ਕੁਲਵੰਤ ਸਿੰਘ ਢੇਸੀ
ਪਾਕਿਸਤਾਨ ਵਿਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਬੇਟੀ ਦੀ ਧਰਮ ਬਦਲੀ ਦਾ ਮੁੱਦਾ ਕੌਮਾਂਤਰੀ ਤੂਲ ਫੜ ਗਿਆ ਹੈ ਅਤੇ ਹੁਣ ਬਹੁਤੇ ਲੋਕ ਜਾਂ ਤਾਂ ਜਜ਼ਬਾਤੀ ਤੇ ਉਲਾਰ ਹੋ ਕੇ ਜਾਂ ਕੋਈ ਨਾ ਕੋਈ ਧਿਰ ਬਣ ਕੇ ਆਪਣੇ ਵਿਚਾਰ ਦੇ ਰਹੇ ਹਨ। ਜੋ ਲੀਡਰ ਲੋਕ ਪਾਕਿਸਤਾਨ ਦੀ ਧਿਰ ਵਜੋਂ ਬਿਆਨਬਾਜ਼ੀ ਕਰ ਰਹੇ ਹਨ ਜਾਂ ਸਾਜਿਸ਼ੀ ਤੌਰ ‘ਤੇ ਚੁੱਪ ਹਨ, ਉਨ੍ਹਾਂ ਲਈ ਇਹ ਮੁੱਦਾ ਮਹਿਜ਼ ਪ੍ਰੇਮ ਵਿਆਹ ਦਾ ਮੁੱਦਾ ਹੈ ਤੇ ਇਸ ਸਬੰਧੀ ਸਾਰਾ ਕਸੂਰ ਗ੍ਰੰਥੀ ਦੀ ਲੜਕੀ ਦਾ ਹੈ, ਨਾ ਕਿ ਮੁਸਲਿਮ ਮੁੰਡੇ ਦਾ। ਭਾਰਤ ਵਲੋਂ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਲਈ ਇਹ ਮੁੱਦਾ ਪਾਕਿਸਤਾਨ ਵਿਚ ਹਿੰਦੂ ਅਤੇ ਸਿੱਖ ਕੁੜੀਆਂ ਦੀ ਧਰਮ ਬਦਲੀ ਦਾ ਗੰਭੀਰ ਮੁੱਦਾ ਹੈ, ਜਿਸ ਨੂੰ ਦੇਰ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ।
ਆਰ. ਐਸ. ਐਸ. ਪੱਖੀ ਭਾਰਤੀ ਮੀਡੀਏ ਵਲੋਂ ਇਸ ਮੁੱਦੇ ‘ਤੇ ਲਗਾਤਾਰ ਹਾਲ ਪਾਹਰਿਆ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਵੀ ਜੰਗ ਦਾ ਰੂਪ ਦਿੱਤਾ ਜਾ ਰਿਹਾ ਹੈ। ਅਜੇ ਤਕ ਕਿਸੇ ਵੀ ਧਿਰ ਨੇ ਇਹ ਵਿਚਾਰ ਦੇਣ ਦੀ ਰੁਚੀ ਨਹੀਂ ਦਿਖਾਈ ਕਿ ਅਚਾਨਕ ਹੀ ਭਾਂਬੜ ਬਣਨ ਵਾਲੇ ਇਸ ਮੁੱਦੇ ਪਿਛੇ ਉਨ੍ਹਾਂ ਸ਼ਕਤੀਆਂ ਦਾ ਹੱਥ ਵੀ ਹੋ ਸਕਦਾ ਹੈ, ਜੋ ਮੁਸਲਮਾਨਾਂ ਤੇ ਸਿੱਖਾਂ ਦਰਮਿਆਨ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਹੋ ਰਹੀ ਨੇੜਤਾ ਨੂੰ ਤਹਿਸ-ਨਹਿਸ ਕਰਨਾ ਚਾਹੁੰਦੀਆਂ ਹਨ ਅਤੇ ਇਸ ਮੁੱਦੇ ਪਿਛੇ ਉਸ ਕੌਮਾਂਤਰੀ ਸ਼ਕਤੀ ਦਾ ਹੱਥ ਵੀ ਹੋ ਸਕਦਾ ਹੈ, ਜੋ ਮੁਸਲਮਾਨਾਂ ਨੂੰ ਕੌਮਾਂਤਰੀ ਤੌਰ ‘ਤੇ ਅਤਿਵਾਦੀ, ਗੈਰ-ਮੁਸਲਿਮ ਲੜਕੀਆਂ ਦਾ ਸ਼ੋਸ਼ਣ ਕਰਨ ਵਾਲੇ ਤੇ ਡਰੱਗੀ ਸਾਬਤ ਕਰਨ ਲਈ ਦਿਨ ਰਾਤ ਕੰਮ ਕਰ ਰਹੀ ਹੈ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਮੁਸਲਮਾਨਾਂ ਦੀ ਬਦਨਾਮੀ ਵਿਚ ਪਾਕਿਸਤਾਨ ਦੇ ਮੁਸਲਮਾਨਾਂ ਦਾ ਨਾਂ ਹੀ ਹਮੇਸ਼ਾ ਕਿਉਂ ਵਧ ਚੜ੍ਹ ਕੇ ਬੋਲਦਾ ਹੈ, ਜਦ ਕਿ ਹੋਰ ਅਨੇਕਾਂ ਇਸਲਾਮੀ ਦੇਸ਼ਾਂ ਦੇ ਮੁਸਲਮਾਨ ਅਤਿਵਾਦ ਉਧਾਲੇ ਅਤੇ ਡਰੱਗ ਆਦਿ ਦੀਆਂ ਅਲਾਮਤਾਂ ਨਾਲ ਨੱਥੀ ਨਹੀਂ ਕੀਤੇ ਜਾਂਦੇ।
ਅਸਲ ਮੁੱਦਾ ਕੀ ਹੈ: ਜਿਥੋਂ ਤਕ ਪ੍ਰੇਮ ਵਿਆਹ ਦਾ ਮੁੱਦਾ ਹੈ, ਉਸ ਸਬੰਧੀ ਇਹ ਇੱਕ ਕੌੜੀ ਸੱਚਾਈ ਹੈ ਕਿ ਕਿਸ਼ੋਰ ਉਮਰ ਦੇ ਮੁੰਡੇ-ਕੁੜੀਆਂ ਆਪਸੀ ਸਬੰਧ ਬਣਾਉਣ ਲੱਗੇ ਪ੍ਰੇਮ ਵਿਚ ਅੰਨ੍ਹੇ ਹੋ ਕੇ ਧਾਰਮਿਕ ਮਨਾਹੀਆਂ ਦੀ ਪ੍ਰਵਾਹ ਨਹੀਂ ਕਰਦੇ। ਦੂਜੀ ਕੌੜੀ ਸੱਚਾਈ ਇਹ ਹੈ ਕਿ ਜੇ ਕੋਈ ਸਿੱਖ ਬੱਚਾ ਕਿਸੇ ਮੁਸਲਮਾਨ ਬੱਚੇ ਨਾਲ ਪ੍ਰੇਮ ਵਿਆਹ ਕਰਨਾ ਚਾਹਵੇ ਤਾਂ ਸਿੱਖ ਮਾਪੇ ਉਸ ਨਾਲ ਸਹਿਮਤ ਨਹੀਂ ਹੁੰਦੇ, ਜਦ ਕਿ ਮੁਸਲਮਾਨਾਂ ਦਾ ਵਤੀਰਾ ਇਸ ਤੋਂ ਉਲਟਾ ਹੈ। ਮੁਸਲਮਾਨ ਅਜਿਹੇ ਵਿਆਹ ਦੀ ਇਜਾਜ਼ਤ ਇਸ ਸ਼ਰਤ ‘ਤੇ ਖੁਸ਼ੀ ਖੁਸ਼ੀ ਦਿੰਦੇ ਹਨ ਕਿ ਸਿੱਖ ਬੱਚੇ ਦੀ ਧਰਮ ਬਦਲੀ ਕਰਕੇ ਹੀ ਇਹ ਵਿਆਹ ਹੋ ਸਕਦਾ ਹੈ।
ਮੁਸਲਮਾਨ ਬਾਹਰੋਂ ਜੋ ਮਰਜ਼ੀ ਕਹਿਣ, ਪਰ ਅੰਦਰੋਂ ਉਹ ਅਜਿਹੀ ਧਰਮ ਬਦਲੀ ਕਰਵਾ ਕੇ ਬਹੁਤ ਖੁਸ਼ ਹੁੰਦੇ ਹਨ, ਕਿਉਂਕਿ ਇਸ ਨੂੰ ਉਹ ਇਸਲਾਮ ਦੀ ਵੱਡੀ ਖਿਦਮਤ ਸਮਝਦੇ ਹਨ। ਇਸਲਾਮ ਵਿਚ ਕਿਸੇ ‘ਕਾਫਰ’ (ਗੈਰ ਮੁਸਲਿਮ) ਦੀ ਧਰਮ ਬਦਲੀ ਵੱਡਾ ਸੁਆਬ ਸਮਝਿਆ ਜਾਂਦਾ ਹੈ। ਇਸ ਮੁੱਦੇ ‘ਤੇ ਖਾਸ ਸਮਝਣ ਵਾਲੀ ਗੱਲ ਇਹ ਹੈ ਕਿ ਭਲਕ ਨੂੰ ਜੇ ਕੋਈ ਸਿੱਖ ਲੜਕਾ ਕਿਸੇ ਮੁਸਲਿਮ ਲੜਕੀ ਦਾ ਧਰਮ ਬਦਲੀ ਕਰਕੇ ਉਸ ਨਾਲ ਅਨੰਦ ਵਿਆਹ ਕਰਵਾਉਣ ਦੀ ਵੀਡੀE ਵਾਇਰਲ ਕਰ ਦੇਵੇ ਤਾਂ ਪਾਕਿਸਤਾਨ ਦੇ ਮੁਸਲਮਾਨ ਸਿੱਖਾਂ ਦਾ ਪਾਕਿਸਤਾਨ ਵਿਚ ਰਹਿਣਾ ਦੁੱਭਰ ਕਰ ਦੇਣਗੇ।
ਇਨ੍ਹੀਂ ਦਿਨੀਂ ਪਾਕਿਸਤਾਨ ਤੋਂ ਇੱਕ ਸਿੱਖ ਦੀ ਵੀਡੀE ਵਾਇਰਲ ਹੋਈ ਹੈ ਜਿਸ ਦੀ ਭਾਸ਼ਾ ਤਾਂ ਠੀਕ ਨਹੀਂ, ਪਰ ਗੱਲ ਉਹ ਸਹੀ ਕਰ ਰਿਹਾ ਹੈ ਕਿ ਸਿੱਖਾਂ ਨੂੰ ਸਿੱਖ-ਮੁਸਲਮਾਨ ਦੋਸਤੀ ਦੀਆਂ ਡੀਂਗਾਂ ਮਾਰਨ ਲੱਗਿਆਂ ਇਸ ਕਿਸਮ ਦੀਆਂ ਸੱਚਾਈਆਂ ਨੂੰ ਅੱਖੋਂ ਪਰੋਖੇ ਨਹੀਂ ਕਰ ਦੇਣਾ ਚਾਹੀਦਾ। ਇਸ ਗੱਲ ਦਾ ਜਵਾਬ ਹੁਣ ਮੁੱਲਾਂ ਅਤੇ ਕਾਜੀਆਂ ਤੋਂ ਮੰਗਣਾ ਬਣਦਾ ਹੈ ਕਿ ਕੀ ਉਹ ਪਾਕਿਸਤਾਨ ਦੇ ਸਿੱਖਾਂ ਨੂੰ ਇਹ ਹੱਕ ਦੇਣਗੇ ਕਿ ਜੇ ਕਿਸੇ ਸਿੱਖ ਬੱਚੇ ਦਾ ਕਿਸੇ ਮੁਸਲਿਮ ਬੱਚੇ ਨਾਲ ਪ੍ਰੇਮ ਹੋ ਜਾਵੇ ਤਾਂ ਸਿੱਖਾਂ ਦੇ ਗ੍ਰੰਥੀ ਉਸ ਦੀ ਧਰਮ ਬਦਲੀ ਕਰਕੇ ਉਸ ਦਾ ਅਨੰਦ ਕਾਰਜ ਕਰ ਦੇਣ?
ਇਤਿਹਾਸਕ ਤਜਰਬਾ ਕੀ ਕਹਿੰਦਾ ਹੈ: ਸਿੱਖ ਭਾਈਚਾਰਾ ਇਸ ਸਮੇਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾ ਰਿਹਾ ਹੈ। ਇਹ ਗੱਲ ਜੱਗ ਜਾਣਦਾ ਹੈ ਕਿ ਗੁਰੂ ਸਾਹਿਬ ਦੇ ਜੀਵਨ ਭਰ ਦੇ ਸਾਥੀ ਭਾਈ ਮਰਦਾਨਾ ਸਨ, ਜੋ ਮੁਸਲਮਾਨ ਸਨ। ਬਾਬੇ ਨਾਨਕ ਨੇ ਜਿਸ ਵਿਅਕਤੀ ਨੂੰ ਆਪਣਾ ਭਾਈ ਕਹਿ ਕੇ ਸਾਰਾ ਜੀਵਨ ਨਾਲ ਰੱਖਿਆ, ਕੀ ਉਨ੍ਹਾਂ ਨੇ ਭਾਈ ਮਰਦਾਨੇ ਨੂੰ ਇਸਲਾਮ ਦੀਆਂ ਧਾਰਮਿਕ ਮਰਿਆਦਾਵਾਂ, ਨਿਮਾਜ਼ ਜਾਂ ਸਭਿਆਚਾਰਕ ਤੌਰ ‘ਤੇ ਕੋਈ ਮਨਾਹੀ ਕੀਤੀ ਸੀ? ਜਾਂ ਭਾਈ ਮਰਦਾਨਾ ਦਾ ਨਾਂ ਬਦਲਿਆ ਸੀ? ਇਸੇ ਤਰ੍ਹਾਂ ਸਾਂਈ ਮੀਆਂ ਮੀਰ, ਪੀਰ ਬੁੱਧੂ ਸ਼ਾਹ ਸਢੌਰੀਆ ਅਤੇ ਅਨੇਕਾਂ ਮੁਸਲਮਾਨਾਂ ਦੇ ਨਾਂ ਦਿੱਤੇ ਜਾ ਸਕਦੇ ਹਨ, ਜੋ ਗੁਰੂ ਸਾਹਿਬਾਨ ਦੇ ਸਾਹੀਂ ਜਿਉਂਦੇ ਸਨ, ਪਰ ਕਿਧਰੇ ਵੀ ਉਨ੍ਹਾਂ ਦੀ ਧਰਮ ਬਦਲੀ ਕਰਨ ਦਾ ਜ਼ਿਕਰ ਨਹੀਂ ਆਉਂਦਾ। ਸਿੱਖੀ ਕਿਸੇ ਗੈਰ ਸਿੱਖ ਦੀ ਧਰਮ ਬਦਲੀ ਕਰਨ ਨੂੰ ਪੁੰਨ ਕਰਮ ਨਹੀਂ ਕਹਿੰਦੀ।
ਮੇਰੇ ਪਿਤਾ ਜੀ ਇੱਕ ਦਹਾਕੇ ਤੋਂ ਵੱਧ ਅਰਬ ਵਿਚ ਡਰਾਇਵਰੀ ਕਰਦਿਆਂ ਮੁਸਲਮਾਨਾਂ ਦੇ ਸੰਪਰਕ ਵਿਚ ਰਹੇ। ਉਹ ਦੱਸਿਆ ਕਰਦੇ ਸਨ ਕਿ ਪਾਕਿਸਤਾਨੀ ਮੁਸਲਮਾਨ ਅਕਸਰ ਹੀ ਧਰਮ ਬਦਲੀ ਲਈ ਉਕਸਾਉਂਦੇ ਹਨ ਅਤੇ ਕਈ ਵੇਰਾਂ ਤਾਂ ਇਸੇ ਕਾਰਨ ਉਨ੍ਹਾਂ ਨਾਲ ਦਿਨ ਕਟੀ ਕਰਨੀ ਔਖੀ ਹੋ ਜਾਂਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਨਿਰਪੱਖ ਵਿਚਾਰਧਾਰਾ ਵਾਲੇ ਵੀ ਥੋੜ੍ਹੇ-ਬਹੁਤ ਮੁਸਲਮਾਨ ਹੋਣਗੇ ਪਰ ਕੱਟੜਪੰਥੀਆਂ ਦੀ ਗਿਣਤੀ ਵੱਧ ਹੈ। ਇਸੇ ਗੱਲ ਤੋਂ ਦੁਖੀ ਹੋ ਕੇ ਕਦੀ ਕਿਸੇ ਅਖੌਤੀ ਸਾਧ ਨੇ ਇਹ ਗੱਲ ਬਹੁਤ ਪ੍ਰਚਾਰੀ ਸੀ ਕਿ ਗੁਰੂ ਸਾਹਿਬ ਕਹਿ ਗਏ ਹਨ ਕਿ ਮੁਸਲਮਾਨ ਦਾ ਕਦੀ ਵਿਸ਼ਵਾਸ ਨਾ ਕਰੋ; ਜਦਕਿ ਇਤਿਹਾਸਕ ਸੱਚਾਈ ਇਹ ਹੈ ਕਿ ਗੁਰੂ ਕਾਲ ਤੋਂ ਅਖੌਤੀ ਉਚੀ ਕੁਲ ਦੇ ਹਿੰਦੂਆਂ ਨੇ ਸਿੱਖੀ ਦਾ ਰੱਜ ਕੇ ਵਿਰੋਧ ਕੀਤਾ। ਅੱਜ ਵੀ ਭਾਰਤ ਵਿਚ ਆਰ. ਐਸ. ਐਸ. ਇਹ ਗੱਲ ਐਲਾਨੀਆ ਤੌਰ ‘ਤੇ ਕਹਿ ਰਹੀ ਹੈ ਕਿ ਭਾਰਤ ਵਿਚ ਸਿੱਖਾਂ ਨੇ ਜੇ ਰਹਿਣਾ ਹੈ ਤਾਂ ਉਹ ਹਿੰਦੂ ਬਣ ਕੇ ਰਹਿ ਸਕਦੇ ਹਨ।
ਚਰਚਾ ਤਾਂ ਇਹ ਵੀ ਹੈ ਕਿ ਭਾਰਤ ਵਿਚ ਸਿੱਖਾਂ ਨੇ ਕਿਉਂਕਿ ਕਸ਼ਮੀਰ ਦੀਆਂ ਮੁਸਲਿਮ ਬੇਟੀਆਂ ਦੀ ਰੱਖਿਆ ਕਰਕੇ ਘਰੋ-ਘਰ ਪਹੁੰਚਾਇਆ ਹੈ, ਭਾਰਤ ਤੋਂ ਬਾਹਰ ਵਸ ਰਹੇ ਸਿੱਖਾਂ ਨੇ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕੀਤਾ ਹੈ ਅਤੇ ਇਸ ਕਰਕੇ ਸਿੱਖਾਂ ਨੂੰ ਸਬਕ ਦੇਣ ਲਈ ਭਾਖੜੇ ਵਰਗੇ ਡੈਮਾਂ ਦੇ ਮੂੰਹ ਖੋਲ੍ਹੇ ਗਏ ਹਨ ਅਤੇ ਹੁਣ ਪੰਜਾਬ ਬੁਰੀ ਤਰ੍ਹਾਂ ਹੜ੍ਹਾਂ ਦੀ ਲਪੇਟ ਵਿਚ ਹੈ।
ਭਾਰਤ ਅਤੇ ਪਾਕਿਸਤਾਨ-ਦੋਹਾਂ ਪਾਸਿਆਂ ਤੋਂ ਪੀੜਤ ਸਿੱਖ ਅਕਸਰ ਹੀ ਬੇਗਾਨਗੀ ਦਾ ਅਹਿਸਾਸ ਕਰਦੇ ਹਨ ਤੇ ਇਸ ਗੱਲ ਨੂੰ ਬਹੁਤ ਸੰਜੀਦਗੀ ਨਾਲ ਲੈਂਦੇ ਹਨ ਕਿ ਕਾਸ਼ ਕਿਤੇ ਸਾਡਾ ਆਪਣਾ ਵੀ ਕੋਈ ਦੇਸ਼ ਹੁੰਦਾ, ਜਿਥੇ ਸਾਡੇ ਧਰਮ ਅਤੇ ਬੋਲੀ ਦੇ ਬੋਲਬਾਲੇ ਹੁੰਦੇ ਅਤੇ ਸਾਨੂੰ ਕਿਸੇ ਦੀ ਧੌਂਸ ਵਿਚ ਨਾ ਜੀਣਾ ਪੈਂਦਾ।
ਬਾਹਰੀ ਫੋਕਟ ਧਰਮ ਹੀ ਝਗੜੇ ਦਾ ਕਾਰਨ: ਇਨ੍ਹੀਂ ਦਿਨੀਂ ਮੇਰਾ ਇਕ ਹਿੰਦੂ ਲੜਕੀ ਨੂੰ ਇਹ ਸਮਝਾਉਣ ਲਈ ਜ਼ੋਰ ਲੱਗਾ ਹੋਇਆ ਹੈ ਕਿ ਉਹ ਮੁਸਲਮਾਨ ਲੜਕੇ ਨਾਲ ਵਿਆਹ ਕਰਵਾਉਣ ਦੇ ਮਸਲੇ ਨੂੰ ਗੰਭੀਰਤਾ ਨਾਲ ਸਮਝੇ। ਇਹ ਬੀਬੀ ਧੁਰ ਅੰਦਰੋਂ ਸਿੱਖੀ ਨਾਲ ਵੀ ਜੁੜੀ ਹੋਈ ਹੈ ਜੋ ਕਿ ਉਸ ਨੂੰ ਖੂਨ ਵਿਚ ਮਿਲੀ ਹੈ। ਇਹ ਬੀਬੀ ਪੜ੍ਹੀ ਲਿਖੀ ਹੈ, ਲੇਖਕਾ ਹੈ ਅਤੇ ਔਰਤਾਂ ਦੇ ਹੱਕਾਂ ਅਤੇ ਸਮੱਸਿਆਵਾਂ ਪ੍ਰਤੀ ਜੂਝ ਵੀ ਰਹੀ ਹੈ। ਜਿਸ ਮੁਸਲਿਮ ਬੰਦੇ ਨਾਲ ਉਸ ਦੇ ਸਬੰਧ ਹਨ, ਉਸ ਦੇ ਫਿਰਕੇ ਦਾ ਪਾਕਿਸਤਾਨ ਵਿਚ ਰੁਤਬਾ ਉਂਜ ਹੀ ਹੈ ਜਿਵੇਂ ਕਿ ਸਿੱਖਾਂ ਵਿਚ ਰਾਧਾ ਸੁਆਮੀਆਂ ਦਾ ਹੈ। ਇਸ ਜੋੜੇ ਦੇ ਪਹਿਲੇ ਵਿਆਹਾਂ ਤੋਂ ਵੀ ਬੱਚੇ ਹਨ ਅਤੇ ਇਸ ਬੇਟੀ ਦਾ ਇਹ ਪੱਕਾ ਨਿਸ਼ਚਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਹਿੰਦੂ ਜਾਂ ਸਿੱਖ ਵਿਸ਼ਵਾਸਾਂ ਅਨੁਸਾਰ ਪੰਜਾਬੀਅਤ ਦੇ ਮਾਹੌਲ ਤੇ ਬੋਲੀ ਵਿਚ ਪਾਲੇਗੀ। ਇਸ ਬੇਟੀ ਨੂੰ ਸਮਝਾਉਣ ਦੇ ਅੰਦਾਜ਼ ਵਿਚ ਮੈਂ ਕਿਹਾ ਸੀ ਕਿ ਉਹ ਨਾ ਕਵੇਲ ਧਰਮ ਅਤੇ ਰੂਹਾਨੀਅਤ ਵਿਚ ਪਏ ਪਾੜੇ ਨੂੰ ਹੀ ਸਮਝੇ ਸਗੋਂ ਅਜੋਕਾ ਧਰਮ ਕਿਵੇਂ ਰੂਹਾਨੀਅਤ ਦੇ ਵਿਰੋਧ ਵਿਚ ਭੁਗਤ ਰਿਹਾ ਹੈ? ਉਸ ਨੂੰ ਵੀ ਸਮਝੇ।
ਮਨੁੱਖ ਦੇ ਰੂਹਾਨੀ ਅਸਲੇ ਬਾਰੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਬਚਨ ਹਨ,
ਜਾ ਤਿਸੁ ਭਾਣਾ ਤਾ ਜੰਮਿਆ
ਪਰਵਾਰਿ ਭਲਾ ਭਾਇਆ॥
ਲਿਵ ਛੁੜਕੀ ਲਗੀ ਤ੍ਰਿਸਨਾ
ਮਾਇਆ ਅਮਰੁ ਵਰਤਾਇਆ॥
ਇਸ ਸਬੰਧੀ ਅੰਗ੍ਰੇਜ਼ੀ ਦਾ ਇੱਕ ਕਥਨ ਹੈ,
ੱੲ ਅਰੲ ਨੋਟ ਹੁਮਅਨ ਬੲਨਿਗਸ ਹਅਵਨਿਗ ਸਪਰਿਿਟੁਅਲ ੲਣਪੲਰਇਨਚੲ। ੱੲ ਅਰੲ ਸਪਰਿਿਟੁਅਲ ਬੲਨਿਗਸ ਹਅਵਨਿਗ ਹੁਮਅਨ ੲਣਪੲਰਇਨਚੲ।
ਭਾਵ ਕੁਦਰਤੀ ਤੌਰ ‘ਤੇ ਅਸੀਂ ਮਹਿਜ਼ ਸਰੀਰਕ ਜੀਵ ਨਹੀਂ ਹਾਂ, ਜੋ ਹੁਣ ਅਸੀਂ ਰੂਹਾਨੀ ਬਣਨਾ ਹੈ, ਸਗੋਂ ਕੁਦਰਤੀ ਤੌਰ ‘ਤੇ ਹਰ ਮਨੁੱਖ ਰੂਹਾਨੀ ਹੁੰਦਾ ਹੈ, ਪਰ ਮਨੁੱਖੀ ਜੀਵਨ ਦੇ ਅਮਲਾਂ ਵਿਚ ਸਾਡੀ ਰੂਹਾਨੀਅਤ ਨੂੰ ਖਤਰਾ ਪੈ ਜਾਂਦਾ ਹੈ। ਪੰਚਮ ਪਾਤਸ਼ਾਹ ਨੇ ਇਸੇ ਕਰਕੇ ਹਿੰਦੂ ਅਤੇ ਮੁਸਲਮਾਨ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਕੇ ਵੱਖ ਵੱਖ ਧਰਮਾਂ ਲਈ ਰੂਹਾਨੀ ਸਾਂਝ ਪੈਦਾ ਕੀਤੀ ਸੀ, ਪਰ ਅਫਸੋਸ! ਮਨੁੱਖਾਂ ਦੇ ਅਖੌਤੀ ਧਾਰਮਿਕ ਅਮਲ ਉਨ੍ਹਾਂ ਨੂੰ ਰੂਹਾਨੀ ਬਣਾਉਣ ਦੀ ਥਾਂ ਰੂਹਾਨੀਅਤ ਨਾਲੋਂ ਤੋੜ ਕੇ ਫਿਰਕੂ ਟਕਰਾE ਲਈ ਭੜਕਾ ਦਿੰਦੇ ਹਨ।
ਗੁਰਬਾਣੀ ਮੁਤਾਬਕ ਰੰਗ, ਨਸਲ, ਜਾਤ ਅਤੇ ਫਿਰਕੇ ਤੋਂ ਉਪਰ ਉਠ ਕੇ ਸਾਰੇ ਮਨੁੱਖ ਇੱਕ ਸਰਬ ਸਾਂਝੇ ਪਰਮਾਤਮਾ ਦੀ ਔਲਾਦ ਹਨ। ਨਾ ਤਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦਾ ਕੋਈ ਫਿਰਕਾ ਜਾਂ ਧਰਮ ਹੈ ਅਤੇ ਨਾ ਹੀ ਰੱਬ ਦਾ। ਮਾਇਆ ਦੇ ਪੰਜ ਦੂਤ ਸਾਰੀ ਮਨੁੱਖਤਾ ‘ਤੇ ਬਰਾਬਰ ਕਰੋਪੀ ਕਰਦੇ ਹਨ ਅਤੇ ਸਰਬ ਸਾਂਝਾ ਪਰਮਾਤਮਾ ਸਭ ਮਨੁੱਖਤਾ ‘ਤੇ ਬਰਾਬਰ ਦੀ ਰਹਿਮਤ ਕਰਦਾ ਹੈ। ਇਹ ਕਿੰਨੀ ਦੁਖਦਾਈ ਗੱਲ ਹੈ ਕਿ ਸਿੱਖ ਮਾਪੇ ਜਦੋਂ ਆਪਣੇ ਬੱਚਿਆਂ ਨੂੰ ਅਜਿਹੀ ਸਰਬ ਸਾਂਝੀ ਰੂਹਾਨੀ ਸਿੱਖਿਆ ਦਿੰਦੇ ਹਨ ਤਾਂ ਦੂਜੇ ਧਰਮਾਂ ਦੇ ਲੋਕ ਸਾਡੇ ਬੱਚਿਆਂ ਨੂੰ ਇਹ ਕਹਿ ਕੇ ਪੈਰੋਂ ਕੱਢਣ ਵਿਚ ਸਫਲ ਹੋ ਜਾਂਦੇ ਹਨ ਕਿ ਅਸਲੀ ਧਰਮ ਤਾਂ ਉਨ੍ਹਾਂ ਦਾ ਕੱਟੜਪੰਥੀ ਗਿਰੋਹ ਹੀ ਹੈ ਅਤੇ ਬਹੁਤ ਵਾਰ ਧਮਕੀਆਂ, ਡਰੱਗ ਅਤੇ ਲਾਲਚ ਵੀ ਦਿੱਤੇ ਜਾਂਦੇ ਹਨ। ਇਸ ਸਬੰਧੀ ਸਿੱਖ ਮਾਪਿਆਂ ਲਈ ਜਰੂਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਖਤਰੇ ਪ੍ਰਤੀ ਸਾਵਧਾਨ ਕਰਨ ਤਾਂ ਕਿ ਸਾਡੇ ਸਰਬ ਸਾਂਝੇ ਅਤੇ ਸਭਨਾਂ ਨਾਲ ਪਿਆਰ ਕਰਨਾ ਸਿੱਖਾਉਣ ਵਾਲੇ ਧਰਮ ਦਾ ਕੋਈ ਨਾਜਾਇਜ਼ ਫਾਇਦਾ ਨਾ ਉਠਾ ਸਕੇ।