ਮਨ ਦਾ ਬੋਝ

ਜੇ. ਬੀ. ਸਿੰਘ
“ਰਜਨੀ ਦੀ ਬਿਮਾਰੀ ਬਾਰੇ ਕੋਈ ਨਹੀਂ ਸਮਝ ਸਕਿਆ।” ਮੇਰਾ ਖਾਸ ਦੋਸਤ ਹਰਿੰਦਰ ਮੇਰੇ ਅੱਗੇ ਦੁੱਖ ਰੋਣ ਲੱਗਾ। ਰਜਨੀ ਉਸ ਦੀ ਪਤਨੀ ਹੈ।
ਹਰਿੰਦਰ ਦੱਸਦਾ ਹੈ, “ਕਿੰਨੇ ਹੀ ਡਾਕਟਰ ਬਦਲ ਲਏ, ਪਰ ਜਿਉਂ ਜਿਉਂ ਡਾਕਟਰ ਬਦਲਦੇ ਹਾਂ, ਤਿਉਂ ਤਿਉਂ ਉਹਦੀ ਤਕਲੀਫ ਬਦਲ ਜਾਂਦੀ ਹੈ। ਇਕ ਦਿਨ ਸਿਰ ਵਿਚ ਦਰਦ ਹੁੰਦਾ ਹੈ, ਦੂਜੇ ਦਿਨ ਪੇਟ `ਚ ਤੇ ਤੀਜੇ ਦਿਨ ਉਹਨੂੰ ਜਾਪਦਾ ਹੈ ਕਿ ਹਾਰਟ ਅਟੈਕ ਹੋਣ ਲੱਗਾ ਹੈ। ਰੋਜ਼ ਨਵੇਂ ਸਪੈਸ਼ਲਿਸਟ ਕੋਲ ਜਾਂਦੇ ਹਾਂ। ਸਭ ਆਖ ਦਿੰਦੇ ਹਨ ਕਿ ਇਹਨੂੰ ਕੋਈ ਸਰੀਰਕ ਰੋਗ ਨਹੀਂ ਹੈ, ਸ਼ਾਇਦ ਇਹਦੇ ਮਨ `ਤੇ ਕੋਈ ਬੋਝ ਹੈ, ਕਿਸੇ ਮਾਨਸਿਕ ਰੋਗਾਂ ਦੇ ਮਾਹਿਰ ਨੂੰ ਦਿਖਾਉਣਾ ਚਾਹੀਦਾ ਹੈ।”

ਇਹ ‘ਬੋਝ’ ਵਾਲੀ ਗੱਲ ਮੈਂ ਕਦੇ ਨਹੀਂ ਮੰਨ ਸਕਦਾ। ਰਜਨੀ ਨੂੰ ਸਾਰੇ ‘ਹਾਸੇ ਦਾ ਪਟੋਲਾ’ ਕਹਿੰਦੇ ਹਨ। ਜਿਸ ਨੂੰ ਮਿਲਦੀ ਏ, ਹਸਾ ਹਸਾ ਵੱਖੀਆਂ ਦੁਖਣ ਲਾ ਦਿੰਦੀ ਹੈ।
ਮੈਨੂੰ ਇਕ ਪੁਰਾਣੀ ਘਟਨਾ ਯਾਦ ਆਈ। ਇਕ ਵਾਰ ਕਿਸੇ ਪਾਰਟੀ ਵਿਚ ਉਹਨੇ ਮੇਰੇ ਇਕ ਡਾਕਟਰ ਮਿੱਤਰ ਤੋਂ ਪੁੱਛਿਆ ਸੀ, “ਡਾਕਟਰ ਸਾਹਿਬ, ਮੇਰਾ ਭਾਰ ਨਹੀਂ ਘਟਦਾ। ਪਤਲੀ ਹੋਣ ਦਾ ਕੋਈ ਉਪਾਅ ਦੱਸੋ।”
ਮੇਰੇ ਮਿੱਤਰ ਨੇ ਮਜ਼ਾਕ ਵਿਚ ਕਹਿ ਦਿੱਤਾ, “ਭਾਰ ਤਾਂ ਵਧੇਗਾ ਹੀ, ਕੋਈ ਚਿੰਤਾ ਫਿਕਰ ਜੁ ਨਹੀਂ। ਜੇ ਚਿੰਤਾ ਹੋਵੇ ਤਾਂ ਬੰਦਾ ਸੁੱਕ ਕੇ ਤੀਲਾ ਹੋ ਜਾਂਦਾ ਹੈ। ਕੋਈ ਦਵਾਈ ਦੀ ਲੋੜ ਹੀ ਨਹੀਂ ਪੈਂਦੀ।”
ਪਾਰਟੀ ਤੋਂ ਅਗਲੇ ਦਿਨ ਹੀ ਮੈਂ ਹਰਿੰਦਰ ਦੇ ਘਰ ਗਿਆ। ਰਜਨੀ ਚੁੱਪ ਚਾਪ ਉਦਾਸ ਬੈਠੀ ਧੁੱਪ ਸੇਕ ਰਹੀ ਸੀ। ਮੈਂ ਪੁੱਛ ਬੈਠਾ, “ਭਾਬੀ ਜੀ, ਕੀ ਗੱਲ ਹੈ, ਬਹੁਤ ਉਦਾਸ ਲੱਗ ਰਹੇ ਹੋ।”
ਰਜਨੀ ਨੇ ਤੁਰੰਤ ਜਵਾਬ ਦਿੱਤਾ, “ਕੱਲ ਦੀ ਸੋਚ ਰਹੀ ਹਾਂ, ਕਿਹੜੀ ਚਿੰਤਾ ਲਾਵਾਂ ਕਿ ਭਾਰ ਘਟ ਜਾਵੇ। ਪਰ ਕੁਝ ਸੁੱਝਦਾ ਹੀ ਨਹੀਂ।”
ਮੈਂ ਆਪਣੇ ਦੋਸਤ ਨੂੰ ਇਹ ਘਟਨਾ ਯਾਦ ਕਰਾਉਂਦਾ ਹਾਂ। ਪਰ ਉਹ ਫਿਰ ਵੀ ਬਜ਼ਿਦ ਹੈ ਕਿ ਕਿਸੇ ਸਾਇਕੈਟ੍ਰਿਸਟ ਨੂੰ ਦਿਖਾਇਆ ਜਾਵੇ, ਤੇ ਉਹ ਮੈਨੂੰ ਨਾਲ ਜਾਣ ਲਈ ਕਹਿੰਦਾ ਹੈ।
ਪਿੰਡ ਦੇ ਆਸ ਪਾਸ ਕੋਈ ਵੀ ਮਾਨਸਿਕ ਰੋਗਾਂ ਦਾ ਮਾਹਿਰ ਨਹੀਂ ਹੈ। ਹਾਂ, ਪਿਛਲੇ ਸਾਲ ਨਾਲ ਦੇ ਵੱਡੇ ਪਿੰਡ ਵਿਚ ਇਕ ਛੋਟਾ ਜਿਹਾ ਹਸਪਤਾਲ ਖੁੱਲਿ੍ਹਆ ਸੀ, ਜਿਸ ਦੇ ਬਾਹਰ ਇਕ ਵੱਡਾ ਸਾਰਾ ਬੋਰਡ ਲੱਗਾ ਹੋਇਆ ਸੀ, ‘ਪਾਗਲਾਂ ਦਾ ਹਸਪਤਾਲ।’ ਤੇ ਮੇਰੇ ਦੋਸਤ ਨੂੰ ਕਿਸੇ ਨੇ ਸਲਾਹ ਦਿਤੀ ਸੀ ਕਿ ਉਹ ਆਪਣੀ ਪਤਨੀ ਨੂੰ ਇਥੇ ਦਾਖਲ ਕਰਵਾ ਦੇਵੇ।
ਮੇਰਾ ਮਿੱਤਰ ਮੇਰੀ ਸਲਾਹ ਮੰਗਦਾ ਹੈ, ਪਰ ਮੈਂ ਕਹਿੰਦਾ ਹਾਂ, ਇਹ ਹਸਪਤਾਲ ਠੀਕ ਨਹੀਂ ਹੋਵੇਗਾ। ‘ਪਾਗਲਾਂ ਦਾ ਹਸਪਤਾਲ’ ਦੀ ਥਾਂ ਇਸ ਦਾ ਨਾਂ ‘ਪਾਗਲਾਂ ਲਈ ਹਸਪਤਾਲ’ ਹੋਣਾ ਚਾਹੀਦਾ ਹੈ। ਨਾਂ ਤੋਂ ਇੰਜ ਲਗਦਾ ਹੈ, ਜਿਵੇਂ ਇਥੇ ਨੌਕਰੀ ਕਰਨ ਵਾਲੇ ਸਭ ਪਾਗਲ ਹੋਣ।
ਪਰ ਮੇਰਾ ਦੋਸਤ ਮੇਰੀ ਦਲੀਲ ਨਹੀਂ ਮੰਨਦਾ। ਕਹਿੰਦਾ ਹੈ, “ਬੋਰਡ ਤੋਂ ਅਸਾਂ ਕੀ ਲੈਣਾ। ਨਾਲੇ ਸਾਡੇ ਨੇੜੇ ਤੇੜੇ ਹੋਰ ਮਾਨਸਿਕ ਰੋਗਾਂ ਦਾ ਕੋਈ ਮਾਹਿਰ ਵੀ ਤਾਂ ਨਹੀਂ ਹੈ।” ਸੋ ਦੋਸਤ ਦੀ ਗੱਲ ਮੰਨ ਮੈਂ ਉਨ੍ਹਾਂ ਨਾਲ ਉਸ ਹਸਪਤਾਲ ਵਿਚ ਚਲਾ ਜਾਂਦਾ ਹਾਂ।
ਡਾਕਟਰ ਦਾ ਚਿਹਰਾ ਦੇਖਦਿਆਂ ਮੈਨੂੰ ਇਕ ਦਮ ਖਿਆਲ ਆਇਆ ਕਿ ਬਾਹਰ ਲੱਗਾ ਬੋਰਡ ਬਿਲਕੁੱਲ ਠੀਕ ਸੀ। ਸਿਰ ਦੇ ਖਿਲਰੇ ਹੋਏ ਵਾਲ, ਵਧੀ ਹੋਈ ਭੂਰੀ ਦਾੜ੍ਹੀ, ਚੂੜੀਦਾਰ ਪਜਾਮੇ ਵਾਂਗ ਸੌੜੀ ਜਿਹੀ ਮੌਹਰੀ ਵਾਲੀ ਪੈਂਟ ਤੇ ਉਪਰ ਖੁੱਲ੍ਹੀ ਟੀ-ਸ਼ਰਟ। ਡਾਕਟਰ ਸਾਹਿਬ ਕੋਲ ਇਕ ਨਰਸ ਵੀ ਖੜ੍ਹੀ ਸੀ। ਉਸ ਨੇ ਸਾਡੇ ਆਉਣ ਦਾ ਕਾਰਨ ਪੁਛਿਆ। ਮੇਰੇ ਮਿੱਤਰ ਨੇ ਉਹਨੂੰ ਸਭ ਕੁਝ ਉਵੇਂ ਹੀ ਦੱਸਿਆ, ਜਿਵੇਂ ਉਹਨੇ ਮੈਨੂੰ ਦੱਸਿਆ ਸੀ।
“ਸੋ ਸਾਰੇ ਡਾਕਟਰਾਂ ਨੇ ਤੁਹਾਨੂੰ ਸਾਡਾ ‘ਪਾਗਲਾਂ ਦਾ ਹਸਪਤਾਲ’ ਰਿਕਮੈਂਡ ਕੀਤਾ ਹੈ।” ਡਾਕਟਰ ਨੇ ਮਾਣ ਨਾਲ ਕਿਹਾ।
“ਸ਼ਾਇਦ ਉਹ ਇਹਨੂੰ ਪਾਗਲ ਹੀ ਸਮਝਦੇ ਹੋਣ।” ਹਰਿੰਦਰ ਦੇ ਮੂੰਹੋਂ ਅਚਾਨਕ ਨਿਕਲ ਗਿਆ। ਰਜਨੀ ਨੇ ਆਪਣੇ ਪਤੀ ਨੂੰ ਘੂਰਿਆ।
ਡਾਕਟਰ ਨੇ ਮਾਹੌਲ ਵਿਚਾਰਦਿਆਂ ਮੇਰੇ ਮਿੱਤਰ ਨੂੰ ਡਾਂਟਿਆ, “ਮੇਰੀ ਹਾਜ਼ਰੀ ਵਿਚ ਕਿਸੇ ਨੂੰ ਪਾਗਲ ਕਹਿਣਾ, ਤੁਹਾਨੂੰ ਸ਼ੋਭਾ ਨਹੀਂ ਦਿੰਦਾ।”
ਮੈਨੂੰ ਲੱਗਾ, ਜਿਵੇਂ ਉਹਨੇ ਕਿਹਾ ਹੋਵੇ, “ਮੇਰੀ ਹਾਜ਼ਰੀ ਵਿਚ ਮੇਰੇ ਬਿਨਾ ਕਿਸੇ ਹੋਰ ਨੂੰ ਪਾਗਲ ਕਹਿਣਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ।” ਪਰ ਮੈਂ ਬੋਲਿਆ ਨਹੀਂ।
ਫਿਰ ਉਹਨੇ ਨਰਸ ਨੂੰ ਹਦਾਇਤ ਕੀਤੀ ਕਿ ਰਜਨੀ ਨੂੰ ਦਾਖਲ ਕਰ ਲਿਆ ਜਾਵੇ। ਨਰਸ ਸਾਨੂੰ ਵਾਰਡ ਵਿਚ ਲੈ ਗਈ। ਕਈ ਫਾਰਮ ਭਰਵਾਏ। ਕਈਆਂ ‘ਤੇ ਦਸਤਖਤ ਕਰਨ ਨੂੰ ਆਖਿਆ। ਉਹ ਜਿਵੇਂ ਕਹਿੰਦੀ, ਅਸੀਂ ਉਵੇਂ ਹੀ ਕਰਦੇ ਗਏ।
ਅਖੀਰ ਵਿਚ ਉਹਨੇ ਸਾਨੂੰ ਹਦਾਇਤ ਦਿੱਤੀ ਕਿ ਮਰੀਜ਼ ਕੋਲ ਕੇਵਲ ਇਕ ਬੰਦਾ ਹੀ ਰਹਿ ਸਕਦਾ ਹੈ। ਸੋ ਅਸਾਂ ਸਲਾਹ ਕੀਤੀ ਕਿ ਰਾਤ ਨੂੰ ਮੈਂ ਰਜਨੀ ਕੋਲ ਰਹਾਂ ਤੇ ਦਿਨ ਨੂੰ ਹਰਿੰਦਰ। ਹਰਿੰਦਰ ਵਾਪਸ ਘਰ ਚਲਾ ਗਿਆ। ਦੋ ਤਿੰਨ ਘੰਟੇ ਪਿਛੋਂ ਡਾਕਟਰ ਸਾਹਿਬ ਵਾਰਡ `ਚ ਆਏ। ਰਜਨੀ ਦੇ ਬੈਡ ਨਾਲ ਪਏ ਸਟੂਲ ‘ਤੇ ਬੈਠਦਿਆਂ ਪੁਛਿਆ, “ਤੁਹਾਨੂੰ ਹੁਣ ਕਿਵੇਂ ਮਹਿਸੂਸ ਹੋ ਰਿਹਾ ਹੈ?”
ਰਜਨੀ ਚੁੱਪ ਰਹੀ। ਸ਼ਾਇਦ ਮੇਰੇ ਸਾਹਮਣੇ ਕੁਝ ਕਹਿਣ ਤੋਂ ਝਿਜਕ ਰਹੀ ਸੀ। “ਜੀ ਇਹਨੂੰ…।” ਮੈਂ ਦੱਸਣ ਲੱਗਾ।
“ਤੁਸੀ ਚੁੱਪ ਰਹੋ। ਮੈਂ ਮਰੀਜ਼ ਨੂੰ ਪੁੱਛ ਰਿਹਾਂ।” ਡਾਕਟਰ ਦੀ ਭਬਕ ਨਾਲ ਮੇਰਾ ਸਾਹ ਸੁੱਕ ਗਿਆ। ਉਹਨੇ ਆਪਣਾ ਸਵਾਲ ਦੁਹਰਾਇਆ, ਪਰ ਰਜਨੀ ਅਜੇ ਵੀ ਚੁੱਪ ਸੀ। ਡਾਕਟਰ ਨੇ ਦੋ ਤਿੰਨ ਵਾਰ ਪੁੱਛਿਆ, ਪਰ ਰਜਨੀ ਨੇ ਕੁਝ ਦੱਸਣ ਦੀ ਥਾਂ ਅੱਖਾਂ ਬੰਦ ਕਰ ਲਈਆਂ। ਡਾਕਟਰ ਨੇ ਉਸ ਦੀ ਬਾਂਹ ਪਕੜੀ, ਨਬਜ਼ ਦੇਖੀ।
“ਆਈ ਥਿੰਕ, ਸ਼ੀ ਇਜ਼ ਡੈਡ…।” ਡਾਕਟਰ ਨੇ ਕਿਹਾ।
“ਨਹੀਂ ਸਰ, ਮੈਂ ਜਿਉਂਦੀ ਹਾਂ।” ਰਜਨੀ ਝੱਟ ਅੱਖਾਂ ਖੋਲ੍ਹਦੀ ਬੋਲੀ।
“ਤੁਸੀਂ ਚੁੱਪ ਰਹੋ, ਤੁਸੀਂ ਡਾਕਟਰ ਸਾਹਿਬ ਤੋਂ ਵੱਧ ਸਿਆਣੇ ਨਹੀਂ।” ਕੋਲ ਖੜ੍ਹੀ ਨਰਸ ਬੋਲੀ। ਸ਼ਾਇਦ ਉਹਨੇ ਡਾਕਟਰ ਨੂੰ ਮਜ਼ਾਕ ਕੀਤਾ ਸੀ।
ਮੇਰਾ ਦਿਲ ਕੀਤਾ ਕੁੱਝ ਆਖਾਂ, ਪਰ ਫਿਲਹਾਲ ਸਬਰ ਕੀਤਾ।
ਡਾਕਟਰ ਨੇ ਰਜਨੀ ਨੂੰ ਨੀਂਦ ਦੀ ਗੋਲੀ ਦੇ ਦਿਤੀ ਤੇ ਚਲਾ ਗਿਆ। ਪਰ ਰਜਨੀ ਨੂੰ ਨੀਂਦ ਨਾ ਆਈ। ਆਖਰ ਮੇਰੇ ਜ਼ੋਰ ਪਾਉਣ ‘ਤੇ ਨਰਸ ਨੇ ਡਾਕਟਰ ਨੂੰ ਬੁਲਾਇਆ। ਡਾਕਟਰ ਨੂੰ ਜਿਵੇਂ ਰਾਤ ਨੂੰ ਉਠਾਉਣ ਦਾ ਰਿਵਾਜ਼ ਨਹੀਂ ਸੀ। ਗੁੱਸੇ ਨਾਲ ਭਰਿਆ, ਅੱਖਾਂ ਮਲਦਾ ਹੋਇਆ ਡਾਕਟਰ ਬੈਡ ਕੋਲ ਆਇਆ। ਅਜੇ ਉਹਦੀ ਨੀਂਦ ਪੂਰੀ ਤਰ੍ਹਾਂ ਖੁੱਲ੍ਹੀ ਨਹੀਂ ਸੀ।
“ਦਸੋ ਕੀ ਤਕਲੀਫ ਹੈ?’ ਉਹਨੇ ਪੁਛਿਆ ਤੇ ਸਟੂਲ ਨਾਲ ਟਕਰਾ ਕੇ ਡਿਗਦਾ ਡਿਗਦਾ ਮਸਾਂ ਬਚਿਆ। ਮੈਂ ਸੋਚਿਆ, ਜਰੂਰ ਉਹਨੇ ਕੋਈ ਨਸ਼ਾ ਕੀਤਾ ਹੋਣਾ ਏ।
“ਸਰ ਮੈਨੂੰ ਲਗਦਾ ਹੈ, ਮੇਰੇ ਦਿਮਾਗ ਦੀ ਨਾਲੀ ਦਰਦ ਨਾਲ ਫਟ ਜਾਵੇਗੀ।” ਰਜਨੀ ਨੇ ਆਪਣਾ ਸਿਰ ਦੋਹਾਂ ਹੱਥਾਂ ਨਾਲ ਫੜਦਿਆਂ ਕਿਹਾ।
“ਕੋਈ ਚਿੰਤਾ ਨਾ ਕਰੋ। ਮੈਂ ਦੋ ਗੋਲੀਆਂ ਲਿਖ ਦਿੰਨਾਂ। ਇਕ ਹੁਣ ਸੌਣ ਤੋਂ ਬਾਅਦ ਤੇ ਦੂਜੀ ਸਵੇਰੇ ਉਠਣ ਤੋਂ ਪਹਿਲਾ ਲੈ ਲੈਣਾ।”
“ਜੀ ਦੁਆਈ ਕਿਵੇਂ ਲੈਣੀ ਹੈ?” ਮੈਂ ਮੁੜ ਪੁੱਛਿਆ।
“ਬਸ ਇਕ ਵਾਰ ਜੁ ਸਮਝਾ ਦਿੱਤਾ।” ਡਾਕਟਰ ਨੇ ਖਿੱਝ ਕੇ ਜਵਾਬ ਦਿਤਾ ਤੇ ਉਵੇਂ ਹੀ ਅੱਖਾਂ ਮਲਦਾ ਵਾਪਸ ਜਾਣ ਲੱਗਾ।
“ਪਰ ਮੇਰੀ ਤਕਲੀਫ ਤਾਂ ਤੁਸਾਂ ਸੁਣੀ ਨਹੀਂ।” ਰਜਨੀ ਨੇ ਇਸ ਵਾਰ ਕੁਝ ਗੁੱਸੇ ਨਾਲ ਕਿਹਾ।
“ਮੈਂ ਸਭ ਸਮਝਦਾ ਹਾਂ। ਤੁਸੀਂ ਮੇਰੇ `ਤੇ ਯਕੀਨ ਰੱਖੋ। ਸਭ ਠੀਕ ਹੋ ਜਾਵੇਗਾ।” ਕਹਿੰਦਿਆਂ ਡਾਕਟਰ ਨੇ ਲੰਬੀ ਉਬਾਸੀ ਲਈ।
“ਜੀ ਮੈਂ ਇੰਨੀ ਪ੍ਰੇਸ਼ਾਨ ਹਾਂ ਕਿ ਮਰਨ ਨੂੰ ਚਿੱਤ ਕਰਦਾ ਏ।”
“ਤੂੰ ਇਹ ਭੀ ਮੇਰੇ `ਤੇ ਛੱਡ ਦੇਹ, ਤੇ ਕਹੇ ਅਨੁਸਾਰ ਦਵਾਈ ਖਾਹ।” ਡਾਕਟਰ ਸਾਹਿਬ ਜਿਵੇਂ ਨੀਂਦ ਵਿਚ ਆਏ, ਉਵੇਂ ਹੀ ਵਾਪਸ ਚਲੇ ਗਏ। ਬਿਨਾ ਕੋਈ ਗੱਲ ਸੁਣੇ।
“ਹਾਏ ਪ੍ਰੇਸ਼ਾਨੀਆਂ! ਅੱਗੇ ਇਕ ਪ੍ਰੇਸ਼ਾਨੀ ਸੀ ਆਪਣੇ ਪਤੀ ਦੀ ਤੇ ਹੁਣ ਦੂਜੀ ਪ੍ਰੇਸ਼ਾਨੀ ਪੇਸ਼ ਪੈ ਗਈ ਇਸ ਡਾਕਟਰ ਦੀ।” ਰਜਨੀ ਨੇ ਮੱਥੇ `ਤੇ ਹੱਥ ਮਾਰਦਿਆਂ ਕਿਹਾ।
“ਪਤੀ ਦੀ ਪ੍ਰੇਸ਼ਾਨੀ…?” ਮੈਂ ਸੁਣ ਕੇ ਹੈਰਾਨ ਹੋਇਆ।
“ਭਾਬੀ ਜੀ, ਭਲਾ ਐਸੀ ਕਿਹੜੀ ਗੱਲ ਹੈ ਤੁਹਾਡੇ ਮਨ `ਚ ਹਰਿੰਦਰ ਪ੍ਰਤੀ, ਜੋ ਤੁਹਾਨੂੰ ਇੰਨਾ ਪ੍ਰੇਸ਼ਾਨ ਕਰ ਰਹੀ ਹੈ। ਤੁਸੀਂ ਮੈਨੂੰ ਤਾਂ ਦੱਸ ਹੀ ਸਕਦੇ ਹੋ!”
“ਪਰ ਤੁਸੀਂ ਹਰ ਗੱਲ ਇਨ੍ਹਾਂ ਨੂੰ ਦਸ ਦਿੰਦੇ ਹੋ।” ਰਜਨੀ ਦਾ ਇਸ਼ਾਰਾ ਆਪਣੇ ਪਤੀ ਵੱਲ ਸੀ।
“ਤੁਸੀਂ ਮੇਰੇ `ਤੇ ਯਕੀਨ ਰੱਖੋ। ਮੈਂ ਹਰਿੰਦਰ ਨੂੰ ਕੁਝ ਨਹੀਂ ਦੱਸਾਂਗਾ।”
“ਸੋ ਫਿਰ ਮੈਂ ਤੁਹਾਨੂੰ ਦਸ ਹੀ ਦਿੰਦੀ ਹਾਂ ਕਿ ਮੇਰੇ ਮਨ `ਤੇ ਕੀ ਬੋਝ ਹੈ। ਮੈਂ ਇਕ ਦਿਨ ਇਨ੍ਹਾਂ ਦੇ ਨਾਂ `ਤੇ ਲਾਟਰੀ ਪਾ ਦਿਤੀ, ਜੋ ਪਿਛਲੇ ਹਫਤੇ ਬਦਕਿਸਮਤੀ ਨਾਲ ਨਿਕਲ ਆਈ। ਤੁਹਾਨੂੰ ਤਾਂ ਪਤਾ ਹੀ ਹੈ ਕਿ ਇਨ੍ਹਾਂ ਦਾ ਦਿਲ ਬੜਾ ਕਮਜ਼ੋਰ ਹੈ। ਇਨ੍ਹਾਂ ਕੋਲੋਂ ਇੰਨੀ ਖੁਸ਼ੀ ਦੀ ਖਬਰ ਸੰਭਾਲੀ ਨਹੀਂ ਜਾਣੀ ਤੇ ਮੈਂ ਸੋਚਦੀ ਹਾਂ ਕਿ ਜੇ ਸੁਣਦਿਆਂ ਸਾਰ ਇਨ੍ਹਾਂ ਨੂੰ ਹਾਰਟ ਅਟੈਕ ਹੋ ਗਿਆ ਤਾਂ ਮੇਰਾ ਕੀ ਬਣੇਗਾ?”
“ਛੱਡੋ ਭਾਬੀ ਜੀ, ਐਵੇਂ ਰਾਈ ਦਾ ਪਹਾੜ ਬਣਾਈ ਬੈਠੇ ਹੋ। ਇਹ ਵੀ ਕੋਈ ਸਮੱਸਿਆ ਹੈ। ਲਓ ਮੈਂ ਮਿੰਟ ਵਿਚ ਹੱਲ ਕਰ ਦਿੰਦਾ ਹਾਂ।”
‘ਸਚਮੁੱਚ?’
“ਹਾਂ ਸਚਮੁੱਚ, ਇਹ ਮੇਰੀ ਜਿੰਮੇਵਾਰੀ ਰਹੀ। ਤੁਸੀਂ ਠੀਕ ਹੋਵੇ ਤੇ ਘਰ ਚੱਲੋ। ਮੇਰਾ ਵਾਅਦਾ ਰਿਹਾ, ਇਸ ਲਈ ਮੈਂ ਕੋਈ ਢੰਗ ਲੱਭ ਲਵਾਂਗਾ।”
“ਤੇ ਫਿਰ ਮੈਂ ਠੀਕ ਹਾਂ। ਤੁਸੀਂ ਹਸਪਤਾਲ ਤੋਂ ਛੁੱਟੀ ਲੈ ਸਕਦੇ ਹੋ। ਵੈਸੇ ਵੀ ਲਾਟਰੀ ਦੀ ਰਕਮ ਅਗਲੇ ਹਫਤੇ ਤਕ ਲੈਣੀ ਹੀ ਹੋਵੇਗੀ, ਨਹੀਂ ਤਾਂ ਅਨਾਥ ਆਸ਼ਰਮ ਨੂੰ ਦੇ ਦੇਣਗੇ।”
ਮੈਂ ਬਹੁਤ ਖੁਸ਼ ਹੋਇਆ। ਅਗਲੀ ਸਵੇਰ ਮੈਂ ਡਾਕਟਰ ਕੋਲੋਂ ਰਜਨੀ ਦੀ ਛੁੱਟੀ ਲੈਣ ਲਈ ਗਿਆ। ਉਹਨੂੰ ਰਜਨੀ ਦੀ ਬਿਮਾਰੀ ਦਾ ਕਾਰਨ ਦੱਸਿਆ, ਪਰ ਉਹਨੇ ਛੁੱਟੀ ਦੇਣ ਤੋਂ ਨਾਂਹ ਕਰ ਦਿੱਤੀ। ਆਖਣ ਲੱਗਾ, ਰਜਨੀ ਦਾ ਵਹਿਮ ਸੱਚ ਵੀ ਹੋ ਸਕਦਾ ਹੈ। ਲਾਟਰੀ ਦਾ ਇਨਾਮ ਬਹੁਤ ਵੱਡਾ ਹੈ। ਅਕਸਰ ਅਜਿਹੀ ਖਬਰ ਅਚਨਚੇਤ ਸੁਣਦਿਆਂ ਦਿਮਾਗ ਨੂੰ ਝਟਕਾ ਲੱਗ ਜਾਂਦਾ ਹੈ। ਜਦ ਤਕ ਇਹ ਲਾਟਰੀ ਵਾਲੀ ਗੱਲ ਹੱਲ ਨਹੀਂ ਹੋ ਜਾਂਦੀ, ਤਦ ਤਕ ਮੈਂ ਛੁੱਟੀ ਨਹੀਂ ਦੇ ਸਕਦਾ। ਤੁਸੀਂ ਇਹਦੇ ਪਤੀ ਨੂੰ ਤੇ ਇਸ ਨੂੰ ਲੈ ਕੇ ਮੇਰੇ ਕਮਰੇ ਵਿਚ ਆਓ। ਮੈਂ ਇਹ ਖਬਰ ਖੁਦ ਇਕ ਮਨੋਵਿਗਿਆਨਕ ਢੰਗ ਨਾਲ ਹਰਿੰਦਰ ਨੂੰ ਦੱਸਾਂਗਾ। ਫਿਰ ਤੁਸੀਂ ਮਰੀਜ਼ ਨੂੰ ਘਰ ਲਿਜਾ ਸਕਦੇ ਹੋ।”
ਮਰਦਾ ਕੀ ਨਾ ਕਰਦਾ। ਅਗਲੀ ਸਵੇਰ ਮੈਂ ਰਜਨੀ ਤੇ ਆਪਣੇ ਦੋਸਤ ਨੂੰ ਨਾਲ ਲੈ ਕੇ ਡਾਕਟਰ ਦੇ ਆਫਿਸ ਵਿਚ ਗਿਆ। ਡਾਕਟਰ ਨੇ ਸਾਨੂੰ ਕੁਰਸੀਆਂ ‘ਤੇ ਬੈਠਣ ਲਈ ਕਿਹਾ। ਫਿਰ ਉਸ ਨੇ ਆਪਣੀ ਸਕੀਮ ਨਾਲ ਮੇਰੇ ਦੋਸਤ ਨਾਲ ਗੱਲ ਸ਼ੁਰੂ ਕੀਤੀ, “ਦੇਖੋ ਮਿਸਟਰ ਹਰਿੰਦਰ, ਸਾਡੇ ਹਸਪਤਾਲ ਦੀ ਕਮਾਲ। ਤੁਹਾਡੀ ਪਤਨੀ ਇਕ ਰਾਤ ਵਿਚ ਹੀ ਠੀਕ ਹੋ ਗਈ ਹੈ।”
“ਇਹ ਤਾਂ ਕਰਾਮਾਤ ਹੋ ਗਈ।” ਹਰਿੰਦਰ ਨੇ ਹੈਰਾਨੀ ਨਾਲ ਕਿਹਾ।
“ਤੁਸੀਂ ਬਿਲ ਭਰ ਕੇ ਇਸ ਨੂੰ ਘਰ ਲਿਜਾ ਸਕਦੇ ਹੋ।”
ਇੰਨੇ ਨੂੰ ਨਰਸ ਬਿਲ ਲੈ ਕੇ ਆ ਗਈ ਤੇ ਹਰਿੰਦਰ ਨੂੰ ਦੇ ਦਿਤਾ। ਹਰਿੰਦਰ ਨੇ ਬਿਲ ਵੇਖਿਆ, ਤੇ ਉਹਦਾ ਸਿਰ ਚਕਰਾ ਗਿਆ।
“ਡਾਕਟਰ ਸਾਹਿਬ ਇਕ ਰਾਤ ਦਾ ਦਸ ਲੱਖ ਰੁਪਏ ਦਾ ਬਿਲ?” ਉਸ ਨੇ ਪੁੱਛਿਆ।
“ਕੀ ਤੁਹਾਡੇ ਲਈ ਇਹ ਖੁਸ਼ੀ ਦੀ ਗੱਲ ਨਹੀਂ ਕਿ ਇਕ ਰਾਤ ਵਿਚ ਹੀ ਤੁਹਾਡੀ ਪਤਨੀ ਬਿਲਕੁਲ ਠੀਕ ਹੋ ਗਈ ਹੈ?”
“ਇਸ ਤੋਂ ਵੱਧ ਖੁਸ਼ੀ ਦੀ ਗੱਲ ਤਾਂ ਕੋਈ ਹੋ ਹੀ ਨਹੀਂ ਸਕਦੀ, ਪਰ ਇੰਨਾ ਪੈਸਾ ਮੈਂ ਲਿਆਵਾਂਗਾ ਕਿਥੋਂ?”
ਡਾਕਟਰ ਨੇ ਦੋ ਪਲ ਆਪਣੇ ਮੱਥੇ ‘ਤੇ ਉਂਗਲਾਂ ਰਗੜੀਆਂ, ਜਿਵੇਂ ਕੁੱਝ ਸੋਚ ਰਿਹਾ ਹੋਵੇ। ਫਿਰ ਬੋਲਿਆ, “ਮੈਂ ਤੁਹਾਨੂੰ ਇਕ ਹਫਤੇ ਦਾ ਟਾਈਮ ਦੇ ਸਕਦਾ ਹਾਂ।”
“ਪਰ ਇਕ ਹਫਤੇ ਵਿਚ ਮੈਂ ਕਿਹੜਾ ਕੋਈ ਖੂਹ ਪੁੱਟ ਲਿਆਵਾਂਗਾ, ਜਿਸ `ਚ ਪੈਸੇ ਦੱਬੇ ਹੋਣ!”
“ਕਿਸਮਤ ਦਾ ਕੋਈ ਪਤਾ ਨਹੀਂ, ਮਿਸਟਰ ਹਰਿੰਦਰ। ਜੇ ਰਜਨੀ ਦੇ ਠੀਕ ਹੋਣ ਨੂੰ ਤੁਸੀਂ ਕਰਾਮਾਤ ਮੰਨਦੇ ਹੋ, ਤਾਂ ਅਜਿਹਾ ਖੂਹ ਵੀ ਲੱਭ ਸਕਦਾ ਹੈ। ਪਾਜ਼ੇਟਿਵ ਸੋਚੋ ਤਾਂ ਸਭ ਕੁਝ ਹੋ ਸਕਦਾ ਹੈ। ਤੁਹਾਨੂੰ ਘਰ ਜਾਂਦਿਆਂ ਰਾਹ ਵਿਚ ਹੀਰਿਆਂ ਦੀ ਗੁੱਥੀ ਲੱਭ ਸਕਦੀ ਹੈ, ਜਿਸ ਨਾਲ ਮੇਰੀ ਫੀਸ ਦੇ ਕੇ ਵੀ ਤੁਸੀਂ ਸਾਰੀ ਉਮਰ ਵਿਹਲੇ ਰਹਿ ਕੇ ਜੀਵਨ ਬਿਤਾ ਸਕਦੇ ਹੋ।”
“ਪਰ ਇੰਨੀ ਵਧੀਆ ਕਿਸਮਤ ਨਹੀਂ ਹੈ ਮੇਰੀ, ਡਾਕਟਰ ਸਾਹਿਬ। ਮੇਰਾ ਤਾਂ ਖਰਚੇ `ਤੇ ਖਰਚਾ ਹੋ ਰਿਹਾ ਹੈ।” ਹਰਿੰਦਰ ਨੇ ਕਿਹਾ।
ਡਾਕਟਰ ਨੇ ਇਸ਼ਾਰੇ ਨਾਲ ਹਰਿੰਦਰ ਤੋਂ ਬਿਲ ਵਾਪਸ ਮੰਗ ਲਿਆ ਤੇ ਉਸ ਦੇ ਸਾਹਮਣੇ ਪਾੜ ਦਿਤਾ। ਕਹਿਣ ਲੱਗਾ, “ਲਓ ਤੁਹਾਨੂੰ ਪੂਰਾ ਬਿਲ ਮੁਆਫ ਕੀਤਾ; ਪਰ ਇਕ ਗੱਲ ਯਾਦ ਰੱਖਣਾ, ਜੇ ਕਿਸਮਤ ਨਾਲ ਤੁਹਾਡੀ ਕਿਤੇ ਦਸ ਲੱਖ ਦੀ ਲਾਟਰੀ ਨਿਕਲ ਆਏ ਤਾਂ ਮੇਰੇ ਹਸਪਤਾਲ ਨੂੰ ਅੱਧੇ ਪੈਸੇ ਦਾਨ ਵਿਚ ਦੇ ਦੇਣਾ।”
“ਜੀ ਮੈ ਤਾਂ ਸਾਰੇ ਦੇ ਸਾਰੇ ਪੈਸੇ ਤੁਹਾਡੇ ਹਸਪਤਾਲ ਨੂੰ ਦਾਨ ਕਰ ਦਿਆਂਗਾ। ਪਰ ਅਫਸੋਸ! ਮੈਂ ਜ਼ਿੰਦਗੀ ਵਿਚ ਲਾਟਰੀ ਕਦੇ ਪਾਈ ਹੀ ਨਹੀਂ।”
ਰਜਨੀ ਨੂੰ ਸ਼ੱਕ ਹੋਇਆ ਕਿ ਡਾਕਟਰ ਦੀ ਨਿਗਾਹ ਪੈਸਿਆਂ ‘ਤੇ ਹੈ। ਉਹ ਕੁਝ ਬੋਲਣ ਲੱਗੀ, ਪਰ ਮੈਂ ਉਹਨੂੰ ਰੋਕ ਦਿਤਾ। ਡਾਕਟਰ ਨੇ ਹਰਿੰਦਰ ਨਾਲ ਗੱਲ ਜਾਰੀ ਰੱਖੀ, “ਦਾਨ ਦੀ ਗੱਲ ਛੱਡੋ। ਜੇ ਮੈਂ ਆਖਾਂ ਉਸ ਦਾ ਵੀਹ ਪਰਸੈਂਟ ਮੇਰੇ ਨਿਜੀ ਖਾਤੇ ਵਿਚ ਜਮਾਂ ਕਰਾ ਦੇਣਾ ਤਾਂ…।”
“ਮੈਂ ਤੁਹਾਡੇ ਹੱਥ ਤੀਹ ਪਰਸੈਂਟ ਕੈਸ਼ ਹੀ ਫੜਾ ਦਿਆਂਗਾ।” ਹਰਿੰਦਰ ਨੇ ਹੱਥ ਜੋੜਦਿਆਂ ਕਿਹਾ ਤੇ ਕੁਰਸੀ ਤੋਂ ਉਠਣ ਲੱਗਾ।
“ਠਹਿਰੋ। ਚਲੋ ਮੰਨ ਲਓ, ਤੁਹਾਡੀ ਦਸ ਕਰੋੜ ਦੀ ਲਾਟਰੀ ਨਿਕਲ ਆਵੇ ਤਾਂ…?”
“ਸਰ, ਜਦੋਂ ਨਿਕਲੇਗੀ, ਸਾਰੇ ਦਾ ਸਾਰਾ ਇਨਾਮ ਤੁਹਾਨੂੰ ਲਿਆ ਪਕੜਾਵਾਂਗਾ। ਕੀ ਹੁਣ ਅਸੀਂ ਜਾ ਸਕਦੇ ਹਾਂ?”
“ਨਹੀਂ, ਪਹਿਲਾਂ ਹੱਥ ਮਿਲਾ ਕੇ ਸਾਰਿਆਂ ਸਾਹਮਣੇ ਵਾਅਦਾ ਕਰੋ।” ਤੇ ਉਸ ਨੇ ਆਪਣਾ ਹੱਥ ਅੱਗੇ ਵਧਾਇਆ।
ਹਰਿੰਦਰ ਨੇ ਉਸ ਨਾਲ ਘੁੱਟ ਕੇ ਹੱਥ ਮਿਲਾਇਆ, ਪਰ ਉਸੇ ਵਕਤ ਉਹਨੇ ਮਹਿਸੂਸ ਕੀਤਾ ਕਿ ਡਾਕਟਰ ਦਾ ਹੱਥ ਉਹਦੇ ਹੱਥ ਤੋਂ ਤਿਲਕਦਾ ਜਾ ਰਿਹਾ ਸੀ। ਉਸ ਦੇ ਬੁੱਲ੍ਹ ਹਿੱਲ ਰਹੇ ਸਨ, ਪਰ ਉਸ ਤੋਂ ਕੁਝ ਬੋਲਿਆ ਨਹੀਂ ਸੀ ਜਾ ਰਿਹਾ। ਆਪਣੇ ਦੂਜੇ ਹੱਥ ਨਾਲ ਉਹਨੇ ਰਜਨੀ ਵੱਲ ਇਸ਼ਾਰਾ ਕੀਤਾ, ਜਿਵੇਂ ਕਹਿਣਾ ਚਾਹੁੰਦਾ ਹੋਵੇ ਕਿ ਬਾਕੀ ਗੱਲ ਆਪਣੀ ਪਤਨੀ ਤੋਂ ਪੁੱਛ ਲੈਣਾ।
ਡਾਕਟਰ ਸਦਾ ਲਈ ਪ੍ਰਲੋਕ ਸਿਧਾਰ ਚੁਕਾ ਸੀ।
ਅਸੀਂ ਵਾਪਸ ਘਰ ਪਰਤੇ। ਪਰ ਹੁਣ ਮੈਂ ਆਪਣੇ ਮਨ ‘ਤੇ ਬੋਝ ਮਹਿਸੂਸ ਕਰ ਰਿਹਾ ਸੀ ਕਿ ਹਰਿੰਦਰ ਨੂੰ ਦਸਣ ਲਈ ਕਿਹੜਾ ਮਨੋਵਿਗਿਆਨਕ ਢੰਗ ਅਪਨਾਵਾਂ?