ਸ਼ਬਦ ਸ਼ਬਦ ਹੋਣਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਹਮਦਰਦੀ ਦੇ ਅਰਥਾਂ ਦੀ ਪੜਚੋਲ ਕਰਦਿਆਂ ਕਿਹਾ ਸੀ, “ਹਮਦਰਦੀ ਪ੍ਰਗਟ ਕਰਨ ਲਈ ਦਿਲ-ਗੁਰਦਾ ਚਾਹੀਦਾ। ਇਸ ਲਈ ਦੌਲਤ, ਸਰੀਰਕ ਸਮਰੱਥਾ ਜਾਂ ਰੁਤਬਾ ਨਹੀਂ ਲੋੜੀਂਦਾ। ਸਿਰਫ ਮਨ ਵਿਚ ਲੋਚਾ ਹੋਵੇ ਤਾਂ ਹਮਦਰਦੀ ਆਪਣੇ ਆਪ ਹੀ ਪੈਦਾ ਹੁੰਦੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਸ਼ਬਦਾਂ ਤੇ ਹਰਫਾਂ ਦੀ ਪਰਖ ਪੜਚੋਲ ਕੀਤੀ ਹੈ। ਸ਼ਬਦ ਹੀ ਆਪਸ ਵਿਚ ਵਿਚਾਰਾਂ ਦਾ ਇਜ਼ਹਾਰ ਕਰਨ ਦਾ ਵਸੀਲਾ ਹਨ।

ਡਾ. ਭੰਡਾਲ ਕਹਿੰਦੇ ਹਨ, “ਸ਼ਬਦ, ਬੋਲੇ ਵੀ ਜਾਂਦੇ ਤੇ ਅਬੋਲ ਵੀ, ਗੁੰਗੇ ਵੀ ਤੇ ਸ਼ੋਰਗੁਲ ਵੀ ਪੈਦਾ ਕਰਦੇ, ਸੁਰਬੱਧ ਵੀ ਅਤੇ ਉਗੜ ਦੁੱਘੜੇ ਵੀ ਹੁੰਦੇ। ਇਹ ਸ਼ਬਦ ਦੀ ਲੋੜ, ਰੂਪ ਅਤੇ ਵਰਤੋਂ ‘ਤੇ ਨਿਰਭਰ ਕਰਦਾ।” ਗੁਰਬਾਣੀ ਦੇ ਹਵਾਲੇ ਨਾਲ ਉਹ ਦੱਸਦੇ ਹਨ, “ਗੁਰ ਕਾ ਸਬਦੁ ਕੋ ਵਿਰਲਾ ਬੂਝੈ ਆਪ ਮਾਰੇ ਤਾ ਤ੍ਰਿਭਵਣੁ ਸੂਝੈ॥ ਲੋੜ ਹੈ, ਇਸ ਸ਼ਬਦ-ਆਸਥਾ ਨਾਲ ਅੰਤਰੀਵ ਨੂੰ ਰੌਸ਼ਨ ਕਰਕੇ ਆਤਮਕ ਸਿਰਜਣਾ ਦਾ ਮਾਰਗ ਅਪਨਾਈਏ।” ਉਨ੍ਹਾਂ ਦਾ ਇੰਕਸ਼ਾਫ ਹੈ, “ਸ਼ਬਦ, ਸਮਰੂਪ ਹੀ ਹੁੰਦੇ। ਸਿਰਫ ਭਾਸ਼ਾਵਾਂ ਦਾ ਅੰਤਰ ਹੁੰਦਾ ਕਿਉਂਕਿ ਮਨੁੱਖੀ ਭਾਵਨਾਵਾਂ, ਅਹਿਸਾਸ ਅਤੇ ਮਾਨਵੀ ਤਰੰਗਾਂ ਤਾਂ ਇਕਸਾਰ ਹੁੰਦੇ। ਮਨੁੱਖ ਦੀਆਂ ਬਹੁਤੀਆਂ ਲੋੜਾਂ ਵੀ ਇਕੋ ਜਿਹੀਆਂ ਹੁੰਦੀਆਂ, ਜਿਸ ਨਾਲ ਸ਼ਬਦ ਨੂੰ ਇਕਸਾਰਤਾ ਮਿਲਦੀ।” –ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਸ਼ਬਦ, ਹਰਫ ਸੰਗ ਹਰਫ ਦਾ ਮਿਲਾਪ, ਬੋਲਾਂ ਲਈ ਅਲਾਪ ਅਤੇ ਆਪਸੀ ਸੰਵਾਦ ਲਈ ਸੁਘੜ-ਸੌਗਾਤ।
ਸ਼ਬਦ ਸਿਰਜਣਾ ਮਨੁੱਖ ਦਾ ਸਭ ਤੋਂ ਵੱਡਾ ਹਾਸਲ। ਸਾਰੀਆਂ ਮਨੁੱਖੀ ਖੋਜਾਂ ਤੋਂ ਉਤਮ। ਇਸ ਤੋਂ ਬਿਨਾ ਤਾਂ ਮਨੁੱਖ ਨੇ ਹੀਣਾ ਹੀ ਰਹਿਣਾ ਸੀ।
ਸ਼ਬਦ, ਕਿਹੜਾ ਸਭ ਤੋਂ ਵਧੀਆ ਲੱਗਦਾ ਹੈ, ਇਹ ਹਰ ਮਨੁੱਖ ਲਈ ਵੱਖਰਾ ਵੱਖਰਾ। ਇਸ ਦਾ ਵੀ ਆਪਣਾ ਹੀ ਇਤਿਹਾਸ, ਤਾਂ ਹੀ ਕੁਝ ਸ਼ਬਦ ਸਾਨੂੰ ਬਹੁਤ ਪਿਆਰੇ ਲੱਗਦੇ ਜਦ ਕਿ ਕੁਝ ਨਾਲ ਨਫਰਤ ਹੁੰਦੀ।
ਸ਼ਬਦ, ਪੂਰਨੇ ਵੀ ਅਤੇ ਫੱਟੀ ‘ਤੇ ਅੱਖਰ-ਮੋਤੀਆਂ ਦੀ ਵਰਣਮਾਲਾ ਵੀ। ਵਰਕਿਆਂ ‘ਤੇ ਫੈਲਦੇ, ਬੋਲਾਂ ਵਿਚ ਗੂੰਜਦੇ, ਹਵਾ ‘ਤੇ ਲਿਖੇ ਜਾਂਦੇ, ਪਾਣੀਆਂ ‘ਤੇ ਕਲਾ-ਨਕਾਸ਼ੀ ਅਤੇ ਪਰਿੰਦਿਆਂ ਦੀ ਗੁਟਕਣੀ ਵੀ ਹੁੰਦੇ।
ਸ਼ਬਦ, ਬੋਲੇ ਵੀ ਜਾਂਦੇ ਤੇ ਅਬੋਲ ਵੀ, ਗੁੰਗੇ ਵੀ ਤੇ ਸ਼ੋਰਗੁਲ ਵੀ ਪੈਦਾ ਕਰਦੇ, ਸੁਰਬੱਧ ਵੀ ਅਤੇ ਉਗੜ ਦੁੱਘੜੇ ਵੀ ਹੁੰਦੇ। ਇਹ ਸ਼ਬਦ ਦੀ ਲੋੜ, ਰੂਪ ਅਤੇ ਵਰਤੋਂ ‘ਤੇ ਨਿਰਭਰ ਕਰਦਾ।
ਸ਼ਬਦ, ਕਿਸੇ ਕਾਰਜ, ਵਸਤ, ਕਿਰਿਆ, ਵਿਅਕਤੀ, ਸਥਾਨ ਨੂੰ ਪੁਕਾਰਨ ਦੀ ਸੁਵਿਧਾ। ਖਾਸ ਸ਼ਬਦ ਅਤੇ ਨਾਮ ਦੇਣ ਤੋਂ ਬਿਨਾ ਅਸੀਂ ਕਿਸੇ ਨੂੰ ਕੀ ਕਹਿ ਕੇ ਬੁਲਾਵਾਂਗੇ?
ਸ਼ਬਦ ਸੁਰਤ ਵਿਚ ਵੱਸਦਾ, ਸੋਚ ਵਿਚ ਉਤਰਦਾ, ਮਨ ਬੀਹੀ ਵਿਚ ਮਟਕ ਮਟਕ ਤੁਰਦਾ, ਜ਼ੁਬਾਨ ‘ਤੇ ਆਉਂਦਾ ਅਤੇ ਫਿਰ ਹੋਠੀਂ ਮਟਕਾਉਂਦਾ। ਹਵਾ ਵਿਚ ਰੁਮਕਣੀ ਪੈਦਾ ਕਰਦਾ ਅਤੇ ਇਹ ਤਰੰਗਾਂ ਹੀ ਕਿਸੇ ਕੰਨ ਵਿਚ ਸ਼ਬਦ-ਸੁਰਤੀ ਪੈਦਾ ਕਰ, ਸ਼ਬਦ ਦੀ ਹੋਂਦ ਅਤੇ ਇਸ ਦੇ ਹੋਂਦ ਬਾਰੇ ਪ੍ਰਭਾਵ ਪੈਦਾ ਕਰਦੀਆਂ।
ਸ਼ਬਦ, ਸੋਹਣਾ ਵੀ ਤੇ ਕੋਝਾ ਵੀ, ਆਪਣਾ ਵੀ ਤੇ ਬਿਗਾਨਾ ਵੀ। ਓਪਰਾਪਣ ਤੇ ਆਪਣਾਪਣ ਵੀ ਸ਼ਬਦ ਵਿਚੋਂ ਹੀ ਝਲਕਦਾ।
ਸ਼ਬਦ, ਸਾਂਝਾਂ, ਸਿਮਰਤੀਆਂ, ਸੋਚਾਂ, ਸੁਪਨਿਆਂ, ਸਦਮਿਆਂ ਨੂੰ ਆਪਣੇ ਵਿਚ ਸਮਾਉਂਦੇ। ਜਦ ਯਾਦ ਚਸਕਦੀ ਤਾਂ ਇਹ ਸਾਨੂੰ ਸਾਡੇ ਅਤੀਤ ਦੇ ਰੂਬਰੂ ਕਰਦੇ। ਸ਼ਬਦ ਹੀ ਯਾਦਾਂ ਦੀ ਸਭ ਤੋਂ ਸੁੰਦਰ ਸੰਭਾਲ ਕਰਦੇ।
ਸ਼ਬਦ ਸਭ ਤੋਂ ਸੁੰਦਰ ਤੇ ਸਦੀਵੀ ਸਾਥ ਦੁੱਖ ਤੇ ਸੁੱਖ ਵਿਚ, ਹਾਸੇ ਤੇ ਰੋਣੇ ਵਿਚ, ਮਿਲਣ ਤੇ ਮਿਲਾਪ ਵਿਚ, ਖੋਹਣ ਤੇ ਪਾਉਣ ਵਿਚ, ਲੱਭਣ ਤੇ ਗੁਵਾਉਣ ‘ਚ, ਰੁੱਸਣ ਤੇ ਮਨਾਉਣ `ਚ, ਜਾਗਣ ਤੇ ਸੌਣ `ਚ, ਜੇਠ ਤੇ ਸਾਉਣ ‘ਚ ਅਤੇ ਲਵੇ ਲਾਉਣ ਤੇ ਦੂਰ ਹਟਾਉਣ ‘ਚ।
ਸ਼ਬਦ ਵਿਚੋਂ ਹੀ ਸ਼ਬਦ ਹੋਰ ਸ਼ਬਦਾਂ ਦੀ ਖੇਤੀ ਕਰਦੇ, ਸ਼ਬਦਾਂ ਵਿਚ ਨਵੇਂ ਨਵੇਂ ਸ਼ਬਦਾਂ ਦੀਆਂ ਸੂਹਾਂ ਮਿਲਦੀਆਂ, ਸ਼ਬਦ ਆਪਸ ਵਿਚ ਨਿੱਘੀ ਬੁੱਕਲ, ਰੁੱਸਦੇ ਵੀ ਤੇ ਮੰਨਦੇ ਵੀ, ਗਿਲਾ ਵੀ ਕਰਦੇ ਤੇ ਰੋਸਾ ਵੀ, ਦਿਲ ਦੀਆਂ ਗੱਲਾਂ ਵੀ ਕਰਦੇ ਅਤੇ ਬੁਝਾਰਤਾਂ ਵੀ ਪਾਉਂਦੇ।
ਸ਼ਬਦ, ਸ਼ਬਦ ਦੀ ਰੂਹ-ਰੇਜ਼ਤਾ ਤੇ ਸ਼ਬਦ ਸ਼ਬਦਾਂ ਦੇ ਵਾਲੀ। ਸ਼ਬਦਾਂ ਵਿਚੋਂ ਵਾਕ ਉਪਜਦੇ ਜਾਂ ਪਾਉਂਦੇ ਸ਼ਬਦ ਭਿਆਲੀ। ਸ਼ਬਦ ਮੱਥੇ ‘ਤੇ ਉਤਰੀ ਸ਼ਾਮ ਤੇ ਸ਼ਬਦ ਸਰਘੀ ਦੀ ਲਾਲੀ। ਸ਼ਬਦ ਹੀ ਹੁੰਦੇ ਸਿਰ ‘ਤੇ ਸੂਰਜ ਤੇ ਸ਼ਬਦ ਹੀ ਰੂਪ-ਧੁਪਾਲੀ। ਸ਼ਬਦ ਹੀ ਦੱਸਦੇ ਤਨ ਲੰਗਾਰ ਤੇ ਸਿਰ ‘ਤੇ ਲੀਰਾਂ ਪਰਨਾ। ਸ਼ਬਦ ਹੀ ਖੇਤ ਪਨੀਰੀ ਬਣਦੇ ਤੇ ਸ਼ਬਦ ਹੀ ਬਣਦੇ ਡਰਨਾ। ਸ਼ਬਦ ਜੂਹਾਂ ਵਿਚ ਸਮਾਂ, ਤਰੀਕਾਂ ਤੇ ਪਲ ਪਲ ਦਾ ਲੇਖਾ। ਸ਼ਬਦ ਚਿੱਟੇ ਦਿਨ ਵਰਗਾ ਏ ਪਵੇ ਨਾ ਕਦੇ ਭੁਲੇਖਾ। ਸ਼ਬਦ ਸਿਰੜ ਦੀ ਬਗਲੀ ਗਲ ਵਿਚ ਲਟਕਾਉਂਦੇ ਤਾਂ ਹਰ ਬੀਹੀ ਤੇ ਗਲੀ ਮੁਹੱਲੇ ਸੱਦ ਸੁੱਚਮ ਦੀ ਲਾਉਂਦੇ। ਸ਼ਬਦ ਨਾਲ ਸੁਪਨੇ ਤੇ ਸੰਭਾਵਨਾਵਾਂ ਦਾ ਬਰਸੇ ਮੇਘ। ਸ਼ਬਦ ਨਾਲ ਮੰਜ਼ਿਲ ਦਿਸਹੱਦੇ ਹੋ ਜਾਂਦੇ ਅਭੇਦ।
ਸ਼ਬਦ ਕਦੇ ਕਦੇ ਸਿਸਕਣ ਲੱਗਦੇ ਜਦ ਇਨ੍ਹਾਂ ਨੂੰ ਫਰੋਲਣ ਤੋਂ ਆਕੀ ਹੋ ਜਾਂਦੇ ਲੋਕ। ਕਿਤਾਬਾਂ ਵਿਚ ਹੰਝੂ ਬਣ ਕੇ ਜਰਜਰੀ ਹੋਣ ਤੋਂ ਸਿਵਾਏ ਬਚਦਾ ਨਾ ਕੋਈ ਚਾਰਾ। ਸ਼ਬਦ ਹੀ ਸ਼ਬਦ-ਸੋਗ ਲਈ ਬਣਦਾ ਸ਼ਬਦ ਵਿਚਾਰਾ।
ਸ਼ਬਦ ਜਦ ਫੱਟੀ ਤੋਂ ਉਕਰਨ ਤੋਂ ਮੁਨਕਰ ਹੋ ਜਾਵੇ, ਪੂਰਨਿਆਂ ਵਿਚ ਉਘੜਨ ਤੋਂ ਬਾਗੀ ਹੋ ਜਾਵੇ ਅਤੇ ਗਿੱਡ ਨਾਲ ਭਰੇ ਦੀਦਿਆਂ ਵਿਚ ਆਪਣੀ ਸ਼ਕਲ ਦਿਖਾਉਣ ਜੋਗਾ ਵੀ ਨਾ ਰਹੇ ਤਾਂ ਸ਼ਬਦ ਦੀ ਮੌਤ ਹੋ ਜਾਂਦੀ, ਜੋ ਹੁੰਦੀ ਏ ਸਭ ਤੋਂ ਦੁਖਦਾਈ ਕਿਉਂਕਿ ਸ਼ਬਦ ਦੀ ਪਨੀਰੀ ਤਾਂ ਆਉਣ ਵਾਲੀ ਨਵੀਂ ਪਨੀਰੀ ਨੇ ਹੀ ਲਾਉਣੀ।
ਸ਼ਬਦ ਹਰ ਸਦੀ ‘ਚ ਲੋਚਦਾ ਏ ਆਪਣੇ ਵਾਰਸ ਨੂੰ, ਜੋ ਉਨ੍ਹਾਂ ਨੂੰ ਪਲੋਸੇ, ਉਸ ਦੇ ਖਾਰੇਪਣ ਨੂੰ ਧੋਵੇ, ਘਰਾਲਾਂ ਨੂੰ ਪੂੰਝੇ, ਦਿਲਗੀਰੀ ਨੂੰ ਘਟਾਵੇ, ਪਿੰਡੇ `ਤੇ ਲੱਗੇ ਜਖਮਾਂ ‘ਤੇ ਮਰਹਮ ਲਾਵੇ ਤੇ ਖੁਦ ਸ਼ਬਦ ਸ਼ਬਦ ਹੋ ਜਾਵੇ। ਸ਼ਬਦ ਦੀ ਰੂਹ ਰੇਜ਼ਾ ਜਦ ਵਰਕਿਆਂ ਨੂੰ ਭਾਗ ਲਾਵੇ ਤਾਂ ਸ਼ਬਦ ਦੀ ਉਮਰ ਯੁੱਗਾਂ ਜੇਡੀ ਹੋ ਜਾਵੇ।
ਸ਼ਬਦ ਕਦੋਂ ਮਰਦੇ ਨੇ! ਉਹ ਖੁਦਗਰਜੀਆਂ, ਤੰਗ ਦਾਇਰਿਆਂ, ਘਟੀਆ ਸੋਚਾਂ ਅਤੇ ਫਿਰਕੂ ਨਜ਼ਰੀਏ ਵਿਚ ਕੁਝ ਸਮੇਂ ਲਈ ਓਹਲੇ ਭਾਵੇਂ ਹੋ ਜਾਣ ਪਰ ਵਕਤ ਆਉਣ ‘ਤੇ ਅੱਖ ਜਰੂਰ ਖੋਲ੍ਹਦੇ, ਦਿਲਾਂ ਦੀਆਂ ਰਮਜ਼ਾਂ ਫਰੋਲਦੇ ਅਤੇ ‘ਵਾਵਾਂ ਵਿਚ ਆਪਣੇ ਸਦੀਵ, ਸੁਚੱਜ, ਸਮਰਪਣ ਅਤੇ ਸੰਗ ਲੋਚਾ ਦੀਆਂ ਬਾਤਾਂ ਕਰਦੇ। ਪੁਰਾਤਨ ਗ੍ਰੰਥਾਂ ਵਿਚਲੇ ਸ਼ਬਦ ਅੱਜ ਵੀ ਮਨੁੱਖ ਨੂੰ ਮੁਖਾਤਬ ਹੋ, ਉਸ ਦੀ ਸੋਚ ਵਿਚ ਬਹੁਤ ਕੁਝ ਚੰਗੇਰਾ ਧਰਦੇ, ਮਨੁੱਖ ਨੂੰ ਉਸ ਦੇ ਆਪੇ ਦੇ ਰੂਬਰੂ ਕਰਦੇ ਅਤੇ ਉਸ ਦੇ ਰਾਹਾਂ ਵਿਚ ਪਰਮ ਮਨੁੱਖ ਦੀ ਨਿਸ਼ਾਨਦੇਹੀ ਕਰਦੇ।
ਸ਼ਬਦ, ਗੁਰਬਾਣੀ ਵਿਚ ਰੂਹੀਆਂ ਰਮਜ਼ਾਂ ਅਤੇ ਜੀਵਨ-ਸੇਧਾਂ ਨੂੰ ਮਨੁੱਖ ਦੇ ਨਾਮ ਕਰਦਿਆਂ ਫੁਰਮਾਉਂਦੇ, “ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ॥” ਜਾਂ “ਅੰਤਰਿ ਸਬਦੁ ਵਸਾਇਆ ਦੁਖੁ ਕਟਿਆ ਚਾਨਣੁ ਕੀਆ ਕਰਤਾਰਿ॥” ਜਾਂ “ਗੁਰ ਕਾ ਸਬਦੁ ਕੋ ਵਿਰਲਾ ਬੂਝੈ ਆਪ ਮਾਰੇ ਤਾ ਤ੍ਰਿਭਵਣੁ ਸੂਝੈ॥” ਲੋੜ ਹੈ, ਇਸ ਸ਼ਬਦ-ਆਸਥਾ ਨਾਲ ਅੰਤਰੀਵ ਨੂੰ ਰੌਸ਼ਨ ਕਰਕੇ ਆਤਮਕ ਸਿਰਜਣਾ ਦਾ ਮਾਰਗ ਅਪਨਾਈਏ।
ਸ਼ਬਦ, ਸਮਝੌਤੀਆਂ, ਸਿਆਣਪਾਂ, ਸਮਝਾਂ ਅਤੇ ਸੋਚਾਂ ਦਾ ਜਖੀਰਾ, ਸੱਦ ਲਾਉਂਦਾ ਫਕੀਰਾ, ਜਿਸ ਕੋਲ ਹੈ ਅਨੰਤ ਨਿਆਮਤਾਂ ਦਾ ਭੰਡਾਰਾ ਅਤੇ ਹੁੰਦਾ ਏ ਸਭ ਦਾ ਪਾਰ-ਉਤਾਰਾ।
ਸ਼ਬਦ, ਸੁਹਜ ਵੀ ਤੇ ਸਹਿਜ ਵੀ, ਸੁੰਦਰ ਵੀ ਤੇ ਸਾਰਥਕ ਵੀ, ਸੁਪਨਾ ਵੀ ਤੇ ਸਫਲਤਾ ਵੀ ਅਤੇ ਸਪਸ਼ਟਤਾ ਵੀ ਤੇ ਸੂਖਮਤਾ ਵੀ।
ਸ਼ਬਦ, ਆਪਸੀ ਗੱਲਬਾਤ ਦੀ ਮਜਬੂਤ ਕੜੀ, ਪਿਆਰੇ ਸਬੰਧਾਂ ਦਾ ਆਧਾਰ, ਸਮਾਜਕ ਤਾਣੇ-ਬਾਣੇ ਨੂੰ ਪਕਿਆਈ, ਪਾਕੀਜ਼ਗੀ ਤੇ ਪਹੁਲ ਬਖਸ਼ਦਾ ਅਤੇ ਆਦਮੀ ਨੂੰ ਨਵੀਂਆਂ ਸੰਭਾਵਨਾਵਾਂ ਸੰਗ ਜੋੜਦਾ।
ਸ਼ਬਦ, ਸਮਰੂਪ ਹੀ ਹੁੰਦੇ। ਸਿਰਫ ਭਾਸ਼ਾਵਾਂ ਦਾ ਅੰਤਰ ਹੁੰਦਾ ਕਿਉਂਕਿ ਮਨੁੱਖੀ ਭਾਵਨਾਵਾਂ, ਅਹਿਸਾਸ ਅਤੇ ਮਾਨਵੀ ਤਰੰਗਾਂ ਤਾਂ ਇਕਸਾਰ ਹੁੰਦੇ। ਮਨੁੱਖ ਦੀਆਂ ਬਹੁਤੀਆਂ ਲੋੜਾਂ ਵੀ ਇਕੋ ਜਿਹੀਆਂ ਹੁੰਦੀਆਂ, ਜਿਸ ਨਾਲ ਸ਼ਬਦ ਨੂੰ ਇਕਸਾਰਤਾ ਮਿਲਦੀ।
ਸ਼ਬਦ ਵਿਚ ਸੋਜ, ਸੋਗ, ਸੁੰਨ ਜਾਂ ਸੰਤਾਪ ਪੈਦਾ ਹੁੰਦਾ ਤਾਂ ਇਸ ਦੀਆਂ ਅੱਖਾਂ ਵਿਚ ਨੈਂਅ ਉਤਰਦੀ, ਜੋ ਵਰਕਿਆਂ ਨੂੰ ਭਿਉਂਦੀ, ਬੋਲਾਂ ਨੂੰ ਤਰਲਾਉਂਦੀ ਅਤੇ ਸਿਸਕਣੀ ਨੂੰ ਹਵਾ ਦੇ ਪਿੰਡੇ ‘ਤੇ ਧਰ, ਸੂਖਮ ਅਹਿਸਾਸਾਂ ਨੂੰ ਪਰਵਾਜ਼ ਦਿੰਦੀ, ਪਰ ਅਜੋਕੇ ਅਹਿਸਾਸ ਵਿਹੂਣੇ ਲੋਕਾਂ ਤੋਂ ਕੀ ਆਸ ਰੱਖੋਗੇ, ਜੋ ਭਾਵਾਂ ਦੀ ਖੁਦਕੁਸ਼ੀ ਨੂੰ ਜਸ਼ਨ ਕਹਿੰਦੇ ਨੇ?
ਸ਼ਬਦ ਕਦੇ ਵੀ ਮਰਦੇ ਨਹੀਂ, ਸਿਰਫ ਇਨ੍ਹਾਂ ਦੀ ਰਹਿਤਲ ਬਦਲਦੀ। ਇਨ੍ਹਾਂ ਦਾ ਸਰੂਪ ਵੱਖਰਾ ਹੋ ਸਕਦਾ ਜਾਂ ਇਨ੍ਹਾਂ ਦੀਆਂ ਤਰਜ਼ੀਹਾਂ ਅਤੇ ਤਕਦੀਰ ਨੂੰ ਨਵੇਂ ਸਿਰੇ ਤੋਂ ਸਿਰਜਣਾ ਪੈਂਦਾ।
‘ਘੜੀਐ ਸਬਦ ਸਚੀ ਟਕਸਾਲ’ ਦਾ ਇਲਹਾਮ ਮਨੁੱਖੀ ਕਰਮ ਦਾ ਹਾਸਲ ਬਣ ਜਾਵੇ ਤਾਂ ਜਿੰLਦਗੀ ਦੇ ਅਰਥ ਬਦਲ ਜਾਂਦੇ। ਸ਼ਬਦ-ਟਕਸਾਲ ਵਿਚੋਂ ਹੀ ਜੀਵਨ-ਸ਼ੈਲੀ, ਜ਼ਿੰਦਗੀ ਦਾ ਅਦਬ ਸਤਿਕਾਰ ਤੇ ਮਾਨਵਵਾਦੀ ਸੋਚ ਨੂੰ ਪੁਖਤਗੀ ਅਤੇ ਪੂਰਨਤਾ ਮਿਲਦੀ, ਜੋ ਧਾਰਮਿਕ ਗ੍ਰੰਥਾਂ ਵਿਚ ਸਮੋਈ ਸਾਨੂੰ ਹੋਕਰਾ ਲਾਉਂਦੀ ਏ ਅਪਨਾਉਣ ਲਈ, ਪਰ ਅਸੀਂ ਇਸ ਤੋਂ ਬੇਮੁਖ ਹੋ ਇਸ ਨੂੰ ਅਪਨਾਉਣ ਤੋਂ ਨਾਬਰ। ਇਹ ਨਾਬਰੀ ਹੀ ਮਨੁੱਖੀ ਤਬਾਹੀ ਦਾ ਮੰਜ਼ਰ ਆ। ਕੁਦਰਤ ਸੰਗ ਇਕਸੁਰਤਾ ਵਿਚੋਂ ਹੀ ਮਨੁੱਖ ਦੀ ਹੋਣੀ ਨੂੰ ਚਿਤਾਰੋਗੇ ਤਾਂ ਜੀਵਨ ਦਾ ਸੁਹੱਪਣ ਮਨੁੱਖ ਦਾ ਹਾਸਲ ਹੋਵੇਗਾ।
ਸ਼ਬਦ ਇਕਹਿਰੇ ਵੀ ਹੁੰਦੇ ਤੇ ਬਹੁ-ਪਰਤੀ ਵੀ, ਸਧਾਰਨ ਵੀ ਤੇ ਗੁੰਝਲਦਾਰ ਵੀ ਹੁੰਦੇ, ਸਾਦੇ ਵੀ ਹੁੰਦੇ ਤੇ ਗੂੜ੍ਹ-ਗਿਆਨੀ ਵੀ, ਸਪੱਸ਼ਟ ਵੀ ਤੇ ਧੁੰਦਲੇ ਵੀ, ਆਮ ਬੋਲ-ਚਾਲ ਦੇ ਵੀ ਤੇ ਵਿਦਵਾਨੀ ਵੀ ਅਤੇ ਮੂੜ ਵੀ ਤੇ ਗਿਆਨੀ ਵੀ।
ਸ਼ਬਦਾਂ ਦੀ ਸੋਹਬਤ ਵਿਚ ਮਨੁੱਖੀ ਸੋਚ ਨੂੰ ਵਿਸ਼ਾਲਤਾ, ਦਿੱਭ-ਦ੍ਰਿਸ਼ਟੀ ਵਿਚ ਭਵਿੱਖਮੁਖੀ ਦ੍ਰਿਸ਼ਟਾਂਤ, ਕਰਮਸ਼ੈਲੀ ਵਿਚ ਕਰਮਯੋਗਤਾ ਦਾ ਪਾਸਾਰ, ਸੁਪਨਿਆਂ ਵਿਚ ਜ਼ਿੰਦਗੀ ਨੂੰ ਹੋਰ ਜਿਉਣ-ਜੋਗੀ ਕਰਨ ਦਾ ਨਿਸ਼ਚਾ, ਸੋਚਾਂ ਵਿਚ ਸੁੰਦਰ ਦੁਨੀਆਂ ਨੂੰ ਹੋਰ ਸੋਹਣੀ ਬਣਾਉਣ ਦੀ ਧਾਰਨਾ ਅਤੇ ਮਸਤਕ ਰੇਖਾਵਾਂ ਵਿਚ ਜੀਵਨੀ ਤਰਜ਼ੀਹਾਂ ਤੇ ਤਕਦੀਰਾਂ ਨੂੰ ਨਵੇਂ ਸਿਰੇ ਤੋਂ ਵਿਉਂਤਣ ਅਤੇ ਨੇਪਰੇ ਚਾੜ੍ਹਨ ਦੀ ਕਸਮ।
ਸ਼ਬਦ, ਗਾਲ੍ਹਾਂ ਵੀ ਹੁੰਦੇ ਤੇ ਪਿਆਰ-ਨਿਉਂਦਾ ਵੀ, ਫਿਟਕਾਰਾਂ ਵੀ ਤੇ ਲਾਡ-ਲਡਿੱਕੇ ਵੀ, ਨਿਹੋਰੇ ਵੀ ਤੇ ਉਲਾਹਮੇ ਵੀ, ਗੁੱਸਾ ਵੀ ਤੇ ਪਿਆਰ ਵੀ ਅਤੇ ਕਤਲ ਵੀ ਤੇ ਮੁਆਫੀ ਵੀ। ਇਹ ਤਾਂ ਸ਼ਬਦ ਦੀ ਤਾਸੀਰ ‘ਤੇ ਨਿਰਭਰ।
ਸ਼ਬਦ ਸਭ ਤੋਂ ਤਾਕਤਵਰ। ਤਲਵਾਰਾਂ, ਤੋਪਾਂ, ਐਟਮਾਂ ਅਤੇ ਮਿਜ਼ਾਈਲਾਂ ਨਾਲੋਂ ਤਾਕਤਵਰ। ਜੋ ਮਸਲੇ ਜੰਗਾਂ, ਯੁੱਧਾਂ, ਖੂਨ ਖਰਾਬੇ ਜਾਂ ਦੰਗਿਆਂ ਨਾਲ ਨਹੀਂ ਨਜਿੱਠੇ ਜਾਂਦੇ, ਉਹ ਗੱਲਬਾਤ ਦੀ ਮੇਜ਼ ‘ਤੇ ਸ਼ਬਦੀ ਦਾਨ-ਪ੍ਰਦਾਨ, ਮਿੱਠੜੀ ਸਦਭਾਵਨੀ ਸੋਚ ਅਤੇ ਮਿਲਵਰਤਣੀ ਮਾਨਸਿਕ ਬਿਰਤੀ ਨਾਲ ਬੜੀ ਜਲਦੀ ਸੁਲਝ ਜਾਂਦੇ।
ਸ਼ਬਦ ਖੁਦ ਵੀ ਤਾਕਤ ਅਤੇ ਤਾਕਤ ਦਿੰਦੇ ਵੀ, ਤਾਕਤ ਪੈਦਾ ਵੀ ਕਰਦੇ, ਤਾਕਤ ਵਰਤਾਉਂਦੇ ਵੀ ਅਤੇ ਤਾਕਤਵਰ ਬਣਾਉਂਦੇ ਵੀ। ਤਾਂ ਹੀ ਸ਼ਬਦ ਨੂੰ ਤਾਕਤ ਵੀ ਕਿਹਾ ਜਾਂਦਾ।
ਸ਼ਬਦ ਅੱਖੜ ਵੀ ਤੇ ਮੁਲਾਇਮ ਵੀ, ਸੁਧਰੇ ਵੀ ਤੇ ਅਣਘੜ ਵੀ, ਤਰਤੀਬ ਵਿਚ ਵੀ ਤੇ ਬੇਤਰਤੀਬੇ ਵੀ ਅਤੇ ਸਾਰਥਕ ਸੁਨੇਹਾ ਵੀ ਤੇ ਗੁਪਤ ਸੁਨੇਹਿਆਂ ਦਾ ਤਰੀਕਾ ਵੀ। ਪਿਛਲੇ ਸਮਿਆਂ ਵਿਚ ਜਸੂਸਾਂ ਦੇ ਸ਼ਬਦਾਂ ਵਿਚਲੀ ਜਾਣਕਾਰੀ ਸਿਰਫ ਮਾਹਰ ਲੋਕ ਹੀ ਜਾਣ ਸਕਦੇ ਸਨ।
ਸ਼ਬਦਾਂ ਦੇ ਜਖਮ ਤਲਵਾਰ ਨਾਲੋਂ ਡੂੰਘੇ ਤੇ ਗੰਭੀਰ। ਜਿਸਮ ‘ਤੇ ਲੱਗੇ ਫੱਟ ਜਲਦੀ ਹੀ ਆਠਰ ਜਾਂਦੇ, ਖਰੀਂਡ ਆ ਜਾਂਦੇ ਅਤੇ ਸਿਰਫ ਇਕ ਦਾਗ ਹੀ ਰਹਿ ਜਾਂਦਾ; ਪਰ ਸ਼ਬਦਾਂ ਦੀਆਂ ਛਿਲਤਰਾਂ ਹਮੇਸ਼ਾ ਚਸਕਦੀਆਂ।
ਸ਼ਬਦੀ ‘ਮੈਂ’ ਸਭ ਤੋਂ ਖਤਰਨਾਕ ਅਤੇ ਵਿਨਾਸ਼ਕਾਰੀ ਜਦ ਕਿ ‘ਅਸੀਂ’ ਸ਼ਬਦ ਸਭ ਦਾ ਸਾਂਝਾ, ਸਰਬੱਤ ਦੇ ਭਲੇ ਦੀ ਆਭਾ ਅਤੇ ਸਰਬ-ਲੋਚਾ ਦਾ ਪ੍ਰਤੀਬਿੰਬ। ਇਸ ਵਿਚੋਂ ਹੀ ਸੁਭ-ਚੇਤਨਾ ਅਤੇ ਸੁਚਾਰੂ ਬਿਰਤੀ ਦਾ ਵਿਕਾਸ ਤੇ ਵਿਸਥਾਰ।
ਸ਼ਬਦਾਂ ਦਾ ਜਾਦੂਗਰੀ ਅਸਰ ਹੁੰਦਾ, ਜਦ ਇਹ ਵਿਰਾਟ ਸੋਚ ਨੂੰ ਵਿਰਾਮ ਲਾਉਂਦੇ, ਮਨ ਦੀ ਗੁਸੈਲੀ ਸੋਚ ਨੂੰ ਸ਼ਾਂਤ ਕਰਦੇ ਅਤੇ ਸਰਬ-ਮਿਲਵਰਤਣ ਦਾ ਪੈਗਾਮ ਹਰ ਮਨ ਦਰ ‘ਤੇ ਉਕਰ ਜਾਂਦੇ।
ਸ਼ਬਦਾਂ ਦੀ ਮਹਿਮਾ ਕਰਦਿਆਂ ਸ਼ਬਦ ਆਪ-ਮੁਹਾਰੇ ਹੀ ਗੁਣਗੁਣਾਉਂਦੇ:
ਸ਼ਬਦ, ਅੱਖਰਾਂ ਦੀ ਵਰਣਮਾਲਾ
ਸ਼ਬਦ, ਵਾਕ-ਤਹਿਜ਼ੀਬ,
ਸ਼ਬਦ, ਸੁਹੰਢਣੀ ਜੀਵਨ-ਸ਼ੈਲੀ
ਸ਼ਬਦ, ਅਦਬ ਅਦੀਬ।

ਸ਼ਬਦ, ਜੀਵਨ ਦਾ ਮੂਲ-ਮੰਤਰ
ਸ਼ਬਦ ਹੀ ਮੁੱਖ ਵਾਕ,
ਸ਼ਬਦ, ਭਜਨ ਤੇ ਕੀਰਤਨ ਹੁੰਦਾ
ਸ਼ਬਦ ਹੀ ਜਪਿਆ ਜਾਪ।

ਸ਼ਬਦ ਗੁਰੂ ਸੁਰਤਿ ਧਨੁ ਚੇਲਾ
ਸ਼ਬਦ, ਜਾਗਦੀ ਜੋਤ,
ਸ਼ਬਦ ਸੁਹਜ, ਸੁਖਨ-ਸਬੂਰੀ
ਸ਼ਬਦੈ ਸਭ ਕਿਛ ਹੋਤ।

ਸ਼ਬਦੈ ਸਮਝ ਸਿਆਣਪਾਂ
ਸ਼ਬਦੀਂ ਪਾਈਏ ਮਾਣ,
ਸ਼ਬਦ, ਆਦਮ-ਜਾਤ ਵੀ
ਸ਼ਬਦ, ਖੁਦਾ ਭਗਵਾਨ।

ਸ਼ਬਦ ਹੁੰਦੇ ਖੁਸ਼ੀਆਂ-ਖੇੜੇ
ਸ਼ਬਦ ਹੀ ਬਣਦੇ ਗਮ,
ਸ਼ਬਦ ਕਰਦੇ ਜਖਮਾਂ ਦੀ ਖੇਤੀ
ਸ਼ਬਦ ਹੀ ਲਾਉਂਦੇ ਮਰਹਮ।

ਸ਼ਬਦ ਬਣਦੇ ਗੈਰ-ਧਰਾਤਲ
ਸ਼ਬਦ ਹੁੰਦੇ ਹਮ-ਦਮ,
ਸ਼ਬਦ ਕਰਾਉਂਦੇ ਝਗੜੇ-ਝੇੜੇ
ਸ਼ਬਦ ਹੀ ਸੁਰ-ਸਰਗਮ।

ਸ਼ਬਦ ਸਿਰਜਣ ਸਾਹ-ਸਿਸਕਣੀ
ਸ਼ਬਦ, ਸੰਗੀਤਕ ਦਮ,
ਸ਼ਬਦ ਦਿਖਾਉਂਦੇ ਮਨ ਦੀ ਮੈਲ
ਸ਼ਬਦ ਹੀ ਸੁੱਚਾ ਚੰਮ।

ਸ਼ਬਦ ਬਣਦੇ ਬਹੁਤਾਤ-ਬੰਦਗੀ
ਸ਼ਬਦ ਹੀ ਕਮ-ਸੇ-ਕਮ,
ਸ਼ਬਦ, ਪਿੰਡੇ ਦੇ ਮੁੜ੍ਹਕਾ-ਮੋਤੀ
ਸ਼ਬਦ, ਕੀਰਤੀ-ਕੰਮ।

ਸ਼ਬਦ ਹੀ ਹੁੰਦੇ ‘ਹੂ’ ਬਾਹੂ ਦੀ
ਸ਼ਬਦ, ਬੋਧ ਦੀ ਬਾਣੀ,
ਸ਼ਬਦ ਕਦੇ ਪੀਲੂ ਦਾ ਮਿਰਜ਼ਾ
ਸ਼ਬਦ, ‘ਸੋਹਣੀ’ ਕਹਾਣੀ।

ਸ਼ਬਦਾਂ ਵਿਚ ਵੱਸੇ ਵਿਰਾਸਤ
ਸ਼ਬਦਾਂ ਵਿਚ ਇਤਿਹਾਸ,
ਸ਼ਬਦਾਂ ਵਿਚ ਵੈਦ-ਪੁਰਾਣ
ਸ਼ਬਦਾਂ ਵਿਚ ਮਿਥਿਹਾਸ।

ਸ਼ਬਦਾਂ ਵਿਚ ਹੀ ਹੂੰਗੇ ਹਾਅ
ਸ਼ਬਦ ਸਿਰਜਦੇ ਆਸ,
ਸ਼ਬਦ ਵਿਛੜਨ ਵਿਛੜਨ ਕਰਦੇ
ਸ਼ਬਦ ਬਿਠਾਵਣ ਪਾਸ।

ਸ਼ਬਦ ਸਾਹੀਂ ਸੋਗ ਸੰਤਾਪੇ
ਸ਼ਬਦ ਧਰੇ ਧਰਵਾਸ,
ਸ਼ਬਦ ਸੁੱਕੇ ਹੋਠ ਕਿਆਸਣ
ਸ਼ਬਦ ਬੁਝਾਵੇ ਪਿਆਸ।

ਸ਼ਬਦਾਂ ਵਿਚ ਹਲ ਤੇ ਗੱਡੇ
ਸ਼ਬਦੀਂ ਖੂਹ ਖਰਾਸ,
ਸ਼ਬਦੀਂ ਮੋਹ-ਮਮਤਾ ਦੀਆਂ ਗੱਲਾਂ
ਸ਼ਬਦੀਂ ਪੁਰ-ਖੁਲਾਸ।

ਸ਼ਬਦਾਂ ਵਿਚ ‘ਜਾਪੁ’ ਤੇ ‘ਜਪੁਜੀ’
ਸ਼ਬਦ, ‘ਸੋਹਲੇ’ ‘ਰਹਿਰਾਸ’,
ਸ਼ਬਦਾਂ ਵਿਚ ਸੋਚਾਂ ਦੇ ਮੋਤੀ
ਸ਼ਬਦੀਂ ਅਰਥ-ਅਰਦਾਸ।

ਸ਼ਬਦੀਂ ਵੱਸਦੀ ਬੋਲ ਗੁਟਕਣੀ
ਸ਼ਬਦੀਂ ਮਨ-ਪਰਵਾਸ,
ਸ਼ਬਦਾਂ ਦੇ ਵਿਚ ਸਤਲੁਜ ਵਹਿੰਦਾ
ਸ਼ਬਦੀਂ ਰਾਵੀ ਬਿਆਸ।

ਸ਼ਬਦ ਹੁੰਦਾ ਸੁੰਨ ਦਾ ਪਹਿਰਾ
ਸ਼ਬਦੀਂ ਠੱਠੇ ਹਾਸੇ,
ਸ਼ਬਦਾਂ ਵਿਚ ਸਿਰੜ ਸਾਧਨਾ
ਸ਼ਬਦੀਂ ਹੱਠ ਦਿਲਾਸੇ।

ਸ਼ਬਦਾਂ ਦੇ ਵਿਚ ਚਾਅ ਚਹਿਕਦੇ
ਸ਼ਬਦੀਂ ਹਮ-ਹਸਾਸੇ
ਸ਼ਬਦਾਂ ਵਿਚ ਬੱਚਿਆਂ ਦੀ ਲੋਰੀ
ਸ਼ਬਦੀਂ ਲਾਲ-ਦੰਦਾਸੇ।

ਸ਼ਬਦਾਂ ਵਿਚ ਅਸੀਸ ਦੁਆਵਾਂ
ਸ਼ਬਦ ਹੀ ਰੌਸ਼ਨ ਪਾਸੇ,
ਸ਼ਬਦੀਂ ਵੱਸਣ ਬਰਕਤ ਰਹਿਮਤਾਂ
ਸ਼ਬਦ ‘ਚ ਰੂਹ-ਭਰਵਾਸੇ।

ਸ਼ਬਦ, ਸ਼ਬਦਾਂ ਦਾ ਸੰਝ-ਸਵੇਰਾ
ਸ਼ਬਦ, ਸ਼ਬਦਾਂ ਦੀ ਸ਼ਾਮ,
ਸ਼ਬਦ, ਸ਼ਬਦਾਂ ਦੀ ਉਘੜੀ ਰੇਖਾ
ਸ਼ਬਦ ਹੀ ਅਜ਼ਲ-ਅੰਜ਼ਾਮ।

ਸ਼ਬਦ, ਸ਼ਬਦਾਂ ਦਾ ਸੁੱਖ ਸੁਨੇਹਾ
ਸ਼ਬਦ ਹੀ ਪੀੜ-ਪੈਗਾਮ,
ਸ਼ਬਦ, ਸ਼ਬਦ ਦਾ ਅੱਜ ਤੇ ਕੱਲ
ਸ਼ਬਦ, ਸ਼ਬਦ-ਇਲਹਾਮ।

ਸ਼ਬਦ ਹੁੰਦੇ ਕੌਲ ਇਕਰਾਰ
ਸ਼ਬਦ, ਤੋੜੀਆਂ ਕਸਮਾਂ,
ਸ਼ਬਦ, ਸ਼ਬਦ ਦੀ ਪਾਉਂਦੇ ਬਗਲੀ
ਸ਼ਬਦ ਰਮਾਉਂਦੇ ਭਸਮਾਂ।

ਸ਼ਬਦ, ਸ਼ਬਦਾਂ ਦੇ ਵਾਰਸ ਹੁੰਦੇ
ਸ਼ਬਦ, ਸ਼ਬਦਾਂ ਦੀਆਂ ਬਾਹਾਂ,
ਸ਼ਬਦ, ਮੱਥੇ ‘ਤੇ ਖੁਣਿਆ ਸੂਰਜ
ਸ਼ਬਦ, ਰੋਸ਼ਨ ਰਾਹਾਂ।

ਸ਼ਬਦ, ਸ਼ਬਦਾਂ ਦਾ ਦੁੱਖ ਵਟਾਉਂਦੇ,
ਸ਼ਬਦ, ਸ਼ਬਦਾਂ ਦੀ ਢੋਈ
ਸ਼ਬਦ, ਸ਼ਬਦਾਂ ਦੀ ਮਿੱਟੀ ਬਣਦੇ
ਸ਼ਬਦ, ਸ਼ਬਦ-ਖੁਸ਼ਬੋਈ।

ਸ਼ਬਦ, ਸ਼ਬਦਾਂ ਦਾ ਪਾਣੀ ਭਰਦੇ,
ਸ਼ਬਦ ਹੀ ਖਿਦਮਤਗਾਰ,
ਸ਼ਬਦ, ਸ਼ਬਦਾਂ ਦਾ ਮਿੱਤ ਮੋਢਾ,
ਸ਼ਬਦ ਲੰਘਾਉਂਦੇ ਪਾਰ।

ਸ਼ਬਦ, ਸੱਚ ਦਾ ਲਾਇਆ ਹੋਕਾ
ਸ਼ਬਦ ਹੀ ਕੂੜ ਵਪਾਰ,
ਸ਼ਬਦ, ਸੰਦੇਸ਼ ਸਿਹਤਯਾਬੀ ਦਾ
ਸ਼ਬਦ ਹੀ ਕਰੇ ਬਿਮਾਰ।

ਸ਼ਬਦ, ਸੁੱਕਿਆਂ ਨੂੰ ਹਰਿਆ ਕਰਦੇ
ਸ਼ਬਦ, ਬਾਗ-ਬਹਾਰ,
ਸ਼ਬਦ, ਰੰਗ-ਮਹਿਕ ਦਾ ਬੂਟਾ
ਸ਼ਬਦ, ਫਲ-ਗੁਲਜ਼ਾਰ।

ਸ਼ਬਦ, ਸਾਹਾਂ ਦਾ ਸਰਮਾਇਆ
ਸ਼ਬਦ, ਅਉਧ ਦੀ ਘਾਟ,
ਸ਼ਬਦ, ਮੰਜ਼ਿਲਾਂ ਦਾ ਸਿਰਨਾਂਵਾਂ
ਸ਼ਬਦ ਹੀ ਵਿਟਰੀ ਵਾਟ।

ਸ਼ਬਦ ਕਰਦਾ ਚੁੱਲਿ੍ਹਆਂ ਦੀ ਚੁਗਲੀ
ਸ਼ਬਦ, ਟੁੱਕ ਦੀਆਂ ਸੂਹਾਂ,
ਸ਼ਬਦ, ਸੱਥਾਂ ‘ਚ ਵੱਸਦੀ ਬਰਕਤ
ਸ਼ਬਦ, ਧੂਣੀ ਦਾ ਧੂੰਆਂ।

ਸ਼ਬਦ, ਆਲ੍ਹੇ ਸੰਤੋਖਿਆ ਦੀਵਾ
ਸ਼ਬਦ, ਮੰਜਿਆਂ ਦੀਆਂ ਪਾਲਾਂ,
ਸ਼ਬਦ, ਬਾਬੇ ਦੀਆਂ ਬਾਤਾਂ ਹੁੰਦੇ
ਸ਼ਬਦ, ਨੀਂਦ ਹੰਗਾਲਾਂ।

ਸ਼ਬਦ ਹੁੰਦੇ ਗੁੱਝੀਆਂ ਰਮਜ਼ਾਂ
ਸ਼ਬਦ ਦਿਲ ਦੀਆਂ ਬਾਤਾਂ,
ਸ਼ਬਦ, ਮਨ ਖਿੜੀਆਂ ਗੁਲਜ਼ਾਰਾਂ
ਸ਼ਬਦ, ਸਰੂਰ ਸੌਗਾਤਾਂ।

ਸ਼ਬਦ ਸਿਰਜਦਾ ਰਿਸ਼ਤੇ ਨਾਤੇ
ਸ਼ਬਦ ਹੀ ਬੀਜੇ ਕੰਡੇ,
ਸ਼ਬਦ ਕਰਦਾ ਸਿਫਤ-ਸਲਾਹੁਤਾਂ
ਸ਼ਬਦ ਚੌਰਾਹੀਂ ਭੰਡੇ।

ਸ਼ਬਦ ਹੁੰਦਾ ਦਰਗਾਹੀਂ ਦਾਰੂ
ਸ਼ਬਦ ਨਿਵਾਰੇ ਰੋਗ,
ਸ਼ਬਦ ਹੁੰਦਾ ਕੰਨ ਪੜਵਾਣੇ
ਸ਼ਬਦ, ਕਮਾਉਣਾ ਜੋਗ।

ਸ਼ਬਦ, ਮਨ ਦੀ ਖੁੱਲ੍ਹੀ ਬਾਰੀ
ਸ਼ਬਦ, ਕਿਰਨਾਂ ਦਾ ਚੋਣਾ,
ਸ਼ਬਦ ਹੁੰਦਾ ਅੰਤਰੀਵ ਯਾਤਰਾ
ਸ਼ਬਦ ਹੀ ਖੁਦ ਨੂੰ ਪਾਉਣਾ।

ਪਰ
ਕਦੇ ਕਦਾਈਂ
ਜਰੂਰੀ ਹੁੰਦਾ
ਸ਼ਬਦਾਂ ਦੀ ਜੂਹ ਵਿਚ ਜਾਣਾ
ਰੁੱਸੇ ਸ਼ਬਦਾਂ ਨੂੰ ਮਨਾਉਣਾ
ਗੁੰਮੇ ਸ਼ਬਦਾਂ ਦੀ ਥਾਹ ਪਾਉਣਾ
ਚੁੱਪ ਸ਼ਬਦਾਂ ਨੂੰ ਬੋਲ ਛੁਹਾਣਾ
ਗੁੰਗੇ ਸ਼ਬਦੀਂ ਹਰਫ ਟਿਕਾਣਾ
ਫਿਕੇ ਸ਼ਬਦੀਂ ਰੰਗਤ ਚੜ੍ਹਾਉਣਾ
ਭਟਕੇ ਸ਼ਬਦਾਂ ਨੂੰ ਮੋੜ ਲਿਆਉਣਾ
ਰੋਂਦੇ ਸ਼ਬਦਾਂ ਨੂੰ ਗਲ ਨਾਲ ਲਾਉਣਾ
ਜਖਮੀ ਸ਼ਬਦਾਂ ਨੂੰ ਸਹਿਲਾਣਾ
ਤੇ
ਮਨ ਦੀ ਜੂਹੇ ਜਾ ਕੇ
ਸ਼ਬਦ ਨੂੰ ਆਤਮ-ਰਾਗ ਬਣਾਉਣਾ
ਅਤੇ ਸ਼ਬਦ ਸ਼ਬਦ ਹੋ ਜਾਣਾ।

ਸ਼ਬਦਾਂ ਦੇ ਸੁੱਚੇ ਅਰਥ, ਸਮਿਆਂ ਦਾ ਸੁੰਦਰ ਸੰਵਾਦ। ਇਸ ਵਿਚੋਂ ਹੀ ਚੇਨਤਾ ਨੂੰ ਚਿੰਤਨ ਅਤੇ ਚੰਗਿਆਈ ਦਾ ਜਾਗ ਲੱਗਦਾ। ਸ਼ਬਦ ਅਤੇ ਇਸ ਦੇ ਅਰਥ ਦਾ ਰਿਸ਼ਤਾ ਦੁੱਧ ਤੇ ਪਾਣੀ ਵਰਗਾ। ਆਪਸ ਵਿਚ ਮਿਲ ਕੇ ਨਿੱਜੀ ਹੋਂਦ ਨੂੰ ਮਿਟਾ ਇਕ ਰੂਪ ਧਾਰਦੇ। ਦੁੱਧ ਨੂੰ ਉਬਾਲਣ ਵਕਤ ਪਹਿਲਾਂ ਪਾਣੀ ਨੂੰ ਸੇਕ ਲੱਗਦਾ ਤੇ ਦੁੱਧ ਉਬਲਦਾ। ਉਬਲਦੇ ਦੁੱਧ ਨੂੰ ਸ਼ਾਂਤ ਕਰਨ ਲਈ ਫਿਰ ਪਾਣੀ ਦੇ ਤਰੌਂਕਿਆਂ ਦੀ ਲੋੜ ਪੈਂਦੀ। ਪਾਣੀ ਹੀ ਦੁੱਧ ਦਾ ਸਭ ਤੋਂ ਮਹਿਬੂਬੀ ਸਾਥੀ। ਦੁੱਧ ਦੀ ਪਾਣੀ ਸੰਗ ਆੜੀ, ਇਕ ਜੋਤ ਦੋਏ ਮੂਰਤੀ। ਸ਼ਬਦਾਂ ਵਿਚ ਮਹਿਕੀਲੇ ਤੇ ਸਜੀਲੇ ਅਰਥ ਹੋਣ ਤਾਂ ਇਹ ਪਾਕ-ਪੂਰਤੀ ਦਾ ਅਹਿਸਾਸ ਪੈਦਾ ਕਰਦੇ।
ਸ਼ਬਦਾਂ ਸੰਗ ਦੋਸਤੀ ਪਾਓ ਅਤੇ ਇਨ੍ਹਾਂ ਦੀ ਗਲਵੱਕੜੀ ਦੇ ਨਿੱਘ ਨੂੰ ਜੀਵਨ ਦਾ ਨਿੱਘ ਤੇ ਦਸਤੂਰ ਬਣਾਓ, ਜੀਵਨ ਜਿਉਣ-ਜੋਗਾ ਹੋ ਜਾਵੇਗਾ। ਜੀਵਨ-ਜੁਗਤ, ਆਲੇ ਦੁਆਲੇ ਦਾ ਹਾਸਲ ਹੋ ਜਾਵੇਗਾ।