ਨਨਕਾਣਾ ਸਾਹਿਬ ‘ਚ ਸਿੱਖ ਲੜਕੀ ਦੇ ਅਗਵਾ ਦਾ ਮਾਮਲਾ ਭਖਿਆ

ਲਾਹੌਰ: ਪਾਕਿਸਤਾਨ ਦੇ ਜਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਗਵਾਨ ਸਿੰਘ ਦੀ ਧੀ ਜਗਜੀਤ ਕੌਰ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਉਣ ਪਿੱਛੋਂ ਸਿੱਖਾਂ ਵਿਚ ਰੋਸ ਵਧਦਾ ਜਾ ਰਿਹਾ ਹੈ। ਇਸ ਬਾਰੇ ਜਿਥੇ ਪਾਕਿਸਤਾਨੀ ਸਿੱਖਾਂ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਲਈ ਸੰਘਰਸ਼ ਵਿੱਢਿਆ ਹੋਇਆ ਹੈ, ਉਥੇ ਭਾਰਤ ਸਮੇਤ ਵਿਦੇਸ਼ੀ ਸਿੱਖਾਂ ਵੱਲੋਂ ਸਿੱਖ ਬੱਚੀ ਦੀ ਘਰ ਵਾਪਸੀ ਦੀ ਮੰਗ ਕੀਤੀ ਜਾ ਰਹੀ ਹੈ।

ਪਾਕਿਸਤਾਨ ਦੇ ਸਿੱਖ ਭਾਈਚਾਰੇ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖਾਨ, ਫੌਜ ਮੁਖੀ ਕਮਰ ਜਾਵੇਦ ਬਾਜਵਾ ਤੇ ਚੀਫ ਜਸਟਿਸ ਆਫ ਪਾਕਿਸਤਾਨ ਤੋਂ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਇਹ ਘਟਨਾ ਸਿੱਖਾਂ ਤੇ ਮੁਸਲਮਾਨਾਂ ਦੇ ਸਬੰਧਾਂ ‘ਚ ਵਿਗਾੜ ਪਾਉਣ ਦੇ ਨਾਲ-ਨਾਲ ਕਰਤਾਰਪੁਰ ਲਾਂਘਾ ਤੇ ਕਸ਼ਮੀਰ ਮਸਲੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸ ਮੌਕੇ ਕੁਝ ਪਾਕਿ ਸਿੱਖਾਂ ਨੇ ਇਹ ਵੀ ਕਿਹਾ ਕਿ ਸਿੱਖਾਂ ਸਮੇਤ ਹੋਰ ਘੱਟ ਗਿਣਤੀ ਭਾਈਚਾਰੇ ਦੇ ਲੋਕ ਪਾਕਿ ‘ਚ ਹੁਣ ਸੁਰੱਖਿਅਤ ਨਹੀਂ ਹਨ। ਪੀੜਤ ਦੇ ਭਰਾ ਮਨਮੋਹਨ ਸਿੰਘ ਨੇ ਦੱਸਿਆ ਕਿ ਜਗਜੀਤ ਕੌਰ ਵੱਡੀ ਭੈਣ ਦੇ ਘਰ ਗਈ ਹੋਈ ਸੀ, ਜਿਸ ਦਾ ਪਤੀ ਕਾਰੋਬਾਰ ਦੇ ਸਿਲਸਿਲੇ ‘ਚ ਫੈਸਲਾਬਾਦ ਗਿਆ ਹੋਇਆ ਸੀ। 27 ਅਗਸਤ ਨੂੰ ਰਾਤ 2 ਵਜੇ ਦੇ ਕਰੀਬ ਮੁਹੰਮਦ ਅਹਿਸਾਨ ਪੁੱਤਰ ਜੁਲਫਿਕਾਰ ਅਲੀ ਖਾਨ ਨੇ ਰਕਈਆ ਨਾਮੀ ਔਰਤ ਅਤੇ ਪੰਜ ਹਥਿਆਰਬੰਦ ਵਿਅਕਤੀਆਂ ਨਾਲ ਉਸ ਦੀ ਵੱਡੀ ਭੈਣ ਤੇ ਬਾਕੀ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਨ੍ਹਾਂ ਨੂੰ ਇਕ ਕਮਰੇ ‘ਚ ਬੰਦ ਕਰ ਦਿੱਤਾ ਅਤੇ ਜਗਜੀਤ ਕੌਰ ਨੂੰ ਘਸੀਟਦੇ ਹੋਏ ਆਪਣੇ ਨਾਲ ਲੈ ਗਿਆ। ਉਸ ਦੀ ਭੈਣ ਜਿਸ ਦੀ ਇਕ ਸਿੱਖ ਨੌਜਵਾਨ ਨਾਲ ਮੰਗਣੀ ਹੋ ਚੁੱਕੀ ਹੈ।
ਅਗਵਾ ਦੇ ਅਗਲੇ ਦਿਨ ਜਦੋਂ ਉਨ੍ਹਾਂ ਸ੍ਰੀ ਨਨਕਾਣਾ ਸਾਹਿਬ ਥਾਣੇ ‘ਚ ਧਾਰਾ 365-ਬੀ ਦੇ ਅਧੀਨ ਮਾਮਲਾ ਦਰਜ ਕਰਵਾਇਆ ਤਾਂ ਥੋੜ੍ਹੀ ਦੇਰ ਬਾਅਦ ਅਗਵਾਕਾਰ ਉਨ੍ਹਾਂ ਦੇ ਘਰ ਆ ਗਏ ਅਤੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਇਹ ਮਾਮਲਾ ਵਾਪਸ ਨਾ ਲਿਆ ਤਾਂ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਜਬਰੀ ਇਸਲਾਮ ਕਬੂਲ ਕਰਵਾਇਆ ਜਾਵੇਗਾ। ਕੁਝ ਜਾਣਕਾਰਾਂ ਦਾ ਦਾਅਵਾ ਹੈ ਕਿ ਅਗਵਾਕਾਰ ਮੁਹੰਮਦ ਅਹਿਸਾਨ ਪਾਕਿਸਤਾਨ ਆਧਾਰਿਤ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੋਇਆ ਹੈ ਅਤੇ ਉਸ ਨੂੰ ਕਈ ਵਾਰ ਉਕਤ ਸੰਗਠਨ ਨਾਲ ਸਬੰਧਤ ਅਲ-ਦੁਆ ਮਸਜਿਦ ‘ਚ ਆਉਂਦੇ-ਜਾਂਦੇ ਵੇਖਿਆ ਗਿਆ ਹੈ। ਹਾਲਾਂਕਿ ਇਸ ਦੀ ਪ੍ਰਮਾਣਿਕ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੋਈ ਹੈ। ਉੱਧਰ ਧਰਮ ਪਰਿਵਰਤਨ ਕਰਕੇ ਆਇਸਾ ਬਣਾਈ ਗਈ ਜਗਜੀਤ ਕੌਰ ਨੇ ਇਕ ਵੀਡੀਓ ਸੰਦੇਸ ‘ਚ ਸਵੀਕਾਰ ਕੀਤਾ ਹੈ ਕਿ ਉਸ ਨੇ ਇਸਲਾਮ ਕਬੂਲ ਕਰਨ ਉਪਰੰਤ ਆਪਣੀ ਇੱਛਾ ਤੇ ਬਿਨਾਂ ਕਿਸੇ ਡਰ ਦੇ ਮੁਹੰਮਦ ਅਹਿਸਾਨ ਨਾਲ ਨਿਕਾਹ ਕੀਤਾ ਹੈ। ਇਸ ਵੀਡੀਓ ‘ਚ ਜਗਜੀਤ ਕੌਰ ਡਰੀ ਸਹਿਮੀ ਵਿਖਾਈ ਦੇ ਰਹੀ ਹੈ।
________________________________
ਭਾਰਤ ਸਰਕਾਰ ਵੱਲੋਂ ਪਾਕਿਸਤਾਨ ‘ਤੇ ਕਾਰਵਾਈ ਲਈ ਦਬਾਅ
ਨਵੀਂ ਦਿੱਲੀ: ਭਾਰਤ ਨੇ ਕਿਹਾ ਕਿ ਪਾਕਿਸਤਾਨ ‘ਚ ਇਕ ਸਿੱਖ ਕੁੜੀ ਨੂੰ ਅਗਵਾ ਕਰਕੇ ਉਸ ਨੂੰ ਜਬਰੀ ਮੁਸਲਮਾਨ ਬਣਾਏ ਜਾਣ ਦਾ ਮੁੱਦਾ ਉਸ ਨੇ ਪਾਕਿਸਤਾਨ ਦੇ ਸਾਹਮਣੇ ਚੁੱਕਿਆ ਹੈ ਤੇ ਉਸ ਦਾ ਤੁਰਤ ਹੱਲ ਕੱਢਣ ਲਈ ਕਦਮ ਚੁੱਕਣ ਲਈ ਕਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਮੰਤਰਾਲੇ ਨੂੰ ਸਿੱਖਾਂ ਦੇ ਧਾਰਮਿਕ ਸੰਗਠਨਾਂ ਸਮੇਤ ਭਾਰਤ ਦੇ ਨਾਗਰਿਕ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਕਈ ਪੱਤਰ ਆਏ ਹਨ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਸਰਕਾਰ ਨੂੰ ਤੁਰਤ ਹੱਲ ਕੱਢਣ ਲਈ ਕਿਹਾ ਹੈ।
________________________________
ਪਾਕਿ ‘ਚ ਦੋ ਹਿੰਦੂ ਕੁੜੀਆਂ ਦਾ ਜਬਰੀ ਧਰਮ ਬਦਲਣ ਦੇ ਮਾਮਲੇ ਉਜਾਗਰ
ਨਵੀਂ ਦਿੱਲੀ: ਸ੍ਰੀ ਨਨਕਾਣਾ ਸਾਹਿਬ ਤੋਂ ਸਿੱਖ ਲੜਕੀ ਜਗਜੀਤ ਕੌਰ ਦਾ ਮਾਮਲਾ ਹਾਲੇ ਨਿੱਬੜਿਆ ਨਹੀਂ ਕਿ ਪਾਕਿਸਤਾਨ ਵਿਚ ਹਿੰਦੂ ਲੜਕੀਆਂ ਨੂੰ ਜਬਰੀ ਅਗਵਾ ਕਰ ਕੇ ਧਰਮ ਪਰਿਵਰਤਨ ਕਰਵਾਉਣ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਮਗਰੋਂ ਜਬਰਨ ਧਰਮ ਪਰਿਵਰਤਨ ਕਰਵਾਇਆ ਗਿਆ ਤੇ ਫਿਰ ਮੁਸਲਿਮ ਲੜਕਿਆਂ ਨਾਲ ਵਿਆਹ ਕਰ ਦਿੱਤਾ ਗਿਆ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਪਾਕਿਸਤਾਨ ਦੇ ਸਿੰਧ ਤੋਂ ਪਾਇਲ ਦੇਵੀ ਪੁੱਤਰੀ ਮੰਗੂਮਲ ਵਾਤਵਾਲੀ ਨੂੰ ਜਬਰੀ ਅਗਵਾ ਕੀਤਾ ਗਿਆ ਜਬਰੀ ਧਰਮ ਬਦਲਣ ਮਗਰੋਂ ਮੁਸਲਮਾਨ ਲੜਕੇ ਨਾਲ ਵਿਆਹ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਮਲਿਆਂ ਦਾ ਪਤਾ ਹੁਣ ਇਸ ਕਰਕੇ ਲੱਗਾ ਹੈ ਕਿਉਂਕਿ ਜਗਜੀਤ ਕੌਰ ਮਾਮਲੇ ਦੀਆਂ ਖਬਰਾਂ ਸਾਰੀ ਦੁਨੀਆਂ ਵਿਚ ਨਸ਼ਰ ਹੋਈਆਂ ਹਨ। ਸ੍ਰੀ ਸਿਰਸਾ ਨੇ ਦੱਸਿਆ ਕਿ ਦੂਜਾ ਮਾਮਲਾ ਪਾਕਿਸਤਾਨ ਦੇ ਰੋਹਾੜੀ ਸ਼ਹਿਰ ਦਾ ਹੈ ਜਿਥੇ ਹਿੰਦੂ ਲੜਕੀ ਰੀਨੋ ਕੁਮਾਰੀ ਪੁੱਤਰੀ ਇੰਦਰਜੀਤ ਕੁਮਾਰ ਨੂੰ ਧੱਕੇ ਨਾਲ ਅਗਵਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰੀਨੋ ਆਈ.ਬੀ.ਏ. ਸੁੱਕਰ ਤੋਂ ਬੀ.ਬੀ.ਏ. ਕਰ ਰਹੀ ਸੀ ਜਿਸ ਦਾ ਹਾਲੇ ਤੱਕ ਕੋਈ ਥਹੁ ਪਤਾ ਨਹੀਂ ਲੱਗਾ।