ਚੰਡੀਗੜ੍ਹ: ਪੰਜਾਬ ਦੇ 8 ਵਿਧਾਨ ਸਭਾ ਹਲਕਿਆਂ ਵਿਚ ਭਾਵੇਂ ਉਪ ਚੋਣਾਂ ਕਰਵਾਉਣ ਦਾ ਮਾਹੌਲ ਬਣਦਾ ਜਾ ਰਿਹਾ ਹੈ ਅਤੇ ਸਰਕਾਰ ਇਨ੍ਹਾਂ ਨੂੰ ਟਾਲਣ ਦੇ ਰੌਂਅ ‘ਚ ਜਾਪਦੀ ਹੈ। ਇਸ ਕਾਰਨ ਸਵਾਲ ਉੱਠ ਰਹੇ ਹਨ ਕਿ ਅਖੀਰ ਕੈਪਟਨ ਸਰਕਾਰ ਕਿੰਨਾ ਕੁ ਚਿਰ ਇਹ ਚੋਣਾਂ ਟਾਲਦੀ ਰਹੇਗੀ।
ਕਾਂਗਰਸ ਦੇ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਹੋਣ ਕਾਰਨ ਸੂਬੇ ਵਿਚ 8 ਵਿਧਾਨ ਸਭਾ ਹਲਕਿਆਂ ਵਿਚ ਉਪ ਚੋਣਾਂ ਕਰਵਾਉਣ ਦੀ ਸਥਿਤੀ ਬਣ ਗਈ ਹੈ। ਇਨ੍ਹਾਂ ਵਿਚੋਂ ਇਕੱਲੀ ਆਮ ਆਦਮੀ ਪਾਰਟੀ (ਆਪ) ਦੇ 5 ਵਿਧਾਇਕਾਂ ਦੇ ਹਲਕਿਆਂ ਵਿਚ ਉਪ ਚੋਣਾਂ ਦੇ ਆਸਾਰ ਬਣੇ ਹਨ। ਇਨ੍ਹਾਂ ਵਿਚੋਂ 3 ਵਿਧਾਇਕਾਂ ਦੇ ਅਸਤੀਫੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਕਈ ਮਹੀਨਿਆਂ ਤੋਂ ਪੈਂਡਿੰਗ ਚੱਲ ਰਹੇ ਹਨ ਅਤੇ ਇਕ ਹੋਰ ਵਿਧਾਇਕ ਦੀ ਮੈਂਬਰਸ਼ਿਪ ਖਾਰਜ ਕਰਨ ਦਾ ਮਾਮਲਾ ਵੀ ਸਪੀਕਰ ਕੋਲ ਪੈਂਡਿੰਗ ਹੈ। ਸਪੀਕਰ ਵੱਲੋਂ ਪਿਛਲੇ ਦਿਨੀਂ ਹੀ ‘ਆਪ` ਦੇ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਐਚ.ਐਸ. ਫੂਲਕਾ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਹੈ।
ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਭਾਜਪਾ ਦੇ ਵਿਧਾਇਕ ਲੋਕ ਸਭਾ ਚੋਣਾਂ ਵਿਚ ਜਿੱਤਣ ਮਗਰੋਂ ਸੰਸਦ ਵਿਚ ਜਾ ਚੁੱਕੇ ਹਨ। ਇਸ ਕਾਰਨ ਜਲਾਲਾਬਾਦ ਤੇ ਫਗਵਾੜਾ ਸਮੇਤ ਸ੍ਰੀ ਫੂਲਕਾ ਦੇ ਹਲਕੇ ਦਾਖਾ ਅਤੇ ਸ੍ਰੀ ਬੱਬੀ ਦੀ ਮੌਤ ਹੋਣ ਕਾਰਨ ਹਲਕਾ ਮੁਕੇਰੀਆਂ ਦੀਆਂ ਉਪ ਚੋਣਾਂ ਕਰਵਾਉਣੀਆਂ ਤੈਅ ਹਨ। ਇਨ੍ਹਾਂ ਤੋਂ ਇਲਾਵਾ 4 ਹੋਰ ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ਦੇ ਆਸਾਰ ਬਣ ਰਹੇ ਹਨ ਪਰ ਸਰਕਾਰ ਇਨ੍ਹਾਂ ਨੂੰ ਟਾਲਣ ਦੇ ਰੌਂਅ ਵਿਚ ਲੱਗ ਰਹੀ ਹੈ। ‘ਆਪ` ਦੇ ਹਲਕਾ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ `ਚ ਸ਼ਾਮਲ ਹੋਏ ਸਨ। ਇਨ੍ਹਾਂ ਦੋਵਾਂ ਵੱਲੋਂ ਆਪਣੇ ਅਸਤੀਫੇ ਸਪੀਕਰ ਨੂੰ ਭੇਜੇ ਜਾ ਚੁੱਕੇ ਹਨ, ਜੋ ਪੈਂਡਿੰਗ ਪਏ ਹਨ। ਅਜਿਹਾ ਹੀ ਮਾਮਲਾ ‘ਆਪ` ਦੇ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਹੈ। ਸ੍ਰੀ ਖਹਿਰਾ ਨੇ ‘ਪੰਜਾਬ ਏਕਤਾ ਪਾਰਟੀ` ਬਣਾ ਕੇ ‘ਆਪ` ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਆਪਣੀ ਪਾਰਟੀ ਦੀ ਟਿਕਟ `ਤੇ ਚੋਣ ਲੜੀ ਸੀ। ਪਾਰਟੀ ਸ੍ਰੀ ਖਹਿਰਾ ਨੂੰ ਮੁਅੱਤਲ ਕਰ ਚੁੱਕੀ ਹੈ ਅਤੇ ਉਨ੍ਹਾਂ ਵੱਲੋਂ ਆਪਣਾ ਅਸਤੀਫਾ ਸਪੀਕਰ ਨੂੰ ਭੇਜਿਆ ਜਾ ਚੁੱਕਾ ਹੈ ਪਰ ਅੱਜ ਤੱਕ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਹੀਂ ਹੋਇਆ। ਸ੍ਰੀ ਖਹਿਰਾ ਨੇ ਦੱਸਿਆ ਕਿ ਉਹ ਅਸਤੀਫਾ ਲਿਖ ਕੇ ਦੇ ਚੁੱਕੇ ਹਨ ਅਤੇ ਜੇ ਫਿਰ ਵੀ ਪ੍ਰਵਾਨ ਨਹੀਂ ਹੋ ਰਿਹਾ ਤਾਂ ਉਹ ਕੀ ਕਰ ਸਕਦੇ ਹਨ।
ਇਸੇ ਤਰ੍ਹਾਂ ‘ਆਪ` ਦੇ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਪਾਰਟੀ ਤੋਂ ਅਸਤੀਫਾ ਦੇ ਕੇ ਪੰਜਾਬ ਏਕਤਾ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ। ਭਾਵੇਂ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਪਰ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰਨ ਲਈ ਇਕ ਧਿਰ ਨੇ ਸਪੀਕਰ ਕੋਲ ਸ਼ਿਕਾਇਤ ਦਾਇਰ ਕਰਵਾਈ ਹੈ, ਜਿਸ ਦੇ ਬਾਵਜੂਦ ਉਹ ਅਜੇ ਵੀ ਬਤੌਰ ਵਿਧਾਇਕ ਸਾਰੀਆਂ ਸਹੂਲਤਾਂ ਮਾਣ ਰਹੇ ਹਨ। ਇਨ੍ਹਾਂ ਤੋਂ ਇਲਾਵਾ ‘ਆਪ` ਦੇ 4 ਹੋਰ ਵਿਧਾਇਕ ਕੰਵਰ ਸੰਧੂ, ਜਗਤਾਰ ਸਿੰਘ ਜੱਗਾ, ਪਿਰਮਲ ਸਿੰਘ ਖਾਲਸਾ ਅਤੇ ਜਗਦੇਵ ਸਿੰਘ ਕਮਾਲੂ ਕਈ ਮਹੀਨਿਆਂ ਤੋਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਪਾਰਟੀ ਤੋਂ ਬਗਾਵਤ ਕਰ ਕੇ ਵੱਖਰੇ ਤੌਰ `ਤੇ ਚੱਲ ਰਹੇ ਹਨ।