਦੇ ਵੀ ਮੈਂ ਸੈਰ ਕਰਦਿਆਂ ਬੱਦਲਾਂ ਦੀ ਪੇਤਲੀ ਜਿਹੀ ਬੱਦਲੀ ਨੂੰ ਤਿੱਤਰਖੰਭੀ ਬਣਿਆ ਦੇਖਦਾ। ਇਹ ਤਿੱਤਰਖੰਭੀ ਸਾਵਣ ਦਾ ਪਹਿਲਾ ਪੈਗਾਮ, ਬਾਰਸ਼ ਦਾ ਸੁਖਦ-ਸੁਨੇਹਾ, ਮੋਰਾਂ ਦੀ ਰੁਣਝੁਣ ਦੀ ਆਮਦ ਅਤੇ ਬਿਰਖਾਂ ‘ਤੇ ਪੈਣ ਵਾਲੀਆਂ ਪੀਂਘਾਂ ਲਈ ਪਲੇਠਾ ਸੱਦਾ-ਪੱਤਰ।
ਤਿੱਤਰਖੰਭੀ, ਜਿ਼ੰਦਗੀ ਦਾ ਸਮੱੁਚਾ ਚਿਤਰਣ। ਜਿ਼ੰਦਗੀ ਨੂੰ ਜਿ਼ੰਦਗੀ ਕਹਿਣ ਲਈ ਇਸ ਦਾ ਨਿਰੰਤਰ ਗਤੀਸ਼ੀਲ ਰਹਿਣਾ ਜਰੂਰੀ। ਜਿ਼ੰਦਗੀ ‘ਚ ਧੁੱਪਾਂ-ਛਾਂਵਾਂ ਦਾ ਹੋਣਾ ਜੀਵਨ ਦਾ ਅਹਿਮ ਪੱਖ। ਇਹ ਧੁੱਪਾਂ-ਛਾਂਵਾਂ ਕਦੇ ਵੀ ਸਦੀਵ ਨਹੀਂ ਰਹਿੰਦੀਆਂ। ਪਲ ਪਲ ਬਦਲਦੀਆਂ। ਤਬਦੀਲ ਹੁੰਦੀ ਇਨ੍ਹਾਂ ਦੀ ਛਾਂ, ਅਕਾਰ ਅਤੇ ਸੰਘਣਾਪਣ। ਇਹ ਤਿੱਤਰਖੰਭੀ ਵਿਚਲੀ ਬਣਤਰ, ਗਤੀ ਅਤੇ ਅਕਾਰ ‘ਤੇ ਨਿਰਭਰ। ਇਹ ਸੂਰਜ ਦੀ ਸਥਿਤੀ ‘ਤੇ ਵੀ ਨਿਰਭਰ। ਸੂਰਜ ਨੇ ਤਾਂ ਸਦਾ ਚਮਕਣਾ ਹੈ। ਇਹ ਸਾਡੇ ‘ਤੇ ਨਿਰਭਰ ਕਰਦਾ ਕਿ ਅਸੀਂ ਇਸ ਦੀ ਛਾਂ ਨੂੰ ਆਪਣੀ ਸੰਵੇਦਨਾ ਦਾ ਹਿੱਸਾ ਬਣਾਉਣਾ ਜਾਂ ਇਸ ਦੀ ਧੁੱਪ ਨੂੰ ਗਲਵੱਕੜੀ ਵਿਚ ਲੈਣਾ।
ਤਿੱਤਰਖੰਭੀ ਦੇ ਬਦਲਦੇ ਅਕਾਰਾਂ ਵਾਂਗ ਹੀ ਬਦਲਦੇ ਨੇ ਰਿਸ਼ਤੇ ਤੇ ਸਬੰਧ। ਦੁੱਖ-ਸੁੱਖ ਵਿਚ ਆਪਣੇ ਤੇਵਰ ਅਤੇ ਦ੍ਰਿਸ਼ਟੀ ਨੂੰ ਗਿਰਗਿਟੀ ਰੰਗ ਦੇਣ ਵਾਲੇ ਇਨ੍ਹਾਂ ਸਬੰਧਾਂ ਵਿਚ ਬਾਰਸ਼ ਬੂੰਦਾਂ ਦੀ ਤਮੰਨਾ ਕਿੰਜ ਕਰੋਗੇ? ਇਹ ਤਾਂ ਸਿਰਫ ਤਿੱਤਰਖੰਭੀ ਵਾਂਗ ਛਲਾਵਾ ਹੁੰਦੇ।
ਤਿੱਤਰਖੰਭੀ ਵਾਂਗ ਹੀ ਜਿੰ਼ਦਗੀ ਵੀ ਦੁੱਖਾਂ ਤੇ ਸੁੱਖਾਂ ਦਾ ਸੰਗਮ, ਹਾਸਿਆਂ ਤੇ ਹੰਝੂਆਂ ਦੀ ਸਾਂਝ, ਸਫਲਤਾਵਾਂ ਤੇ ਨਾਕਾਮੀਆਂ ਵਿਚਲਾ ਅਸਾਵਾਂਪਣ ਅਤੇ ਪਨਪਦੇ ਸਬੰਧਾਂ ਤੇ ਤਿੜਕਦੇ ਰਿਸ਼ਤਿਆਂ ਦਾ ਨਾਮ-ਕਰਣ।
ਤਿੱਤਰਖੰਭੀ ਵਾਂਗ ਹੀ ਕਦੇ ਜੀਵਨ ਦੀ ਸਿਖਰ ਦੁਪਹਿਰ ਹੁੰਦੀ ਅਤੇ ਕਦੇ ਢਲਦੇ ਪਰਛਾਂਵੇਂ ਸਾਡਾ ਨਸੀਬ ਬਣਦੇ। ਕਦੇ ਚੜ੍ਹਦਾ ਸੂਰਜ ਹੁੰਦਾ ਅਤੇ ਕਦੇ ਤਿਰਛੀਆਂ ਕਿਰਨਾਂ ਦਾ ਕਾਫਲਾ ਸਾਡੇ ਦਰ ਦੀ ਦਸਤਕ ਬਣਦਾ। ਕਦੇ ਸਰਘੀ ‘ਚੋਂ ਫੁੱਟਦੀ ਲੋਅ ਅਤੇ ਕਦੇ ਪੱਛਮ ਵੱਲ ਉਗਮ ਰਹੀ ਗਹਿਰ। ਕਦੇ ਪੰਛੀਆਂ ਦੀ ਚੋਗ-ਤਿਆਰੀ ਅਤੇ ਕਦੇ ਘਰਾਂ ਨੂੰ ਪਰਤਣ ਲਈ ਉਡਾਰੀ। ਕਦੇ ਜਪੁਜੀ ਦੇ ਪਾਠ ਵਰਗੀ ਮਧੁਰਤਾ ਪਰਿੰਦਿਆਂ ਦੇ ਬੋਲਾਂ ‘ਚ ਉਗਮਦੀ ਅਤੇ ਕਦੇ ਰਹਿਰਾਸ ਵਰਗੀ ਸੰਪੂਰਨਤਾ ਬੋਟ-ਚਹਿਕਣੀ ਬਣਦੀ।
ਤਿੱਤਰਖੰਭੀ, ਮਿਲਣ ਦੀ ਤੜਪ। ਵਾਹੋ-ਦਾਹੀ ਆਪਣੀ ਮੰਜਿ਼ਲ ‘ਤੇ ਪਹੁੰਚਣ ਦੀ ਕਾਹਲ। ਬੱਦਲਾਂ ਵਿਚ ਸਮਾਉਣ ਦੀ ਲੋਚਾ ਅਤੇ ਇਸ ਵਿਚੋਂ ਹੀ ਪਨਪਦੀ ਏ ਤਰਸਣ, ਬਰਸਣ, ਵਰਸਣ ਅਤੇ ਸਦੀਵੀ ਮਿਲਾਪ ਕਾਰਨ ਸੁਖਨ ਅਤੇ ਸਕੂਨ ਵਿਚਲੀ ਲੱਜਤ।
ਤਿੱਤਰਖੰਭੀ ਕਦੇ ਕਦੇ ਮਨ ‘ਤੇ ਵੀ ਤਾਰੀ ਹੁੰਦੀ। ਮਨ ਕਦੇ ਅੰਬਰ ਨੂੰ ਮਿਲਣਾ ਚਾਹੁੰਦਾ ਅਤੇ ਕਦੇ ਧਰਤ ਸੰਗ ਲਿਪਟਣ ਲਈ ਕਾਹਲਾ। ਕਦੇ ਤੁਰਨ ਵਿਚ ਤੇਜੀ, ਕਦੇ ਠਹਿਰ ਜਾਣ ਦੀ ਕਾਮਨਾ। ਕਦੇ ਖੁਸ਼ੀਆਂ ਵਿਚ ਹੁਲਾਸ ਤੇ ਚਾਅ ਦੀ ਮਹਿਕ ਅਤੇ ਕਦੇ ਬੇਗਾਨਗੀ, ਦਿਲਗੀਰੀ ਤੇ ਦਰਦ ਭਰੀ ਆਹ ਕਾਰਨ ਖੁਦ ਦੀ ਗੁੰਮਸ਼ੁਦਗੀ। ਕਦੇ ਮਿਲਣ ਦਾ ਚਾਅ ਅਤੇ ਕਦੇ ਵਿਛੜਨ ਦੀ ਉਦਾਸੀ। ਕਦੇ ਮਨ ਪਰਵਾਸੀ ਅਤੇ ਕਦੇ ਚਿੱਤ ਵਿਚ ਹੁਲਾਸੀ। ਕਦੇ ਖੁਦ ਤੋਂ ਖੁਦ ਤੀਕ ਦਾ ਸਫਰ ਮੁਕਾਉਣ ਦੀ ਚੇਸ਼ਟਾ। ਕਦੇ ਖੁਦ ਵਿਚ ਸਿਮਟ ਜਾਣ ਦੀ ਲਾਲਸਾ। ਕਦੇ ਖੁਦ ਵਿਚੋਂ ਖੁਦੀ ਨੂੰ ਮਿਟਾਉਣ ਦੀ ਲੋਚਾ। ਕਦੇ ਖੁਦੀ ਨੂੰ ਖੁਦਾ ਤੋਂ ਉਪਰ ਉਠਾਉਣ ਦੀ ਆਸ। ਇਹ ਮਨੁੱਖੀ ਹੋਛਾਪਣ ਹੀ ਹੁੰਦਾ, ਜੋ ਉਸ ਦੀ ਔਕਾਤ ਨੂੰ ਉਸ ਦੇ ਸਨਮੁੱਖ ਜਰੂਰ ਕਰਦਾ।
ਤਿੱਤਰਖੰਭੀ ਬਹੁਤ ਸਾਰੇ ਸੁਨੇਹੇ ਅਚੇਤ ਹੀ ਮਨ ਵਿਚ ਧਰਦੀ ਕਿ ਕੁਝ ਵੀ ਸਦੀਵ ਨਹੀਂ। ਪੀੜਾ, ਗਮ, ਦਰਦ, ਚਸਕ, ਇਕੱਲ, ਉਡੀਕ, ਦੁੱਖ, ਸੁੱਖ, ਹਾਸਾ, ਖੇੜਾ, ਅਮੀਰੀ, ਗਰੀਬੀ, ਵੱਡਾਪਣ, ਛੋਟਾਪਣ, ਰੁਤਬੇ, ਕੁਰਸੀਆਂ ਅਤੇ ਸ਼ਾਨੋ-ਸ਼ੌਕਤ ਆਦਿ ਕੁਝ ਵੀ ਸਦੀਵੀ ਨਹੀਂ ਰਹਿੰਦਾ। ਪਤਾ ਨਹੀਂ ਕਿਹੜੇ ਵਕਤ ਕੁਝ ਦਾ ਕੀ ਹੋ ਜਾਵੇ? ਵਸਤਾਂ ਦੀ ਥਾਂ ਮਨੁੱਖ ਨਾਲ ਜੁੜੋਗੇ ਤਾਂ ਵਖਤਾਂ ਵਿਚ ਕਈ ਮੋਢੇ ਤੁਹਾਡਾ ਮੋਢਾ ਬਣਨ ਲਈ ਤਿਆਰ ਹੋਣਗੇ। ਧਨ, ਮਰਤਬੇ, ਮਹਿਲ-ਮਾੜੀਆਂ ਜਾਂ ਸੁੱਖ-ਸਹੂਲਤਾਂ ਕਦੇ ਵੀ ਬੇਵਫਾ ਹੋ ਸਕਦੀਆਂ, ਪਰ ਸੁੱਚੇ ਸਬੰਧ ਕਦੇ ਵੀ ਦਗਾ ਨਹੀਂ ਕਮਾਉਂਦੇ। ਉਹ ਜੀਵਨੀ ਮੰਝਧਾਰ ਵਿਚ ਤੁਹਾਡੇ ਲਈ ਬੇੜੀ ਅਤੇ ਚੱਪੂ ਬਣ ਕੇ ਪਾਰ ਲੰਘਾਉਂਦੇ।
ਤਿੱਤਰਖੰਭੀ ਇਹ ਵੀ ਸੁਨੇਹਾ ਦਿੰਦੀ ਕਿ ਮਨੁੱਖ ਨੂੰ ਅੱਜ ਵਿਚ ਜੀਣਾ ਚਾਹੀਦਾ ਹੈ। ਪਤਾ ਨਹੀਂ ਅਗਲੇ ਪਲ ਕੀ ਹੋ ਜਾਵੇ? ਅੱਜ ਦਾ ਦਿਨ ਬੀਤੇ ਕੱਲ ਵਰਗਾ ਨਹੀਂ ਹੋਣਾ ਅਤੇ ਅੱਜ ਨੇ ਆਉਣ ਵਾਲੇ ਕੱਲ ਵਰਗਾ ਨਹੀਂ ਬਣਨਾ। ਇਸ ਲਈ ਜਰੂਰੀ ਹੈ ਕਿ ਅੱਜ ਨੂੰ ਅੱਜ ਵਾਂਗ ਹੀ ਜੀਵਿਆ ਜਾਵੇ। ਜੀਵਨੀ ਸਮਰੱਥਾ ਤੇ ਸੰਭਾਵਨਾ ਨੂੰ ਉਨ੍ਹਾਂ ਦੇ ਮੌਜੂਦਾ ਰੂਪ ਵਿਚ ਜਿਉਂਦਿਆਂ ਸ਼ੁਕਰਗੁਜਾਰੀ ਨੂੰ ਮਨ ਦੀ ਬੀਹੀ ਵਿਚ ਫੇਰੀ ਲਾਉਣ ਦਿE।
ਤਿੱਤਰਖੰਭੀ ਵਰਗੇ ਕੁਝ ਲੋਕ ਵੀ ਹੁੰਦੇ, ਜੋ ਤੁਹਾਡੀ ਝੋਲੀ ਵਿਚ ਕੁਝ ਧੁੱਪਾਂ ਅਤੇ ਛਾਂਵਾਂ ਪਾ ਅਲੋਪ ਹੋ ਜਾਂਦੇ। ਤੁਹਾਨੂੰ ਇਨ੍ਹਾਂ ਧੁੱਪਾਂ-ਛਾਂਵਾਂ ਸੰਗ ਜਿਉਣ ਅਤੇ ਇਨ੍ਹਾਂ ਨੂੰ ਸੁਲਝਾਉਣ ਜਾਂ ਉਲਝਾਉਣ ਦੀ ਅਜਿਹੀ ਬਾਤ ਪਾ ਜਾਂਦੇ ਕਿ ਮਨੁੱਖ ਸੋਚਦਾ ਹੀ ਰਹਿ ਜਾਂਦਾ।
ਤਿੱਤਰਖੰਭੀ ਨੂੰ ਨੀਝ ਨਾਲ ਦੇਖਣਾ ਅਤੇ ਇਸ ਦੇ ਬਦਲ ਰਹੇ ਅਕਾਰਾਂ ਵਿਚੋਂ ਆਪਣੀ ਚੇਤਨਾ ਵਿਚ ਵੱਸੇ ਅਕਾਰਾਂ ਦਾ ਨਾਂ ਦੇਣਾ, ਤੁਹਾਨੂੰ ਲੱਗੇਗਾ ਕਿ ਕੁਝ ਅਕਾਰ ਤੁਹਾਡੇ ਬਜੁਰਗ ਜਾਪਦੇ, ਕੁਝ ਪਿੰਡ ਦੀ ਫਿਰਨੀ ‘ਤੇ ਉਗੀਆਂ ਹਵੇਲੀਆਂ ਦਾ ਸਿਰਨਾਂਵਾਂ, ਕੁਝ ਖੂਹਾਂ ‘ਤੇ ਉਗੇ ਪਿੱਪਲਾਂ ਵਰਗੇ, ਕੁਝ ਮੌਣ ‘ਤੇ ਦੀਵਾ ਜਗਾਉਂਦੀਆਂ ਮਾਂਵਾਂ, ਕੁਝ ਹੁੰਦਲਹੇੜ ਉਮਰ ਦਾ ਝਉਲਾ, ਕੁਝ ਬਚਪਨੇ ਦਾ Eਹਲਾ, ਕੁਝ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਦੇ ਨਕਸ਼ ਆਦਿ ਤੁਹਾਡੇ ਦੀਦਿਆਂ ਦੇ ਨਾਮ ਕਰ ਤੁਹਾਨੂੰ ਇਕ ਸੁਚਾਰੂ ਅਤੇ ਉਸਾਰੂ ਰੁਝੇਵਾਂ ਦੇ ਜਾਂਦੇ, ਜੋ ਕਦੇ ਵੀ ਅਕੇਵਾਂ ਨਹੀਂ ਹੁੰਦਾ।
ਤਿੱਤਰਖੰਭੀ, ਪਾਣੀ ਦੀ ਹਵਾ ਸੰਗ ਆੜੀ, ਹਵਾ ਦੇ ਬੁੱਲਿਆਂ ਨਾਲ ਬਦਲ ਰਹੀ ਦਿਸ਼ਾ ਅਤੇ ਦਸ਼ਾ, ਫਿੱਕੀ ਤੇ ਗਾੜ੍ਹੀ ਹੁੰਦੀ ਤਾਸੀਰ ਅਤੇ ਤਕਦੀਰ। ਕਦੇ ਕਪਾਹ ਦੀਆਂ ਫੁੱਟੀਆਂ ਜਿਹੀ ਤੇ ਕਦੇ ਸੁਰਮਈ ਭਾਅ, ਕਦੇ ਕਾਲੇ ਛਾਹ ਬੱਦਲਾਂ ਦਾ ਭੁਲੇਖਾ ਅਤੇ ਕਦੇ ਜਲ ਹੀਣ ਪੌਣ ਦਾ ਪ੍ਰਤੀਬਿੰਬ।
ਤਿੱਤਰਖੰਭੀ ਦੀ ਇਕ ਬੱਦਲੀ, ਪਾਣੀ ਦੀ ਤ੍ਰਿਹਾਈ। ਕੋਲੋਂ ਲੰਘਦੇ ਬੱਦਲਾਂ ਕੋਲੋਂ, ਜਲਵਾਸ਼ਪ ਮੰਗਣ ਆਈ। ਦਰ ‘ਤੇ ਆ ਕੇ ਅਲਖ ਜਗਾ ਕੇ, ਜਾ ਝੋਲੀ ਉਸ ਫੈਲਾਈ; ਤਾਂ ਬੱਦਲਾਂ ਨੇ ਮੋਹ ਦੇ ਬੱਝਿਆਂ, ਲੱਪ ਕਣੀਆਂ ਦੀ ਪਾਈ। ਤਿੱਤਰਖੰਭੀ ਨੇ ਦਾਤ ਝੋਲੀ ਦੀ, ਰੱਕੜ ਨੂੰ ਵਰਤਾਈ। ਧਰਤੀ ਹੱਸੀ ਤੇ ਬਿਰਖ ਵੀ ਮੌਲੇ, ਕਾਇਨਾਤ ਮੁਸਕਰਾਈ। ਤੇ ਅੰਬਰ ਵੰਨੀਂ ਦੇਖ ਕੇ ਬੋਲੇ, ਬੱਦਲੀ ਸੁੱਚੀ ਕੁੱਖ ਦੀ ਜਾਈ, ਜਿਸ ਦੇ ਮਸਤਕ ਉਤੇ ਚਮਕੇ, ਬੰਦਗੀ ਭਰੀ ਦਾਨਾਈ। ਐ ਮਨਾਂ! ਕੁਝ ਸਿੱਖ ਬੱਦਲੀ ਤੋਂ, ਕਾਹਤੋਂ ਵਰੇਸ ਗਵਾਈ। ਸ਼ੁਭ ਕਰਮਨ ਦੀ ਖੇਤੀ ਕਰ ਕੇ, ਜੱਗ ਦੀ ਖੱਟ ਵਡਿਆਈ। ਘੁੱਪ ਸਮਿਆਂ ਦੀ ਸਰਘੀ ਬਣ ਜਾ, ਕਰ ਲੈ ਕਿਰਨ-ਕਮਾਈ। ਰੌਸ਼ਨ ਹੋ ਜਾਣ ਧੁੰਦਲੀਆਂ ਸੋਚਾਂ, ਤੇ ਹਰ ਵਿਹੜੇ ਰੁਸ਼ਨਾਈ।
ਤਿੱਤਰਖੰਭੀ, ਮਨ ਦੀ ਜੂਹੇ ਇਹ ਵੀ ਧਰਦੀ ਕਿ ਧਰਤ ਤੋਂ ਉਪਰ ਉਠਣ ਵਾਲੇ ਕਦੇ ਵੀ ਸਥਿਰ ਨਹੀਂ ਹੁੰਦੇ। ਇਹ ਪਲ ਕੁ ਦਾ ਝਲਕਾਰਾ। ਆਖਰ ਨੂੰ ਉਨ੍ਹਾਂ ਨੂੰ ਵੀ ਧਰਤ ਦੀ ਪਨਾਹ ਲੈਣੀ ਪੈਂਦੀ। ਅੰਬਰ ਨੂੰ ਛੂੰਹਦਿਆਂ, ਸੂਰਜ ਸੰਗ ਸਾਂਝ ਪਾਉਂਦਿਆਂ ਅਤੇ ਧੁੱਪ ਨਾਲ ਖੁਦ ਨੂੰ ਰੁਸ਼ਨਾਉਂਦਿਆਂ ਸਿਰਫ ਕੁਝ ਪਲ ਦੀ ਉਮਰਾ। ਫਿਰ ਤਿੱਤਰਖੰਭੀ ਆਪਣਾ ਵਜੂਦ ਗਵਾ ਬਹਿੰਦੀ।
ਤਿੱਤਰਖੰਭੀ ਤਾਂ ਇਹ ਵੀ ਦੱਸ ਜਾਂਦੀ ਕਿ ਸੂਰਜ ਦੀ ਰੋਸ਼ਨੀ ਅਤੇ ਕਿਰਨ-ਕਾਫਲੇ ਨੂੰ ਸਦਾ ਲਈ ਹਨੇਰ ‘ਚ ਲਪੇਟਣਾ ਅਸੰਭਵ। ਆਖਰ ਨੂੰ ਸੂਰਜ ਨੇ ਤਿੱਤਰਖੰਭੀ ਨੂੰ ਪਾਸੇ ਹਟਾ, ਧਰਤ ਨੂੰ ਰੁਸ਼ਨਾਉਣਾ ਤੇ ਕਿਰਨਾਂ ਦੀ ਬਾਰਸ਼ ਧਰਤ-ਵਿਹੜੇ ਕਰਨੀ ਹੁੰਦੀ ਅਤੇ ਆਪਣੀ ਕਰਮਯੋਗਤਾ ਨੂੰ ਪੂਰਨਤਾ ਨਾਲ ਨਿਭਾਉਣਾ ਹੁੰਦਾ। ਰੋਸ਼ਨੀ ਕਦੇ ਨਹੀਂ ਮਰਦੀ, ਨਾ ਹੀ ਮਾਰ ਸਕਦੇ ਹੋ। ਸਿਰਫ ਪਲ ਭਰ ਲਈ ਦੂਰ ਕਰਨ ਦਾ ਭਰਮ ਪਾਲ ਸਕਦੇ ਹੋ; ਪਰ ਕਿਰਨਾਂ ਕਦੇ ਵੀ ਕਤਲ ਨਹੀਂ ਹੁੰਦੀਆਂ, ਸਗੋਂ ਇਹ ਕਿਰਨਾਂ ਕਾਤਲਾਂ ਨੂੰ ਕਤਲ ਕਰਨ ਵਿਚ ਜ਼ਰਾ ਵੀ ਸੰਕੋਚ ਨਹੀਂ ਕਰਦੀਆਂ।
ਤਿੱਤਰਖੰਭੀ ਚਾਨਣ ਤੇ ਹਨੇਰ ਦਾ ਆਭਾ ਮੰਡਲ। ਸੂਰਜ ਅਤੇ ਧਰਤੀ ਦੀ ਮਿੱਠੜੀ ਗੁਫਤਗੂ। ਆਪਸੀ ਸੂਖਮ ਸੰਪਰਕ ਅਤੇ ਇਸ ਸੰਪਰਕ ਰਾਹੀਂ ਹੀ ਚਿੱਤ ਵਿਚ ਕੁਝ ਨਰੋਇਆ, ਨਿਵੇਕਲਾ ਅਤੇ ਨਵੀਨਤਮ ਕਰਨ ਦਾ ਖਿਆਲ ਪੈਦਾ ਹੁੰਦਾ, ਜੋ ਨਵੀਆਂ ਸੰਭਾਵਨਾਵਾਂ ਅਤੇ ਸੁਪਨਿਆਂ ਦੀ ਸਰਜਮੀਂ ਬਣਦਾ। ਦੀਦਿਆਂ ਨੂੰ ਦਿਸਹੱਦਿਆਂ ਦਾ ਸਿਰਨਾਂਵਾਂ ਮਿਲਦਾ ਅਤੇ ਕਦਮਾਂ ਨੂੰ ਮੰਜਿ਼ਲ ਨਸੀਬ ਹੁੰਦੀ।
ਤਿੱਤਰਖੰਭੀ, ਮਨ ਦੇ ਅੰਬਰੀਂ ਉਡਦੀ, ਪਰ ਮਨੁੱਖ ਇਸ ਤਿੱਤਰਖੰਭੀ ਦੇ ਰੂਬਰੂ ਹੋਣ ਤੋਂ ਤ੍ਰਹਿੰਦਾ। ਇਸ ਦੀਆਂ ਪਰਤਾਂ ਫਰੋਲਣ ਤੋਂ ਆਕੀ ਅਤੇ ਇਸ ਦੇ ਸੂਖਮ ਸੰਦੇਸ਼ਾਂ ਨੂੰ ਅੰਤਰੀਵ ਵਿਚ ਉਕਰਨ ਤੋਂ ਨਾਬਰ। ਇਸ ਕਰਕੇ ਹੀ ਮਨੁੱਖ ਪਰਦਾਦਾਰੀ ‘ਚ ਲਿਪਟਿਆ, ਅਸਲੀਅਤ ਤੋਂ ਕੋਹਾਂ ਦੂਰ। ਕੂੜ, ਕਪਟ ਤੇ ਕੁਸੱਤ ਵਿਚ ਉਲਝ ਕੇ ਨਿਰਾਰਥ ਹੋ ਰਹੀ ਜੀਵਨ-ਯਾਤਰਾ ਨੂੰ ਕਿਹੜੇ ਸਫਰ ਦਾ ਨਾਂ ਦਿਤਾ ਜਾ ਸਕਦਾ। ਇਹ ਸਫਰ ਹੋ ਕੇ ਵੀ ਅਸਫਰ ਹੀ ਰਹਿ ਜਾਂਦਾ, ਕਿਉਂਕਿ ਇਸ ਸਫਰ ਵਿਚ ਪੈਂਡਾ ਨਹੀਂ ਮੁੱਕਦਾ, ਸਗੋਂ ਸਾਡੇ ਪੈਰਾਂ ਦੀ ਸਥਿਰਤਾ ਸਾਡੀ ਹੋਣੀ ਬਣਦੀ।
ਤਿੱਤਰਖੰਭੀ ਦੀ ਬੇਰੁਖੀ ਵਰਗੇ ਕੁਝ ਮਿੱਤਰਾਂ ਕਾਰਨ ਹੋਈ ਜਿੰਦ-ਅਯਾਬੀ। ਬੇਸੁਰਿਆਂ ਵਾਂਗ ਹੋ ਗਿਆ ਕਮਲਾ ਮਨ ਬੈਰਾਗੀ। ਤਿੱਤਰਖੰਭੀ ਵਰਗੇ ਕੁਝ ਪਲ ਤਾਂ ਬਣ ਗਏ ਜੀਵਨ-ਜੋਤ, ਜਿਸ ਅਹਿਲ ਪਏ ਪੈਰਾਂ ਦੀ ਤੋੜੀ ਆਣ ਖੜੋਤ। ਤਿੱਤਰਖੰਭੀ ਸਾਹਾਂ ਵਿਚੋਂ ਸਾਹ ਨੂੰ ਮਿਲੀ ਸੀ ਮਹਿਕ, ਜਿਸ ਕਾਰਨ ਪਗਡੰਡੀਆਂ ਪਈਆਂ ਫੁੱਲਾਂ ਵਾਂਗ ਟਹਿਕ। ਤਿੱਤਰਖੰਭੀ ਬਣ ਜਦ ਜੀਵਨ-ਦਾਨੀ ਦਿਤੀ ਦਸਤਕ ਦਰੀਂ, ਤਾਂ ਬਰਕਤ-ਹੀਣ ਖੰਡਰਾਂ ਨੂੰ ਨਿਆਮਤ ਦਾਤ ਵਰੀ। ਤਿੱਤਰਖੰਭੀ ਤਨ ਦੀ ਮਿੱਟੀ, ਤਨ ਨੇ ਸਦਾ ਹੰਢਾਉਣੀ, ਤਨ-ਤੰਦੂਰ ਤਪਾਉਂਦੇ ਤਪਾਉਂਦੇ ਸਾਹ ਦੀ ਰੋਟੀ ਪਾਉਣੀ। ਇਹ ਰੋਟੀ ਜਦ ਫੱਕਰਾਂ ਹਾਰੀ ਗਲੀਏ ਫੇਰੀ ਪਾਵੇ, ਤਾਂ ਸੱਗਵੀਆਂ ਸੱਭੇ ਨਿਆਮਤਾਂ, ਮਨ-ਜੂਹੀਂ ਵਰਤਾਵੇ।
ਤਿੱਤਰਖੰਭੀ, ਰੱਕੜ ਦੇ ਨਾਂਵੇਂ ਅੰਮ੍ਰਿਤ ਬੂੰਦਾਂ ਵੀ ਕਰਦੀ, ਜੋ ਮਾਰੂਥਲਾਂ ਨੂੰ ਜੀਵਨ, ਪਿਆਸਿਆਂ ਨੂੰ ਪਾਣੀ ਅਤੇ ਕੁਦਰਤ-ਨੈਣੀਂ ਆਈ ਤ੍ਰਾਸਦੀ ਨੂੰ ਪੂੰਝਦਾ, ਮੁੱਖੜੇ ਦੇ ਨਾਂ ਖੇੜਾ ਕਰਦਾ ਅਤੇ ਇਸ ਦੀ ਸਦੀਵਤਾ ਵਿਚੋਂ ਹੀ ਆਪਣੀ ਕਰਮ-ਜਾਚਨਾ ਨੂੰ ਪੂਰਨ ਕਰਦਾ।
ਤਿੱਤਰਖੰਭੀ, ਤਰਜ਼ੀਹਾਂ, ਤਕਦੀਰਾਂ, ਤਮੰਨਾਵਾਂ ਅਤੇ ਤਾਂਘਾਂ ਲਈ ਵਰਦਾਨ। ਤਰਕੀਬਾਂ ਲਈ ਤੀਖਣਤਾ ਅਤੇ ਪੂਰਨਤਾ ਲਈ ਨਵੀਆਂ ਉਮੀਦਾਂ ਦੀ ਪੁਰਵਾਈ।
ਤਿੱਤਰਖੰਭੀ, ਇਕ ਤਾਂ ਅੰਬਰ ਵਿਚ ਉਡਾਣ ਭਰਦੀ, ਪਰ ਇਕ ਤਿੱਤਰਖੰਭੀ ਮਾਰੂਥਲੀ ਰੇਤ-ਪਿੰਡੇ ‘ਤੇ ਵੀ ਉਭਰਦੀ। ਦੋਹਾਂ ਦੀ ਦਿੱਖ ਇਕਸਾਰ, ਪਰ ਇਕ ਦੀ ਹੈ ਅੰਬਰ ਨੂੰ ਛੂਹਣ ਦੀ ਤਿਆਰੀ ਤੇ ਦੂਜੀ ਧਰਤ ਨੂੰ ਬਹੁਤ ਹੈ ਪਿਆਰੀ। ਇਕ ਹਵਾਵਾਂ ਦਾ ਹੁਲਾਰਾ ਤੇ ਦੂਜੀ ਮਿੱਟੀ ਦੇ ਮੋਹ ‘ਚ ਗੁੰਨੀ, ਪਰ ਦੋਵੇਂ ਹੀ ਹਵਾ ਨਾਲ ਆਪਣੀ ਹੋਂਦ, ਹਸਤੀ ਅਤੇ ਸੂਰਤ ਦੀ ਹਾਮੀ ਭਰਦੀਆਂ।
ਕਿਸੇ ਦੇ ਮਨ-ਅੰਬਰ ਵਿਚ ਤਿੱਤਰਖੰਭੀ ਬਣ ਕੇ ਪਰਵਾਜ਼ ਭਰਨੀ, ਪੌਣ ਦੇ ਹੁਲਾਰੇ ਮਾਣਨੇ, ਸੂਰਜੀ ਕਿਰਨਾਂ ਨਾਲ ਕਲੋਲ ਕਰਨਾ, ਪਾਣੀ ਦੀਆਂ ਕੁਝ ਕੁ ਬੂੰਦਾਂ ਨੂੰ ਆਪਣੀ ਅਮਾਨਤ ਸਮਝ ਕੇ ਅੰਤਰੀਵ ਨੂੰ ਤਰ ਕਰਨਾ, ਜੀਵਨ ਦੀ ਸੂਖਮਤਾ ਅਤੇ ਸੱੁਚਮਤਾ ਦਾ ਸਚਿਆਰਾਪਣ ਮਨ ਦਾ ਹਾਸਲ ਹੋਵੇਗਾ।
ਤਿੱਤਰਖੰਭੀ ਵੀ ਇਕ ਮਨ-ਲੋਚਾ, ਜੋ ਅੰਬਰ ‘ਚ ਹੀ ਆਲ੍ਹਣਾ ਪਾਉਂਦੀ। ‘ਵਾਵਾਂ ਦੀ ਕੰਨ੍ਹੇੜੀ ਚੜ੍ਹਦੀ। ਆਪਸ ਵਿਚ ਗੁਫਤਗੂ ਕਰਦੀਆਂ ਨਿੱਕੀਆਂ ਨਿੱਕੀਆਂ ਬਦਲੋਟੀਆਂ, ਦੁੱਖ-ਸੁੱਖ ਸਾਂਝਾਂ ਕਰਦੀਆਂ, ਹੁੰਗਾਰਾ ਭਰਦੀਆਂ, ਕਦੇ ਹੱਸਦੀਆਂ, ਕਦੇ ਮੁਸਕਰਾਉਂਦੀਆਂ, ਕਦੇ ਚੁੱਪ ਤੇ ਕਦੇ ਸ਼ੋਰ ਉਪਜਾਉਂਦੀਆਂ, ਕਦੇ ‘ਕੱਲੀ ‘ਕੱਲੀ, ਕਦੇ ਵੱਡਾ ਸਾਰਾ ਝੁਰਮਟ, ਕਦੇ ਸੂਰਜ ਨੂੰ ਲੁਕਾਉਂਦੀਆਂ, ਕਦੇ ਕਿਰਨਾਂ ਲਈ ਰਾਹ ਬਣਾਉਂਦੀਆਂ, ਕਦੇ ਕਿਰਨ ਫੁਲਕਾਰੀ, ਕਦੇ ਹਨੇਰ ਦੀ ਸਵਾਰੀ, ਕਦੇ ਅਹਿਲ, ਕਦੇ ਰਫਤਾਰ, ਕਦੇ ਸਪੱਸ਼ਟ ਆਕਾਰ ਅਤੇ ਕਦੇ ਨਿਰਾਕਾਰ।
ਤਿੱਤਰਖੰਭੀ, ਜੀਵਨ ਵਿਚ ਉਤਰਦੀ ਤਾਂ ਬਾਰਸ਼ ਦਾ ਭਰਮ ਪੈਦਾ ਕਰਦੀ, ਪਰ ਇਹ ਨਿਰਾ ਛਲਾਵਾ ਹੀ ਹੁੰਦਾ, ਕਿਉਂਕਿ ਤਿੱਤਰਖੰਭੀ ਨੂੰ ਸੰਘਣੇ ਬੱਦਲ ਬਣ ਕੇ ਬਾਰਸ਼-ਬੂੰਦਾਂ ਬਣਨ ਲਈ ਲੰਮਾ ਪੈਂਡਾ ਤੈਅ ਕਰਨਾ ਪੈਂਦਾ। ਫਿਰ ਇਹ ਹੀ ਤਿੱਤਰਖੰਭੀ ਬਰਕਤਾਂ ਦੀ ਬਹਿਸ਼ਤ ਬਣਦੀ ਅਤੇ ਜੀਵਨ ਦੇ ਨਾਂਵੇਂ ਸੱੁਚਮ, ਸਮਰਪਣ ਅਤੇ ਸਥਿਰਤਾ ਕਰਦੀ।
ਤਿੱਤਰਖੰਭੀ, ਤੁਹਮਤਾਂ, ਤਿਕੜਮਬਾਜੀ, ਤੁਅੱਲਕ ਜਾਂ ਤੰਗਦਸਤੀ ਨਹੀਂ ਹੁੰਦੀ, ਸਗੋਂ ਇਹ ਇਨ੍ਹਾਂ ਤੇਹ, ਤ੍ਰੈਹ ਅਤੇ ਤ੍ਰਿਪਤੀ ਵਿਚੋਂ ਹੀ ਆਪਣੀ ਸੰਪੂਰਨਤਾ ਦਾ ਸਾਧਨ ਬਣਦੀ।
ਤਿੱਤਰਖੰਭੀ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ। ਤਿੱਤਰਖੰਭੀ ਤਾਂ ਇਕ ਬਿਰਖ ਬੀਜ ਦੀ ਨਿਆਈਂ ਹੁੰਦੀ, ਜੋ ਫੁੱਟ ਕੇ ਬਿਰਖ ਬਣਦਾ, ਫੁੱਲਾਂ ਤੇ ਫਲਾਂ ਦੀ ਦਾਤ ਵੰਡਦਾ। ਆਪਣੀ ਪਾਕ ਬਿਰਤੀ ਨੂੰ ਕਿਸੇ ਧਿਰ, ਕਬੀਲੇ ਜਾਂ ਹੱਦ-ਸਰਹੱਦ ਤੀਕ ਸੀਮਤ ਨਹੀਂ ਕਰਦਾ। ਤਿੱਤਰਖੰਭੀ ਲਈ ਵੀ ਸਾਰਾ ਅੰਬਰ ਆਪਣਾ ਹੁੰਦਾ। ਉਸ ਲਈ ਅੰਬਰ, ਧਰਤ, ਪੌਣ, ਪਾਣੀ ਦੀ ਵੰਡ ਵੰਡਾਈ ਦੇ ਕੋਈ ਅਰਥ ਨਹੀਂ। ਸਭ ਨੂੰ ਇਕਸਾਰ ਨਜ਼ਰ ਆਉਂਦੀ, ਸਭ ਦੇ ਮਨ ਨੂੰ ਭਾਉਂਦੀ ਅਤੇ ਸਭ ਲਈ ਅੰਮ੍ਰਿਤ ਬੂੰਦਾਂ ਦਾ ਵਰਦਾਨ ਮੰਗਦੀ।
ਤਿੱਤਰਖੰਭੀ ਵਰਗੀ ਸੋਚ ਮਨ ਦੇ ਬਰੂਹੀਂ ਜਰੂਰ ਪੈਦਾ ਕਰਨੀ, ਕਿਉਂਕਿ ਤਿੱਤਰਖੰਭੀ ਦਾ ਵਿਚਾਰ ਆਉਣ ‘ਤੇ ਹੀ ਬਹੁਤ ਸਾਰੀਆਂ ਸੰਭਾਵਨਾਵਾਂ, ਸੁਪਨੇ, ਸਾਰਥਕਤਾਵਾਂ ਅਤੇ ਸਫਲਤਾਵਾਂ ਤੁਹਾਡੇ ਨਾਮ ਹੋਣਾ ਲੋਚਦੀਆਂ ਹਨ। ਸਿਰਫ ਤੁਸੀਂ ਤਾਂ ਇਕ ਬਹਾਨਾ ਬਣਨਾ ਹੁੰਦਾ। ਅਜਿਹਾ ਬਹਾਨਾ ਬਣਨ ਵਿਚ ਤਾਂ ਆਪਣਾ ਸਭ ਦਾ ਭਲਾ ਹੀ ਹੈ।