ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸੁੰਨ ਜਿਹੀ ਤਾਂ ਸਾਡੇ ਪਿੰਡ ‘ਚ ਉਦੋਂ ਹੀ ਪਸਰ ਗਈ ਸੀ, ਜਦੋਂ 2007 ਵਿਚ ਪਿੰਡ ਹੀ ਨਹੀਂ ਸਗੋਂ ਇਲਾਕੇ ਵਿਚ ਸਿੱਖੀ ਦਾ ਧੁਰਾ ਮੰਨਿਆ ਜਾਂਦਾ ਸੋਢੀ ਪਰਿਵਾਰ, ਦੁਪਾਲਪੁਰ ਛੱਡ ਕੇ ਆਪਣੇ ਅਨੰਦਪੁਰ ਸਾਹਿਬ ਵਾਲੇ ਘਰੇ ਜਾ ਵਸਿਆ ਸੀ, ਪਰ ਹੁਣ ਜਦ 22 ਅਪਰੈਲ ਵਾਲੇ ਦਿਨ ਗੁਰੂ ਕੁਲ ਨਾਲ ਸਬੰਧਤ ਇਸ ਪਰਿਵਾਰ ਦੇ ਵਰਤਮਾਨ ਮੁਖੀ ਬਾਬਾ ਬਲਦੇਵ ਸਿੰਘ ਦੇ ਪੰਜ ਭੂਤਕ ਸਰੀਰ ਦਾ ਅੰਤਿਮ ਸੰਸਕਾਰ ਸਾਡੇ ਪਿੰਡ ਦੀ ਜੂਹ ਵਿਚ ਕਰ ਦਿੱਤਾ ਗਿਆ ਤਾਂ ਇੰਜ ਮਹਿਸੂਸ ਹੁੰਦਾ ਹੈ, ਜਿਵੇਂ ਦੁਪਾਲਪੁਰ ਦੇ ‘ਕਲਬੂਤ’ ਵਿਚੋਂ ਰੂਹ ਹੀ ਉਡਾਰੀ ਮਾਰ ਗਈ ਹੋਵੇ। ਇਤਿਹਾਸਕ ਵਿਰਾਸਤ ਦੀ ਮਾਣਮੱਤੀ ਇਬਾਰਤ ਸਾਂਭੀ ਬੈਠਾ ਇਕ ਪੱਤਰਾ ਸਦਾ ਲਈ ਅਲੋਪ ਹੋ ਗਿਆ। ਲਾਹੌਰ ਵਿਚ ਸਿੱਖ ਸਲਤਨਤ ਵਲੋਂ ਗੁਰੂ ਕਿਆਂ ਨੂੰ ਜਗੀਰਾਂ ਲਾਉਣ ਵਾਲੇ ਸਮਿਆਂ ਤੋਂ ਹੀ ਸਾਡੇ ਇਲਾਕੇ ਵਿਚ ਸਿੱਖੀ ਦਾ ਪ੍ਰਚਮ ਲਹਿਰਾ ਰਹੇ ਸੋਢੀ ਖਾਨਦਾਨ ਦਾ ਰੌਸ਼ਨ ਚਿਰਾਗ ਦੁਪਾਲਪੁਰ ਦੀ ਇਕ ਨੁੱਕਰ ਵਿਚ ਸਥਿਤ ਸੋਢੀਆਂ ਦੇ ਬਾਗ ਦੀ ਧਰਤੀ ‘ਚ ਸਮਾ ਗਿਆ।
ਦਰਮਿਆਨਾ ਕੱਦ ਕਾਠ, ਛਾਂਟਵਾਂ ਤੇ ਫੁਰਤੀਲਾ ਸਰੀਰ, ਰੂਹਾਨੀ ਤੇਜ ਤਪੁ ਨਾਲ ਮਖਮੂਰ ਨੇਤਰ, ਹਸੂੰ ਹਸੂੰ ਕਰਦਾ ਨੂਰਾਨੀ ਚਿਹਰਾ, ਚਿੱਟੇ ਰੰਗ ਦਾ ਅੰਬਰਸਰੀ ਕੁੜਤਾ-ਪਜਾਮਾ, ਪੈਰੀਂ ਲੱਕੀ ਜੁੱਤੀ ਅਤੇ ਸਿਰ ‘ਤੇ ਗੂੜ੍ਹੀ ਨੀਲੀ ਟਸਰ ਵਾਲੀ ਫੱਬਵੀਂ ਦਸਤਾਰ-ਇਹ ਸਰੂਪ ਸੀ ਬਾਬਾ ਬਲਦੇਵ ਸਿੰਘ ਦਾ ਜਿਨ੍ਹਾਂ ਨੂੰ ਮੈਂ ਆਪਣੇ ਹੋਸ਼-ਹਵਾਸ ਸੰਭਾਲਣ ਵੇਲੇ ਤੋਂ ਹਮੇਸ਼ਾ ਇਸੇ ਪਹਿਰਾਵੇ ਵਿਚ ਤੱਕਿਆ।
ਬਾਬਾ ਜੀ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਖਾਨਦਾਨ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੀ ਅੰਸ਼-ਬੰਸ ਨਾਲ ਸਬੰਧਤ ਹੈ। ਗੁਰੂ ਸਾਹਿਬ ਦੇ ਗ੍ਰਹਿ ਮਾਤਾ ਮਰਵਾਹੀ ਦੀ ਕੁੱਖੋਂ 1617 ਵਿਚ ਪੈਦਾ ਹੋਏ ਬਾਬਾ ਸੂਰਜ ਮੱਲ, ਸਾਡੇ ਪਿੰਡ ਵਾਲੇ ਸੋਢੀ ਖਾਨਦਾਨ ਦੇ ਵਡਾਰੁ ਸਨ। ਇਸ ਤੱਥ ਦੀ ਵਜਾਹਤ ਕਰਦਾ ਸੋਢੀ ਪਰਿਵਾਰ ਪਾਸ ਸੋਢੀ-ਬੰਸ ਦਾ ਇਕ ਲੰਬਾ ਚੌੜਾ ਪੁਰਾਤਨ ਸ਼ਿਜ਼ਰਾ ਹੈ ਜੋ ਲਗਭਗ ਚਹੁੰ ਮੰਜਿਆਂ ‘ਤੇ ਵਿਛਾ ਕੇ ਪੜ੍ਹਿਆ ਜਾ ਸਕਦਾ ਹੈ। ਇਸ ਵਿਚ ਗੁਰੂ ਰਾਮਦਾਸ ਤੋਂ ਲੈ ਕੇ ਪੰਜਾਬ ਦੇ ਸਮੂਹ ਸੋਢੀਆਂ ਦੀਆਂ ਪੀੜ੍ਹੀਆਂ ਦਾ ਵੇਰਵਾ ਦਰਜ ਹੈ। ਸਾਡੇ ਟੱਬਰ ਨੂੰ ਸੋਢੀ ਪਰਿਵਾਰ ਦੇ ਗਵਾਂਢ ‘ਚ ਵੱਸਣ ਦੇ ਨਾਲ-ਨਾਲ ਇਸ ਗੱਲ ਦਾ ਵੀ ਵੱਡਾ ਮਾਣ ਰਿਹਾ ਹੈ ਕਿ ਸਾਡੇ ਪਿੰਡ ਦੇ ਜਿਨ੍ਹਾਂ ਗਿਣਵੇਂ-ਚੁਣਵੇਂ ਪਰਿਵਾਰਾਂ ਨਾਲ ਸੋਢੀਆਂ ਦਾ ਮਿਲਣ-ਗਿਲਣ ਜ਼ਿਆਦਾ ਸੀ, ਸਾਡਾ ਟੱਬਰ ਉਨ੍ਹਾਂ ‘ਚੋਂ ਇਕ ਸੀ।
ਮੈਂ ਤੇ ਮੇਰੇ ਪਰਿਵਾਰ ਨੇ ਸੋਢੀ ਪਰਿਵਾਰ ਦੀਆਂ ਕਈਆਂ ਪੀੜ੍ਹੀਆਂ ਦਾ ਮੋਹ ਭਰਿਆ ਸੰਗ ਮਾਣਿਆਂ ਹੋਇਆ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਬਾਬਾ ਬਲਦੇਵ ਸਿੰਘ ਦੇ ਪਿਤਾ ਬਾਬਾ ਬਿਅੰਤ ਸਿੰਘ ਲੌਢੇ ਵੇਲੇ ਸਿਰ ‘ਤੇ ਕਾਲ਼ੀ ਛਤਰੀ ਤਾਣ ਕੇ ਆਪਣੇ ਬਾਗ ਵੱਲ ਸੈਰ ਕਰਨ ਜਾਂਦੇ ਹੁੰਦੇ ਸਨ। ਉਨ੍ਹਾਂ ਦੇ ਪਿੱਛੇ-ਪਿੱਛੇ ਉਨ੍ਹਾਂ ਦਾ ਗੜਵ੍ਹਈ ਬਾਬਾ ਪ੍ਰੇਮ ਸਿੰਘ ਤੁਰਿਆ ਹੁੰਦਾ ਸੀ। ਇਸ ਮੌਕੇ ਪਿੰਡ ਦੇ ਨਿਆਣੇ-ਸਿਆਣੇ, ਬੁੜੀਆਂ-ਕੁੜੀਆਂ ਬਾਬਾ ਜੀ ਨੂੰ ਝੁਕ-ਝੁਕ ਨਮਸਕਾਰਾਂ ਕਰਦੇ ਤੇ ਅਸੀਸਾਂ ਲੈਂਦੇ। ਜਦ ਕਦੇ ਅਸੀਂ ਆਪਣੇ ਮਾਂ-ਬਾਪ ਨੂੰ ਘਰੇ ਆ ਕੇ ਦੱਸਦੇ ਕਿ ਮੱਥਾ ਟੇਕਣ ‘ਤੇ ਬਾਬਾ ਜੀ ਨੇ ਸਾਡਾ ਸਿਰ ਪਲੋਸਿਆ ਸੀ ਤਾਂ ਸਾਨੂੰ ਬਾਬਾ ਜੀ ਨੂੰ ਮੱਥਾ ਟੇਕਣੋਂ ਕਦੇ ਵੀ ਨਾ ਉਕਣ ਦੀ ਤਾਕੀਦ ਕੀਤੀ ਜਾਂਦੀ। ਮੈਨੂੰ ਉਹ ਵਕਤ ਵੀ ਯਾਦ ਹੈ ਜਦੋਂ ਬਾਬਾ ਬਿਅੰਤ ਸਿੰਘ ਦਾ ਮ੍ਰਿਤਕ ਸਰੀਰ ਸੰਸਕਾਰ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਅਰਥੀ ਤੋਂ ਚਾਂਦੀ ਦੇ ਰੁਪਏ ਸੁੱਟੇ ਗਏ ਸਨ। ਉਦੋਂ ਮੈਨੂੰ ਵੀ ਚਾਂਦੀ ਦੇ ਤਿੰਨ ਜਾਂ ਚਾਰ ਰੁਪਏ ਲੱਭੇ ਸਨ।
ਇਸੇ ਬਾਬਾ ਜੀ ਦੇ ਪਰਿਵਾਰ ਵਿਚ ਤਿੰਨ ਧੀਆਂ ਤੇ ਦੋ ਪੁੱਤਰਾਂ ‘ਚੋਂ ਵੱਡੇ ਸਨ ਸੋਢੀ ਬਲਦੇਵ ਸਿੰਘ, ਜਿਨ੍ਹਾਂ ਨੂੰ ਸਾਡਾ ਸਾਰਾ ਇਲਾਕਾ ਸਤਿਕਾਰ ਨਾਲ ‘ਸਾਬ੍ਹ ਜੀ’ ਕਿਹਾ ਕਰਦਾ ਸੀ। 1925 ਦੇ ਲਾਗੇ-ਚਾਗੇ ਜਨਮੇ ਬਾਬਾ ਬਲਦੇਵ ਸਿੰਘ ਹੁਸ਼ਿਆਰਪੁਰ ਦੇ ਉਸ ਸਰਕਾਰੀ ਕਾਲਜ ਵਿਚ ਪੜ੍ਹਦੇ ਰਹੇ ਜਿਥੇ ਕਦੇ ਵਰਤਮਾਨ ਭਾਰਤੀ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਵੀ ਪੜ੍ਹਦੇ ਰਹੇ ਦੱਸੀਂਦੇ ਹਨ। ਸੁਣਿਆਂ ਹੈ ਕਿ ਕਿਸੇ ਗੱਲੋਂ ਉਚਾਟ ਹੋ ਕੇ ਉਹ ਘਰ-ਬਾਰ ਛੱਡ ਕੇ ਅੰਮ੍ਰਿਤਸਰ ਆਟਾ ਮੰਡੀ ਵਿਖੇ ਸੰਤ ਸ਼ਾਮ ਸਿੰਘ ਦੇ ਡੇਰੇ ਜਾ ਰਹਿਣ ਲੱਗੇ। ਉਥੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਸੰਪੂਰਨ ਕਰਨ ਦੇ ਨਾਲ-ਨਾਲ ਹੋਰ ਧਾਰਮਿਕ ਗ੍ਰੰਥਾਂ ਦਾ ਨਿੱਠ ਕੇ ਅਧਿਐਨ ਕੀਤਾ।
ਕਈ ਸਾਲ ਉਥੇ ਰਹਿੰਦਿਆਂ ਉਨ੍ਹਾਂ ਨਿਤਨੇਮ ਦੀਆਂ ਬਾਣੀਆਂ ਤੋਂ ਇਲਾਵਾ ਸੁਖਮਨੀ ਸਾਹਿਬ, ਉਂਕਾਰ, ਸਿੱਧ ਗੋਸਟਿ, ਜ਼ਫਰਨਾਮਾ, ਅਕਾਲ ਉਸਤਤਿ ਅਤੇ ਹੋਰ ਬਹੁਤ ਸਾਰੀ ਬਾਣੀ ਕੰਠ ਕਰ ਲਈ। ਬੜੀ ਹਲੀਮੀ ਨਾਲ ਉਹ ਦੱਸਿਆ ਕਰਦੇ ਸਨ ਕਿ ਸਤਿਗੁਰੂ ਦੀ ਰਹਿਮਤ ਸਦਕਾ ਮੈਨੂੰ ਇੰਨੀ ਕੁ ਬਾਣੀ ਕੰਠ ਹੋ ਚੁੱਕੀ ਹੈ ਜਿੰਨੀ ਕੁ ਬਾਈ ਤੇਈ ਘੰਟਿਆਂ ‘ਚ ਉਚਾਰਨ ਕੀਤੀ ਜਾ ਸਕੇ। ਅੰਮ੍ਰਿਤਸਰੋਂ ਕਹਿ ਸੁਣ ਕੇ ਪਿੰਡ ਲਿਆਉਣ ਬਾਅਦ ਘਰਦਿਆਂ ਨੇ ਉਨ੍ਹਾਂ ਦੀ ਸ਼ਾਦੀ ਕਰ ਦਿੱਤੀ। ਸਾਲ ਛੇ ਮਹੀਨੇ ਘਰੇ ਰਹਿ ਕੇ ਉਹ ਫਿਰ ਇਕ ਰਾਤ ਨਿਕਲ ਤੁਰੇ ਅਤੇ ਮੁੜ ਅੰਮ੍ਰਿਤਸਰ ਉਸੇ ਡੇਰੇ ਜਾ ਪਹੁੰਚੇ। ਐਤਕੀਂ ਉਨ੍ਹਾਂ ਨੂੰ ਸਮਝਾ ਬੁਝਾ ਕੇ ਘਰੇ ਵਾਪਸ ਲਿਆਉਣ ਦੀ ਡਿਊਟੀ ਮੇਰੇ ਭਾਈਆ ਜੀ ਤੇ ਉਨ੍ਹਾਂ ਦੇ ਇਕ ਹੋਰ ਸਾਥੀ ਦੀ ਲੱਗੀ, ਜੋ ਬਾਬਾ ਬਲਦੇਵ ਸਿੰਘ ਦੇ ਲਗਭਗ ਹਾਣ-ਪ੍ਰਵਾਣ ਹੀ ਸਨ।
ਰੱਬ ਜਾਣੇ, ਬਾਬਾ ਜੀ ਦਾ ਆਪਣਾ ਮਨ ਹੀ ਮੁੜ ਪਿਆ, ਜਾਂ ਦੋਂਹ ਮਿੱਤਰਾਂ ਦੀ ‘ਪੱਟੀ ਪੜ੍ਹਾਈ’ ਹੋਈ ਕਾਟ ਕਰ ਗਈ, ਉਹ ਪੱਕੇ ਤੌਰ ‘ਤੇ ਪਿੰਡ ਆ ਕੇ ਰਹਿਣ ਲੱਗੇ। ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਅਤੇ ਦਿਆਲੂ-ਕ੍ਰਿਪਾਲੂ ਸੁਭਾਅ ਬਾਰੇ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ, ਪਰ ਇਥੇ ਮੈਂ ਕੁਝ ਕੁ ਵੇਰਵੇ ਦੇਣਾ ਜ਼ਰੂਰੀ ਸਮਝਦਾ ਹਾਂ।
ਵੱਡੇ ਬਾਬਾ ਜੀ ਦੇ ਚਲਾਣੇ ਤੋਂ ਬਾਅਦ ਦੂਰ-ਦੁਰਾਡੇ ਦੇ ਸਿੱਖ ਸੇਵਕਾਂ ਤੋਂ ਸਾਲਾਨਾ ਕਾਰ-ਭੇਟ ਉਗਰਾਹੁਣ ਦਾ ਸਿਲਸਿਲਾ ਪਰੰਪਰਾ ਅਨੁਸਾਰ ਬਾਬਾ ਬਲਦੇਵ ਸਿੰਘ ਦੇ ਅਰੰਭ ਕਰਨਾ ਸੀ ਪਰ ਆਪ ਨਿੱਜ ਪੂਜਾ ਜਾਂ ਗੁਰੂਡੰਮ ਦੇ ਸਖ਼ਤ ਖ਼ਿਲਾਫ਼ ਸਨ। ਇਨ੍ਹਾਂ ਵਲੋਂ ਇਨਕਾਰ ਕਰ ਦੇਣ ‘ਤੇ ਆਪ ਦਾ ਛੋਟਾ ਭਰਾ ਕਾਰ-ਭੇਟ ਉਗਰਾਹੀ ਲਈ ਲੰਮੇ ਟੂਰ ਲਾਉਣ ਲੱਗਾ। ਬੀਬੀਆਂ ਦੇ ਮਨ ਵਿਚ ਅਕਸਰ ਸ਼ਰੀਕੇਬਾਜ਼ੀ ਦੀ ਭਾਵਨਾ ਛੇਤੀ ਪ੍ਰਬਲ ਹੋ ਜਾਂਦੀ ਹੈ। ਸੋ, ਘਰੋਂ ਜ਼ਿਆਦਾ ਜ਼ੋਰ ਪੈਣ ‘ਤੇ ਆਪ ਨੇ ਅਣਮੰਨੇ ਜਿਹੇ ਮਨ ਨਾਲ ਮਾਲਵੇ ਦੇ ਸਿੱਖ ਸੇਵਕਾਂ ਪਾਸ ਜਾਣਾ ਸ਼ੁਰੂ ਕਰ ਦਿੱਤਾ। ਫਰਵਰੀ ਦੇ ਪਹਿਲੇ ਹਫ਼ਤੇ ਉਹ ਦੌਰੇ ‘ਤੇ ਨਿਕਲ ਜਾਂਦੇ ਅਤੇ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੰਗਰ ਚਲਾ ਕੇ ਟੂਰ ਦੀ ਸਮਾਪਤੀ ਕਰਦੇ। ਉਨ੍ਹਾਂ ਦੇ ਸ਼ਰਧਾਲੂ ਮਾਲ-ਅਸਬਾਬ ਦੇ ਗੱਡੇ ਭਰ ਕੇ ਪਿੰਡ ਦੁਪਾਲਪੁਰ ਛੱਡ ਜਾਂਦੇ।
ਉਨ੍ਹਾਂ ਦਿਨਾਂ ਵਿਚ ਮੈਂ ਸੱਤਵੀਂ-ਅੱਠਵੀ ਵਿਚ ਪੜ੍ਹਦਾ ਹੋਵਾਂਗਾ। ਸੋਢੀ ਸਾਹਿਬ ਦੀ ਗੈਰਹਾਜ਼ਰੀ ਵਿਚ ਉਨ੍ਹਾਂ ਦੇ ਘਰੇ ਸੌਣ-ਪੈਣ ਦੀ ਮੇਰੀ ਜਾਂ ਮੇਰੇ ਭਰਾਵਾਂ ਦੀ ਡਿਊਟੀ ਲੱਗ ਜਾਂਦੀ। ਸ਼ਾਮ ਪੈਂਦਿਆਂ ਹੀ ਮੈਂ ਸੋਢੀਆਂ ਦੇ ਘਰੇ ਪਹੁੰਚ ਜਾਂਦਾ। ਲੈਂਪ ਦੀ ਰੋਸ਼ਨੀ ‘ਚ ਨਾਲੇ ਆਪਣਾ ‘ਹੋਮ ਵਰਕ’ ਕਰਦਾ ਤੇ ਨਾਲੇ ਬਾਬਾ ਜੀ ਦੇ ਬੇਟੀ-ਬੇਟੇ ਨੂੰ ‘ਉੂੜਾ ਐੜਾ’ ਪੜ੍ਹਾਉਂਦਾ। ਬਾਬਾ ਜੀ ਦੇ ਘਰੋਂ ਬੀਬੀ ਹਰਜੀਤ ਕੌਰ ਮੇਰੇ ਤੇ ਮੇਰੇ ਭੈਣ-ਭਰਾਵਾਂ ਨਾਲ ਬਹੁਤ ਸਨੇਹ ਕਰਦੇ। ਉਹ ਅਕਸਰ ਆਪਣੇ ਰਿਸ਼ਤੇਦਾਰਾਂ ਨੂੰ ਮੈਥੋਂ ਚਿੱਠੀਆਂ ਲਿਖਾਉਂਦੇ ਰਹਿੰਦੇ। ਮਾਖਿਉਂ ਮਿੱਠੀ ‘ਵਾਜ਼ ਵਿਚ ਉਹ ਮੈਨੂੰ ਬੜੇ ਮੋਹ ਨਾਲ ਕਿਹਾ ਕਰਦੇ, “ਚੰਨ, ਅੱਜ ਫਿਰ ਚਿੱਠੀਆਂ ਲਿਖਣੀਆਂ ਨੇ!” ਮੇਰੇ ਪੰਜ ਅੱਖਰਾਂ ਵਾਲੇ ਨਾਂ ਵਿਚੋਂ ਸਿਰਫ਼ ਮਗਰਲੇ ਦੋ ਅੱਖਰ ਜੋੜ ਕੇ ਅੱਜ ਤੱਕ ਮੈਨੂੰ ਕਿਸੇ ਨੇ ਵੀ ਨਹੀਂ ਬੁਲਾਇਆ, ਸਿਵਾਏ ਚਾਚੀ ਜੀ ਤੋਂ।
ਜਦੋਂ ਸੋਢੀ ਸਾਹਿਬ ਟੂਰ ਵਾਪਸੀ ‘ਤੇ ਘਰ ਪਹੁੰਚਦੇ ਤਾਂ ਸਿਰੋਪਾ ਵਜੋਂ ਮੈਨੂੰ ਪੱਗ ਅਤੇ ਮਾਲਵੇ ਦੀ ਸੌਗਾਤ ਵਜੋਂ ਡੱਬ-ਖੜੱਬੀ ਖੇਸੀ ਮਿਲਦੀ। ਗੁਰੂ ਕਿਆਂ ਵੱਲੋਂ ਪ੍ਰਾਪਤ ਹੋਈ ਪੱਗ ਨੂੰ ਮੈਂ ਬੜੇ ਚਾਅ ਨਾਲ ਘੋਟ-ਘੋਟ ਕੇ ਬੰਨ੍ਹ ਕੇ ਸਕੂਲੇ ਜਾਂਦਾ ਹੁੰਦਾ ਸਾਂ।
ਬਾਬਾ ਜੀ ਸੱਚ ਬਹੁਤ ਬੇਬਾਕੀ ਨਾਲ ਬੋਲ ਦਿਆ ਕਰਦੇ ਸਨ। ਕਈ ਦਫ਼ਾ ਉਹ ਖੁਦ ਨੂੰ ਵੀ ਨਹੀਂ ਸਨ ਬਖ਼ਸ਼ਦੇ। ਇਕ ਵਾਰ ਕਾਰ-ਭੇਟ ਉਗਰਾਹ ਕੇ ਘਰੇ ਵਾਪਸ ਆਇਆਂ ਨੂੰ ਮੈਂ ਸਹਿਵਨ ਪੁੱਛ ਲਿਆ ਕਿ ਸੋਢੀ ਸਾ’ਬ ਜੀ, ਦੌਰਾ ਸਮਾਪਤ ਹੋ ਗਿਆ? ਉਨ੍ਹਾਂ ਅੱਗਿਉਂ ਤਨਜ਼ੀਆ ਹਾਸੀ ਹੱਸਦਿਆਂ ਉਲਟਾ ਮੈਨੂੰ ਸਵਾਲ ਕਰ ਦਿੱਤਾ, “ਤਰਲੋਚਨ ਸਿੰਘ ਜੀ, ਕਦੇ ਮੰਗਤਿਆਂ ਦੇ ਦੌਰੇ ਵੀ ਖ਼ਤਮ ਹੋ ਸਕਦੇ ਐ?”
ਇਸੇ ਤਰ੍ਹਾਂ ਇਕ ਵਾਰ ਮੈਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਬਹਿਰਾਮ ਲਾਗੇ ਪਿੰਡ ਚੱਕ ਰਾਮੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਹੋਇਆ ਸਾਂ। ਉਥੇ ਮੈਨੂੰ ਪਤਾ ਲੱਗਾ ਕਿ ਬਾਬਾ ਬਲਦੇਵ ਸਿੰਘ ਹੁਣੀ ਵੀ ਇਸੇ ਪਿੰਡ ‘ਚ ਪਧਾਰੇ ਹੋਏ ਹਨ। ਪਤਾ ਕਰ ਕੇ ਮੈਂ ਉਨ੍ਹਾਂ ਦੇ ਠਹਿਰਾਉ ਵਾਲੇ ਘਰ ਜਾ ਪਹੁੰਚਿਆ। ਨੁਆਰੀ ਪਲੰਘ ‘ਤੇ ਵਿਛੇ ਗਦੈਲਿਆਂ ਉਪਰ ਚੌਂਕੜਾ ਮਾਰੀ ਬੈਠੇ ਬਾਬਾ ਜੀ ਮੈਨੂੰ ਅਚਾਨਕ ਆਇਆ ਦੇਖ ਕੇ ਮੁਸਕਰਾ ਪਏ, “ਕਾਕਾ ਜੀ, ਤੁਹਾਨੂੰ ਕਿੱਧਰੋਂ ਗੁਰੂਡੰਮੀਆਂ ਦਾ ‘ਮੁਸ਼ਕ’ ਆ ਗਿਐ?”
ਦੋ ਤਿੰਨ ਕੁ ਸਾਲ ਬੱਧੇ-ਰੁੱਧੇ ਇਹ ਕੰਮ ਕਰਨ ਤੋਂ ਬਾਅਦ ਉਨ੍ਹਾਂ ਇਹ ਉਗਰਾਹੀ ਦੌਰੇ ਪੱਕੇ ਹੀ ਤਿਆਗ ਦਿੱਤੇ। ਰਸਦਾਂ ਲੈ ਕੇ ਘਰੇ ਪਹੁੰਚਣ ਲੱਗ ਪਏ ਸ਼ਰਧਾਲੂ ਸੇਵਕਾਂ ਨੂੰ ਉਨ੍ਹਾਂ ਸਖ਼ਤਾਈ ਨਾਲ ਵਰਜਿਆ ਕਿ ਭਾਈ ਆਪਣੇ ਲਾਗੇ ਦੇ ਗੁਰੂਘਰ ਪਹੁੰਚ ਕੇ ਗੁਰਬਾਣੀ ਸਰਵਣ ਕਰੋ ਤੇ ਜਨਮ ਸਫ਼ਲਾ ਕਰੋ। ਸਰੀਰਾਂ ਦੀ ਥਾਂ ਸ਼ਬਦ ਨਾਲ ਜੁੜੋ। ਆਪਣੇ ਵਡਾਰੂਆਂ ਦੀਆਂ ਸਮਾਧਾਂ ‘ਤੇ ਅਖੰਡ ਪਾਠ ਕਰਵਾਉਣ ਜਾਂ ਲੰਗਰ ਚਲਾਉਣ ਵਾਲੇ ਅੰਧ-ਵਿਸ਼ਵਾਸੀਆਂ ਨੂੰ ਸੋਢੀ ਸਾਹਿਬ ਰੱਜ ਕੇ ਭੰਡਦੇ, ਨਾਲੇ ਮਖੌਲ ਕਰਦੇ ਰਹਿੰਦੇ। ਅੰਬਾਂ ਦੇ ਬਾਗ ਵਿਚ ਬਣੀਆਂ ਹੋਈਆਂ ਚਾਰ ਸਮਾਧਾਂ ਬਾਰੇ ਉਨ੍ਹਾਂ ਨੂੰ ਪਤਾ ਸੀ ਕਿ ਇਹ ਸਾਡੇ ਕਿਸ-ਕਿਸ ਬਜ਼ੁਰਗ ਦੀ ਯਾਦ ਵਿਚ ਉਸਾਰੀਆਂ ਹੋਈਆਂ ਹਨ, ਪਰ ਉਨ੍ਹਾਂ ਆਪਣੇ ਬਾਪ ਦੀ ਮੜ੍ਹੀ ਨਹੀਂ ਬਣਾਈ। ਖੁਦ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਇਸ ਸਥਾਨ ‘ਤੇ ਕਦੇ ਪੂਜਾ ਅਰਚਨਾ ਕਰਦੇ ਹੋਏ ਨਹੀਂ ਦੇਖਿਆ।
ਗੁਰੂ ਮਹਾਰਾਜ ਦੇ ਪੱਥਰ ਛਾਪੇ ਵਾਲੇ ਇਕ ਲੜੀਵਾਰ ਸਰੂਪ ਤੋਂ ਇਲਾਵਾ ਉਨ੍ਹਾਂ ਦੇ ਘਰ ਇਤਿਹਾਸਕ ਗ੍ਰੰਥਾਂ, ਕਿਤਾਬਾਂ ਅਤੇ ਪੁਰਾਤਨ ਖਰੜਿਆ ਦਾ ਕਾਫ਼ੀ ਵੱਡਾ ਭੰਡਾਰ ਹੈ। ਇਕ ਦਫ਼ਾ ਬਰਸਾਤਾਂ ਤੋਂ ਬਾਅਦ ਅਸਤਰਾਂ-ਵਸਤਰਾਂ ਨੂੰ ਧੁੱਪ ਲੁਆਉਣ ਸਮੇਂ ਉਨ੍ਹਾਂ ਮੈਨੂੰ ਸਿੱਖ ਰਿਆਸਤਾਂ ਦੇ ਮਹਾਰਾਜਿਆਂ ਵੱਲੋਂ ਆਏ ਹੋਏ ਕਈ ਸੱਦਾ ਪੱਤਰ ਦਿਖਾਏ ਸਨ ਜੋ ਉਨ੍ਹਾਂ (ਰਾਜਿਆਂ) ਦੇ ਸ਼ਹਿਜ਼ਾਦਿਆਂ ਦੇ ਵਿਆਹ ਕਾਰਜਾਂ ‘ਤੇ ਸੋਢੀ ਬਾਬਿਆਂ ਨੂੰ ਬੁਲਾਉਣ ਹਿੱਤ ਲਿਖੇ ਗਏ ਸਨ। ਕਲਮਾਂ ਨਾਲ ਖੁਸ਼ਖ਼ਤ ਲਿਖਾਈ ਵਿਚ ਲਿਖੇ ਹੋਏ ਉਹ ਸੱਦਾ ਪੱਤਰ, ਪੁਰਾਤਨ ਹੁਕਮਨਾਮਿਆਂ ਵਰਗੇ ਜਾਪਦੇ ਸਨ। ਆਪਣੇ ਖਾਨਦਾਨ ਦੀਆਂ ਪੁਰਾਣੀਆਂ ਯਾਦਾਂ ਫਰੋਲਦਿਆਂ ਉਨ੍ਹਾਂ ਆਪਣੇ ਬਚਪਨ ਵੇਲੇ ਦੀ ਇਕ ਯਾਤਰਾ ਦਾ ਹਾਲ ਵੀ ਮੈਨੂੰ ਸੁਣਾਇਆ ਸੀ ਜੋ ਉਨ੍ਹਾਂ ਆਪਣੇ ਪਿਤਾ ਨਾਲ ਰਿਆਸਤ ਪਟਿਆਲਾ ਦੇ ਕਿਸੇ ਫਰਜ਼ੰਦ ਦੇ ਅਨੰਦ ਕਾਰਜ ਮੌਕੇ ਕੀਤੀ ਸੀ। ਬਾਬਾ ਜੀ ਦੇ ਦੱਸਣ ਅਨੁਸਾਰ ਸਿੱਖ ਰਿਆਸਤਾਂ ਵਿਚ ਹੋਣ ਵਾਲੇ ਅਜਿਹੇ ਵਿਆਹ-ਸ਼ਾਦੀਆਂ ਦੇ ਸਮਾਗਮਾਂ ਮੌਕੇ ਸੋਢੀਆਂ, ਬੇਦੀਆਂ ਵਾਸਤੇ ਵੱਖ ਵੱਖ ਸ਼ਾਮਿਆਨੇ ਲਗਾਏ ਜਾਂਦੇ ਸਨ ਅਤੇ ਸ਼ਾਹਾਨਾ ਤੌਰ-ਤਰੀਕਿਆਂ ਨਾਲ ਉਨ੍ਹਾਂ ਦੀ ਸੇਵਾ ਕੀਤੀ ਜਾਂਦੀ ਸੀ।
ਉਨ੍ਹਾਂ ਦੇ ਸੁਭਾਅ ਦੀ ਬੜੀ ਵਿਚਿੱਤਰ ਗੱਲ ਇਹ ਸੀ ਕਿ ਗੁਰਬਾਣੀ ਅਤੇ ਸਿੱਖ ਸਾਹਿਤ ਦੇ ਧੁਨੰਤਰ ਵਿਦਵਾਨ ਹੋਣ ਦੇ ਬਾਵਜੂਦ ਉਹ ਸਭਾ ਸਮਾਗਮਾਂ ਵਿਚ ਖਾਮੋਸ਼ੀ ਧਾਰਨ ਕਰੀ ਰੱਖਦੇ; ਲੇਕਿਨ ਇਕ-ਦੋ ਬੰਦਿਆਂ ‘ਚ ਬੈਠਿਆਂ ਬਾਣੀ ਵਿਆਖਿਆ ਕਰ ਕੇ ਜਾਂ ਵੈਸੇ ਹੀ ਕਿਸੇ ਧਾਰਮਿਕ, ਰਾਜਨੀਤਕ ਤੇ ਸਮਾਜੀ ਮੁੱਦਿਆਂ ‘ਤੇ ਵਿਚਾਰ ਰੱਖਦਿਆਂ ਉਹ ਸੁਣਨ ਵਾਲਿਆਂ ਨੂੰ ਕੀਲ ਹੀ ਲੈਂਦੇ ਸਨ। ਵਹਿਮਾਂ-ਭਰਮਾਂ, ਕਰਮ-ਕਾਂਡਾਂ, ਪਾਖੰਡੀ ਸਿਆਸਤਦਾਨਾਂ ਅਤੇ ਭੇਖੀ ਸਾਧਾਂ ਵਿਰੁਧ ਉਹ ਡਟ ਕੇ ਪ੍ਰਚਾਰ ਕਰਦੇ ਸਨ। ਇਕ ਵਾਰ ਸਾਡੇ ਪਿੰਡ ਇਕ ਡੇਰੇਦਾਰ ਸਾਧ ਨੇ ਆਪਣੇ ਸਾਥੀਆਂ ਸਮੇਤ ਕਿਸੇ ਦੇ ਘਰ ਸੱਤ ਦਿਨਾਂ ਦਾ ‘ਸੰਪਟ ਪਾਠ’ ਕੀਤਾ। ਸੋਢੀ ਸਾਹਿਬ ਨੇ ਅਜਿਹੇ ਸੰਪਟ ਪਾਠਾਂ ਨੂੰ ਇਲਾਹੀ ਬਾਣੀ ਦੀ ਘੋਰ ਬੇਅਦਬੀ ਆਖਦਿਆਂ ਪੂਰੇ ਪਿੰਡ ਵਿਚ ਸਾਧਾਂ ਦੀ ਮਨਮਤਿ ਦਾ ਭਾਂਡਾ ਚੰਗੀ ਤਰ੍ਹਾਂ ਭੰਨਿਆ। ਇਹ ਉਨ੍ਹਾਂ ਦੀ ਸਮ-ਦ੍ਰਿਸ਼ਟੀ ਸੋਚ ਹੀ ਸੀ ਕਿ ਉਹ ਕਦੇ ਵੀ ਵੋਟ ਪਾਉਣ ਨਹੀਂ ਸਨ ਜਾਂਦੇ। ਕਿਸੇ ਵੀ ਮਸਲੇ ਬਾਰੇ ਉਹ ਦੁਚਿੱਤੀ ਵਾਲੇ ਖਿਆਲ ਨਹੀਂ ਸਨ ਰੱਖਦੇ। ਹਮੇਸ਼ਾ ਦੋ-ਟੁੱਕ ਫੈਸਲਾ ਹੁੰਦਾ ਸੀ ਉਨ੍ਹਾਂ ਦਾ, ਆਰ ਜਾਂ ਪਾਰ।
ਸਦਾ ਸਤਿ ਚਿਤ ਅਨੰਦ ਰਹਿਣ ਵਾਲੇ ਅਸਲ ਮਹਾਂਪੁਰਖ ਬਾਰੇ ਲਿਖਦਿਆਂ ਮੈਨੂੰ ਉਹ ਸ਼ਿਅਰ ਯਾਦ ਆ ਰਿਹਾ ਹੈ:
ਆਪ ਕੀ ਸ਼ਾਨ ਮੇਂ ਜਬ
ਸਭ ਕੁਝ ਮੈਨੇ ਕਹਿ ਦੀਆ,
ਤੋ ਦਿਲ ਯਿਹ ਕਹਨੇ ਲਗਾ ਕਿ
ਬਾਕੀ ਬਹੁਤ ਕੁਛ ਰਹਿ ਗਿਆ।
ਰੋਜ਼ਾਨਾ ਵੱਡੇ ਤੜਕੇ ਉਠ ਕੇ ਨਿੰਮ ਦੀ ਦਾਤਣ ਕਰਨ ਉਪਰੰਤ ਇਸ਼ਨਾਨ-ਪਾਨ ਸੋਧ ਕੇ ਉਚੀ ਉਚੀ ਬੋਲ ਕੇ ਨਿਤਨੇਮ ਕਰਨ ਵਾਲੇ ਕਿਸੇ ਸਮੇਂ ਗੱਤਕੇ ਦੇ ਨਿਪੁੰਨ ਖਿਡਾਰੀ ਰਹੇ; ਸੱਚ, ਸਹਿਜ, ਸਾਦਗੀ, ਫੁਰਤੀ ਤੇ ਦਲੇਰੀ ਜਿਹੇ ਸਦਗੁਣਾਂ ਨਾਲ ਭਰਪੂਰ ਸਾਡੇ ਸੋਢੀ ਸਾਹਿਬ ਨੇ 21 ਅਪਰੈਲ 2013 ਵਾਲੇ ਦਿਨ ਪੀæਜੀæਆਈæ ਚੰਡੀਗੜ੍ਹ ਵਿਚ ਆਪਣੇ ਜੀਵਨ ਦਾ ਆਖਰੀ ਸਾਹ ਲਿਆ। 22 ਅਪਰੈਲ ਨੂੰ ਦੁਪਾਲਪੁਰ ਦੇ ਸੋਢੀਆਂ ਦੇ ਬਾਗ ਵਿਚ ਉਨ੍ਹਾਂ ਦੇ ਪੁਰਖਿਆਂ ਦੀਆਂ ਸਮਾਧਾਂ ਸਾਹਮਣੇ ਇਸ ਅਗੰਮੀ ਸ਼ਖ਼ਸੀਅਤ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਹਿਲੀ ਮਈ 2011 ਨੂੰ ਉਨ੍ਹਾਂ ਦੇ ਘਰੋਂ, ਸਾਡੇ ਚਾਚੀ ਜੀ ਪੂਰੇ ਹੋ ਗਏ ਸਨ। ਪੂਰੇ ਦੋ ਸਾਲ ਬਾਅਦ ਪਹਿਲੀ ਮਈ 2013 ਨੂੰ ਹੀ ਬਾਬਾ ਜੀ ਦੀ ਅੰਤਿਮ ਅਰਦਾਸ ਹੋਈ।
ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ॥
Leave a Reply