ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਵਿਚ ‘ਆਮ ਆਦਮੀ ਆਰਮੀ` ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਤਹਿਤ ਪਿੰਡ ਪੱਧਰ ਤੱਕ ‘ਆਰਮੀ` ਦਾ ਗਠਨ ਕੀਤਾ ਜਾਵੇਗਾ ਅਤੇ ਹਰੇਕ ਪਿੰਡ ਵਿਚ ਇਕ-ਇਕ ‘ਸੈਨਾਪਤੀ` ਵੀ ਨਿਯੁਕਤ ਕੀਤਾ ਜਾਵੇਗਾ। ਪਾਰਟੀ ਨੇ ਇਸ ਨਾਮ ਹੇਠ ਸੂਬਾ ਪੱਧਰੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।
ਇਸ ਤੋਂ ਇਲਾਵਾ ਕੋਰ ਕਮੇਟੀ ਦੀ ਮੀਟਿੰਗ ਵਿਚ ਸੂਬੇ ਵਿਚ ਅਗਲੇ ਦਿਨੀਂ ਹੋਣ ਵਾਲੀਆਂ ਸਾਰੀਆਂ ਉਪ ਚੋਣਾਂ ਲੜਨ ਦਾ ਫੈਸਲਾ ਵੀ ਲਿਆ ਗਿਆ ਹੈ।
ਦੱਸਣਯੋਗ ਹੈ ਕਿ ‘ਆਪ` ਦੇ ਵਿਧਾਇਕ ਐਚ.ਐਸ. ਫੂਲਕਾ ਦੇ ਅਸਤੀਫਾ ਦੇਣ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਵਿਧਾਇਕ ਸੁਖਬੀਰ ਸਿੰਘ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸੋਮ ਪ੍ਰਕਾਸ਼ ਦੇ ਸੰਸਦ ਮੈਂਬਰ ਬਣਨ ਅਤੇ ਕਾਂਗਰਸ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਹੋਣ ਕਾਰਨ ਕ੍ਰਮਵਾਰ ਵਿਧਾਨ ਸਭਾ ਹਲਕਾ ਦਾਖਾ, ਜਲਾਲਾਬਾਦ, ਫਗਵਾੜਾ ਅਤੇ ਮੁਕੇਰੀਆਂ ਵਿਚ ਕਿਸੇ ਵੇਲੇ ਵੀ ਜ਼ਿਮਨੀ ਚੋਣਾਂ ਹੋ ਸਕਦੀਆਂ ਹਨ। ਇਸੇ ਤਰ੍ਹਾਂ ‘ਆਪ` ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਕਾਂਗਰਸ ਵਿਚ ਸ਼ਾਮਲ ਹੋਣ ਅਤੇ ਸੁਖਪਾਲ ਖਹਿਰਾ ਤੇ ਮਾਸਟਰ ਬਲਦੇਵ ਸਿੰਘ ਦੀ ਮੈਂਬਰਸ਼ਿਪ ਖਾਰਜ ਕਰਨ ਦੇ ਚੱਲ ਰਹੇ ਮਾਮਲਿਆਂ ਕਾਰਨ ਕ੍ਰਮਵਾਰ ਰੋਪੜ, ਮਾਨਸਾ, ਭੁਲੱਥ ਅਤੇ ਜੈਤੋ ਵਿਚ ਵੀ ਜ਼ਿਮਨੀ ਚੋਣਾਂ ਹੋਣ ਦੇ ਆਸਾਰ ਹਨ।
ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ-ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਸਮੇਤ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਵਿਚ ਇਸ ਟ੍ਰਿਪਲ ਏ (ਆਮ ਆਦਮੀ ਆਰਮੀ) ਦੀ ਮੈਂਬਰਸ਼ਿਪ ਮੁਹਿੰਮ ਦਾ ਐਲਾਨ ਕੀਤਾ। ਇਸ ਮੌਕੇ ‘ਆਮ ਆਦਮੀ ਆਰਮੀ` ਦੇ ਮਿਸ਼ਨ ਅਤੇ ਉਦੇਸ਼ਾਂ ਬਾਰੇ ਕਿਤਾਬਚਾ ਅਤੇ ਰਿਕਾਰਡ ਬੁੱਕ ਜਾਰੀ ਕੀਤੀ ਗਈ। ਸ੍ਰੀ ਮਾਨ ਨੇ ਦੱਸਿਆ ਕਿ ਮੈਂਬਰਸ਼ਿਪ ਮੁਹਿੰਮ ਦੌਰਾਨ ਹਰ ਪਿੰਡ ਅਤੇ ਸ਼ਹਿਰ-ਮੁਹੱਲੇ ਵਿਚ ਆਮ ਆਦਮੀ ਆਰਮੀ ਦੀ ਟੀਮ ਆਪਣੇ ਲੀਡਰ ਦੀ ਖੁਦ ਚੋਣ ਕਰੇਗੀ। ਉਨ੍ਹਾਂ ਕਿਹਾ ਕਿ ਬਾਦਲਾਂ ਅਤੇ ਕੈਪਟਨ ਦੇ ਕਥਿਤ ਮਾਫੀਆ ਰਾਜ ਖਿਲਾਫ ਆਮ ਆਦਮੀ ਆਰਮੀ ਦੇ ਯੋਧੇ ਸਿਵਲ ਆਰਮੀ ਵਾਂਗ ਲੜਨਗੇ।
ਭਗਵੰਤ ਮਾਨ ਨੇ 39 ਅਬਜਰਵਰਾਂ ਅਤੇ 3 ਕੋ-ਅਬਜਰਵਰਾਂ ਦੀ ਸੂਚੀ ਵੀ ਜਾਰੀ ਕੀਤੀ ਅਤੇ ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਸੂਬਾ ਕਮੇਟੀ ਦਾ ਐਲਾਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਹਰੇਕ ਅਬਜ਼ਰਵਰ 3 ਵਿਧਾਨ ਸਭਾ ਹਲਕਿਆਂ ਦੀ ਨਿਗਰਾਨੀ ਕਰੇਗਾ ਅਤੇ ਇਨ੍ਹਾਂ ਉੱਪਰ ਸੂਬਾ ਕਮੇਟੀ ਨਿਗਰਾਨ ਵਜੋਂ ਕੰਮ ਕਰੇਗੀ। ਇਹ ਟੀਮ ਆਮ ਆਦਮੀ ਆਰਮੀ ਮੈਂਬਰਸ਼ਿਪ ਮੁਹਿੰਮ ਦੇ ਨਾਲ-ਨਾਲ ਬਿਜਲੀ ਮੋਰਚੇ ਅਤੇ ਭਵਿੱਖ ਦੀਆਂ ਹੋਰ ਗਤੀਵਿਧੀਆਂ ਲਈ ਸਰਗਰਮ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਲੋਕ ਹੜ੍ਹ, ਸੋਕੇ, ਕੈਂਸਰ, ਨਸ਼ਿਆਂ ਅਤੇ ਕਰਜ਼ੇ ਨਾਲ ਮਰ ਰਹੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਟਵਿੱਟਰ ‘ਤੇ ਟਵੀਟ-ਟਵੀਟ ਖੇਡ ਰਹੇ ਹਨ।
__________________________
ਹੁਣ ਵਿਧਾਇਕ ਅਮਨ ਅਰੋੜਾ ਨੇ ਤਿੱਖੇ ਕੀਤੇ ਬਾਗੀ ਸੁਰ
ਚੰਡੀਗੜ੍ਹ: ਬਗਾਵਤਾਂ ਤੇ ਟੁੱਟ-ਭੱਜ ਵਿਚ ਉਲਝੀ ਆਮ ਆਦਮੀ ਪਾਰਟੀ (ਆਪ) ਨੇ ਹੁਣ ਵਿਧਾਇਕ ਅਮਨ ਅਰੋੜਾ ਨੂੰ ਪਾਰਟੀ ‘ਚੋਂ ‘ਛੇਕਣ‘ ਦੀ ਤਿਆਰੀ ਕੱਸ ਲਈ ਜਾਪਦੀ ਹੈ। ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਵਿਧਾਇਕ ਵੱਲੋਂ 31 ਅਗਸਤ ਨੂੰ ਪਾਰਟੀ ਵਿਰੁੱਧ ਦਿੱਤੇ ਬਿਆਨ ਦਾ ਗੰਭੀਰ ਨੋਟਿਸ ਲਿਆ ਹੈ। ਸ੍ਰੀ ਅਰੋੜਾ ਨੇ ਬਰਗਾੜੀ ਕਾਂਡ ਬਾਰੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਸਮੇਤ ਪਾਰਟੀ ਦੇ 9 ਵਿਧਾਇਕਾਂ ਵੱਲੋਂ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਸੀ।
ਪਾਰਟੀ ਨੇ ਅਮਨ ਅਰੋੜਾ ਨੂੰ ਪੰਜਾਬ ਵਿਚ ਚਲਾਏ ਜਾ ਰਹੇ ਬਿਜਲੀ ਅੰਦੋਲਨ ਦਾ ਮੁਖੀ ਬਣਾਇਆ ਸੀ। ਸ੍ਰੀ ਅਰੋੜਾ ਨੇ ਸਾਰੇ ਪੰਜਾਬ ਵਿਚ ਇਸ ਸਬੰਧੀ ਸਰਗਰਮੀਆਂ ਵੀ ਵਿੱਢ ਦਿੱਤੀਆਂ ਸਨ। ਪਾਰਟੀ ਨੇ ਸ੍ਰੀ ਅਰੋੜਾ ਨੂੰ ਇਸ ਮਾਮਲੇ ਵਿਚ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਕਰਨ ਦਾ ਫੈਸਲਾ ਵੀ ਲੈ ਲਿਆ ਸੀ। ਇਸ ਦੌਰਾਨ ‘ਆਪ` ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾਟਕੀ ਢੰਗ ਨਾਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦੀ ਦਿੱਲੀ ਵਿਚ ਹੰਗਾਮੀ ਮੀਟਿੰਗ ਸੱਦ ਲਈ। ਮੀਟਿੰਗ ਦੌਰਾਨ ਸ੍ਰੀ ਅਰੋੜਾ ਕੋਲੋਂ ਬਿਜਲੀ ਅੰਦੋਲਨ ਦੀ ਕਮਾਂਡ ਖੋਹ ਕੇ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੂੰ ਸੌਂਪ ਦਿੱਤੀ ਗਈ। ਉਸੇ ਦਿਨ ਤੋਂ ਸ੍ਰੀ ਅਰੋੜਾ ਨੇ ਪਾਰਟੀ ਨਾਲੋਂ ਦੂਰੀਆਂ ਵਧਾਉਂਦਿਆਂ ਆਪਣੀਆਂ ਸਰਗਰਮੀਆਂ ਵੱਖਰੇ ਤੌਰ `ਤੇ ਸ਼ੁਰੂ ਕਰ ਦਿੱਤੀਆਂ। ਉਹ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ 28 ਅਗਸਤ ਨੂੰ ਸੱਦੀ ਸੂਬਾਈ ਮੀਟਿੰਗ `ਚੋਂ ਵੀ ਗੈਰਹਾਜ਼ਰ ਰਹੇ।