“ਗੁਰਬਾਣੀ ਵਿਚ ‘ਦੇਵ’ ਅਤੇ ‘ਦੇਉ’ ਸ਼ਬਦ ਦੀ ਬਹੁ-ਭਾਂਤੀ ਵਰਤੋਂ”

ਪ੍ਰੋ. ਕਸ਼ਮੀਰਾ ਸਿੰਘ ਦੇ ਲੇਖ ‘ਗੁਰੂ ਨਾਨਕ ਦੇਵ ਜੀ ਕਿ ਗੁਰੂ ਨਾਨਕ ਸਾਹਿਬ ਜੀ’ ਸਬੰਧੀ ਮੈਂ ਆਪਣੇ ਪੱਤਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਦੋ ਪਵਿੱਤਰ ਫੁਰਮਾਨਾਂ ਦਾ ਹਵਾਲਾ ਦਿੱਤਾ ਸੀ। ‘ਪੰਜਾਬ ਟਾਈਮਜ਼’ ਦੇ 7 ਸਤੰਬਰ ਦੇ ਅੰਕ ਵਿਚ ਪ੍ਰੋ. ਕਸ਼ਮੀਰਾ ਸਿੰਘ ਵਲੋਂ ਆਪਣੇ ਨਵੇਂ ਲੇਖ “ਗੁਰਬਾਣੀ ਵਿਚ ‘ਦੇਵ’ ਅਤੇ ‘ਦੇਉ’ ਸ਼ਬਦ ਦੀ ਬਹੁ-ਭਾਂਤੀ ਵਰਤੋਂ” ਵਿਚ ਇਨ੍ਹਾਂ ਪਵਿੱਤਰ ਕਥਨਾਂ ਦੇ ਦਿੱਤੇ ਅਰਥਾਂ ਸਬੰਧੀ ਮੈਂ ਆਪਣੇ ਵਲੋਂ ਸਥਿਤੀ ਸਪਸ਼ਟ ਕਰਨਾ ਚਾਹੁੰਦਾ ਹਾਂ:

(1) ਜਪ´ਉ ਜਿਨ੍ ਅਰਜੁਨ ਦੇਵ ਗੁਰੂ ਫਿਿਰ ਸੰਕਟ ਜੋਨਿ ਗਰਭ ਨ ਆਯਉÒ (ਭੱਟ ਮਥੁਰਾ ਜੀ, ਸਵਈਏ ਮਹਲੇ ਪੰਜਵੇ ਕੇ, ਪੰਨਾ 1409)
ਪ੍ਰੋ. ਸਾਹਿਬ ਸਿਘ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਅਤੇ ਪੁਸਤਕ ‘ਭੱਟਾਂ ਦੇ ਸਵਈਏ ਸਟੀਕ’ ਵਿਚ ਇਸ ਤੁਕ ਦੇ ਅਰਥ ਇਸ ਤਰ੍ਹਾਂ ਲਿਖੇ ਹੋਏ ਹਨ, “ਜਿਨ੍ਹਾਂ ਨੇ ਗੁਰੂ ਅਰਜੁਨ ਦੇਵ (ਜੀ) ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੂਨ ਦੇ ਦੁੱਖਾਂ ਵਿਚ ਨਹੀਂ ਆਏ।”
ਸਪਸ਼ਟ ਹੀ ਹੈ ਕਿ ਟੀਕਾਕਾਰ ਨੇ ਇਥੇ ‘ਅਰਜੁਨ ਦੇਵ ਗੁਰ’ ਅਰਥ ਪੰਜਵੇਂ ਪਾਤਿਸ਼ਾਹ ਦੇ ਨਾਂ ‘ਗੁਰੂ ਅਰਜਨ ਦੇਵ ਜੀ’ ਵਜੋਂ ਹੀ ਕੀਤੇ ਹਨ। ਪ੍ਰੋ. ਸਾਹਿਬ ਸਿੰਘ ਨੇ ਗੁਰੂ ਇਤਿਹਾਸ, ਦਰਪਣ ਅਤੇ ਗੁਰਬਾਣੀ ਦੇ ਟੀਕਿਆਂ ਵਾਲੀਆਂ ਪੁਸਤਕਾਂ ਵਿਚ ਪਹਿਲੀ, ਦੂਜੀ ਅਤੇ ਪੰਜਵੀਂ ਪਾਤਿਸ਼ਾਹੀ ਦੇ ਨਾਂ ਲਿਖਦਿਆਂ ‘ਸਾਹਿਬ’ ਅਤੇ ‘ਦੇਵ’-ਦੋਹਾਂ ਸ਼ਬਦਾਂ ਦੀ ਭਰਪੂਰ ਵਰਤੋਂ ਕੀਤੀ ਹੋਈ ਹੈ। ਸਾਨੂੰ ਵੀ ਅਜਿਹੀ ਸੋਚਣੀ ਅਪਨਾਉਣੀ ਚਾਹੀਦੀ ਹੈ।
(2) ਸਲੋਕ ਮ: 2॥ ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ॥
(ਵਾਰ ਮਾਝ ਕੀ ਤਥਾ ਸਲੋਕ ਮਹਲਾ 1, ਸਲੋਕ ਮ: 2, ਪੰਨਾ 150)
ਇਸ ਸਲੋਕ ਦੇ ਜੋ ਪਦ ਅਰਥ ਅਤੇ ਅਰਥ ਪ੍ਰੋ. ਕਸ਼ਮੀਰਾ ਸਿੰਘ ਨੇ ਲਿਖੇ ਹਨ, ਉਹ ਉਨ੍ਹਾਂ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਵਿਚੋਂ ਹੀ ਲਿਖੇ ਹਨ। ਨਿਰਸੰਦੇਹ ਪ੍ਰੋ. ਸਾਹਿਬ ਸਿੰਘ ‘ਗੁਰੂ ਨਾਨਕ ਦੇਉ’ ਸ਼ਬਦਾਂ ਦੇ ਅਰਥ ਪਹਿਲੀ ਪਾਤਿਸ਼ਾਹੀ ਦੇ ਨਾਂ ਵਜੋਂ ਨਹੀਂ ਕਰਦੇ। ਪ੍ਰਿੰ. ਤੇਜਾ ਸਿੰਘ, ਪ੍ਰਿੰ. ਬਾਵਾ ਹਰਿਿਕ੍ਰਸ਼ਨ ਸਿੰਘ ਅਤੇ ਪ੍ਰੋ. ਨਰਾਇਣ ਸਿੰਘ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਇਸ ਸਲੋਕ ਦੇ ਅਰਥ ਇਸ ਤਰ੍ਹਾਂ ਕਰਦੇ ਹਨ, “ਜਿਨ੍ਹਾਂ ਦਾ ਗੁਰੂ ਨਾਨਕ ਦੇਵ ਹੈ ਤੇ ਜਿਨ੍ਹਾਂ ਨੂੰ ਗੁਰੂ ਨੇ ਸਿੱਖਿਆ ਦੇ ਕੇ ਸਮਝਾਇਆ ਹੈ ਕਿ ਸੱਚ ਰਾਹੀਂ ਸਿਫਤ ਵਿਚ ਜੁੜ ਜਾE, ਉਨ੍ਹਾਂ ਨੂੰ ਹੋਰ ਦੱਸਣ ਦੀ ਕੀ ਲੋੜ ਹੈ!”
‘ਮਹਾਨ ਕੋਸ਼’ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਇੰਦਰਾਜ ‘ਨਾਨਕ ਦੇਵ ਸਤਿਗੁਰੂ’ ਵਿਚ ਗੁਰੂ ਸਾਹਿਬ ਜੀ ਦੀ ਵਡਿਆਈ ਵਾਲੇ ਗੁਰਬਾਣੀ ਦੇ ਨੌ ਪਵਿੱਤਰ ਫੁਰਮਾਨ ਲਿਖੇ ਹਨ, ਜਿਨ੍ਹਾਂ ਵਿਚ ਪਹਿਲੇ ਨੰਬਰ `ਤੇ ਹੀ ਦੂਜੀ ਪਾਤਿਸ਼ਾਹੀ ਦਾ ਇਕ ਸਲੋਕ ਹੈ। ਇਹ ਸਾਰੇ ਵਿਦਵਾਨ ‘ਗੁਰੂ ਨਾਨਕ ਦੇਉ’ ਤੋਂ ਭਾਵ ਗੁਰੂ ਸਾਹਿਬ ਜੀ ਦੇ ਨਾਂ ਵਜੋਂ ਹੀ ਮੰਨਦੇ ਹਨ।
-ਸੁਖਦੇਵ ਸਿੰਘ ਸ਼ਾਂਤ, ਇੰਡੀਆਨਾ
ਫੋਨ: 317-406-0002