ਹਰਪਾਲ ਸਿੰਘ ਪੰਨੂ
ਫੋਨ: 91-94642-51454
ਮਹਿੰਦਰਾ ਕਾਲਜ ਪੜ੍ਹਦਿਆਂ ਮਾਈ ਕੀ ਸਰਾਂ ਨੇੜੇ ਦਸ ਰੁਪਏ ਮਹੀਨਾ ਚੁਬਾਰਾ ਕਿਰਾਏ `ਤੇ ਮਿਲ ਗਿਆ। ਨਾਲ ਲਗਦੀ ਰਸੋਈ ਹੈਗੀ ਤਾਂ ਸੀ, ਪਰ ਵਿਧਵਾ ਮਾਲਕਣ ਨੇ ਉਸ ਵਿਚ ਪਾਥੀਆਂ ਭਰ ਰੱਖੀਆਂ ਸਨ। ਉਸ ਦਾ ਪੁੱਤ ਕਰਮਾ ਮੇਰਾ ਹਾਣੀ, ਮੇਰਾ ਜਮਾਤੀ ਸੀ। ਮੈਂ ਮਾਤਾ ਨੂੰ ਕਿਹਾ, ਇਹ ਰਸੋਈ ਵੀ ਮੈਨੂੰ ਦੇ ਦੇਹ। ਕਮਰੇ ਵਿਚ ਖਾਣ ਪੀਣ ਦੀਆਂ ਚੀਜਾਂ ਦਾ ਘੜਮੱਸ ਬੁਰਾ ਲਗਦੈ। ਖਲਾਰਾ ਸਾਂਭਿਆ ਜਾਊ।
ਉਹ ਕਹਿੰਦੀ, ਮੇਰੀਆਂ ਪਾਥੀਆਂ ਦਾ ਕੀ ਬਣੂੰ? ਮੈਂ ਕਿਹਾ, ਕੱਢ ਕੇ ਬਾਹਰ ਰੱਖ ਦਿੰਨਾਂ। ਕਹਿੰਦੀ, ਮੀਂਹ ਕਣੀ ਆ ਗਈ ਤਾਂ ਭਿੱਜ ਜਾਣਗੀਆਂ। ਮੈਂ ਕਿਹਾ, ਮੀਂਹ ਆਉਣ ਸਾਰ ਮੈਂ ਅੰਦਰ ਕਰ ਲਿਆ ਕਰੂੰ। ਕਹਿੰਦੀ, ਵਾਅਦਾ? ਮੈਂ ਕਿਹਾ, ਵਾਅਦਾ।
ਜੇ ਕਿਰਾਇਆ ਹੀ ਭਰਨਾ ਸੀ ਤਾਂ ਪਾਥੀਆਂ ਸਾਂਭਣ ਦੀ ਮੇਰੀ ਜਿੰਮੇਵਾਰੀ ਕਿਉਂ? ਪਰ ਉਦੋਂ ਵੀ ਪਤਾ ਸੀ, ਧਾਰਾ 370 ਵਾਂਗੂੰ ਵਾਅਦੇ ਸ਼ੀਸ਼ੇ ਦੇ ਖਿਡੌਣੇ ਵਾਂਗ ਟੁੱਟਣ ਲਈ ਹੋਇਆ ਕਰਦੇ ਨੇ। ਵਾਅਦਾ ਕਰ ਦਿੱਤਾ। ਉਹ ਕਹਿੰਦੀ, ਚਲ ਠੀਕ ਐ ਫੇਰ, ਪਰ ਇਹਦੇ ਦੋ ਰੁਪਏ ਮਹੀਨਾ ਹੋਰ ਦੇਣੇ ਪੈਣਗੇ। ਮੈਂ ਕਿਹਾ, ਠੀਕ। ਸੋ ਕਿਚਨ ਕਮ ਰੂਮ ਦੇ ਆਪਾਂ 12 ਰੁਪਏ ਮਹੀਨਾ ਕਿਰਾਇਆ ਦਿੰਦੇ। ਉਸੇ ਘਰ ਦੇ ਦੂਜੇ ਕਮਰੇ ਵਿਚ ਆਪਣੀ ਬੀਵੀ ਸਮੇਤ ਇਕ ਹੋਰ ਕਿਰਾਏਦਾਰ ਰੁਲਦੂ ਰਹਿੰਦਾ ਸੀ। ਰੁਲਦੂ ਦੀ ਗੱਲ ਬਾਅਦ ਵਿਚ ਕਰਾਂਗੇ।
ਕਮਰੇ ਦੇ ਬਾਹਰ ਬੈਠਾ ਪ੍ਰਿੰਸੀਪਲ ਦੇ ਨਾਮ ਮੈਂ ਫੀਸ ਮਾਫੀ ਦੀ ਅਰਜ਼ੀ ਲਿਖ ਰਿਹਾ ਸਾਂ ਕਿ ਮਾਈ ਕਿਰਾਇਆ ਲੈਣ ਆ ਗਈ। ਮੈਂ ਕਿਹਾ, ਆਹ ਅਰਜ਼ੀ ਲਿਖ ਲੈਣ ਦੇ, ਦੇ ਦਊਂਗਾ। ਕਹਿੰਦੀ, ਕਾਹਦੀ ਅਰਜ਼ੀ ਲਿਖਦੈਂ? ਮੈਂ ਕਿਹਾ, ਫੀਸ ਮਾਫੀ ਦੀ। ਕਹਿੰਦੀ, ਕਰਮੇ ਦੀ ਅਰਜ਼ੀ ਵੀ ਲਿਖ ਦੇਹ, ਇਹਦੀ ਹਾਲਤ ਕਿਹੜਾ ਤੈਥੋਂ ਚੰਗੀ ਐ? ਮੈਂ ਕਿਹਾ, ਮੈਨੂੰ ਅਰਜ਼ੀ ਲਿਖ ਲੈਣ ਦੇ। ਇਹਨੂੰ ਦੇਖ ਕੇ ਉਹ ਲਿਖ ਲਊ। ਕਹਿੰਦੀ, ਜੇ ਤੂੰ ਈ ਲਿਖ ਦੇਵੇਂ, ਇਹਦੇ ਵਿਚ ਕਿਹੜਾ ਬਾਹਲਾ ਜੋਰ ਲਗਦੈ? ਮੈਂ ਉਹਨੂੰ ਆਪਣੀ ਲਿਖੀ ਜਾ ਰਹੀ ਅਰਜ਼ੀ ਦਿਖਾ ਕੇ ਕਿਹਾ, ਆਹ ਮੇਰੀ ਲਿਖਾਈ ਤਾਂ ਦੇਖ, ਮੋਤੀ ਪਰੋਏ ਪਏ ਨੇ। ਕਿਸੇ ਅਮੀਰ ਦੀ ਲਿਖਤ ਲਗਦੀ ਐ। ਗਰੀਬਾਂ ਦੀ ਹਰੇਕ ਚੀਜ ਫਟੀ ਪੁਰਾਣੀ ਬੋਦੀ ਦਿੱਸਣੀ ਚਾਹੀਦੀ ਐ, ਤਾਂ ਫੀਸ ਮਾਫ ਹੋਊ। ਅੱਗੇ ਤੇਰੀ ਮਰਜ਼ੀ। ਕਹਿੰਦੀ, ਤੇਰੀ ਗੱਲ ਮੈਨੂੰ ਸਮਝ ਨ੍ਹੀਂ ਆਈ। ਮੈਂ ਕਿਹਾ, ਅੰਗਰੇਜ਼ੀ ਵਿਚ ਇਹਨੂੰ ‘ਲਾਅ ਆਫ ਕੌਸਮਿਕ ਲੇਜ਼ੀਨੈਸ’ ਕਹਿੰਦੇ ਨੇ; ਪੰਜਾਬੀ ਵਿਚ ਕਹਾਂਗੇ, ਸੁਸਤੀ ਦਾ ਬ੍ਰਹਿਮੰਡੀ ਵਿਧਾਨ।
ਅਰਜ਼ੀਆਂ ਦੇਣ ਵਾਲਿਆਂ ਦੀ ਇੰਟਰਵਿਊ ਹੋਈ, ਜਿਨ੍ਹਾਂ ਦੀ ਫੀਸ ਮਾਫ ਹੋਈ, ਉਨ੍ਹਾਂ ਦੇ ਨਾਂਵਾਂ ਦੀ ਲਿਸਟ ਨੋਟਿਸ ਬੋਰਡ `ਤੇ ਲੱਗੀ। ਕਰਮਾਂ ਵਾਲੇ ਆਪੋ ਆਪਣੇ ਨਾਂ ਦੇਖ ਕੇ ਬਾਗੋ ਬਾਗ। ਮੇਰੀ ਫੀਸ ਮਾਫ ਹੋ ਗਈ, ਕਰਮੇ ਦੀ ਨਾ ਹੋਈ। ਕਰਮੇ ਦੀ ਮਾਂ ਉਹਨੂੰ ਝਿੜਕਾਂ ਦੇਣ ਲੱਗੀ, ਤੈਨੂੰ ਚੱਜ ਨਾਲ ਗੱਲ ਕਰਨੀ ਓ ਨ੍ਹੀਂ ਆਉਂਦੀ ਵੇ ਨਿਕਰਮਿਆਂ। ਤੂੰ ਦੱਸਣਾ ਸੀ ਉਨ੍ਹਾਂ ਨੂੰ, ਬਈ ਮੇਰਾ ਬਾਪੂ ਮਰ ਗਿਆ ਹੋਇਐ? ਦੱਸਿਆ ਨ੍ਹੀਂ?
ਕਰਮਾ ਕਹਿੰਦਾ, ਦੱਸਿਆ ਸੀ, ਉਥੇ ਬੜਿਆਂ ਦੇ ਬਾਪ ਮਰੇ ਹੋਏ ਸਨ। ਮੇਰਾ ਤਾਂ ਇਕ ਬਾਪੂ ਮਰਿਐ, ਉਥੇ ਤਾਂ ਉਹ ਵੀ ਫਿਰਦੇ ਸਨ, ਜਿਨ੍ਹਾਂ ਦੇ ਪੰਜ ਪੰਜ, ਸੱਤ ਸੱਤ ਬਾਪੂ ਮਰੇ ਹੋਏ ਸਨ। ਮੇਰੀ ਕੀ ਸੁਣਵਾਈ ਹੋਣੀ ਸੀ ਉਥੇ? ਚੁਪ ਕਰ ਹੁਣ, ਭੁੱਖ ਲੱਗੀ ਐ, ਰੋਟੀ ਲਿਆ।
ਰੁਲਦੂ ਮਹਿੰਦਰਾ ਕਾਲਜ ਵਿਚ ਸਫਾਈ ਸੇਵਕ, ਸਰਕਾਰੀ ਮੁਲਾਜ਼ਮ। ਭਲਾ ਲੋਕ। ਕਦੀ ਕਦਾਈਂ ਆਪਣੇ ਸਾਈਕਲ ਦੇ ਕੈਰੀਅਰ `ਤੇ ਬਿਠਾ ਕੇ ਕਾਲਜ ਤੱਕ ਲੈ ਜਾਂਦਾ। ਉਹਦੀ ਇੱਕ ਆਦਤ ਬੜੀ ਬੁਰੀ ਸੀ। ਘਰ ਆ ਕੇ ਆਪਣੀ ਪਤਨੀ ਨੂੰ ਖੂਬ ਡਾਂਟਦਾ, ਆਹ ਖੂੰਜੇ ਵਿਚ ਰੇਤ ਕਿਉਂ ਦਿੱਸ ਰਿਹੈ? ਅਹੁ ਜਾਲਾ ਕਿਉਂ ਨ੍ਹੀਂ ਉਤਾਰਦੀ? ਕਹਿੰਦੀ, ਦਿੱਸਿਆ ਨ੍ਹੀਂ। ਮੈਨੂੰ ਦਿੱਸ ਜਾਂਦੈ ਤੈਨੂੰ ਕਿਉਂ ਨ੍ਹੀਂ ਦਿੱਸਿਆ? ਇੱਕ ਦਿਨ ਮੈਨੂੰ ਗੁੱਸਾ ਆ ਗਿਆ, ਆਖ ਹੀ ਦਿੱਤਾ, ਤੂੰ ਕਾਲਜ ਦੇ ਵੀਹ ਕਮਰੇ ਸਾਫ ਕਰਦੈਂ ਇੱਥੇ ਨ੍ਹੀਂ ਤੈਥੋਂ ਦੋ ਝਾੜੂ ਲਾ ਹੁੰਦੇ?
ਉਹ ਬਰਾਬਰ ਤੈਸ਼ ਵਿਚ ਆ ਗਿਆ, ਕਹਿੰਦਾ ਉਥੇ ਤਾਂ ਮੈਂ ਕੁੱਤੀ ਨੌਕਰੀ ਕਰਦਾਂ, ਸਮਝਿਆ? ਇਥੇ ਮਾਲਕ ਆਂ। ਤੂੰ ਮੈਨੂੰ ਘਰ ਵਿਚ ਵੀ ਮਾਲਕੀ ਨ੍ਹੀਂ ਕਰਨ ਦਏਂਗਾ? ਆਪਣੀਆਂ ਪੋਥੀਆਂ ਚੁੱਕ ਕੇ ਤਿੱਤਰ ਹੋ ਜਾ। ਚੰਗੇ ਭਲੇ ਸੁਖੀ ਵਸਦੇ ਪਰਿਵਾਰ ਵਿਚ ਲੱਗੈਂ ਕਲੇਸ਼ ਪੁਆਉਣ। ਬੈਠੀਂ ਅੱਗੇ ਤੋਂ ਮੇਰੇ ਸਾਈਕਲ `ਤੇ!
—
ਬੀ. ਏ. ਕਰਨ ਸਾਰ ਇਕ ਜਮਾਤੀ ਨੂੰ ਏਅਰ ਫੋਰਸ ਵਿਚ ਪਾਇਲਟ ਅਫਸਰ ਰੱਖ ਲਿਆ ਗਿਆ। ਫੋਨ ਨਹੀਂ ਹੁੰਦੇ ਸਨ, ਉਸ ਦੀ ਚਿੱਠੀ ਆਈ, ਟਰੇਨਿੰਗ ਖਤਮ ਹੋ ਗਈ। ਇਥੇ ਡੇਹਰਾਦੂਨ ਪਾਸਿੰਗ ਆਊਟ ਪਰੇਡ ਹੋਏਗੀ। ਦੇਸ਼ ਦਾ ਰਾਸ਼ਟਰਪਤੀ ਮੋਢਿਆਂ `ਤੇ ਅਫਸਰੀ ਚਿਪਕਾਉਣ ਆਏਗਾ। ਹਰੇਕ ਨੂੰ ਹੱਕ ਹੈ ਕਿ ਆਪਣੀ ਪਸੰਦ ਦੇ ਦੋ ਮਹਿਮਾਨ ਇਸ ਮੌਕੇ ਬੁਲਾ ਸਕਦਾ ਹੈ। ਦੋ ਬੰਦਿਆਂ ਦੇ ਨਾਂ ਲਿਖਾ ਦਿੱਤੇ ਨੇ। ਇਕ ਮੇਰਾ ਬਾਪੂ ਆਏਗਾ, ਦੂਜਾ ਤੂੰ। ਠੀਕ ਹੈ? ਇਕ ਦਿਨ ਪਹਿਲਾਂ ਆ ਜਾਈਂ। ਚੱਜ ਦੇ ਕੱਪੜੇ ਪਾ ਕੇ ਆਈਂ। ਕਿਤੇ ਉਹੀ ਵਰਦੀ ਪਾ ਕੇ ਨਾ ਆ ਜੀਂ, ਜੋ ਫੀਸ ਮਾਫੀ ਦੀ ਇੰਟਰਵਿਊ `ਤੇ ਜਾਣ ਮੌਕੇ ਪਹਿਨਿਆ ਕਰਦਾ ਸੀ, ਓ ਕੇ? ਓ ਕੇ।