ਵੱਡਾ ਫਲਾਤੂ

ਬਲਜੀਤ ਬਾਸੀ
ਕੱਚੀ ਜਮਾਤ ਵਿਚ ਸੇਮਾ ਨਾਂ ਦਾ ਮੁੰਡਾ ਮੇਰੇ ਨਾਲ ਪੜ੍ਹਦਾ ਸੀ। ਪੜ੍ਹਦਾ ਕੀ, ਸਕੂਲ ਆਉਂਦਾ ਕਹਿਣਾ ਹੀ ਠੀਕ ਹੈ, ਕਿਉਂਕਿ ਬਸਤੇ ਨਾਲ ਉਸ ਦਾ ਸਬੰਧ ਇਸ ਨੂੰ ਚੁੱਕਣ ਤੇ ਕਮਰੇ ਵਿਚ ਲਿਆ ਕੇ ਇਸ `ਤੇ ਬੈਠਣ ਤੱਕ ਹੀ ਸੀ। ਕੈਦਾ ਫੱਟੀ ਕਦੇ ਉਸ ਨੇ ਕੱਢ ਕੇ ਨਹੀਂ ਸੀ ਦੇਖੇ। ਉਹ ਅਕਸਰ ਚੱੁਪ-ਗੜੁੱਪ ਹੀ ਰਹਿੰਦਾ, ਅਧਿਆਪਕ ਦੇ ਕਿਸੇ ਪੁੱਛੇ ਦਾ ਉਸ ਨੇ ਜਵਾਬ ਕੀ ਦੇਣਾ ਹੁੰਦਾ! ਪੱਕੀ ਜਮਾਤ ਵਿਚ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਇੱਕ ਦਿਨ ਉਸ ਦਾ ਪਿਉ ਆਇਆ, ਨਾਲ ਸੇਮੇ ਦਾ ਵੱਡਾ ਭਰਾ ਸਿ਼ੰਦਰ ਸੀ। ਮੁੰਡਿਆਂ ਦਾ ਪਿਉ ਮਾਸਟਰ ਨੂੰ ਕੁਝ ਇਸ ਤਰ੍ਹਾਂ ਬੋਲਿਆ, “ਮੈਂ ਬੜੇ ਨੂੰ ਲੈ ਕੇ ਆਇਆਂ। ਦੇਖ ਲਿE ਏਹਦੇ ਢਿਡ ਚਾਰ ਅੱਖਰ ਪੈਂਦੇ ਕਿ ਨਹੀਂ। ਸੇਮੇ ਨੂੰ ਮੈਂ ਲੈ ਜਾਨਾਂ। ਖੇਤਾਂ ‘ਚ ਹੱਥ ਵਟਾਉਣ ਲਈ ਬੀ ਕੋਈ ਚਾਹੀਦਾ।” ਮਾਸਟਰ ਦਾ ਹੁੰਗਾਰਾ ਉਡੀਕੇ ਬਿਨਾ ਪਿਉ ਸੇਮੇ ਦਾ ਹੱਥ ਫੜੀ ਕਮਰੇ ਤੋਂ ਬਾਹਰ ਹੋ ਗਿਆ। ਲਗਿਆ, ਮਾਸਟਰ ਨੇ ਸੇਮੇ ਦੀ ਪੜ੍ਹਾਈ ਵਿਚ ਦਿਲਚਸਪੀ ਨਾ ਹੋਣ ਦੀ ਸਿ਼ਕਾਇਤ ਭੇਜੀ ਸੀ।

ਨਵਾਂ ਦਾਖਲ ਹੋਇਆ ਸਿ਼ੰਦਰ ਕਲਾਸ ਵਿਚ ਸਭ ਤੋਂ ਵੱਡੀ ਉਮਰ ਦਾ ਲਗਦਾ ਸੀ, ਸਭ ਨਾਲੋਂ ਪੰਜ-ਛੇ ਸਾਲ ਵੱਡਾ ਜ਼ਰੂਰ ਹੋਊ। ਮੂਹਰੇ ਬੈਠਾ ਹੋਵੇ ਤਾਂ ਮਾਸਟਰ ਨਹੀਂ ਸੀ ਦਿਸਦਾ। ਉਸ ਨੇ ਦਿਨਾਂ ਵਿਚ ਹੀ ਪੜ੍ਹਾਈ ਦਾ ਘਾਪਾ ਪੂਰ ਲਿਆ ਤੇ ਹੁਸਿ਼ਆਰ ਸਮਝਿਆ ਜਾਣ ਲੱਗਾ। ਪ੍ਰਾਇਮਰੀ ਤੇ ਅੱਗੇ ਹਾਈ ਸਕੂਲ ਵਿਚ ਅੱਠਵੀਂ ਜਮਾਤ ਤੱਕ ਉਹ ਮੇਰਾ ਹਮ-ਜਮਾਤੀ ਹੀ ਨਹੀਂ, ਪੱਕਾ ਯਾਰ-ਬੇਲੀ ਵੀ ਬਣਿਆ ਰਿਹਾ। ਉਸ ਦਾ ਨਿੱਕੀਆਂ ਇੱਟਾਂ ਵਾਲਾ ਘਰ ਸਾਡੀ ਗਲੀ ਵਿਚ ਹੀ ਸੀ। ਸਭ ਤੋਂ ਵੱਡੀ ਉਮਰ ਦਾ ਹੋਣ ਕਰਕੇ ਕੁਦਰਤੀ ਤੌਰ `ਤੇ ਉਸ ਵਿਚ ਔਸਤ ਬੁਧੀ ਵੀ ਹੋਰਨਾਂ ਨਾਲੋਂ ਵੱਧ ਸੀ। ਸੱਤਵੀਂ-ਅੱਠਵੀਂ ਵਿਚ ਜਾ ਕੇ ਤਾਂ ਉਹ ਪੂਰਾ ਗੱਭਰੂ, ਪ੍ਰੋੜ ਤੇ ਸਿਆਣਾ ਸਿਆਣਾ ਲੱਗਣ ਲੱਗ ਪਿਆ। ਉਹ ਸਾਡੇ ਨਾਲ ਗੱਲਾਂ ਵੀ ਵੱਡੀ ਉਮਰ ਵਾਲੀਆਂ ਕਰਦਾ। ਜਿ਼ੰਦਗੀ ਵਿਚ ਪਹਿਲੀ ਵਾਰੀ ਉਸ ਤੋਂ ਲੰਮੀਆਂ ਲੰਮੀਆਂ, ਗੰਦੀਆਂ ਗੰਦੀਆਂ ਬੋਲੀਆਂ ਸੁਣੀਆਂ ਤੇ ਸਿੱਖੀਆਂ। ਹੋਰ ਤਾਂ ਹੋਰ ਉਸ ਨੇ ਆਪਣੀ ਗਲੀ ਵਿਚਲੀ ਕਿਸੇ ਗੁਆਂਢਣ ਕੁੜੀ ਨਾਲ ਆਪਣੀ ਯਾਰੀ ਦੇ ਅਨੁਭਵ ਵੀ ਦੱਸਣੇ ਸ਼ੁਰੂ ਕਰ ਦਿੱਤੇ। ਉਸ ਦੀਆਂ ਗੱਲਾਂ ਸੁਣ ਕੇ ਅਸੀਂ ਤਾਂ ਬੁੱਲਾਂ `ਤੇ ਜੀਭ ਹੀ ਫੇਰ ਛੱਡਦੇ। ਇਸ ਤਰ੍ਹਾਂ ਬਹੁਤਿਆਂ ਵਿਚ ਕਾਮ-ਚੇਤਨਾ ਉਮਰ ਤੋਂ ਪਹਿਲਾਂ ਹੀ ਜਾਗ੍ਰਿਤ ਹੋ ਗਈ।
ਇੱਕ ਦਿਨ ਮੈਂ ਉਸ ਨੂੰ ਕੋਈ ਗੱਲ ਆਖੀ, ਜੋ ਹੁਣ ਯਾਦ ਨਹੀਂ, ਸਿਆਣਿਆਂ ਵਾਲੀ ਹੋਣੀ ਹੈ, ਤਾਂ ਉਸ ਨੇ ਤਮਕ ਕੇ ਕਿਹਾ, “ਜਾਹ ਵੱਡਾ ਫਲਾਤੂ।” ਮੇਰੀ ਸ਼ਕਲ ਮਾਨੋ ਪ੍ਰਸ਼ਨਵਾਚੀ ਬਣ ਗਈ, “ਫਲਾਤੂ? ਇਹ ਕੀ ਹੁੰਦਾ?” ਮੈਂ ਸਹਿਜ ਭਾਅ ਪੁੱਛਿਆ। “ਫਲਾਤੂ, ਫਲਾਤੂ ਹੁੰਦਾ, ਤੈਨੂੰ ਨਹੀਂ ਪਤਾ!” ਕਹਿੰਦਿਆਂ ਉਹ ਪਰੇ ਹੋ ਗਿਆ। ਸ਼ਬਦ ਦੀ ਪਰਿਭਾਸ਼ਾ ਦੇਣਾ ਸੌਖਾ ਕੰਮ ਨਹੀਂ ਤੇ ਸਿ਼ੰਦਰ ਜਿਹਾ ਸਿਆਣਾ-ਬਿਆਣਾ ਵੀ ਇਸ ਤੋਂ ਅਸਮਰੱਥ ਸੀ। ਫਲਾਤੂ ਬਾਰੇ ਹੋਰ ਅੱਗੇ ਲਿਖਣ ਤੋਂ ਪਹਿਲਾਂ ਇਹ ਦੱਸ ਦੇਵਾਂ ਕਿ ਸਿ਼ੰਦਰ ਤਾਂ ਅੱਠਵੀ ਪਾਸ ਕਰ ਕੇ ਹੀ ਹਟ ਗਿਆ, ਪਰ ਮੈਂ ਅੱਗੇ ਪੜ੍ਹਦਾ ਯੂਨੀਵਰਸਿਟੀ ਤੱਕ ਚਲੇ ਗਿਆ ਸਾਂ।
ਇੱਕ ਦਿਨ ਪਿੰਡ ਗਿਆ ਤਾਂ ਉਹ ਗਲੀ ਵਿਚ ਮਿਿਲਆ। ਮੈਂ ਹਾਲ-ਚਾਲ ਪੁੱਛਿਆ ਤਾਂ ਉਹ ਮੁਸ਼ਕੜੀਏਂ ਕਹਿੰਦਾ, “ਵਧਕੇ, ਪੋਤੀ ਕਨੇਡੇ ਵਿਆਹ ਦਿੱਤੀ।” ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਮੇਰਾ ਵਿਆਹ ਵੀ ਨਹੀਂ ਹੋਇਆ ਤੇ ਇਸ ਨੇ ਪੋਤੀ ਵੀ ਵਿਆਹ ਲਈ। ਮੈਂ ਆਪਣੀ ਉਮਰ ਦੇ ਸਾਲ ਗਿਣਨ ਲੱਗ ਪਿਆ। ਪਰ ਆਪਣੇ ਜਵਾਬ ਵਿਚ ਉਸ ਨੇ ਇਕ ਤਰ੍ਹਾਂ ਮੇਰੇ ਅਜੇ ਤੱਕ ਵੀ ਅਣ-ਵਿਆਹੇ ਰਹਿਣ `ਤੇ ਵਿਅੰਗ ਹੀ ਕੱਸਿਆ ਸੀ, ਜਿਸ ਨੂੰ ਉਸ ਨੇ ਝੱਟ ਹੀ ਪਿਛੋਂ ਢਿੱਲ੍ਹਾ ਕੀਤਾ, “ਕਨੇਡੇ ਪੋਤੀ ਹੋਈ ਹੈ, ਮੂਰਖਾ।” ਮੁੱਦਤਾਂ ਬਾਅਦ ਮਿਲੇ ਹੋਣ ਕਾਰਨ ਉਸ ਨੇ ਮੁੰਡੇ ਦੇ ਕੈਨੇਡਾ ਵਿਆਹੇ ਜਾਣ ਤੇ ਪੋਤੀ ਹੋਣ ਦੀ ਖਬਰ ਇੱਕ ਤਰ੍ਹਾਂ ਇਕੱਠੀ ਹੀ ਦਿੱਤੀ ਸੀ।
ਇਸ ਤਰ੍ਹਾਂ ਫਲਾਤੂ ਸ਼ਬਦ ਨਾਲ ਮੇਰਾ ਪਰਿਚੈ ਅੱਠਵੀਂ ਜਮਾਤ ਵਿਚ ਸਿ਼ੰਦਰ ਨੇ ਹੀ ਕਰਾਇਆ ਸੀ। ਦਸਵੀਂ ਵਿਚ ਹੋਇਆ ਤਾਂ ਮਾਰਕਸਵਾਦੀ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ। ਜਲੰਧਰ ਸ਼ਹਿਰ ਦੇ ‘ਪੰਜਾਬ ਬੁੱਕ ਸੈਂਟਰ’ ਜਾ ਕੇ ਅਕਸਰ ਮਾਰਕਸਵਾਦੀ ਸਾਹਿਤ ਤੇ ਹੋਰ ਰਿਸਾਲੇ, ਕਿਤਾਬਾਂ ਖਰੀਦਣ ਲੱਗ ਪਿਆ। ਇਕ ਦਿਨ E. ਯਾਕੂਤ ਵਲੋਂ ਲਿਖੀ ਪੰਜਾਬੀ ਵਿਚ ਅਨੁਵਾਦਿਤ ਪੁਸਤਕ ‘ਅਫਲਾਤੂਨ ਤੋਂ ਲੈਨਿਨ ਤੱਕ’ ਖਰੀਦ ਲਿਆਇਆ। ਇਹ ਫਲਸਫੇ ਦੇ ਇਤਿਹਾਸ ਦੀ ਸਰਲ ਕਿਤਾਬ ਸੀ। ਪੜ੍ਹਨ `ਤੇ ਪਤਾ ਲੱਗਾ ਕਿ ਇਸ ਵਿਚ ਜਿ਼ਕਰ ਕੀਤਾ ਫਿਲਾਸਫਰ ਅਫਲਾਤੂਨ ਦਰਅਸਲ ਯੂਨਾਨੀ ਫਿਲਾਸਫਰ ਪਲੈਟੋ ਹੈ। ਉਦੋਂ ਮਾੜੀ ਮੋਟੀ ਹੈਰਾਨੀ ਵੀ ਹੋਈ ਕਿ ਪੰਜਾਬੀਆਂ ਨੇ ‘ਪਲੈਟੋ’ ਨੂੰ ਵਿਗਾੜ ਕੇ ਅਟਪਟਾ ਜਿਹਾ ‘ਅਫਲਾਤੂਨ’ ਕਿਉਂ ਬਣਾ ਲਿਆ?
ਅੱਜ ਤੋਂ ਕੋਈ ਢਾਈ ਹਜ਼ਾਰ ਸਾਲ ਪਹਿਲੋਂ ਜਨਮੇ ਅਫਲਾਤੂਨ ਉਰਫ ਪਲੈਟੋ ਨੂੰ ਪੱਛਮੀ ਫਿਲਾਸਫੀ ਦਾ ਮੋਢੀ ਮੰਨਿਆ ਜਾਂਦਾ ਹੈ। ਇਹ ਗੱਲ ਨਹੀਂ ਕਿ ਉਸ ਤੋਂ ਪਹਿਲਾਂ ਫਿਲਾਸਫੀ ਨਹੀਂ ਸੀ ਬਲਕਿ ਇਕ ਹੋਰ ਵੱਡਾ ਫਿਲਾਸਫਰ ਅਰਸਤੂ ਉਸ ਦਾ ਉਸਤਾਦ ਸੀ। ਭਾਵ ਪਲੈਟੋ ਨੇ ਇਕ ਤਰ੍ਹਾਂ ਸੁਗਠਿਤ ਦਰਸ਼ਨ ਪੇਸ਼ ਕੀਤਾ, ਜਿਸ ਵਿਚ ਦਵੰਦਾਤਮਕ ਵਿਧੀ ਸੀ। ਉਸ ਨੇ ਰਾਜਨੀਤੀ, ਕਲਾ, ਸਾਹਿਤ, ਨੀਤੀ-ਸ਼ਾਸਤਰ, ਅਧਿਆਤਮਵਾਦ, ਗਣਿਤ, ਜੀਵ ਵਿਿਗਆਨ, ਭਾਸ਼ਾ-ਗੱਲ ਕੀ ਲਗਭਗ ਹਰ ਤਰ੍ਹਾਂ ਦੇ ਵਿਸ਼ੇ `ਤੇ ਭਵਿੱਖਮੁਖੀ ਕੰਮ ਕੀਤਾ। ਪਲੈਟੋ ਦੇ ਫਲਸਫੇ `ਤੇ ਆਧਾਰਤ ਇਕ ਆਦਰਸ਼ਕ ਪਿਆਰ ਦਾ ਵਿਚਾਰ ਪੈਦਾ ਹੋਇਆ, ਜਿਸ ਵਿਚ ਵਾਸਨਾ ਰਹਿਤ ਰੂਹਾਨੀ ਪਿਆਰ ਦੀ ਵਕਾਲਤ ਕੀਤੀ ਜਾਂਦੀ ਹੈ। ਪੰਜਾਬੀ ਵਿਚ ਇਸ ਲਈ ‘ਅਫਲਾਤੂਨੀ ਪਿਆਰ’ ਉਕਤੀ ਪ੍ਰਚਲਿਤ ਹੈ। ‘ਪਿਆਰ ਕਬਜ਼ਾ ਨਹੀਂ, ਪਛਾਣ ਹੈ’ ਦੀ ਰਟ ਲਾ ਕੇ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਇਸ ਦਾ ਖੂਬ ਪ੍ਰਸਾਰ ਕੀਤਾ।
‘ਅਫਲਾਤੂਨ’ ਨੂੰ ਅੰਗਰੇਜ਼ ਆਪਣੀ ਭਾਸ਼ਾ ਵਿਚ ਪਲੈਟੋ ਕਹਿੰਦੇ ਹਨ। ਕਿਉਂਕਿ ਹਰ ਪੜ੍ਹਿਆ ਲਿਿਖਆ ਅੰਗਰੇਜ਼ੀ ਦੇ ਪਿਛੇ ਲਗਦਾ ਹੈ, ਇਸ ਲਈ ਅੱਜ ਬਹੁਤੀਆਂ ਭਾਸ਼ਾਵਾਂ ਵਿਚ ਇਹ ਦਾਰਸ਼ਨਿਕ ਇਸੇ ਨਾਂ ਨਾਲ ਜਾਣਿਆ ਜਾਂਦਾ ਹੈ। ਅਸਲ ਵਿਚ ਉਸ ਦੀ ਆਪਣੀ ਗਰੀਕ ਭਾਸ਼ਾ ਵਿਚ ਬੋਲਿਆ ਜਾਣ ਵਾਲਾ ਨਾਂ ਪਲਾਟੋਨ ਸੀ। ਇਹ ਨਾਂ ਉਸ ਦੇ ਘਰਦਿਆਂ ਨੇ ਨਹੀਂ ਸੀ ਰੱਖਿਆ। ਉਸ ਦਾ ਜਮਾਂਦਰੂ ਨਾਂ ਸ਼ਾਇਦ ਉਸ ਦੇ ਦਾਦੇ ਦੇ ਨਾਂ ਪਿਛੇ ਅਰਿਸਟੋਕਲਜ਼ ਰੱਖਿਆ ਗਿਆ ਸੀ। ਉਸ ਵੇਲੇ ਏਥਨਜ਼ ਵਿਚ ਮੁੰਡਿਆਂ ਦਾ ਨਾਂ ਦਾਦੇ ਦੇ ਨਾਂ ਪਿੱਛੇ ਰੱਖਣ ਦੀ ਰੀਤ ਸੀ; ਪਰ ਸਾਡੇ ਫਿਲਾਸਫਰ ਨੇ ਆਪ ਆਪਣਾ ਨਾਂ ਪਲਾਟੋਨ ਪ੍ਰਚਾਰਿਆ।
ਇਸ ਨਾਂ ਪਿਛੇ ਵੀ ਇਕ ਕਹਾਣੀ ਹੈ। ਬਹੁਪ੍ਰਤਿਭਾਸ਼ਾਲੀ ਪਲੈਟੋ ਨੂੰ ਪਹਿਲਵਾਨੀ ਦਾ ਵੀ ਸ਼ੌਕ ਸੀ। ਕਹਿੰਦੇ ਹਨ, ਪਲੈਟੋ ਦੇ ਮੋਢੇ (ਕਈਆਂ ਅਨੁਸਾਰ ਛਾਤੀ ਜਾਂ ਮੱਥਾ) ਬਹੁਤ ਚੌੜੇ ਸਨ। ਉਸ ਦੇ ਅਜਿਹੇ ਚੌੜੇ-ਚਕਲੇ ਜੁੱਸੇ ਤੋਂ ਪ੍ਰਭਾਵਤ ਹੋਇਆ ਉਸ ਦਾ ਕੋਚ ਉਸ ਨੂੰ ਪਲਾਟੋਨ ਕਹਿਣ ਲੱਗ ਪਿਆ। ਪ੍ਰਾਚੀਨ ਗਰੀਕ ਭਾਸ਼ਾ ਵਿਚ ‘ਚੌੜਾ’ ਲਈ ਪਲੇਟਸ (ਫਲਅਟੇਸ) ਜਿਹਾ ਸ਼ਬਦ ਹੈ, ਜਿਸ ਤੋਂ ਵਿਅਕਤੀ ਨਾਂ ਬਣਾਇਆ ਗਿਆ, ਪਲਾਟੋਨ। ਇਹ ਨਾਂ ਲਾਤੀਨੀ ਵਿਚ ਗਿਆ ਤਾਂ ‘ਨ’ ਧੁਨੀ ਅਲੋਪ ਹੋ ਗਈ ਤੇ ਨਾਂ ਦਾ ਸ਼ਬਦ ਪਲੈਟੋ ਜਿਹਾ ਬਣ ਗਿਆ। ਯੂਰਪ ਦੇ ਇੱਕ ਖਿੱਤੇ ਵਿਚ ਲਾਤੀਨੀ ਭਾਰੂ ਹੋਣ ਕਰਕੇ ਅੰਗਰੇਜ਼ੀ ਸਮੇਤ ਕਈ ਭਾਸ਼ਾਵਾਂ ਵਿਚ ਇਹੀ ਸ਼ਬਦ ਪ੍ਰਚਲਿਤ ਹੋਇਆ।
ਐਪਰ ਸਲਾਵਿਕ ਤੇ ਕਈ ਹੋਰ ਭਾਸ਼ਾਵਾਂ ਵਿਚ ਇਸ ਨੇ ਪਲਾਤੋਨ ਜਿਹਾ ਰੂਪ ਅਖਤਿਆਰ ਕਰ ਲਿਆ। ਗਰੀਸ ਅਰਬ ਦੇਸ਼ਾਂ ਦਾ ਗੁਆਂਢੀ ਵੀ ਹੈ, ਇਸ ਲਈ ਦੋਹਾਂ ਧਿਰਾਂ ਵਿਚਾਲੇ ਕਈ ਤਰ੍ਹਾਂ ਦੇ ਵਪਾਰਕ ਤੇ ਵਿਚਾਰਕ ਆਦਾਨ-ਪ੍ਰਦਾਨ ਹੁੰਦਾ ਰਿਹਾ ਹੈ। ਸੋ ਅਰਬੀ ਵਿਚ ਜਾ ਕੇ ਪਲਾਤੋਨ ਅਫਲਾਤੂਨ ਬਣ ਗਿਆ। ਅਸਲ ਵਿਚ ਅਰਬੀ ਜ਼ਬਾਨ ਵਿਚ ‘ਪ’ ਧੁਨੀ ਨਹੀਂ ਹੈ ਤੇ ਨਾ ਹੀ ਇਸ ਦਾ ਲਖਾਇਕ ਕੋਈ ਅੱਖਰ (ਬਾਅਦ ਵਿਚ ਤਿੰਨ ਨੁਕਤੇ ਲਾ ਕੇ ਬਣਾਇਆ ਗਿਆ)। ਇਸ ਲਈ ‘ਪ’ ਧੁਨੀ ‘ਫ’ ਵਿਚ ਬਦਲ ਗਈ। ਪੈਲਸਟਾਈਨ ਨੂੰ ਅਰਬੀ ਵਿਚ ਫਲਸਤੀਨ ਇਸੇ ਕਰਕੇ ਕਿਹਾ ਜਾਂਦਾ ਹੈ। ਸ਼ਾਇਦ ‘ਫ’ ਧੁਨੀ ਇਕੱਲੀ ਬੋਲਣੀ ਆਸਾਨ ਨਹੀਂ ਸੀ, ਇਸ ਲਈ ਸ਼ੁਰੂ ਵਿਚ ‘ਅ’ ਲਾ ਦਿੱਤਾ ਗਿਆ। ਉਂਜ ਫਲਾਤੂਨ ਵੀ ਅਰਬੀ ਫਾਰਸੀ ਵਿਚ ਚਲਦਾ ਹੈ। ਅਰਬੀ ਤੋਂ ਹੀ ਅਫਲਾਤੂਨ ਫਾਰਸੀ ਵਿਚ ਗਿਆ ਤੇ ਉਥੋਂ ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ। ਪੰਜਾਬੀ ਤੇ ਸ਼ਾਇਦ ਹੋਰ ਭਾਰਤੀ ਭਾਸ਼ਾਵਾਂ ਵਿਚ ਇਹ ਸ਼ਬਦ ਵਿਦਵਾਨ, ਕਾਰੀਗਰ, ਹੁਸਿ਼ਆਰ, ਘਾਗ, ਚਤੁਰ, ਸ਼ੇਖੀਖੋਰਾ ਜਿਹੇ ਅਰਥਾਂ ਵਿਚ ਵੀ ਵਰਤਿਆ ਜਾਣ ਲੱਗਾ। ਅਰਬੀ ਫਾਰਸੀ ਗਿਆਨ ਨਾਲ ਭਰੇ ਪੰਜਾਬੀ ਸੂਫੀ ਅਤੇ ਕਿੱਸਾ ਕਾਵਿ ਵਿਚ ਅਫਲਾਤੂਨ ਦਾ ਖੂਬ ਬੋਲਬਾਲਾ ਹੋ ਗਿਆ। ਹਾਸ਼ਮ ਸ਼ਾਹ ਦਾ ਕਲਾਮ ਸੁਣੋ,
ਜਿਸ ਉਸਤਾਦ ਸੰਦੂਕ ਸੱਸੀ ਦਾ,
ਘੜਿਆ ਨਾਲ ਮਿਹਰ ਦੇ।
ਅਫਲਾਤੂਨ ਅਰਸਤੂ ਜਿਹੇ,
ਹੋਣ ਸ਼ਾਗਿਰਦ ਹੁਨਰ ਦੇ।

ਅਤੇ ਵਾਰਸ ਸ਼ਾਹ,
ਫੈਲਸੂਫ ਜਹਾਂ ਦੀਆਂ ਅਸੀਂ ਰੰਨਾਂ,
ਸਾਡੇ ਮਕਰ ਦੇ ਭੇਤ ਕਿਸ ਪਾਵਨੇ ਵੇ।
ਅਫਲਾਤੂਨ ਸ਼ਾਗਿਰਦ ਜ਼ੁਲਾਮ ਅਰੱਸਤੂ,
ਲੁਕਮਾਨ ਥੀਂ ਪੈਰ ਧੁਆਵਨੇ ਵੇ।
ਹੀਰ ਨੂੰ ਸੱਪ ਨੇ ਡੰਗਿਆ ਤਾਂ,
ਕੁੜੀਆਂ ਕਾਂਗ ਕੀਤੀ ਆ ਪਈ ਵਾਹਰ,
ਲੋਕਾਂ ਕੰਮ ਤੇ ਕਾਜ ਵਸਾਰਿਆ ਈ।
ਮੰਜੇ ਪਾਇਕੇ ਹੀਰ ਨੂੰ ਘਰੀ ਘਿਿਨਆ,
ਜਟੀ ਪਲੋ ਪਲੀ ਅੰਗ ਨਿਹਾਰਿਆ ਈ।
ਦੋਖੋ ਫਾਰਸੀ ਤੋਰਕੀ ਨਜ਼ਮ ਨਸਰੋਂ,
ਇਹ ਮਕਰ ਘਿਉ ਵਾਂਗ ਨਿਤਾਰਿਆ ਈ।
ਅੱਗੇ ਕਿਸੇ ਕਿਤਾਬ ਵਿਚ ਨਹੀਂ ਪੜ੍ਹਿਆ,
ਜੇਹਾ ਖਚਰਿਆਂ ਪਚਰਪੌ ਸਾਰਿਆ ਈ।
ਸ਼ੈਤਾਨ ਨੇ ਆਣ ਸਲਾਮ ਕੀਤਾ,
ਤੁਸਾਂ ਜਿੱਤਿਆ ਤੇ ਅਸਾਂ ਹਾਰਿਆ ਈ।
ਅਫਲਾਤੂਨ ਦੀ ਰੀਸ਼ ਮਿਕਰਾਜ਼ ਕੀਤੀ,
ਵਾਰਸ ਕੁਦਰਤਾਂ ਦੇਖ ਕੇ ਵਾਰਿਆ ਈ।
‘ਅਫਲਾਤੂਨ ਦੀ ਰੀਸ਼ ਮਿਕਰਾਜ਼ ਕੀਤੀ’ ਦਾ ਮਤਲਬ ਹੈ ਅਫਲਾਤੂਨ ਦੀ ਦਾਅੜੀ ਕੈਂਚੀ ਨਾਲ ਕੱਟ ਦਿੱਤੀ, ਭਾਵ ਕੁੜੀਆਂ ਅਫਲਾਤੂਨ ਨੂੰ ਵੀ ਚਾਰ ਸਕਦੀਆਂ ਹਨ।…ਅਰਬੀ ਵਿਚ ਅਫਲਾਤੂਨ ਦਾ ਇੱਕ ਰੁਪਾਂਤਰ ਫਲਾਤੂਨ ਵੀ ਹੈ। ਪੰਜਾਬੀ ‘ਫਲਾਤੂ’ ਵੀ ਅਸਲ ਵਿਚ ਫਲਾਤੂਨ ਦਾ ਹੋਰ ਲਘੂ ਰੂਪ ਹੈ, ਪਲੈਟੋ ਦਾ ਵਿਗਾੜ ਨਹੀਂ। ਬਾਬੂ ਰਜਬ ਅਲੀ ਦੀ ਤਸਦੀਕ ਪੇਸ਼ ਹੈ,
ਕਿੰਗਰੇ ਦਲੇਰ, ਮੱਖੀ ਚੂਸ ਨੇ ਥਰਾਜ ਵਾਲੇ,
ਜੰਮਦੇ ਫਲਾਤੂ ਕੁਤਰਨ ਕੰਨ ਸਿਆਣੇ ਦੇ।
ਦਾਨੇ ਵਾਲੇ ਮੂੜ੍ਹ ਤੇ ਗਰੀਬ ਲੋਕ ਰੱਥੜੀਆਂ ਦੇ,
ਮੜ੍ਹਕ ਵਾਲੇ ਬਾਹਲੇ ਵਿਚ ਅਬੁਲ ਖੁਰਾਣੇ ਦੇ।
ਅਫਲਾਤੂਨ ਫਿਲਾਸਫਰ ਸੀ। ਫਿਲਾਸਫਰ ਲੋਕ ਵਿਲਾਸ ਅਵਸਥਾ ਵਿਚ ਖੂਬ ਫੈਲਸੂਫੀਆਂ ਕਰਦੇ ਹਨ। ਸ਼ਾਇਦ ਇਸੇ ਲਈ ਸਿੰਘ ਬੋਲੇ ਘੜਨ ਵਾਲਿਆਂ ਨੇ ਰਜਾਈ ਲਈ ਅਫਲਾਤੂਨੀ ਬੋਲਾ ਘੜਿਆ। ਅਸੀਂ ਵੀ ਇਸ ਸ਼ਬਦ ਦੀ ਹੋਰ ਨਿਰੁਕਤਕ ਫੈਲਸੂਫੀ ਕਰਕੇ ਇਸ ਦੀਆਂ ਅੰਗਲੀਆਂ ਸੰਗਲੀਆਂ ਫਰੋਲਣੀਆਂ ਹਨ। ਇਹ ਕੰਮ ਅਗਲੇ ਅੰਕ ਵਿਚ ਸਹੀ।