ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਰੂਹਾਨੀ ਪ੍ਰਕਾਸ਼` ਸਮਾਗਮ ਇਥੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰਦਿਆਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਜਿਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਉਹ ਭਾਰਤ ਵਿਚ ਨਹੀਂ ਹੈ, ਕਰਤਾਰਪੁਰ ਸਾਹਿਬ ਵੀ ਭਾਰਤ ਵਿਚ ਨਹੀਂ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਰੀਰ ਤਿਆਗਿਆ।
ਉਨ੍ਹਾਂ ਕਿਹਾ ਕਿ ਅਸੀਂ ਅਜਿਹੀ ਵਿਵਸਥਾ ਕਰ ਰਹੇ ਹਾਂ ਕਿ ਭਾਰਤ ਵਿਚ ਰਹਿਣ ਵਾਲੇ ਸਿੱਖ ਭੈਣ ਭਰਾ ਜੇ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਚਾਹੁਣ ਤਾਂ ਜਾ ਕੇ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਸਥਾਈ ਵਿਵਸਥਾ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਬਾਰੇ ਕੋਈ ਵੀ ਇਹ ਸੱਚਾਈ ਨਕਾਰ ਨਹੀਂ ਸਕਦਾ ਕਿ ਭਾਰਤ ਦੀ ਰਾਖੀ ਕਰਨ ਵਿਚ ਸਭ ਤੋਂ ਵੱਧ ਯੋਗਦਾਨ ਤੇ ਬਲੀਦਾਨ ਸਿੱਖ ਸਮਾਜ ਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਜੇ ਕੋਈ ਵੱਡਾ ਭਰਾ ਹੈ ਤਾਂ ਸਿੱਖ ਸਮਾਜ ਹੈ, ਜੇ ਸਿੱਖ ਸਮਾਜ ਨਾ ਹੁੰਦਾ, ਸਿੱਖ ਧਰਮ ਨੂੰ ਮੰਨਣ ਵਾਲੇ ਨਾ ਹੁੰਦੇ ਤਾਂ ਭਾਰਤ ਦਾ ਮਾਣ- ਸਤਿਕਾਰ ਤੇ ਸਭਿਆਚਾਰ ਵੀ ਨਹੀਂ ਰਹਿਣਾ ਸੀ ਤੇ ਨਾ ਸਾਡਾ ਰਾਸ਼ਟਰ ਸੁਰੱਖਿਅਤ ਰਹਿੰਦਾ। ਉਨ੍ਹਾਂ ਕਿਹਾ ਕਿ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿਚ ਜਨ ਸੰਖਿਆ ਦੇ ਅਨੁਪਾਤ ਵਿਚ ਇਸ ਦੇਸ਼ ਦੀ ਸੁਰੱਖਿਆ ਵਾਸਤੇ ਸਭ ਤੋਂ ਵੱਧ ਯੋਗਦਾਨ ਤੇ ਬਲਦਾਨ ਸਿੱਖਾਂ ਨੇ ਦਿੱਤਾ ਹੈ। ਉਨ੍ਹਾਂ ਕਿਹਾ, ‘ਮੈਂ ਛੋਟਾ ਸੀ, ਉਦੋਂ ਤੋਂ ਜਾਣਦਾ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਕੋਈ ਆਮ ਘਟਨਾ ਨਹੀਂ ਸੀ। ਗੁਰੂ ਸਾਹਿਬ ਜੋ ਕੁਝ ਫਰਮਾਉਂਦੇ ਸਨ, ਉਨ੍ਹਾਂ ਦੀ ਬਾਣੀ ਨਿਰਮਲ ਸੀ। ਅੱਜ ਦੇ ਸਮਾਗਮ ਵਿਚ ਵੀ ਪ੍ਰੇਰਨਾਦਾਇਕ ਤਰੰਗਾਂ ਸਨ।`
ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਉੱਤੇ ਸਾਰੇ ਸਿੱਖ ਜਗਤ ਨੂੰ ਦਿਲੋਂ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾ ਸਿਰਫ ਹਿੰਦੁਸਤਾਨ ਬਲਕਿ ਸਾਰੀ ਦੁਨੀਆਂ ਨੂੰ ਇਕੱਠਾ ਕਰਨ ਦੀ ਖਾਤਰ ਦੁਨੀਆਂ ਦੇ ਚੱਪੇ ਚੱਪੇ ਦਾ ਸਫਰ ਕੀਤਾ। ਉਨ੍ਹਾਂ ਨੇ ਕਦੇ ਵੀ ਹਿੰਦੂ ਅਤੇ ਮੁਸਲਮਾਨ ਜਾਂ ਹੋਰ ਕਿਸੇ ਵਿਚ ਵੀ ਫਰਕ ਨਹੀਂ ਰੱਖਿਆ, ਉਨ੍ਹਾਂ ਨੇ ਸੱਦਾ ਦਿੱਤਾ ਕਿ ਇਸ ਸ਼ੁਭ ਮੌਕੇ ‘ਤੇ ਸਾਰਾ ਸਿੱਖ ਜਗਤ ਪ੍ਰਣ ਲਵੇ ਕਿ ਅਸੀਂ ਵਾਤਾਵਰਣ ਦੀ ਰੱਖਿਆ ਕਰਨ ਵਿਚ ਵੀ ਯੋਗਦਾਨ ਪਾਵਾਂਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਨੇ ਜਪੁਜੀ ਦੀ ਰਚਨਾ ਕੀਤੀ ਤੇ ਪਾਠ ਦੇ ਅੰਤ ਵਿਚ ਵਾਤਾਵਰਣ ਦੀ ਹਿਫਾਜ਼ਤ ਬਾਰੇ ਹੀ ਗੱਲ ਕੀਤੀ ਗਈ ਹੈ, ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਮਹੱਤ।‘
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਕਮੇਟੀ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਨ। ਉਨ੍ਹਾਂ ਨੇ ਸੰਗਤ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਨਵੰਬਰ ਦੇ ਪਹਿਲੇ ਹਫਤੇ ਤੋਂ 12 ਨਵੰਬਰ ਨੂੰ ਗੁਰਪੁਰਬ ਤੱਕ ਸੁਲਤਾਨਪੁਰ ਲੋਧੀ ਪਹੁੰਚਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਮਨਜਿੰਦਰ ਸਿੰਘ ਸਿਰਸਾ, ਰਣਜੀਤ ਕੌਰ ਵੱਲੋਂ ਸ੍ਰੀ ਰਾਜਨਾਥ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।