ਜਲੰਧਰ: ਸਤਲੁਜ ਦਰਿਆ ਦੇ ਹੜ੍ਹ ਨਾਲ ਮੱਚੀ ਤਬਾਹੀ ਦੀਆਂ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਇਸ ਤਬਾਹੀ ਨਾਲ ਜਿਥੇ ਕਿਸਾਨਾਂ ਦੀ ਵੱਡੇ ਪੱਧਰ ‘ਤੇ ਝੋਨੇ ਦੀ ਫਸਲ ਬਰਬਾਦ ਹੋ ਗਈ, ਉਥੇ ਪਿੰਡਾਂ ਵਿਚ ਪਾਣੀ ਵੜਨ ਨਾਲ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਜਾਨੀਆਂ ਚਾਹਲ ਦੇ ਤਿੰਨ ਕਿਸਾਨ ਭਰਾਵਾਂ ਦੀ ਚਾਰ ਏਕੜ ਜ਼ਮੀਨ ਹੀ ਦਰਿਆ ਰੋੜ੍ਹ ਕੇ ਲੈ ਗਿਆ।
ਕਿਸਾਨ ਭਜਨ ਸਿੰਘ ਅਤੇ ਉਸ ਦੇ ਚਾਰ ਭਰਾ ਬਲਕਾਰ ਸਿੰਘ, ਬਲਦੇਵ ਸਿੰਘ, ਨਿਰੰਜਣ ਸਿੰਘ ਅਤੇ ਜਗਤਾਰ ਸਿੰਘ ਡੇਰੇ ਵਿਚ ਇਕੱਠੇ ਰਹਿੰਦੇ ਹਨ। ਜਿਥੇ ਜਾਨੀਆਂ ਚਾਹਲ ਦਾ ਸਭ ਤੋਂ ਭਿਆਨਕ ਬੰਨ੍ਹ ਟੁੱਟਾ ਸੀ, ਉਨ੍ਹਾਂ ਦਾ ਘਰ ਉਥੋਂ ਥੋੜ੍ਹੇ ਫਾਸਲੇ ‘ਤੇ ਹੈ। ਇਸ ਪਾੜ ਤੋਂ ਸਤਲੁਜ ਦਾ ਪਾਣੀ ਏਨੀ ਤੇਜ਼ੀ ਨਾਲ ਵਗ ਰਿਹਾ ਸੀ ਕਿ ਉਸ ਦੇ ਸਾਹਮਣੇ ਜਿਹੜੀ ਚੀਜ਼ ਵੀ ਆਈ, ਉਸ ਨੂੰ ਤਬਾਹ ਕਰ ਦਿੱਤਾ। ਭਜਨ ਸਿੰਘ ਅਤੇ ਉਸ ਦੇ ਭਰਾ ਬਲਕਾਰ ਸਿੰਘ ਨੇ ਦੱਸਿਆ ਕਿ ਹਫਤੇ ਬਾਅਦ ਜਦੋਂ ਪਾਣੀ ਘਟਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਥੋਂ ਦੀ ਦਰਿਆ ਨੇ ਵਹਿਣ ਬਦਲਿਆ ਸੀ, ਉਥੇ ਉਨ੍ਹਾਂ ਦੇ ਭਰਾਵਾਂ ਦੀ ਚਾਰ ਏਕੜ ਜ਼ਮੀਨ ਵਿਚ ਐਨੇ ਡੂੰਘੇ ਟੋਏ ਪੈ ਗਏ ਹਨ ਕਿ ਉਥੇ ਖੇਤ ਬਚੇ ਹੀ ਨਹੀਂ ਹਨ। ਇਨ੍ਹਾਂ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਖੇਤਾਂ ਵਿਚ 15 ਤੋਂ 25 ਫੁੱਟ ਤੱਕ ਡੂੰਘੇ ਟੋਏ ਪੈ ਗਏ ਹਨ। ਹੁਣ ਇਥੇ ਫਸਲ ਹੋਣੀ ਅਸੰਭਵ ਹੈ।
ਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਵਾਰ ਤਾਂ ਲੱਗਣ ਲੱਗ ਪਿਆ ਸੀ ਕਿ ਉਨ੍ਹਾਂ ਦਾ ਸਾਰਾ ਟੱਬਰ ਹੀ ਰੁੜ੍ਹ ਜਾਵੇਗਾ। ਹੜ੍ਹ ਦੀ ਪਹਿਲੀ ਰਾਤ ਉਹ ਸੌਂ ਨਹੀਂ ਸਕੇ ਤੇ ਉਨ੍ਹਾਂ ਨੂੰ ਸ਼ੂਕਦਾ ਪਾਣੀ ਹੀ ਡਰਾ ਰਿਹਾ ਸੀ। ਜਦੋਂ ਸਵੇਰ ਹੋਈ ਤਾਂ ਦੇਖਿਆ ਕਿ ਹਰ ਪਾਸੇ ਪਾਣੀ ਹੀ ਪਾਣੀ ਸੀ ਤੇ ਫਸਲਾਂ ਦਾ ਕਿਧਰੇ ਕੋਈ ਨਾਂ ਨਿਸ਼ਾਨ ਨਜ਼ਰ ਨਹੀਂ ਸੀ ਆ ਰਿਹਾ। ਬਲਕਾਰ ਸਿੰਘ ਦੇ ਪੁੱਤਰ ਮਨਦੀਪ ਸਿੰਘ ਨੇ ਦੱਸਿਆ ਕਿ ਘਰ ਵਿਚ ਪਏ ਕਣਕ ਦੇ ਡਰੰਮਾਂ ਵਿਚੋਂ ਵੀ ਕਣਕ ਕੱਢਣ ਦਾ ਸਮਾਂ ਨਹੀਂ ਸੀ ਮਿਲਿਆ। ਪਾਣੀ ਪੈਣ ਨਾਲ ਚਾਰ ਡਰੰਮਾਂ ਵਿਚ ਪਈਆਂ ਕਣਕ ਦੀਆਂ 40 ਬੋਰੀਆਂ ਖਰਾਬ ਹੋ ਗਈਆਂ ਹਨ।
ਇਸ ਤੋਂ ਇਲਾਵਾ ਜਿਹੜੇ ਕਿਸਾਨਾਂ ਦੇ ਖੇਤਾਂ ਵਿਚ ਢਾਈ ਤੋਂ ਤਿੰਨ ਫੁੱਟ ਤੱਕ ਹੜ੍ਹ ਨਾਲ ਰੇਤ ਚੜ੍ਹ ਗਿਆ ਹੈ ਉਨ੍ਹਾਂ ਨੂੰ ਕਣਕ ਬੀਜਣ ਦੀ ਚਿੰਤਾ ਹੁਣ ਤੋਂ ਹੀ ਸਤਾਉਣ ਲੱਗੀ ਹੈ। ਕਿਸਾਨਾਂ ਦਾ ਸਭ ਤੋਂ ਵੱਧ ਨੁਕਸਾਨ ਜਾਨੀਆਂ ਚਾਹਲ ਦੇ ਟੁੱਟੇ ਹੋਏ ਬੰਨ੍ਹ ਨੇ ਕੀਤਾ ਹੈ। ਜਿਹੜੇ ਕਿਸਾਨਾਂ ਦੀ ਜ਼ਮੀਨ ਪਾੜ ਦੇ ਬਿਲਕੁਲ ਨੇੜੇ ਸੀ, ਉਥੇ ਨੁਕਸਾਨ ਵੀ ਸਭ ਤੋਂ ਵੱਧ ਹੋਇਆ ਹੈ। ਕਿਸਾਨ ਸਰਬਜੀਤ ਸਿੰਘ ਦੇ ਸਾਰੇ ਖੇਤਾਂ ਵਿਚ ਰੇਤਾ ਚੜ੍ਹ ਗਿਆ ਹੈ ਜਿਸ ਨੇ ਝੋਨੇ ਦੀ ਫਸਲ ਨੂੰ ਤਾਂ ਦੱਬ ਹੀ ਲਿਆ ਹੈ ਤੇ ਅੱਗਿਉਂ ਕਣਕ ਬੀਜਣ ਤੱਕ ਇਹ ਖੇਤ ਖਾਲੀ ਵੀ ਹੋ ਸਕਣਗੇ, ਇਸ ਦੀ ਚਿੰਤਾ ਸਤਾਉਣ ਲੱਗ ਪਈ ਹੈ। ਜਾਨੀਆਂ ਚਾਹਲ ਦੇ ਨੌਜਵਾਨ ਕਿਸਾਨ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਫਿਕਰ ਵੱਢ-ਵੱਢ ਕੇ ਖਾ ਰਿਹਾ ਹੈ ਕਿ ਰੇਤਾ ਚੁੱਕਣ ‘ਤੇ ਜਿਹੜਾ ਖਰਚਾ ਆਵੇਗਾ ਉਸ ਨੂੰ ਉਹ ਕਿਵੇਂ ਪੂਰਾ ਕਰੇਗਾ। ਉਸ ਦਾ ਕਹਿਣਾ ਸੀ ਕਿ ਦਰਿਆ ਦੇ ਧੁੱਸੀ ਬੰਨ੍ਹ ਤੋਂ ਲੈ ਕੇ ਇਕ ਕਿਲੋਮੀਟਰ ਦੇ ਇਲਾਕੇ ਵਿਚ ਰੇਤਾ ਖੇਤਾਂ ਵਿੱਚ ਫੈਲ ਗਿਆ ਹੈ। ਕਿਸਾਨ ਮਨਦੀਪ ਸਿੰਘ ਦੀ ਜ਼ਮੀਨ ਵੀ ਹੜ੍ਹ ਨਾਲ ਆਏ ਰੇਤੇ ਦੀ ਮਾਰ ਹੇਠਾਂ ਆਈ ਹੋਈ ਹੈ। ਉਸ ਨੇ ਕਰੇਲੇ ਬੀਜੇ ਸਨ ਤੇ ਸਬਜ਼ੀ ਹੀ ਰੋਜ਼ਾਨਾ ਦੀ ਅਮਦਨੀ ਦਾ ਵੱਡਾ ਸਾਧਨ ਬਣੀ ਹੋਈ ਸੀ। ਸਾਰਾ ਕੁਝ ਹੜ੍ਹ ਨਾਲ ਆਏ ਰੇਤੇ ਨੇ ਬਰਬਾਦ ਕਰ ਦਿੱਤਾ। ਪੱਠੇ ਕੁਤਰਨ ਵਾਲੀ ਮਸ਼ੀਨ ਵੀ ਹੜ੍ਹ ਨੇ ਪੁੱਟ ਸੁੱਟੀ ਸੀ ਤੇ ਉਥੇ ਨਾਲ ਹੀ ਵੱਡਾ ਸਾਰਾ ਟੋਆ ਪੈ ਗਿਆ ਹੈ। ਹੜ੍ਹ ਨਾਲ ਮਿੱਟੀ ਆਉਂਦੀ ਤਾਂ ਕੋਈ ਨੁਕਸਾਨ ਨਹੀਂ ਸੀ ਹੋਣਾ ਪਰ ਰੇਤੇ ਨੇ ਸਾਰੇ ਸੁਫਨੇ ਹੀ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤੇ ਹਨ।
______________________________
ਹੜ੍ਹ ਪੀੜਤਾਂ ਦੀ ਬਾਂਹ ਫੜਨ ਲਈ ਅੱਗੇ ਆਈ ਸ਼੍ਰੋਮਣੀ ਕਮੇਟੀ
ਸ੍ਰੀ ਆਨੰਦਪੁਰ ਸਾਹਿਬ: ਜ਼ਿਲ੍ਹਾ ਰੂਪਨਗਰ ਅੰਦਰ ਆਏ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ ਜਿਸ ਤਹਿਤ ਹੜ੍ਹ ਪੀੜਤ ਪਰਿਵਾਰਾਂ ਦੀ ਸਿਹਤ ਤੇ ਬੱਚਿਆਂ ਸਿੱਖਿਆ ਲਈ ਮੁਫਤ ਕਿਤਾਬਾਂ ਤੇ ਕਾਪੀਆਂ ਵੰਡਣ ਦਾ ਫੈਸਲਾ ਕਮੇਟੀ ਵੱਲੋਂ ਕੀਤਾ ਗਿਆ ਹੈ। ਹੜ੍ਹ ਪੀੜਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੀ ਪਲੇਠੀ ਬੈਠਕ ਤਖਤ ਸ੍ਰੀ ਕੇਸਗੜ੍ਹ ਸਾਹਿਬ ‘ਚ ਹੋਈ। ਬੈਠਕ ‘ਚ ਅਧਿਕਾਰੀਆਂ ਤੋਂ ਨੁਕਸਾਨੇ ਗਏ ਪਿੰਡਾਂ ਅਤੇ ਲੋਕਾਂ ਦੀਆਂ ਮੁੱਖ ਲੋੜਾਂ ਬਾਰੇ ਜਾਣਕਾਰੀ ਲਈ ਗਈ ਜਿਸ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ ਇਸ ਵੇਲੇ ਲੋਕਾਂ ਨੂੰ ਮੁੱਖ ਲੋੜ ਸਿਹਤ ਸਹੂਲਤਾਂ ਦੀ ਹੈ ਜਾਂ ਤਾਂ ਬੱਚਿਆਂ ਦੀ ਸਿੱਖਿਆ ਨਾਲ ਸਬੰਧਤ ਸਾਮਾਨ ਦੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਮੈਡੀਕਲ ਵੈਨਾਂ ਭੇਜ ਕੇ ਮੁਫਤ ਦਵਾਈਆਂ ਵੰਡਣ ਤੇ ਲੋਕਾਂ ਦੇ ਇਲਾਜ ਲਈ ਕੈਂਪ ਲਗਾਏ ਜਾਣਗੇ ਉਥੇ ਹੀ ਹੜ੍ਹ ਮਾਰੇ ਪਿੰਡਾਂ ਦੇ ਬੱਚਿਆਂ ਨੂੰ ਮੁਫਤ ਕਾਪੀਆਂ ਤੇ ਕਿਤਾਬਾਂ ਵੰਡੀਆਂ ਜਾਣਗੀਆਂ ਤਾਂ ਜੋ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਣ।
______________________________________
ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਜਾਗੀ ਸਰਕਾਰ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਹੜ੍ਹ ਪੀੜਿਤ ਇਲਾਕਿਆਂ ਦੇ ਲੋਕਾਂ ਦੇ ਮੁੜ ਵਸੇਬੇ ਤੇ ਰਾਹਤ ਕਾਰਜਾਂ ਲਈ ਰੱਖੇ 475.56 ਕਰੋੜ ਰੁਪਏ ਦੀ ਵਰਤੋਂ ਲਈ ਵਿਆਪਕ ਯੋਜਨਾ ਤਿਆਰ ਕੀਤੀ ਜਾਵੇ। ਇਸ ਵਿਚੋਂ 242.33 ਕਰੋੜ ਰੁਪਏ ਤਬਾਹ ਹੋ ਚੁੱਕੇ ਬੁਨਿਆਦੀ ਢਾਂਚੇ, ਰਾਹਤ ਅਪਰੇਸ਼ਨਾਂ ਅਤੇ 233.23 ਕਰੋੜ ਰੁਪਏ ਨੁਕਸਾਨ ਦਾ ਅੰਦਾਜ਼ਾ ਮਿਲਣ ਤੋਂ ਬਾਅਦ ਥੋੜੇ ਅਤੇ ਲੰਮੇ ਸਮੇਂ ਦੀਆਂ ਯੋਜਨਾਵਾਂ ਲਈ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਆਖਿਆ ਕਿ ਬੁਨਿਆਦੀ ਢਾਂਚੇ ਨੂੰ ਪਹਿਲ ਦੇ ਅਧਾਰ ‘ਤੇ ਬਣਾਇਆ ਜਾਵੇ। ਕੈਪਟਨ ਨੇ ਆਫਤ ਪ੍ਰਬੰਧਨ ਗਰੁੱਪ ਦੀ ਅਗਵਾਈ ਕਰ ਰਹੇ ਮੁੱਖ ਸਕੱਤਰ ਨੂੰ ਹੜ੍ਹਾਂ ਤੋਂ ਬਾਅਦ ਬੁਨਿਆਦੀ ਢਾਂਚੇ ਦੇ ਕੰਮਾਂ ਵਿਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਉਣ ਲਈ ਆਖਿਆ। 475.56 ਕਰੋੜ ਰੁਪਏ ਵਿਚੋਂ 68.75 ਕਰੋੜ ਰੁਪਏ ਰੂਪ ਨਗਰ ਜ਼ਿਲ੍ਹੇ ਲਈ, ਮੋਗਾ ਲਈ 91.38 ਕਰੋੜ ਰੁਪਏ, ਜਲੰਧਰ ਲਈ 119.85 ਕਰੋੜ ਰੁਪਏ, ਕਪੂਰਥਲਾ ਲਈ 189.62 ਕਰੋੜ ਰੁਪਏ, ਫਾਜ਼ਿਲਕਾ ਲਈ 54 ਲੱਖ ਰੁਪਏ ਅਤੇ ਫਿਰੋਜ਼ਪੁਰ ਲਈ 5.42 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ।
ਕੈਪਟਨ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਨੂੰ ਆਖਿਆ ਕਿ ਖੇਤੀ ਜ਼ਮੀਨ ਨੂੰ ਮੁੜ ਵਰਤੋਂ ਯੋਗ ਬਣਾਇਆ ਜਾਵੇ। ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਵੱਲੋਂ ਸਹਿਕਾਰੀ ਬੈਂਕਾਂ ਤੋਂ ਚੁੱਕੇ ਫਸਲੀ ਕਰਜ਼ੇ ਦੀ ਵਸੂਲੀ ਅੱਗੇ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਵਪਾਰਕ ਬੈਂਕਾਂ ਵੱਲੋਂ ਵੀ ਅਜਿਹਾ ਹੀ ਫੈਸਲਾ ਲੈਣ ਲਈ ਉਹ ਇਸ ਮਸਲੇ ਨੂੰ ਭਾਰਤ ਸਰਕਾਰ ਕੋਲ ਉਠਾਉਣਗੇ।
_______________________
ਭਾਖੜਾ ਡੈਮ ਤੋਂ ਪਾਣੀ ਛੱਡਣ ਬਾਰੇ ਜਾਂਚ ਹੋਵੇ: ਜਥੇਦਾਰ
ਅੰਮ੍ਰਿਤਸਰ: ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੜ੍ਹਾਂ ਕਾਰਨ ਪੰਜਾਬ ‘ਚ ਹੋਈ ਤਬਾਹੀ ਦੇ ਮਾਮਲੇ ਦੀ ਜਾਂਚ ਕਰਾਉਣ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਹ ਮਾਮਲਾ ਚਿੰਤਾ ਦਾ ਵਿਸ਼ਾ ਹੈ ਕਿ ਇਹ ਤਬਾਹੀ ਕੁਦਰਤੀ ਆਫਤ ਨਾਲ ਹੋਈ ਹੈ ਜਾਂ ਭਾਖੜਾ ਡੈਮ ਬੋਰਡ ਮੈਨੇਜਮੈਂਟ ਦੀ ਅਣਗਹਿਲੀ ਕਾਰਨ। ਇਹ ਸੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਲਿਆਉਣ ਲਈ ਸਮੁੱਚੇ ਘਟਨਾਕ੍ਰਮ ਦੀ ਜਾਂਚ ਕਰਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਖੜਾ ਡੈਮ ਬੋਰਡ ਮੈਨੇਜਮੈਂਟ ਦੀ ਭਰੋਸੇਯੋਗਤਾ ਬਹਾਲ ਕਰਨਾ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਉਸ ਵੇਲੇ ਮਾਲਵਾ ਖੇਤਰ ਦਾ ਇਕ ਹਿੱਸਾ ਨਹਿਰੀ ਪਾਣੀ ਦੀ ਕਟੌਤੀ ਨਾਲ ਜੂਝ ਰਿਹਾ ਸੀ। ਉਸ ਵੇਲੇ ਭਾਖੜਾ ਲਾਈਨ ਨਹਿਰ, ਰਾਜਸਥਾਨ ਨੂੰ ਪਾਣੀ ਦੇਣ ਵਾਲੀ ਗੰਗ ਕਨਾਲ ਸਣੇ ਮਾਲਵੇ ਨੂੰ ਜਾਂਦੀਆਂ ਅੱਧੀ ਦਰਜਨ ਨਹਿਰਾਂ ਬੰਦ ਰੱਖੀਆਂ ਗਈਆਂ ਹਨ। ਇਸ ਦੌਰਾਨ ਉਨ੍ਹਾਂ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀਆਂ ਵੱਲੋਂ ਹੜ੍ਹ ਪੀੜਤਾਂ ਲਈ ਭੇਜੀ ਮਦਦ ਦੀ ਸ਼ਲਾਘਾ ਕੀਤੀ ਹੈ।