ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਨੇ ਆਪਣੀ ਹੋਂਦ ਦੇ ਕਰੀਬ ਨੌਂ ਦਹਾਕਿਆਂ `ਚ ਬੜੇ ਉਤਰਾ-ਚੜ੍ਹਾਅ ਦੇਖੇ ਹਨ। ਅੱਜ ਕੱਲ੍ਹ ਇਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿਚ ਭਾਰਤ ਦੀ ਹਕੂਮਤ ਹੈ। ਇਸ ਵੇਲੇ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਹੈ; ਇਸੇ ਤਰ੍ਹਾਂ ਆਰ.ਐਸ.ਐਸ. ਸੰਸਾਰ ਦੀ ਸਭ ਤੋਂ ਵੱਡੀ ਵਾਲੰਟੀਅਰ ਸੰਸਥਾ ਹੈ। ਉਘੇ ਪੱਤਰਕਾਰ ਧੀਰੇਂਦਰ ਕੁਮਾਰ ਝਾਅ ਨੇ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਲਈ ਜ਼ਿੰਮੇਵਾਰ ਸੰਗਠਨਾਂ ਬਾਰੇ ਚਰਚਾ ਆਪਣੀ ਕਿਤਾਬ ‘ਸ਼ੈਡੋ ਆਰਮੀਜ਼’ (ਹਿੰਦੂਤਵੀ ਲਸ਼ਕਰ) ਵਿਚ ਕੀਤੀ ਹੈ। ਇਸ ਵਾਰ ਉਤਰ ਪ੍ਰਦੇਸ਼ ਵਿਚ ਸਰਗਰਮ ਹਿੰਦੂ ਯੁਵਾ ਵਾਹਿਨੀ ਦੇ ਕੰਮ ਢੰਗ ਬਾਰੇ ਭਰਪੂਰ ਖੁਲਾਸਾ ਹੈ, ਜਿਸ ਨੇ ਸੂਬੇ ਵਿਚ ਹਿੰਦੂ-ਮੁਸਲਮਾਨ ਧਰੁਵੀਕਰਨ ਲਈ ਰਾਹ ਖੋਲਿ੍ਹਆ।
-ਸੰਪਾਦਕ
ਧੀਰੇਂਦਰ ਕੁਮਾਰ ਝਾਅ
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਕੁਲਬੁਰਗੀ ਹਾਂਪੀ ਯੂਨੀਵਰਸਿਟੀ ਦਾ ਸਾਬਕਾ ਵਾਈਸ ਚਾਂਸਲਰ ਸੀ ਅਤੇ ਲਿੰਗਾਇਤ ਰਵਾਇਤ ਦਾ ਵਿਦਵਾਨ ਸੀ। ਉਹ ਪ੍ਰਸਿਧ ਤਰਕਸ਼ੀਲ ਅਤੇ ਕੰਨੜ ਸਾਹਿਤ ਦੇ ਮਸ਼ਹੂਰ ਵਿਦਵਾਨ ਯੂ. ਆਰ. ਅਨੰਤਮੂਰਤੀ ਦਾ ਪੱਕਾ ਹਮਾਇਤੀ ਸੀ। ਉਹ ਬ੍ਰਾਹਮਣਵਾਦੀ, ਕੱਟੜਪੰਥੀ ਅਤੇ ਫਿਰਕੂ ਸਿਆਸਤ ਦਾ ਤਿੱਖਾ ਆਲੋਚਕ ਸੀ। 2014 ਵਿਚ ਬੰਗਲੌਰ ਵਿਚ ‘ਵਹਿਮ ਭਰਮ ਵਿਰੋਧੀ ਬਿਲ` ਬਾਰੇ ਗੋਸ਼ਟੀ ਵਿਚ ਉਸ ਨੇ ਬਹੁਤ ਤਿੱਖੇ ਰੂਪ ਵਿਚ ਅਜਿਹੀ ਵਿਚਾਰਧਾਰਾ `ਤੇ ਹਮਲਾ ਕੀਤਾ ਸੀ। ਹਿੰਦੂ ਤਾਕਤਾਂ ਦੇ ਕੁਲਬੁਰਗੀ ਖਿਲਾਫ ਗੁੱਸੇ ਕਾਰਨ ਭਾਵੇਂ ਉਸ ਨੂੰ ਪੁਲਿਸ ਸੁਰੱਖਿਆ ਦੀ ਮੰਗ ਲਈ ਮਜਬੂਰ ਵੀ ਹੋਣਾ ਪਿਆ, ਪਰ ਕਤਲ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੇ ਸੁਰੱਖਿਆ ਵਾਪਸ ਲੈਣ ਦੀ ਮੰਗ ਕੀਤੀ ਸੀ।
ਇਨ੍ਹਾਂ ਤਿੰਨਾਂ ਕਤਲਾਂ ਵਿਚ ਸੰਸਥਾ ਦੀ ਭੂਮਿਕਾ ਭਾਵੇਂ ਸਾਫ ਦਿਖਾਈ ਦਿੰਦੀ ਹੈ, ਪਰ ਸੰਸਥਾ ਅਜੇ ਵੀ ਮੰਨਣ ਲਈ ਤਿਆਰ ਨਹੀਂ। ਉਂਜ ਡਭੋਲਕਰ, ਪਨਸਾਰੇ ਅਤੇ ਕੁਲਬੁਰਗੀ ਦੇ ਕਤਲਾਂ ਨੇ ਸੰਸਥਾ ਨੂੰ ਮੁੜ ਕੇਂਦਰ ਵਿਚ ਲਿਆਂਦਾ ਹੈ ਅਤੇ ਲੋਕ ਮੁੜ ਇਸ ਤੋਂ ਨਿਜਾਤ ਪਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਇਸ ਵਾਰ ਅਗਵਾਈ ਨੌਜਵਾਨ ਆਗੂ ਰਾਮਨਾਥ ਨੇ ਸੰਭਾਲੀ ਹੈ, ਜੋ ਸਥਾਨਕ ਨੌਜਵਾਨ ਹੈ। 30 ਸਤੰਬਰ 2015 ਨੂੰ ਪਨਸਾਰੇ ਕਤਲ ਕੇਸ ਵਿਚ ਸਮੀਰ ਗਾਇਕਵਾੜ ਦੀ ਗ੍ਰਿਫਤਾਰੀ ਪਿਛੋਂ ਪਿੰਡ ਦੇ ਮੁਖੀ ਸੌਰਭ ਲੋਟਲੀਕਰ ਨੇ ਮੰਗ ਕੀਤੀ ਕਿ ਸੰਸਥਾ ਦਾ ਆਸ਼ਰਮ ਪਿੰਡ ਵਿਚੋਂ ਚੁੱਕਿਆ ਜਾਵੇ।
ਰਾਮਨਾਥ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ 7 ਦਿਨਾਂ ਵਿਚ ਆਸ਼ਰਮ ਬੰਦ ਨਾ ਕਰਵਾਇਆ ਤਾਂ ਉਹ ਅੰਦੋਲਨ ਕਰਨਗੇ ਪਰ ਕੁਝ ਨਹੀਂ ਹੋਇਆ। ਇਸ ਮਾਮਲੇ ਵਿਚ ਸੰਸਥਾ ਦੀ ਸਫਲਤਾ ਦਰਸਾਉਂਦੀ ਹੈ ਕਿ ਕਿਵੇਂ ਪ੍ਰਬੰਧ ਨੂੰ ਵਰਗਲਾਇਆ ਜਾਂਦਾ ਹੈ। ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਫਾਸ਼ੀਵਾਦ ਕਿਵੇਂ ਆਉਂਦਾ ਹੈ। ਸੰਸਥਾ ਖਿਲਾਫ 2009 ਵਿਚ ਚੱਲਿਆ ਅੰਦੋਲਨ ਮੁੜ ਪੈਦਾ ਨਹੀਂ ਕੀਤਾ ਜਾ ਸਕਿਆ। ਅਸਲ ਵਿਚ ਹੁਣ ਕੇਂਦਰ ਅਤੇ ਗੋਆ ਵਿਚ ਭਾਜਪਾ ਦੀ ਸਰਕਾਰ ਹੈ। ਹੁਣ ਸਨਾਤਨ ਸੰਸਥਾ ‘ਤੇ ਪਾਬੰਦੀ ਕਿਵੇਂ ਲੱਗ ਸਕਦੀ ਹੈ! 2011 ਵਿਚ ਮਹਾਂਰਾਸ਼ਟਰ ਸਰਕਾਰ ਨੇ ਕੇਂਦਰ ਸਰਕਾਰ ਨੂੰ 1000 ਪੰਨਿਆਂ ਦੀ ਫਾਈਲ ਪੇਸ਼ ਕੀਤੀ, ਜੋ 2008-09 ਦੇ ਬੰਬ ਧਮਾਕਿਆਂ ਪਿਛੋਂ ਜਾਰੀ ਕੀਤੀ ਗਈ ਸੀ। ਉਦੋਂ ਉਸ ਸਮੇਂ ਦੀ ਕੇਂਦਰੀ ਕਾਂਗਰਸ ਸਰਕਾਰ ਵੀ ਸੰਸਥਾ ‘ਤੇ ਪਾਬੰਦੀ ਲਾਉਣ ਤੋਂ ਟਾਲਾ ਵੱਟਦੀ ਰਹੀ। ਸ਼ਾਇਦ ਸੰਸਥਾ ਦੇ ਸ਼ੁਭਚਿੰਤਕ ਭਾਜਪਾ ਵਿਚ ਹੀ ਨਹੀਂ, ਹੋਰ ਥਾਂਈਂ ਵੀ ਹਨ।
—
1999 ਦੀ ਫਰਵਰੀ ਦੇ ਇਕ ਨਿੱਖਰੇ ਹੋਏ ਦਿਨ ਭਾਜਪਾ ਦਾ ਐਮ. ਪੀ. ਯੋਗੀ ਅਦਿਤਿਆ ਨਾਥ ਹਥਿਆਰਬੰਦ ਚੇਲਿਆਂ ਨਾਲ ਉਤਰ ਪ੍ਰਦੇਸ਼ ਦੇ ਮਹਾਰਾਜ ਗੰਜ ਜਿਲੇ ਦੇ ਮੁਸਲਿਮ ਬਹੁਲਤਾ ਵਾਲੇ ਪਿੰਡ ਪੰਚ ਰੁਖੀਆ ਵਿਚੋਂ ਲੰਘ ਰਿਹਾ ਸੀ। ਗੋਰਖ ਨਾਥ ਮੱਠ ਦਾ ਮਹੰਤ, ਨਵੀਂ ਨਕੋਰ ਮਹਿੰਗੀ ਗੱਡੀ ਵਿਚ ਕਾਰਾਂ ਅਤੇ ਸਕੂਟਰਾਂ ਦੇ ਵੱਡੇ ਲਾਮ-ਲਸ਼ਕਰ ਸਮੇਤ ਜਾ ਰਿਹਾ ਸੀ। ਇਹ ਕਾਫਲਾ ਮਹਾਰਾਜ ਗੰਜ ਵੱਲ ਮੁੜਿਆ, ਜੋ ਗੋਰਖਪੁਰ ਹਲਕੇ ਵਿਚ ਪੈਂਦਾ ਹੈ। ਇਸ ਕਾਫਲੇ ਨੂੰ ਸਮਾਜਵਾਦੀ ਪਾਰਟੀ ਦੇ ਆਗੂ ਤਲਤ ਅਜ਼ੀਜ਼ ਦੀ ਅਗਵਾਈ ਵਿਚ ਵਰਕਰਾਂ ਦੇ ਹਜੂਮ ਨੇ ਸੜਕ `ਤੇ ਘੇਰ ਲਿਆ। ਉਹ ਸੂਬੇ ਦੀ ਭਾਜਪਾ ਸਰਕਾਰ ਖਿਲਾਫ ਰੋਸ ਪ੍ਰਗਟਾ ਰਹੇ ਸਨ।
ਰੋਹ ਭਰੀ ਨਾਅਰੇਬਾਜ਼ੀ ਵਾਲਾ ਇਹ ਤਕਰਾਰ ਛੇਤੀ ਹੀ ਗੋਲੀਆਂ ਚੱਲਣ ਵਿਚ ਬਦਲ ਗਿਆ। ਅਜ਼ੀਜ਼ ਦੇ ਅੰਗ ਰੱਖਿਅਕ ਹੈਡ ਕਾਂਸਟੇਬਲ ਸੱਤਿਆ ਪ੍ਰਕਾਸ਼ ਯਾਦਵ ਦੇ ਚਿਹਰੇ `ਤੇ ਗੋਲੀ ਲੱਗੀ ਅਤੇ ਉਹ ਥਾਂਏਂ ਢੇਰ ਹੋ ਗਿਆ। ਡਰਿਆ ਹੋਇਆ ਅਜ਼ੀਜ਼ ਤੇ ਉਸ ਦੇ ਹਮਾਇਤੀ ਆਲੇ-ਦੁਆਲੇ ਦੇ ਖੇਤਾਂ ਵੱਲ ਭੱਜ ਗਏ। ਅਦਿਤਿਆ ਨਾਥ ਅਤੇ ਉਸ ਦਾ ‘ਗੌ ਰਕਸ਼ਾ ਮੰਚ` ਦਾ ਹਜੂਮ ਆਰਾਮ ਨਾਲ ਅੱਗੇ ਚਲਿਆ ਗਿਆ। ਇਸੇ ਦਿਨ, 10 ਫਰਵਰੀ 1999 ਨੂੰ ਤਿੰਨ ਘੰਟਿਆਂ ਪਿਛੋਂ ਮਹਾਰਾਜ ਗੰਜ ਪੁਲਿਸ ਨੇ ਅਦਿਤਿਆ ਨਾਥ ਅਤੇ 24 ਹੋਰ ਜਣਿਆਂ ਖਿਲਾਫ ਧਾਰਾ 307 (ਇਰਾਦਾ ਕਤਲ), 147 (ਦੰਗੇ ਭੜਕਾਉਣ), 148 (ਘਾਤਕ ਹਥਿਆਰ ਰੱਖਣ), 295 (ਪੂਜਾ ਸਥਾਨ ਦੀ ਬੇਹੁਰਮਤੀ ਕਰਨ), 297 (ਮੁਸਲਿਮ ਕਬਰਿਸਤਾਨ ਦੀ ਹਦੂਦ ਵਿਚ ਜਬਰੀ ਦਾਖਲ ਹੋਣ), 153ਏ (ਦੋ ਫਿਰਕਿਆਂ ਦਰਮਿਆਨ ਦੁਸ਼ਮਣੀ ਪੈਦਾ ਕਰਨ) ਅਤੇ 506 (ਡਰਾਉਣ ਧਮਕਾਉਣ) ਆਦਿ ਤਹਿਤ ਐਫ. ਆਈ. ਆਰ. ਦਰਜ ਕੀਤੀ।
ਐਫ. ਆਈ. ਆਰ. ਵਿਚ ਸਪਸ਼ਟ ਲਿਖਿਆ ਗਿਆ ਕਿ ਗੋਰਖਪੁਰ ਐਮ. ਪੀ. ਅਤੇ ਉਸ ਦੇ ਹਮਾਇਤੀ, ਹਿੰਦੂਆਂ ਨੂੰ ਮੁਸਲਮਾਨਾਂ ਖਿਲਾਫ ਭੜਕਾ ਰਹੇ ਸਨ। ਉਨ੍ਹਾਂ ਪੰਚ ਰੁਖੀਆ ਵਿਖੇ ਕਬਰਿਸਤਾਨ ਵਿਚ ਕਬਰਾਂ ਪੁੱਟੀਆਂ। ਜਦੋਂ ਪੁਲਿਸ ਗ੍ਰਿਫਤਾਰ ਕਰਨ ਲੱਗੀ ਤਾਂ ਉਹ 14-15 ਵਾਹਨਾਂ ਵਿਚ ਦੌੜ ਗਏ ਅਤੇ ਸਮਾਜਵਾਦੀ ਪਾਰਟੀ ਆਗੂ ਦੇ ਅੰਗ ਰੱਖਿਅਕ ਸਤਿਆ ਪ੍ਰਕਾਸ਼ ਯਾਦਵ ਅਤੇ ਤਿੰਨ ਹੋਰ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਗਏ। ਸਤਿਆ ਪ੍ਰਕਾਸ਼ ਦੀ ਬਾਅਦ ਵਿਚ ਮੌਤ ਹੋ ਗਈ।
ਪੰਚ ਰੁਖੀਆ ਘਟਨਾ ਅਦਿਤਿਆ ਨਾਥ ਦੇ ਐਮ. ਪੀ. ਬਣਨ ਦੇ ਇਕ ਸਾਲ ਬਾਅਦ ਵਾਪਰੀ। 1998 ਵਿਚ ਉਹ ਗੋਰਖਪੁਰ ਤੋਂ 26,000 ਵੋਟਾਂ ਦੇ ਫਰਕ ਨਾਲ ਜਿੱਤਿਆ ਸੀ, 1999 ਵਿਚ ਉਸ ਨੇ ਸਮਾਜਵਾਦੀ ਪਾਰਟੀ ਦੇ ਜਮਨਾ ਪ੍ਰਸ਼ਾਦ ਨਿਸ਼ਾਦ ਨੂੰ ਬਹੁਤ ਘੱਟ ਵੋਟਾਂ ਦੇ ਫਰਕ 7339 ਨਾਲ ਹਰਾਇਆ। ਪਹਿਲੀ ਜਿੱਤ ਤੋਂ ਬਾਅਦ ਉਸ ਨੇ ‘ਗਊ ਰਕਸ਼ਾ ਮੰਚ’ ਦੀ ਸਥਾਪਨਾ ਕੀਤੀ, ਪਰ 1999 ਦੀ ਚੋਣ ਵਿਚ ਇਸ ਧਰੁਵੀਕਰਨ ਦਾ ਉਸ ਨੂੰ ਕੋਈ ਬਹੁਤਾ ਫਾਇਦਾ ਨਾ ਹੋਇਆ।
ਜਨਵਰੀ-ਫਰਵਰੀ 2002 ਦੀਆਂ ਚੋਣਾਂ ਵਿਚ ਭਾਜਪਾ ਬੁਰੀ ਤਰ੍ਹਾਂ ਹਾਰ ਗਈ, ਪਰ ਭਾਜਪਾ ਵਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਅਦਿਤਿਆ ਨਾਥ ਵਲੋਂ ਖੜ੍ਹਾ ਕੀਤਾ ਰਾਧਾ ਮੋਹਨ ਦਾਸ ਅਗਰਵਾਲ ਅਜ਼ਾਦ ਚੋਣ ਜਿੱਤ ਗਿਆ। ਉਂਜ, ਇਹ ਅਦਿਤਿਆ ਨਾਥ ਦੇ ਹਲਕੇ ਦਾ ਮਹਿਜ਼ ਪੰਜਵਾਂ ਹਿੱਸਾ ਹੀ ਹੋਣ ਕਰਕੇ, ਅਦਿਤਿਆ ਨਾਥ ਲਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਸੀ।
ਇਸ ਨੇ ਅਦਿਤਿਆ ਨਾਥ ਨੂੰ ਚੋਣਾਂ ਵਿਚ ਆਪਣੀ ਜਿੱਤ ਯਕੀਨੀ ਬਣਾਉਣ ਲਈ ਕੋਈ ਹੋਰ ਸੰਗਠਨ ਬਣਾਉਣ ਲਈ ਉਕਸਾਇਆ। ਇਕ ਹਫਤੇ `ਚ ਹੀ ਵਿਧਾਨ ਸਭਾ ਚੋਣਾਂ ਦੇ ਐਲਾਨ ਹੋਣ ਨਾਲ ਇਸ ਦਾ ਮੌਕਾਮੇਲ ਵੀ ਬਣ ਗਿਆ।
27 ਫਰਵਰੀ 2002 ਨੂੰ ਗੋਧਰਾ ਕਾਂਡ ਵਾਪਰ ਗਿਆ, ਜਦੋਂ ਸਾਬਰਮਤੀ ਐਕਸਪ੍ਰੈਸ ਵਿਚ 48 ਲੋਕ ਮਾਰੇ ਗਏ। ਇਸ ਤੋਂ ਬਾਅਦ ਗੁਜਰਾਤ ਵਿਚ ਮੁਸਲਮਾਨਾਂ ਦਾ ਭਿਆਨਕ ਕਤਲੇਆਮ ਕੀਤਾ ਗਿਆ, ਜੋ ਆਜ਼ਾਦ ਭਾਰਤ ਦਾ ਸੱਭ ਤੋਂ ਵੱਡਾ ਕਤਲੇਆਮ ਕਿਹਾ ਜਾ ਸਕਦਾ ਹੈ। ਐਨ ਉਸ ਵੇਲੇ ਜਦੋਂ ਗੁਜਰਾਤ ‘ਚ ਮੁਸਲਿਮ ਭਾਈਚਾਰੇ ਦੀ ਇਹ ਭਿਆਨਕ ਨਸਲਕੁਸ਼ੀ ਹੋ ਰਹੀ ਸੀ, ਉਦੋਂ ਗੋਰਖਪੁਰ ਦਾ ਯੋਗੀ ਅਦਿਤਿਆ ਨਾਥ ਘੱਟ ਗਿਣਤੀਆਂ ਵਿਰੋਧੀ ਇਕ ਸੰਸਥਾ ਦੀ ਉਸਾਰੀ `ਚ ਜੁੱਟਿਆ ਹੋਇਆ ਸੀ।
‘ਗੋਰਕਸ਼ਾ ਮੰਚ` ਦੀ ਪਕੜ ਗੋਰਕਸ਼ਾ ਪੀਠ ਜਾਂ ਗੋਰਖਨਾਥ ਮੱਠ ਤੱਕ ਹੀ ਸੀ। ਇਸ ਲਈ ਇਕ ਹੋਰ ਸੰਸਥਾ ‘ਹਿੰਦੂ ਯੁਵਾ ਵਾਹਿਨੀ` ਖੜ੍ਹੀ ਕੀਤੀ ਗਈ ਤਾਂ ਜੋ ਅਦਿਤਿਆ ਨਾਥ ਦੀਆਂ ਚੋਣ ਇੱਛਾਵਾਂ ਦੀ ਪੂਰਤੀ ਹੋ ਸਕੇ।
‘ਹਿੰਦੂ ਯੁਵਾ ਵਾਹਿਨੀ` ਨੇ ਆਪਣੀ ਸਥਾਪਨਾ ਦੇ ਦਿਨਾਂ ਤੋਂ ਹੀ ਧਾਰਮਿਕ ਸਿਆਸੀ ਕਿਸਮ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਵੀ ਵੱਡੀਆਂ ਫਿਰਕੂ ਘਟਨਾਵਾਂ ਦਾ ਰੂਪ ਦੇ ਕੇ ਮੁਸਲਮਾਨਾਂ ਅਤੇ ਘੱਟ-ਗਿਣਤੀਆਂ ਨੂੰ ਹਿੰਦੂ ਵਿਰੋਧੀ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਨੇ ‘ਲਵ ਜਿਹਾਦ`, ਮੁਸਲਿਮ ਭਾਈਚਾਰੇ ਦੀਆਂ ਮਾਸ ਖਾਣ ਦੀਆਂ ਆਦਤਾਂ, ਉਨ੍ਹਾਂ ਦੀ ਕਲੇਸ਼ੀ ਬਿਰਤੀ, ਹਿੰਦੂ ਮਾਨਤਾਵਾਂ ਦੇ ਵਿਰੋਧੀ ਹੋਣ, ਕੌਮੀ ਚਿੰਨ੍ਹਾਂ ਦੀ ਬੇਅਦਬੀ ਅਤੇ ਉਨ੍ਹਾਂ ਦੇ ਬਹੁਗਿਣਤੀ ਵਿਚ ਹੋਣ ਤੇ ਧੌਂਸ ਜਮਾਉਣ ਵਰਗੀਆਂ ਗੱਲਾਂ ਦਾ ਪ੍ਰਚਾਰ ਕਰਕੇ ਹਿੰਦੂ-ਮੁਸਲਮਾਨਾਂ ਵਿਚਾਲੇ ਨਫਰਤ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।
ਆਖਿਰਕਾਰ ਇਸ ਧਰੁਵੀਕਰਨ ਦਾ ਉਨ੍ਹਾਂ ਨੂੰ ਲਾਭ ਵੀ ਹੋਇਆ। 2004 ਵਿਚ ਯੋਗੀ ਅਦਿਤਿਆ ਨਾਥ 1,42,000 ਵੋਟਾਂ ਦੇ ਫਰਕ ਨਾਲ ਜਿੱਤਿਆ। 1999 ਵਿਚ ਇਹ ਫਰਕ ਮਹਿਜ 7339 ਸੀ ਜਦਕਿ 2009 `ਚ ਇਹ 3 ਲੱਖ ਤੋਂ ਉਪਰ ਹੋ ਗਿਆ ਅਤੇ ਇਹ ਫਰਕ 2014 ਵਿਚ ਵੀ ਜਾਰੀ ਰਿਹਾ।
—
ਆਪਣੀ ਹੀ ਸਿਆਸੀ ਪਾਰਟੀ ਤੋਂ ਬਾਹਰਾ ਹੋ ਕੇ ਸੰਸਥਾ ਬਣਾਉਣਾ ਇਕ ਸੰਸਦ ਮੈਂਬਰ ਲਈ ਮਾਮੂਲੀ ਗੱਲ ਨਹੀਂ ਸੀ, ਪਰ ਇਸ ਐਮ ਪੀ. ਅਦਿਤਿਆ ਨਾਥ ਦੀਆਂ ਸਭ ਕਾਰਵਾਈਆਂ ਅਸਾਧਾਰਨ ਹੀ ਸਨ। ਉਹ ਪਾਰਟੀ ਤੋਂ ਆਜ਼ਾਦ ਆਪਣੀ ਇਸ ਤਰ੍ਹਾਂ ਦੀ ਵੱਖਰੀ ਪਛਾਣ ਬਣਾਈ ਰੱਖਣ ਦੀ ਅਹਿਮੀਅਤ ਨੂੰ ਬਾਖੂਬੀ ਸਮਝਦਾ ਸੀ। ਭਾਜਪਾ ਅਤੇ ਆਰ. ਐਸ. ਐਸ. ਤੋਂ ਬਿਨਾ ਆਜ਼ਾਦ ਤੌਰ ‘ਤੇ ਅਜਿਹੀ ਜਿੱਤ ਅਹਿਮ ਸੀ। ਅਸਲ ਵਿਚ ਇਹ ਇਸ ਮੱਠ ਦੇ ਪਹਿਲੇ ਮਹੰਤ ਦਿੱਗਵਿਜੈ ਨਾਥ, ਜੋ 1935-69 ਤੱਕ ਗੱਦੀਨਸ਼ੀਨ ਰਿਹਾ, ਦੀਆਂ ਰਵਾਇਤਾਂ ਅਨੁਸਾਰ ਸੀ ਅਤੇ ਉਹ ਵੀਹਵੀਂ ਸਦੀ ਦੇ ਸਿਆਸੀ ਤੌਰ `ਤੇ ਬਹੁਤ ਹੀ ਸ਼ਾਤਰ ਸਾਧਾਂ ਵਿਚੋਂ ਇਕ ਸੀ।
1894 ਵਿਚ ਪੈਦਾ ਹੋਇਆ ਨਾਨੂੰ ਸਿੰਘ ਉਰਫ ਦਿੱਗਵਿਜੈ ਸਿੰਘ ਨਾਂ ਦਾ ਇਹ ਸ਼ਖਸ ਠਾਕੁਰ ਜਾਤ ਵਿਚੋਂ ਸੀ। ਇਸ ਅਨਾਥ ਦੀ ਪਰਵਰਿਸ਼ ਗੋਰਖਨਾਥ ਮੰਦਿਰ `ਚ ਹੀ ਹੋਈ। ਉਸ ਨੇ 1939 ਵਿਚ ‘ਹਿੰਦੂ ਮਹਾਂ ਸਭਾ` ਦੀ ਮੈਂਬਰਸ਼ਿਪ ਲਈ ਅਤੇ ਸਭਾ ਵਿਚ ‘ਗੌ ਰਖਸ਼ਾ ਪੀਠ’ ਦਾ ਮਹੰਤ ਹੋਣ ਕਾਰਨ ਚੰਗੀ ਪੈਂਠ ਬਣਾ ਲਈ। ਬਾਕੀ ਹੋਰ ਹਿੰਦੂ ਮਹਾ ਸਭਾ ਮੈਂਬਰਾਂ ਵਾਂਗ ਇਹ ਵੀ ਗਾਂਧੀ ਦਾ ਕੱਟੜ ਵਿਰੋਧੀ ਸੀ। 27 ਜਨਵਰੀ 1948 ਨੂੰ ਗਾਂਧੀ ਦੇ ਕਤਲ ਤੋਂ ਤਿੰਨ ਦਿਨ ਪਹਿਲਾਂ ਉਸ ਨੇ ਹਿੰਦੂ ਅਤਿਵਾਦੀਆਂ ਨੂੰ ਗਾਂਧੀ ਨੂੰ ਮਾਰਨ ਲਈ ਉਕਸਾਇਆ ਸੀ। ਉਸ ਦੀਆਂ ਜ਼ਹਿਰੀਲੀਆਂ ਤਕਰੀਰਾਂ ਦਾ ਹਵਾਲਾ ਦਿੰਦਿਆਂ ਮਹਾਤਮਾ ਗਾਂਧੀ ਦੇ ਕਤਲ ਦੀ ਸਾਜ਼ਿਸ਼ ਦੀ ਜਾਂਚ ਲਈ ਕਮਿਸ਼ਨ ਨੇ ਟਿੱਪਣੀ ਕੀਤੀ ਸੀ:
“ਵੀ. ਜੀ. ਦੇਸ਼ ਪਾਂਡੇ, ਮਹੰਤ ਦਿੱਗਵਿਜੈ ਨਾਥ ਅਤੇ ਪ੍ਰੋ. ਰਾਮ ਸਿੰਘ (ਸਾਰੇ ਹੀ ਹਿੰਦੂ ਮਹਾਂ ਸਭਾ ਦੇ ਆਗੂ) ਨੇ ਹਿੰਦੂ ਮਹਾਂ ਸਭਾ ਦੀ ਕਨਾਟ ਪਲੇਸ ਵਿਖੇ 27 ਜਨਵਰੀ 1948 ਨੂੰ ਹੋਈ ਮੀਟਿੰਗ ਵਿਚ ਕਿਹਾ ਕਿ ਮਹਾਤਮਾ ਗਾਂਧੀ ਦੇ ਵਤੀਰੇ ਨੇ ਪਾਕਿਸਤਾਨ ਦੇ ਹੱਥ ਮਜ਼ਬੂਤ ਕੀਤੇ ਹਨ।…ਮਹੰਤ ਦਿੱਗਵਿਜੈ ਨਾਥ ਨੇ ਗਾਂਧੀ ਅਤੇ ਹੋਰ ਹਿੰਦੂ ਵਿਰੋਧੀ ਅਨਸਰਾਂ ਨੂੰ ਖਤਮ ਕਰਨ ਦਾ ਸੱਦਾ ਦਿੱਤਾ।”
1949 ਵਿਚ ਦਿੱਗਵਿਜੈ ਨਾਥ ਨੇ ਸੰਸਥਾ ਦੀ ਯੂ. ਪੀ. ਸ਼ਾਖਾ ਦੇ ਪ੍ਰਧਾਨ ਦੇ ਤੌਰ `ਤੇ ਮਹਿਸੂਸ ਕੀਤਾ ਕਿ ਜੇ ਅਯੁੱਧਿਆ ਵਿਚ ਬਾਬਰੀ ਮਸਜਿਦ ਦਾ ਮਸਲਾ ਭੜਕਾਇਆ ਜਾਵੇ ਤਾਂ ਕਾਂਗਰਸ ਦੇ ਮੁਕਾਬਲੇ ਹਿੰਦੂ ਮਹਾਂ ਸਭਾ ਨੂੰ ਲਾਭ ਹੋ ਸਕਦਾ ਹੈ ਅਤੇ ਹਿੰਦੂ ਭਾਈਚਾਰੇ ਦੀ ਹਮਾਇਤ ਪ੍ਰਾਪਤ ਕੀਤੀ ਜਾ ਸਕਦੀ ਹੈ। ਦਸੰਬਰ 1949 ਵਿਚ ਉਸ ਨੇ ਬਾਬਰੀ ਮਸਜਿਦ ਵਿਚ ਰਾਮ ਲੱਲਾ ਦੇ ਬੁੱਤ ਰੱਖਣ ਦੀ ਗੁਪਤ ਯੋਜਨਾ ਉਲੀਕੀ ਅਤੇ ਪੂਰੀ ਵੀ ਕੀਤੀ। ਸਾਰੀ ਕਮਾਨ ਉਸ ਦੇ ਹੱਥ ਸੀ, ਜਦਕਿ ‘ਸਰਬ ਭਾਰਤ ਰਮਾਇਣ ਮਹਾਂਸਭਾ` ਦੇ ਨਾਂ ਹੇਠ ਸਰਗਰਮ ਹਿੰਦੂ ਮਹਾਂ ਸਭਾ ਦੇ ਮਂੈਬਰਾਂ ਨੇ ਜ਼ਮੀਨੀ ਪੱਧਰ `ਤੇ ਕੰਮ ਕੀਤਾ।
ਛੇਤੀ ਹੀ ਦਿੱਗਵਿਜੈ ਨਾਥ ਨੂੰ ‘ਹਿੰਦੂ ਮਹਾਂ ਸਭਾ` ਦਾ ਜਨਰਲ ਸਕੱਤਰ ਬਣਾ ਦਿੱਤਾ ਗਿਆ। 1950 ਵਿਚ ਅਖਬਾਰ ‘ਸਟੇਟਸਮੈਨ’ ਨੂੰ ਦਿੱਤੀ ਇੰਟਰਵਿਊ ਵਿਚ ਉਸ ਕਿਹਾ, “ਜੇ ਹਿੰਦੂ ਮਹਾਂ ਸਭਾ ਤਾਕਤ ਵਿਚ ਆਉਂਦੀ ਹੈ ਤਾਂ ਇਹ 5-10 ਸਾਲ ਲਈ ਮੁਸਲਮਾਨਾਂ ਨੂੰ ਵੋਟ ਪਾਉਣ ਦੇ ਹੱਕ ਤੋਂ ਵਾਂਝਾ ਕਰੇਗੀ। ਇਸ ਸਮੇਂ ਦਰਮਿਆਨ ਉਨ੍ਹਾਂ ਨੂੰ ਸਾਬਤ ਕਰਨਾ ਪਵੇਗਾ ਕਿ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਹਿਤ ਭਾਰਤ ਪੱਖੀ ਹਨ।”
ਦਿੱਗਵਿਜੈ ਨਾਥ ਨੇ ਸਵਾਮੀ ਕਰਪੱਤਰੀ, ਜੋ ‘ਰਾਮ ਰਾਜ ਪ੍ਰੀਸ਼ਦ` ਦਾ ਮੋਢੀ ਸੀ, ਨਾਲ ਵੀ ਨੇੜਿਓਂ ਜੁੜ ਕੇ ਕੰਮ ਕੀਤਾ। ਇਨ੍ਹਾਂ ਦੋਹਾਂ ਸੰਸਥਾਵਾਂ ਦਾ ਸੰਘ ਪਰਿਵਾਰ ਨਾਲ ਸਿੱਧਾ ਸਬੰਧ ਨਹੀਂ ਸੀ। ਵੱਖਰੇ ਹਿੰਦੂਤਵੀ ਵਿਚਾਰ ਹੁੰਦਿਆਂ ਵੀ ਇਹ ਆਪਣੇ ਨਿਸ਼ਾਨਿਆਂ ਦੀ ਪੂਰਤੀ ਲਈ ਆਰ. ਐਸ. ਐਸ. ਜਾਂ ਇਸ ਦੀਆਂ ਹੋਰ ਜਥੇਬੰਦੀਆਂ ਨਾਲ ਮਿਲ ਕੇ ਸਰਪ੍ਰਸਤੀ ਹਾਸਲ ਕਰਨ ਦੀ ਇੱਛਾ ਰੱਖਦਾ ਸੀ। ਇਸੇ ਤਰ੍ਹਾਂ ਜਦੋਂ ਆਜ਼ਾਦੀ ਪਿਛੋਂ ਆਰ. ਐਸ. ਐਸ. ਸਕੂਲ ਬਣਾਉਣ ਲੱਗੀ, ਉਸ ਨੇ ਇਸ ਕੰਮ ਲਈ ਉਸ ਦੀ ਮਦਦ ਕੀਤੀ। ਇਸ ਦਾ ਪਹਿਲਾ ਸਰਸਵਤੀ ਸ਼ਿਸ਼ੂ ਮੰਦਿਰ 1952 ਵਿਚ ਗੋਰਖਪੁਰ ਵਿਚ ਬਣਾਇਆ ਗਿਆ।
1966 ਵਿਚ ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਨੇ ‘ਸਰਵ ਦਲ ਗੌ ਰਕਸ਼ਾ ਮਹਾਂ ਅਭਿਆਨ ਸਮਿਤੀ` ਬਣਾਈ ਤਾਂ ਦਿੱਗਵਿਜੈ ਉਸ ਦਾ ਵੀ ਹਿੱਸਾ ਸੀ। ਫਿਰ ਵੀ ਉਹ ਸਾਰੀ ਉਮਰ ‘ਹਿੰਦੂ ਮਹਾ ਸਭਾ` ਵਿਚ ਹੀ ਰਿਹਾ ਅਤੇ ਗੋਰਖਪੁਰ ਤੋਂ 1967 ਵਿਚ ਐਮ. ਪੀ. ਬਣਿਆ। ਉਹ ਇਸ ਗੋਰਖਨਾਥ ਮੰਦਿਰ/ਮੱਠ ਦਾ ਪਹਿਲਾ ਮਹੰਤ ਸੀ, ਜੋ ਸਰਗਰਮ ਸਿਆਸਤ ਵਿਚ ਹਿੱਸਾ ਲੈਂਦਾ ਸੀ। ਉਸ ਦੀ ਅਗਵਾਈ ਵਿਚ ਇਹ ਗੋਰਖਨਾਥ ਮੱਠ, ਜੋ ਹਿੰਦੂ-ਮੁਸਲਮਾਨ ਅਤੇ ਹੇਠਲੀਆਂ ਜਾਤਾਂ ਦੀ ਸ਼ਰਧਾ ਦਾ ਪ੍ਰਤੀਕ ਸੀ, ਠਾਕੁਰਾਂ ਦੀ ਧਾਰਮਿਕ-ਰਾਜਸੀ ਤਾਕਤ ਦਾ ਕੇਂਦਰ ਬਣਿਆ। ਅਵੈਦਿਆ ਨਾਥ, ਜੋ 1969 ਵਿਚ ਦਿੱਗਵਿਜੈ ਦੀ ਮੌਤ ਪਿਛੋਂ ਮਹੰਤ ਬਣਿਆ, 1989 ਤੱਕ ਹਿੰਦੂ ਮਹਾਂ ਸਭਾ ਵਲੋਂ ਚੋਣ ਲੜਦਾ ਰਿਹਾ। 1980ਵਿਆਂ ਦੇ ਅਖੀਰਲੇ ਸਾਲਾਂ ਵਿਚ ਜਦੋਂ ਸੰਘ ਪਰਿਵਾਰ ਨੇ ਅਯੁੱਧਿਆ ਮੁੱਦੇ ਨੂੰ ਵੀ ਅਪਨਾ ਲਿਆ, ਜੋ ਦਿੱਗਵਿਜੈ ਨਾਥ ਵਲੋਂ ਉਠਾਇਆ ਗਿਆ ਸੀ ਤਾਂ ਦੋਵੇਂ ਭਗਵੇਂ ਸਮੂਹ ਇਕ ਜੁੱਟ ਹੋਣ ਲੱਗੇ।
ਇਸ ਸੁਲ੍ਹਾ ਦੇ ਕੁਝ ਸਾਲਾਂ ਪਿਛੋਂ ਹੀ ਇਕ ਐਸਾ ਗੰਭੀਰ ਹਮਲਾ ਹੋਇਆ, ਜਿਸ ਨੇ ਭਾਰਤੀ ਰਾਜ ਦੀਆਂ ਬੁਨਿਆਦੀ ਜੜ੍ਹਾਂ ਹੀ ਹਿਲਾ ਕੇ ਰੱਖ ਦਿੱਤੀਆਂ। ਅਵੈਦਿਆ ਨਾਥ ਨੇ ਇਸ ਭਗਵੀਂ ਸਿਆਸਤ ਵਿਚ ਉਭਾਰ ਲਈ ਧੁਰੀ ਦਾ ਕੰਮ ਕੀਤਾ। ਅਲਾਹਬਾਦ ਕੁੰਭ ਮੇਲੇ ਸਮੇਂ 1989 ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਲਾਈ ਧਰਮ ਸੰਸਦ ਵਿਚ ਉਸ ਦੇ ਭਾਸ਼ਣ ਨੇ ਬਾਬਰੀ ਮਸਜਿਦ ਨੂੰ ਢਾਹੁਣ ਦਾ ਸਮਾਂ ਤੈਅ ਕਰ ਦਿੱਤਾ। ਧਰਮ ਸੰਸਦ ਬਾਰੇ ਇਕ ਰਿਪੋਰਟ ਅਨੁਸਾਰ “31 ਜਨਵਰੀ 1989 ਨੂੰ ਬਹੁਤ ਸਾਰੇ ਧਾਰਮਿਕ ਗੁਰੂਆਂ ਨੇ ਮੁਸਲਿਮ ਅਤੇ ਸਰਕਾਰ ਵਿਰੋਧੀ ਸਟਂੈਡ ਲਿਆ। ਗੋਰਖਪੁਰ ਦੇ ਮਹੰਤ ਅਵੈਦਿਆ ਨਾਥ ਨੇ ਕਿਹਾ ਕਿ ਕੁਰਾਨ ਮੁਸਲਮਾਨਾਂ ਨੂੰ ਦੂਜੇ ਧਰਮਾਂ ਦੇ ਸਥਾਨਾਂ `ਤੇ ਮਸਜਿਦਾਂ ਬਣਾਉਣ ਤੋਂ ਰੋਕਦਾ ਹੈ। ‘ਸਾਨੂੰ ਕਿਹਾ ਜਾ ਰਿਹਾ ਹੈ ਕਿ ਮੰਦਿਰ ਕਿਸੇ ਹੋਰ ਥਾਂ ਬਣਾ ਲਓ ਤਾਂ ਜੋ ਝਗੜਾ ਨਾ ਹੋਵੇ। ਇਹ ਤਾਂ ਇਸ ਤਰ੍ਹਾਂ ਹੈ, ਜਿਵਂੇ ਭਗਵਾਨ ਰਾਮ ਨੂੰ ਕਿਹਾ ਜਾਵੇ ਕਿ ਰਾਵਣ ਨਾਲ ਲੜਾਈ ਟਾਲਣ ਲਈ ਕਿਸੇ ਹੋਰ ਸੀਤਾ ਨਾਲ ਵਿਆਹ ਕਰਵਾ ਲਓ।”
—
ਅਦਿਤਿਆ ਨਾਥ ਆਪਣੇ ਗੁਰੂ ਦਿੱਗਵਿਜੈ ਅਤੇ ਅਵੈਦਿਆ ਨਾਥ ਵਾਂਗ ਠਾਕੁਰ ਜਾਤ `ਚੋਂ ਹੈ। ਉਸ ਦਾ ਅਸਲ ਨਾਂ ਅਜੈ ਮੋਹਨ ਬਿਸ਼ਟ ਸੀ। ਉਹ ਉਤਰਾਖੰਡ ਦੀ ਪੌੜੀ ਜਿਲੇ ਦੀ ਯਾਮ ਕੇਸ਼ਵਰ ਤਹਿਸੀਲ ਦਾ ਵਸਨੀਕ ਹੈ। ਅਵੈਦਿਆ ਨਾਥ ਵੀ ਉਸੇ ਖੇਤਰ ਤੋਂ ਸੀ। ਅਵੈਦਿਆ ਨਾਥ ਨੇ 1994 ਵਿਚ ਉਸ ਨੂੰ ਮਹੰਤ ਥਾਪਿਆ ਅਤੇ ਉਸ ਦਾ ਨਾਂ ਅਦਿਤਿਆ ਨਾਥ ਰੱਖਿਆ। ਚਾਰ ਸਾਲ ਪਿਛੋਂ ਉਸ ਨੇ ਉਸ ਨੂੰ ਆਪਣਾ ਸਿਆਸੀ ਵਾਰਿਸ ਵੀ ਬਣਾ ਦਿੱਤਾ। 1998 ਵਿਚ ਅਦਿਤਿਆ ਨਾਥ 26 ਸਾਲ ਦੀ ਉਮਰ ਵਿਚ ਗੋਰਖਪੁਰ ਤੋ ਸਭ ਤੋਂ ਛੋਟੀ ਉਮਰ ਦਾ ਸੰਸਦ ਮੈਂਬਰ ਚੁਣਿਆ ਗਿਆ ਅਤੇ ਉਦੋਂ ਤੋਂ ਲੈ ਕੇ ਹਲਕੇ ਤੋਂ ਚਾਰ ਵਾਰ ਜਿੱਤ ਕੇ ਸੰਸਦ ਮੈਂਬਰ ਬਣ ਚੁਕਾ ਹੈ।
ਅਦਿਤਿਆ ਨਾਥ ਹਰ ਵਾਰ ਚੋਣਾਂ ਵਿਚ ਭਾਜਪਾ ਦਾ ਚੋਣ ਚਿੰਨ੍ਹ ਵਰਤਦਾ ਹੈ, ਪਰ ਹਿੰਦੂ ਯੁਵਾ ਵਾਹਿਨੀ ਰਾਹੀਂ ਅਜੇ ਵੀ ਉਸ ਦੀ ਪੂਰਬੀ ਯੂ. ਪੀ. ਵਿਚ ਆਪਣੀ ਵੱਖਰੀ ਰਿਆਸਤ ਹੈ। ਹਿੰਦੂ ਯੁਵਾ ਵਾਹਿਨੀ ਖੁਦ ਨੂੰ ਆਰ. ਐਸ. ਐਸ. ਤੋਂ ਆਜ਼ਾਦ ਕਹਾਉਂਦੀ ਹੈ, ਭਾਵੇਂ ਇਸ ਦੀ ਯੁੱਧ ਨੀਤੀ ਆਰ. ਐਸ. ਐਸ. ਵਾਲੀ ਹੀ ਹੈ, ਜਿਸ `ਤੇ ਸੰਘ ਨੌਂ ਦਹਾਕਿਆਂ ਤੋਂ ਚੱਲ ਰਿਹਾ ਹੈ। ਆਰ. ਐਸ. ਐਸ. ਵਾਂਗ ਹਿੰਦੂ ਯੁਵਾ ਵਾਹਿਨੀ ਵੀ ਨਿਰੋਲ ਸੰਸਕ੍ਰਿਤਿਕ ਸੰਸਥਾ ਹੋਣ ਦਾ ਦਾਅਵਾ ਕਰਦੀ ਹੈ, ਪਰ ਇਸ ਦਾ ਪ੍ਰੇਰਨਾ ਸਰੋਤ ਸਿਆਸੀ ਹੈ।
ਹਕੀਕਤ ਵਿਚ ਹਿੰਦੂ ਯੂਵਾ ਵਾਹਿਨੀ ਦੇ ਮੈਂਬਰ ਗੁੰਡਿਆਂ ਜਿਹਾ ਵਰਤਾਓ ਕਰਦੇ ਹਨ ਅਤੇ ਅਦਿਤਿਆ ਨਾਥ ਤੋਂ ਬਿਨਾ ਕਿਸੇ ਦੀ ਨਹੀਂ ਸੁਣਦੇ। ਉਸ ਨੂੰ ਪੂਰਾ ਪਤਾ ਹੈ ਕਿ ਉਸ ਦੀ ਸਿਆਸੀ ਕਿਸਮਤ, ਭਾਜਪਾ ਜਾਂ ਆਰ. ਐਸ. ਐਸ. `ਤੇ ਨਿਰਭਰ ਨਹੀਂ ਸਗੋਂ ਸਿਰੇ ਦੇ ਫਿਰਕੂ ਧਰੁਵੀਕਰਨ ਦੀ ਖੱਟੀ ਹੈ। ਇਹ ਸ਼ੁਰੂ ਤੋਂ ਹੀ ਹਿੰਦੂ ਯੁਵਾ ਵਾਹਿਨੀ ਦਾ ਵਿਚਾਰਧਾਰਕ ਪੱਖ ਹੈ। ਕਾਗਜ਼ਾਂ ਵਿਚ ਇਸ ਸੰਸਥਾ ਦੇ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ, ਕੋਆਰਡੀਨੇਟਰ, ਕਾਰਜਕਾਰੀ ਮੈਂਬਰ ਅਤੇ ਸਾਧਾਰਨ ਮੈਂਬਰ ਪੂਰੇ ਰਾਜ, ਜਿਲਿਆਂ, ਬਲਾਕਾਂ ਅਤੇ ਪਿੰਡਾਂ ਵਿਚ ਵੀ ਹਨ।
ਇਸ ਸੰਸਥਾ ਦਾ ਨਾਂ ਰੱਖਣ ਬਾਰੇ ਕਾਫੀ ਚਰਚਾ ਹੋਈ। ਪਹਿਲਾਂ ਹਿੰਦੂ ਸੈਨਾ ਦਾ ਸੁਝਾਅ ਆਇਆ, ਪਰ ਅਦਿਤਿਆ ਨਾਥ ਨੇ ਹਿੰਦੂ ਵਾਹਿਨੀ ਦਾ ਸੁਝਾਅ ਦਿੱਤਾ। ਅਖੀਰ ‘ਹਿੰਦੂ ਯੁਵਾ ਵਾਹਿਨੀ` ਬਾਰੇ ਸਹਿਮਤੀ ਹੋਈ ਅਤੇ ਮਾਰਚ 2002 ਤੋਂ ਬਾਅਦ ਇਸ ਦੇ ਮੈਂਬਰ ਗੋਰਖਪੁਰ ਵਿਚ ਨੌਜਵਾਨਾਂ ਨੂੰ ਜਥੇਬੰਦ ਕਰਨ ਵਿਚ ਜੁਟ ਗਏ। ਇਸੇ ਸਾਲ ਰਾਮ ਨੌਮੀ ਵਾਲੇ ਦਿਨ ਖੁਸ਼ੀ ਨਗਰ ਵਿਚ ਹਿੰਦੂ ਯੁਵਾ ਵਾਹਿਨੀ ਦੀ ਵੱਡੀ ਮੀਟਿੰਗ ਵਿਚ ਇਸ ਦੀ ਸਥਾਪਨਾ ਦਾ ਰਸਮੀ ਐਲਾਨ ਕੀਤਾ ਗਿਆ।
ਅਦਿਤਿਆ ਨਾਥ ਨੇ ਹਿੰਦੂ ਯੁਵਾ ਵਾਹਿਨੀ ਦੇ ਆਗੂਆਂ ਦੀ ਪੂਰੇ ਸਾਲ ਦੀ ਕੰਮ ਸੂਚੀ ਬਣਾਈ ਹੋਈ ਹੈ, ਜਿਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਜਨਵਰੀ ਦੇ ਅੱਧ ਤੋਂ ਫਰਵਰੀ ਦੇ ਅੱਧ ਤੱਕ ਅਨੁਸੂਚਿਤ ਜਾਤੀ ਅਤੇ ਕਬੀਲਿਆਂ ਨਾਲ ਘੁਲਣ-ਮਿਲਣ ਲਈ ਉਨ੍ਹਾਂ ਦੇ ਮੁਹੱਲਿਆਂ ਵਿਚ ਉਨ੍ਹਾਂ ਨਾਲ ਬੈਠ ਕੇ ਖਾਣਾ ਖਾਣ ਦਾ ਪ੍ਰੋਗਰਾਮ ਲਿਆ ਜਾਂਦਾ ਹੈ। ਅੱਧ ਫਰਵਰੀ ਤੋਂ ਅੱਧ ਮਾਰਚ ਤੱਕ ਮੈਂਬਰਸਿਪ ਕੀਤੀ ਜਾਂਦੀ ਹੈ। ਮਈ ਦੇ ਅਖੀਰ ਤੱਕ ਮੀਟਿੰਗ ਤੇ ਰੈਲੀਆਂ ਕੀਤੀਆਂ ਜਾਂਦੀਆਂ ਹਨ। ਬਾਕੀ ਸਾਰਾ ਸਾਲ ਇਸ ਦੇ ਕਾਰਕੁਨ ਵੱਖ ਵੱਖ ਜਿਲਿਆਂ ਵਿਚ ਜਥੇਬੰਦਕ ਕੰਮ ਦੇਖਦੇ ਹਨ। ਪਹਿਲਾਂ ਗੋਰਖਪੁਰ ‘ਤੇ ਧਿਆਨ ਕੇਂਦਰਤ ਕੀਤਾ ਗਿਆ। ਫਿਰ ਬਸਤੀ, ਗੋਰਖਪੁਰ, ਦਿਓਰੀਆ, ਖੁਸ਼ੀ ਨਗਰ, ਮਹਾਰਾਜਾ ਗੰਜ ਬਸਤੀ, ਸੰਤ ਕਬੀਰ ਨਗਰ ਅਤੇ ਸਿਧਾਰਥ ਨਗਰ ਜ਼ਿਲਿ੍ਹਆਂ `ਤੇ ਕੇਂਦਰਤ ਕੀਤਾ ਗਿਆ। ਹੁਣ ਇਸ ਜਥੇਬੰਦੀ ਦਾ ਕੰਮ ਪੂਰਬੀ ਯੂ. ਪੀ. ਦੇ ਫੈਜ਼ਾਬਾਦ, ਗੌਂਡਾ, ਮੌਅ ਅਤੇ ਆਜ਼ਮਗੜ੍ਹ ਵਿਚ ਵੀ ਹੈ।
ਇਸ ਦੇ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਦੇਖਦਿਆਂ ਅਦਿਤਿਆ ਨਾਥ ਨੇ ਇਸ ਨੂੰ ਧਿਆਨ ਨਾਲ ਜਥੇਬੰਦ ਕਰਨ ਦੇ ਉਪਰਾਲੇ ਕੀਤੇ। ਇਸ ਦੀਆਂ ਸਟੇਟ, ਜਿਲਾ, ਬਲਾਕ ਅਤੇ ਪੰਚਾਇਤ ਪੱਧਰ `ਤੇ ਕਮੇਟੀਆਂ ਬਣਾਈਆਂ। ਜਦੋਂ ਪਹਿਲੇ ਤਿੰਨ ਪੱਧਰ `ਤੇ ਮੈਂਬਰਾਂ ਦੀ ਗਿਣਤੀ 101 ਹੋ ਜਾਵੇ ਤਾਂ ਕਮੇਟੀ ਬਣ ਸਕਦੀ ਹੈ। ਪੰਚਾਇਤ ਪੱਧਰ `ਤੇ ਇਹ ਗਿਣਤੀ 250 ਰੱਖੀ ਗਈ। ਜਦੋਂ ਕਿਸੇ ਪਿੰਡ ਵਿਚ ਗਿਣਤੀ ਪੂਰੀ ਹੋ ਜਾਂਦੀ, ਫਿਰ ਸਾਰੇ ਕਮੇਟੀ ਮੈਂਬਰਾਂ ਦੇ ਹੋਰਡਿੰਗ ਪੰਚਾਇਤ ਘਰ ਵਿਚ ਲਾ ਦਿੱਤੇ ਜਾਂਦੇ ਹਨ ਅਤੇ ਮੈਂਬਰਾਂ ਦੇ ਘਰਾਂ ‘ਤੇ ਤਿਕੋਣੇ ਕੇਸਰੀ ਝੰਡੇ ਵੀ ਲਾਏ ਜਾਂਦੇ ਹਨ।
2005 ਵਿਚ ਹਿੰਦੂ ਯੁਵਾ ਵਾਹਿਨੀ ਨੇ ਆਪਣਾ ਪੱਤਰ ‘ਹਿੰਦਵੀ` ਸ਼ੁਰੂ ਕੀਤਾ। ਗੋਰਖਪੁਰ ਦੇ ਵਪਾਰਕ ਭਾਈਚਾਰੇ ਦੇ ਸਹਿਯੋਗ ਨਾਲ ਇਹ ਕੁਝ ਦੇਰ ਚਲਦਾ ਰਿਹਾ। ਅਦਿਤਿਆ ਨਾਥ ਦਾ ਗੁੱਟ ਕੁਝ ਸਮਾਂ ਤਾਂ ਇਸ ਨੂੰ ਚਲਾਉਂਦਾ ਰਿਹਾ, ਪਰ 2007 ਵਿਚ ਵਿੱਤੀ ਅਤੇ ਸਿਆਸੀ ਦਿੱਕਤਾਂ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ।
ਹਿੰਦੂ ਯੁਵਾ ਵਾਹਿਨੀ ਵਿਚ ਉਚ ਜਾਤੀ ਠਾਕੁਰਾਂ ਦੀ ਸਰਦਾਰੀ ਹੈ। ਗੋਰਖਪੁਰ ਦੇ ਪੱਤਰਕਾਰ ਮਨੋਜ ਕੁਮਾਰ ਅਨੁਸਾਰ ਇਸ ਵਿਚ ਜਾਤੀ ਭੇਦਭਾਵ ਸਪਸ਼ਟ ਹੈ, ਗੱਲ ਇਸ ਤੋਂ ਵੀ ਅੱਗੇ ਹੈ। ਹਿੰਦੂ ਯੁਵਾ ਵਾਹਿਨੀ ਆਪਣੇ ਤਾਕਤ ਦੇ ਮੁੱਖ ਸਰੋਤ ਗੋਰਖਨਾਥ ਮੰਦਿਰ ਤੋਂ ਵੱਖਰੀ ਕਿਵੇਂ ਹੋ ਸਕਦੀ ਹੈ, ਜੋ ਠਾਕੁਰਾਂ ਦਾ ਮੱਠ ਹੈ।
ਇਕ ਹੋਰ ਤੱਥ ਇਹ ਵੀ ਹੈ ਕਿ ਅਦਿਤਿਆ ਨਾਥ, ਵੀਰੇਂਦਰ ਪਰਤਾਪ ਸ਼ਾਹੀ ਨਾਂ ਦੇ ਠਾਕੁਰ ਗੈਂਗਸਟਰ ਦੀ ਵਿਰਾਸਤ ਦੀ ਵੀ ਅਸਿੱਧੇ ਰੂਪ `ਚ ਨੁਮਾਇੰਦਗੀ ਕਰਦਾ ਹੈ, ਜਿਸ ਦਾ ਬ੍ਰਾਹਮਣ ਗਂੈਗਸਟਰ ਹਰੀ ਸ਼ੰਕਰ ਤਿਵਾੜੀ ਨਾਲ ਜਾਤ ਆਧਾਰਤ ਇੱਟ ਕੁੱਤੇ ਦਾ ਵੈਰ ਸੀ। ਸ਼ਾਹੀ 1997 ਵਿਚ ਇਕ ਹੋਰ ਬ੍ਰਾਹਮਣ ਗੈਂਗਸਟਰ ਪ੍ਰਕਾਸ਼ ਸ਼ੁਕਲਾ ਹੱਥੋਂ ਮਾਰਿਆ ਗਿਆ। 1997 ਵਿਚ ਜਦੋਂ ਸ਼ਾਹੀ ਨੂੰ ਬ੍ਰਾਹਮਣਾਂ ਦੇ ਉਭਰ ਰਹੇ ਗੈਂਗਸਟਰ ਸ੍ਰੀ ਪ੍ਰਕਾਸ਼ ਸ਼ੁਕਲਾ ਨੇ ਮਾਰ ਦਿੱਤਾ ਤਾਂ ਠਾਕੁਰਾਂ ਨੂੰ ਵੱਡੀ ਪਛਾੜ ਦਾ ਸਾਹਮਣਾ ਕਰਨਾ ਪਿਆ, ਇਹ ਵਿਸ਼ੇਸ਼ ਖੱਪਾ ਅਦਿਤਿਆ ਨਾਥ ਦੇ ‘ਗੌ ਰੱਖਿਆ ਮੰਚ` ਅਤੇ ‘ਹਿੰਦੂ ਯੁਵਾ ਵਾਹਿਨੀ` ਨੇ ਪੂਰਾ ਕਰ ਦਿੱਤਾ। ਰਹਿੰਦੀ ਕਸਰ ਅਦਿਤਿਆ ਨਾਥ ਨੇ ਗੋਰਖਨਾਥ ਮੱਠ ਨੂੰ ਠਾਕੁਰ ਮੱਠ ਵਜੋਂ ਸਥਾਪਤ ਕਰਕੇ ਪੂਰੀ ਕਰ ਦਿੱਤੀ।
ਇਸ ਦੇ ਬਾਵਜੂਦ ਪੱਛੜੀਆਂ ਜਾਤਾਂ ਅਤੇ ਦਲਿਤ ਅਦਿਤਿਆ ਨਾਥ ਦੇ ਹਮਾਇਤੀ ਹਨ। ਪੱਤਰਕਾਰ ਮਨੋਜ ਕੁਮਾਰ ਅਨੁਸਾਰ ‘ਮੱਠ ਦੀ ਸਥਾਪਨਾ ਦੀ ਮੌਲਿਕ ਧਾਰਨਾ ਖਿਲਾਫ ਖੜ੍ਹਨ ਅਤੇ ਇਸ ਤੋਂ ਦੂਰ ਹੁੰਦੇ ਜਾਣ ਦੇ ਬਾਵਜੂਦ ਦਲਿਤਾਂ ਅਤੇ ਪਛੜੀਆਂ ਜਾਤਾਂ ਦੀ ਮੱਠ ਨਾਲ ਨੇੜਤਾ ਬਣੀ ਹੋਈ ਹੈ।’
—
ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਨਵਰੀ-ਫਰਵਰੀ 2007 ਵਿਚ ਗੋਰਖਪੁਰ ਦੇ ਇਲਾਕੇ ਵਿਚ ਅਦਿਤਿਆ ਨਾਥ ਅਤੇ ਇਸ ਦੀ ਯੁਵਾ ਵਾਹਿਨੀ ਵਲੋਂ ਕੀਤੇ ਫਿਰਕੂ ਪ੍ਰਚਾਰ ਦੌਰਾਨ ਭੜਕੇ ਦੰਗਿਆਂ ਵਿਚ ਦੋ ਲੋਕ ਮਾਰੇ ਗਏ, ਕਈ ਦਿਨ ਕਰਫਿਊ ਲੱਗਾ ਰਿਹਾ, ਬਹੁਤ ਸਾਰੇ ਲੋਕ ਜ਼ਖਮੀ ਹੋਏ, ਬਹੁਤ ਸਾਰਾ ਮਾਲੀ ਨੁਕਸਾਨ ਹੋਇਆ। ਇਕ ਹੋਰ ਗੱਲ ਵੀ ਮਸ਼ਹੂਰ ਹੋਈ। ਜਦੋਂ ਸਥਾਨਕ ਪ੍ਰਸ਼ਾਸਨ ਨੇ ਥੋੜ੍ਹਾ ਤੜ੍ਹ ਦਿਖਾਈ ਤਾਂ 12 ਮਾਰਚ 2007 ਨੂੰ ਇਹ ਯੋਗੀ ਅਦਿਤਿਆ ਨਾਥ, ਜੋ ਧਾਰਮਿਕ ਜਾਂ ਸਿਆਸੀ ਆਗੂ ਹੋਣ ਦੀ ਥਾਂ ਬਹਾਦਰ ਠਾਕੁਰ ਹੋਣ ਦੀਆਂ ਬੜ੍ਹਕਾਂ ਮਾਰਦਾ ਨਹੀਂ ਥੱਕਦਾ, ਲੋਕ ਸਭਾ ਵਿਚ ਫੁੱਟ ਫੁੱਟ ਕੇ ਰੋਂਦਾ ਦੇਖਿਆ ਗਿਆ।
ਇਹ ਹਿੰਦੂ ਯੁਵਾ ਵਾਹਿਨੀ ਵੱਲੋਂ ਭੜਕਾਏ ਪਹਿਲੇ ਦੰਗੇ ਨਹੀਂ ਸਨ। ਮਾਰਚ 2002 ਵਿਚ ਹਿੰਦੂ ਯੁਵਾ ਵਾਹਿਨੀ ਬਣਾਏ ਜਾਣ ਪਿਛੋਂ ਗੋਰਖਪੁਰ ਇਲਾਕੇ ਵਿਚ ਹਿੰਦੂ-ਮੁਸਲਮਾਨ ਫਿਰਕੂ ਦੰਗੇ ਆਮ ਵਰਤਾਰਾ ਹੋ ਗਏ, ਜਿਨ੍ਹਾਂ ਵਿਚ ਕਿਸੇ ਨਾ ਕਿਸੇ ਢੰਗ ਨਾਲ ਅਦਿਤਿਆ ਨਾਥ ਅਤੇ ਹਿੰਦੂ ਯੁਵਾ ਵਾਹਿਨੀ ਦਾ ਸਿੱਧਾ ਜਾਂ ਅਸਿੱਧਾ ਹੱਥ ਹੁੰਦਾ ਸੀ। ਦੋ ਜਾਤਾਂ ਦੇ ਵਿਅਕਤੀਆਂ ਦਾ ਬੋਲ ਬੁਲਾਰਾ ਝੱਟ ਫਿਰਕੂ ਹਿੰਸਾ ਦਾ ਰੂਪ ਧਾਰ ਲੈਂਦਾ ਹੈ।
(ਚਲਦਾ)