ਨਿੱਘਰਦੀ ਆਰਥਿਕਤਾ ‘ਤੇ ਮੋਦੀ ਸਰਕਾਰ ਨੂੰ ਚੁਫੇਰਿਉਂ ਘੇਰਾ

ਨਵੀਂ ਦਿੱਲੀ: ਜੀ.ਡੀ.ਪੀ. (ਆਰਥਿਕ ਵਿਕਾਸ ਦਰ) ਘਾਟੇ ‘ਤੇ ਭਾਜਪਾ ਸਰਕਾਰ ਨੂੰ ਚੁਫੇਰਿਉਂ ਘੇਰਾ ਪੈ ਗਿਆ ਹੈ। ਭਾਜਪਾ ਭਾਵੇਂ ਹੁਣ ਤੱਕ ਇਹੀ ਦੋਸ਼ ਲਾ ਰਹੀ ਸੀ ਕਿ ਵਿਰੋਧੀ ਜਾਣਬੁਝ ਕੇ ਗੁੰਮਰਾਹ ਕਰ ਰਹੇ ਹਨ ਪਰ ਤਾਜ਼ਾ ਅੰਕੜਿਆਂ ਨੇ ਸਭ ਕੁਝ ਸਾਫ ਕਰ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਦੇਸ਼ ਦੇ ਅਰਥਚਾਰੇ ਦੀ ‘ਨਿਘਰਦੀ ਹਾਲਤ‘ ਡੂੰਘੀ ਫਿਕਰਮੰਦੀ ਦਾ ਵਿਸ਼ਾ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ‘ਬਦਲਾਖੋਰੀ ਦੀ ਸਿਆਸਤ` ਨੂੰ ਲਾਂਭੇ ਰੱਖਣ ਤੇ ਅਰਥਚਾਰੇ ਨੂੰ ‘ਮਨੁੱਖ ਵੱਲੋਂ ਸਿਰਜੇ ਸੰਕਟ` ਵਿਚੋਂ ਬਾਹਰ ਕੱਢਣ ਲਈ ਸਹੀ ਸੋਚ ਤੇ ਸਿਆਣਪ/ਸਮਝ ਰੱਖਣ ਵਾਲੇ ਲੋਕਾਂ ਨਾਲ ਰਾਬਤਾ ਕਰਨ। ਕਾਂਗਰਸੀ ਆਗੂ ਨੇ ਸਾਫ ਕਰ ਦਿੱਤਾ ਕਿ ਅਰਥਚਾਰੇ ਵਿਚ ਮੰਦੀ ਲਈ ਮੋਦੀ ਸਰਕਾਰ ਦੀਆਂ ‘ਚਹੁੰ-ਤਰਫਾ ਕੁਪ੍ਰਬੰਧ` ਵਾਲੀਆਂ ਨੀਤੀਆਂ ਜਿੰਮੇਵਾਰ ਹਨ। ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦਾ ਨੌਜਵਾਨ, ਕਿਸਾਨ ਤੇ ਕਿਰਤੀ/ਮਜ਼ਦੂਰ, ਉੱਦਮੀ ਤੇ ਹਾਸ਼ੀਏ `ਤੇ ਧੱਕੇ ਵਰਗ ਇਸ ਤੋਂ ਬਿਹਤਰ ਸੇਵਾਵਾਂ ਦੇ ਹੱਕਦਾਰ ਹਨ।
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਅਰਥਵਿਵਸਥਾ ‘ਤਬਾਹ` ਕਰਨ ਲਈ ਕੌਣ ਜਿੰਮੇਵਾਰ ਹੈ।
ਪ੍ਰਿਯੰਕਾ ਨੇ ਕਿਹਾ ਕਿ ‘ਅੱਛੇ ਦਿਨ` ਦਾ ਰੌਲਾ-ਰੱਪਾ ਪਾਉਣ ਵਾਲੀ ਸਰਕਾਰ ਨੇ ਹੀ ਹੁਣ ਆਰਥਿਕਤਾ ਦੀ ‘ਫੂਕ` ਕੱਢ ਦਿੱਤੀ ਹੈ, ਨਾ ਤਾਂ ਜੀ.ਡੀ.ਪੀ. ਤੇ ਨਾ ਹੀ ਕਰੰਸੀ ਮਜ਼ਬੂਤ ਹੈ, ਨੌਕਰੀਆਂ ਵੀ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਜਵਾਬ ਦਿੱਤਾ ਜਾਵੇ। ਸਰਕਾਰੀ ਅੰਕੜਿਆਂ ਮੁਤਾਬਕ ਸੰਨ 2019-20 ਦੇ ਅਪਰੈਲ-ਜੂਨ ਵਿੱਤੀ ਕੁਆਰਟਰ ਵਿਚ ਜੀ.ਡੀ.ਪੀ. ਘੱਟ ਕੇ 5 ਫੀਸਦ ਰਹਿ ਗਈ ਹੈ। ਉਤਪਾਦਨ ਵਿਚ ਆਈ ਵੱਡੀ ਕਮੀ ਤੇ ਖੇਤੀਬਾੜੀ ਸੈਕਟਰ ਦੀਆਂ ਗਤੀਵਿਧੀਆਂ ਘਟਣ ਨੂੰ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ। ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਵਿਅੰਗ ਕਰਦਿਆਂ ਕਿਹਾ ਕਿ ‘ਹਿੱਟ ਫਿਲਮ ‘ਕਿਆਮਤ ਸੇ ਕਿਆਮਤ` ਤੱਕ ਯਾਦ ਹੈ`? ਇਹ ਹੁਣ ‘ਕੁਆਰਟਰ ਤੋਂ ਕੁਆਰਟਰ ਤੱਕ ਬਣ ਚੁੱਕਾ ਹੈ।` ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ‘ਕੀ ਇਹ ਨਵਾਂ ਭਾਰਤ ਹੈ?` ਉਨ੍ਹਾਂ ਕਿਹਾ ਕਿ ਜੀ.ਡੀ.ਪੀ. ਗਰਾਫ ਜਨਵਰੀ-ਮਾਰਚ 2018 ਕੁਆਰਟਰ ਵਿਚ 8.1 ਫੀਸਦੀ ਤੋਂ ਘੱਟ ਕੇ ਹੁਣ ਅਪਰੈਲ-ਜੂਨ 2019 ਵਿਚ ਪੰਜ ਫੀਸਦੀ ਰਹਿ ਗਿਆ ਹੈ।
ਕਾਂਗਰਸੀ ਬੁਲਾਰੇ ਮਨੀਸ਼ ਤਿਵਾੜੀ ਨੇ ਵੀ ਕੇਂਦਰ ਸਰਕਾਰ ਉਤੇ ਇਸ ਮਾਮਲੇ ‘ਤੇ ਨਿਸ਼ਾਨਾ ਸਾਧਿਆ। ਤਿਵਾੜੀ ਨੇ ਕਿਹਾ ਕਿ ਜੀ.ਡੀ.ਪੀ. ਪੰਜ ਨਹੀਂ ਬਲਕਿ ਤਿੰਨ ਫੀਸਦ ਹੈ। ਉਨ੍ਹਾਂ ਕਿਹਾ ਕਿ ਦੋ ਫੀਸਦੀ ਦਾ ਘਾਟਾ 2004-05 ਤੋਂ 2011-12 ਤੱਕ ਦੇ ਬੇਸ ਵਰ੍ਹੇ ਨੂੰ ਬਦਲਣ ਕਾਰਨ ਵੀ ਹੈ। ਉਨ੍ਹਾਂ ਕਿਹਾ ਕਿ ਆਰਥਿਕ ਵਾਤਾਵਰਨ ਨੂੰ ਯੋਜਨਾਬੱਧ ਢੰਗ ਨਾਲ ਤਹਿਸ-ਨਹਿਸ ਕੀਤਾ ਗਿਆ ਹੈ। ਆਈ.ਟੀ., ਈ.ਡੀ, ਸੀ.ਬੀ.ਆਈ. ਦੀ ਪਿਛਲੇ 5 ਵਰਿ੍ਹਆਂ ਦੌਰਾਨ ਪੱਖਪਾਤੀ ਤੇ ਖਤਰਨਾਕ ਢੰਗ ਨਾਲ ਵਰਤੋਂ ਕੀਤੀ ਗਈ ਹੈ। ਅਭਿਸ਼ੇਕ ਸਿੰਘਵੀ ਨੇ ਵੀ ਕਿਹਾ ਕਿ ਪੰਜ ਫੀਸਦੀ ਜੀ.ਡੀ.ਪੀ. ‘ਮੋਦੀ ਬੂਸਟਰ‘ ਲੱਗਣ ਤੋਂ ਬਾਅਦ ਹੈ ਜੋ ਕਿ ਅਸਲ ‘ਚ 3 ਫੀਸਦੀ ਹੈ।
__________________________
ਵਿਕਾਸ ਦਰ 7 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਉਤੇ
ਨਵੀਂ ਦਿੱਲੀ: ਦੇਸ਼ ਦੀ ਆਰਥਿਕ ਵਿਕਾਸ ਦਰ 2019-20 ਦੀ ਅਪਰੈਲ-ਜੂਨ ਤਿਮਾਹੀ ਵਿਚ ਘਟ ਕੇ 5 ਫੀਸਦੀ ਰਹਿ ਗਈ ਹੈ। ਇਹ ਪਿਛਲੇ ਸੱਤ ਸਾਲਾਂ ‘ਚ ਸਭ ਤੋਂ ਹੇਠਲੇ ਪੱਧਰ ਉਤੇ ਹੈ। ਉਤਪਾਦਨ ਖੇਤਰ ‘ਚ ਗਿਰਾਵਟ ਅਤੇ ਖੇਤੀਬਾੜੀ ਉਤਪਾਦਨ ਦੀ ਸੁਸਤ ਰਫਤਾਰ ਨਾਲ ਜੀ.ਡੀ.ਪੀ. ਵਿਕਾਸ ਦਰ ‘ਚ ਇਹ ਗਿਰਾਵਟ ਆਈ ਹੈ।
ਜਾਰੀ ਅਧਿਕਾਰਕ ਅੰਕੜਿਆਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ 2012-13 ਦੇ ਅਪਰੈਲ-ਜੂਨ ਦੇ ਸਮੇਂ ‘ਚ ਦੇਸ਼ ਦੀ ਆਰਥਿਕ ਵਿਕਾਸ ਦਰ ਸਭ ਤੋਂ ਹੇਠਲੇ ਪੱਧਰ 4.9 ਫੀਸਦੀ ‘ਤੇ ਰਹੀ ਸੀ। ਇਕ ਸਾਲ ਪਹਿਲਾਂ 2018-19 ਦੀ ਪਹਿਲੀ ਤਿਮਾਹੀ ‘ਚ ਆਰਥਿਕ ਵਿਕਾਸ ਦਰ 8 ਫੀਸਦੀ ਸੀ, ਜਦੋਂਕਿ ਇਸ ਤੋਂ ਪਿਛਲੀ ਤਿਮਾਹੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਨਵਰੀ ਤੋਂ ਮਾਰਚ 2019 ਦੀ ਤਿਮਾਹੀ ‘ਚ ਵਿਕਾਸ ਦਰ 5.8 ਫੀਸਦੀ ਦਰਜ ਕੀਤੀ ਗਈ ਸੀ। ਰਿਜ਼ਰਵ ਬੈਂਕ ਨੇ ਜੂਨ ਵਿਚ ਹੋਈ ਮੌਦ੍ਰਿਕ ਸਮੀਖਿਆ ‘ਚ ਚਾਲੂ ਵਿੱਤੀ ਸਾਲ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ 7 ਫੀਸਦੀ ਤੋਂ ਘਟ ਕੇ 6.9 ਫੀਸਦੀ ਕਰ ਦਿੱਤਾ ਸੀ। ਕੇਂਦਰੀ ਬੈਂਕ ਨੇ ਵਿੱਤੀ ਸਾਲ ਦੀ ਪਹਿਲੀ ਛਿਮਾਹੀ ‘ਚ ਜੀ.ਡੀ.ਪੀ. ਵਿਕਾਸ ਦਰ ਦੇ 5.8 ਫੀਸਦੀ ਤੋਂ 6.6 ਫੀਸਦੀ ਤੇ ਦੂਸਰੀ ਛਿਮਾਹੀ ‘ਚ 7.3 ਫੀਸਦੀ ਤੋਂ 7.5 ਫੀਸਦੀ ਦੇ ਦਾਇਰੇ ਵਿਚ ਰਹਿਣ ਦਾ ਅਨੁਮਾਨ ਪ੍ਰਗਟਾਇਆ ਹੈ। ਸਾਲ 2019 ਦੇ ਅਪਰੈਲ-ਜੂਨ ਦੇ ਸਮੇਂ ‘ਚ ਚੀਨ ਦੀ ਆਰਥਿਕ ਵਿਕਾਸ ਦਰ 6.2 ਫੀਸਦੀ ਰਹੀ ਹੈ ਜੋ ਪਿਛਲੇ 27 ਸਾਲ ‘ਚ ਸਭ ਤੋਂ ਘੱਟ ਹੈ।