ਗੋਂਦਾਂ ਗੁੰਦਦੇ ਪਰਦਿਆਂ ਵਿਚ ਜਿਹੜੇ, ਗੁੱਝੇ ਖੋਲ੍ਹੀਏ ਪਾਜ ਲੁਟੇਰਿਆਂ ਦੇ।
ਨੀਤੀ ਸਮਝ ਕੇ ਹਾਕਮ ਦੀ ਦੂਰ ਕਰੀਏ, ਪਾਏ ਵਿਤਕਰੇ ਮੇਰਿਆਂ ਤੇਰਿਆਂ ਦੇ।
ਕਾਲੀ ਰਾਤ ਨੇ ਹੁੰਦਾ ਏ ਮੁੱਕਣਾ ਹੀ, ਬਣ ਕੇ ਚੱਲੀਏ ਗਾਹਕ ਸਵੇਰਿਆਂ ਦੇ।
ਚੜ੍ਹਦੀ ਕਲਾ ਦੇ ਕੰਨਾਂ ਵਿਚ ਬੋਲ ਪਾਈਏ, ਬੇਵਸੀ ਤੇ ਸਹਿਮ ਵਿਚ ਘੇਰਿਆਂ ਦੇ।
ਗੁੜ੍ਹਤੀ ਹਿੰਮਤ ਦੀ ਮਿਲੀ ਵਡਾਰੂਆਂ ਤੋਂ, ਗਾਵੇ ਗੀਤ ਇਤਿਹਾਸ ਵੀ ਜੇਰਿਆਂ ਦੇ।
ਆਉ ਦੋਸਤੋ, ਸੱਚ ਦੀ ‘ਕਿਰਨ’ ਬਣ ਕੇ, ਭਿੜੀਏ-ਜੂਝੀਏ ਨਾਲ ‘ਹਨੇਰਿਆਂ’ ਦੇ!