ਹਰਜਿੰਦਰ ਦੁਸਾਂਝ
ਪਹਿਲੀ ਮਈ ਕਾਮਿਆਂ ਦਾ ਕੌਮਾਂਤਰੀ ਦਿਵਸ ਹੈ। ਅੱਸੀ ਦੇਸ਼ਾਂ ਵਿਚ ਇਹ ਕੌਮੀ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇੰਨੇ ਕੁ ਹੋਰ ਦੇਸ਼ਾਂ ਵਿਚ ਵੀ ਇਹ ਦਿਨ ਮਨਾਇਆ ਜਾਂਦਾ ਹੈ, ਭਾਵੇਂ ਉਥੇ ਇਸ ਨੂੰ ਤਿਉਹਾਰ ਵਜੋਂ ਮਾਨਤਾ ਨਹੀਂ ਮਿਲੀ ਹੋਈ। ਇਹ ਦਿਨ ਸ਼ਿਕਾਗੋ ਦੀ ਹੇਅ ਮਾਰਕੀਟ ਵਿਚ ਅੱਠ ਘੰਟਿਆਂ ਦੀ ਕੰਮ-ਦਿਹਾੜੀ ਬਣਾਉਣ ਖਾਤਿਰ ਹੜਤਾਲ ਕਰ ਰਹੇ ਕਾਮਿਆਂ ‘ਤੇ ਪੁਲਿਸ ਵਲੋਂ ਚਲਾਈ ਗਈ ਗੋਲੀ ਨਾਲ ਸ਼ਹੀਦ ਹੋਏ ਕਾਮਿਆਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਅੱਠ ਘੰਟਿਆਂ ਦੀ ਦਿਹਾੜੀ ਬਣਾਉਣ ਦੀ ਮੰਗ ਕਰ ਰਹੇ ਮਜ਼ਦੂਰਾਂ ਵਿਚ ਇਕ ਔਰਤ ਦੁੱਧ ਚੁੰਘਦੇ ਬਾਲ ਨੂੰ ਕੁੱਛੜ ਚੁੱਕ ਕੇ ਹੜਤਾਲੀ ਮੁਜ਼ਾਹਰੇ ਵਿਚ ਸ਼ਾਮਿਲ ਸੀ। ਪੁਲਿਸ ਦੀ ਗੋਲੀ ਲਗਣ ‘ਤੇ ਉਸ ਵੀਰਾਂਗਣ ਮਾਂ ਨੇ ਆਪਣੇ ਸਿਰ ਉਤੇ ਸ਼ਾਂਤੀ ਦਾ ਪ੍ਰਤੀਕ ਚਿੱਟੇ ਰੰਗ ਦਾ ਬੰਨ੍ਹਿਆ ਦੁਪੱਟਾ (ਸਕਾਰਫ਼) ਆਪਣੇ ਬੱਚੇ ਦੇ ਜ਼ਖ਼ਮਾਂ ਨੂੰ ਬੰਨ੍ਹਣ ਲਈ ਵਰਤਿਆ। ਬਾਅਦ ਵਿਚ ਉਸ ਸ਼ਹੀਦ ਬੱਚੇ ਦੇ ਲਹੂ ਵਿਚ ਰੰਗਿਆ ਮਾਂ ਦਾ ਸਕਾਰਫ਼ ਦੁਨੀਆਂ ਭਰ ਦੇ ਮਿਹਨਤਕਸ਼ ਲੋਕਾਂ ਦਾ ਪਰਚਮ ਬਣ ਗਿਆ, ਪਰ ਅਮਰੀਕਾ ਵਿਚ ਇਸ ਦਿਨ ਨੂੰ ਉਪੱਦਰੀਆਂ ਦਾ ਦਿਨ ਸਮਝਿਆ ਜਾਂਦਾ ਹੈ। ਇਹ ਭਾਣਾ ਪਹਿਲੀ ਮਈ 1886 ਨੂੰ ਵਾਪਰਿਆ ਸੀ। ਉਸ ਵਕਤ ਦੀਆਂ ਅਦਾਲਤੀ ਰਿਪੋਰਟਾਂ, ਸਰਕਾਰੀ ਪੱਖ ਅਤੇ ਬਹੁਤ ਸਾਰੇ ਲੋਕਾਂ ਦਾ ਖਿਆਲ ਸੀ ਤੇ ਹੈ, ਕਿ ਇਸ ਦਿਨ ਕੁਝ ਕਮਿਊਨਿਸਟ ਉਪੱਦਰੀਆਂ ਵੱਲੋਂ ਉਪੱਦਰ ਮਚਾਇਆ ਗਿਆ ਸੀ। ਇਸ ਕਰ ਕੇ ਪੁਲਿਸ ਨੂੰ ਗੋਲੀ ਚਲਾਉਣੀ ਪਈ ਸੀ। ਅਸਲ ਵਿਚ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਮਜ਼ਦੂਰਾਂ ਵਾਲੇ ਪਾਸੇ ਤੋਂ ਕੁਝ ਅਗਿਆਤ ਬੰਦਿਆਂ ਨੇ ਪੁਲਿਸ ਵੱਲ ਕੁਝ ਬੰਬ (ਗ੍ਰਨੇਡ) ਸੁੱਟ ਦਿੱਤੇ ਸਨ ਜਿਸ ਕਾਰਨ ਸ਼ਾਂਤੀ ਬਣਾਈ ਰੱਖਣ ਅਤੇ ਮਿੱਲਾਂ ਦੀ ਹਿਫ਼ਾਜ਼ਤ ਲਈ ਡਿਊਟੀ ਕਰ ਰਹੇ ਪੁਲਿਸ ਵਾਲੇ ਸ਼ਹੀਦ ਹੋ ਗਏ ਸਨ। ਇਸ ਕਾਰਨ ਪੁਲਿਸ ਨੇ ਭੜਕਾਹਟ ਵਿਚ ਆ ਕੇ ਮੁਜ਼ਾਹਰਾਕਾਰੀ ਮਜ਼ਦੂਰਾਂ ‘ਤੇ ਅੰਨ੍ਹੇਵਾਹ ਫ਼ਾਇਰਿੰਗ ਕਰ ਦਿੱਤੀ। ਬਾਅਦ ਵਿਚ ਬੰਬ ਸੁੱਟਣ ਦਾ ਦੋਸ਼ ਕੁਝ ਮਜ਼ਦੂਰ ਕਾਮਿਆਂ ‘ਤੇ ਲੱਗਾ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦੇ ਹੇਅ ਮਾਰਕੀਟ ਵਿਚ ਬੁੱਤ ਲਾਏ ਗਏ। ਇਨ੍ਹਾਂ ਬੁੱਤਾਂ ਦੀ ਲੋਕ ਅਕਸਰ ਬੇਅਦਬੀ ਕਰ ਜਾਂਦੇ ਜਿਸ ਕਾਰਨ ਰਾਸ਼ਟਰਪਤੀ ਬਿਲ ਕਲਿੰਟਨ ਨੇ ਇਹ ਬੁੱਤ ਹੇਅ ਮਾਰਕੀਟ ਵਿਚੋਂ ਹਟਵਾ ਕੇ ਨੇੜੇ ਦੇ ਪੁਲਿਸ ਸਟੇਸ਼ਨ ਵਿਚ ਲਗਵਾ ਦਿੱਤੇ ਸਨ। ਅਮਰੀਕਾ ਵਿਚ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੁਕਾਬਲੇ ਸਤੰਬਰ ਦੇ ਪਹਿਲੇ ਐਤਵਾਰ ਨੂੰ ‘ਲੇਬਰ ਡੇਅ’ ਐਲਾਨ ਕੀਤਾ ਹੋਇਆ ਹੈ ਤੇ ਇਸ ਦਿਨ ਨੂੰ ਕੌਮੀ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਫ਼ਿਰ ਵੀ ਮਈ ਦਿਵਸ ਮੌਕੇ ਸ਼ਿਕਾਗੋ ਦੀ ਹੇਅ ਮਾਰਕੀਟ ਸਮੇਤ ਦੇਸ਼ ਦੇ ਤਮਾਮ ਸ਼ਹਿਰਾਂ ਵਿਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਅਕੀਦਤ ਦੇ ਫ਼ੁੱਲ ਭੇਟ ਕੀਤੇ ਜਾਂਦੇ ਹਨ ਅਤੇ ਮਈ ਦਿਵਸ ਪਰੇਡ ਕੀਤੀ ਜਾਂਦੀ ਹੈ।
ਐਤਕੀਂ ਦਾ ਮਈ ਦਿਵਸ ਅਮਰੀਕੀ ਸਮਾਜ ਅਤੇ ਸਰਕਾਰ ਲਈ ਅਸਲੋਂ ਵੱਖਰਾ ਤੇ ਮਹੱਤਵਪੂਰਨ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦੀ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ‘ਯੂæਐਸ਼ ਕਮਿਊਨਿਸਟ ਪਾਰਟੀ’ ਨੇ ਅਮਰੀਕਾ ਦੀ ਕਿਰਤੀ ਜਮਾਤ ਨੂੰ ਮਈ ਦਿਵਸ ਦੀ ਵਧਾਈ ਦਿੰਦਿਆਂ ਆਖਿਆ ਹੈ ਕਿ ਸੈਨੇਟ ਵਿਚ ਇੰਮੀਗ੍ਰੇਸ਼ਨ ਦਾ ਜਿਹੜਾ ਨਵਾਂ ਬਿੱਲ ਵਿਚਾਰਿਆ ਜਾ ਰਿਹਾ ਹੈ, ਉਸ ਨਾਲ ਅਮਰੀਕੀ ਕਮਿਊਨਿਸਟ ਪਾਰਟੀ ਅਤੇ ਕਈ ਹੋਰ ਭਰਾਤਰੀ ਪਾਰਟੀਆਂ ਖੁਸ਼ ਨਹੀਂ ਹਨ। ਉਹ ਮੰਗ ਕਰਦੇ ਹਨ ਕਿ ਇਸ ਵਕਤ ਜਿਨ੍ਹਾਂ 1æ10 ਕਰੋੜ ਲੋਕਾਂ ਕੋਲ ਇੰਮੀਗ੍ਰੇਸ਼ਨ ਨਹੀਂ, ਉਨ੍ਹਾਂ ਲਈ ਅਮਰੀਕੀ ਨਾਗਰਿਕਤਾ ਹਾਸਲ ਕਰਨ ਦਾ ਰਸਤਾ ਪੱਧਰਾ ਕੀਤਾ ਜਾਵੇ ਅਤੇ ਲੰਬੇ ਸਮੇਂ ਤੋਂ ਆਪਣੇ ਪਰਿਵਾਰਾਂ ਤੋਂ ਵੱਖ ਰਹਿ ਰਹੇ ਗੈਰ-ਕਾਨੂੰਨੀ ਪਰਵਾਸੀਆਂ ਦੇ ਟੱਬਰਾਂ ਨੂੰ ਇਕੱਠੇ ਕਰਨ ਦਾ ਫੌਰੀ ਕਦਮ ਚੁੱਕਿਆ ਜਾਵੇ। ਕੱਚੇ ਪਰਵਾਸੀਆਂ ਨੂੰ ਪੱਕੇ ਕਰਨ ਦੀ ਮੰਗ ਕਰਦਿਆਂ ਕਾਮਿਊਨਿਸਟ ਪਾਰਟੀ ਨੇ ਬਾਹਰੋਂ ਅਸਥਾਈ ਮਜ਼ਦੂਰ (ਗੈਸਟ ਲੇਬਰ) ਮੰਗਵਾਉਣ ਦਾ ਵਿਰੋਧ ਕੀਤਾ ਹੈ। ਇਸ ਬਾਰੇ ਪਾਰਟੀ ਦਾ ਖਿਆਲ ਹੈ ਕਿ ਗੈਸਟ ਲੇਬਰ ਕੰਮ ਨਾ-ਪਸੰਦ ਹੋਣ ਦੀ ਸੂਰਤ ਵਿਚ ਨਾ ਤਾਂ ਕੰਮ ਬਦਲ ਸਕਦੀ ਹੈ ਤੇ ਨਾ ਹੀ ਘੱਟੋ-ਘੱਟ ਉਜਰਤ ਤੋਂ ਵੱਧ ਮਿਹਨਤਾਨਾ ਮੰਗ ਸਕਦੀ ਹੈ। ਮਜਬੂਰੀਵੱਸ ਉਨ੍ਹਾਂ ਨੂੰ ਘੱਟ ਵੇਤਨ ਅਤੇ ਮਾੜੇ ਹਾਲਾਤ ਵਿਚ ਕੰਮ ਕਰਨਾ ਪੈ ਸਕਦਾ ਹੈ ਜਿਹੜਾ ਮਜ਼ਦੂਰਾਂ ਦਾ ਸ਼ੋਸ਼ਣ ਹੋਵੇਗਾ। ਪਰਵਾਸ ਸਬੰਧੀ ਕਮਿਊਨਿਸਟ ਪਾਰਟੀ ਦੇ ਇਨ੍ਹਾਂ ਮੰਗਾਂ ਵਾਲੇ ਯਾਦ-ਪੱਤਰ ਦੀ ਦੂਜੀਆਂ ਸਮਾਜਵਾਦੀ ਪਾਰਟੀਆਂ, ਡੈਮੋਕ੍ਰੇਟਿਕ ਸੋਸ਼ਲਿਸਟ ਆਫ਼ ਅਮਰੀਕਾ, ਫ਼ਰੀਡਮ ਰੋਡ ਸੋਸ਼ਲਿਸਟ ਆਰਗੇਨਾਈਜੇਸ਼ਨ, ਫ਼ਰੀਡਮ ਸੋਸ਼ਲਿਸਟ ਪਾਰਟੀ, ਇੰਟਰਨੈਸ਼ਨਲ ਸੋਸ਼ਲਿਸਟ ਆਰਗੇਨਾਈਜੇਸ਼ਨ, ਇੰਟਰਨੈਸ਼ਨਲ ਸੋਸ਼ਲਿਸਟ, ਪਾਰਟੀ ਆਫ਼ ਸੋਸ਼ਲਿਸਟ ਐਂਡ ਲਿਬਰਟੀਜ਼, ਰੈਵੋਲਿਊਸ਼ਨਰੀ ਕਮਿਊਨਿਸਟ ਪਾਰਟੀ, ਸੋਸ਼ਲਿਸਟ ਐਕਸ਼ਨ, ਸੋਸ਼ਲਿਸਟ ਅਲਟਰਨੇਟਿਵ, ਸੋਸ਼ਲਿਸਟ ਇਕੁਐਲਿਟੀ ਪਾਰਟੀ, ਸੋਸ਼ਲਿਸਟ ਪਾਰਟੀ ਯੂæਐਸ਼ਏæ, ਸੋਸ਼ਲਿਸਟ ਵਰਕਰਜ਼ ਪਾਰਟੀ, ਵਰਕਰਜ਼ ਵਰਲਡ ਪਾਰਟੀ ਅਤੇ ਵਰਲਡ ਸੋਸ਼ਲਿਸਟ ਪਾਰਟੀ ਆਫ਼ ਯੂæਐਸ਼ਏæ ਦੀ ਵੀ ਹਮਾਇਤ ਹਾਸਲ ਹੈ।
ਵੱਖੋ-ਵੱਖਰੀ ਕਿਸਮ ਦੀਆਂ ਸਮਾਜਵਾਦੀ ਪਾਰਟੀਆਂ ਦੇ ਨੇੜੇ ਹੋਣ ਨੂੰ ਅਮਰੀਕੀ ਰਾਜਨੀਤੀ ਵਿਚ ਤਿੱਖਾ ਮੋੜ ਸਮਝਿਆ ਜਾਣ ਲੱਗਾ ਹੈ। ਮਈ ਦਿਵਸ ਦੇ ਸਬੰਧ ਵਿਚ ਸਮਾਜਵਾਦੀ ਪਾਰਟੀਆਂ ਅਤੇ ਹੋਰ ਸਭਾਵਾਂ ਵੱਲੋਂ ਪਿਛਲੇ ਸਾਲ 16 ਅਕਤੂਬਰ 2012 ਨੂੰ ‘ਆਕਿਊਪਾਈ ਮੂਵਮੈਂਟ’ ਨੂੰ ਡੀæ ਮੋਇਨੀ (ਇਓਵਾ) ਵਿਖੇ ਕੌਮਾਂਤਰੀ ਵਿਖੇ ਕੌਮਾਂਤਰੀ ਫੂਡ ਐਵਾਰਡ ਮਿਲਣ ਨੂੰ ਸਮਾਜਵਾਦੀ ਵਿਚਾਰਧਾਰਾ ਦੀ ਜਿੱਤ ਕਰਾਰ ਦਿੱਤਾ ਗਿਆ। ਯਾਦ ਰਹੇ ਕਿ ਪਿਛਲੇ ਸਾਲ ਖੇਤੀ ਤੇ ਖੁਰਾਕ ਨਾਲ ਸਬੰਧਤ ਕੌਮਾਂਤਰੀ ਜਥੇਬੰਦੀ ਰਾਕਫ਼ਿਲਰ ਵੱਲੋਂ ਆਕਿਊਪਾਈ ਮੂਵਮੈਂਟ ਨੂੰ ਕੌਮਾਂਤਰੀ ਫੂਡ ਸਨਮਾਨ ਦਿੱਤਾ ਗਿਆ ਸੀ; ਕਿਉਂਕਿ ਆਕਿਊਪਾਈ ਮੂਵਮੈਂਟ ਦੇ ਕਾਰਕੁਨਾਂ ਵੱਲੋਂ ਦੁਨੀਆਂ ਭਰ ਵਿਚੋਂ ਭੁੱਖਮਰੀ ਮਿਟਾਉਣ ਲਈ ਜਿਹੜੇ ਸੁਝਾਅ ਦਿੱਤੇ ਗਏ ਸਨ, ਉਹ ਸੁੱਚਮੁੱਚ ਹੀ ਕਾਰਗਰ ਹਨ, ਬਸ਼ਰਤੇ ਕਿ ਵੱਖੋ-ਵੱਖਰੇ ਦੇਸ਼ਾਂ ਦੀਆਂ ਸਰਕਾਰਾਂ ਇਨ੍ਹਾਂ ‘ਤੇ ਇਮਾਨਦਾਰੀ ਨਾਲ ਅਮਲ ਕਰਨ। ਕਮਿਊਨਿਸਟ ਪਾਰਟੀ ਯੂæਐਸ਼ ਦੇ ਹਫ਼ਤਾਵਰੀ ਅਖ਼ਬਾਰ ‘ਪੀਪਲਜ਼ ਵਾਇਸ’ ਵਿਚ ਮਈ ਦਿਵਸ ਮੌਕੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਅਪੀਲ ਕੀਤੀ ਗਈ ਹੈ ਕਿ ਆਕਿਊਪਾਈ ਮੂਵਮੈਂਟ ਸਮੇਤ ਤਮਾਮ ਅਦਾਰੇ ਤੇ ਜਥੇਬੰਦੀਆਂ ਮਈ ਦਿਵਸ ਮਨਾਉਂਦਿਆਂ ਤੇ ਪਰੇਡ ਕੱਢਦਿਆਂ ਸੰਜਮ ਤੋਂ ਕੰਮ ਲੈਣ। ਹਰ ਪ੍ਰਦਰਸ਼ਨ ਤੇ ਹਰ ਮੂਵਮੈਂਟ ਸ਼ਾਂਤਮਈ ਹੋਣੀ ਚਾਹੀਦੀ ਹੈ। ਕਿਧਰੇ ਵੀ ਭੜਕਾਹਟ ਨਾ ਕੀਤੀ ਜਾਵੇ ਤੇ ਨਾ ਹੀ ਕਾਨੂੰਨ ਨੂੰ ਹੱਥ ਵਿਚ ਲਿਆ ਜਾਵੇ।
ਬੀਤੇ 26 ਅਪਰੈਲ ਦੇ ਦਿਨ ਵਾਸ਼ਿੰਗਟਨ ਡੀæਸੀæ ਵਿਚ ਕੰਮ ਕਰਦੇ ਪੱਤਰਕਾਰਾਂ ਦਾ ਸਾਲਾਨਾ ਡਿਨਰ ਸੀ ਜਿਸ ਵਿਚ ਦੇਸ਼ ਦੇ ਨਾਮੀ ਪੱਤਰਕਾਰ, ਬੁੱਧੀਜੀਵੀ ਅਤੇ ਕਈ ਸੈਨੇਟਰਾਂ ਤੇ ਕਾਂਗਰਸਮੈਨਾਂ ਸਮੇਤ ਰਾਜਸੀ ਆਗੂ ਪੁੱਜੇ ਹੋਏ ਸਨ। ਇਸ ਵਾਰ ਦੇ ਸਾਲਾਨਾ ਡਿਨਰ ਦੌਰਾਨ ਵੀ ਵੱਡਾ ਵਿਸ਼ਾ ‘ਮਈ ਦਿਵਸ’ ਦਾ ਹੀ ਸੀ। ਸਮੁੱਚੇ ਸਮਾਗਮ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਮਈ ਦਿਵਸ ਦਾ ਭਾਵੇਂ ਕਮਿਊਨਿਸਟ ਲਹਿਰ ਨਾਲ ਨੇੜੇ ਦਾ ਰਿਸ਼ਤਾ ਹੈ, ਪਰ ਮਈ ਦਿਵਸ ਕੇਵਲ ਕਮਿਊਨਿਸਟਾਂ ਦਾ ਨਹੀਂ; ਇਹ ਸਭ ਵਿਚਾਰਾਂ ਦੇ ਕਾਮਿਆਂ ਦਾ ਸਾਂਝਾ ਦਿਹਾੜਾ ਹੈ। ਸ਼ਿਕਾਗੋ ਦੇ ਸ਼ਹੀਦਾਂ ਨੇ ਕਿਸੇ ਖਾਸ ਵਿਚਾਰਧਾਰਾ, ਮਜ਼ਹਬ ਜਾਂ ਕਿਸੇ ਸੱਭਿਆਚਾਰ ਦੀ ਰਾਖੀ ਲਈ ਸ਼ਹਾਦਤ ਨਹੀਂ ਦਿੱਤੀ ਸੀ; ਸਗੋਂ ਉਹ ਤਾਂ ਦੁਨੀਆਂ ਭਰ ਦੇ ਕਾਮਿਆਂ ਲਈ ਕੰਮ ਦੀ ਸਿਫ਼ਟ ਅੱਠ ਘੰਟੇ ਲਈ ਨਿਸ਼ਚਤ ਲਈ ਸ਼ਹੀਦ ਹੋਏ ਸਨ। ਇੱਥੇ ਇਹ ਗੱਲ ਵੀ ਉਭਰੀ ਕਿ ਮਈ ਦਿਵਸ ਦੇ ਇਤਿਹਾਸ ਅਤੇ ਇਸ ਨਾਲ ਸਬੰਧਤ ਕੇਸਾਂ ਬਾਰੇ ਨਵੇਂ ਸਿਰੇ ਤੋਂ ਜਾਂਚ ਪੜਤਾਲ ਤੇ ਖੋਜ ਹੋਵੇ। ਇਸੇ ਸਮਾਗਮ ਵਿਚ ਪਤਾ ਲੱਗਾ ਕਿ ਦੇਸ਼ ਦੀਆਂ ਤਮਾਮ ਯੂਨੀਵਰਸਿਟੀਆਂ ਨਵੇਂ ਸਿਰੇ ਤੋਂ ਖੋਜ ਕਰਨ ਅਤੇ ਇਸ ਦਾ ਇਤਿਹਾਸ ਦੂਜੇ ਪੱਖਾਂ ਤੋਂ ਵੀ ਪੜ੍ਹਾਉਣਾ ਚਾਹੁੰਦੀਆਂ ਹਨ। ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਮੰਗ ‘ਤੇ ਗੌਰ ਕਰਦਿਆਂ ਦਰਜਨ ਦੇ ਕਰੀਬ ਯੂਨੀਵਰਸਿਟੀਆਂ ਨੇ ਇਸ ਕਾਰਜ ਲਈ ਵਿਸ਼ੇਸ਼ ਫੰਡ ਮੁਹੱਈਆ ਕਰਵਾ ਦਿੱਤਾ ਹੈ। ਇਸੇ ਦੌਰਾਨ ਕਮਿਊਨਿਸਟ ਪਾਰਟੀ ਦੇ ਹਫ਼ਤਾਵਾਦੀ ਅਖ਼ਬਾਰ ‘ਪੀਪਲਜ਼ ਵਾਇਸ’ ਦੇ ਤਾਜ਼ਾ ਅੰਕ ਵਿਚ ਪ੍ਰਕਾਸ਼ਿਤ ਲੇਖਾਂ ਵਿਚ ਦੱਸਿਆ ਗਿਆ ਕਿ ਖੱਬੀਆਂ ਧਿਰਾਂ ਗੈਰ-ਕਾਨੂੰਨੀ ਪਰਵਾਸੀਆਂ ਨੂੰ ਸਿਟੀਜ਼ਨਸ਼ਿਪ ਦੇਣ ਦੇ ਹੱਕ ਵਿਚ ਇਸ ਲਈ ਹਨ, ਕਿ ਉਹ ਸਮਝਦੇ ਹਨ ਕਿ ਜਦੋਂ ਤੱਕ ਗੈਰ-ਕਾਨੂੰਨੀ ਪਰਵਾਸੀਆਂ ਨੂੰ ਨਾਗਰਿਕਤਾ ਨਹੀਂ ਮਿਲ ਜਾਂਦੀ, ਉਨ੍ਹਾਂ ਦਾ ਸ਼ੋਸ਼ਣ ਹੋਣ ਦਾ ਡਰ ਬਣਿਆ ਰਹੇਗਾ। ਇਸ ਅੰਕ ਵਿਚ ਸੋਵੀਅਤ ਸੰਘ ਦੇ ਸਾਬਕਾ ਨੇਤਾ ਜੋਸਫ ਸਟਾਲਿਨ ਦੀ ਵੀ ਬਹੁਤ ਆਲੋਚਨਾ ਕੀਤੀ ਗਈ ਹੈ। ਅਖ਼ਬਾਰ ਨੇ ਮਈ ਦਿਵਸ ਸਬੰਧੀ ਐਡੀਟੋਰੀਅਲ ਵਿਚ ਲਿਖਿਆ ਹੈ ਕਿ ‘ਸਮਾਜਵਾਦ ਦੀ ਸਲਾਮਤੀ ਅਤੇ ਕਿਰਤੀ ਵਰਗ ਦੀ ਬਿਹਤਰੀ ਦੇ ਨਾਂ ‘ਤੇ ਸਟਾਲਿਨ ਵੱਲੋਂ ਕੀਤੇ ਜ਼ੁਲਮਾਂ ਦੇ ਉਹ ਖਿਲਾਫ਼ ਹੀ ਨਹੀਂ, ਸਗੋਂ ਇਨ੍ਹਾਂ ਦੀ ਨਿਖੇਧੀ ਕਰਦੇ ਹਨ।’ ਉਸ ਦੀਆਂ ਨੀਤੀਆਂ ਕਾਰਨ ਅਮਰੀਕਾ ਵਰਗੇ ਦੇਸ਼ਾਂ ਵਿਚ ਲੋਕ ਸਮਾਜਵਾਦ ਦੇ ਕੱਟੜ ਵਿਰੋਧੀ ਬਣ ਗਏ। ਅਮਰੀਕਾ ਵਿਚ ਖੱਬੇ ਪੱਖੀਆਂ ਵਲੋਂ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ ਸਟਾਲਿਨ ਦੀ ਆਲੋਚਨਾ ਅਮਰੀਕੀ ਰਾਜਨੀਤੀ ਦਾ ਵੱਡਾ ਮੋੜ ਸਮਝਿਆ ਜਾ ਰਿਹਾ ਹੈ।
Leave a Reply