ਕੈਮਰਾ ਅਤੇ ਫੋਟੋ ਕਲਚਰ

ਅਵਤਾਰ ਸਿੰਘ (ਪ੍ਰੋ.)
ਫੋਨ:91-94175-18384
ਸ਼ਬਦ-ਮੂਲ ਦੇ ਮਾਹਿਰ ਵਿਲਫਰੈਡ ਫੰਕ ਅਨੁਸਾਰ ਕੈਮਰਾ, ਕਮਰਾ ਤੇ ਚੈਂਬਰ ਇੱਕੋ ਗੱਲ ਹੈ। ਇੱਕੋ ਕਮਰੇ ‘ਚ ਰਹਿਣ ਵਾਲੇ ਕਾਮਰੇਡ ਹੁੰਦੇ ਹਨ ਤੇ ਇੱਕੋ ਚੈਂਬਰ ‘ਚ ਰਹਿਣ ਵਾਲੇ ਚੰਮ। ਨਾਲ ਰਹਿਣ ਵਾਲੇ ਨਾਲ ਸਾਂਝ ਪੈ ਜਾਂਦੀ ਹੈ ਤੇ ਪਿਆਰ ਹੋ ਜਾਂਦਾ ਹੈ; ਇਸ ਲਈ ਕਾਮਰੇਡ ਤੇ ਚੰਮ ਦਾ ਅਰਥ ਮਿੱਤਰ ਹੋ ਗਿਆ ਹੈ। ਬੰਦ ਕਮਰੇ ਵਿਚ ਹਨੇਰਾ ਹੁੰਦਾ ਹੈ। ਕੈਮਰਾ ਵੀ ਨਿੱਕਾ ਜਿਹਾ ਬੰਦ ਅਤੇ ਹਨੇਰਾ ਕਮਰਾ ਹੁੰਦਾ ਹੈ, ਜਿਸ ਵਿਚ ਲੈਨਜ਼ ਦੀ ਮਦਦ ਨਾਲ ਰੌਸ਼ਨ ਅਕਸ ਕਲਿੱਕ ਕੀਤੇ ਜਾਂਦੇ ਹਨ।

ਕੈਮਰਾ ਅਜਿਹੀ ਵੱਡੀ ਕਾਢ ਹੈ, ਜਿਸ ਨੇ ਮਾਨਵ ਜਗਤ ਨੂੰ ਬੇਹੱਦ ਪ੍ਰਭਾਵਤ ਕੀਤਾ ਹੈ ਤੇ ਸੱਭਿਅਤਾ ਦੇ ਇਤਿਹਾਸ ਵਿਚ ਜ਼ਬਰਦਸਤ ਇਨਕਲਾਬ ਲੈ ਆਂਦਾ ਹੈ। ਕੈਮਰੇ ਦੇ ਬਿਨਾ ਜਿਵੇਂ ਸਾਡਾ ਜੀਵਨ ਹਨੇਰੇ ਵਿਚ ਹੀ ਸੀ; ਜਿਵੇਂ ਕੈਮਰੇ ਦੇ ਹਨੇਰੇ ਨੇ ਸਾਨੂੰ ਹਨੇਰੇ ‘ਚੋਂ ਬਾਹਰ ਕੱਢ ਲਿਆਂਦਾ ਹੋਵੇ ਜਾਂ ਸਾਨੂੰ ਕਿਸੇ ਹੋਰ ਹਨੇਰੇ ਵਿਚ ਲੈ ਗਿਆ ਹੋਵੇ; ਕੁਝ ਕਿਹਾ ਨਹੀਂ ਜਾ ਸਕਦਾ।
ਕੈਮਰਾ ਅਸਲੀਅਤ ‘ਤੇ ਪਾਇਆ ਗਿਆ ਪਰਦਾ ਵੀ ਹੈ। ਰੰਗ ਅਤੇ ਕਲਰ ਦਾ ਬੁਨਿਆਦੀ ਅਰਥ ਲੁਕੋਣਾ ਅਤੇ ਧੋਖਾ ਦੇਣਾ ਹੈ। ਜਦ ਅਸੀਂ ਰੰਗ ਕਰਦੇ ਹਾਂ ਤਾਂ ਅਸਲੀਅਤ ਲੁਕ ਜਾਂਦੀ ਹੈ। ਕਲਰ ਦਾ ਅਰਥ ਕਿਸੇ ਹਕੀਕਤ ਨੂੰ ਬਦਲ ਦੇਣਾ ਹੈ। ਕੈਮਰਾ ਅਸਲ ਵਿਚ ਵੱਡਾ ਛਲ ਹੈ, ਜਿਸ ਨੇ ਸਾਰੇ ਜਹਾਨ ਨੂੰ ਆਪਣੀ ਮੁੱਠੀ ਵਿਚ ਜਕੜ ਲਿਆ ਹੈ ਜਾਂ ਕਹਿ ਲਉ ਛਲ ਲਿਆ ਹੈ। ਕੈਮਰੇ ਦੇ ਹਨੇਰੇ ਚੈਂਬਰ ਵਿਚ ਅਸੀਂ ਅੰਨ੍ਹੇ ਹੋਏ ਫਿਰਦੇ ਹਾਂ।
ਪੰਜਾਬੀ ਵਿਚ ‘ਭਾ’ ਅੱਗ ਨੂੰ ਕਹਿੰਦੇ ਹਨ, ਜਿਸ ਦਾ ਅਰਥ ਹੈ, ਰੋਸ਼ਨੀ। ਭਾ ਦੇ ਸਗੋਤੀ ਯੂਨਾਨੀ ਸ਼ਬਦ ਫੌਸ ਦਾ ਅਰਥ ਵੀ ਅੱਗ ਅਤੇ ਰੋਸ਼ਨੀ ਹੈ। ਫਾਸਫੋਰਸ ਦਾ ਅਰਥ ਹੈ, ਰੋਸ਼ਨੀ ਲਿਆਉਣ ਵਾਲੀ। ਫਾਸ ਤੋਂ ਹੀ ਫੋਟੋ ਸ਼ਬਦ ਹੋਂਦ ਵਿਚ ਆਇਆ ਹੈ। ਰੋਸ਼ਨੀ ਫੋਟੌਨ ਦੀ ਖੇਡ ਹੈ ਤੇ ਫੋਟੋ ਰੋਸ਼ਨੀਆਂ ਦਾ ਹੀ ਕ੍ਰਿਸ਼ਮਾ ਹੈ। ਸਾਇੰਸ ਦੇ ਵਿਿਦਆਰਥੀ ਜਾਣਦੇ ਹਨ ਕਿ ਰੋਸ਼ਨੀ ਤੇ ਰੰਗ ਇੱਕੋ ਗੱਲ ਹੈ। ਸ਼ਿਵ ਕੁਮਾਰ ਬਟਾਲਵੀ ਨੇ ‘ਕੁਝ ਸ਼ੋਖ ਜਿਹੇ ਰੰਗਾਂ ਦਾ ਨਾਂ ਤਸਵੀਰਾਂ ਹੈ’ ਐਵੇਂ ਨਹੀਂ ਸੀ ਆਖਿਆ।
ਮੈਨੂੰ ਯਾਦ ਹੈ, ਨੌਵੀਂ ‘ਚ ਪੜ੍ਹਦਿਆਂ ਮੇਰੇ ਦੋਸਤ ਨੇ ਕਿਤੇ ਲਾਟਰੀ ਪਾਈ ਤਾਂ ਉਸ ਦਾ ਕੈਮਰਾ ਨਿਕਲ ਆਇਆ। ਉਹ ਇੰਨਾ ਖੁਸ਼ ਹੋਇਆ, ਜਿਵੇਂ ਅੱਜ ਕਲ ਕਿਸੇ ਦਾ ਹਵਾਈ ਜਹਾਜ ਨਿਕਲ ਆਵੇ। ਉਸ ਨੇ ਮੈਨੂੰ ਦੱਸਿਆ ਤੇ ਅਸੀਂ ਕੈਮਰਾ ਲੈ ਕੇ ਆਪਣੇ ਪਿੰਡ ਦੇ ਨੇੜੇ ਬੇਟ ਵਾਲੇ ਪਾਸੇ ਵਗਦੀ ਨੈੜੀ ਕੰਢੇ ਚਲੇ ਗਏ।
ਕਹਿੰਦੇ ਹਨ, ਕਿਸੇ ਵੇਲੇ ਸਤਲੁਜ ਦਰਿਆ ਸਾਡੇ ਪਿੰਡ ਦੇ ਨਾਲ ਵਗਦਾ ਸੀ। ਸਮੇਂ ਦੇ ਫੇਰ ਨਾਲ ਦਰਿਆ ਪਿੱਛੇ ਹਟਦਾ ਗਿਆ ਤੇ ਉਸ ਦੀ ਰਹਿੰਦ-ਖੂੰਹਦ ਜਿਹੀ ਇਹ ਨੈੜੀ ਰਹਿ ਗਈ। ਕੋਈ ਇਸ ਨੂੰ ਵੇਈਂ ਵੀ ਕਹਿ ਸਕਦਾ ਹੈ, ਪਹਾੜੀਏ ਇਸ ਨੂੰ ਕੂਲ੍ਹ ਕਹਿ ਸਕਦੇ ਹਨ ਤੇ ਅੰਗਰੇਜ਼ੀ ਵਾਲੇ ‘ਕਰੀਕ’ ਕਹਿ ਸਕਦੇ ਹਨ।
ਪਹਿਲਾਂ ਇਹ ਸਤਿਲੁਜ ਵਿਚੋਂ ਨਿਕਲ ਕੇ ਉਸੇ ਵਿਚ ਸਮਾ ਜਾਂਦੀ ਸੀ, ਪਰ ਹੁਣ ਇਸ ਨੂੰ ਬਿਸਤ ਦੁਆਬ ਨਹਿਰ ਨਾਲ ਜੋੜ ਦਿੱਤਾ ਗਿਆ ਹੈ। ਇਸ ਵਿਚ ਏਨਾ ਕੁ ਪਾਣੀ ਛੱਡਿਆ ਜਾਂਦਾ ਸੀ ਕਿ ਡੰਗਰ ਪਾਣੀ ਪੀ ਸਕਣ ਤੇ ਤਾਰੀਆਂ ਲਾ ਸਕਣ। ਇਸ ਵਿਚ ਨਿਆਣੇ ਮੱਝਾਂ ਨੁਹਾਉਂਦੇ, ਨੱਚਦੇ, ਟੱਪਦੇ, ਮੱਛਰਦੇ ਤੇ ਤਾਰੀਆਂ ਲਾਉਂਦੇ ਸਨ। ਮੁੜ ਮੁੜ ਚਿੱਕੜ ‘ਚ ਲਿੱਬੜ ਕੇ, ਪਾਣੀ ‘ਚ ਛਾਲਾਂ ਮਾਰਨੀਆਂ ਸਾਡੀ ਮਨਪਸੰਦ ਖੇਡ ਹੁੰਦੀ ਸੀ।
ਇਸ ਵਿਚ ਕਈ ਥਾਂਵੀਂ ਡੂੰਘੇ ਡੁੰਮ ਬਣੇ ਹੋਏ ਸਨ, ਜੋ ਇੰਨੇ ਡੂੰਘੇ ਸਨ ਕਿ ਕਦੇ ਕਦੇ ਉਸ ਵਿਚ ਕੋਈ ਡੁੱਬ ਜਾਂਦਾ ਤਾਂ ਡਰ ਅਤੇ ਸੋਗ ਕਈ ਮਹੀਨੇ ਲਗਾਤਾਰ ਰਹਿੰਦਾ ਸੀ।
ਸਾਰਾ ਪਿੰਡ ਖੇਤਾਂ ਵਿਚ ਜੰਗਲ ਜਾਂਦਾ ਸੀ ਤੇ ਪਾਣੀ ਵਾਲਾ ਭਾਗ ਨੈੜੀ ‘ਤੇ ਪੂਰਾ ਹੁੰਦਾ ਸੀ। ਕੋਈ ਦੋਸਤ ਮਿੱਤਰ, ਰਿਸ਼ਤੇਦਾਰ ਜਾਂ ਵਾਕਿਫਕਾਰ ਘਰੇ ਆਉਂਦਾ ਤਾਂ ਚਾਹ ਪੀਣ ਤੋਂ ਵੀ ਪਹਿਲਾਂ ਕਹਿੰਦਾ, “ਚਲੋ ਨੈੜੀ ‘ਤੇ ਘੁੰਮਣ ਚੱਲੀਏ।” ਸਾਡੇ ਲਈ ਨੈੜੀ ਸਾਡਾ ਪਿਕਨਿਕ ਸਪੌਟ ਅਰਥਾਤ ਬੀਚ ਹੀ ਸੀ। ਇੱਥੇ ਘੁੰਮਣ ਜਾਣਾ ਸਾਡੇ ਲਈ ਕੁਦਰਤ ਦੀ ਵੱਡੀ ਨਿਆਮਤ ਸੀ। ਬਹੁਤ ਪਿਆਸ ਲੱਗੀ ਹੋਵੇ ਤਾਂ ਅਸੀਂ ਇਸ ਦਾ ਪਾਣੀ ਪੱਲੇ ਨਾਲ ਪੁਣ ਕੇ ਪੀ ਵੀ ਲੈਂਦੇ ਸਾਂ।
ਹੁਣ ਇਹ ਪੂਰੀ ਤਰ੍ਹਾਂ ਸੁੱਕੀ ਪਈ ਹੈ। ਇਸ ਵਿਚ ਹੁਣ ਕਦੇ ਪਾਣੀ ਨਹੀਂ ਛੱਡਿਆ ਜਾਂਦਾ ਤੇ ਕਈ ਥਾਂਵਾਂ ‘ਤੇ ਲੋਕਾਂ ਨੇ ਵਾਹ ਕੇ ਖੇਤਾਂ ‘ਚ ਰਲਾ ਲਈ ਹੈ; ਪਤਾ ਹੀ ਨਹੀਂ ਲੱਗਦਾ ਕਿ ਇੱਥੇ ਕਦੀ ਨੈੜੀ ਵੀ ਸੀ। ਇੰਜ ਲੱਗਦਾ ਹੈ, ਜਿਵੇਂ ਕਿਸੇ ਨੇ ਜ਼ਮੀਨ ‘ਤੇ ਹੀ ਪੁਲ ਬਣਾਇਆ ਹੋਵੇ।
ਹਾਂ, ਕੈਮਰੇ ਵਾਲਾ ਦੋਸਤ ਤੇ ਮੈਂ ਨੈੜੀ ‘ਤੇ ਚਲੇ ਗਏ ਤੇ ਪੁਲ ‘ਤੇ ਖੜ੍ਹ ਕੇ ਫੋਟੋਆਂ ਖਿੱਚੀਆਂ। ਉਹ ਰੀਲ੍ਹ ਅਸੀਂ ਧੁਆਈ ਤਾਂ ਫੋਟੋਆਂ ਦੇਖ ਦੇਖ ਬੜੇ ਖੁਸ਼ ਹੋਏ। ਇੰਜ ਲੱਗਾ, ਜਿਵੇਂ ਅਸੀਂ ਫਿਲਮ ਸ਼ੂਟ ਕੀਤੀ ਹੋਵੇ ਤੇ ਅਸੀਂ ਧਰਮਿੰਦਰ ਹੋਈਏ।
ਐਮ. ਏ. ਦੌਰਾਨ ਮੇਰੀ ਭੈਣ ਨੇ ਅਮਰੀਕਾ ਤੋਂ ਕੋਡਕ ਦਾ ਵੰਨ ਟੈਨ ਕੈਮਰਾ ਭੇਜ ਦਿੱਤਾ, ਜੋ ਮੈਂ ਕਾਲ ਖਾਧਾ ਯੂਨੀਵਰਸਿਟੀ ਨੂੰ ਨਾਲ ਲੈ ਗਿਆ। ਉਥੇ ਦੋਸਤਾਂ ਦੀਆਂ ਫੋਟੋਆਂ ਖਿੱਚੀਆਂ ਤੇ ਬੁਟੈਨੀਕਲ ਗਾਰਡਨ ਦੀ ਸੁੰਦਰਤਾ ਕੈਮਰੇ ‘ਚ ਕੈਦ ਕਰ ਲਈ। ਉਸ ਵਿਚ ਕੁਝ ਅਜਿਹੀਆਂ ਫੋਟੋਆਂ ਵੀ ਸਨ, ਜਿਨ੍ਹਾਂ ਨੂੰ ਦੇਖ ਦੇਖ ਕੇ ਕੋਈ ਜਿ਼ੰਦਗੀ ਕੱਟ ਸਕਦਾ ਸੀ, ਚੰਦ ਤਸਵੀਰਾਂ ਬੁਤੇ।
ਕਿਸੇ ਸਮਾਗਮ ਦੌਰਾਨ ਮੈਂ ਉਹ ਕੈਮਰਾ ਕਿਤੇ ਰੱਖ ਬੈਠਾ ਤੇ ਉਹ ਅੱਖ ਦੇ ਫੋਰ ਵਿਚ ਗੁੰਮ ਹੋ ਗਿਆ। ਬੜੀ ਕੋਸ਼ਿਸ਼ ਕੀਤੀ, ਕੋਈ ਥਹੁ ਪਤਾ ਨਾ ਲੱਗਾ। ਕੈਮਰਾ ਕਿਸੇ ਈਰਖਾਲੂ ਦੀ ਨਜ਼ਰੇ ਚੜ੍ਹਿਆ ਹੋਇਆ ਸੀ ਤੇ ਉਸ ਨੇ ਕਾਰਾ ਕਰ ਦਿੱਤਾ। ਮੈਂ ਕਈ ਦਿਨ ਕੈਮਰੇ ਤੇ ਉਸ ਵਿਚਲੀਆਂ ਤਸਵੀਰਾਂ ਦੇ ਸਦਮੇ ‘ਚੋਂ ਬਾਹਰ ਨਾ ਆ ਸਕਿਆ।
ਅੱਠ ਦੱਸ ਸਾਲ ਹੋਏ, ਮੇਰੇ ਭਾਣਜੇ ਨੇ ਅਮਰੀਕਾ ਤੋਂ ਕੋਡਕ ਦਾ ਡਿਜੀਟਲ ਕੈਮਰਾ ਭੇਜ ਦਿੱਤਾ। ਸਕੂਲ ਪੜ੍ਹਦੇ ਮੇਰੇ ਬੇਟੇ ਨੇ ਟ੍ਰਿਪ ‘ਤੇ ਨਾਲ ਲੈ ਜਾਣ ਲਈ ਪੁੱਛਿਆ। ਮੈਂ ਕਿਹਾ, ‘ਲੈ ਜਾ, ਪਰ ਇਹ ਗੁਆਚ ਜਾਣੈ।’ ਰਾਤ ਨੂੰ ਹਨੇਰੇ ਵਿਚ ਉਹ ਵਾਪਸ ਆਇਆ ਤਾਂ ਉਸ ਦਾ ਹੱਥ ਜੇਬ ‘ਤੇ ਸੀ। ਮੈਂ ਸਮਝਿਆ, ‘ਗਿਆ ਕੈਮਰਾ’, ਪਰ ਉਸ ਨੇ ਅੰਦਰਲੀ ਜੇਬ ‘ਚ ਪਾਇਆ ਹੋਇਆ ਸੀ। ਉਹ ਸਾਰਾ ਦਿਨ ਸਹਿਿਮਆ ਰਿਹਾ ਕਿ ਕੈਮਰਾ ਗੁਆਚ ਨਾ ਜਾਵੇ। ਮੈਨੂੰ ਲੱਗਾ ਕਿ ਮੈਂ ਅੱਛਾ ਬਾਪ ਨਹੀਂ ਹਾਂ। ਬੇਟੇ ਨੂੰ ਬਿਨਾ ਵਜ੍ਹਾ ਸਹਿਮ ਦੇਣ ਅਤੇ ਉਸ ਦੀ ਮੌਜ ਮਸਤੀ ਵਿਚ ਕੈਮਰੇ ਦੇ ਫਿਕਰ ਦਾ ਵਿਘਨ ਪਾਉਣ ਲਈ, ਮੈਂ ਆਪਣੇ ਆਪ ਨੂੰ ਲਾਹਨਤਾਂ ਪਾਈਆਂ ਕਿ ਅਸੀਂ ਬੱਚਿਆਂ ਦੇ ਕਿਹੜੇ ਕਿਹੜੇ ਹੱਕ ਕਿਸ ਕਿਸ ਤਰੀਕੇ ਨਾਲ ਖੋਹ ਲੈਂਦੇ ਹਾਂ।
ਉਸ ਕੈਮਰੇ ਨਾਲ ਬੜੀਆਂ ਫੋਟੋਆਂ ਖਿੱਚੀਆਂ; ਕਈ ਜਨਮ ਦਿਨ, ਮੰਗਣੀਆਂ, ਵਿਆਹ, ਸ਼ਾਦੀਆਂ ਤੇ ਭੋਗ ਉਸ ਕੈਮਰੇ ਨੂੰ ਨਸੀਬ ਹੋਏ; ਦਿਲਕਸ਼ ਦ੍ਰਿਸ਼ ਉਸ ਕੈਮਰੇ ਦੀ ਬਦੌਲਤ ਚਿਰਜੀਵੀ ਹੋ ਗਏ ਤੇ ਕਈ ਅਭੁੱਲ ਯਾਦਾਂ ਰੰਗਾਂ ਵਿਚ ਘੁਲ ਮਿਲ ਕੇ ਬੋਲਣ ਲੱਗ ਪਈਆਂ। ਉਸ ਕੈਮਰੇ ਰਾਹੀਂ ਅੱਖਾਂ ਨੇ ਬੜਾ ਕੁਝ ਦੇਖਿਆ, ਜੋ ਉਂਜ ਕਦੀ ਨਹੀਂ ਸੀ ਦੇਖਣਾ। ਫਿਰ ਉਹ ਕੈਮਰਾ ਪੁਰਾਣਾ ਹੋ ਗਿਆ ਤੇ ਖਰਾਬ ਹੋ ਗਿਆ।
ਮੇਰੇ ਮਨ ਵਿਚ ਕੋਈ ਅੱਛਾ ਕੈਮਰਾ ਰੱਖਣ ਦੀ ਬੜੀ ਚਿਰੋਕਣੀ ਰੀਝ ਹੈ ਤੇ ਮੈਂ ਅਕਸਰ ਕੈਮਰਿਆਂ ਦੇ ਭਾਅ ਪਤਾ ਕਰਦਾ ਰਹਿੰਦਾ ਹਾਂ। ਪਰ, ਸਾਨੂੰ ਭਾਰਤੀਆਂ ਨੂੰ ਆਪਣੀਆਂ ਰੀਝਾਂ ਦਬਾਈ ਰੱਖਣ ਦੀ ਬੜੀ ਭੈੜੀ ਆਦਤ ਹੈ ਤੇ ਦਿਲ ਦੀਆਂ ਰਮਜ਼ਾਂ ਨਾ ਸਮਝਣ ਵਿਚ ਸਾਡਾ ਕੋਈ ਸਾਨੀ ਨਹੀਂ ਹੈ। ਇਸੇ ਕਰਕੇ ਸਾਡੀ ਉਮਰ ਲੰਘ ਜਾਂਦੀ ਹੈ, ਪਰ ਜ਼ਿੰਦਗੀ ਨਹੀਂ ਗੁਜ਼ਰਦੀ।
ਹੁਣ ਮੋਬਾਇਲ ਆ ਗਏ ਹਨ ਤੇ ਹਰ ਮੋਬਾਇਲ ਵਿਚ ਕੈਮਰਾ ਹੈ, ਜਿਸ ਕਰਕੇ ਹਰ ਮੋਬਾਇਲਧਾਰੀ ਫੋਟੋਗ੍ਰਾਫਰ ਬਣਿਆ ਫਿਰਦਾ ਹੈ; ਪਰ ਅਸੀਂ ਅਜੀਬ ਫੋਟੋਗ੍ਰਾਫਰ ਹਾਂ ਕਿ ਸਾਨੂੰ ਫੋਟੋ ਖਿੱਚਣ ਵਿਚ ਅਨੰਦ ਨਹੀਂ ਆਉਂਦਾ, ਸਗੋਂ ਫੋਟੋ ਖਿਚਵਾਉਣ ਵਿਚ ਆਉਂਦਾ ਹੈ। ਜਦ ਵੀ ਅਸੀਂ ਕੋਈ ਪੁਲ, ਇਮਾਰਤ, ਰੁੱਖ, ਝੀਲ ਜਾਂ ਦਰਿਆ ਦੇਖਦੇ ਹਾਂ ਤਾਂ ਝੱਟ ਉਸ ਦ੍ਰਿਸ਼ ਦੇ ਨੇੜੇ ਹੋ ਕੇ ਖੜ੍ਹ ਜਾਂਦੇ ਹਾਂ ਤੇ ਆਸ-ਪਾਸ ਦੇਖਣ ਲਗ ਪੈਂਦੇ ਹਾਂ ਕਿ ਕੋਈ ਫੋਟੋ ਖਿੱਚਣ ਵਾਲਾ ਮਿਲ ਜਾਏ। ਸਾਨੂੰ ਲੱਗਦਾ ਹੈ ਕਿ ਉਹ ਕਾਹਦਾ ਦ੍ਰਿਸ਼ ਹੋਇਆ, ਜਿਸ ਵਿਚ ਅਸੀਂ ਆਪ ਨਾ ਹੋਈਏ।
ਕੋਈ ਦਿਖੇ ਸਹੀ, ਅਸੀਂ ਝੱਟ ਆਵਾਜ਼ ਮਾਰਦੇ ਹਨ, ‘ਭਾ ਜੀ, ਆਹ ਖਿਿਚE ਜਰਾ।’ ਵਿਸਮਾਦ ਜਿਹੇ ਵਿਚ ਅਸੀਂ ਫੋਟੋ ਕਹਿਣਾ ਵੀ ਭੁੱਲ ਜਾਂਦੇ ਹਾਂ। ਅਗਲਾ ਫੋਟੋ ਖਿੱਚਦਾ ਹੈ ਤੇ ਧੰਨ ਧੰਨ ਜਿਹਾ ਹੋ ਜਾਂਦਾ ਹੈ ਕਿ ਉਸ ਨੂੰ ਕਿਸੇ ਨੇ ਕੈਮਰੇ ਦਾ ਕਲਾਕਾਰ ਸਮਝਿਆ। ਫੋਟੋ ਖਿੱਚਣ ਵਾਲੇ ਨੇ ਹਾਲੇ ਮੂੰਹ ਵੀ ਨਹੀਂ ਘੁਮਾਇਆ ਹੁੰਦਾ ਕਿ ਅਸੀਂ ਉਥੇ ਹੀ ਫੋਟੋ ਫੇਸਬੁੱਕ ‘ਤੇ ਚਾੜ੍ਹ ਦਿੰਦੇ ਹਾਂ; ਜਿਸ ਦਾ ਭਾਵ ਹੁੰਦਾ ਹੈ, ‘ਦੇਖੋ ਅਸੀਂ ਕਿੱਥੇ ਪੁੱਜ ਗਏ।’
ਕਿਸੇ ਵੇਲੇ ਅਸੀਂ ਜਪੁਜੀ ਸਾਹਿਬ ਦੇ ਪੰਜ ਖੰਡ ਪੜ੍ਹਦੇ ਸਾਂ, ਜਿਨ੍ਹਾਂ ਵਿਚ ਨਿਰੰਕਾਰ ਦਾ ਦੇਸ ਸਚ ਖੰਡ ਸਭ ਤੋਂ ਆਖਰੀ ਸੀ। ਹੁਣ ਸਾਡਾ ਅਜਿਹੇ ਕਿਸੇ ਖੰਡ ਵਿਚ ਯਕੀਨ ਨਹੀਂ ਰਿਹਾ। ਹੁਣ ਤਾਂ ਅਮਰੀਕਾ-ਕੈਨੇਡਾ ਦੀ ਯਾਤਰਾ ਸਾਡੇ ਪੰਜ ਖੰਡ ਬਣੇ ਹੋਏ ਹਨ। ਪਹਿਲਾ ਖੰਡ ਜਦ ਸਾਡਾ ਵੀਜ਼ਾ ਲੱਗਦਾ ਹੈ, ਦੂਜਾ ਜਦ ਅਸੀਂ ਦਿੱਲੀ ਏਅਰਪੋਰਟ ਪੁੱਜਦੇ ਹਾਂ, ਤੀਜਾ ਜਦ ਅਸੀਂ ਜਹਾਜ ਚੜ੍ਹਦੇ ਹਾਂ ਤੇ ਚੌਥਾ ਜਦ ਅਸੀਂ ਉਸ ਮੁਲਕ ‘ਚ ਪੈਰ ਧਰਦੇ ਹਾਂ। ਪੰਜਵਾਂ ਖੰਡ ਜਦ ਅਸੀਂ ਅਮਰੀਕਾ-ਕੈਨੇਡਾ ਦੇ ਕਿਸੇ ਮਾਲ ਅੰਦਰ ਵੜਦੇ ਹਾਂ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਪੁਜੀ ਦੇ ਪੰਜ ਖੰਡ ਮਾਣਸ ਦੇ ਦੇਵਤਾ ਹੋਣ ਦਾ ਸ਼ੁੱਭ ਸਫਰ ਹਨ; ਜਦਕਿ ਵਿਦੇਸ਼ ਯਾਤਰਾ ਦੇ ‘ਪੰਜ ਖੰਡ’ ਰੂਹਾਨੀਅਤ ਤੋਂ ਪਲਾਇਨ ਦੇ ਅਸ਼ੁੱਭ ਪੜਾਅ ਹਨ।
ਅਜੋਕੀ ਮਾਨਸਿਕਤਾ ਵਾਲੇ ਲੋਕ ਪੰਜ ਖੰਡਾਂ ਦੇ ਪਾਂਧੀ ਨੂੰ ਤਾਂ ਹਾਰਿਆ ਹੋਇਆ ਇਨਸਾਨ ਸਮਝਦੇ ਹਨ; ਜਦਕਿ ਵਿਦੇਸ਼ੀ ਸਫਰ ਦੀਆਂ ਪੌੜੀਆਂ ਚੜ੍ਹਨ ਅਤੇ ਉਤਰਨ ਵਾਲਾ ਹਰ ਭਾਰਤੀ ਖੁਦ ਨੂੰ ਕੋਲੰਬਸ ਤੋਂ ਘੱਟ ਨਹੀਂ ਸਮਝਦਾ ਤੇ ਉਥੋਂ ਦੀ ਕਿਸੇ ਇਮਾਰਤ ਅੱਗੇ ਖੜ੍ਹ ਕੇ ਇੰਜ ਫੋਟੋ ਖਿਚਾਉਂਦਾ ਹੈ, ਜਿਵੇਂ ਆਪ ਡਿਜ਼ਾਈਨ ਕੀਤੀ ਹੋਵੇ।
ਉਥੇ ਕੋਈ ਸਾਨੂੰ ਸੇਲ ‘ਤੇ ਲੱਗੀ ਹੋਈ ਪੈਂਟ ਲੈ ਦਿੰਦਾ ਹੈ, ਕੋਈ ਸ਼ਰਟ, ਟੀ-ਸ਼ਰਟ ਤੇ ਕੋਈ ਬੂਟ, ਬੈਲਟ ਜਾਂ ਬਟੂਆ। ਅਸੀਂ ਭੋਰਾ ਸੰਗਦੇ ਵੀ ਨਹੀਂ, ਉਨ੍ਹਾਂ ਸਾਹਮਣੇ ਹੀ ਆਪਣੇ ਬੁਦੇ ਹੋਏ ਉਤਾਰ ਕੇ ਨਵੇਂ ਨਕੋਰ ਚਾੜ੍ਹ ਕੇ ਫੋਟੋ ਖਿਚਾ ਕੇ ਫੇਸਬੁੱਕ ‘ਤੇ ਚਾੜ੍ਹ ਦਿੰਦੇ ਹਾਂ; ਜਿਵੇਂ ਕਹਿ ਰਹੇ ਹੋਈਏ, ‘ਦੇਖੋ, ਅਸੀਂ ਕੀ ਬਣ ਗਏ।’
ਉਨ੍ਹਾਂ ਸ਼ੋਅ-ਰੂਮਾਂ ਵਿਚ ਸਾਡੇ ਦੇਸੀ ਬੰਦਿਆਂ ਲਈ ਅੰਦਰਲੇ ਕੱਪੜੇ ਨਹੀਂ ਮਿਲਦੇ ਤੇ ਤੀਵੀਆਂ ਲਈ ਬਾਹਰਲੇ। ਬੰਦੇ ਤਾਂ ਬਾਹਰਲੇ ਕੱਪੜੇ ਪਾ ਕੇ ਫਟਾਫਟ ਫੋਟੋ ਫੇਸਬੁੱਕ ‘ਤੇ ਚਾੜ੍ਹ ਦਿੰਦੇ ਹਨ; ਪਰ, ਤੀਵੀਆਂ ਵਿਚਾਰੀਆਂ ਕਿਸੇ ਨੂੰ ਦੱਸ ਵੀ ਨਹੀਂ ਸਕਦੀਆਂ ਕਿ ਉਨ੍ਹਾਂ ਨੂੰ ਕਿਸੇ ਨੇ ਕੀ ਲੈ ਦਿੱਤਾ ਹੈ, ਸਰੀ ਦੀ ਟੌਹਰ ਤੇ ਬਰੀ ਦੀ ਨਮੋਸ਼ੀ।
ਅਜੋਕੇ ਪੰਜ ਖੰਡਾਂ ਦੀਆਂ ਪੌੜੀਆਂ ਚੜ੍ਹ ਕੇ ਖੁਦ ਨੂੰ ਖੁਦਾ ਸਮਝਣ ਵਾਲੇ ਲੋਕ ਵਾਪਸ ਪਰਤ ਕੇ ਸੂਟ ਕੇਸਾਂ ‘ਚ ਭਰਿਆ ਗੋਦੜੀ ਬਾਜ਼ਾਰ ਖੋਲ੍ਹ ਖੋਲ੍ਹ ਅਤੇ ਫੋਲ ਫੋਲ ਲੀਰਾਂ ਕਚੀਰਾਂ ਦੇਖਦੇ ਹਨ ਤਾਂ ਲੁੱਟੇ ਪੁੱਟੇ ਜਿਹੇ ਮਹਿਸੂਸ ਕਰਦੇ ਹਨ। ਮੁੱਲ ਵਾਲੇ ਟੈਗ ਪੜ੍ਹ ਪੜ੍ਹ ਕੇ ਡਾਲਰਾਂ ਨੂੰ ਰੁਪਿਆਂ ‘ਚ ਤਬਦੀਲ ਕਰ ਕੇ ਰਤਾ ਰਾਹਤ ਮਹਿਸੂਸ ਕਰਦੇ ਹਨ। ਕੁੱਲ ਆਮਦਨ-ਖਰਚ ਦਾ ਕੱਚਾ ਚਿੱਠਾ ਤਿਆਰ ਕਰਕੇ ਹਿਸਾਬ ਲਾਉਂਦੇ ਹਨ ਕਿ ਕਿਹੜੀ ਚੀਜ, ਨਾ ਸੱਚ, ਲੀਰ ਕਿੰਨੇ ਦੀ ਪਈ। ਅਸੀਂ ਕੋਈ ਚੀਜ ‘ਕਿੰਨੇ ਦੀ ਲਈ’ ਨਾਲੋਂ ‘ਕਿੰਨੇ ਦੀ ਪਈ’ ਵਿਚ ਵਧੇਰੇ ਯਕੀਨ ਰੱਖਦੇ ਹਾਂ।
ਵਿਆਹ-ਸ਼ਾਦੀਆਂ ਜਾਂ ਭੋਗਾਂ ਸਮੇਂ ਸਾਡੇ ਪੂਰਵਜਾਂ ਨੂੰ ਝੱਗੇ ਚੁੰਨੀਆਂ ਤੇ ਸ਼ਗਨ ਦੇਣ ਲਈ ਘੰਟਾ ਘੰਟਾ ਘੋਲ ਕਰਨੇ ਪੈਂਦੇ ਸਨ ਤੇ ਲੈਣ ਵਾਲਿਆਂ ਨੂੰ ਉਸ ਤੋਂ ਵੀ ਵੱਧ ਜ਼ੋਰ ਲਾਉਣਾ ਪੈਂਦਾ ਸੀ। ਅਖੀਰ ਇੱਕ ਰੁਪਿਆ ਰੱਖ ਕੇ ਸੌ ਦਾ ਨੋਟ ਵਾਪਸ ਕਰਨ ਲਈ ਵੀ ਪੂਰਾ ਟਿੱਲ ਲਾਉਂਦੇ ਸਨ।
ਅੱਜ ਕੱਲ ਪੈਲੇਸਾਂ ਵਿਚ ਅਸੀਂ ਕੰਬਦੇ ਹੱਥਾਂ ਨਾਲ ਸ਼ਗਨ ਵਾਲਾ ਲਿਫਾਫਾ ਫੜਾ ਕੇ ਝੱਟ ਖਾਣ ਪੀਣ ਵਾਲੇ ਪਾਸੇ ਖਿਸਕ ਜਾਂਦੇ ਹਾਂ ਤੇ ਪੈਸੇ ਪੂਰੇ ਕਰਦੇ ਹਾਂ। ਅਗਲੇ ਵੀ ਲਿਫਾਫਾ ਇਸ ਤਰ੍ਹਾਂ ਫੜਦੇ ਹਨ, ਜਿਵੇਂ ਗੱਲੇ ‘ਤੇ ਬੈਠਾ ਹਲਵਾਈ ਪੈਸੇ ਫੜਦਾ ਹੈ।
ਮਾਇਆ ਦੇ ਭਰਮ ਜਾਲ ਵਿਚ ਅਸੀਂ ਇਸ ਕਦਰ ਉਲਝ ਗਏ ਹਾਂ ਕਿ ਹੁਣ ਤਾਂ ਵਿਆਹ-ਸ਼ਾਦੀ ਪਿਛੋਂ ਪਰਿਵਾਰ ਦੇ ਸਾਰੇ ਮੈਂਬਰ `ਕੱਠੇ ਹੋ ਕੇ ਸ਼ਗਨਾਂ ਦੇ ਲਿਫਾਫੇ ਇੰਜ ਖੋਲ੍ਹਦੇ ਹਨ, ਜਿਵੇਂ ਗੁਰਦੁਆਰੇ ਦੀ ਗੋਲਕ ਹੋਵੇ। ਅਖੀਰ ਸਾਰੀ ਗਿਣਤੀ ਮਿਣਤੀ ਪੂਰੀ ਕਰਕੇ ਹਿਸਾਬ ਲਾਉਂਦੇ ਹਨ ਕਿ ‘ਨੂੰਹ ਕਿੰਨੇ ‘ਚ ਪਈ’ ਤੇ ‘ਕੁੜੀ ਕਿੰਨੇ ‘ਚ ਗਈ।’
ਗੱਲ ਗੋਦੜੀ ਬਾਜ਼ਾਰ, ਲੀਰਾਂ ਕਚੀਰਾਂ, ਬਰੀ ਜਾਂ ਸਰੀ ਦੀ ਨਹੀਂ, ਫੋਟੋ ਦੀ ਹੈ। ਅਸੀਂ ਇੱਕੋ ਪੋਜ਼ ਦੀਆਂ ਕਈ ਕਈ ਫੋਟੋਆਂ ਫੇਸਬੁੱਕ ‘ਤੇ ਪਾ ਦਿੰਦੇ ਹਾਂ ਤੇ ਹਰ ਫੋਟੋ ਵਿਚ ਅਸੀਂ ਆਪ ਜ਼ਰੂਰ ਹੁੰਦੇ ਹਾਂ। ਜਿਸ ਫੋਟੋ ਵਿਚ ਅਸੀਂ ਆਪ ਨਾ ਹੋਈਏ, ਉਸ ਫੋਟੋ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਤੇ ਨਾ ਅਜਿਹੀ ਫੋਟੋ ਫੇਸਬੁੱਕ ਦਾ ਸ਼ਿੰਗਾਰ ਬਣਦੀ ਹੈ।
ਜਿਸ ਵਿਚ ਕੋਈ ਨਦੀ, ਝਰਨਾ, ਸ਼ਾਖਾ, ਫਲ, ਫੁੱਲ, ਰੁੱਖ, ਬਾਗ, ਖਾਈ, ਘਾਟੀ, ਪਰਬਤ, ਬੱਦਲ, ਮੀਂਹ ਜਾਂ ਚੰਨ ਤਾਰੇ ਹੋਣ, ਅਜਿਹੀ ਫੋਟੋ ਸਾਡਾ ਰੱਤੀ ਭਰ ਧਿਆਨ ਨਹੀਂ ਖਿੱਚਦੀ। ਜੇ ਅਸੀਂ ਚੰਨ ‘ਤੇ ਚੜ੍ਹ ਸਕਦੇ ਹੁੰਦੇ ਤਾਂ ਸ਼ਾਇਦ ਉਸ ਦੀ ਫੋਟੋ ਵੀ ਫੇਸਬੁੱਕ ‘ਤੇ ਪੈ ਜਾਂਦੀ; ਪਰ ਕਿੱਥੇ! ਨਾ ਸਾਨੂੰ ਆਪਣੇ ਆਪ ਤੋਂ ਵਿਹਲ ਮਿਲੇ ਤੇ ਨਾ ਕੁਦਰਤ ਦਾ ਕੋਈ ਕ੍ਰਿਸ਼ਮਾ ਸਾਡੀ ਨਜ਼ਰ ਖਿੱਚੇ।
ਅਸੀਂ ਇਹ ਵੀ ਨਹੀਂ ਦੇਖਦੇ ਕਿ ਕੈਮਰੇ ਦਾ ਲੈਂਨਜ਼ ਬਾਹਰ ਵੱਲ ਨੂੰ ਹੁੰਦਾ ਹੈ ਤੇ ਇਸ ਦਾ ਭਾਵ ਇਹੀ ਹੈ ਕਿ ਫੋਟੋ ਦੂਸਰੇ ਦੀ ਖਿੱਚੀ ਜਾਵੇ। ਹੁਣ ਮੋਬਾਇਲ ਦੇ ਅੰਦਰ ਵੱਲ ਵੀ ਕੈਮਰਾ ਹੋਣ ਕਾਰਨ ਸਾਡੀ ਭਾਸ਼ਾ ਵਿਚ ਇੱਕ ਨਵਾਂ ਸ਼ਬਦ ‘ਸੈਲਫੀ’ ਸ਼ਾਮਲ ਹੋ ਗਿਆ ਹੈ, ਜਿਸ ਕਰਕੇ ਹਾਦਸਿਆਂ ਵਿਚ ਵੀ ਇੱਕ ਹੋਰ ਖਬਰ ਦਾ ਇਜ਼ਾਫਾ ਹੋ ਗਿਆ ਹੈ ਕਿ ‘ਸੈਲਫੀ ਲੈਂਦੀ ਕੁੜੀ ਨਹਿਰ ‘ਚ ਡਿਗੀ’-ਕਿਤੇ ਡਿਗੀ, ਕਿਤੇ ਡਿਿਗਆ। ਸਾਡਾ ਅਡਵੈਂਚਰ ਅਤੇ ਖਤਰਿਆਂ ਨਾਲ ਖੇਡਣ ਦਾ ਸ਼ੌਕ ਸੈਲਫੀ ਤੱਕ ਸੀਮਤ ਹੋ ਗਿਆ ਹੈ। ਕਹਿੰਦੇ ਹਨ, ਸਮੁੰਦਰ ਵਿਚ ਇੰਨੇ ਹਾਦਸੇ ਸ਼ਾਰਕ ਕਰਕੇ ਨਹੀਂ ਹੁੰਦੇ, ਜਿੰਨੇ ਸੈਲਫੀ ਕਰਕੇ ਹੁੰਦੇ ਹਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਅਤੇ ਪਦਮਸ਼੍ਰੀ ਭਾਈ ਨਿਰਮਲ ਸਿੰਘ ਹਰ ਰੋਜ ਸਵੇਰ ਸਾਰ ਵੱਟਸ ਐਪ ‘ਤੇ ਮੈਨੂੰ ਫਤਿਹ ਗਜਾਉਂਦੇ ਹਨ। ਨਿੱਤ ਦੇਸ਼ਾਂ-ਵਿਦੇਸ਼ਾਂ ਵਿਚ ਰਹਿਣ ਦੇ ਬਾਵਜੂਦ ਅੱਜ ਤੱਕ ਉਨ੍ਹਾਂ ਨੇ ਆਪਣੀ ਫੋਟੋ ਨਹੀਂ ਭੇਜੀ। ਮੇਰੇ ਜਪਾਨ ਵਾਲੇ ਦੋਸਤ ਪਰਮਿੰਦਰ ਸੋਢੀ ਹਰ ਰੋਜ ਸਵੇਰੇ ਕਿਸੇ ਫੁੱਲ ਦੀ ਤਾਜਾਤਰੀਨ ਫੋਟੋ ਭੇਜਦੇ ਹਨ। ਮੈਂ ਇਨ੍ਹਾਂ ਦੋਹਾਂ ਦੇ ਜਵਾਬ ਵਿਚ ਕਿਸੇ ਹੋਰ ਫੁੱਲ ਦੀ ਫੋਟੋ ਭੇਜਦਾ ਹਾਂ। ਇਸ ਅਲੋਕਾਰ ਅਦਾਨ-ਪ੍ਰਦਾਨ ਨਾਲ ਮਨ ਖਿੜ੍ਹ ਜਾਂਦਾ ਹੈ।
ਸ਼ਿਮਲੇ ਵਾਲਾ ਦੋਸਤ ਜਗਮੋਹਣ ਸਿੰਘ ਕਦੀ ਕਦੀ ਉਚੀਆਂ ਚੋਟੀਆਂ, ਡੂੰਘੀਆਂ ਖਾਈਆਂ ਤੇ ਸਪਾਟ ਵਾਦੀਆਂ ਦੀ ਫੋਟੋ ਭੇਜਦਾ ਹੈ, ਜਿਸ ਨੂੰ ਦੇਖ ਕੇ ਰੂਹ ਨਸ਼ਿਆ ਜਾਂਦੀ ਹੈ।
ਅਮਰੀਕਾ ਵਾਲਾ ਦੋਸਤ ਬਲਰਾਜ ਕੈਮਰੇ ਦਾ ਸਿਰੇ ਦਾ ਮਾਹਰ ਹੈ। ਉਹ ਕਦੀ ਕਦੀ ਕਿਸੇ ਦ੍ਰਿਸ਼ ਦੀ ਫੋਟੋ ਖਿੱਚਦਾ ਹੈ; ਉਸ ਦੀ ਕਲਾਤਮਕ ਅਲੌਕਿਕਤਾ ਤੇ ਅਦਭੁੱਤ ਤਕਨੀਕ ਦੇ ਵਿਸਮਾਦ ਨੂੰ ਕੈਮਰਾਬੰਦ ਕਰਕੇ ਸਾਂਝੀ ਕਰਦਾ ਹੈ ਤਾਂ ਦਿਲ ਅਸ਼-ਅਸ਼ ਕਰ ਉਠਦਾ ਹੈ। ਮੈਂ ਉਸ ਦੀ ਅੱਖ ਦੇ ਕਮਾਲ ਦਾ ਕਾਇਲ ਹਾਂ।
ਮੇਰੇ ਅਧਿਆਪਕ ਪ੍ਰੋ. ਹਰਪਾਲ ਸਿੰਘ ਨੇ ਆਪਣਾ ਜੀਵਨ ਵਿਿਦਆਰਥੀਆਂ ਦੇ ਨਾਂ ਲਾਇਆ ਹੋਇਆ ਹੈ, ਜਿਨ੍ਹਾਂ ਦੇ ਦੁੱਖ ਸੁੱਖ ਵਿਚ ਭਾਈਵਾਲ ਅਤੇ ਸਹਾਈ ਹੋਣਾ ਉਨ੍ਹਾਂ ਲਈ ਧਰਮ ਹੈ। ਵਿਿਦਆਰਥੀ ਉਨ੍ਹਾਂ ਨੂੰ ਮਿਲਣ ਲਈ ਤਾਂਘਦੇ ਰਹਿੰਦੇ ਹਨ। ਉਹ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਿਲਦੇ ਹਨ ਤੇ ਖੂਬ ਘੁੰਮਦੇ ਫਿਰਦੇ ਹਨ; ਸ਼ੋਅ-ਰੂਮਾਂ ‘ਚ ਨਹੀਂ; ਉਥੋਂ ਦੇ ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਯਾਦਗਾਰਾਂ ਦੇਖਦੇ ਹਨ।
ਕੈਮਰੇ ਦਾ ਸ਼ੌਕ ਰੱਖਦੇ ਹਨ; ਉਹ ਫੋਟੋ ਖਿੱਚਦੇ ਹਨ, ਖਿਚਵਾਉਂਦੇ ਨਹੀਂ। ਨਾ ਹੀ ਉਹ ਸ਼ਰਟਾਂ, ਟਾਈਆਂ, ਟੀ-ਸ਼ਰਟਾਂ, ਜੀਨਾਂ, ਬੈਲਟਾਂ ਤੇ ਬਟੂਏ `ਕੱਠੇ ਕਰਦੇ ਹਨ। ਕੋਈ ਉਨ੍ਹਾਂ ਨੂੰ ਅੱਛਾ ਪੈੱਨ ਦੇ ਦੇਵੇ ਤਾਂ ਉਹ ਮਨ੍ਹਾਂ ਨਹੀਂ ਕਰਦੇ। ਉਹ ਫੇਸਬੁੱਕ ‘ਤੇ ਫੋਟੋ ਪਾਉਣ ਤੋਂ ਪਰਹੇਜ਼ ਕਰਦੇ ਹਨ ਤੇ ਰੜ੍ਹੀ ਹੋਈ ਸਿੱਕੇਬੰਦ ਅੰਗਰੇਜ਼ੀ ਵਿਚ ਕੁਮੈਂਟ ਲਿਖਦੇ ਹਨ। ਉਹ ਬੜੇ ਜ਼ਿੰਦਾ-ਦਿਲ ਇਨਸਾਨ ਹਨ।
ਬਹੁਤੇ ਲੋਕ ਰੋਜ ਆਪਣੇ ਚਿਹਰਿਆਂ ਦਾ ਚੰਦਰਾਪਣ ਫੇਸਬੁੱਕ ‘ਤੇ ਚਾੜ੍ਹ ਕੇ ਆਪਣਾ ਸਮਾਂ ਖਰਾਬ ਕਰਦੇ ਹਨ ਤੇ ਦੂਜਿਆਂ ਦੇ ਮੂਡ ਦਾ ਸੱਤਿਆਨਾਸ ਮਾਰ ਦਿੰਦੇ ਹਨ। ਸਾਡੇ ਭਾਈ ਜੀਨਾਂ ਪਾ ਕੇ ਅੰਗਰੇਜ਼ ਬਣਨ ਦੀ ਕੋਸ਼ਿਸ਼ ਕਰਦੇ ਹਨ, ਪਰ ਉਨ੍ਹਾਂ ਤੋਂ ਸਿੱਖਦੇ ਕੁਝ ਨਹੀਂ। ਉਨ੍ਹਾਂ ਤੇ ਸਾਡੇ ਵਿਚ ਫਰਕ ਏਨਾ ਹੈ ਕਿ ਉਹ ਫੋਟੋ ਖਿੱਚਦੇ ਹਨ ਤੇ ਅਸੀਂ ਖਿਚਵਾਉਂਦੇ ਹਾਂ। ਉਹ ਦੂਜਿਆਂ ‘ਚ ਦਿਲਚਸਪੀ ਲੈਂਦੇ ਹਨ ਤੇ ਸਾਨੂੰ ਆਪਣੇ ਆਪ ਤੋਂ ਹੀ ਵਿਹਲ ਨਹੀਂ ਮਿਲਦੀ।
ਸੈਲਫੀ ਖਿੱਚਣ ਸਮੇਂ ਰੰਚਕ ਮਾਤਰ ਖੁਸ਼ੀ ਹੁੰਦੀ ਹੈ ਤੇ ਜਦ ਅਸੀਂ ਉਸ ਨੂੰ ਫੇਸਬੁੱਕ ‘ਤੇ ਚਾੜ੍ਹਦੇ ਹਾਂ ਤਾਂ ਉਹ ਮਾਣ ਜਿਹੇ ਵਿਚ ਤਬਦੀਲ ਹੋ ਜਾਂਦੀ ਹੈ। ਸੈਲਫੀ ’ਚੋਂ ਉਪਜੀ ਖੁਸ਼ੀ ਅਤੇ ਮਾਣ, ਸਿਰਫ ਦਰਦ ਰੋਕੂ ਪੇਨ-ਕਿੱਲਰ ਹਨ, ਜੋ ਦੁੱਖ ਨਿਵਾਰਨ ਦਾ ਥੋੜ੍ਹ ਚਿਰਾ ਭਰਮ ਸਿਰਜਣ ਵਿਚ ਸਹਾਈ ਹੁੰਦੇ ਹਨ। ਬਹੁਤੇ ਲੋਕ ਦਰਦ ਰਹਿਤ ਹੋਣ ਨੂੰ ਹੀ ਰੋਗ ਰਹਿਤ ਹੋਣ ਦੇ ਭੁਲੇਖੇ ਦੇ ਸ਼ਿਕਾਰ ਹੋ ਜਾਂਦੇ ਹਨ।
ਅਮਰੀਕਨ ਗਵੱਈਏ ਕਿੱਡ ਕਡੀ ਨੇ ਆਪਣੇ ਗੀਤ ‘ਸਵਿੰਮ ਇਨ ਦਾ ਲਾਈਟ’ ਵਿਚ ਗਾਇਆ ਹੈ ਕਿ ‘ਯੂ ਕੈਨ ਟਰਾਈ ਟੂ ਨਮ ਦਾ ਪੇਨ, ਬੱਟ ਇੱਟ ਵਿੱਲ ਨੈਵਰ ਗੋ ਅਵੇ।’ ਇੱਥੇ ਮੈਨੂੰ ਆਪਣੇ ਮਰਹੂਮ ਦੋਸਤ ਬਲਜੀਤ ਦਾ ਸ਼ੇਅਰ ਯਾਦ ਆਉਂਦਾ ਹੈ,
ਮੈਂ ਅਪਨੇ ਆਪ ਕੋ ਹੀ
ਢੂੰਡਤਾ ਰਹਿਤਾ ਹੂੰ ਵਰਨਾ,
ਹਰ ਸ਼ਖਸ ਮੇਂ ਇਕ ਦੋਸਤ
ਮਿਲ ਸਕਤਾ ਹੈ ਮੁਝੇ।