ਕਸ਼ਮੀਰਾ ਸਿੰਘ (ਪ੍ਰੋ.)
ਫੋਨ: 801-414-0171
ਗੁਰੂ ਗ੍ਰੰਥ ਸਾਹਿਬ ਵਿਚ ‘ਦੇਵ’ ਸ਼ਬਦ ਦੀ ਵਰਤੋਂ ਕਰੀਬ ਸੌ ਵਾਰੀ ਅਤੇ ‘ਦੇਉ’ ਸ਼ਬਦ ਦੀ ਵਰਤੋਂ ਕਰੀਬ 56 ਵਾਰੀ ਕੀਤੀ ਗਈ ਹੈ। ਸਮੁੱਚੀ ਗੁਰਬਾਣੀ ਵਿਚ ਇਨ੍ਹਾਂ ਸ਼ਬਦਾਂ ਦੀ ਵਰਤੋਂ ਦੇ ਢੰਗ ਤਰੀਕੇ ਜਾਂ ਅਰਥਾਂ ਨੂੰ ਸਮਝਣ ਤੋਂ ਬਿਨਾ ਇਨ੍ਹਾਂ ਬਾਰੇ ਟਪਲੇ ਲੱਗਣੇ ਸੁਭਾਵਕ ਹਨ। ਭਗਤ ਨਾਮਦੇਵ ਅਤੇ ਨਾਮਦੇਉ ਦੋ ਵੱਖਰੇ ਸ਼ਬਦ ਹਨ, ਜੋ 35 ਬਾਣੀ ਕਾਰਾਂ ਵਿਚੋਂ ਇੱਕ ਦਾ ਨਾਂ ਪ੍ਰਗਟ ਕਰਦੇ ਹਨ। ਭਗਤ ਜੈ ਦੇਵ ਜਾਂ ਜੈ ਦੇਉ ਵੀ ਇੱਕ ਬਾਣੀਕਾਰ ਦਾ ਨਾਂ ਹੈ। ਸਮੁੱਚੀ ਬਾਣੀ ਵਿਚ ‘ਦੇਵ’ ਅਤੇ ਦੇਉ’ ਸ਼ਬਦਾਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਦੋ ਭਗਤਾਂ ਦੇ ਨਾਂਵਾਂ ਤੋਂ ਬਿਨਾ ਹੋਰ ਕਿਸੇ ਬਾਣੀਕਾਰ ਦੇ ਨਾਂ ਦਾ ਹਿੱਸਾ ਇਹ ‘ਦੇਵ’ ਜਾਂ ‘ਦੇਉ’ ਸ਼ਬਦ ਨਹੀਂ ਹਨ। ਆਓ, ਪਹਿਲਾਂ ‘ਦੇਵ’ ਸ਼ਬਦ ਦੀ ਕੀਤੀ ਵਰਤੋਂ ਦੇ ਕੁਝ ਕੁ ਪ੍ਰਮਾਣ ਲੈਂਦੇ ਹਾਂ,
(ੳ) ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁÒ (ਗੁਰੂ ਗ੍ਰੰਥ ਸਾਹਿਬ, ਪੰਨਾ 137)
ਦੈਆਲ ਦੇਵ- ਪ੍ਰਭੂ ਵਾਸਤੇ ਦੇਵ (ਪ੍ਰਕਾਸ਼ ਰੂਪ) ਸ਼ਬਦ: ਦੈਆਲ ਦੇਵ ਕਿਸੇ ਦਾ ਨਾਂ ਨਹੀਂ ਹੈ। ਪ੍ਰਭੂ ਦਇਆਲ ਹੈ ਅਤੇ ਪ੍ਰਕਾਸ਼-ਰੂਪ ਹੈ।
(ਅ) ਆਦਿ ਪੁਰਖੁ ਅਪਰੰਪਰ ਦੇਵÒ (ਪੰਨਾ 187)
ਦੇਵ=ਪ੍ਰਕਾਸ਼ ਰੂਪ ਪ੍ਰਭੂ।
(ੲ) ਮੋਕਉ ਸਤਿਗੁਰੁ ਭਏ ਦਇਆਲ ਦੇਵÒ (ਪੰਨਾ 209)
ਦੇਵ- ਸੰਬੋਧਨ ਕਾਰਕ, ਹੇ ਪ੍ਰਕਾਸ਼ ਰੂਪ ਪ੍ਰਭੂ!
(ਸ) ਕਾਮੁ ਕ੍ਰੋਧ ਅਹੰਕਾਰੁ ਬਿਨਸੈ ਮਿਲੈ ਸਤਿਗੁਰ ਦੇਵÒ (ਪੰਨਾ 405)
ਸਤਿਗੁਰ ਦੇਵ=ਗੁਰੂ-ਦੇਵ, ਪ੍ਰਕਾਸ਼-ਰੂਪ ਗੁਰੂ।
(ਹ) ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵÒ
ਅਬਿਚਲ ਨਗਰੀ ਨਾਨਕ ਦੇਵ Ò
ਦੇਵ- {ਸੰਬੰਧ ਕਾਰਕ}, ਦੇਵ ਦੀ, ਪ੍ਰਕਾਸ਼ ਰੂਪ ਪ੍ਰਭੂ ਦੀ ਅਬਿਚਲ ਨਗਰੀ।
ਅਰਥ: ਹੇ ਨਾਨਕ! (ਆਖ ਹੇ ਭਾਈ!) ਪੂਰਾ ਗੁਰੂ ਜਿਸ ਮਨੁੱਖ ਨੂੰ ਪ੍ਰਭੂ ਦੀ ਸੇਵਾ-ਭਗਤੀ ਦੀ ਦਾਤ ਬਖਸ਼ਦਾ ਹੈ, ਉਹ ਇਸ (ਐਸੇ ਹਿਰਦੇ) ਘਰ ਵਿਚ ਵੱਸਦਾ ਰਹਿੰਦਾ ਹੈ, ਜੋ ਪਰਮਾਤਮਾ ਦੇ ਰਹਿਣ ਵਾਸਤੇ (ਵਿਕਾਰਾਂ ਵਿਚ) ਕਦੇ ਨਾ ਡੋਲਣ ਵਾਲੀ ਨਗਰੀ ਬਣ ਜਾਂਦਾ ਹੈ।
ਨੋਟ: ਨਾਨਕ ਦੇਵ ਪਹਿਲੇ ਗੁਰੂ ਜੀ ਦਾ ਨਾਂ ਨਹੀਂ ਹੈ। ‘ਨਾਨਕ’ ਸ਼ਬਦ ਸੰਬੋਧਨ ਕਾਰਕ ਵਿਚ ਹੈ- ਹੇ ਨਾਨਕ! ਸ਼ਬਦ-ਜੋੜ ਨਾਨਕੁ ਦੇਵੁ ਨਹੀਂ ਹਨ, ਜੋ ਨਾਂ ਬਣ ਸਕੇ ਪਰ ਪ੍ਰਕਰਣ ਅਨੁਸਾਰ ਇਹ ਸ਼ਬਦ ਜੋੜ ਹੋ ਵੀ ਨਹੀਂ ਸਕਦੇ।
(ਕ) ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿÒ (ਪੰਨਾ 519)
ਸਤਿਗੁਰ ਦੇਵ=ਗੁਰੂ-ਦੇਵ ਨੂੰ, ਪ੍ਰਕਾਸ਼-ਰੂਪ ਗੁਰੂ ਨੂੰ। ਸਤਿਗੁਰ ਦੇਵ ਸ਼ਬਦ ਸੰਪਰਦਾਨ ਕਾਰਕ ਵਿਚ ਹਨ।
(ਖ) ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵÒ (ਪੰਨਾ 522)
ਗੁਰ ਸਮਰਥ ਦੇਵ {ਦੇਵ-ਸੰਬੰਧ ਕਾਰਕ}=ਸਮਰਥ ਗੁਰਦੇਵ ਦੀ। ਇਵੇਂ ਹੀ ‘ਗੁਰ ਨਾਨਕ ਦੇਵ’ ਵਾਕ-ਅੰਸ਼ ਹੋਵੇ ਤਾਂ ਅਰਥ ਬਣੇਗਾ- ਨਾਨਕ ਗੁਰਦੇਵ (ਗੁਰੂ)।
(ਗ) ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ Ò (ਪੰਨਾ 1122)
ਅਰਥ: ਹੇ ਨਾਨਕ! ਜੋ ਮਨੁੱਖ ਚਾਨਣ-ਰੂਪ ਬੇਅੰਤ ਪ੍ਰਭੂ ਦੀ ਸਰਨ ਵਿਚ ਆ ਜਾਂਦਾ ਹੈ, ਜਮਦੂਤ ਮੁੜ ਉਸ ਨਾਲ ਕੋਈ ਝਗੜਾ ਨਹੀਂ ਪਾਉਂਦਾ।
ਨੋਟ: ‘ਦੇਵ’ ਸ਼ਬਦ ਨੂੰ ‘ਨਾਨਕ’ ਸ਼ਬਦ ਨਾਲ ਜੋੜ ਕੇ ਨਾਨਕ ਦੇਵ ਨਾਂ ਨਹੀਂ ਬਣਾਇਆ ਜਾ ਸਕਦਾ। ‘ਦੇਵ’ ਅਤੇ ‘ਅਪਾਰ’ ਸ਼ਬਦ ਸਬੰਧ ਕਾਰਕ ਵਿਚ ਹਨ। ਅਰਥ ਬਣਨਗੇ- ਪ੍ਰਕਾਸ਼ ਰੂਪ ਅਪਾਰ ਪ੍ਰਭੂ ਦੀ। ‘ਨਾਨਕ’ ਸ਼ਬਦ ਸੰਬੋਧਨ ਕਾਰਕ ਵਿਚ ਹੈ।
(ਘ) ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ ਪੂਜਾ ਗਵਨ ਭਵਨ ਜਾਤ੍ਰ ਕਰਨ ਸਗਲ ਫਲ ਪੁਨੀ Ò (ਪੰਨਾ 1153)
ਅਰਥ: ਹੇ ਨਾਨਕ! ਬੇਅੰਤ ਪ੍ਰਭੂ-ਦੇਵ (ਪ੍ਰਕਾਸ਼ ਰੂਪ ਪ੍ਰਭੂ) ਦੀ ਸੇਵਾ-ਭਗਤੀ ਹੀ ਤੀਰਥ-ਯਾਤਰਾ ਹੈ, ਭਗਤੀ ਹੀ ਛੇ ਸ਼ਾਸਤਰਾਂ ਦੀ ਵਿਚਾਰ ਹੈ, ਭਗਤੀ ਹੀ ਦੇਵ-ਪੂਜਾ ਹੈ, ਭਗਤੀ ਹੀ ਦੇਸ-ਰਟਨ ਤੇ ਤੀਰਥ-ਯਾਤਰਾ ਹੈ। ਸਾਰੇ ਫਲ ਸਾਰੇ ਪੁੰਨ ਪਰਮਾਤਮਾ ਦੀ ਸੇਵਾ-ਭਗਤੀ ਵਿਚ ਹੀ ਹਨ।
ਨੋਟ: ਏਥੇ ਵੀ ‘ਦੇਵ’ ਸ਼ਬਦ ‘ਨਾਨਕ’ ਸ਼ਬਦ ਨਾਲ ਜੁੜ ਕੇ ਨਾਂ (ਗੁਰੂ ਨਾਨਕ ਦੇਵ ਜੀ) ਨਹੀਂ ਬਣਾਏਗਾ। ‘ਅਪਾਰ’ ਅਤੇ ‘ਦੇਵ’ ਸ਼ਬਦ ਸਬੰਧ ਕਾਰਕ ਵਿਚ ਹਨ ਅਤੇ ਅਪਾਰ ਦੇਵ ਦਾ ਅਰਥ ਹੈ- ਬੇਅੰਤ ਪ੍ਰਕਾਸ਼ ਰੂਪ ਦੀ, ਪ੍ਰਭੂ ਦੀ। ‘ਨਾਨਕ’ ਸ਼ਬਦ ਸੰਬੋਧਨ ਕਾਰਕ ਵਿਚ ਹੈ।
(ਙ) ਰਵਿਦਾਸ ਧਿਆਏ ਪ੍ਰਭ ਅਨੂਪÒ
ਗੁਰ ਨਾਨਕ ਦੇਵ ਗੋਵਿੰਦ ਰੂਪÒ
ਵਿਚਾਰ: ‘ਨਾਨਕ’ ਸ਼ਬਦ ਸੰਬੋਧਨ ਕਾਰਕ ਵਿਚ ਹੈ, ਹੇ ਨਾਨਕ! ‘ਗੁਰ’ ਸ਼ਬਦ ‘ਦੇਵ’ ਸ਼ਬਦ ਨਾਲ ਜੁੜ ਕੇ ‘ਗੁਰਦੇਵ’ ਬਣਾਏਗਾ। ਗੁਰਦੇਵ- ਗੁਰੂ ਹੀ, ਪ੍ਰਕਾਸ਼-ਰੂਪ ਗੁਰੂ ਹੀ। ਗੋਵਿੰਦ {ਸੰਬੰਧ ਕਾਰਕ} ਗੋਵਿੰਦ ਦਾ, ਪ੍ਰਭੂ ਦਾ। ਰੂਪ- ਰੂਪ ਹੀ ਹੈ। ਨੋਟ: ‘ਗੁਰੁ ਨਾਨਕੁ ਦੇਵੁ’ ਲਿਖਿਆ ਹੁੰਦਾ ਤਾਂ ਪਹਿਲੇ ਗੁਰੂ ਜੀ ਦਾ ਨਾਂ ਬਣਨਾ ਸੀ, ਪਰ ਅਜਿਹਾ ਨਹੀਂ ਹੈ।
ਅਰਥ: ਰਵਿਦਾਸ ਨੇ ਭੀ ਸੋਹਣੇ ਪ੍ਰਭੂ ਦਾ ਸਿਮਰਨ ਕੀਤਾ। ਹੇ ਨਾਨਕ! ਆਖ ਕਿ ਗੁਰੂ ਪਰਮਾਤਮਾ ਦਾ ਰੂਪ ਹੀ ਹੈ।
(ਚ) ਦਰਸਨ ਪਿਆਸ ਬਹੁਤੁ ਮਨਿ ਮੇਰੈÒ
ਮਿਲੁ ਨਾਨਕ ਦੇਵ ਜਗਤ ਗੁਰ ਕੇਰੈÒ (ਪੰਨਾ 1304)
ਅਰਥ: ਹੇ ਜਗਤ ਦੇ ਗੁਰਦੇਵ! ਮੇਰੇ ਮਨ ਵਿਚ ਤੇਰੇ ਦਰਸ਼ਨ ਦੀ ਬਹੁਤ ਤਾਂਘ ਹੈ, (ਮੈਨੂੰ) ਨਾਨਕ ਨੂੰ ਮਿਲ।
ਵਿਚਾਰ: ‘ਨਾਨਕ’ ਸ਼ਬਦ ਉਕਾਰਾਂਤ ਨਹੀਂ ਸਗੋਂ ਸੰਪ੍ਰਦਾਨ ਕਾਰਕ ਵਿਚ ਹੈ, ਜਿਸ ਦਾ ਅਰਥ ਹੈ- ਨਾਨਕ ਨੂੰ। ਮਿਲੁ ਨਾਨਕ- ਮੈਨੂੰ ਨਾਨਕ ਨੂੰ ਮਿਲ। ਕੌਣ ਮਿਲੇ? ਦੇਵ ਜਗਤ ਗੁਰ ਕੇਰੈ- ਜਗਤ ਦਾ ਗੁਰਦੇਵ, ਜਗਤ ਦਾ ਮਾਲਿਕ। ਕੇਰੈ- ਦੇ। ‘ਜਗਤ’ ਸ਼ਬਦ ਸਬੰਧ ਕਾਰਕ ਵਿਚ ਹੈ। ‘ਗੁਰਦੇਵ’ ਸੰਬੋਧਨ ਕਾਰਕ ਵਿਚ ਹੈ। ਗੁਰਬਾਣੀ ਵਿਆਕਰਣ ਅਨੁਸਾਰ ਇੱਥੇ ‘ਨਾਨਕ’ ਨੂੰ ‘ਨਾਨਕੁ’ ਅਤੇ ‘ਦੇਵ’ ਨੂੰ ‘ਦੇਵੁ’ ਨਹੀਂ ਲਿਖਿਆ ਜਾ ਸਕਦਾ, ਇਸ ਲਈ ‘ਦੇਵ’ ਸ਼ਬਦ ਨੂੰ ‘ਨਾਨਕ’ ਸ਼ਬਦ ਨਾਲ ਜੋੜ ਕੇ ਪਹਿਲੇ ਗੁਰੂ ਜੀ ਦਾ ਨਾਂ ਨਹੀਂ ਬਣਾਇਆ ਜਾ ਸਕਦਾ।
(ਛ) ਜਪ੍ਹਉ ਜਿਨੑ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉÒ
ਵਿਚਾਰ: ਅਰਜੁਨ- {ਸੰਪ੍ਰਦਾਨ ਕਾਰਕ} ਅਰਜੁਨ ਨੂੰ। ਦੇਵ ਗੁਰੂ- ਗੁਰੂਦੇਵ ਨੂੰ। ਅਰਜੁਨ ਦੇਵ ਗੁਰੂ- ਗੁਰੂਦੇਵ (ਪ੍ਰਕਾਸ਼-ਰੂਪ) ਅਰਜੁਨ ਨੂੰ, ਗੁਰੂ ਅਰਜੁਨ ਨੂੰ। ਜਿਵੇਂ ਪਿਛਲੇ ਪ੍ਰਮਾਣਾਂ ਵਿਚ ਦੇਖਿਆ ਹੈ ਕਿ ਦੇਵ ਸ਼ਬਦ ਗੁਰੂ ਨਾਲ ਜੁੜ ਕੇ ਗੁਰੂਦੇਵ (ਗੁਰੂ) ਸ਼ਬਦ ਬਣਾਉਂਦਾ ਹੈ, ਇਵੇਂ ਹੀ ਇਸ ਪ੍ਰਮਾਣ ਵਿਚ ਵੀ ‘ਦੇਵ’ ਸ਼ਬਦ ‘ਗੁਰੂ’ ਸ਼ਬਦ ਨਾਲ ਹੀ ਜੁੜਨਾ ਹੈ। ਭੱਟਾਂ ਦੇ ਸਵੱਯਾਂ ਵਿਚ 20 ਵਾਰੀ ‘ਅਰਜੁਨ’ ਸ਼ਬਦ ਹੀ ਵਰਤਿਆ ਗਿਆ ਹੈ। ‘ਦੇਵ’ ਸ਼ਬਦ ਦਾ ਸਬੰਧ ‘ਗੁਰੂ’ ਸ਼ਬਦ ਨਾਲ ਉਪਰ ਲਿਖੇ ਪ੍ਰਮਾਣਾਂ ਵਿਚ ਜੁੜਦਾ ਹੈ, ਜਿੱਥੇ ਇਹ ਦੋਵੇਂ ਸ਼ਬਦ ਇੱਕੋ ਵਾਕ ਵਿਚ ਵਰਤੇ ਗਏ ਹਨ। ਉਪਰੋਕਤ ਖ, ਙ ਅਤੇ ਚ ਪ੍ਰਮਾਣ ਮੁੜ ਦੇਖੇ ਜਾ ਸਕਦੇ ਹਨ।
(ਜ) ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀÒ (ਪੰਨਾ 1409)
ਕਈ ਥਾਂਈਂ ‘ਦੇਵ’ ਸ਼ਬਦ ਦੀ ਵਰਤੋਂ ‘ਦੇਵਤਿਆਂ’ ਦੇ ਅਰਥ ਵਿਚ ਹੋਈ ਹੈ ਜਿਵੇਂ ਉਪਰੋਕਤ ਪੰਕਤੀ ਵਿਚ ਵੀ ਹੈ।
‘ਦੇਉ’ ਸ਼ਬਦ ਦੀ ਗੁਰਬਾਣੀ ਵਿਚ ਵਰਤੋਂ:
‘ਦੇਵ’ ਸ਼ਬਦ ਤੋਂ ‘ਵ’ ਦੀ ‘ਉ’ ਵਿਚ ਹੋਈ ਤਬਦੀਲੀ ਤੋਂ ‘ਦੇਉ’ ਸ਼ਬਦ ਬਣਿਆ ਹੈ। ‘ਦੇਵ’ ਸ਼ਬਦ ਵਾਂਗ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਕਈ ਥਾਂਈਂ ‘ਦੇਉ’ ਸ਼ਬਦ ਕਿਰਿਆ ਰੂਪ ਵਿਚ ਵੀ ਵਰਤਿਆ ਗਿਆ ਹੈ, ਜਿੱਥੇ ‘ਦੇਉ’ ਦਾ ‘ਦੇਉਂ’ ਬਣ ਜਾਂਦਾ ਹੈ। ਗੁਰਬਾਣੀ ਵਿਚੋਂ ਕੁਝ ਕੁ ਪ੍ਰਮਾਣ ਹਨ:
(ੳ) ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝੁ ਨ ਪਾਇÒ (ਪੰਨਾ 87)
ਦੇਉ- ਚਾਨਣ ਸਰੂਪ। ਆਤਮ ਦੇਉ- ਆਤਮਾ ਨੂੰ ਪ੍ਰਕਾਸ਼ ਦੇਣ ਵਾਲਾ ਪ੍ਰਭੂ। ਆਤਮਦੇਵ ਦੀ ਥਾਂ ਆਤਮ ਦੇਉ ਵਰਤਿਆ ਹੈ।
(ਅ) ਸਲੋਕੁ ਮ: 2Ò
ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉÒ
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉÒ (ਪੰਨਾ 150)
ਵਿਚਾਰ: ਸ਼ਬਦਾਂ ਦੀ ਵਿਆਕਰਣਕ ਬਣਤਰ ਨੂੰ ਸਮਝੇ ਬਿਨਾ ਅਰਥ ਸਮਝਣ ਵਿਚ ਟਪਲੇ ਲੱਗ ਜਾਂਦੇ ਹਨ, ਜੋ ਗੁਰਬਾਣੀ ਦੇ ਸੱਚ ਨੂੰ ਝੂਠ ਵਿਚ ਬਦਲ ਦਿੰਦੇ ਹਨ। ‘ਦੇਵ’ ਅਤੇ ‘ਦੇਉ’ ਦਾ ਅਰਥ ਪ੍ਰਕਾਸ਼ ਰੂਪ ਬਹੁਤੀ ਥਾਂਈਂ ਵਰਤਿਆ ਗਿਆ ਹੈ। ਇਹ ਸ਼ਬਦ ਕਿਸੇ ਗੁਰੂ ਪਾਤਿਸ਼ਾਹ ਜੀ ਦੇ ਨਾਂ ਨਾਲ ਜੋੜਨੇ ਗੁਰਬਾਣੀ ਦੇ ਸ਼ਬਦ-ਜੋੜਾਂ ਦੀ ਬਣਤਰ ਪੱਖੋਂ ਅਗਿਆਨ ਹੈ। ਇਸ ਪ੍ਰਮਾਣ ਵਿਚ ‘ਨਾਨਕੁ’ ਸ਼ਬਦ ਨਹੀਂ ਸਗੋਂ ‘ਨਾਨਕ’ ਹੈ, ਜੋ ਸੰਬੋਧਨ ਕਾਰਕ ਵਿਚ ਹੈ। ‘ਨਾਨਕ ਦੇਉ’ ਦਾ ਅਰਥ ਪਹਿਲੇ ਗੁਰੂ ਜੀ ਦੇ ਨਾਂ ਨਾਲ ਤਾਂ ਜੁੜਨਾ ਸੀ, ਜੇ ‘ਨਾਨਕੁ ਦੇਉ’ ਲਿਖਿਆ ਹੁੰਦਾ ਪਰ ਅਜਿਹਾ ਨਹੀਂ ਹੈ। ‘ਗੁਰੁ’ ਸ਼ਬਦ ਨੂੰ ‘ਦੇਉ’ ਨਾਲ ਜੋੜਿਆ ਜਾਣਾ ਹੈ, ਜਿਸ ਨਾਲ ‘ਗੁਰਦੇਉ’ ਸ਼ਬਦ ਬਣਨਾ ਹੈ।
ਨਾਨਕ- ਹੇ ਨਾਨਕ! ਗੁਰਦੇਉ- ਪ੍ਰਕਾਸ਼ ਰੂਪ ਗੁਰੂ।
‘ਜਿਨ ਗੁਰੁ ਨਾਨਕ ਦੇਉ’ ਦਾ ਅਰਥ ਬਣਿਆ, ਹੇ ਨਾਨਕ! ਆਖ ਕਿ ਜਿਨ੍ਹਾਂ ਦੇ ਸਿਰ `ਤੇ ਪ੍ਰਕਾਸ਼ ਰੂਪ ਗੁਰੂ ਦਾ ਹੱਥ ਹੈ, ਜਿਨ੍ਹਾਂ ਵਲ ਪ੍ਰਕਾਸ਼-ਰੂਪ ਗੁਰੂ ਹੈ, ਜਿਨ੍ਹਾਂ ਦਾ ਗੁਰਦੇਉ ਹੈ। ਵਿਸਥਾਰ,
ਪਦਅਰਥ: ਦੀਖਿਆ-ਸਿੱਖਿਆ। ਆਖਿ-ਆਖ ਕੇ, ਸੁਣਾ ਕੇ। ਬੁਝਾਇਆ-ਗਿਆਨ ਦਿੱਤਾ ਹੈ, ਆਤਮਕ ਜੀਵਨ ਦੀ ਸੂਝ ਦਿੱਤੀ ਹੈ। ਸਿਫਤੀ-ਸਿਫਤਿ ਸਾਲਾਹ ਰਾਹੀਂ। ਸਚਿ-ਸੱਚ ਵਿਚ। ਸਮੇਉ-ਸਮਾਈ ਦਿੱਤੀ ਹੈ, ਜੋੜਿਆ ਹੈ। ਕਿਆ-ਹੋਰ ਕੀ?
ਅਰਥ: ਹੇ ਨਾਨਕ! ਜਿਨ੍ਹਾਂ ਦਾ ਗੁਰਦੇਵ ਹੈ (ਭਾਵ, ਜਿਨ੍ਹਾਂ ਦੇ ਸਿਰ `ਤੇ ਗੁਰਦੇਵ ਹੈ), ਜਿਨ੍ਹਾਂ ਨੂੰ (ਗੁਰੂ ਨੇ) ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫਤਿ ਸਾਲਾਹ ਰਾਹੀਂ ਸੱਚ ਵਿਚ ਜੋੜਿਆ ਹੈ, ਉਨ੍ਹਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ।
(ੲ) ਆਪੇ ਕਰਤਾ ਆਪੇ ਦੇਉÒ (ਪੰਨਾ 343)
ਦੇਉ- ਪ੍ਰਕਾਸ਼-ਰੂਪ ਪ੍ਰਭੂ।
(ਸ) ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ Ò (ਪੰਨਾ 469)
ਗੁਰਬਾਣੀ ਵਿਚ ਵਰਤੇ ਸ਼ਬਦ ‘ਨਿਰੰਜਨ ਦੇਉ’ ਜਾਂ ‘ਨਿਰੰਜਨ ਦੇਵ’ ਕਿਸੇ ਦਾ ਨਾਂ ਨਹੀਂ ਹੈ। ਇਸੇ ਤਰ੍ਹਾਂ ਨਾਨਕ ਦੇਵ ਜਾਂ ਨਾਨਕ ਦੇਉ ਨਾਂ ਨਹੀਂ ਹੈ। ਨਿਰੰਜਨ-ਸ਼ੁੱਧ ਸਰੂਪ। ਦੇਉ-ਪ੍ਰਕਾਸ਼ ਸਰੂਪ।
(ਹ) ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨੑ ਕਉ ਦੇਉ Ò1Ò (ਪੰਨਾ 515)
ਦੇਉ-{ਕਿਰਿਆ} ਦੇਉਂ, ਮੈਂ ਦੇਵਾਂ।
(ਕ) ਜੇ ਓਹੁ ਦੇਉ ਤ ਓਹੁ ਭੀ ਦੇਵਾÒ (ਪੰਨਾ 525)
ਦੇਉ-ਦੇਵਤਾ। ਦੇਵਾ-ਦੇਵਤਾ।
(ਖ) ਗੁਰੁ ਮੇਰਾ ਦੇਉ ਅਲਖ ਅਭੇਉÒ (ਪੰਨਾ 864)
ਦੇਉ-ਪ੍ਰਕਾਸ਼ ਰੂਪ ਪ੍ਰਭੂ। ਮੇਰਾ ਗੁਰੂ ਪ੍ਰਕਾਸ਼ ਰੂਪ ਪ੍ਰਭੂ ਦਾ ਹੀ ਰੂਪ ਹੈ।
(ਗ) ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾÒ (ਪੰਨਾ 1102)
ਵਿਚਾਰ: ਬੋਹਿਥੁ-ਜਹਾਜ। ਨਾਨਕ-{ਸੰਬੋਧਨ ਕਾਰਕ} ਹੇ ਨਾਨਕ! ਬੋਹਿਥ ਦੇਉ ਗੁਰੁ-ਗੁਰਦੇਉ ਬੋਹਿਥ ਹੈ। ਬੋਹਿਥ ਨਾਨਕ ਦੇਉ ਗੁਰੁ-ਹੇ ਨਾਨਕ! ਗੁਰਦੇਉ (ਪ੍ਰਕਾਸ਼-ਰੂਪ ਗੁਰੂ) ਜਹਾਜ ਹੈ। ‘ਦੇਉ’ ਸ਼ਬਦ ‘ਨਾਨਕ’ ਸ਼ਬਦ ਨਾਲ ਨਹੀਂ ਜੁੜੇਗਾ ਕਿਉਂਕਿ ਸ਼ਬਦ-ਜੋੜ ‘ਨਾਨਕੁ’ ਨਹੀਂ।
ਗੁਰੂ ਗ੍ਰੰਥ ਸਾਹਿਬ ਵਿਚ ਜਿਨ੍ਹਾਂ ਸ਼ਬਦਾਂ ਦੀ ਵਿਆਖਿਆ ਹੈ, ਉਨ੍ਹਾਂ ਦੇ ਅਰਥ ਬਾਹਰੋਂ ਭਾਲਣ ਦੀ ਲੋੜ ਨਹੀਂ ਰਹਿ ਜਾਂਦੀ। ਗੁਰਬਾਣੀ ਦੇ ਅਰਥ ਸ਼ਬਦ-ਜੋੜਾਂ ਨਾਲ ਲੱਗੀਆਂ ਮਾਤਰਾਵਾਂ ਅਤੇ ਪ੍ਰਕਰਣ `ਤੇ ਆਧਾਰਤ ਹਨ, ਜਿਨ੍ਹਾਂ ਨੂੰ ਧਿਆਨ ਵਿਚ ਰੱਖਣ ਨਾਲ ਅਰਥ ਸਮਝਣ ਵਿਚ ਸੌਖ ਹੋ ਜਾਂਦੀ ਹੈ। ਪ੍ਰੋ. ਸਾਹਿਬ ਸਿੰਘ ਦੀ ਲਿਖੀ ‘ਗੁਰਬਾਣੀ ਵਿਆਕਰਣ’ ਪੁਸਤਕ ਅਤੇ ਉਨ੍ਹਾਂ ਵਲੋਂ ਲਿਖਿਆ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਅਰਥ ਸਮਝਣ ਵਿਚ ਬਹੁਤ ਸਹਾਈ ਹੈ।