‘ਅਰਜਨ ਅਤੇ ਅਰਜੁਨ’

‘ਪੰਜਾਬ ਟਾਈਮਜ਼’ ਦੇ 31 ਅਗਸਤ ਦੇ ਅੰਕ ਵਿਚ ਸ਼ਬਦ-ਜੋੜਾਂ ਦੇ ਮੰਨੇ ਪ੍ਰਮੰਨੇ ਖੋਜੀ ਮਾਨਯੋਗ ਬਲਜੀਤ ਬਾਸੀ ਦਾ ਲੇਖ ਸ਼ਬਦ ‘ਅਰਜਨ ਅਤੇ ਅਰਜੁਨ’ ਛਪਿਆ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਮਾਨਯੋਗ ਬਾਸੀ ਜੀ ਦਾ ਸ਼ਬਦ-ਜੋੜਾਂ ਦੀ ਖੋਜ ਵਿਚ ਕੋਈ ਸਾਨੀ ਨਹੀਂ ਜਾਪਦਾ। ਉਨ੍ਹਾਂ ਦੀ ਇਸ ਖੋਜ ਨੂੰ ਪ੍ਰਣਾਮ ਹੈ, ਕਿਉਂਕਿ ਇੰਨੀ ਡੂੰਘੀ ਖੋਜ ਲਈ ਸਮਾਂ ਕੱਢ ਕੇ ਸਿਰੜ ਨਾਲ ਕੰਮ ਕਰਨਾ ਹਰ ਇਕ ਦੇ ਵੱਸ ਦਾ ਰੋਗ ਨਹੀਂ ਹੈ।

ਸ੍ਰੀ ਬਾਸੀ ਨੇ 17 ਅਗਸਤ 2019 ਨੂੰ ਆਪਣੇ ‘ਸ਼ਬਦ-ਝਰੋਖਾ’ ਵਿਚ ਮੇਰੇ ਲੇਖ ਬਾਰੇ ਲਿਖਿਆ ਹੈ, “ਭਲਾ ਜੇ ਸੱਤਾ ਬਲਵੰਡ ਦੇ ਸਵੱਯੇ ਵਿਚ ‘ਅਰਜਨ’ ਹੈ ਤਾਂ ਕੀ ਇਸ ਦਾ ‘ਅਰਜੁਨ’ ਵਜੋਂ ਪਾਠ ਸ਼ੁੱਧ ਹੋਵੇਗਾ?” ਪਰ ਮੈਂ ਆਪਣੇ ਲੇਖ ਵਿਚ ਇਹ ਨਹੀਂ ਸੀ ਲਿਖਿਆ ਕਿ ‘ਅਰਜਨ’ ਨੂੰ ਅਰਜੁਨ’ ਬੋਲਣਾ ਸ਼ੁੱਧ ਹੈ। ਮੇਰਾ ਮਤਲਬ ਸੀ ਕਿ ਜਿੱਥੇ ਗੁਰਬਾਣੀ ਵਿਚ ‘ਅਰਜੁਨ’ ਲਿਖਿਆ ਹੈ, ਉਥੇ ‘ਜੁ’ ਧੁਨੀ ਨਾਲ ਹੀ ਬੋਲਣਾ ਹੈ। ਜਿੱਥੇ ‘ਅਰਜਨ’ ਲਿਖਿਆ ਹੈ, ਉਥੇ ‘ਜੁ’ ਧੁਨੀ ਨਾਲ ਨਹੀਂ ਬੋਲਿਆ ਜਾਵੇਗਾ, ਕੇਵਲ ‘ਜ’ ਧੁਨੀ ਹੀ ਵਰਤੀ ਜਾਵੇਗੀ। ‘ਅਰਜੁਨ’ ਸ਼ਬਦ ਵਿਚ ‘ਜ’ ਅੱਖਰ ਨਾਲ ਲੱਗੀ ਔਂਕੜ ਦੀ ਧੁਨੀ ਪਾਠ ਵਿਚ ਛੱਡੀ ਨਹੀਂ ਜਾ ਸਕਦੀ ਅਤੇ ‘ਅਰਜਨ’ ਸ਼ਬਦ ਵਿਚ ‘ਜ’ ਅੱਖਰ ਨਾਲ ਔਂਕੜ ਦੀ ਧੁਨੀ ਜੋੜੀ ਨਹੀਂ ਜਾ ਸਕਦੀ। ਮੈਂ ਆਪਣੇ ਲੇਖ ਵਿਚ ਗੁਰਬਾਣੀ ਵਿਚ ਲਿਖੇ ‘ਅਰਜਨ’ ਸ਼ਬਦ ਨੂੰ ‘ਅਰਜੁਨ’ ਪੜ੍ਹਨ ਦੀ ਵਕਾਲਤ ਨਹੀਂ ਸੀ ਕੀਤੀ।
‘ਅਰਜੁਨ’ ਸ਼ਬਦ ਦਾ ਪਾਠ ‘ਅਰਜੁਨ’ ਅਤੇ ‘ਅਰਜਨ’ ਸ਼ਬਦ ਦਾ ਪਾਠ ‘ਅਰਜਨ’ ਹੀ ਸ਼ੁੱਧ ਹੈ। ਪਾਠ ਵਿਚ ਆਪਣੇ ਕੋਲੋਂ ਕੋਈ ਮਾਤਰਾ ਵਧਾਈ ਜਾਂ ਘਟਾਈ ਨਹੀਂ ਜਾ ਸਕਦੀ। ਸ੍ਰੀ ਬਾਸੀ ਦਾ ਇਸ ਵਿਸ਼ੇ `ਤੇ ਆਪਣੀ ਖੋਜ ਲਿਖਣ ਲਈ ਬਹੁਤ ਬਹੁਤ ਧੰਨਵਾਦ!
-ਪ੍ਰੋ. ਕਸ਼ਮੀਰਾ ਸਿੰਘ
ਫੋਨ: 801-414-0171