ਡਾ. ਵਿਕਰਮ ਸੰਗਰੂਰ
ਫੋਨ: 91-98884 13836
“ਅਜੀਬ ਡਾਕਟਰ ਤੋਂ ਦਵਾਈਆਂ ਲਿਖਾ ਕੇ ਲਿਆਇਐਂ ਯਾਰ, ਪਹਿਲੀ ਵਾਰ ਦੇਖਿਐ ਦਵਾਈਆਂ ਦੇ ਨਾਂ ਇਸ ਤਰ੍ਹਾਂ ਵੀ ਲਿਖੇ ਜਾਂਦੇ ਨੇ!”
ਫਾਰਮਾਸਿਸਟ ਮੈਨੂੰ ਇੰਨਾ ਆਖ, ਪਰਚੀ ਦੁਕਾਨ ਦੇ ਮਾਲਕ ਕੋਲ ਲੈ ਗਿਆ। ਜਦੋਂ ਮਾਲਕ ਨੇ ਪਰਚੀ ਦੇਖੀ ਤਾਂ ਉਹ ਕੁਰਸੀ ਤੋਂ ਖੜ੍ਹਾ ਹੋ ਕੇ ਆਖਣ ਲੱਗਾ, “ਇਸ ਢੰਗ ਨਾਲ ਦਵਾਈਆਂ ਦੇ ਨਾਂ ਤਾਂ ਸੱਚੀ ਕੋਈ ‘ਅਜੀਬ’ ਡਾਕਟਰ ਹੀ ਲਿਖ ਸਕਦੈ ਅਤੇ ਡਾ. ਰਾਜੀਵ ਪੁਰੀ ਤੋਂ ਬਿਨਾ ਇੱਥੇ ‘ਅਜੀਬ’ ਹੋਰ ਕੌਣ ਹੋ ਸਕਦੈ!”
ਦਵਾਈਆਂ ਲੈ ਕੇ ਮੈਂ ਦੁਕਾਨਦਾਰ ਨੂੰ 500 ਰੁਪਏ ਦੇ ਦੋ ਨੋਟ ਦਿੱਤੇ। ਉਨ੍ਹਾਂ ਕਿਹਾ, “100 ਰੁਪਏ ਦਾ ਨੋਟ ਦਿE।” ਮੈਨੂੰ ਇੰਜ ਲੱਗਾ ਸ਼ਾਇਦ ਹਜ਼ਾਰ ਰੁਪਏ ਤੋਂ ਵੱਧ ਦਾ ਬਿੱਲ ਬਣ ਗਿਐ, ਪਰ ਦੁਕਾਨਦਾਰ ਨੇ 500 ਦੇ ਦੋਵੇਂ ਨੋਟ ਵਾਪਸ ਕਰਦਿਆਂ ਮੈਨੂੰ ਨਾਲ 20 ਰੁਪਏ ਦਾ ਇੱਕ ਨੋਟ ਹੋਰ ਦੇ ਦਿੱਤਾ। ਉਸ ਨੇ ਹੱਸਦਿਆਂ ਕਿਹਾ, “ਡਾਕਟਰ ਰਾਜੀਵ ਪੁਰੀ ਜੀ ਦੀ ਦਵਾਈ ਇੰਨੇ ਵਿਚ ਹੀ ਮਿਲਦੀ ਹੈ ਜਨਾਬ!”
ਅਗਲੇ ਦਿਨ ਜਦੋਂ ਡਾ. ਪੁਰੀ ਮਿਲੇ ਤਾਂ ਮੈਂ ਉਨ੍ਹਾਂ ਨੂੰ ਕਿਹਾ, “ਤੁਸੀ ਤਾਂ ਕਮਾਲ ਕਰ`ਤੀ, ਮੇਰੀ ਘਰੇਲੂ ਐਮਰਜੈਂਸੀ ਮੈਡੀਕਲ ਕਿੱਟ ਖਾਤਰ ਕਈ ਬਿਮਾਰੀਆਂ ਲਈ ਤੁਹਾਡੀ ਲਿਖੀਆਂ ਦਵਾਈਆਂ ਸਿਰਫ 80 ਰੁਪਏ ਵਿਚ ਹੀ ਮਿਲ ਗਈਆਂ!”
ਡਾ. ਪੁਰੀ ਮੇਰੀ ਗੱਲ ਸੁਣ ਕੇ ਬੋਲੇ, “ਯਾਰ ਤੂੰ ਇਹ ਵੀ ਮਹਿੰਗੀ ਲੈ ਆਇਐਂ! ਮੈਂ ਤੈਨੂੰ ਕਿਹਾ ਸੀ ਕਿ ਸਰਕਾਰੀ ਹਸਪਤਾਲ ਦੇ ਗੇਟ ਕੋਲੋਂ ਖਰੀਦੀਂ, ਉਥੋਂ ਸਰਕਾਰੀ ਰੇਟ ਉਤੇ ਇਹ ਹੋਰ ਵੀ ਸਸਤੀਆਂ ਮਿਲਣੀਆਂ ਸਨ। ਚੱਲ ਇਨ੍ਹਾਂ ਨੂੰ ਮੋੜ ਕੇ ਆਈਏ!” ਡਾ. ਪੁਰੀ ਦੀ ਗੱਲ ਸੁਣ ਕੇ ਮੈਨੂੰ ਦੁਕਾਨ ਮਾਲਕ ਦੀ ਗੱਲ ਚੇਤੇ ਆ ਗਈ, “ਡਾ. ਰਾਜੀਵ ਪੁਰੀ ਤੋਂ ਬਿਨਾ ਇੱਥੇ ‘ਅਜੀਬ’ ਹੋਰ ਕੌਣ ਹੋ ਸਕਦੈ!”
ਇਹ ਡਾ. ਪੁਰੀ ਨਾਲ ਮੇਰੀ ਪਹਿਲੀ ‘ਅਜੀਬ’ ਮੁਲਾਕਾਤ ਸੀ। ਇਸ ਤੋਂ ਬਾਅਦ ਉਨ੍ਹਾਂ ਨਾਲ ਹੋਈ ਹਰ ਮੁਲਾਕਾਤ ਵਿਚ ਕੁਝ ਅਜਿਹਾ ‘ਅਜੀਬ’ ਵਾਪਰਦਾ, ਜਿਸ ਤੋਂ ਲਗਦਾ ਕਿ ਡਾ. ਰਾਜੀਵ ਪੁਰੀ ਦਾ ਨਾਂ ‘ਡਾ. ਅਜੀਬ ਪੁਰੀ’ ਹੋਣਾ ਚਾਹੀਦਾ ਸੀ।
ਡਾ. ਪੁਰੀ ਨੇ ਹੁਣ ਤੱਕ ਨਾ ਕਾਰ ਰੱਖੀ, ਨਾ ਸਕੂਟਰ ਅਤੇ ਨਾ ਹੀ ਸਾਈਕਲ! ਸ਼ਹਿਰ ਵਿਚ ਉਹ ਜਦੋਂ ਵੀ ਮਿਲਦੇ ਨੇ, ਪੈਦਲ ਤੁਰਦੇ ਹੀ ਮਿਲਦੇ ਨੇ। ਮੈਂ ਹੱਸਦਿਆਂ ਇੱਕ ਵਾਰ ਉਨ੍ਹਾਂ ਨੂੰ ਕਹਿ ਬੈਠਾ, “ਤੁਹਾਡੇ ਜਨਮ ਦਿਨ ‘ਤੇ ਮੈਂ ਸਾਈਕਲ ਗਿਫਟ ਕਰਨੈਂ।” ਉਨ੍ਹਾਂ ਵੀ ਹੱਸਦਿਆਂ ਜਵਾਬ ਦਿੱਤਾ, “ਜ਼ਰੂਰ ਕਰੀਂ, ਪਰ ਨਾਲ ਇੱਕ ਡਰਾਈਵਰ ਵੀ ਗਿਫਟ ਕਰ ਦਵੀਂ।”
ਮੈਂ ਪੁੱਛਿਆ, “ਤੁਹਾਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ?”
“ਆਉਂਦਾ ਤਾਂ ਹੈ ਪਰ…।” ਉਹ ਬਸ ਏਨਾ ਕਹਿ ਕੇ ਖਾਮੋਸ਼ ਹੋ ਗਏ। ਅਸੀਂ ਬਜ਼ਾਰ ਵਿਚ ਕਰੀਬ ਅੱਧਾ ਮੀਲ ਤੁਰੇ ਤਾਂ ਮੈਨੂੰ ਡਾ. ਪੁਰੀ ਦੀ ‘ਪਰ…’ ਤੋਂ ਅਗਲੀ ਗੱਲ ਦੀ ਆਪੇ ਸਮਝ ਆ ਗਈ। ਇਸ ਛੋਟੇ ਜਿਹੇ ਸਫਰ ਵਿਚ ਡਾ. ਪੁਰੀ ਨੂੰ ਪੈਦਲ ਤੁਰਨ ਵਾਲਿਆਂ ਤੋਂ ਲੈ ਕੇ ਵੱਡੀਆਂ ਕਾਰਾਂ ਵਾਲੇ ਕਰੀਬ ਪੰਜਾਹ ਅਜਿਹੇ ਲੋਕ ਮਿਲੇ, ਜਿਨ੍ਹਾਂ ਨੇ ਖੜ੍ਹ ਕੇ ਉਨ੍ਹਾਂ ਨਾਲ ਹੱਥ ਮਿਲਾਇਆ, ਕਈਆਂ ਹੱਥ ਜੋੜੇ ਅਤੇ ਕਈਆਂ ਪੈਰੀਂ ਹੱਥ ਲਾਏ। ਡਾ. ਪੁਰੀ ਮੈਨੂੰ ਕਹਿੰਦੇ, “ਹੁਣ ਲੱਗਾ ਪਤਾ ਕਿ ਮੈਂ ਕਾਰ, ਸਕੂਟਰ ਅਤੇ ਸਾਈਕਲ ਕਿਉਂ ਨਹੀਂ ਰੱਖਦਾ! ਮੇਰੇ ਕੋਲ ਦੋ ਹੱਥ ਨੇ, ਜੇ ਇਹ ਦੋ ਹੱਥ ਮੈਂ ਕਾਰ, ਸਕੂਟਰ ਅਤੇ ਸਾਈਕਲ ਚਲਾਉਣ ਲਈ ਵਰਤੇ ਤਾਂ ਇਨ੍ਹਾਂ ਮੁਹੱਬਤ ਕਰਨ ਵਾਲਿਆਂ ਦੇ ਹੱਥਾਂ ਦਾ ਜਵਾਬ ਮੈਂ ਕਿਹੜੇ ਹੱਥਾਂ ਨਾਲ ਦੇਵਾਂਗਾ?” ਇੰਨਾ ਆਖ ਕੇ ਉਹ ਉਚੀ-ਉਚੀ ਹੱਸਣ ਲੱਗ ਪਏ।
ਡਾ. ਪੁਰੀ ਦੀ ਇੱਕ ਅਜੀਬ ਆਦਤ ਹੈ, ਉਹ ਆਪਣੇ ਵਡੇਰੇ ਮਰੀਜ਼ਾਂ ਨੂੰ ਜਦੋਂ ਵੀ ਮਿਲਦੇ ਨੇ, ਹੱਥ ਜੋੜ ਕੇ ਅਤੇ ਝੁਕ ਕੇ ਮਿਲਦੇ ਨੇ। ਮੈਂ ਉਨ੍ਹਾਂ ਨੂੰ ਪੁੱਛਿਆ, “ਵਡੇਰੇ ਮਰੀਜ਼ਾਂ ਨੂੰ ਤੁਹਾਡਾ ਹੱਥ ਜੋੜਨਾ ਤਾਂ ਠੀਕ ਹੈ, ਪਰ ਉਨ੍ਹਾਂ ਲੋਕਾਂ ਅੱਗੇ ਤੁਸੀਂ ਕਿਉਂ ਹੱਥ ਜੋੜਦੇ ਹੋ, ਜਿਨ੍ਹਾਂ ਬਾਰੇ ਤੁਹਾਨੂੰ ਵੀ ਪਤੈ ਕਿ ਤੁਹਾਡੀ ਪਿੱਠ ਪਿੱਛੇ ਉਹ ਤੁਹਾਡੀਆਂ ਆਦਤਾਂ ਦਾ ਮਜ਼ਾਕ ਉਡਾ ਕੇ ਹੱਸਦੇ ਨੇ।”
ਡਾ. ਪੁਰੀ ਨੇ ਕਿਹਾ, “ਮੈਨੂੰ ਇਹ ਸਭ ਪਤੈ! ਤੇ ਇਹ ਵੀ ਪਤੈ ਕਿ ‘ਅਜਿਹੇ ਲੋਕ’ ਹੀ ਸਭ ਤੋਂ ‘ਵੱਡੇ ਮਰੀਜ਼’ ਹਨ। ਇਲਾਜ ਨਾਲ ਅਜਿਹੇ ਲੋਕ ਕਦੀ ਖੁਸ਼ ਨਹੀਂ ਹੁੰਦੇ, ਪਰ ਮੇਰੇ ਹੱਥ ਜੋੜਨ ਨਾਲ ਉਨ੍ਹਾਂ ਨੂੰ ਲਗਦੈ ਕਿ ਇੱਕ ਡਾਕਟਰ ਸਾਡੇ ਅੱਗੇ ਝੁਕ ਗਿਆ, ਬਸ ਇੰਨੀ ਗੱਲ ਇਨ੍ਹਾਂ ਨੂੰ ਖੁਸ਼ ਕਰੀ ਰੱਖਦੀ ਹੈ। ਮੈਂ ਤਾਂ ਆਪਣੀ ਡਿਊਟੀ ਨਿਭਾ ਰਿਹਾਂ, ਹੱਥ ਨਹੀਂ ਜੋੜ ਰਿਹਾ, ਉਨ੍ਹਾਂ ਦਾ ਇਲਾਜ ਕਰ ਰਿਹਾਂ!”
ਇਹ ਸੁਣ ਕੇ ਨਾਲ ਖੜ੍ਹੇ ਇੱਕ ਸਾਬਕਾ ਸਿਵਲ ਸਰਜਨ ਡਾ. ਪੁਰੀ ਨੂੰ ਕਹਿਣ ਲੱਗੇ, “ਛੱਡ ਪੁਰੀ, ਹੁਣ ਇਹ ਸਭ ਕੁਝ! ਇੱਕ ਲੱਖ ਰੁਪਏ ਤੋਂ ਵੱਧ ਤੇਰੀ ਪੈਨਸ਼ਨ ਹੈ, ਐਸ਼ ਕਰ, ਘੁੰਮ ਦੇਖ ਦੁਨੀਆਂ ਸਾਰੀ।”
ਡਾ. ਪੁਰੀ ਨੇ ਮੁਸਕਰਾਉਂਦਿਆਂ ਕਿਹਾ, “ਬਹੁਤ ਘੁੰਮ ਲਈ ਦੁਨੀਆਂ ਅਤੇ ਦੇਖ ਵੀ ਲਈ ਇਹ ‘ਬਿਮਾਰ ਦੁਨੀਆਂ’ ਹੁਣ ਤਾਂ ਇਲਾਜ ਕਰਨ ਦੀ ਕੋਸ਼ਿਸ਼ ਵਿਚ ਹਾਂ!”
ਡਾ. ਪੁਰੀ ਨਾਲ ਜੇ ਤੁਸੀ ਕੁਝ ਕਦਮ ਤੁਰੋ ਤਾਂ ਤੁਹਾਨੂੰ ਲੱਗੇਗਾ ਕਿ ਇਨ੍ਹਾਂ ਆਪਣੇ ਚਹੇਤਿਆਂ ਦੀ ਵੀ ‘ਸਰਜਰੀ’ ਕੀਤੀ ਹੈ, ਤਾਹੀEਂ ਉਹ ਵੀ ਇਨ੍ਹਾਂ ਵਰਗੇ ‘ਅਜੀਬ’ ਜਿਹੇ ਹਨ। ਕੁਝ ਵਰ੍ਹੇ ਪਹਿਲਾਂ ਚਾਹ ਦੀ ਸਟਾਲ ਤੋਂ ਚਾਹ ਪੀ ਕੇ ਡਾਕਟਰ ਸਾਹਿਬ ਪੈਸੇ ਦੇਣ ਲੱਗੇ ਤਾਂ ਚਾਹ ਵਾਲਾ ਹੱਥ ਜੋੜ ਕੇ ਖੜ੍ਹ ਗਿਆ, ਪਰ ਡਾ. ਪੁਰੀ ਨੇ 10 ਰੁਪਏ ਦਾ ਨੋਟ ਜਬਰੀ ਉਸ ਨੂੰ ਦੇ ਦਿੱਤਾ। ਚਾਹ ਵਾਲੇ ਨੇ ਕਿਹਾ, “ਇਹ ਨੋਟ ਮੈਂ ਆਖਰੀ ਸਾਹ ਤੱਕ ਸਾਂਭ ਕੇ ਰੱਖਾਂਗਾ ਜੀ, ਇਹ ਪੈਸੇ ਨਹੀਂ ਤੁਹਾਡਾ ਆਸ਼ੀਰਵਾਦ ਹੈ।”
ਸੁਣ ਕੇ ਡਾ. ਪੁਰੀ ਨੇ ਆਪਣੀ ਜੇਬ ਵਿਚਲਾ ਸਭ ਤੋਂ ਵੱਡਾ ਨੋਟ ਉਸ ਨੂੰ ਫੜਾਉਂਦਿਆਂ ਕਿਹਾ, “ਜੇ ਇਹ ਗੱਲ ਹੈ ਤਾਂ ਆ ਲੈ।”
ਉਹ ਬੋਲਿਆ, “ਨਹੀਂ ਜੀ ਤੁਹਾਡੇ ਦਿੱਤੇ ਇਹ 10 ਰੁਪਏ ਹੀ ਮੇਰੇ ਲਈ 10 ਲੱਖ ਵਰਗੇ ਨੇ!” ਉਸ ਆਮ ਜਿਹੇ ਚਾਹ ਵਾਲੇ ਦੀ ਇਹ ‘ਖਾਸ’ ਗੱਲ ਸੁਣ ਕੇ ਮੈਂ ਡਾ. ਪੁਰੀ ਨੂੰ ਕਿਹਾ, “ਸਰ ਤੁਹਾਡੇ ਚਹੇਤੇ ਕਿਹੜਾ ਤੁਹਾਡੇ ਤੋਂ ਘੱਟ ਨੇ!”
ਅੱਜ ਲੋਕ ਜਿੱਥੇ ਆਪਣੀ ਦੌਲਤ, ਮਹਿੰਗੇ ਮੋਬਾਈਲ ਫੋਨ, ਕਾਰਾਂ, ਆਲੀਸ਼ਾਨ ਘਰਾਂ ਅਤੇ ਜ਼ਮੀਨਾਂ ਦਾ ਦਿਖਾਵਾ ਕਰਦੇ ਹਨ, ਉਥੇ ਡਾ. ਪੁਰੀ ਕੋਲ ਸਿਵਾਏ ਇਮਾਨਦਾਰੀ ਦੇ ਅਜਿਹਾ ਕੁਝ ਵੀ ਨਹੀਂ, ਜਿਸ ਦਾ ਉਹ ‘ਦਿਖਾਵਾ’ ਕਰ ਸਕਣ! ਇੱਕ ਵਾਰ ਡਾ. ਪੁਰੀ ਨੇ ਅਜੀਬ ‘ਦਿਖਾਵਾ’ ਕੀਤਾ! ਕਾਫੀ ਵਰ੍ਹੇ ਪਹਿਲਾਂ ਆਪਣੇ ਨਿੱਜੀ ਕੰਮ ਲਈ ਇੱਕ ਦਫਤਰ ਦੇ ਬਾਬੂਆਂ ਕੋਲ ਡਾ. ਪੁਰੀ ਨੂੰ ਕਈ ਮਹੀਨੇ ਗੇੜੇ ਲਾਉਣੇ ਪੈ ਗਏ। ਅਖੀਰ ਥੱਕ ਹਾਰ ਕੇ ਡਾ. ਪੁਰੀ ਅਤੇ ਮੈਂ ਉਸ ਦਫਤਰ ਦੇ ਮੁਖੀ ਨੂੰ ਜਦੋਂ ਮਿਲੇ ਤਾਂ ਡਾ. ਸਾਹਿਬ ਜਜ਼ਬਾਤੀ ਲਹਿਜੇ ਵਿਚ ਦਫਤਰ ਮੁਖੀ ਨੂੰ ਆਪਣੀ ਵਿਿਥਆ ਸੁਣਾਉਣ ਲੱਗੇ, “ਮੈਂ ਆਪਣੀ ਡਿਊਟੀ ਦੌਰਾਨ ਕਦੀ ਖੁਦ ਕਿਸੇ ਤੋਂ ਰਿਸ਼ਵਤ ਨਹੀਂ ਮੰਗੀ ਅਤੇ ਹੁਣ ਰਿਸ਼ਵਤ ਦੇ ਕੇ ਕੰਮ ਕਿਵੇਂ ਕਰਵਾਵਾਂ ਜੀ?”
ਦਫਤਰ ਮੁਖੀ ਆਪਣੀ ਕੁਰਸੀ ਛੱਡ ਕੇ ਡਾ. ਪੁਰੀ ਕੋਲ ਆਇਆ ਅਤੇ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਹੱਥ ਜੋੜ ਕੇ ਉਨ੍ਹਾਂ ਦੇ ਸਾਹਮਣੇ ਖੜ ਗਿਆ, ਕਹਿਣ ਲੱਗਾ, “ਮੈਨੂੰ ਪਤੈ ਡਾ. ਸਾਹਿਬ ਤੁਸੀਂ ਕਦੀ ਰਿਸ਼ਵਤ ਨਹੀਂ ਲਈ, ਮੈਂ ਜਦੋਂ 15 ਸਾਲਾਂ ਦਾ ਸੀ, ਮੇਰਾ Eਪਰੇਸ਼ਨ ਤੁਸੀਂ ਕਰ ਕੇ ਨਾ ਸਿਰਫ ਮੈਨੂੰ ਬਚਾਇਆ, ਸਗੋਂ ਮੇਰੇ ਗਰੀਬ ਬਾਪੂ ਜੀ ਦੀ ‘ਆਸ’ ਨੂੰ ਵੀ ਬਚਾਇਆ ਸੀ।”
ਮਹੀਨਿਆਂ ਤੋਂ ਲਟਕਿਆ ਡਾ. ਪੁਰੀ ਦਾ ਕੰਮ ਉਸੇ ਪਲ ਹੋ ਗਿਆ। ਇਹ ਸਭ ਦੇਖ ਮੈਨੂੰ ਆਪਣੇ ਉਸ ਪ੍ਰੋਫੈਸਰ ਦੀ ਯਾਦ ਆ ਗਈ, ਜੋ ਅਕਸਰ ਕਿਹਾ ਕਰਦੇ ਸਨ ਕਿ ਕੰਮ ਕਰਵਾਉਣ ਲਈ ਮੈਨੂੰ ਕਦੀ ਰਿਸ਼ਵਤ ਦੇਣ ਦੀ ਲੋੜ ਨਹੀਂ ਪਈ, ਕਿਉਂਕਿ ਮੈਂ ਆਪਣੇ ਵਿਿਦਆਰਥੀਆਂ ਨੂੰ ਪੂਰੀ ਇਮਾਨਦਾਰੀ ਨਾਲ ਪੜ੍ਹਾਇਆ ਅਤੇ ਉਹ ਅੱਜ ਹਰ ਵਿਭਾਗ ਵਿਚ ਉਚੇ ਅਹੁਦਿਆਂ ਉਤੇ ਹਨ। ਉਸ ਦਿਨ ਮੈਨੂੰ ਡਾ. ਪੁਰੀ ਅਤੇ ਪ੍ਰੋਫੈਸਰ ਇੱਕ ਲੱਗ ਰਹੇ ਸਨ।
ਪਹਿਲਾਂ ਡਾ. ਪੁਰੀ ਦੀ ਮੁਲਾਕਾਤ ਅਜੀਬ ਸੀ, ਪਰ ਬਾਅਦ ਵਿਚ ਉਨ੍ਹਾਂ ਦੀ ਆਮਦ ਵੀ ਅਜੀਬ ਹੋਣ ਲੱਗ ਪਈ। ਇੱਕ ਵਾਰ ਦਫਤਰ ਵਿਚ ਮੇਰਾ ਸਾਥੀ ਤੇਜ਼ੀ ਨਾਲ ਮੈਨੂੰ ਇਹ ਆਖ ਕੇ ਤੁਰ ਗਿਆ ਕਿ ਤੇਰਾ ਜਿਗਰੀ ਯਾਰ ਆਇਐ! ਮੇਰੇ ਨਾਲ ਬੈਠੇ ਸਾਥੀ ਨੇ ਦੂਜੇ ਸਾਥੀ ਨੂੰ ਕਿਹਾ, “ਲੈ ਬਈ ਡਾ. ਪੁਰੀ ਆ ਗਿਆ!” ਮੈਂ ਡਾਕਟਰ ਸਾਹਿਬ ਨੂੰ ਮਿਲਣ ਲਈ ਜਦੋਂ ਬਾਹਰ ਵੱਲ ਜਾਣ ਲੱਗਾ ਤਾਂ ਦੋਹਾਂ ਸਾਥੀਆਂ ਨੇ ਮਜ਼ਾਕੀਆ ਲਹਿਜੇ ਵਿਚ ਕਿਹਾ, “ਤੂੰ ਵੀ ਡਾ. ਪੁਰੀ ਵਰਗਾ ਅਜੀਬ ਨਾ ਬਣ ਜਾਵੀਂ!”
ਸਾਥੀਆਂ ਦਾ ਮਜ਼ਾਕ ਮੈਨੂੰ ਕਿਸੇ ‘ਦੁਆ’ ਵਰਗਾ ਲੱਗਾ। ਮੈਂ ਇਸ ‘ਦੁਆ’ ਲਈ ਉਨ੍ਹਾਂ ਨੂੰ ਇੰਨਾ ਆਖ ਆਪਣੇ ਜਿਗਰੀ ਯਾਰ ਨੂੰ ਮਿਲਣ ਤੁਰ ਪਿਆ, “ਆਮੀਨ! ਸਾਥੀE, ਕਾਸ਼ ਮੈਂ ਵੀ ਡਾ. ਰਾਜੀਵ ਪੁਰੀ ਵਰਗਾ ਬਣ ਸਕਦਾ, ਡਾ. ‘ਅਜੀਬ’ ਪੁਰੀ!”