ਸੇਵਕ ਸਿੰਘ ਕੋਟਕਪੂਰਾ
ਫੋਨ: 661-444-3657
ਇਸਤਾਨ ਫਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ-ਇਲਾਕਾ, ਦੇਸ਼ ਜਾਂ ਖਿੱਤਾ। ਇਸ ਦਾ ਸਮਾਨਾਰਥਕ ਸੰਸਕ੍ਰਿਤ ਅਤੇ ਹਿੰਦੀ ਭਾਸ਼ਾ ਵਿਚ ਸ਼ਬਦ ਹੈ, ਸਥਾਨ। ਰੇਤਲੇ ਇਲਾਕੇ ਨੂੰ ਰੇਗਿਸਤਾਨ ਅਤੇ ਰੇਤਲੇ ਇਲਾਕੇ ਵਿਚ ਪਾਣੀ ਤੇ ਹਰਿਆਵਲੇ ਇਲਾਕੇ ਨੂੰ ਨਖਲਿਸਤਾਨ ਕਹਿੰਦੇ ਹਨ। ਜਦੋਂ ਮੱਧ ਏਸ਼ੀਆ ਅਤੇ ਅਰਬ ਮੁਲਕਾਂ ਦਾ ਸਿੰਧ ਦਰਿਆ ਦੇ ਪੂਰਬੀ ਪਾਸੇ ਵਾਲੇ ਲੋਕਾਂ ਨਾਲ ਵਾਹ ਪਿਆ ਤਾਂ ਸਿੰਧ ਸ਼ਬਦ ਨੂੰ ਆਪਣੀ ਸਹੂਲਤ ਅਨੁਸਾਰ ਹਿੰਦ ਉਚਾਰਨ ਲੱਗੇ ਅਤੇ ਇਸ ਇਲਾਕੇ ਨੂੰ ਹਿੰਦੁਸਤਾਨ ਕਹਿਣਾ ਸ਼ੁਰੂ ਕਰ ਦਿੱਤਾ, ਤੇ ਇਸ ਦੇ ਵਸਨੀਕਾਂ ਨੂੰ ਹਿੰਦੂ ਕਹਿਣ ਲੱਗੇ। ਇਸ ਇਲਾਕੇ ਦਾ ਸੰਸਕ੍ਰਿਤ ਜਾਂ ਪ੍ਰਕਿਰਤ ਭਾਸ਼ਾ ਵਿਚ ਨਾਂ ਸਪਤ ਸਿੰਧੂ ਸੀ, ਜੋ ਦਰਿਆ ਸਿੰਧ ਤੋਂ ਲੈ ਕੇ ਘੱਗਰ ਜਾਂ ਸਰਸਵਤੀ ਨਦੀ ਤਕ ਫੈਲਿਆ ਹੋਇਆ ਸੀ, ਜਿਸ ਵਿਚ ਸਿੰਧ, ਜਿਹਲਮ, ਚਨਾਬ, ਰਾਵੀ, ਬਿਆਸ, ਸਤਲੁਜ ਅਤੇ ਸਰਸਵਤੀ ਜਾਂ ਘੱਗਰ ਦਰਿਆ ਸ਼ਾਮਲ ਸਨ।
ਇਸੇ ਤਰ੍ਹਾਂ ਮੱਧ ਏਸ਼ੀਆ ਵਿਚ ਉਜ਼ਬੇਕਿਸਤਾਨ, ਕਜ਼ਾਖਿਸਤਾਨ, ਤਾਜਿਕਸਤਾਨ, ਕਿਰਗਿਜ਼ਸਤਾਨ, ਤੁਰਕਮੇਨਿਸਤਾਨ ਅਤੇ ਅਫਗਾਨਿਸਤਾਨ ਨਾਂਵਾਂ ਦੇ ਦੇਸ਼ ਹਨ, ਜੋ ਇਸ ਵਿਚ ਰਹਿਣ ਵਾਲੇ ਕ੍ਰਮਵਾਰ ਉਜ਼ਬੇਕ, ਕਜ਼ਾਖ, ਤਾਜਿਕ, ਕਿਰਗ, ਤੁਰਕ ਅਤੇ ਅਫਗਾਨ ਕਬੀਲਿਆਂ ਦੇ ਰਹਿਣ ਕਰਕੇ ਹੋਂਦ ਵਿਚ ਆਏ। ਇਸੇ ਤਰ੍ਹਾਂ ਜਿਥੇ ਬਲੋਚ ਕਬੀਲਾ ਰਹਿੰਦਾ ਹੈ, ਉਹ ਬਲੋਚਿਸਤਾਨ ਹੈ ਅਤੇ ਜਿਥੇ ਰਾਜਪੂਤ ਜਾਂ ਰਾਜਿਆਂ ਦਾ ਇਲਾਕਾ, ਉਹ ਰਾਜਸਥਾਨ ਕਹਾਉਂਦਾ ਹੈ।
ਇਸ ਸਪਤ ਸਿੰਧੂ ਖੇਤਰ ਵਿਚ ਹੀ ਦੁਨੀਆਂ ਦੀਆਂ ਸਭ ਤੋਂ ਪੁਰਾਤਨ ਸਭਿਅਤਾਵਾਂ ਵਿਚੋਂ ਇਕ ਸਿੰਧ ਘਾਟੀ ਦੀ ਸਭਿਅਤਾ ਵਸਦੀ ਸੀ, ਜੋ ਉਨਤ ਸਭਿਅਤਾ ਸੀ। ਅੱਜ ਤੋਂ ਕਰੀਬ ਛੇ ਹਜ਼ਾਰ ਸਾਲ ਪਹਿਲਾਂ ਵੋਲਗਾ ਦਰਿਆ ਦੇ ਕੰਢੇ ਵਸਦੇ ਆਰੀਆ ਹਮਲਾਵਰ ਹੋਏ ਅਤੇ ਦੱਰ੍ਹਾ ਖੈਬਰ ਰਾਹੀਂ ਦਾਖਲ ਹੋਏ ਤੇ ਸਰਸਵਤੀ ਦਰਿਆ ਤੱਕ ਫੈਲ ਗਏ। ਇਥੇ ਹੀ ਉਨ੍ਹਾਂ ਵੇਦ ਰਚੇ। ਇਥੋਂ ਦੇ ਮੂਲ ਵਸਨੀਕਾਂ ਨੂੰ ਹਰਾ ਕੇ ਇਸ ਇਲਾਕੇ ‘ਤੇ ਕਾਬਜ਼ ਹੋ ਗਏ। ਕੋਈ 2500 ਸਾਲ ਪਹਿਲਾਂ ਇਰਾਨੀ ਹੁਕਮਰਾਨ ਦਾਰਾ, ਫਿਰ ਯੂਨਾਨ ਦਾ ਬਾਦਸ਼ਾਹ ਸਿਕੰਦਰ ਹਮਲਾਵਰ ਹੋਇਆ, ਜਿਨ੍ਹਾਂ ਕਰਕੇ ਅਰਬਾਂ ਅਤੇ ਯੂਰਪੀ ਲੋਕਾਂ ਦਾ ਇਥੋਂ ਦੇ ਲੋਕਾਂ ਨਾਲ ਰਾਬਤਾ ਬਣਿਆ।
ਫਿਰ ਇਥੇ ਬੁੱਧ ਧਰਮ ਪ੍ਰਭਾਵੀ ਹੋਇਆ ਅਤੇ ਅਫਗਾਨਿਸਤਾਨ ਤਕ ਫੈਲ ਗਿਆ। ਦੁਨੀਆਂ ਦੀ ਪਹਿਲੀ ਯੂਨੀਵਰਸਿਟੀ ਤਕਸ਼ਸ਼ਿਲਾ ਹੋਂਦ ਵਿਚ ਆਈ। ਬੁੱਧ ਧਰਮ ਰਾਹੀਂ ਚੀਨ ਅਤੇ ਮੰਗੋਲ ਇਥੋਂ ਦੇ ਵਾਕਿਫ ਹੋਏ। ਫਿਰ ਤਾਂ ਲਾਈਨ ਹੀ ਲੱਗ ਗਈ। ਕੋਈ ਵੀ ਉਠ ਕੇ 5-7 ਹਜ਼ਾਰ ਸਿਪਾਹੀ ਇਕੱਠੇ ਕਰਕੇ ਲੁਟਣ ਲਈ ਆ ਜਾਂਦਾ ਸੀ। ਉਨ੍ਹਾਂ ਲੁਟੇਰਿਆਂ ਨਾਲ ਹੀ ਇਸਲਾਮ ਦੇ ਪ੍ਰਚਾਰਕ ਆਉਣੇ ਸ਼ੁਰੂ ਹੋ ਗਏ। ਕੁਝ ਪ੍ਰਚਾਰ ਅਤੇ ਕੁਝ ਡਰ ਨਾਲ ਇਸਲਾਮ ਦਾ ਪ੍ਰਭਾਵ ਇਸ ਖਿੱਤੇ ਵਿਚ ਵਧਦਾ ਗਿਆ। ਮੁਸਲਮਾਨਾਂ ਦੀ ਗਿਣਤੀ ਵੀ ਵਧਦੀ ਗਈ।
ਸਨਾਤਨ ਧਰਮ ਵਿਚਲੀ ਵਰਣ ਵੰਡ, ਸਿਮ੍ਰਿਤੀਆਂ ਅਤੇ ਪੁਰਾਣਾਂ ਦੇ ਪ੍ਰਭਾਵ ਨਾਲ ਜਾਤੀ ਪ੍ਰਥਾ ਵਿਚ ਤਬਦੀਲ ਹੋ ਗਈ। ਫਿਰ ਮਨੁੱਖ ਦਾ ਰੁਤਬਾ ਕੰਮ ਨਾਲ ਨਹੀਂ, ਸਗੋਂ ਜਨਮ ਅਤੇ ਜਾਤ ਨਾਲ ਨਿਸ਼ਚਿਤ ਹੋਣਾ ਸ਼ੁਰੂ ਹੋ ਗਿਆ, ਜਿਸ ਦੇ ਵਿਰੋਧ ਅਤੇ ਸੁਧਾਰ ਲਈ 2500 ਸਾਲ ਪਹਿਲਾਂ ਬੁੱਧ ਧਰਮ ਅਤੇ ਜੈਨ ਧਰਮ ਦਾ ਅਰੰਭ ਹੋਇਆ। ਇਨ੍ਹਾਂ ਨਾਲ ਟੱਕਰ ਲੈਣ ਅਤੇ ਇਨ੍ਹਾਂ ਨੂੰ ਖਦੇੜਨ ਲਈ ਸਨਾਤਨ ਧਰਮ ਤੋਂ ਹਿੰਦੂ ਧਰਮ ਵਿਚ ਤਬਦੀਲ ਹੋਏ ਧਰਮ ਨੇ ਉਨ੍ਹਾਂ ਉਤੇ ਜ਼ੁਲਮ ਅਤੇ ਤਸ਼ੱਦਦ ਸ਼ੁਰੂ ਕਰ ਦਿੱਤਾ, ਜਿਸ ਦਾ ਨਤੀਜਾ ਇਹ ਹੋਇਆ ਕਿ ਬੁੱਧ ਧਰਮ ਆਪਣੇ ਜਨਮ ਸਥਾਨ ਬਿਹਾਰ ਤੇ ਅਫਗਾਨਿਸਤਾਨ ਤੋਂ ਚੀਨ ਅਤੇ ਮੰਗੋਲ ਇਲਾਕੇ ਵਿਚ ਤਬਦੀਲ ਤੇ ਫੈਲ ਗਿਆ, ਪਰ ਜੈਨ ਧਰਮ ਸੁੱਕ ਸੜ ਕੇ ਰੇਗਿਸਤਾਨ ਵਿਚਲੀ ਨਦੀ ਵਾਂਗ ਹਿੰਦੂ ਧਰਮ ਦੀ ਸ਼ਾਖਾ ਬਣ ਕੇ ਰਹਿ ਗਿਆ। ਇਸ ਤਰ੍ਹਾਂ ਇਸ ਇਲਾਕੇ ਵਿਚ ਸਿਰਫ ਹਿੰਦੂ ਧਰਮ ਅਤੇ ਇਸਲਾਮ ਹੀ ਪ੍ਰਭਾਵੀ ਅਤੇ ਜਿਉਂਦੇ ਰਹਿ ਗਏ। ਫਿਰ ਇਹ ਆਪਸ ਵਿਚ ਲੜਦੇ ਭਿੜਦੇ ਅਤੇ ਜਿੱਤਦੇ ਹਾਰਦੇ ਧੁਰ ਪੂਰਬੀ ਅਤੇ ਦਖਣੀ ਭਾਰਤ ਦੇ ਸਮੁੰਦਰੀ ਕੰਢਿਆਂ ਤਕ ਪਹੁੰਚ ਗਏ। ਕਦੋਂ ਭਾਰਤ ਹਿੰਦੁਸਤਾਨ ਬਣ ਗਿਆ, ਪਤਾ ਹੀ ਨਾ ਲੱਗਾ।
15ਵੀਂ ਸਦੀ ਵਿਚ ਪ੍ਰਗਟ ਹੋਏ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕਰ ਕੇ ਭਗਤੀ ਵਿਚਾਰਧਾਰਾ ਨਾਲ ਸਬੰਧਤ ਭਗਤਾਂ, ਸੰਤਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਮਿਲ ਕੇ ਉਨ੍ਹਾਂ ਦੀ ਬਾਣੀ ਇਕੱਤਰ ਕਰਕੇ ਦਸ ਜੋਤਾਂ ਰਾਹੀਂ ਸਿੱਖ ਧਰਮ ਦੀ ਸਥਾਪਨਾ ਕੀਤੀ। ਸਿੱਖ ਧਰਮ ਅੰਮ੍ਰਿਤ ਦੀ ਮਰਿਆਦਾ ਰਾਹੀਂ ਖਾਲਸਾ ਪੰਥ ਦਾ ਰੂਪ ਧਾਰ ਗਿਆ। ਸਿੱਖ ਮਿਸਲਾਂ ਤੋਂ ਹੁੰਦਾ ਹੋਇਆ ਪੰਜਾਬ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਖਾਲਸਾ ਰਾਜ ਪ੍ਰਗਟ ਕਰ ਦਿੱਤਾ, ਜਿਸ ਦੇ ਨਿਰਮਾਣ ਅਤੇ ਪ੍ਰਸਾਰ ਵਿਚ ਸਾਰੇ ਪੰਜਾਬੀ ਹਿੰਦੂ, ਸਿੱਖ ਤੇ ਮੁਸਲਮਾਨ ਸ਼ਾਮਲ ਸਨ। ਕਰੀਬ 50 ਸਾਲ ਧਰਮ ਨਿਰਪੱਖ ਅਤੇ ਸਾਂਝਾ ਰਾਜ ਚਲਦਾ ਰਿਹਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਸਿਰਫ 10 ਸਾਲਾਂ ਵਿਚ ਹੀ ਸਿੱਖ ਰਾਜ ਸਿੱਖ ਸਰਦਾਰਾਂ ਅਤੇ ਅਹਿਲਕਾਰਾਂ ਦੀਆਂ ਨਿੱਜੀ ਰੰਜਿਸ਼ਾਂ ਤੇ ਗੱਦਾਰੀਆਂ ਨਾਲ ਖਤਮ ਹੋ ਗਿਆ।
ਪਹਿਲਾਂ ਹਮਲੇ ਉਤਰ ਪੱਛਮ ਤੋਂ ਹੁੰਦੇ ਸਨ, ਪਰ 15ਵੀਂ ਈਸਵੀ ਤੋਂ ਯੂਰਪੀ ਲੋਕਾਂ ਨੇ ਪੱਛਮੀ ਦੱਖਣੀ ਸਮੁੰਦਰੀ ਰਸਤੇ ਰਾਹੀਂ ਹਿੰਦੁਸਤਾਨ ਵਿਚ ਦਾਖਲ ਹੋਣਾ ਸ਼ੁਰੂ ਕੀਤਾ। ਬਾਦਸ਼ਾਹ ਜਹਾਂਗੀਰ ਦਾ ਇਲਾਜ ਕਰਨ ਵਾਲੇ ਅੰਗਰੇਜ਼ ਡਾਕਟਰਾਂ ਨੇ ਆਪਣੇ ਦੇਸ਼ ਵਾਸਤੇ ਵਪਾਰ ਕਰਨ ਦੀ ਮਨਜ਼ੂਰੀ ਲੈ ਲਈ ਅਤੇ ਹੌਲੀ-ਹੌਲੀ ਦੱਖਣ ਤੋਂ ਉਤਰ ਵੱਲ ਵਧਣਾ ਸ਼ੁਰੂ ਕਰ ਦਿੱਤਾ। ਫਿਰ 1857 ਵਿਚ ਪੂਰੇ ਹਿੰਦੁਸਤਾਨ ‘ਤੇ ਕਾਬਜ਼ ਹੋ ਗਏ। ਭਾਰਤੀ ਸਮਾਜ ਵਿਚ ਜੋ ਵਖਰੇਵੇਂ ਅਤੇ ਵਿਰੋਧ ਸਨ, ਉਨ੍ਹਾਂ ਨੂੰ ਹਵਾ ਦੇਣੀ ਅਤੇ ਵਧਾਉਣਾ ਸ਼ੁਰੂ ਕਰ ਦਿੱਤਾ। ਸਾਰੇ ਵਰਗਾਂ ਨੂੰ ਇਕ ਦੂਜੇ ਵਿਰੁਧ ਵਰਤਿਆ ਅਤੇ ਲੜਾਇਆ। ਮਨਸ਼ਾ ਸਾਫ ਸੀ ਕਿ ਜੇ ਇਹ ਆਪਸ ਵਿਚ ਨਹੀਂ ਲੜਨਗੇ ਤਾਂ ਅੰਗਰੇਜ਼ਾਂ ਖਿਲਾਫ ਲੜਨਗੇ ਅਤੇ ਆਜ਼ਾਦੀ ਮੰਗਣਗੇ। ਦਿਖਾਵਾ ਧਰਮ ਨਿਰਲੇਪਤਾ ਦਾ ਕਰਦੇ ਸਨ, ਪਰ ਤੂਲ ਧਾਰਮਿਕ ਅਤੇ ਜਾਤੀ ਵਖਰੇਵਿਆਂ ਨੂੰ ਦਿੰਦੇ ਸਨ। ਨਤੀਜਾ ਇਹ ਨਿਕਲਿਆ ਕਿ ਜਦੋਂ ਦੂਜੀ ਸੰਸਾਰ ਜੰਗ ਦੇ ਝੰਬੇ ਅਤੇ ਕਮਜ਼ੋਰ ਹੋਏ ਅੰਗਰੇਜ਼ ਸਾਮਰਾਜ ਨੂੰ ਹਿੰਦੁਸਤਾਨ ਛੱਡਣਾ ਪਿਆ ਤਾਂ ਦੋ ਕੌਮਾਂ ਦੇ ਸਿਧਾਂਤ ਨਾਲ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਦੋ ਧਰਮਾਂ ਦੀ ਥਾਂ ਦੋ ਕੌਮਾਂ ਬਣਾ ਕੇ ਇਕ ਦੂਜੇ ਦੇ ਖਿਲਾਫ ਖੜ੍ਹਾ ਕਰ ਗਏ, ਜਿਸ ਦਾ ਖਮਿਆਜ਼ਾ ਦੋਵੇਂ ਦੇਸ਼ ਅੱਜ ਤੱਕ ਭੁਗਤ ਰਹੇ ਹਨ।
ਅੱਜ ਤੱਕ ਚਾਰ ਜੰਗਾਂ ਲੜ ਕੇ ਵੀ ਨਹੀਂ ਸਮਝੇ ਕਿ ਕੌਮ ਅਤੇ ਧਰਮ ਵਿਚ ਕੀ ਫਰਕ ਹੁੰਦਾ ਹੈ। ਹਿੰਦੁਸਤਾਨ ਬਾਰੇ ਬੜੀ ਅਜੀਬ ਸਥਿਤੀ ਬਣੀ ਹੋਈ ਹੈ। ਸਿੰਧ ਦਰਿਆ ਜਿਨ੍ਹਾਂ ਦੀ ਸ਼ਾਹਰਗ ਹੈ, ਜੀਵਨ ਰੇਖਾ ਹੈ, ਜੇ ਉਨ੍ਹਾਂ ਨੂੰ ਹਿੰਦੂ ਕਹੋ ਤਾਂ ਉਹ ਗੁੱਸਾ ਕਰਦੇ ਹਨ। ਜਿਨ੍ਹਾਂ ਦਾ ਸਿੰਧ ਦਰਿਆ ਨਾਲ ਕੋਈ ਲੈਣ ਦੇਣ ਨਹੀਂ ਹੈ, ਲਖਨਊ, ਨਾਗਪੁਰ ਤੇ ਮੁੰਬਈ ਵਾਲੇ ਆਪਣੇ ਆਪ ਨੂੰ ਬੜੀ ਸ਼ਾਨ ਅਤੇ ਅਭਿਮਾਨ ਨਾਲ ਹਿੰਦੂ ਕਹਿੰਦੇ ਹਨ। ਸਿੰਧ ਜਾਂ ਇੰਡਸ ਛੁੱਟ ਗਿਆ, ਪਰ ਹਿੰਦੁਸਤਾਨ ਅਤੇ ਇੰਡੀਆ ਯਾਦ ਹੈ।
1947 ਵਿਚ ਪੂਰਬੀ ਅਤੇ ਪੱਛਮੀ ਪਾਕਿਸਤਾਨ ਬਣੇ; ਦੋਹੀਂ ਥਾਂਈਂ ਰਹਿਣ ਵਾਲੇ ਲੋਕ ਪਾਕ, ਭਾਵ ਪਵਿੱਤਰ। 2500 ਕਿਲੋਮੀਟਰ ਦੂਰ, ਪਰ ਕੌਮ ਇਕ। 25 ਸਾਲ ਇਕੱਠੇ ਨਹੀਂ ਰਹਿ ਸਕੇ, ਦੋ ਦੇਸ਼-ਪਾਕਿਸਤਾਨ ਅਤੇ ਬੰਗਲਾਦੇਸ਼ ਬਣ ਗਏ। ਸਵਾਲ ਹੁਣ ਇਹ ਹੈ, ਕੀ ਬੰਗਲਾਦੇਸ਼ ਦੇ ਵਸਨੀਕ ਹੁਣ ਪਾਕ ਪਵਿੱਤਰ ਨਹੀਂ ਰਹੇ? ਨਾਂ ਬਦਲਣ ਨਾਲ ਪਵਿੱਤਰਤਾ ਵੀ ਖਤਮ? ਹੁਣ ਸਿਰਫ ਪਾਕਿਸਤਾਨ ਵਿਚ ਰਹਿਣ ਵਾਲੇ ਹੀ ਪਵਿੱਤਰ ਰਹਿ ਗਏ? ਕੀ ਪਵਿੱਤਰਤਾ ਸਿਰਫ ਇਲਾਕੇ ਜਾਂ ਦੇਸ਼ ਨਾਲ ਹੀ ਸਬੰਧਤ ਹੈ? ਪਵਿੱਤਰਤਾ ਦਾ ਸਬੰਧ ਤਾਂ ਮਨੁੱਖ ਦੇ ਅੰਦਰ ਨਾਲ ਹੈ, ਬਾਹਰੀ ਪਵਿੱਤਰਤਾ ਦਾ ਕੋਈ ਬਹੁਤਾ ਅਰਥ ਨਹੀਂ ਹੈ। ਕਿਤੇ ਵੀ ਰਹਿੰਦਾ ਬੰਦਾ ਪਵਿੱਤਰ ਹੋ ਸਕਦਾ ਹੈ।
ਇਸ ਚਰਚਾ ਪਿਛੋਂ ਹੁਣ ਖਾਲਿਸਤਾਨ ਦੀ ਗੱਲ ਕਰੀਏ। ਖਾਲ+ਇਸਤਾਨ ਜਾਂ ਖਾਲਿ+ਸਤਾਨ। ਅਰਥ ਜਾਣਨ ਦੀ ਲੋੜ ਨਹੀਂ। ਇਹ ਲੱਖਾਂ ਕਰੋੜਾਂ ਵਾਰ ਵਰਤਿਆ ਗਿਆ ਹੈ। ਪਤਾ ਨਹੀਂ ਕਿਸੇ ਨੇ ਇਸ ਦਾ ਅਰਥ ਵਿਚਾਰਿਆ ਜਾਂ ਨਹੀਂ। ਕੀ ਇਹ ਉਨ੍ਹਾਂ ਦੀ ਸੁਹਿਰਦਤਾ ਅਤੇ ਗੰਭੀਰਤਾ ‘ਤੇ ਸਵਾਲ ਖੜ੍ਹਾ ਨਹੀਂ ਕਰਦਾ। ਮੇਰੀ ਯਾਦਦਾਸ਼ਤ ਅਨੁਸਾਰ 1973-75 ਵਿਚ ਸਭ ਤੋਂ ਪਹਿਲਾਂ ਇਹ ਸ਼ਬਦ ਡਾ. ਜਗਜੀਤ ਸਿੰਘ ਚੌਹਾਨ ਅਤੇ ਡਾ. ਸੋਹਨ ਸਿੰਘ ਬਾਸੀ ਨੇ ਵਰਤਿਆ ਸੀ। ਖਾਲਿਸਤਾਨ ਦੇ ਪਾਸਪੋਰਟ ਅਤੇ ਡਾਲਰ ਵੀ ਜਾਰੀ ਕੀਤੇ ਸਨ। ਉਨ੍ਹਾਂ ਦਾ ਕੀ ਹਸ਼ਰ ਹੋਇਆ, ਸਭ ਦੇ ਸਾਹਮਣੇ ਹੈ। ਉਸ ਪਿਛੋਂ ਡਾ. ਗੰਗਾ ਸਿੰਘ ਢਿੱਲੋਂ ਅਤੇ ਸ. ਦੀਦਾਰ ਸਿੰਘ ਬੈਂਸ ਨੇ ਝੰਡਾ ਚੁਕਿਆ, ਬਾਅਦ ਵਿਚ ਸ. ਸਿਮਰਨਜੀਤ ਸਿੰਘ ਮਾਨ ਸ਼ਾਮਲ ਹੋ ਗਏ। ਉਹ 1984 ਤੋਂ ਸਿਆਸਤ ਵਿਚ ਸਰਗਰਮ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਨੇਤਾ ਸਿਆਸਤ ਵਿਚ ਸਰਗਰਮ ਹਨ। ਜਿੰਨੇ ਨੇਤਾ ਹਨ, ਓਨੇ ਹੀ ਦਲ ਹਨ। ਗੱਲ ਕੀ, ਦਲਾਂ ਦੀ ਦਲ-ਦਲ ਬਣੀ ਪਈ ਹੈ। ਕੋਈ ਕਿਸੇ ਹੋਰ ਦੀ ਅਗਵਾਈ ਹੇਠ ਕੰਮ ਕਰਨ ਲਈ ਤਿਆਰ ਨਹੀਂ ਹੈ।
1947 ਤੋਂ ਬਾਅਦ ਪੰਜਾਬ ਦੇ ਜਿੰਨੇ ਵੀ ਮੁੱਖ ਮੰਤਰੀ ਬਣੇ, ਉਨ੍ਹਾਂ ਵਿਚੋਂ ਬਹੁਤੇ ਸਿੱਖ ਸਨ। ਸਿੱਖ ਹਰ ਪਾਰਟੀ ਵਿਚ ਪ੍ਰਭਾਵੀ ਰੂਪ ਵਿਚ ਸ਼ਾਮਲ ਹਨ ਅਤੇ ਅਸਰਦਾਰ ਭੂਮਿਕਾ ਨਿਭਾ ਰਹੇ ਹਨ। ਫਿਰ ਵੀ ਜੇ ਸਿੱਖਾਂ ਦੀ ਦਸ਼ਾ ਨਹੀਂ ਸੁਧਰ ਰਹੀ ਤਾਂ ਕੌਣ ਜਿੰਮੇਵਾਰ ਹੈ। 1978 ਤੋਂ 2018 ਤੱਕ ਲੱਖਾਂ ਵਿਅਕਤੀ ਇਸ ਦੀ ਭੇਟ ਚੜ੍ਹ ਗਏ। ਸਿੱਖ ਹੀ ਸਿੱਖਾਂ ਨੂੰ ਮਾਰ ਰਹੇ ਹਨ। ਸੰਤ ਹਰਚੰਦ ਸਿੰਘ ਲੌਂਗੋਵਾਲ ਵੀ ਸਿੱਖ ਸੀ ਅਤੇ ਉਸ ਨੂੰ ਮਾਰਨ ਵਾਲੇ ਵੀ ਸਿੱਖ ਸਨ। ਲੌਂਗੋਵਾਲ ਵੀ ਸ਼ਹੀਦ, ਉਸ ਨੂੰ ਮਾਰਨ ਵਾਲੇ ਵੀ ਸ਼ਹੀਦ। ਅਜੇ ਤਕ ਫੈਸਲਾ ਨਹੀਂ ਹੋ ਸਕਿਆ ਕਿ ਕੌਣ ਸਹੀ ਹੈ। ਕਰੀਬ ਦੋ ਪੀੜ੍ਹੀਆਂ ਖਤਮ ਹੋ ਗਈਆਂ। ਤੀਜੀ ਪੀੜ੍ਹੀ ਨੂੰ ਨਸ਼ੇ ਖਤਮ ਕਰ ਰਹੇ ਹਨ, ਖੁਦਕੁਸ਼ੀਆਂ ਹੋ ਰਹੀਆਂ ਹਨ। ਸਿੱਖ ਜਵਾਨੀ ਹਰ ਵਸੀਲਾ ਵਰਤ ਕੇ ਬਾਹਰਲੇ ਮੁਲਕਾਂ ਵੱਲ ਵਹੀਰਾਂ ਘੱਤ ਰਹੀ ਹੈ। ਮਾਪੇ ਵੀ ਉਨ੍ਹਾਂ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਹੇ ਹਨ ਕਿ ਕਿਸੇ ਤਰ੍ਹਾਂ ਬਾਹਰ ਨਿਕਲ ਜਾਏ ਅਤੇ ਬਚ ਜਾਏ।
ਪੰਜਾਬ ਬਰਬਾਦੀ ਦੇ ਕੰਢੇ ‘ਤੇ ਖੜ੍ਹਾ ਹੈ। ਵਾਤਾਵਰਣ ਪਲੀਤ ਹੋ ਚੁਕਾ ਹੈ। ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈ। ਦਰਿਆਵਾਂ ਦਾ ਪਾਣੀ ਵੀ ਦੂਸ਼ਿਤ ਹੋ ਚੁਕਾ ਹੈ। ਪੰਜਾਬ ਬੰਜਰ ਹੋ ਰਿਹਾ ਹੈ, ਪਤਾ ਨਹੀਂ ਕਦੋਂ ਕਬਰਿਸਤਾਨ ਬਣ ਜਾਏ ਜਾਂ ਸ਼ਾਇਦ ‘ਖਾਲੀਸਤਾਨ’ ਹੀ ਬਣ ਜਾਵੇ। 2020 ਦਾ ਰੈਫਰੈਂਡਮ ਹੋਵੇ ਜਾਂ ਨਾ ਹੋਵੇ, 2021 ਦੀ ਜਨਗਣਨਾ ਜ਼ਰੂਰ ਹੋਵੇਗੀ। ਇਹ ਸੱਜਣ ਉਸ ਜਨਗਣਨਾ ਵਿਚੋਂ ਸਿੱਖਾਂ ਦੀ ਗਿਣਤੀ ਛਾਂਟ ਲੈਣ, ਤਸੱਲੀ ਹੋ ਜਾਵੇਗੀ ਅਤੇ ਉਨ੍ਹਾਂ ਵਿਚੋਂ ਖਾਲਸੇ ਦੀ ਸ਼ਨਾਖਤ ਕਰ ਲੈਣ, ਨਤੀਜਾ ਸਾਹਮਣੇ ਆ ਜਾਵੇਗਾ। ਕਿਸੇ ਨਾਲ ਲੜਨ ਦੀ ਲੋੜ ਹੀ ਨਹੀਂ ਪਵੇਗੀ। ਸਾਰੇ ਮਸਲੇ ਆਪਣੇ ਆਪ ਹੀ ਹੱਲ ਹੋ ਜਾਣਗੇ।