ਔਰੰਗਜ਼ੇਬੀ ਜ਼ਹਿਨੀਅਤ, ਸਿੱਖਾਂ ਦਾ ‘ਮੱਕਾ’ ‘ਮਦੀਨਾ’ ਅਤੇ ਸਿੱਖ

ਡਾ. ਗੁਰਨਾਮ ਕੌਰ, ਕੈਨੇਡਾ
ਦੋ ਕੁ ਸਾਲ ਪਹਿਲਾਂ ਮੈਂ ‘ਪੰਜਾਬ ਟਾਈਮਜ਼’ (20 ਸਤੰਬਰ 2017) ਵਿਚ ਰੋਹੰਗਿਆ ਮੁਸਲਮਾਨ ਰਿਿਫਊਜ਼ੀਆਂ ਬਾਰੇ ਇੱਕ ਲੇਖ ਲਿਿਖਆ ਸੀ, ਜਿਸ ਵਿਚ ਪਾਕਿਸਤਾਨ ਦੀ ਅੰਗਰੇਜ਼ੀ ਅਖਬਾਰ ‘ਡਾਅਨ’ ਦੇ ਹਵਾਲੇ ਨਾਲ ਜਿ਼ਕਰ ਕੀਤਾ ਸੀ ਕਿ ਕਰਾਚੀ ਵਿਚ ਕਿਸ ਤਰ੍ਹਾਂ ਰੋਹੰਗਿਆ ਮੁਸਲਮਾਨਾਂ ਦੀ ਅਲੱਗ ਕਾਲੋਨੀ ਹੈ, ਜਿਸ ਨੂੰ ‘ਬਰਮੀ ਕਾਲੋਨੀ’ ਕਰਕੇ ਜਾਣਿਆ ਜਾਂਦਾ ਹੈ। ਖਬਰ ਅਨੁਸਾਰ ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਪਾਕਿਸਤਾਨੀ ਪਾਸਪੋਰਟ ਹੋਣਾ ਕੋਈ ਮਾਅਨੇ ਨਹੀਂ ਰੱਖਦਾ, ਖਾਸ ਕਰਕੇ ਉਨ੍ਹਾਂ ਦੇ ਸਾਹਮਣੇ ਜਿਨ੍ਹਾਂ ਕੋਲ ਤਾਕਤ ਹੈ।

ਮੁਹੰਮਦ ਨਾਂ ਦੇ ਇੱਕ ਵਿਅਕਤੀ ਦਾ ਕਹਿਣਾ ਸੀ ਕਿ ਉਸ ਦੇ ਪਾਸਪੋਰਟ `ਤੇ ਜੇ ਜਾਰੀ ਕਰਨ ਦੀ ਤਰੀਕ ਦੇਖੀ ਜਾਵੇ ਤਾਂ ਇਹ 31 ਜੁਲਾਈ 1954 ਲਿਖੀ ਹੋਈ ਹੈ ਤੇ ਉਨ੍ਹਾਂ ਨੂੰ ਫਿਰ ਵੀ ਪੁੱਛਦੇ ਹਨ ਕਿ ਆਪਣੀ ਕੌਮੀਅਤ ਸਾਬਤ ਕਰੋ ਅਤੇ ਸਾਰੇ ਰੋਹੰਗੇ ਇਸ `ਤੇ ਇਕਸੁਰ ਹੋ ਕੇ ਬੋਲਦੇ ਹਨ। ਕਾਲੋਨੀ ਦੀਆਂ ਔਰਤਾਂ ਇਧਰ-ਉਧਰ ਨਹੀਂ ਘੁੰਮਦੀਆਂ ਅਤੇ ਜੋ ਨਜ਼ਰ ਆਉਂਦੀਆਂ ਹਨ, ਉਹ ਸਿਰ ਤੋਂ ਪੈਰਾਂ ਤੱਕ ਢਕੀਆਂ ਹੋਈਆਂ ਟੋਲਿਆਂ ਵਿਚ ਹੁੰਦੀਆਂ ਹਨ ਜਾਂ ਆਦਮੀ ਦੀ ਸੁਰੱਖਿਆ ਵਿਚ ਹੁੰਦੀਆਂ ਹਨ। ਉਹ ਰਾਤ ਵੇਲੇ ਕਾਲੋਨੀ ਵਿਚ ਪਹਿਰਾ ਦਿੰਦੇ ਹਨ ਅਤੇ ਆਪਣੀ ‘ਸੋਸ਼ਲ ਏਡ ਕਮੇਟੀ’ ਬਣਾਈ ਹੋਈ ਹੈ।
ਕੈਨੇਡਾ ਵਿਚ ਅਸੀਂ ਜਿਸ ਸਟਰੀਟ `ਤੇ ਨਵਾਂ ਨਵਾਂ ਘਰ ਲਿਆ ਸੀ, ਉਥੇ ਚਾਰ ਪੰਜ ਘਰ ਛੱਡ ਕੇ ਇੱਕ ਸਿੱਖ ਪਰਿਵਾਰ ਰਹਿੰਦਾ ਸੀ। ਸੁਆਣੀ ਦਾ ਐਕਸੀਡੈਂਟ ਹੋ ਗਿਆ ਤੇ ਉਹ ਵਾਕਰ ਨਾਲ ਤੁਰਦੀ ਸੀ, ਨਾਲ ਨਾਲ ਉਸ ਦਾ ਘਰ ਵਾਲਾ ਹੁੰਦਾ ਸੀ (ਪਿਛਲੇ ਸਾਲ ਉਨ੍ਹਾਂ ਨੇ ਕਿਸੇ ਹੋਰ ਪਾਸੇ ਘਰ ਖਰੀਦ ਲਿਆ)। ਸਵੇਰੇ-ਸ਼ਾਮ ਜਦੋਂ ਮੈਂ ਸੈਰ ਲਈ ਜਾਣਾ ਤਾਂ ਉਹ ਬੀਬਾ ਜੋੜਾ ਅਕਸਰ ਹੀ ਮੈਨੂੰ ਮਿਲ ਜਾਂਦਾ ਅਤੇ ‘ਸਤਿ ਸ੍ਰੀ ਅਕਾਲ’ ਹੋ ਜਾਂਦੀ। ਹੌਲੀ ਹੌਲੀ ਮੇਰੀ ਉਨ੍ਹਾਂ ਨਾਲ ਦਿਲਚਸਪੀ ਹੋਰ ਵੱਧ ਗਈ, ਜਦੋਂ ਉਨ੍ਹਾਂ ਨੇ ਦੱਸਿਆ ਕਿ ਪਿੱਛੋਂ ਉਹ ਪਾਕਿਸਤਾਨ ਤੋਂ ਸਾਡੇ ‘ਮੱਕੇ’ ਭਾਵ ਨਨਕਾਣਾ ਸਾਹਿਬ ਤੋਂ ਹਨ। ਪਾਕਿਸਤਾਨ ਤੋਂ ਇਥੇ ਮੈਨੂੰ ਕਈ ਬੀਬੀਆਂ ਜਾਣਦੀਆਂ ਹਨ, ਜੋ ਪੱਛਮੀ ਪੰਜਾਬ ਅਤੇ ਕਰਾਚੀ ਤੋਂ ਹਨ। ਮੇਰੇ ਫੈਮਿਲੀ ਡਾਕਟਰ ਦਾ ਪਿਛੋਕੜ ਵੀ ਪਹਿਲਾਂ ਦਾਦੇ ਕਰਕੇ ਲੁਧਿਆਣੇ ਤੋਂ ਸੀ, ਪਰ ਹੁਣ ਪੱਛਮੀ ਪੰਜਾਬ, ਪਾਕਿਸਤਾਨ ਤੋਂ ਹੈ। ਸਭ ਨਾਲ ਸਾਂਝੇ ਪੰਜਾਬ ਦੀਆਂ ਗੱਲਾਂ ਕਰਕੇ ਬਹੁਤ ਸਕੂਨ ਵੀ ਮਿਲਦਾ ਹੈ ਅਤੇ ਜਾਣਨ ਲਈ ਉਤਸੁਕਤਾ ਵੀ ਜਾਗਦੀ ਹੈ।
ਮਸਲਨ ਹੁਣੇ ਜਿਹੇ ਪੰਜਾਬੀ ਦੇ ਸਤਿਕਾਰਤ ਸ਼ਾਇਰ ਸੁਰਜੀਤ ਪਾਤਰ ਦੀ ਸ਼ਾਇਰੀ ਦਾ ਪੋ੍ਰਗਰਾਮ ਕਰਾਇਆ ਗਿਆ ਤੇ ਉਨ੍ਹਾਂ ਦੀ ਸ਼ਾਇਰੀ ਨੂੰ ਉਨ੍ਹਾਂ ਦੇ ਭਰਾ ਉਪਕਾਰ ਸਿੰਘ, ਬੇਟੇ ਮਨਰਾਜ ਅਤੇ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦੇ ਪੁੱਤਰ ਮੋਹਿਸਨ ਸ਼ੌਕਤ ਅਲੀ ਨੇ ਗਾ ਕੇ ਸੁਣਾਉਣਾ ਸੀ। ਮੈਂ ਇਹ ਪ੍ਰੋਗਰਾਮ ਦੇਖਣ ਉਚੇਚਾ ਗਈ, ਕਿਉਂਕਿ ਸੁਰਜੀਤ ਪਾਤਰ ਦੇ ਨਾਲ ਨਾਲ ਮੇਰੇ ਮਨ ਵਿਚ ਸ਼ੌਕਤ ਅਲੀ ਦੇ ਪੁੱਤਰ ਨੂੰ ਸੁਣਨ ਦੀ ਵੀ ਤਾਂਘ ਸੀ। ਸੁਣ ਕੇ ਇਹ ਬੜਾ ਚੰਗਾ ਲਗਦਾ ਸੀ, ਜਦੋਂ ਮੋਹਿਸਨ ਕਹਿੰਦਾ ਸੀ, “ਪਾਤਰ ਸਾਹਿਬ ਦੀ ਇਸ ਗਜ਼ਲ ਦੀ ਧੁਨ ਜਾਂ ਸੰਗੀਤ ਅੱਬਾ ਹਜ਼ੂਰ ਨੇ ਤਿਆਰ ਕੀਤਾ ਹੈ।”
ਗੱਲ ਮੈਂ ਕਰ ਰਹੀ ਸੀ ਉਸ ਪਾਕਿਸਤਾਨੀ ਸਿੱਖ ਜੋੜੇ ਦੀ। ਇੱਕ ਦਿਨ ਪਾਰਕ ਵਿਚ ਬੈਠਿਆਂ ਮੈਂ ਪਾਕਿਸਤਾਨ ਵਿਚ ਸਿੱਖਾਂ ਅਤੇ ਹਿੰਦੂਆਂ ਦੇ ਹਾਲਾਤ ਬਾਰੇ ਪੁੱਛਣ ਲੱਗ ਪਈ। ਜੋ ਉਸ ਜੋੜੇ ਨੇ ਦੱਸਿਆ, ਉਹ ਬਹੁਤ ਫਿਕਰ ਵਾਲੀ ਗੱਲ ਸੀ। ਬੀਬੀ ਕਹਿੰਦੀ, “ਭੈਣ ਜੀ! ਮੇਰੀ ਛੋਟੀ ਧੀ ਪੜ੍ਹਨ ਵਿਚ ਬਹੁਤ ਹੁਸਿ਼ਆਰ ਸੀ ਅਤੇ ਡਾਕਟਰ ਬਣਨਾ ਚਾਹੁੰਦੀ ਸੀ, ਪਰ ਮੈਂ ਡਰਦੀ ਮਾਰੀ ਨੇ ਉਸ ਨੂੰ ਦਸਵੀਂ ਤੋਂ ਬਾਅਦ ਕਾਲਜ ਨਾ ਭੇਜਿਆ, ਕਿਉਂਕਿ ਕੁੜੀਆਂ ਲਈ ਉਥੇ ਮਾਹੌਲ ਠੀਕ ਨਹੀਂ ਹੈ। ਮੇਰੀ ਛੋਟੀ ਲੜਕੀ ਅਤੇ ਲੜਕਾ ਇਥੇ ਕੇਨੈਡਾ ਦੇ ਪੱਕੇ ਰਿਹਾਇਸ਼ੀ ਹਨ ਤੇ ਵੱਡੀ ਧੀ ਪਾਕਿਸਤਾਨ ਵਿਚ ਹੀ ਹੈ।”
ਉਸ ਨੇ ਖੁਲਾਸਾ ਕੀਤਾ, “ਮੇਰੀ ਵੱਡੀ ਧੀ ਅਕਸਰ ਕਹਿੰਦੀ ਹੈ ਕਿ ਮਾਂ ਜਾਂ ਤੇ ਆਪਾਂ ਨੂੰ ਚਾਹੀਦਾ ਸੀ ਹਿੰਦੁਸਤਾਨ ਚਲੇ ਜਾਂਦੇ ਤੇ ਜਾਂ ਫਿਰ ਮੁਸਲਮਾਨ ਹੋ ਜਾਂਦੇ।”
ਉਸ ਦੇ ਇਸ ਕਥਨ ਵਿਚੋਂ ਜਿਸ ਕਿਸਮ ਦੀ ਪੀੜ ਦਾ ਮੈਨੂੰ ਅਹਿਸਾਸ ਹੋਇਆ, ਮੈਂ ਉਸ ਵਿਚੋਂ ਹੀ ਪ੍ਰਸ਼ਨ ਕੀਤਾ, “ਜਦੋਂ ਪਾਕਿਸਤਾਨ ਬਣਿਆ ਸੀ, ਤੁਸੀਂ ਉਦੋਂ ਕਿਉਂ ਬਾਕੀ ਹਿੰਦੂ-ਸਿੱਖਾਂ ਵਾਂਗ ਹਿੰਦੁਸਤਾਨ ਨਹੀਂ ਗਏ?”
ਉਸ ਨੇ ਦੱਸਿਆ ਕਿ ਉਹ ਪਿੱਛੋਂ ਰਾਵਲਪਿੰਡੀ ਵੱਲੋਂ ਹਿੰਦੁਸਤਾਨ ਜਾਣ ਲਈ ਆ ਰਹੇ ਸਨ, ਰਸਤੇ ਵਿਚ ਨਨਕਾਣਾ ਸਾਹਿਬ ਉਸ ਦੀ ਸੱਸ ਦੇ ਪੇਕੇ ਰਹਿੰਦੇ ਸਨ, ਜਿਨ੍ਹਾਂ ਨੇ ਜ਼ੋਰ ਪਾ ਕੇ ਉਥੇ ਹੀ ਰਹਿ ਜਾਣ ਲਈ ਇਹ ਕਹਿ ਕੇ ਮਨਾ ਲਿਆ ਕਿ ‘ਸਾਡੇ ਗੁਰੂ ਦਾ ਜਨਮ ਸਥਾਨ ਹੈ। ਇਥੇ ਕੁਝ ਵੀ ਮਾੜਾ ਨਹੀਂ ਹੋਵੇਗਾ।’
ਨਨਕਾਣਾ ਸਾਹਿਬ ਵਿਚ ਉਥੋਂ ਦੇ ਇੱਕ ਗੁਰਦੁਆਰੇ ਦੇ ਗ੍ਰੰਥੀ ਸਿੰਘ ਦੀ ਧੀ ਜਗਜੀਤ ਕੌਰ ਨੂੰ 27 ਤੇ 28 ਅਗਸਤ ਦੀ ਰਾਤ ਢਾਈ ਕੁ ਵਜੇ, ਜਦੋਂ ਘਰ ਵਿਚ ਕੋਈ ਆਦਮੀ ਨਹੀਂ ਸੀ, ਗੁੰਡੇ ਘਸੀਟ ਕੇ ਲੈ ਗਏ। ਉਸ ਦੀ ਵੱਡੀ ਭੈਣ, ਜਿਸ ਦਾ ਘਰ ਵਾਲਾ ਕੰਮ ਦੇ ਸਿਲਸਿਲੇ ਵਿਚ ਕਿਧਰੇ ਬਾਹਰ ਗਿਆ ਹੋਇਆ ਸੀ, ਵੀ ਬੱਚਿਆਂ ਸਮੇਤ ਆਈ ਹੋਈ ਸੀ। ਉਸ ਨੇ ਜਦੋਂ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਉਸ ਨੂੰ ਵੀ ਜ਼ਖਮੀ ਕਰ ਦਿੱਤਾ। ਸਾਰਾ ਮਾਮਲਾ ਮੀਡੀਆ ਰਾਹੀਂ ਸਭ ਨੇ ਦੇਖਿਆ, ਸੁਣਿਆ ਤੇ ਪੜ੍ਹਿਆ ਹੈ। ਉਸ ਦਾ ਧਰਮ ਤਬਦੀਲ ਕਰਕੇ ਉਸ ਨੂੰ ਮੁਸਲਮਾਨ ਬਣਾ ਦਿੱਤਾ ਅਤੇ ਜਗਜੀਤ ਕੌਰ ਤੋਂ ਨਾਂ ਬਦਲ ਕੇ ‘ਆਇਸ਼ਾ’ ਰੱਖ ਦਿੱਤਾ।
ਇਹੀ ਨਹੀਂ, ਉਸ ਦਾ ਨਿਕਾਹ ਮੁਹੰਮਦ ਅਹਿਸਾਨ ਨਾਂ ਦੇ ਮੁਸਲਿਮ ਲੜਕੇ ਨਾਲ ਕਰ ਦਿੱਤਾ। ਸਿਰਫ ਇਹ ਸਾਬਤ ਕਰਨ ਲਈ ਕਿ ਕੁੜੀ ਨੇ ਨਿਕਾਹ ਆਪਣੀ ਮਰਜ਼ੀ ਨਾਲ ਕੀਤਾ ਹੈ। ਨਿਕਾਹ ਦੀ ਰਸਮੀ ਜਿਹੀ ਵੀਡੀE ਇੰਟਰਨੈਟ `ਤੇ ਨਸ਼ਰ ਕਰ ਦਿੱਤੀ, ਜਿਸ ਵਿਚ ਮਰਜ਼ੀ ਪੁਛਣ ਵਾਲੇ ਮੌਲਵੀ ਦਾ ਚਿਹਰਾ ਤੱਕ ਨਹੀਂ ਦਿਖਾਇਆ; ਭਾਵੇਂ ਨਿਕਾਹ ਵਿਚ ਇਕੱਲੇ ਮੁੰਡਾ ਤੇ ਕੁੜੀ ਹੀ ਸ਼ਾਮਲ ਨਹੀਂ ਹੁੰਦੇ, ਸਾਰਾ ਪਰਿਵਾਰ ਸ਼ਾਮਲ ਹੋਣਾ ਹੁੰਦਾ ਹੈ। ਇਹ ਸਾਰਾ ਡਰਾਮਾ ਇਹ ਦਿਖਾਉਣ ਲਈ ਕੀਤਾ ਗਿਆ ਕਿ ਮੁੰਡਾ ਤੇ ਕੁੜੀ ਆਪਸ ਵਿਚ ਇਸ਼ਕ ਕਰਦੇ ਸਨ ਅਤੇ ਨਿਕਾਹ ਦੋਹਾਂ ਦੀ ਰਜ਼ਾਮੰਦੀ ਨਾਲ ਹੋਇਆ ਹੈ। ਸਭ ਨੇ ਵੀਡੀE ਵਿਚ ਦੇਖਿਆ ਹੈ ਕਿ ਕੁੜੀ ਡਰੀ ਤੇ ਸਹਿਮੀ ਹੋਈ ਸੀ ਅਤੇ ਉਸ ਦਾ ਚਿਹਰਾ ਉਤਰਿਆ ਹੋਇਆ ਸੀ। ਪਿਆਰ-ਵਿਆਹ ਵਰਗੀ ਕੋਈ ਖੁਸ਼ੀ ਨਜ਼ਰ ਨਹੀਂ ਸੀ ਆ ਰਹੀ।
ਕੁੜੀ ਦੇ ਦੋਹਾਂ ਵੱਡੇ ਭਰਾਵਾਂ ਦੇ ਦੱਸਣ ਅਨੁਸਾਰ ਭਾਵੇਂ ਉਸ ਨੂੰ ਘਰੋਂ ਜ਼ਬਰਦਸਤੀ ਘਸੀਟ ਕੇ ਲਿਆਂਦਾ ਗਿਆ ਸੀ, ਪਰ ਉਸ ਨੂੰ ਮੌਲਵੀ ਰੂਪੀ ਸ਼ਖਸ ਵੱਲੋਂ ਪ੍ਰਸ਼ਨ ਕਰਕੇ ਦਿਖਾਇਆ ਇਹ ਜਾ ਰਿਹਾ ਸੀ ਕਿ ਉਹ ਆਪਣੀ ਮਰਜ਼ੀ ਨਾਲ ਆਈ ਹੈ ਅਤੇ ਘਰੋਂ ਕੋਈ ਜੇ਼ਵਰਾਤ ਜਾਂ ਨਕਦੀ ਲੈ ਕੇ ਨਹੀਂ ਆਈ। ਜੇ ਉਹ ਆਪਣੀ ਮਰਜ਼ੀ ਨਾਲ ਘਰਦਿਆਂ ਤੋਂ ਚੋਰੀ ਆਈ ਹੁੰਦੀ ਤਾਂ ਘੱਟੋ ਘੱਟ ਆਪਣੇ ਵਿਆਹ `ਤੇ ਪਾਉਣ ਲਈ ਕੱਪੜੇ ਜ਼ਰੂਰ ਢੰਗ ਦੇ ਲੈ ਕੇ ਆਉਂਦੀ। ਫਿਰ ਨਿਕਾਹ `ਤੇ ਉਸ ਨੇ ਉਹੀ ਕਾਲੇ ਰੰਗ ਦੀ ਚੁੰਨੀ ਨਹੀਂ ਸੀ ਲਈ ਹੋਣੀ, ਜੋ ਉਸ ਨੇ ਆਪਣੇ ਘਰ ਵਿਚ ਲੈ ਰੱਖੀ ਸੀ। ਉਸ ਦੇ ਭਰਾ ਦੀ ਪਾਕਿਸਤਾਨ ਸਰਕਾਰ ਨੂੰ ਗੁਹਾਰ ਲਾਉਣ ਵਾਲੀ ਵੀਡੀE ਸਭ ਨੇ ਦੇਖੀ ਹੋਣੀ ਹੈ, ਜਿਸ ਵਿਚ ਉਸ ਦੇ ਪਿੱਛੇ ਖੜੀਆਂ ਘਰ ਦੀਆਂ ਹੋਰ ਔਰਤਾਂ ਦੇ ਵੀ ਉਹੋ ਜਿਹੀਆਂ ਕਾਲੇ ਰੰਗ ਦੀਆਂ ਚੁੰਨੀਆਂ ਸਿਰ ਉਤੇ ਲਈਆਂ ਹੋਈਆਂ ਹਨ।
ਇਸ ਕਿਸਮ ਦੀ ਇਹ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ ਹੈ। ਜਗਜੀਤ ਕੌਰ ਤੋਂ ਦੋ ਦਿਨ ਬਾਅਦ ਹੀ ਪੋਸਟ ਗ੍ਰੈਜੂਏਸ਼ਨ ਕਰ ਰਹੀ ਇੱਕ ਹਿੰਦੂ ਲੜਕੀ ਨੂੰ ਉਸ ਦੀ ਪੜ੍ਹਾਈ ਵਾਲੀ ਸੰਸਥਾ ਵਿਚੋਂ ਗੁੰਡੇ ਚੁੱਕ ਕੇ ਲੈ ਗਏ। ਜਗਜੀਤ ਕੌਰ ਦਾ ਰਿਸ਼ਤੇਦਾਰ ਭਰਾ, ਜੋ ਕਿਸੇ ਹੋਰ ਮੁਲਕ ਵਿਚ ਰਹਿੰਦਾ ਹੈ, ‘ਅਕਾਲ’ ਟੀ. ਵੀ. ਚੈਨਲ ਤੋਂ ਦੱਸ ਰਿਹਾ ਸੀ ਕਿ ਸੰਨ 2000 ਵਿਚ ਰਾਵਲਪਿੰਡੀ ਵਿਚ ਉਸ ਦੀ ਭੂਆ ਦੀ ਮਹਿਜ ਸਾਢੇ ਪੰਜ ਸਾਲ ਦੀ ਕੁੜੀ ਨੂੰ ਗਲੀ ਵਿਚ ਖੇਡਦਿਆਂ ਸਹੇਲੀ ਦੇ ਘਰ ਜਾਣ `ਤੇ ਚੁੱਕ ਲਿਆ ਗਿਆ ਅਤੇ ਧਰਮ ਬਦਲੀ ਕਰਕੇ ਮੁਸਲਮਾਨ ਬਣਾ ਦਿੱਤਾ ਗਿਆ। ਜਦੋਜਹਿਦ ਕਰਨ `ਤੇ ਕੁੜੀ ਉਨ੍ਹਾਂ ਨੂੰ ਵਾਪਸ ਕਰਨ ਦੀ ਥਾਂ ‘ਦਾਰਾ ਉਲ ਲੂਸ਼ਮ’ ਵਿਚ ਭੇਜ ਦਿੱਤਾ ਗਿਆ। ਉਸ ਇਲਾਕੇ ਵਿਚ ਪੁਲਿਸ ਜਾਂ ਸਰਕਾਰੀ ਤੰਤਰ ਦਾ ਕੋਈ ਕੰਟਰੋਲ ਨਹੀਂ ਹੈ। ਤਿੰਨ ਸਾਲ ਪਹਿਲਾਂ ਪਿਸ਼ਾਵਰ ਵਿਚ ਇਕ ਕੁੜੀ ਨਾਲ ਇਹੋ ਵਰਤਾਰਾ ਹੋਇਆ ਦੱਸਿਆ ਜਾਂਦਾ ਹੈ।
ਉਸ ਦੇ ਦੱਸਣ ਅਨੁਸਾਰ ਸੱਤ ਮਹੀਨੇ ਪਹਿਲਾਂ ਪਿਸ਼ਾਵਰ ਵਿਚ ਇੱਕ ਵਿਆਹੁਤਾ ਕੁੜੀ ਨੂੰ ਚੁੱਕ ਕੇ ਲੈ ਗਏ, ਜੋ ਗਰਭਵਤੀ ਸੀ। ਫਿਰ ਸਵਾਲ ਇਹ ਪੈਦਾ ਹੋਇਆ ਕਿ ਪਹਿਲਾਂ ਹੀ ਵਿਆਹੀ ਕੁੜੀ ਨਾਲ ਮੁੜ ਨਿਕਾਹ ਕਿਵੇਂ ਹੋਵੇਗਾ? ਇਸ ਲਈ ਉਸ ਨੂੰ ਛੱਡ ਦਿੱਤਾ ਗਿਆ। ਉਸ ਦੇ ਕਹਿਣ ਅਨੁਸਾਰ ਪਿਸ਼ਾਵਰ ਵਿਚ ਇਹ ਬਦਮਾਸ਼ੀ ਆਮ ਚੱਲਦੀ ਹੈ।
ਜੈਕੋਬਾਵਾਦ ਵਿਚ ਮਾਰਚ ਦੇ ਮਹੀਨੇ ਇਸੇ ਤਰ੍ਹਾਂ ਦਾ ਵਾਕਿਆ ਹੋਇਆ ਸੀ ਤਾਂ ਹਿੰਦੂਆਂ-ਸਿੱਖਾਂ, ਸਭ ਨੇ ਮਿਲ ਕੇ ਵੱਡਾ ਮੁਜਾਹਰਾ ਕੀਤਾ ਸੀ ਕਿ ਇਸ ਤਰ੍ਹਾਂ ਦਾ ਵਰਤਾਰਾ ਬੰਦ ਕਰਨ ਲਈ ਸਰਕਾਰ ਕਦਮ ਉਠਾਵੇ। ਉਸ ਭਰਵੇਂ ਇਕੱਠ ਦਾ ਕਹਿਣਾ ਸੀ ਕਿ ਉਹ ਪਾਕਿਸਤਾਨੀ ਸ਼ਹਿਰੀ ਹਨ ਅਤੇ ਪਾਕਿਸਤਾਨ ਨੂੰ ਹੀ ਆਪਣਾ ਮੁਲਕ ਮੰਨਦੇ ਹਨ; ਫਿਰ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਿਉਂ ਕੀਤਾ ਜਾਂਦਾ ਹੈ? ਸਰਕਾਰ ਉਨ੍ਹਾਂ ਦੀ ਜਾਨ-ਮਾਲ, ਇੱਜਤ ਅਤੇ ਬਹੂ-ਬੇਟੀਆਂ ਦੀ ਹਿਫਾਜ਼ਤ ਕਿਉਂ ਨਹੀਂ ਕਰਦੀ? ਜ਼ਨਾਬ ਇਮਰਾਨ ਖਾਨ ਉਨ੍ਹਾਂ ਵੱਲ ਕਿਉਂ ਤਵੱਜੋ ਨਹੀਂ ਦਿੰਦੇ?
ਸਿੰਧ ਵਿਚ ਸਿਰਫ ਹਿੰਦੂ ਲੜਕੀਆਂ ਹੀ ਨਹੀਂ, ਸਗੋਂ ਕਈ ਪਰਿਵਾਰਾਂ ਦੇ ਪਰਿਵਾਰ ਜ਼ਬਰੀ ਮੁਸਲਮਾਨ ਬਣਨ ਲਈ ਮਜ਼ਬੂਰ ਕੀਤੇ ਗਏ ਹਨ। ਪਾਕਿਸਤਾਨ ਵਿਚ ਹਿੰਦੂ, ਸਿੱਖ, ਈਸਾਈ ਭਾਈਚਾਰਿਆਂ ਤੋਂ ਇਲਾਵਾ ਸ਼ੀਆ ਅਤੇ ਅਹਿਮਦੀਆ ਮੁਸਲਮਾਨ ਭਾਈਚਾਰਿਆਂ ਨੂੰ ਵੀ ਹਰ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ। ਇੱਕ ਈਸਾਈ ਲੜਕੀ ਨੇ ਇਹ ਸੋਚ ਕੇ ਸਿੱਖ ਧਰਮ ਅਪਨਾ ਲਿਆ ਕਿ ਸ਼ਾਇਦ ਸਿੱਖ ਹੋਣ `ਤੇ ਉਹ ਸੁਰੱਖਿਅਤ ਹੋ ਜਾਵੇਗੀ, ਪਰ ਉਸ ਨੂੰ ਫਿਰ ਵੀ ਬਖਸਿ਼ਆ ਨਾ ਗਿਆ। ਪਾਕਿਸਤਾਨ ਵਿਚ ਸਿੱਖ ਅਤੇ ਹਿੰਦੂ, ਜੋ ਕਿਸੇ ਵੇਲੇ ਲੱਖਾਂ ਦੀ ਤਾਦਾਦ ਵਿਚ ਸਨ, ਅੱਜ ਹਜ਼ਾਰਾਂ ਦੀ ਗਿਣਤੀ ਵਿਚ ਹੀ ਰਹਿ ਗਏ ਹਨ, ਕਿਉਂਕਿ ਉਨ੍ਹਾਂ ਦਾ ਜ਼ਬਰੀ ਧਰਮ ਬਦਲਿਆ ਜਾਂਦਾ ਹੈ।
ਜਨਾਬ ਇਮਰਾਨ ਖਾਨ ਨੇ ਹੁਣੇ ਹੁਣੇ ਲਾਹੌਰ ਵਿਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਿਲਸਿਲੇ ਵਿਚ ਹੋਈ ਵਿਸ਼ਵ ਕਾਨਫਰੰਸ, ਜਿਸ ਵਿਚ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਸਮੇਤ ਹਿੰਦੁਸਤਾਨ ਦੇ ਹੋਰ ਮੁਲਕਾਂ ਤੋਂ ਸਿੱਖਾਂ ਨੇ ਹੁਮ ਹੁਮਾ ਕੇ ਸਿ਼ਰਕਤ ਕੀਤੀ, ਬਹੁਤ ਜ਼ੋਰ ਸ਼ੋਰ ਨਾਲ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਸਿੱਖਾਂ ਦੇ ‘ਮੱਕਾ’ ਅਤੇ ‘ਮਦੀਨਾ’ ਐਲਾਨਿਆ, ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਐਲਾਨ ਕੀਤੇ, ਸਿੱਖ ਭਾਈਚਾਰੇ ਦੀਆਂ ਵਡਿਆਈਆਂ ਕੀਤੀਆਂ। ਇਸ ਗੱਲ `ਤੇ ਵੀ ਖੁੱਲ੍ਹ ਕੇ ਭਾਸ਼ਣ ਦਿੱਤੇ ਕਿ ਆਰ. ਐਸ. ਐਸ. ਘੱਟਗਿਣਤੀ ਭਾਈਚਾਰਿਆਂ ਦਾ ਕੀ ਹਸ਼ਰ ਕਰ ਰਹੀ ਹੈ ਜਾਂ ਕਰ ਦੇਵੇਗੀ! ਕਸ਼ਮੀਰ ਬਾਰੇ ਬੜੇ ਐਲਾਨ ਕੀਤੇ ਕਿ ਅਸੀਂ ਕਸ਼ਮੀਰੀਆਂ ਦੇ ਨਾਲ ਖੜ੍ਹੇ ਹਾਂ, ਕਸ਼ਮੀਰੀਆਂ ਦੇ ਹੱਕ ਲਈ ਭਾਰਤ ਨਾਲ ਲੜਾਈ ਵੀ ਕਰ ਸਕਦੇ ਹਾਂ, ਜਿਸ ਵਿਚ ਨਿਉਕਲੀਅਰ ਬੰਬ ਵੀ ਵਰਤੇ ਜਾ ਸਕਦੇ ਹਨ ਵਗੈਰਾ ਵਗੈਰਾ।
ਪਰ ਕੀ ਜਨਾਬ ਇਮਰਾਨ ਖਾਨ ਨੂੰ ਉਹ ਵਰਤਾਰਾ ਨਜ਼ਰ ਨਹੀਂ ਆਉਂਦਾ, ਜੋ ਘੱਟਗਿਣਤੀ ਭਾਈਚਾਰਿਆਂ ਨਾਲ ਭਾਵੇਂ ਉਹ ਸਿੱਖ ਹਨ, ਹਿੰਦੂ, ਈਸਾਈ, ਜਾਂ ਫਿਰ ਅਹਿਮਦੀਆ ਜਾਂ ਸ਼ੀਆ ਮੁਸਲਿਮ ਭਾਈਚਾਰੇ, ਨਾਲ ਵਾਪਰ ਰਿਹਾ ਹੈ? ਮਨੁੱਖੀ ਅਧਿਕਾਰਾਂ ਦਾ ਕਾਨੂੰਨ ਤਾਂ ਸਭ ਮੁਲਕਾਂ ਦੇ ਵਸਨੀਕਾਂ `ਤੇ ਇੱਕੋ ਜਿਹਾ ਹੀ ਲਾਗੂ ਹੋਣਾ ਚਾਹੀਦਾ ਹੈ ਕਿ ਨਹੀਂ? ਇਸ ਸਬੰਧੀ ਉਨ੍ਹਾਂ ਸਿੱਖਾਂ ਨੂੰ ਵੀ ਗੰਭੀਰਤਾ ਨਾਲ ਸੋਚਣਾ ਪਵੇਗਾ, ਜੋ ਇਸ ਗੱਲ `ਤੇ ਬਾਗੋ ਬਾਗ ਹੋ ਰਹੇ ਹਨ ਕਿ ਜਨਾਬ ਇਮਰਾਨ ਖਾਨ ਨੇ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਸਿੱਖਾਂ ਦੇ ‘ਮੱਕਾ’ ਅਤੇ ‘ਮਦੀਨਾ’ ਐਲਾਨਿਆ ਹੈ। ਉਹ ਸਾਡੇ ਮੁਕੱਦਸ ਸਥਾਨ ਹਨ ਅਤੇ ਰਹਿਣਗੇ ਭਾਵੇਂ ਕੋਈ ਇਸ ਨੂੰ ਮੰਨੇ ਜਾਂ ਨਾ ਮੰਨੇ; ਕੋਈ ਐਲਾਨ ਕਰੇ ਜਾਂ ਨਾ ਕਰੇ। ਹਰ ਸਿੱਖ ਇਨ੍ਹਾਂ ਪਵਿੱਤਰ ਸਥਾਨਾਂ ਦੇ ਦਰਸ਼ਨ ਦੀਦਾਰਿਆਂ ਲਈ ਦੋ ਵੇਲੇ ਅਰਦਾਸ ਕਰਦਾ ਹੈ। ਪਰ ਸਵਾਲ ਇਹ ਹੈ ਕਿ ਸਿੱਖਾਂ ਦੇ ‘ਮੱਕੇ’ ਅਤੇ ‘ਮਦੀਨੇ’ ਜਾਂ ਪਾਕਿਸਤਾਨ ਦੇ ਹੋਰ ਹਿੱਸਿਆਂ ਵਿਚ ਰਹਿ ਰਹੇ ਸਿੱਖਾਂ ਨਾਲ ਕੀ ਹੋ ਰਿਹਾ ਹੈ? ਮੀਡੀਆ ਦੇ ਖੁਲਾਸਿਆਂ ਅਨੁਸਾਰ ਇਹ ਗੁੰਡਾ ਗਰੋਹ ਨਾ ਸਿਰਫ ਧੀਆਂ-ਭੈਣਾਂ ਨੂੰ ਚੁੱਕਦੇ, ਮੁਸਲਮਾਨ ਬਣਾਉਂਦੇ ਅਤੇ ਉਨ੍ਹਾਂ ਨਾਲ ਮੁਸਲਿਮ ਮੁੰਡਿਆਂ ਦੇ ਨਿਕਾਹ ਕਰਦੇ ਹਨ, ਸਗੋਂ ਨਨਕਾਣਾ ਸਾਹਿਬ ਵਿਖੇ ਅਤੇ ਆਸ-ਪਾਸ ਸਿੱਖਾਂ-ਹਿੰਦੂਆਂ ਦੀ ਜ਼ਮੀਨ ਜਾਇਦਾਦ `ਤੇ ਵੀ ਨਾਜਾਇਜ਼ ਕਬਜੇ਼ ਕਰਦੇ ਹਨ।
ਸਵਾਲ ਇਹ ਵੀ ਹੈ ਕਿ ਜੇ ਅਜਿਹੇ ‘ਨਿਕਾਹ’ ਮੁੰਡੇ-ਕੁੜੀਆਂ ਦੇ ਇਸ਼ਕ ਦਾ ਨਤੀਜਾ ਹੁੰਦੇ ਹਨ ਤਾਂ ਪਾਕਿਸਤਾਨੀ ਰਿਵਾਜ਼ ਅਨੁਸਾਰ ਮੁੰਡੇ ਦੇ ਘਰ ਵਾਲੇ ਕੁੜੀ ਦੇ ਘਰ ਵਾਲਿਆਂ ਤੱਕ ਪਹੁੰਚ ਕਰਕੇ ਰਿਸ਼ਤਾ ਕਿਉਂ ਨਹੀਂ ਮੰਗਦੇ ਅਤੇ ਇਹ ਪੇਸ਼ਕਸ਼ ਕਿਉਂ ਨਹੀਂ ਕਰਦੇ ਕਿ ਕੁੜੀ ਦੇ ਧਰਮ ਅਨੁਸਾਰ ਉਨ੍ਹਾਂ ਦਾ ਲੜਕਾ ਸਿੱਖ ਜਾਂ ਹਿੰਦੂ ਧਰਮ ਅਪਨਾਏਗਾ? ਕੁੜੀਆਂ ਨੂੰ ਹੀ ਕਿਉਂ ਜ਼ਬਰੀ ਚੁਕ ਕੇ ਧਰਮ ਤਬਦੀਲ ਕੀਤਾ ਜਾਂਦਾ ਹੈ?
ਪਾਕਿਸਤਾਨ ਤੋਂ ਨਿਕਲਦੇ ਅਖਬਾਰ ‘ਡਾਨ’ ਵਿਚ ਹੀ ਇੱਕ ਪੱਤਰਕਾਰ ਜਨਾਬ ਅਮੀਰ ਮਿਰਜ਼ਾ ਦਾ ਪਾਕਿਸਤਾਨੀ ਪ੍ਰਬੰਧ ਵਾਲੇ ਕਸ਼ਮੀਰ `ਤੇ ਇੱਕ ਲੇਖ ਛਪਿਆ ਸੀ, ਜਿਸ ਵਿਚ ਉਸ ਨੇ ਖੁਲਾਸਾ ਕੀਤਾ ਸੀ ਕਿ ‘ਉਥੇ ਮੌਲਿਕ ਸਹੂਲਤਾਂ ਦੀ ਘਾਟ ਹੈ, ਸੜਕਾਂ ਦਾ ਬੁਰਾ ਹਾਲ ਹੈ, ਪਾਕਿਸਤਾਨੀ ਕਸ਼ਮੀਰ ਵਿਚ ਗਰੀਬੀ ਦਾ ਵਿਸਤਾਰ ਖੜ੍ਹੇ ਰੁਖ ਹੈ, ਜਿਵੇਂ ਜਿਵੇਂ ਤੁਸੀਂ ਉਚਾਈ ਵੱਲ ਜਾਂਦੇ ਹੋ, ਉਦਯੋਗ ਦੀਆਂ ਸਭ ਨਿਸ਼ਾਨੀਆਂ ਖਤਮ ਹੋ ਜਾਂਦੀਆਂ ਹਨ। ਮੁਢਲੀਆਂ ਸਹੂਲਤਾਂ ਬਹੁਤ ਘੱਟ ਹਨ, ਖਾਸ ਕਰ ਸਿਹਤ ਪੱਖੋਂ, ਸਿੱਖਿਆ ਸਬੰਧੀ ਕੁਝ ਸਹੂਲਤਾਂ ਬਿਹਤਰ ਹਨ-ਜਨਤਕ, ਨਿਜੀ ਅਤੇ ਐਨ. ਜੀ. E. ਵੱਲੋਂ ਚਲਾਏ ਜਾ ਰਹੇ ਸਕੂਲਾਂ ਤੇ ਕਾਲਜਾਂ ਕਰਕੇ। ਮਨੁੱਖ ਅਤੇ ਜਾਨਵਰ ਛੱਤਾਂ ਅਤੇ ਸੜਕਾਂ ਉਤੇ ਥਾਂ ਮੱਲਣ ਲਈ ਹੋੜ ਲਾਉਂਦੇ ਹਨ, ਮੁਰਦੇ ਵੀ ਜਿਉਂਦਿਆਂ ਵਿਚ ਅਰਾਮ ਫਰਮਾ ਰਹੇ ਹਨ।
ਜਨਾਬ ਇਮਰਾਨ ਖਾਨ ਨੂੰ ਚਾਹੀਦਾ ਹੈ ਕਿ ਭਾਰਤ ਨਾਲ ਲੜਾਈ ਕਰਨ ਨਾਲੋਂ ਸਾਰਾ ਪੈਸਾ ਮਕਬੂਜ਼ਾ ਕਸ਼ਮੀਰ ਦੀ ਤਰੱਕੀ ਲਈ ਵਰਤਣ ਤੇ ਉਧਰਲੇ ਕਸ਼ਮੀਰੀਆਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਪਾਕਿਸਤਾਨ ਵਿਚਲੇ ਘੱਟਗਿਣਤੀ ਭਾਈਚਾਰਿਆਂ ਦੇ ਮੁਢਲੇ ਹੱਕ ਬਹਾਲ ਕਰਕੇ ਉਨ੍ਹਾਂ ਦੇ ਜਾਨ-ਮਾਲ ਤੇ ਸਨਮਾਨ ਦੀ ਰੱਖਿਆ ਯਕੀਨੀ ਬਣਾਉਣ।
ਮਲਾਲਾ ਯੂਸਫਜਈ, ਜਿਸ ਦੇ ਨਾਂ `ਤੇ ਬਾਕਾਇਦਾ ਸੰਸਥਾ ਸਥਾਪਤ ਹੈ ਅਤੇ ਇਸ ਸੰਸਥਾ ਦੇ ਨਾਂ `ਤੇ ਕਰੋੜਾਂ ਡਾਲਰ ਕੌਮਾਂਤਰੀ ਭਾਈਚਾਰਿਆਂ ਵੱਲੋਂ ਮੁਹੱਈਆ ਕਰਵਾਏ ਗਏ ਹਨ ਤੇ ਪਾਕਿਸਤਾਨ ਤਾਂ ਕੀ, ਦੁਨੀਆਂ ਭਰ ਦੀਆਂ ਕੁੜੀਆਂ, ਔਰਤਾਂ ਦੇ ਹੱਕਾਂ ਦੀ ਰਾਖੀ ਲਈ ਥਾਂ ਥਾਂ ਕੌਮਾਂਤਰੀ ਪੱਧਰ `ਤੇ ਪ੍ਰਚਾਰ ਕਰ ਰਹੀ ਹੈ ਤੇ ਸਨਮਾਨ ਲੈ ਰਹੀ ਹੈ। ਕੀ ਉਸ ਨੂੰ ਪਾਕਿਸਤਾਨ ਵਿਚ ਸਿੱਖ, ਹਿੰਦੂ ਅਤੇ ਈਸਾਈ ਕੁੜੀਆਂ ਨਾਲ ਹੋ ਰਹੇ ਧੱਕੇ, ਜ਼ਬਰੀ ਧਰਮ ਤਬਦੀਲੀ ਅਤੇ ਜ਼ਬਰੀ ਨਿਕਾਹ ਨਜ਼ਰ ਨਹੀਂ ਆਉਂਦੇ? ਉਸ ਨੇ ਇਨ੍ਹਾਂ ਨਿਮਾਣੀਆਂ ਅਤੇ ਨਿਹੱਥੀਆਂ ਦੇ ਹੱਕ ਵਿਚ ਕਦੇ ਵੀ ਹਾਅ ਦਾ ਨਾਹਰਾ ਨਹੀਂ ਮਾਰਿਆ।
ਕਿਸੇ ਵੀ ਮਨੁੱਖ ਦੇ ਮੁਢਲੇ ਸ਼ਹਿਰੀ ਹਕੂਕ ਉਸ ਦੇ ਕਿਸੇ ਮੁਲਕ ਦਾ ਨਾਗਰਿਕ ਹੋਣ ਦੇ ਹੱਕ ਵਜੋਂ ਹੁੰਦੇ ਹਨ; ਸਿੱਖ, ਹਿੰਦੂ, ਮੁਸਲਮਾਨ, ਈਸਾਈ, ਪੁਰਸ਼ ਜਾਂ ਔਰਤ ਹੋਣ ਵਜੋਂ ਨਹੀਂ ਹੁੰਦੇ। ਇਸ ਲਈ ਕਿਸੇ ਵੀ ਮੁਲਕ ਦੀ ਸਰਕਾਰ ਦਾ ਇਹ ਪਹਿਲਾ ਫਰਜ਼ ਹੈ ਕਿ ਇਨ੍ਹਾਂ ਮੁਢਲੇ ਹੱਕਾਂ ਦੀ ਸੁਰੱਖਿਆ ਆਪਣੇ ਸ਼ਹਿਰੀਆਂ ਨੂੰ ਮੁਹੱਈਆ ਕਰਾਵੇ। ਮੁਲਕ ਵਿਚ ਰਹਿ ਰਹੇ ਵੱਖ ਵੱਖ ਭਾਈਚਾਰਿਆਂ, ਖਾਸ ਕਰ ਬਹੁਗਿਣਤੀ ਦਾ ਫਰਜ਼ ਬਣਦਾ ਹੈ ਕਿ ਦੂਸਰਿਆਂ ਦੇ ਮੁਢਲੇ ਹੱਕਾਂ ਨੂੰ ਬਹਾਲ ਕਰਨ ਵਿਚ ਭਾਈਚਾਰਕ ਸਾਂਝ ਬਰਕਰਾਰ ਰੱਖਦਿਆਂ ਮਦਦ ਕਰਨ।
ਪਾਕਿਸਤਾਨੀ ਪੰਜਾਬੀ ਕੁੜੀ ਦੀ ਵਾਇਰਲ ਕੀਤੀ ਵੀਡੀE ਨਾਲ ਟਿੱਪਣੀਆਂ ਪੜ੍ਹ ਕੇ ਅਤੇ ਕਈਆਂ ਦੇ ਬਿਆਨ ਸੁਣ ਕੇ ਬਹੁਤ ਅਫਸੋਸ ਹੋਇਆ। ਕਸ਼ਮੀਰੀ ਕੁੜੀਆਂ ਦੀ ਮਦਦ ਕਰਨ ਕਰਕੇ ਸਿੱਖ ਹੀ ਸਿੱਖ ਵੀਰਾਂ ਨੂੰ ਕੋਸ ਰਹੇ ਸਨ ਤੇ ਕਸ਼ਮੀਰੀ ਕੁੜੀਆਂ ਨੂੰ ‘ਮੁਸਲੀਆਂ’ ਤੱਕ ਲਿਿਖਆ ਹੋਇਆ ਸੀ। ਕਿੰਨੇ ਅਫਸੋਸ ਦੀ ਗੱਲ ਹੈ! ਅਜਿਹੇ ਲੋਕ ਇਹ ਭੁੱਲ ਜਾਂਦੇ ਹਨ ਕਿ ਅਜਿਹੇ ਔਖੇ ਸਮੇਂ ਕਿਸੇ ਦੀ ਮਦਦ ਕਰਕੇ ਅਸੀਂ ਮਨੁੱਖ ਹੋਣ ਦਾ ਸਬੂਤ ਦਿੰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਨੇ ਇਨ੍ਹਾਂ ਹੀ ਮਾਨਵੀ ਹੱਕਾਂ ਲਈ ਔਰੰਗਜ਼ੇਬ ਵੱਲੋਂ ਲੋਕਾਂ ਦਾ ਜ਼ਬਰੀ ਧਰਮ ਬਦਲੀ ਕਰਨ ਦੇ ਖਿਲਾਫ ਸ਼ਹਾਦਤ ਦਿੱਤੀ ਸੀ ਕਿ ਆਪਣੇ ਇਸ਼ਟ ਨੂੰ ਮੰਨਣਾ ਹਰ ਮਨੁੱਖ ਦਾ ਮੌਲਿਕ ਹੱਕ ਹੈ।
ਪਾਕਿਸਤਾਨ ਵਿਚ ਨਾਸਰ ਢਿੱਲੋਂ, ਲਵਲੀ ਸਿੰਘ ਅਤੇ ਉਨ੍ਹਾਂ ਦੇ ਦੋਸਤਾਂ ਵੱਲੋਂ ਦੋਹਾਂ ਪੰਜਾਬਾਂ ਦੇ ਲੋਕਾਂ ਵਿਚ ਮੇਲ-ਜੋਲ ਵਧਾਉਣ ਲਈ ਪੰਜਾਬੀ ਲਹਿਰ ਸ਼ੁਰੂ ਕੀਤੀ ਹੋਈ ਹੈ। ਨਗਰ ਕੀਰਤਨ ਤੇ ਨਨਕਾਣਾ ਸਾਹਿਬ ਗਏ ਬਹੁਤ ਸਾਰੇ ਸਿੱਖਾਂ ਨੇ ਉਸ ਨੂੰ ਦੇਖਿਆ ਵੀ ਹੋਵੇਗਾ। ਜਗਜੀਤ ਕੌਰ ਦੇ ਮਾਮਲੇ ਦਾ ਪਤਾ ਲੱਗਦੇ ਸਾਰ ਉਹ ਆਪਣੇ ਦੋਸਤਾਂ ਨੂੰ ਲੈ ਕੇ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਨਨਕਾਣਾ ਸਾਹਿਬ ਵੱਲ ਰਵਾਨਾ ਹੋ ਗਿਆ। ਜਿ਼ਆਦਤੀ ਕਿਤੇ ਵੀ ਹੋਵੇ, ਕਿਸੇ ਨਾਲ ਵੀ ਹੋਵੇ, ਉਸ ਖਿਲਾਫ ਲੜਨਾ ਤੇ ਆਵਾਜ਼ ਉਠਾਉਣੀ ਆਪਣੇ ਆਪ ਨੂੰ ਮਨੁੱਖ ਕਹਾਉਣ ਵਾਲੇ ਹਰ ਜਣੇ ਦਾ ਫਰਜ਼ ਬਣਦਾ ਹੈ ਤਾਂ ਕਿ ਔਰੰਗਜ਼ੇਬੀ ਜ਼ਹਿਨੀਅਤ ਨੂੰ ਨੱਥ ਪਾਈ ਜਾ ਸਕੇ, ਇਹ ਭਾਵੇਂ ਪਾਕਿਸਤਾਨ ਹੋਵੇ ਤੇ ਭਾਵੇਂ ਹਿੰਦੁਸਤਾਨ ਜਾਂ ਦੁਨੀਆਂ ਦਾ ਕੋਈ ਹੋਰ ਮੁਲਕ।