ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
‘ਪੰਜਾਬ ਟਾਈਮਜ਼’ ਦੇ 31 ਅਗਸਤ ਦੇ ਅੰਕ ਵਿਚ ਡਾ. ਸੁਖਪਾਲ ਸੰਘੇੜਾ ਦਾ ਲੇਖ “ਕੀ ਗੁਰਬਾਣੀ ਤੇ ਵਿਗਿਆਨ ਦਾ ਮੂਲ ਮੰਤਰ ਇੱਕੋ ਹੀ?” ਕਈ ਪੱਖਾਂ ਤੋਂ ਬੜਾ ਰੌਚਕ ਤੇ ਗਿਆਨ-ਵਰਧਕ ਲੱਗਾ। ਡਾ. ਸੰਘੇੜਾ ਨੇ ਮੂਲ ਮੰਤਰ ਦੇ ਨਾਲ ਵਿਗਿਆਨ ਦੇ ਕੇਂਦਰੀ ਮੂਲ ਸਿਧਾਂਤ ਦਾ ਸ਼ਬਦ ਖੜ੍ਹਾ ਕਰ ਕੇ ਕਈ ਚਿੰਤਕਾਂ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਨੇ ਬੜਾ ਸਹੀ ਕਿਹਾ ਹੈ ਕਿ ਦੋਹਾਂ ਦਾ ਮੰਤਵ ਇਸ ਸਵਾਲ ਦਾ ਹੱਲ ਕਰਨਾ ਹੈ ਕਿ ਉਹ ਕਿਹੜੀ ਚੀਜ਼ ਹੈ, ਜਿਸ ਨੇ ਬ੍ਰਹਿਮੰਡ ਬਣਾਇਆ ਹੈ, ਜੋ ਇਸ ਨੂੰ ਚਲਾਉਂਦੀ ਹੈ ਅਤੇ ਇਸ ‘ਚੀਜ਼’ ਦੇ ਵਿਆਪਕ ਲੱਛਣ ਕੀ ਹਨ? ਮੇਰੇ ਖਿਆਲ ਵਿਚ ਇਸ ਦਾ ਇਸ ਤੋਂ ਵੱਧ ਢੁਕਵਾਂ ਤੇ ਸਪਸ਼ਟ ਬਿਆਨ ਹੋਰ ਹੋ ਨਹੀਂ ਸਕਦਾ।
ਉਨ੍ਹਾਂ ਨੇ ‘ਇਸ ਚੀਜ਼’ ਦੇ ਜਿਗਿਆਸੂਆਂ ਦਾ ਧਿਆਨ ਆਪਣੇ ਚੌਗਿਰਦੇ ਵੱਲ ਫੇਰ ਕੇ, ਇਸ ਦੇ ਪਦਾਰਥਕ ਖਾਸੇ, ਅੰਦਰੂਨੀ ਕੈਮਿਸਟਰੀ ਅਤੇ ਊਰਜਾ ਨਾਲ ਸਬੰਧਾਂ `ਤੇ ਜੋ ਰੋਸ਼ਨੀ ਪਾਈ ਹੈ, ਉਹ ਲਾ-ਮਿਸਾਲ ਹੈ। ਉਨ੍ਹਾਂ ਨੇ ਜਪੁਜੀ ਸਾਹਿਬ ਬਾਰੇ ਇਹ ਲਿਖ ਕੇ ਕਿ ਕਿਸੇ ਅਧਿਆਤਮਕ ਕਿਤਾਬ ਵਿਚ ਵਿਗਿਆਨ ਭਾਵ ਦਾ ਕੋਈ ਇੰਨੇ ਸਪਸ਼ਟ ਉਲੇਖ ਦਾ ਟੋਟਾ ਨਹੀਂ ਮਿਲਦਾ, ਜਿੰਨਾ ਇਹ ਬਾਣੀ ਹੈ। ਬਿਲਕੁਲ ਸਹੀ ਕਥਨ ਹੈ। ਉਨ੍ਹਾਂ ਦੀ ਵਿਗਿਆਨਕ ਵਿਧੀ-ਵਿਧਾਨ ਦੀ ਵਿਆਖਿਆ ਕਈ ਸ਼ਰਧਾਲੂ ਸਿੱਖ ਵਿਦਵਾਨਾਂ ਤੇ ਪ੍ਰਚਾਰਕਾਂ ਦੀਆਂ ਅੱਖਾਂ ਖੋਲ੍ਹਣ ਵਾਲੀ ਹੈ।
ਪਰ ਡਾ. ਸੰਘੇੜਾ ਦੇ ਲੇਖ ਵਿਚ ਕਈ ਅਣਮੇਲਵੇਂ ਫੱਟ ਤੇ ਟੋਏ ਹਨ, ਜਿਨ੍ਹਾਂ ਵੱਲ ਜਰੂਰ ਧਿਆਨ ਦੇਣਾ ਬਣਦਾ ਹੈ। ਪਹਿਲਾ, ਉਨ੍ਹਾਂ ਨੇ ਕਿਹਾ ਹੈ ਕਿ ਮੂਲ ਮੰਤਰ ਕਿਸੇ ਸਵਾਲ ਦਾ ਜਵਾਬ ਹੈ, ਠੀਕ ਨਹੀਂ ਜਾਪਦਾ। ਜੇ ਜਵਾਬ ਹੀ ਮਿਲ ਗਿਆ ਤਾਂ ਖੋਜ ਦੀ ਕੀ ਲੋੜ? ਦਰਅਸਲ ਮੂਲ ਮੰਤਰ ਕਿਸੇ ਸਵਾਲ ਦਾ ਜਵਾਬ ਨਹੀਂ ਹੈ, ਸਗੋਂ ਉਨ੍ਹਾਂ ਦੇ ‘ਇਸ ਚੀਜ਼’ ਬਾਰੇ ਘੜੇ ਸਦੀਵੀ ਸਵਾਲ ਤੋਂ ਉਪਜਿਆ, ਇਕ ਨਵੇਂ ਜਵਾਬ ਦੀ ਮੰਗ ਕਰਦਾ ਸਵਾਲ ਹੀ ਹੈ। ‘ਕਿਵ ਸਚਿਆਰਾ ਹੋਈਐ’ ਤੋਂ ‘ਨਾਨਕ ਲਿਖਿਆ ਨਾਲਿ’ ਤੀਕ ਇਹ ਤੀਹਰਾ ਸਵਾਲ ਕਈ ਨਵੇਂ ਜਵਾਬਾਂ ਦੀ ਭਾਲ ਕਰਦਾ ਹੈ।
ਮੂਲ ਮੰਤਰ ਦੀ ਵਿਆਖਿਆ ਵਿਚ ਡਾ. ਸਾਹਿਬ ਇਕ ਬਹੁ-ਪ੍ਰਚਲਿਤ ਭਰਮ ਤੋਂ ਪ੍ਰਭਾਵਿਤ ਹੋਏ ਲਗਦੇ ਹਨ। ਉਹ ਮੰਨ ਕੇ ਚਲਦੇ ਹਨ ਕਿ ਮੂਲ ਮੰਤਰ ਦਾ ੴ ਇਕ ਦੈਵੀ ਭਾਵ ਦਾ ਸੰਕਲਪ ਹੈ, ਅਰਥਾਤ ਪਰਮਾਤਮਾ ਹੈ। ਇੱਥੇ ਉਨ੍ਹਾਂ ਨੂੰ ਰੁਕ ਕੇ ਸੋਚਣਾ ਚਾਹੀਦਾ ਹੈ ਕਿ ਕੀ ਪ੍ਰੋ. ਸਾਹਿਬ ਸਿੰਘ ਦਾ ੴ ਨੂੰ ਪਰਮਾਤਮਾ ਕਹਿਣ ਦਾ ਆਧਾਰ ਸਹੀ ਸੀ? ਗੁਰੂ ਨਾਨਕ ਸ਼ਬਦਾਂ ਦੇ ਧਨੀ ਸਨ, ਜੇ ਚਾਹੁੰਦੇ ਤਾਂ ਕੋਈ ਲੋਕ ਸਮਝ ਵਾਲਾ ਸਰਲ ਸ਼ਬਦ ਵਰਤ ਲੈਂਦੇ। ਪਰ ਉਨ੍ਹਾਂ ਨੇ ਕੋਈ ਸਿੱਧਾ ਸ਼ਬਦ ਇਸਤੇਮਾਲ ਕਰਨ ਦੀ ਥਾਂ ਇਕ ਸੰਕੇਤ-ਸੰਗ੍ਰਿਹ ਵਰਤਣ ਨੂੰ ਤਰਜੀਹ ਦਿੱਤੀ। ਇਸ ਪਿੱਛੇ ਕੋਈ ਰਾਜ਼ ਤਾਂ ਜਰੂਰ ਹੋਵੇਗਾ। ਇਕ ਵਿਗਿਆਨ-ਮੂਲ ਦੇ ਲੇਖਕ ਕੋਲੋਂ ਇਸ ਗੱਲ ਦੀ ਤਹਿ ਵਿਚ ਜਾਣ ਦੀ ਤਵਕੋ ਕੀਤੀ ਜਾਂਦੀ ਸੀ, ਜੋ ਪੂਰੀ ਨਹੀਂ ਚੜ੍ਹੀ।
ਇਹੀ ਨਹੀਂ, ਉਨ੍ਹਾਂ ਨੇ ਮੂਲ ਮੰਤਰ ਦੀ ਸਾਰੀ ਵਿਆਖਿਆ ਮਿਥਿਆਚਾਰੀ ਤੇ ਪਰੰਪਰਾਗਤ ਢੰਗ ਨਾਲ ਕੀਤੀ ਹੈ, ਪਰ ਵਿਗਿਆਨ ਨਾਲ ਤੁਲਨਾ ਕਰਨ ਵੇਲੇ ਇਸ ਨੂੰ ਵਿਗਿਆਨਕ ਦੱਸਿਆ ਹੈ। ਕੋਈ ਪੁੱਛੇ, ਕਿੱਥੇ ਲਿਖਿਆ ਹੈ ਕਿ ੴ ਦਾ ਭਾਵ ਉਹ ਇਕ (1) ਹੈ, ਪਰ ਹਰ ਥਾਂ ਨਿਰੰਤਰ ਮੌਜੂਦ ਹੈ, ਅਨੇਕਾਂ ਰੂਪਾਂ ਵਿਚ, ਸਰਬ ਵਿਆਪਕ ਹੈ (ਓ), ਤਾਂ ਉਹ ਕੀ ਜਵਾਬ ਦੇਣਗੇ? ਕਿਸੇ ਲਿਖਤ ਦਾ ਤਰਜ਼ਮਾ ਮਨ-ਮਾਨੇ ਢੰਗ ਨਾਲ ਕਰਨਾ ਬੜੀ ਗੰਭੀਰ ਭੁੱਲ ਹੈ। ਇਸ ਲਈ ਡਰ ਹੈ ਕਿ ਵਿਗਿਆਨਕ ਰੁਚੀ ਵਾਲੇ ਪਾਠਕ ੴ ਦੇ ਇਸ ਆਦਰਸ਼ਵਾਦੀ ਅਨੁਵਾਦ ਨੂੰ ਦੇਖ ਕੇ ਲੇਖ ਅੱਗੇ ਪੜ੍ਹਨਾ ਛੱਡ ਹੀ ਨਾ ਗਏ ਹੋਣ।
ਡਾ. ਸੰਘੇੜਾ ਦੇ ਲੇਖ ਦਾ ਸਾਰਾ ਦਾਰੋਮਦਾਰ ਇਸ ਗੱਲ `ਤੇ ਹੈ ਕਿ ਵਿਗਿਆਨ ਤੇ ਗੁਰਬਾਣੀ-ਦੋਵੇਂ ਮਾਦੇ ਅਤੇ ਇਸ ਦੇ ਸਥਿਰਤਾ ਤੇ ਸਦੀਵਤਾ ਦੇ ਗੁਣਾਂ ਦੁਆਲੇ ਘੁੰਮਦੇ ਹਨ। ਮਾਦਾ ਹੀ ਉਨ੍ਹਾਂ ਦੋਹਾਂ ਦਾ ਸਾਂਝਾ ਮੂਲ ਮੰਤਰ ਹੈ। ਇਸ ਮੰਤਵ ਦੀ ਪੂਰਤੀ ਲਈ ਉਹ ਮੂਲ ਮੰਤਰ ਦੇ ਸਾਰੇ ਸ਼ਬਦਾਂ ਦੇ ਨਾਲ ਮਾਦਾ ਲਾ ਕੇ ਸਾਬਤ ਕਰਦੇ ਹਨ ਕਿ ਗੁਰੂ ਸਾਹਿਬ ਨੇ ਮੂਲ-ਮੰਤਰ ਦੇ ਸਾਰੇ ਵਿਸ਼ੇਸ਼ਣ ਮਾਦੇ ਲਈ ਵਰਤੇ ਹਨ। ਭਾਵੇਂ ਮਾਦੇ ਦੇ ਸੰਕਲਪ ਨੂੰ ਮੂਲ ਮੰਤਰ ਵਿਚੋਂ ਬਾਹਰ ਨਹੀਂ ਕੀਤਾ ਜਾ ਸਕਦਾ, ਪਰ ਮਾਦੇ ਨੂੰ ਮਕੈਨਕੀ ਢੰਗ ਨਾਲ ਇੱਦਾਂ ਗੁਰੂ ਸਾਹਿਬ ਦੀ ਫਿਲਾਸਫੀ ਦੇ ਗਲ ਮੜ੍ਹਨਾ ਇਕ ਜਟਕਾ ਉਦਮ ਹੈ। ਉਨ੍ਹਾਂ ਦੇ ਆਪਣੇ ਲਿਖਣ ਅਨੁਸਾਰ ਮਾਦਾ ਤੇ ਊਰਜਾ ਬ੍ਰਹਿਮੰਡ ਦੇ ਦੋ ਤੱਤ ਹਨ। ਇਸ ਤਰ੍ਹਾਂ ਉਨ੍ਹਾਂ ਦੇ ਕਹਿਣ ਦਾ ਅਰਥ ਇਹ ਹੋਇਆ ਕਿ ਗੁਰੂ ਨਾਨਕ ਇਸ ਬ੍ਰਹਿਮੰਡ ਦੇ ਕੇਵਲ ਮਾਦੇ ਵਾਲੇ ਭਾਗ ਦੇ ਹੀ ਫਿਲਾਸਫਰ ਸਨ ਤੇ ਊਰਜਾ ਵਾਲੇ ਭਾਗ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ। ਇਸ ਵਿਆਖਿਆ ਵਿਚ ਅਜਿਹੀਆਂ ਕਈ ਤ੍ਰੇੜਾਂ ਹਨ।
ਦਰਅਸਲ, ਗੁਰੂ ਨਾਨਕ ਨੇ ਮੂਲ ਮੰਤਰ ਵਿਚ ਤਾਂ ਕੀ ਸਾਰੇ ਜਪੁਜੀ ਵਿਚ ਕਿਧਰੇ ਮਾਦੇ ਜਾਂ ਊਰਜਾ ਵਾਲੇ ਸੰਕਲਪ ਨਹੀਂ ਵਰਤੇ। ਉਨ੍ਹਾਂ ਦੀ ਵਿਗਿਆਨਕਤਾ ਦੀ ਖੂਬੀ ਹੀ ਇਸ ਗੱਲ ਵਿਚ ਹੈ ਕਿ ਉਨ੍ਹਾਂ ਨੇ ਇਨ੍ਹਾਂ ਸੰਕਲਪਾਂ ਨੂੰ ਹਾਈਪੌਥੀਸਿਸ ਦੇ ਤੌਰ `ਤੇ ਵੀ ਨਹੀਂ ਵਰਤਿਆ। ਇਸ ਦੇ ਦੋ ਕਾਰਨ ਹਨ। ਖੋਜ ਪ੍ਰਕ੍ਰਿਆ ਤੋਂ ਬਿਨਾ ਕਿਸੇ ਸਿੱਟੇ `ਤੇ ਪਹੁੰਚਣਾ ਅਣ-ਵਿਗਿਆਨਕ ਹੈ ਤੇ ਖੋਜ ਤੋਂ ਪਹਿਲਾਂ ਕੋਈ ਸਿੱਟਾ ਕੱਢਣਾ ਵਿਗਿਆਨਕ ਖੋਜ ਵਿਧੀ ਤੋਂ ਉਲਟ ਹੈ। ਖੋਜ ਕੀਤੇ ਬਿਨਾ ਲਾਏ ਤੁੱਕੇ ਤੇ ਪੇਸ਼ੀਨਗੋਈਆਂ ਵਿਗਿਆਨਕ ਨਹੀਂ ਹੁੰਦੇ, ਕਿਉਂਕਿ ਕੀ ਪਤਾ ਖੋਜ ਕਿਸ ਸਿੱਟੇ `ਤੇ ਲੈ ਜਾਵੇ? ਗੁਰੂ ਨਾਨਕ ਦਾ ਕਰਤਾ ਪੁਰਖੁ ਮਾਦਾ ਤੇ ਊਰਜਾ-ਦੋਹਾਂ ਗੁਣਾਂ ਵਾਲਾ ਸੰਕਲਪ ਹੈ। ਇਹ ਇਵੇਂ ਹੈ, ਜਿਵੇਂ ਮਾਦੇ ਦਾ ਆਖਰੀ ਕਣ ਇਲੈਕਟ੍ਰਾਨ ਮਾਦੇ ਤੇ ਊਰਜਾ ਦਾ ਸੁਮੇਲ ਹੈ, ਪਰ ਇਲੈਕਟ੍ਰਾਨ ਵੀ ‘ਉਹ ਚੀਜ਼’ ਨਹੀਂ ਹੈ, ਜਿਸ ਦੇ ਜ਼ਿਕਰ ਨਾਲ ਡਾ. ਸੰਘੇੜਾ ਆਪਣਾ ਅਰਧ-ਸਿਧਾਂਤ ਘੜਦੇ ਹਨ। ਗੁਰੂ ਨਾਨਕ ਅਨੁਸਾਰ ਸਦੀਆਂ ਲੰਮੀ ਅਣਥੱਕ ਵਿਗਿਆਨਕ ਖੋਜ ਹੀ ਦੱਸੇਗੀ ਕਿ ਇਸ ਸਚਖੰਡ-ਨਿਵਾਸੀ ‘ਚੀਜ਼’ ਦੀ ਸਹੀ ਪ੍ਰਕਿਰਤੀ ਕੀ ਹੈ ਤੇ ਇਸ ਦਾ ਸਤਿਨਾਮੁ ਭਾਵ ਅਸਲੀ ਨਾਂ ਕੀ ਹੈ? ਵਿਗਿਆਨਕ ਵਿਧੀ ਦੀਆਂ ਇਨ੍ਹਾਂ ਸੂਖਮ ਗੱਲਾਂ ਨੂੰ ਧੁਰ ਅੰਦਰੋਂ ਸਮਝਣ ਵਾਲਾ ਗੁਰੂ ਨਾਨਕ ਤੋਂ ਵੱਡਾ ਵਿਗਿਆਨੀ ਹੋਰ ਕੌਣ ਹੋ ਸਕਦਾ ਹੈ?
ਮੁੜ ਵਿਚਾਰਣਯੋਗ ਮੁੱਦੇ ਕਈ ਹੋਰ ਵੀ ਹਨ, ਪਰ ਉਨ੍ਹਾਂ ਬਾਰੇ ਚੁੱਪ ਧਾਰੀ ਜਾ ਸਕਦੀ ਹੈ। ਇਨ੍ਹਾਂ ਸਭ ਦੇ ਬਾਵਜੂਦ ਡਾ. ਸੰਘੇੜਾ ਦਾ ਉਦਮ ਲਕੀਰ ਤੋਂ ਬਹੁਤ ਹਟ ਕੇ ਹੈ। ਇਸੇ ਲਈ ਉਨ੍ਹਾਂ ਦਾ ਇਹ ਲੇਖ ਸਿੱਖ ਬੁਧੀਜੀਵੀਆਂ ਦੀ ਤਵੱਜੋਂ ਦਾ ਪੂਰਾ ਹੱਕਦਾਰ ਹੈ। ਉਮੀਦ ਹੈ ਕਿ ਉਨ੍ਹਾਂ ਵਿਚਲਾ ਵਿਗਿਆਨੀ ਬਾਹਰੀ ਸਮਾਨਤਾਵਾਂ ਦੀ ਥਾਂ ਗੁਰਬਾਣੀ ਤੇ ਵਿਗਿਆਨ ਦੀਆਂ ਅੰਦਰੂਨੀ ਕੜੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਵੇਗਾ। ਇਸ ਵਿਸ਼ੇ ਵਿਚ ਡੂੰਘੇ ਜਾਇਆਂ ਉਹ ਮੰਨ ਜਾਣਗੇ ਕਿ ਗੁਰਬਾਣੀ ਸੱਚੀਂ-ਮੁੱਚੀਂ ਵਿਗਿਆਨਾਂ ਦਾ ਵਿਗਿਆਨ ਹੈ। ਉਹ ਇਹ ਵੀ ਮੰਨ ਜਾਣਗੇ ਕਿ ਗੁਰੂ ਸਾਹਿਬ ਦਾ ਇਹ ਵਿਗਿਆਨ ਸਮਕਾਲੀ ਤੇ ਅਜੋਕੇ ਬਹੁਤੇ ਵਿਦਵਾਨਾਂ ਦੇ ਸਿਰਾਂ ਉਤੋਂ ਦੀ ਲੰਘ ਰਿਹਾ ਹੈ।