ਨੇੜਿਉਂ ਡਿੱਠੇ ਸੋਹਣ ਸਿੰਘ ਸੀਤਲ

ਉਘੇ ਢਾਡੀ ਸੋਹਣ ਸਿੰਘ ਸੀਤਲ (7 ਅਗਸਤ 1909-23 ਸਤੰਬਰ 1998) ਨੇ ਵਾਰਾਂ ਹੀ ਨਹੀਂ ਲਿਖੀਆਂ, ਬਹੁਤ ਸਾਰੇ ਮਿਆਰੀ ਨਾਵਲਾਂ ਨਾਲ ਵੀ ਪੰਜਾਬੀ ਸਾਹਿਤ ਜਗਤ ਨੂੰ ਮਾਲਾਮਾਲ ਕੀਤਾ। ਸਿੱਖਾਂ ਦੇ ਇਤਿਹਾਸ ਨੂੰ ਉਨ੍ਹਾਂ ਵੱਖਰੇ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਦੇ ਅਣਗਿਣਤ ਪ੍ਰਸ਼ੰਸਕਾਂ ਵਿਚੋਂ ਇਕ ਜਸਵੰਤ ਸਿੰਘ ਸੰਧੂ ਨੇ ਆਪਣੇ ਇਸ ਲੇਖ ਵਿਚ ਸੁਰ ਭਾਵੇਂ ਪ੍ਰਸ਼ੰਸਾਮਈ ਰੱਖੀ ਹੈ, ਪਰ ਕਈ ਪੱਖਾਂ ਤੋਂ ਇਹ ਲਿਖਤ ਬੜੀ ਨਿਆਰੀ ਅਤੇ ਨਿਵੇਕਲੀ ਹੈ। ਇਸ ਵਿਚੋਂ ਸੋਹਣ ਸਿੰਘ ਸੀਤਲ ਦਾ ਵੱਖਰਾ ਬਿੰਬ ਉਭਰਦਾ ਹੈ।

-ਸੰਪਾਦਕ

ਜਸਵੰਤ ਸਿੰਘ ਸੰਧੂ (ਘਰਿੰਡਾ)
ਯੂਨੀਅਨ ਸਿਟੀ, ਕੈਲੀਫੋਰਨੀਆ
ਫੋਨ: 510-909-8204

ਸੋਹਣ ਸਿੰਘ ਸੀਤਲ ਆਪਣੀ ਜੀਵਨ ਕਹਾਣੀ ‘ਵੇਖੀ ਮਾਣੀ ਦੁਨੀਆਂ` ਵਿਚ ਇਕ ਥਾਂ ਲਿਖਦੇ ਹਨ:
ਮਰਨੇ ਕੇ ਬਾਅਦ ‘ਸੀਤਲ`
ਅਪਨੀ ਕਰੇਂਗੇ ਕੋਈ,
ਕਰਤੇ ਹੈਂ ਹਮ ਜਹਾਂ ਮੇਂ,
ਗੁਜ਼ਰੇ ਹੂਓਂ ਕੀ ਬਾਤੇਂ।
ਇਸ ਸ਼ਿਅਰ ਨੂੰ ਮੁੱਖ ਰੱਖ ਕੇ ਮੈਂ ਸੀਤਲ ਦੀ ਜ਼ਿੰਦਗੀ ਬਾਰੇ ਕੁਝ ਗੱਲਾਂ ਲਿਖਣ ਲੱਗਾ ਹਾਂ। ਮੈਂ ਉਨ੍ਹਾਂ ਨੂੰ ਬਾਬੇ ਬੁੱਢੇ (ਅੰਮ੍ਰਿਤਸਰ) ਦੇ ਮੇਲੇ `ਤੇ ਲਗਾਤਾਰ ਸੁਣਿਆ। ਉਨ੍ਹਾਂ ਆਪਣੀ ਜ਼ਿੰਦਗੀ ਦੀਆਂ ਜੋ ਜੋ ਗੱਲਾਂ ਮੇਰੇ ਨਾਲ ਕੀਤੀਆਂ, ਉਹ ਮੈਂ ਪਾਠਕਾਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਉਹ ਬਾਬੇ ਬੁੱਢੇ 21 ਅੱਸੂ ਨੂੰ ਪੁੱਜ ਜਾਂਦੇ ਅਤੇ 22 ਅੱਸੂ ਨੂੰ ਵਾਪਸ ਲੁਧਿਆਣੇ ‘ਸੀਤਲ ਭਵਨ` ਚਲੇ ਜਾਂਦੇ। ਬਾਬੇ ਬੁੱਢੇ ਕਿਆਮ ਸਮੇਂ ਉਹ ਤਿੰਨ ਦੀਵਾਨ ਲਾਉਂਦੇ ਸਨ। ਬਾਬਾ ਬੁੱਢਾ ਸਕੂਲ ਵਿਚ ਉਨ੍ਹਾਂ ਦਾ ਨਿਵਾਸ ਹੁੰਦਾ ਸੀ। ਕਈ ਨਾਮਵਰ ਢਾਡੀ ਤੇ ਮੇਰੇ ਵਰਗੇ ਪ੍ਰਸ਼ੰਸਕ ਉਨ੍ਹਾਂ ਦੀ ਮੰਜੀ ਦੁਆਲੇ ਬੈਠੇ ਹੁੰਦੇ। ਜਦੋਂ ਉਹ ਦੀਵਾਨ ਹਾਲ ਵਲ ਜਾਂਦੇ ਤਾਂ ਮੈਂ ਉਨ੍ਹਾਂ ਦਾ ਜੋੜਾ ਲੁਹਾ ਕੇ ਜੋੜਾ-ਘਰ ਰੱਖ ਕੇ ਆਉਣਾ ਤਾਂ ਉਨ੍ਹਾਂ ਕਹਿਣਾ, “ਮਾਸਟਰ ਜੀ, ਮੈਂ ਇਹ ਤੁਹਾਡਾ ਭਾਰ ਕਿਸ ਤਰ੍ਹਾਂ ਲਾਹਵਾਂਗਾ ਜੋ ਤੁਸੀ ਮੇਰੇ ਸਿਰ ਜੋੜਾ ਰੱਖ ਕੇ ਚਾੜ੍ਹ ਰਹੇ ਜੇ।” ਮੈਂ ਕਹਿਣਾ, “ਬਾਪੂ ਜੀ, ਮੈਂ ਤਾਂ ਤੁਹਾਡਾ ਭਾਰ ਸੱਤ ਜਨਮ ਪੈਦਾ ਹੋ ਕੇ ਵੀ ਨਹੀਂ ਲਾਹ ਸਕਦਾ। ਮੈਂ ਤੁਹਾਡੇ ਵਿਚਾਰਾਂ ਤੋਂ ਜੋ ਸੇਧ ਲਈ ਹੈ, ਉਸ ਦਾ ਕੋਈ ਮੁੱਲ ਨਹੀਂ।”
ਇਸ ਮਹਾਨ ਸ਼ਖਸੀਅਤ ਦਾ ਜਨਮ ਕਾਦੀਵਿੰਡ, ਤਹਿਸੀਲ ਕਸੂਰ, ਜਿਲਾ ਲਾਹੌਰ ਵਿਚ 7 ਅਗਸਤ 1909 ਨੂੰ ਸ. ਖੁਸ਼ਹਾਲ ਸਿੰਘ ਅਤੇ ਮਾਤਾ ਦਿਆਲ ਕੌਰ ਦੇ ਘਰ ਹੋਇਆ। ਮੁਢਲੀ ਵਿਦਿਆ ਉਨ੍ਹਾਂ ਪਿੰਡ ਦੇ ਗ੍ਰੰਥੀ ਕੋਲੋਂ ਲਈ। ਆਪਣੇ ਪਿੰਡ ਤਿੰਨ ਮੀਲ ਦੂਰ ਪਿੰਡ ਵਰਨ ਪ੍ਰਾਇਮਰੀ ਸਕੂਲ ਤੋਂ ਚੌਥੀ ਜਮਾਤ ਪਾਸ ਕੀਤੀ ਅਤੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਦਸਵੀਂ ਦਾ ਇਮਤਿਹਾਨ ਫਸਟ ਡਿਵੀਜ਼ਨ ਵਿਚ ਪਾਸ ਕੀਤਾ।
ਬਚਪਨ ਉਨ੍ਹਾਂ ਦਾ ਡਰ ਦੇ ਸਾਏ ਹੇਠ ਗੁਜ਼ਰਿਆ। ਇਕਲੌਤਾ ਪੁੱਤ ਹੋਣ ਕਰਕੇ ਮਾਪੇ ਵਿਸਾਹ ਨਹੀਂ ਸਨ ਖਾਂਦੇ। ਜਵਾਨ ਹੋਏ ਤਾਂ ਪੜ੍ਹਾਈ ਦੇ ਨਾਲ-ਨਾਲ ਵਾਹੀ-ਖੇਤੀ ਵਿਚ ਪਿਤਾ ਜੀ ਦਾ ਹੱਥ ਵਟਾਉਂਦੇ। ਜਦ ਖੇਤੀ ਤਿਆਰ ਹੋ ਜਾਂਦੀ ਤਾਂ ਸ਼ਰੀਕ ਖੜ੍ਹੀ ਫਸਲ ਵਿਚ ਡੰਗਰ ਛੱਡ ਕੇ ਉਜਾੜ ਦਿੰਦੇ। ਚੋਰੀ ਪੱਠੇ ਵੱਢ ਲੈਣੇ। ਕਈ ਵਾਰ ਖਲਵਾੜਿਆਂ ਨੂੰ ਅੱਗ ਲਾਈ। ਚੋਰੀ ਦੇ ਝੂਠੇ ਕੇਸ ਬਣਾਏ। ਕਈ ਵਾਰ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੇ ਕਹਿਣ ਅਨੁਸਾਰ, ਵਾਹਿਗੁਰੂ ਹੀ ਬਚਾਉਂਦਾ ਰਿਹਾ। 1933 ਵਿਚ ਉਨ੍ਹਾਂ ਇਸ ਆਸ ਨਾਲ ਗਿਆਨੀ ਪਾਸ ਕੀਤੀ ਕਿ ਪ੍ਰਾਈਵੇਟ ਬੀ.ਏ. ਕਰਕੇ ਕਿਸੇ ਨੌਕਰੀ `ਤੇ ਲੱਗ ਕੇ ਜੱਟ-ਸੰਸਾਰ ਤੋਂ ਦੂਰ ਹੋ ਜਾਵਾਂਗਾ, ਪਰ ਇਸ ਕੋਸ਼ਿਸ਼ ਵਿਚ ਉਹ ਸਫਲ ਨਾ ਹੋ ਸਕੇ। ਉਸ ਵਕਤ ਨੌਕਰੀ ਮਿਲਦੀ ਨਹੀਂ ਸੀ। ਬਾਅਦ ਵਿਚ ਸ. ਪ੍ਰਤਾਪ ਸਿੰਘ ਕੈਰੋਂ ਅਤੇ ਗਿਆਨੀ ਜ਼ੈਲ ਸਿੰਘ ਵਰਗੇ ਮੁੱਖ ਮੰਤਰੀਆਂ ਨੇ ਆਪ ਨੌਕਰੀ ਦੀ ਪੇਸ਼ਕਸ਼ ਕੀਤੀ ਪਰ ਸ. ਸੀਤਲ ਨੇ ਪ੍ਰਵਾਨ ਨਾ ਕੀਤੀ। ਅਖੀਰ ਬੜੇ ਨਾਟਕੀ ਢੰਗ ਨਾਲ ਉਹ ਢਾਡੀ ਬਣ ਗਏ।
ਇਕ ਵਾਰ ਉਨ੍ਹਾਂ ਦੇ ਪਿੰਡ ਰਾਸਧਾਰੀਏ ਆ ਗਏ। ਉਨ੍ਹਾਂ ਨੇ ਬਿਨਾ ਪਰਦੇ ਅਤੇ ਸਟੇਜ ਤੋਂ ਪੂਰਨ ਭਗਤ ਅਤੇ ਰਾਜਾ ਹਰੀ ਚੰਦ ਦੇ ਨਾਟਕ ਖੇਡੇ। ਉਨ੍ਹਾਂ ਵਿਚ ਇਕ ਮੁੰਡਾ ਰਬਾਬੀਆਂ ਦਾ ਸੀਚੋ ਬੜੀ ਸੁਰੀਲੀ ਆਵਾਜ਼ ਦਾ ਮਾਲਕ ਸੀ। ਉਹ ਗੁਰਬਾਣੀ ਦੇ ਬਹੁਤੇ ਸ਼ਬਦ (ਖਾਸ ਕਰ ਆਸਾ ਦੀ ਵਾਰ ਵਿਚ ਪੜ੍ਹੇ ਜਾਣ ਵਾਲੇ ਛੱਕੇ) ਕਿਹਾ ਕਰਦਾ ਸੀ। ਭਿੰਨੀ ਰਾਤ ਉਹਦੀ ਆਵਾਜ਼ ਸਾਰੇ ਪਿੰਡ ਵਿਚ ਸੁਣਦੀ। ਉਹ ਸਾਰੀ ਮੰਡਲੀ ਦੀ ਜਾਨ ਸੀ।
ਸ. ਸੀਤਲ ਰਾਸ ਦੇਖਣ ਨਹੀਂ ਸਨ ਜਾਂਦੇ। ਉਨ੍ਹਾਂ ਦੀ ਆਪਣੇ ਘਰ ਦੇ ਵਿਹੜੇ ਵਿਚ ਹੀ ਉਸ ਰਬਾਬੀ ਲੜਕੇ ਦੀ ਆਵਾਜ਼ ਵਿਚ ਸ਼ਬਦ ਸੁਣਨ ਦੀ ਤਾਂਘ ਹੁੰਦੀ। ਉਨ੍ਹਾਂ ਦੇ ਹਾਣੀ ਗੱਭਰੂ ਰਾਸਧਾਰੀਆਂ `ਤੇ ਇੰਨੇ ਲੱਟੂ ਹੋਏ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਪਿੰਡੋਂ ਬਾਹਰ ਢੋਲਕੀ, ਛੈਣੇ ਅਤੇ ਚਿਮਟਾ ਲੈ ਕੇ ਰਾਸਧਾਰੀਆਂ ਵਾਂਗ ਸਾਂਗ ਰਚਦੇ, ਘੁੰਗਰੂ ਬੰਨ੍ਹ ਕੇ ਨੱਚਦੇ ਅਤੇ ਨਾਟਕ ਕਰਦੇ, ਪਰ ਉਹ ਗੱਲ ਨਾ ਬਣਦੀ। ਇਕ ਦਿਨ ਸ. ਸੀਤਲ ਆਪਣੇ ਨਿਆਈਂ ਵਾਲੇ ਖੇਤ ਵਿਚ ਮੰਜੇ `ਤੇ ਬੈਠੇ ਕੁਝ ਲਿਖ ਰਹੇ ਸਨ ਕਿ ਚਾਰ-ਪੰਜ ਹਾਣੀ ਮੁੰਡੇ ਆਏ ਅਤੇ ਕਹਿਣ ਲੱਗੇ, ਆਪਾਂ ਵੀ ਇਹ ਨਾਟਕ ਰਾਸਧਾਰੀਆਂ ਵਾਂਗ ਖੇਡੀਏ।
ਸ. ਸੀਤਲ ਧਾਰਮਿਕ ਖਿਆਲਾਂ ਦੇ ਸਨ। ਉਨ੍ਹਾਂ ਨੂੰ ਘੁੰਗਰੂ ਬੰਨ੍ਹ ਕੇ ਨੱਚਣਾ ਧਾਰਮਿਕ ਰੁਚੀਆਂ ਦੇ ਖਿਲਾਫ ਲੱਗਾ। ਸਾਥੀ ਕਹਿਣ ਲੱਗੇ, ਰਾਗੀ ਜਥਾ ਬਣਾ ਲਈਏ। ਉਨ੍ਹਾਂ ਹਾਮੀ ਭਰ ਦਿੱਤੀ ਪਰ ਜੋੜੀ-ਵਾਜੇ ਚੁੱਕਣ ਦੇ ਡਰੋਂ ਢਾਡੀ ਜੱਥਾ ਬਣਾਉਣ ਦੀ ਸਲਾਹ ਪੱਕੀ ਹੋ ਗਈ। ਪਿੰਡ ਲਲਿਆਣੀ ਤੋਂ ਬਾਬਾ ਚਰਾਗਦੀਨ (ਭਰਾਈ) ਨੂੰ ਲੈ ਆਏ। ਉਹ ਆਪਣੇ ਕਸਬ ਦੇ ਉਸਤਾਦ ਸਨ। ਢਾਡੀਪੁਣਾ ਉਨ੍ਹਾਂ ਦਾ ਪਿਤਾ ਪੁਰਖੀ ਕਿੱਤਾ ਸੀ। ਬਾਬਾ ਚਰਾਗਦੀਨ ਨੇ ਸੀਤਲ ਤੇ ਸਾਥੀਆਂ ਨੂੰ ਢੱਡ ਤੇ ਸਾਰੰਗੀ ਵਜਾਉਣੀ ਸਿਖਾਈ। ਅੱਧੀ-ਅੱਧੀ ਰਾਤ ਤੱਕ ਮਿਹਨਤ ਕਰਨੀ। ਢਾਡੀ ਜਥੇ ਦੇ ਰੂਪ ਵਿਚ ਇਸ ਟੋਲੇ ਦੀ ਪਹਿਲੀ ਸਟੇਜ ਸੀ ਪਿੰਡ ਦਾ ਗੁਰਦੁਆਰਾ ਅਤੇ ਦੂਜੀ ਸਟੇਜ ਸੀ ਕਸੂਰ। ਪਹਿਲਾਂ ਉਹ ਸੋਹਣ ਸਿੰਘ ਘੂਕੇਵਾਲੀਆ ਦੀਆਂ ਵਾਰਾਂ ਗਾਉਂਦੇ ਸਨ, ਪਰ ਬਾਅਦ ਵਿਚ ਉਨ੍ਹਾਂ ਆਪ ਵਾਰਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ।
1936 ਵਿਚ 27 ਵਿਸਾਖ ਦਾ ਦਿਨ ਉਨ੍ਹਾਂ ਵਾਸਤੇ ਜ਼ਿੰਦਗੀ ਦਾ ਸਭ ਤੋਂ ਸ਼ੁਭ ਦਿਨ ਸੀ। ਉਨ੍ਹਾਂ ਦੇ ਪਿੰਡ ਤੋਂ 10-12 ਮੀਲ ਦੂਰ ਪਿੰਡ ਰੱਤੋਕੇ ਵਿਚ ਬਾਬਾ ਬੀਰ ਸਿੰਘ ਨੌਰੰਗਾਬਾਦੀਏ ਦਾ ਗੁਰਦੁਆਰਾ ਸੀ। 27 ਵਿਸਾਖ ਨੂੰ ਹਰ ਸਾਲ ਉਥੇ ਬੜਾ ਭਾਰੀ ਮੇਲਾ ਲਗਦਾ ਸੀ। ਉਸ ਮੇਲੇ ਵਾਸਤੇ ਸ. ਸੀਤਲ ਨੇ ਉਚੇਚੀ ਵਾਰ ਲਿਖੀ। ‘ਸਿੱਖ ਰਾਜ ਕਿਵੇਂ ਗਿਆ` ਦਾ ਪਹਿਲਾ ਭਾਗ ਉਨ੍ਹਾਂ ਲਿਖਿਆ, ਜੋ ਬਾਬਾ ਬੀਰ ਸਿੰਘ ਨੌਰੰਗਾਬਾਦੀਏ ਦੀ ਸ਼ਹੀਦੀ `ਤੇ ਆ ਕੇ ਮੁੱਕਦਾ ਸੀ। ਉਹ ਢਾਡੀ ਜਥੇ ਸਮੇਤ ਮੇਲੇ ਵਿਚ ਸ਼ਾਮਲ ਹੋਣ ਲਈ ਪਿੰਡ ਦੇ 10-12 ਬੰਦਿਆਂ ਨਾਲ ਪਿੰਡ ਰੱਤੋਕੇ ਦੇ ਗੁਰਦੁਆਰੇ ਪਹੁੰਚ ਗਏ। ਉਨ੍ਹਾਂ ਸਟੇਜ ਸੈਕਟਰੀ ਨੂੰ ਪੁੱਛਿਆ ਕਿ ਅਸੀਂ ਕਿੰਨਾ ਸਮਾਂ ਲਾਉਣਾ? ਸਟੇਜ ਸੈਕਟਰੀ ਨੇ ਆਪਣੇ ਸੁਭਾਅ ਅਨੁਸਾਰ ਕਿਹਾ, “ਸ਼ੁਰੂ ਕਰ ਉਇ ਮੁੰਡਿਆ! ਸੌਦਾ ਵਿਕਦਾ ਦੇਖ ਕੇ ਸੋਚਾਂਗਾ।”
ਗੁਰੂ ਦੀ ਓਟ ਲੈ ਕੇ ਉਨ੍ਹਾਂ ਸ਼ੁਰੂ ਕੀਤਾ। ਪਹਿਲਾਂ ਸ਼ੇਰ-ਏ-ਪੰਜਾਬ ਦੀ ਬੰਸਾਵਲੀ ਸ਼ੁਰੂ ਕੀਤੀ। ਭਗਵਾਨ ਰਾਮ ਚੰਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਸ਼ਜਰਾ ਲਿਆ ਮਿਲਾਇਆ। ਫਿਰ ਸ਼ੇਰ-ਏ-ਪੰਜਾਬ ਦਾ ਸੁਰਗਵਾਸ ਹੋਣਾ, ਉਸ ਤੋਂ ਪਿਛੋਂ ਆਪਣਿਆਂ ਹੱਥੋਂ ਆਪਣਿਆਂ ਦੇ ਕਤਲ, ਡੋਗਰਿਆਂ ਦੀ ਗੱਦਾਰੀ, ਅੰਤ ਬਾਬਾ ਬੀਰ ਸਿੰਘ ਦੀ ਡੋਗਰੇ ਹੀਰਾ ਸਿੰਘ ਦੀਆਂ ਫੌਜ ਹੱਥੋਂ ਸ਼ਹੀਦੀ ‘ਤੇ ਆ ਕੇ ਖਤਮ ਕੀਤਾ। ਨਾ ਉਨ੍ਹਾਂ ਨੂੰ ਕਿਸੇ ਨੇ ਹਟਾਇਆ, ਨਾ ਉਨ੍ਹਾਂ ਨੇ ਹਿੰਮਤ ਹਾਰੀ। ਸਾਢੇ ਤਿੰਨ ਘੰਟੇ ਬਾਅਦ ਉਨ੍ਹਾਂ ਆਪ ਫਤਿਹ ਬੁਲਾਈ।
ਸਰੋਤਿਆਂ ਵਾਸਤੇ ਇਹ ਦਿਲ-ਕੰਬਾਊ ਕਹਾਣੀ ਬਿਲਕੁਲ ਨਵੀਂ ਸੀ। ਦੀਵਾਨ ਵਿਚ ਸਾਰੇ ਰੋ ਰਹੇ ਸਨ। ਇਥੋਂ ਤੱਕ ਕਿ ਡੇਰੇ ਦੇ ਮਹੰਤ ਬਾਬਾ ਹਰਨਾਮ ਸਿੰਘ ਵੀ ਰੋ ਰਹੇ ਸਨ। ਉਨ੍ਹਾਂ ਨੇ ਇਸ਼ਾਰੇ ਨਾਲ ਸ. ਸੀਤਲ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਤੂੰ ਅੱਜ ਨਹੀਂ ਜਾਣਾ, ਮੈਂ ਭਲਕੇ ਇਹ ਵਾਰ ਤੈਥੋਂ ਫੇਰ ਸੁਣਨੀ ਹੈ। ਦੀਵਾਨ ਸਮਾਪਤੀ ਪਿੱਛੋਂ ਸ. ਸੀਤਲ ਜਥੇ ਸਮੇਤ ਨਗਰ ਨਿਵਾਸੀਆਂ ਕੋਲ ਪਹੁੰਚੇ। ਡੁਰਲੀ ਜਥੇ ਦਾ ਲੀਡਰ ਸੀ ਬਿਸ਼ਨ ਸਿੰਘ। ਛੇ ਫੁੱਟ ਉਚਾ ਲੰਮਾ ਜਵਾਨ। ਦੋ ਆਦਮੀਆਂ ‘ਤੇ ਭਾਰੂ। ਚੋਰੀ, ਡਾਕੇ, ਕਤਲ ਵਿਚ ਕਈ ਵਾਰ ਕੈਦ ਕੱਟ ਚੁਕਾ ਅਤੇ ਸਮੇਂ ਦੀ ਪੁਲਿਸ ਤੋਂ ਆਕੀ ਦੂਰ ਨੇੜਿਉਂ ਉਹ ਸ. ਸੀਤਲ ਦਾ ਚਾਚਾ ਲਗਦਾ ਸੀ। ਸ. ਸੀਤਲ ਨੂੰ ਜੱਫੀ ਵਿਚ ਲੈ ਕੇ ਬੜੇ ਰੋਅਬ ਨਾਲ ਬੋਲਿਆ, “ਮੈਂ ਤੇਰਾ ਕੀ ਲੱਗਦਾਂ?”
“ਚਾਚਾ”, ਉਨ੍ਹਾਂ ਵੀ ਉਸੇ ਸੁਰ ਵਿਚ ਕਿਹਾ।
“ਸੁਣ ਲੈ ਫਿਰ, ਤੇਰਾ ਸਾਰਾ ਉਜਾੜਾ ਮੈਂ ਕਰਾਉਂਦਾ ਸੀ ਤੇ ਕਰਾਉਂਦਾ ਸੀ ਤੇਰੇ ਚਾਚੇ ਦੇ ਆਖੇ। ਜਾਹ, ਅੱਜ ਤੋਂ ਸਭ ਮੁਆਫ। ਤਕੜਾ ਹੋ ਕੇ ਪਿੰਡ ਦਾ ਨਾਂ ਉਚਾ ਕਰ। ਤੇਰੀ ਵੱਟ ਉਤੋਂ ਦੀ ਵੀ ਕੋਈ ਲੰਘ ਗਿਆ ਤਾਂ ਮੇਰਾ ਨਾਂ ਬਿਸ਼ਨ ਸਿੰਹੁ ਨਾ ਸੱਦੀਂ।” ਉਹ ਦਿਨ ਸ. ਸੀਤਲ ਦੀਆਂ ਮੁਸੀਬਤਾਂ ਦਾ ਆਖਰੀ ਦਿਨ ਸੀ। ਵੈਰੀ ਮਿੱਤਰ ਬਣ ਗਏ ਸਨ।
ਸੋਹਣ ਸਿੰਘ ਸੀਤਲ ਦਾ ਢਾਡੀ ਜਥਾ ਛੇਤੀ ਹੀ ਮਸ਼ਹੂਰ ਹੋ ਗਿਆ। ਲੋਕਾਂ ਨੇ ਉਨ੍ਹਾਂ ਨੂੰ ਸਫਲ ਢਾਡੀ ਪ੍ਰਵਾਨ ਕਰ ਲਿਆ। ਉਨ੍ਹਾਂ ਆਪਣੀਆਂ ਢਾਡੀ ਵਾਰਾਂ ਰਾਹੀਂ ਅਨਪੜ੍ਹ ਲੋਕਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਸਿੱਖ ਇਤਿਹਾਸ ਦੀ ਖੋਜ ਕਰਕੇ ਉਨ੍ਹਾਂ ਇਸ ਨੂੰ ਤਰਕ ਸੰਗਤ ਬਣਾਇਆ ਤੇ ਲਿਖਿਆ। ਸਿੱਖ ਇਤਿਹਾਸ ਬਾਰੇ ਜੋ ਕੰਮ ਯੂਨੀਵਰਸਿਟੀਆਂ ਨਾ ਕਰ ਸਕੀਆਂ, ਉਹ ਸ. ਸੀਤਲ ਨੇ ਬੜੀ ਲਗਨ ਅਤੇ ਮਿਹਨਤ ਨਾਲ ਕੀਤਾ। ‘ਸਿੱਖ ਇਤਿਹਾਸ ਦੇ ਸੋਮੇ’ ਲਿਖਣ ਲਈ ਉਨ੍ਹਾਂ ਬੜੀ ਮਿਹਨਤ ਕੀਤੀ। ਸ. ਸੀਤਲ ਨੇ ਪੱਲਿਉਂ ਬੜਾ ਖਰਚ ਕੀਤਾ, ਪਰ ਪਾਠਕਾਂ ਦਾ ਖਾਸ ਹੁੰਗਾਰਾ ਨਾ ਮਿਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਜਿੰਨੇ ਵੀ ਵਰ-ਸਰਾਪ ਸਿੱਖ ਇਤਿਹਾਸ ਵਿਚ ਹਨ, ਸਭ ਹਿੰਦੂਵਾਦ ਦੀ ਦੇਣ ਹਨ। ਸਿੱਖ ਇਤਿਹਾਸ ਵਿਚ ਜਿੰਨੀਆਂ ਵੀ ਕਰਾਮਾਤਾਂ ਆਈਆਂ ਹਨ, ਸਭ ਇਸਲਾਮ ਦੀ ਦੇਣ ਹੈ। ਸਿੱਖ ਧਰਮ ਵਿਚ ਵਰ, ਸਰਾਪ ਅਤੇ ਕਰਾਮਾਤਾਂ ਲਈ ਕੋਈ ਥਾਂ ਨਹੀਂ ਹੈ।
ਜੱਦੀ ਪਿੰਡ ਕਾਦੀਵਿੰਡ (ਹੁਣ ਪਾਕਿਸਤਾਨ) ਵਿਚ ਉਨ੍ਹਾਂ ਕੋਲ 100 ਏਕੜ ਜ਼ਮੀਨ ਸੀ। ਉਨ੍ਹਾਂ ਬੜੀ ਮਿਹਨਤ ਕਰਕੇ ਇਸ ਨੂੰ ਵਾਹੀਯੋਗ ਬਣਾਇਆ, ਆਮਦਨ ਵਧੀ। ਮਕਾਨ ਕੱਚੇ ਸਨ। ਅਖਾਣ ਹੈ, “ਪੁੱਤ ਜੰਮਣ, ਕੰਧਾਂ ਕੰਬਣ।” ਇਸ ਅਖਾਣ ਦਾ ਮਤਲਬ ਬਹੁਤ ਡੂੰਘਾ ਹੈ ਕਿ ਜੇ ਪੁੱਤ ਲਾਇਕ ਨਿਕਲਿਆ ਤਾਂ ਢਾਹ ਕੇ ਵਧੀਆ ਬਣਾ ਦੇਵੇਗਾ; ਨਲਾਇਕ ਨਿਕਲਿਆ ਤਾਂ ਕੜੀਆਂ ਵੇਚ ਕੇ ਖਾ ਜਾਵੇਗਾ। ਜਿਸ ਕਮਰੇ ਵਿਚ ਸ. ਸੀਤਲ ਦਾ ਜਨਮ ਹੋਇਆ, ਉਹ ਕੱਚਾ ਸੀ। ਉਸ ਵਿਚ ਚੂਹਿਆਂ ਦੀਆਂ ਖੁੱਡਾਂ ਸਨ। ਸੌਣ ਵਾਲਿਆਂ ਨੂੰ ਦੌੜ-ਦੌੜ ਕੇ ਦਸਦੇ ਸਨ ਕਿ ਰਾਤ ਕਿੰਨੀ ਬੀਤ ਗਈ ਹੈ। ਜੇ ਫਿਰ ਵੀ ਕੋਈ ਨਾ ਜਾਗੇ ਤਾਂ ਉਹਦੇ ਨੰਗੇ ਹੱਥ `ਤੇ ਦੰਦੀ ਵੱਢ ਦਿੰਦੇ। ਸ. ਸੀਤਲ ਨਾਲ ਇਹ ਬੜੀ ਵਾਰ ਹੋਇਆ। ਰੱਬ ਦੀ ਮਿਹਰ ਨਾਲ ਉਨ੍ਹਾਂ ਕੱਚੇ ਕੋਠਿਆਂ ਦੀ ਥਾਂ, ਉਨ੍ਹਾਂ ਦੀਆਂ ਨੀਂਹਾਂ `ਤੇ ਸੱਤ ਕਮਰਿਆਂ ਦਾ ਪੱਕਾ ਘਰ ਬਣਾ ਲਿਆ। ਜ਼ਮੀਨ ਵਿਚੋਂ 18 ਕਿੱਲੇ ਬਾਗ ਲਵਾਇਆ, ਪਰ ਪਾਕਿਸਤਾਨ ਬਣਨ ‘ਤੇ ਉਹ ਸਭ ਕੁਝ ਛੱਡ ਕੇ ਭਾਰਤ ਆ ਗਏ। ਉਨ੍ਹਾਂ ਦੀ ਸਾਰੀ ਮਿਹਨਤ ਨਿਹਫਲ ਗਈ। ਉਹ ਕਹਿੰਦੇ ਹੁੰਦੇ ਸਨ ਕਿ ਜਿਸ ਜ਼ਮੀਨ ਵਿਚ ਬਜੁਰਗਾਂ ਦਾ ਮੁੜ੍ਹਕਾ ਡਿਗਿਆ ਹੁੰਦਾ ਹੈ, ਉਹ ਬੜੀ ਕੀਮਤੀ ਹੁੰਦੀ ਹੈ।
ਭਾਰਤ ਆ ਕੇ ਸ. ਸੀਤਲ ਨੂੰ ਸੌ ਏਕੜ ਦੀ ਥਾਂ 62 ਏਕੜ ਜ਼ਮੀਨ ਜ਼ੀਰੇ ਅਲਾਟ ਹੋਈ। ਉਹ ਇਥੇ ਖੇਤੀ ਵਿਚ ਕਾਮਯਾਬ ਨਾ ਹੋਏ। ਉਨ੍ਹਾਂ 62 ਏਕੜ ਜ਼ਮੀਨ ਵੇਚ ਕੇ ਲੁਧਿਆਣੇ ਪ੍ਰੈਸ ਲਾ ਲਈ। ਕਾਦੀਵਿੰਡ ਇਕ ਫਕੀਰ ਉਨ੍ਹਾਂ ਪਾਸੋਂ ਇਕ ਕਨਾਲ ਜ਼ਮੀਨ ਤਕੀਆ ਬਣਾਉਣ ਵਾਸਤੇ ਮੰਗ ਰਿਹਾ ਸੀ, ਪਰ ਉਨ੍ਹਾਂ ਨਾ ਦਿੱਤੀ। ਪਾਕਿਸਤਾਨ ਬਣਨ ਪਿਛੋਂ ਜ਼ੀਰੇ ਅਲਾਟ ਹੋਈ ਜ਼ਮੀਨ ਵੇਚਣ ਦਾ ਉਨ੍ਹਾਂ ਨੂੰ ਕੋਈ ਦੁੱਖ ਨਾ ਹੋਇਆ। ਉਹ ਕਹਿੰਦੇ ਸਨ ਕਿ ਕਾਦੀਵਿੰਡ ਨਾਲੋਂ ਮੈਂ ਮਾਇਕ ਤੌਰ `ਤੇ ਸੁਖੀ ਹਾਂ, ਪਰ ਜਦੋਂ ਵੀ ਸੁਪਨਾ ਆਉਂਦਾ ਹੈ ਤਾਂ ਕਾਦੀਵਿੰਡ ਵਾਲੀ ਨਿਆਈਂ ਦਾ ਹੀ ਆਉਂਦਾ ਹੈ, ਸੀਤਲ ਭਵਨ ਲੁਧਿਆਣੇ ਦਾ ਨਹੀਂ। ਉਨ੍ਹਾਂ ਦੀ ਰਹਿਣੀ-ਬਹਿਣੀ ਬੜੀ ਸਾਦੀ ਸੀ। ਚਿੱਟਾ ਕਮੀਜ਼-ਪਜਾਮਾ, ਚਿੱਟੀ ਫਿਫਟੀ ਤੇ ਪੈਰੀਂ ਸਾਧਾਰਨ ਗੁਰਗਾਬੀ। ਸ਼ਰਾਬ ਤੇ ਚਾਹ ਸਾਰੀ ਉਮਰ ਨਹੀਂ ਪੀਤੀ। ਸਾਦੀ ਖੁਰਾਕ। ਰੋਟੀ, ਦਾਲ, ਦੁੱਧ ਤੇ ਫਲ।
ਕਈ ਵਿਦਵਾਨ ਆਲੋਚਕ ਢਾਡੀ ਹੋਣ ਕਰਕੇ ਸ. ਸੀਤਲ ਨੂੰ ਲੇਖਕ ਨਹੀਂ ਸਨ ਮੰਨਦੇ। ਸ. ਸੀਤਲ ਬਾਰੇ ਸਭ ਤੋਂ ਪਹਿਲਾਂ ਸ. ਸੁਖਪਾਲਵੀਰ ਸਿੰਘ ਹਸਰਤ ਨੇ ‘ਸਾਹਿਤ ਸਮਾਚਾਰ’ ਪਰਚੇ ਵਿਚ ਲਿਖਿਆ। ਕਿਰਪਾਲ ਸਿੰਘ ਕਸੇਲ ਨੇ ਜਦੋਂ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਿਆ ਤਾਂ ਬਾਕੀ ਨਾਵਲਕਾਰਾਂ ਨਾਲ ਸ. ਸੀਤਲ ਦੇ ਨਾਵਲਾਂ ਬਾਰੇ ਵੀ ਕੁਝ ਸਫੇ ਲਿਖ ਦਿੱਤੇ ਪਰ ਪ੍ਰਸਿਧ ਵਿਦਵਾਨ ਗੁਰਬਚਨ ਸਿੰਘ ਤਾਲਿਬ ਨੇ ਦੂਜੇ ਨਾਵਲਕਾਰਾਂ ਵਿਚੋਂ ਸ. ਸੀਤਲ ਦਾ ਨਾਂ ਇਸ ਤਰ੍ਹਾਂ ਕੱਢ ਦਿੱਤਾ ਜਿਵੇਂ ਅੱਲ੍ਹਾ ਤਾਲਾ ਨੇ ਆਦਮ ਨੂੰ ਬਹਿਸ਼ਤ ਵਿਚੋਂ ਕੱਢ ਦਿੱਤਾ ਸੀ। ਜਦੋਂ 1974 ਵਿਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਦਾ ਸਨਮਾਨ ਮਿਲਿਆ ਤਾਂ ਤਾਲਿਬ ਨੂੰ ਬੜੀ ਹੈਰਾਨੀ ਹੋਈ, ਜੋ ਦ੍ਰਿੜਤਾ ਨਾਲ ਕਹਿੰਦੇ ਸਨ ਕਿ ਹੋਰ ਸਭ ਕੁਝ ਹੋ ਸਕਦਾ ਹੈ ਪਰ ਕੋਈ ਢਾਡੀ ਨਾਵਲਕਾਰ ਨਹੀਂ ਹੋ ਸਕਦਾ। ਸ. ਸੀਤਲ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਦਲੀਪ ਸਿੰਘ ਤਕ ਸਿੱਖ ਇਤਿਹਾਸ ਲਿਖਿਆ ਹੈ। ਉਨ੍ਹਾਂ 80 ਤੋਂ ਵੱਧ ਕਿਤਾਬਾਂ ਲਿਖੀਆਂ।
1952 ਵਿਚ ਮੈਂ ਪੰਜਵੀ ਜਮਾਤ ਵਿਚ ਪੜ੍ਹਦਾ ਸਾਂ। ਮੇਰੇ ਨਾਲ ਦੇ ਮੁੰਡੇ ਹਰ ਗੁਰਪੁਰਬ ‘ਤੇ ਧਾਰਮਿਕ ਕਵਿਤਾਵਾਂ ਪੜ੍ਹਦੇ ਸਨ। ਚੰਗੀ ਕਵਿਤਾ ਪੜ੍ਹਨ ਵਾਲੇ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਇਨਾਮ ਦਿੰਦੀ। ਮੈਂ ਆਪਣੇ ਪਿੰਡ ਦੇ ਮੁੰਡੇ ਚੰਨਣ ਸਿੰਘ ਪਾਸ ਕਿਤਾਬ ‘ਸੀਤਲ ਕਿਰਨਾਂ` ਦੇਖੀ। ਲੇਖਕ ਦਾ ਨਾਂ ਸੀ, ਸੋਹਣ ਸਿੰਘ ਸੀਤਲ। ਮੈਂ ਇਹ ਕਿਤਾਬ ਉਸ ਤੋਂ ਲੈ ਕੇ ਪੜ੍ਹੀ। ਸਾਰੇ ਪ੍ਰਸੰਗਾਂ ਵਿਚੋਂ ਮੈਨੂੰ ਭਾਈ ਤਾਰੂ ਸਿੰਘ ਦੀ ਸ਼ਹੀਦੀ ਵਾਲਾ ਪ੍ਰਸੰਗ ਬਹੁਤ ਚੰਗਾ ਲੱਗਾ। ਬਜੁਰਗ ਪਿੰਡ ਦੀ ਸੱਥ ਵਿਚ ਬੈਠੇ ਸ. ਸੀਤਲ ਦੀਆਂ ਗੱਲਾਂ ਬੜੀ ਸ਼ਰਧਾ ਨਾਲ ਕਰਦੇ ਹੁੰਦੇ ਸਨ। ਸ. ਸੀਤਲ ਦੀਆਂ ਸੁਣੀਆਂ ਸੂਰਬੀਰਾਂ ਦੀਆਂ ਵਾਰਾਂ ਅਨਪੜ੍ਹ ਪੇਂਡੂਆਂ ਨੂੰ ਜ਼ਬਾਨੀ ਯਾਦ ਸਨ। ਮੇਰੇ ਪਿਤਾ ਜੀ ਵੀ ਸ. ਸੀਤਲ ਨੂੰ ਸੁਣਨ ਤਰਨ ਤਾਰਨ ਦੀ ਹਰ ਮੱਸਿਆ ‘ਤੇ ਜਾਂਦੇ ਹੁੰਦੇ ਸਨ। ਇਕ ਵਾਰ ਮੈਂ ਵੀ ਉਨ੍ਹਾਂ ਨਾਲ ਮੱਸਿਆ `ਤੇ ਚਲਾ ਗਿਆ। ਸੈਂਟਰ ਮਾਝਾ ਦਾ ਦੀਵਾਨ ਪ੍ਰਦਖਣਾ ਦੀ ਉਤਰ ਵਾਲੀ ਬਾਹੀ ਨਾਲ ਲਗਦਾ ਹੁੰਦਾ ਸੀ। ਉਥੇ ਦੋ ਢਾਡੀਆਂ ਨੂੰ ਸੁਣਨ ਦੀ ਲੋਕਾਂ ਵਿਚ ਬੜੀ ਖਿੱਚ ਹੁੰਦੀ ਸੀ। ਇਕ ਸੋਹਣ ਸਿੰਘ ਸੀਤਲ ਅਤੇ ਦੂਜੇ ਪਿਆਰਾ ਸਿੰਘ ਪੰਛੀ। ਸਟੇਜ ਦਾ ਸੈਕਟਰੀ ਹੁੰਦਾ ਸੀ ਪਿੰਡ ਸੁਰ ਸਿੰਘ ਦਾ ਰਹਿਣ ਵਾਲਾ ਸ. ਮਹਿਲ ਸਿੰਘ। ਉਹ ਨਨਕਾਣਾ ਸਾਹਿਬ ਦੇ ਸਿੱਖਾਂ ਤੋਂ ਵਿਛੋੜੇ ਦੀ ਕਹਾਣੀ ਬੜੇ ਦਰਦਨਾਕ ਸ਼ਬਦਾਂ ਵਿਚ ਬਿਆਨ ਕਰਦਾ। ਪਹਿਲੀ ਵਾਰ ਮੈਂ ਸ. ਸੀਤਲ ਨੂੰ ਉਥੇ ਸੁਣਿਆ।
ਪਹਿਲਾਂ ਮੈਂ ਪੁਲਿਸ ਵਿਚ ਭਰਤੀ ਹੋ ਗਿਆ। ਫਿਰ ਪੁਲਿਸ ਦੀ ਨੌਕਰੀ ਛੱਡ ਕੇ 1962 ਵਿਚ ਸਰਹਾਲੀ (ਅੰਮ੍ਰਿਤਸਰ) ਵਿਚ ਜੇ.ਬੀ.ਟੀ. ਵਿਚ ਦਾਖਲ ਹੋ ਗਿਆ। ਇਥੇ ਮੇਰਾ ਮੇਲ ਪ੍ਰਸਿਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨਾਲ ਹੋਇਆ। ਉਹ ਵੀ ਸ. ਸੀਤਲ ਨੂੰ ਸੁਣਨ ਦਾ ਬੜਾ ਸ਼ੌਂਕੀ ਸੀ। ਸ. ਸੀਤਲ ਦੀਆਂ ਕਈ ਵਾਰਾਂ ਉਸ ਨੂੰ ਜ਼ਬਾਨੀ ਯਾਦ ਸਨ। ਜੇ.ਬੀ.ਟੀ. ਕਰਨ ਪਿਛੋਂ ਅਸੀਂ ਦੋਹਾਂ ਨੇ ਗੁਰਦੁਆਰਾ ਮੰਜੀ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਦੀਵਾਨ ਵਿਚ ਹਰ ਵਿਸਾਖੀ, ਦੀਵਾਲੀ ‘ਤੇ ਸ. ਸੀਤਲ ਨੂੰ ਸੁਣਨ ਜ਼ਰੂਰ ਜਾਣਾ।
ਪੰਜਾਬੀ ਸੂਬੇ ਦਾ ਮੋਰਚਾ ਸੰਤ ਫਤਿਹ ਸਿੰਘ ਦੀ ਅਗਵਾਈ ਵਿਚ ਚਲ ਰਿਹਾ ਸੀ। ਗਿਆਨੀ ਹਰਚਰਨ ਸਿੰਘ ਹੁਡਿਆਰਾ ਨੇ ਪ੍ਰਣ ਕੀਤਾ ਹੋਇਆ ਸੀ ਕਿ ਜਿੰਨਾ ਚਿਰ ਪੰਜਾਬੀ ਸੂਬਾ ਨਹੀਂ ਬਣ ਜਾਂਦਾ, ਉਹ ਪੂਰੇ ਕੱਪੜੇ ਨਹੀਂ ਪਹਿਨਣਗੇ। ਉਹ ਕਛਹਿਰੇ, ਕੰਬਲ ਵਿਚ ਹੀ ਰਹਿੰਦੇ ਸਨ। ਮੰਜੀ ਸਾਹਿਬ ਦੀ ਸਟੇਜ ‘ਤੇ ਸ. ਸੀਤਲ ਵੀ ਜਥੇ ਸਮੇਤ ਬੈਠੇ ਸਨ। ਗਿਆਨੀ ਹੁਡਿਆਰਾ ਨੇ ਸ. ਸੀਤਲ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ ਵੀ ਪੰਜਾਬੀ ਸੂਬੇ ਲਈ ਕੋਈ ਕੁਰਬਾਨੀ ਕਰੋ। ਉਨ੍ਹਾਂ ਪਿਛੋਂ ਸ. ਸੀਤਲ ਸੂਰਬੀਰਾਂ ਦੀਆਂ ਵਾਰਾਂ ਸੁਣਾਉਣ ਲਈ ਜਥੇ ਸਮੇਤ ਉਠੇ ਅਤੇ ਉਨ੍ਹਾਂ ਗਿਆਨੀ ਹੁਡਿਆਰਾ ਨੂੰ ਸੰਬੋਧਨ ਕਰਦਿਆਂ ਕਿਹਾ, “ਤੁਸੀਂ ਪੰਜਾਬੀ ਸੂਬਾ ਲੈਣ ਲਈ ਕੁਰਬਾਨੀ ਕਰੋ। ਤੁਸੀਂ ਮਰਨ ਵਰਤ ਰੱਖੋ ਤੇ ਫਿਰ ਪ੍ਰਣ ਨਿਭਾਉਣ ਲਈ ਮਰੋ ਵੀ। ਤੁਹਾਡੀ ਸ਼ਹੀਦੀ ਤੋਂ ਬਾਅਦ ਮੈਂ ਤੁਹਾਡੀਆਂ ਵਾਰਾਂ ਗਾਇਆ ਕਰਾਂਗਾ। ਮੇਰਾ ਕੰਮ ਸ਼ਹੀਦਾਂ ਦੀਆਂ ਵਾਰਾਂ ਗਾਉਣਾ ਹੈ, ਕੁਰਬਾਨੀ ਕਰਨਾ ਨਹੀਂ।” (ਕਿਉਂਕਿ ਇਸ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਮਰਨ ਵਰਤ ਰੱਖ ਕੇ ਬਿਨਾ ਕੁਝ ਮਿਲਿਆਂ ਹੀ ਛੱਡ ਚੁੱਕੇ ਸਨ)। ਇਹ ਸੁਣ ਕੇ ਕਿਸੇ ਨਿਹੰਗ ਸਿੰਘ ਨੇ ‘ਬੋਲੇ ਸੋ ਨਿਹਾਲ` ਦੀ ਲੰਮੀ ਹੇਕ ਲਾ ਕੇ ਜੈਕਾਰਾ ਛੱਡਿਆ। ਸਾਰੀ ਸੰਗਤ ਉਸ ਵੱਲ ਦੇਖਣ ਲੱਗ ਪਈ ਤਾਂ ਸ. ਸੀਤਲ ਨੇ ਕਿਹਾ, “ਮੇਰੇ ਵੱਲ ਧਿਆਨ ਦਿਉ ਜਿਸ ਮਗਰ ਕੋਈ ਜਾਵੇ ਨਾ, ਉਹ ਮੁੜ ਹੀ ਆਉਂਦਾ ਹੈ।”
ਬਾਬਾ ਖੜਕ ਸਿੰਘ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਾਲੇ ਬੜੇ ਪਰਉਪਕਾਰੀ ਸੰਤ ਸਨ। ਉਹ ਵੀ ਸ. ਸੀਤਲ ਦੇ ਬੜੇ ਪ੍ਰਸ਼ੰਸਕ ਸਨ। ਉਹ ਹਰ ਸਾਲ 22 ਅੱਸੂ ਨੂੰ ਸਾਲਾਨਾ ਜੋੜ ਮੇਲੇ ‘ਤੇ ਉਨ੍ਹਾਂ ਨੂੰ ਸੱਦਦੇ। ਮੈਂ ਉਨ੍ਹਾਂ ਨੂੰ ਸੁਣਨ ਲਈ ਬੀੜ ਬਾਬਾ ਬੁੱਢਾ ਸਾਹਿਬ ਦੇ ਮੇਲੇ `ਤੇ ਜਾਣ ਲੱਗ ਪਿਆ। ਪਹਿਲਾਂ ਮੈਨੂੰ ਉਨ੍ਹਾਂ ਦੀ ਢੱਡ-ਸਾਰੰਗੀ ਨਾਲ ਗਾਈਆਂ ਵਾਰਾਂ ਸੁਣ ਕੇ ਬੜਾ ਅਨੰਦ ਆਉਂਦਾ, ਪਰ ਬਾਅਦ ਵਿਚ ਭਾਸ਼ਣ ਸੁਣ ਕੇ ਅਨੰਦ ਆਉਣ ਲੱਗ ਪਿਆ। ਇਕ ਵਾਰ ਉਨ੍ਹਾਂ ਸਟੇਜ ਤੋਂ ਕਿਹਾ, “ਜੇ ਦੁਨੀਆਂ ‘ਤੇ ਆਏ ਹੋ ਤਾਂ ਕੁਝ ਕਰਕੇ ਜਾਉ; ਨਹੀਂ ਤਾਂ ਅੰਨ ਗੰਦਾ ਕਰਨ ਦਾ ਕੋਈ ਫਾਇਦਾ ਨਹੀਂ।” ਇਹ ਗੱਲ ਮੈਂ ਆਪਣੇ ਪੰਜਵੀਂ ਵਿਚ ਪੜ੍ਹਦੇ ਲੜਕੇ ਆਤਮਜੀਤ ਨੂੰ ਦੱਸੀ। ਉਹ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਸਖਤ ਮਿਹਨਤ ਕਰਨ ਲੱਗ ਪਿਆ। ਦਸਵੀਂ ਜਮਾਤ ਤਕ ਪਹਿਲੇ ਨੰਬਰ `ਤੇ ਆਉਂਦਾ ਰਿਹਾ। ਅੱਜ ਕੱਲ੍ਹ ਉਹ ਅਮਰੀਕਾ ਵਿਚ ਇਕ ਜਪਾਨੀ ਕੰਪਨੀ ਵਿਚ ਕੰਪਿਊਟਰ ਇੰਜੀਨੀਅਰ ਹੈ।
ਇਕ ਵਾਰ ਮੈਂ ਬਾਬਾ ਬੁੱਢਾ ਜੀ ਦੇ ਮੇਲੇ ‘ਤੇ ਸ. ਸੀਤਲ ਤੋਂ ਦੋ ਕਿਤਾਬਾਂ ‘ਸਿੱਖ ਰਾਜ ਕਿਵੇਂ ਬਣਿਆ?’ ਅਤੇ ‘ਸਿੱਖ ਰਾਜ ਕਿਵੇਂ ਗਿਆ?` ਖਰੀਦੀਆਂ। ਦੋਹਾਂ ਕਿਤਾਬਾਂ ਦੇ ਪੈਸੇ ਮੈਂ ਦੇ ਦਿੱਤੇ ਅਤੇ ਕਿਹਾ, “ਆਪਣੇ ਆਟੋਗਰਾਫ ਦਿਉ।” ਉਨ੍ਹਾਂ ਦੋਹਾਂ ਕਿਤਾਬਾਂ ‘ਤੇ ਲਿਖ ਦਿੱਤਾ, ‘ਪਿਆਰ ਸਤਿਕਾਰ ਸਹਿਤ ਮਾਸਟਰ ਜਸਵੰਤ ਸਿੰਘ ਜੀ ਨੂੰ`, ਨਾਲ ਹੀ ਕਿਹਾ, “ਮਾਸਟਰ ਜੀ, ਪੈਸੇ ਤਾਂ ਮੈਂ ਤੁਹਾਥੋਂ ਲੈ ਲਏ ਨੇ, ਪਿਆਰ ਕਾਹਦਾ ਰਹਿ ਗਿਆ?”
ਇਕ ਵਾਰ ਮੈਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਕਿਹਾ, “ਪਿਤਾ ਜੀ, ਤੁਹਾਡੀ ਲੰਮੀ ਉਮਰ ਹੋਵੇ, ਅਸੀਂ ਤੁਹਾਡੀਆਂ ਵਾਰਾਂ ਸੁਣਦੇ ਰਹੀਏ, ਤੇ ਤੁਹਾਡੇ ਜੀਵਨ ਤੋਂ ਪ੍ਰੇਰਨਾ ਲੈਂਦੇ ਰਹੀਏ।” ਜਵਾਬ ਸੀ, “ਮਾਸਟਰ ਜੀ! ਜਾਣ ਦੀ ਮੈਨੂੰ ਕਾਹਲੀ ਨਹੀਂ, ਤੇ ਜੇ ਆ ਗਈ ਤਾਂ ਮੈਂ ਇਨਕਾਰ ਨਹੀਂ ਕਰ ਸਕਦਾ।”
ਉਨ੍ਹਾਂ ਕਿਸੇ ਸਕੂਲ ਦੀ ਗੱਲ ਸੁਣਾਈ ਜਿਸ ਵਿਚ ਉਨ੍ਹਾਂ ਭਾਸ਼ਣ ਦੇਣਾ ਸੀ। ਉਨ੍ਹਾਂ ਕਿਹਾ, “ਮੈਂ ਭੈਣਜੀਆਂ (ਅਧਿਆਪਕਾਵਾਂ) ਨੂੰ ਜਾਂਦਿਆਂ ਹੀ ਪੁੱਛਿਆ, ‘ਤੁਹਾਨੂੰ ਸਵਾਟਰ ਬੁਣਨ ਦੀ ਜਾਚ ਆ?’ ਸਾਰੀਆਂ ਖਿੜ-ਖਿੜਾ ਕੇ ਹੱਸ ਪਈਆਂ।”
ਮੇਰੇ ਪਿਤਾ ਜੀ ਨੇ ਸੁੱਖਿਆ ਹੋਇਆ ਸੀ ਕਿ ਵਾਹਿਗੁਰੂ ਉਨ੍ਹਾਂ ਨੂੰ ਪੋਤਰੇ ਦੀ ਦਾਤ ਬਖਸ਼ੇ ਤਾਂ ਉਹ ਅਖੰਡ ਪਾਠ ‘ਤੇ ਪਿਆਰਾ ਸਿੰਘ ਪੰਛੀ ਦੇ ਢਾਡੀ ਜਥੇ ਨੂੰ ਸੱਦਣਗੇ। ਉਨ੍ਹਾਂ ਦੇ ਜਿਉਂਦਿਆਂ ਪੋਤਰਾ ਨਾ ਹੋਇਆ। 1965 ਵਿਚ ‘ਪੰਛੀ` ਜੀ ਅਤੇ 1969 ਵਿਚ ਪਿਤਾ ਜੀ ਇਸ ਦੁਨੀਆ ਤੋਂ ਤੁਰ ਗਏ। ਉਨ੍ਹਾਂ ਦੇ ਜਾਣ ਬਾਅਦ ਉਨ੍ਹਾਂ ਦੇ ਪੋਤਰੇ ਹੋਏ। ਉਨ੍ਹਾਂ ਦੀ ਉਹ ਰੀਝ ਪੂਰੀ ਕਰਨ ਵਾਸਤੇ 1998 ਵਿਚ ਅਖੰਡ ਪਾਠ ਕਰਾਉਣ ਦਾ ਮਨ ਬਣਾਇਆ। ਭੋਗ ‘ਤੇ ਸ. ਸੀਤਲ ਨੂੰ ਦਰਸ਼ਨ ਦੇਣ ਦੀ ਬੇਨਤੀ ਕਰਨ ਮੈਂ ਮਾਡਲ ਗਰਾਮ ਲੁਧਿਆਣੇ ਗਿਆ। ਵਾਪਸ ਤੁਰਨ ਵੇਲੇ ਉਹ ਇਮਾਨਦਾਰ, ਸੱਚੇ-ਸੁੱਚੇ, ਕਰਨੀ ਦੇ ਸੂਰੇ, ਅਜ਼ੀਮ ਵਿਦਵਾਨ ਤੇ ਵਧੀਆ ਇਨਸਾਨ ਮੈਨੂੰ ‘ਸੀਤਲ ਭਵਨ` ਦੇ ਬਾਹਰਲੇ ਗੇਟ ਤੱਕ ਵਿਦਾ ਕਰਨ ਆਏ। ਮੈਂ ਉਨ੍ਹਾਂ ਦੀ ਇਸ ਨਿਮਰਤਾ `ਤੇ ਹੈਰਾਨ ਰਹਿ ਗਿਆ। ਉਹ 15 ਮਾਰਚ 1998 ਨੂੰ ਸਾਡੇ ਪਿੰਡ ਆਏ। ਉਨ੍ਹਾਂ ਦੇ ਬੋਲਣ ਤੋਂ ਪਹਿਲਾਂ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਉਨ੍ਹਾਂ ਬਾਰੇ ਕੁਝ ਸ਼ਬਦ ਕਹੇ ਜਿਨ੍ਹਾਂ ਵਿਚ ਉਨ੍ਹਾਂ ਦੀ ਸ਼ਖਸੀਅਤ ਅਤੇ ਲਿਖਤਾਂ ਦੀ ਪ੍ਰਸ਼ੰਸਾ ਕੀਤੀ। ਆਪਣੀ ਸਹੀ ਪ੍ਰਸ਼ੰਸਾ ਸੁਣ ਕੇ ਵੀ ਉਨ੍ਹਾਂ ਕਿਹਾ, “ਮੇਰੇ ਦੋਸਤੋ! ਮੈਨੂੰ ਥੋੜ੍ਹਾ ਸਲਾਹੋ, ਮੈਂ ਅਨਜਾਣ ਰਾਹੀ, ਮੈਨੂੰ ਕੁਰਾਹੇ ਨਾ ਪਾਉ। ਵਿਤੋਂ ਵਧ ਸੋਭਾ ਨੇ ਚਾਤਰ ਭੁਲਾਏ। ਉਹ ਉਚੇ ਚੜ੍ਹੇ, ਫਿਰ ਟਿਕਾਣੇ ਨਾ ਆਏ। ਸਲਾਹੋ ਜ਼ਰੂਰ ਪਰ ਵਿਤੋਂ ਵਧ ਨਹੀਂ, ਹਰ ਇਨਸਾਨ ਆਪਣੀ ਪ੍ਰਸ਼ੰਸਾ ਚਾਹੁੰਦਾ ਹੈ।”
ਸ. ਸੀਤਲ ਦਾ ਖਿਆਲ ਸੀ ਕਿ ਸਿੱਖ ਲੀਡਰਾਂ ਅਤੇ ਆਮ ਸਿੱਖਾਂ ਦੀ ਸੌੜੀ ਸੋਚ ਨੇ ਸਮੁੰਦਰ ਰੂਪੀ ਮਹਾਨ ਸਿੱਖ ਫਲਸਫੇ ਨੂੰ ਕੁੱਜੇ ਵਿਚ ਬੰਦ ਕਰ ਦਿੱਤਾ। ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਦਕਰ ਸਿੱਖ ਧਰਮ ਅਪਨਾਉਣ (ਹਿੰਦੂ ਧਰਮ ਦਾ ਸਤਾਇਆ) ਲਈ ਅੰਮ੍ਰਿਤਸਰ ਆਇਆ। ਉਸ ਦੇ ਸਿੱਖ ਸਜਣ ਨਾਲ ਸਾਰੇ ਅਖੌਤੀ ਅਛੂਤਾਂ ਨੇ ਸਿੱਖ ਧਰਮ ਗ੍ਰਹਿਣ ਕਰ ਲੈਣਾ ਸੀ, ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਜਾਣੀ ਸੀ। ਲੀਡਰ ਵੀ ਬਹੁਗਿਣਤੀ ਵਿਚੋਂ ਹੋਣਾ ਸੀ, ਲੀਡਰੀ ਖੁੱਸਣ ਦੇ ਡਰੋਂ ਉਨ੍ਹਾਂ ਨੇ ਡਾ. ਅੰਬੇਦਕਰ ਨੂੰ ਸਿੱਖ ਧਰਮ ਗ੍ਰਹਿਣ ਨਾ ਕਰਨ ਦਿੱਤਾ। ਡਾ. ਅੰਬੇਦਕਰ ਬਾਅਦ ਵਿਚ ਬੋਧੀ ਬਣ ਗਏ। ਕੀ ਕਿਸੇ ਧਾਰਮਿਕ ਸਿੱਖ ਲੀਡਰ ਪਾਸ ਕੋਈ ਜਵਾਬ ਹੈ?
ਇਸੇ ਤਰ੍ਹਾਂ ਮੈਨੂੰ ਸ. ਸੀਤਲ ਨੇ ਆਪਣੇ ਪਿੰਡ ਕਾਦੀਵਿੰਡ ਦੀ ਗੱਲ ਸੁਣਾਈ ਕਿ ਪਿੰਡ ਦੇ ਕਿਸੇ ਸਿੱਖ ਮੁੰਡੇ ਦਾ ਗੁਆਂਢੀ ਪਿੰਡ ਦੀ ਮੁਸਲਮਾਨ ਕੁੜੀ ਨਾਲ ਪਿਆਰ ਹੋ ਗਿਆ। ਦੋਹਾਂ ਨੇ ਆਪਸ ਵਿਚ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ। ਜਦ ਸਿੱਖ ਮੁੰਡੇ ਨੇ ਮੁਸਲਮਾਨ ਕੁੜੀ ਨਾਲ ਵਿਆਹ ਕਰਨ ਬਾਰੇ ਮਾਪਿਆਂ ਨੂੰ ਦੱਸਿਆ, ਉਨ੍ਹਾਂ ਲੋਹੇ-ਲਾਖੇ ਹੁੰਦਿਆਂ ਕਿਹਾ, “ਅਸੀਂ ਕਿਸੇ ਵੀ ਸੂਰਤ ਵਿਚ ‘ਸੁੱਲੀ` ਨੂੰ ਘਰ ਨਹੀਂ ਵਾੜਨਾ ਹਾਲਾਂਕਿ ਮੁਸਲਮਾਨ ਕੁੜੀ ਅੰਮ੍ਰਿਤ ਛਕ ਕੇ ਸਿੱਖ ਬਣਨ ਨੂੰ ਤਿਆਰ ਸੀ। ਉਧਰ, ਮੁਸਲਮਾਨ ਕੁੜੀ ਦੇ ਮਾਪੇ ਅਤੇ ਰਿਸ਼ਤੇਦਾਰ ਸਿੱਖ ਮੁੰਡੇ ਨੂੰ ਕਤਲ ਕਰਨ ਵਾਸਤੇ ਤਿਆਰ ਸਨ। ਜਦ ਮੁੰਡੇ ਦੇ ਮਾਪੇ ਵਿਆਹ ਲਈ ਰਜ਼ਾਮੰਦ ਨਾ ਹੋਏ ਤਾਂ ਕੁੜੀ ਨੇ ਕਿਹਾ, “ਤੂੰ ਹੁਣ ਮੁਸਲਮਾਨ ਬਣਨ ਲਈ ਤਿਆਰ ਏਂ?” ਮੁੰਡੇ ਦੀ ਰਜ਼ਾਮੰਦੀ ‘ਤੇ ਉਹ ਉਸ ਨੂੰ ਆਪਣੇ ਘਰ ਲੈ ਗਈ। ਕੁੜੀ ਦੇ ਮਾਪੇ ਅਤੇ ਰਿਸ਼ਤੇਦਾਰ ਸਿੱਖ ਮੁੰਡੇ ਨੂੰ ਮਾਰਨ ਲਈ ਅੱਗੇ ਵਧੇ ਤਾਂ ਕੁੜੀ ਨੇ ਕਿਹਾ, “ਇਸ ਨੂੰ ਕੁਝ ਨਾ ਕਹੋ, ਇਸ ਨੇ ਮੁਸਲਮਾਨ ਹੋਣਾ ਮੰਨ ਲਿਆ ਹੈ।” ਸਾਰਿਆਂ ਨੇ ਇਕ ਆਵਾਜ਼ ਵਿਚ ਕਿਹਾ, “ਬਿਸਮਿਲ੍ਹਾ!” ਤੇ ਉਨ੍ਹਾਂ ਦਾ ਨਿਕਾਹ ਹੋ ਗਿਆ। ਪਾਕਿਸਤਾਨ ਬਣਨ ਪਿਛੋਂ ਉਹ ਮੁੰਡਾ ਉਧਰ ਹੀ ਰਹਿ ਗਿਆ।
ਢਾਡੀ ਸੋਹਣ ਸਿੰਘ ਸੀਤਲ ਨੇ ਦੱਸਿਆ ਕਿ ਉਨ੍ਹਾਂ ਦੇ ਡੰਗਰਾਂ ਦਾ ਵਾਗੀ ਮੁਸਲਮਾਨ ਘੁਮਿਆਰਾਂ ਦਾ ਮੁੰਡਾ ਬਰਕਤ ਸੀ। ਉਹ ਉਨ੍ਹਾਂ ਦੀ ਜ਼ਮੀਨ ਵੀ ਵਾਹੁੰਦੇ ਸਨ। ਪਾਕਿਸਤਾਨ ਬਣਨ ‘ਤੇ ਉਹ ਉਨ੍ਹਾਂ ਦੇ ਪਰਿਵਾਰ ਨੂੰ ਹਿੰਦੁਸਤਾਨ ਦੀ ਹੱਦ ‘ਤੇ ਛੱਡਣ ਆਏ ਤਾਂ ਬਰਕਤ ਦੀ ਮਾਂ ਨੇ ਕਿਹਾ, “ਜਾਹ ਸਰਦਾਰਾ! ਤੇਰੇ ਘਰ ਦਾ ਖਾ ਕੇ ਇਹ ਪਲਿਆ ਹੈ, ਮੈਂ ਬੱਤੀ ਧਾਰਾਂ ਬਖਸ਼ੀਆਂ। ਇਹਨੂੰ ਆਪਣਾ ਪੁੱਤ ਬਣਾ ਕੇ ਸਿੱਖ ਬਣਾ ਲਈਂ।” ਬਰਕਤ ਨੂੰ ਨਾਲ ਲੈ ਕੇ ਉਹ ਕਾਲੀਏ-ਸਨਖਤਰੇ ਪਿੰਡ ਆਪਣੇ ਰਿਸ਼ਤੇਦਾਰਾਂ ਪਾਸ ਆ ਗਏ। ਬਰਕਤ ਪੱਗ ਬੰਨ੍ਹਦਾ ਸੀ ਅਤੇ ਕਹਿੰਦਾ ਹੁੰਦਾ ਸੀ, “ਮੈਂ ਗਿਆਨੀ ਜੀ ਦਾ ਛੋਟਾ ਪੁੱਤ ਹਾਂ।” ਪਰ ਕੁਝ ਦਿਨਾਂ ਬਾਅਦ ਇਕ ਅਜਿਹੀ ਘਟਨਾ ਵਾਪਰੀ ਕਿ ਉਹ ਡਰ ਗਏ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਬਰਕਤ ਮੁਸਲਮਾਨ ਹੈ ਅਤੇ ਉਸ ਨੂੰ ਕਿਸੇ ਸਿੱਖ ਨੇ ਮਾਰ ਦਿਤਾ ਤਾਂ ਉਨ੍ਹਾਂ ਦੇ ਮਨ ਤੋਂ ਮਾਨਸਿਕ ਬੋਝ ਸਾਰੀ ਉਮਰ ਨਹੀਂ ਲੱਥੇਗਾ। ਸੋ, ਉਨ੍ਹਾਂ ਉਸ ਨੂੰ ਤਿੰਨਾਂ ਦਿਨਾਂ ਬਾਅਦ ਵਾਪਸ ਕਾਦੀਵਿੰਡ ਭੇਜ ਦਿੱਤਾ ਕਿ ਹਾਲਾਤ ਠੀਕ ਹੋਣ ‘ਤੇ ਵਾਪਸ ਬੁਲਾ ਲੈਣਗੇ।… ਕਾਸ਼! ਏਡੀ ਖੁੱਲ੍ਹਦਿਲੀ ਜੇ ਕਿਤੇ ਸਾਡੇ ਲੀਡਰਾਂ ਵਿਚ ਹੁੰਦੀ ਤਾਂ ਪਾਕਿਸਤਾਨ ਕਦੇ ਨਾ ਬਣਦਾ ਤੇ ਪੰਜਾਬ ਦਾ ਉਜਾੜਾ ਨਾ ਹੁੰਦਾ!
ਮੈਂ 30 ਸਾਲ ਬਾਬੇ ਬੁੱਢੇ ਦੇ ਮੇਲੇ ‘ਤੇ ਸ. ਸੀਤਲ ਨੂੰ ਸੁਣਿਆ। ਇਕ ਵਾਰ ਉਨ੍ਹਾਂ ਦਸਿਆ, “ਬੇਸ਼ਕ ਜਿਨਾਹ ਨੇ ਪਾਕਿਸਤਾਨ ਦੋ ਕੌਮਾਂ ਦੇ ਸਿਧਾਂਤ `ਤੇ ਮੰਗਿਆ ਸੀ, ਪਰ ਅੰਗਰੇਜ਼ ਸਿੱਖਾਂ ਨੂੰ ਤੀਸਰੀ ਧਿਰ ਮੰਨਦਾ ਸੀ। ਉਹ ਭਾਰਤ ਨੂੰ ਤਿੰਨ ਹਿੱਸਿਆਂ ਵਿਚ ਵੰਡਣਾ ਚਾਹੁੰਦਾ ਸੀ। ਪੰਜਾਬੀ ਦਾ ਪ੍ਰਸਿਧ ਅਖਾਣ ਹੈ, ‘ਭਾਈ ਚੱਠੇ, ਖਾਣ ਪੀਣ ਨੂੰ ਅੱਡੋ-ਅੱਡ, ਲੜਨ ਭਿੜਨ ਨੂੰ ਇਕੱਠੇ।` ਜੇ ਕਦੇ ਸਾਡੇ ਨੇਤਾ (ਨਹਿਰੂ ਤੇ ਬਲਦੇਵ ਸਿੰਘ) ਇਸ ਅਖਾਣ ਨੂੰ ਮੁੱਖ ਰੱਖ ਕੇ ਦੋ ਦੀ ਥਾਂ ਤਿੰਨ ਰਿਆਸਤਾਂ ਬਣਾਉਣ ਵਾਸਤੇ ਮੰਨ ਜਾਂਦੇ ਤਾਂ ਘੱਟੋ-ਘੱਟ ਚਾਰ ਜਿਲੇ (ਲਾਹੌਰ, ਸ਼ੇਖੁਪੁਰਾ, ਗੁਜਰਾਂਵਾਲਾ, ਮਿੰਟਗੁਮਰੀ) ਪਾਕਿਸਤਾਨ ਵਿਚ ਜਾਣ ਤੋਂ ਬਚ ਜਾਂਦੇ। ਇਨਸਾਫ ਦੀ ਅੱਖ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਜਿਲਿਆਂ ਨਾਲ ਸਿੱਖਾਂ ਦਾ ਖਾਸ ਸਬੰਧ ਹੈ। ਸ਼ੇਖੂਪੁਰਾ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ, ਲਾਹੌਰ ਵਿਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਥਾਨ ਡੇਰਾ ਸਾਹਿਬ, ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਦੇ ਤਖਤ ‘ਤੇ ਬੈਠ ਕੇ 40 ਸਾਲ ਰਾਜ ਕਰਨਾ, ਗੁਜਰਾਂਵਾਲਾ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਅਤੇ ਮਿੰਟਗੁਮਰੀ ਆਦਿ ਦੀਆਂ ਬਾਰਾਂ ਸਿੱਖਾਂ ਨੇ ਲਹੂ-ਪਾਣੀ ਇਕ ਕਰਕੇ ਆਬਾਦ ਕੀਤੀਆਂ। ਲਾਇਲਪੁਰ ਜਿਲੇ ਵਿਚ 80 ਫੀਸਦੀ ਜ਼ਮੀਨ ਦੇ ਮਾਲਕ ਸਿੱਖ ਸਨ। ਪੌਣੇ ਦੋ ਸੌ ਗੁਰਦੁਆਰੇ ਪਾਕਿਸਤਾਨ ਵਿਚ ਰਹਿ ਗਏ। ਜਿਸ ਕੌਮ ਨੇ ਜਿੰਦਾ ਰਹਿਣਾ ਹੈ, ਉਸ ਲਈ ਪੂਜਾ ਕਰਨ ਵਾਸਤੇ ਆਪਣੇ ਧਰਮ ਗੁਰੂਆਂ ਅਤੇ ਕੌਮੀ ਯੋਧਿਆਂ ਦੇ ਜਨਮ ਸਥਾਨ ਆਪਣੇ ਹੱਥ ਵਿਚ ਲੈਣੇ ਜ਼ਰੂਰੀ ਹੁੰਦੇ ਹਨ।
ਮੇਰੇ ਪਿੰਡ ਦੇ ਇਕ ਮੁਸਲਮਾਨ ਦੋਸਤ ਨੇ ਮੈਨੂੰ ਦੱਸਿਆ, “ਸੀਤਲ ਜੀ! ਮੁਸਲਿਮ ਲੀਗ ਨੇ ਮੁਸਲਮਾਨਾਂ ਨੂੰ ਵਿਸ਼ਵਾਸ ਦਿਵਾਇਆ ਹੋਇਆ ਹੈ ਕਿ ਪਾਕਿਸਤਾਨ ਬਣਨ ‘ਤੇ ਪੱਛਮੀ ਪੰਜਾਬ ਵਿਚੋਂ ਸਿੱਖਾਂ ਨੂੰ ਵੱਢ-ਟੁਕ ਕੇ ਕੱਢ ਦਿੱਤਾ ਜਾਵੇਗਾ ਤੇ ਉਨ੍ਹਾਂ ਦੀ ਜ਼ਮੀਨ ਜਾਇਦਾਦ ਤੁਹਾਨੂੰ ਵੰਡ ਦਿੱਤੀ ਜਾਏਗੀ। ਇਸ ਕਾਰਨ ਸਮੁੱਚੀ ਮੁਸਲਮਾਨ ਕੌਮ ਪਾਕਿਸਤਾਨ ਦੇ ਹੱਕ ਵਿਚ ਹੋ ਗਈ।”
ਉਨ੍ਹਾਂ ਦੱਸਿਆ ਕਿ ਇਕ ਵਾਰ ਦੋ ਸਿੱਖ ਲੀਡਰ ਜਿਨਾਹ ਨੂੰ ਮਿਲਣ ਕਰਾਚੀ ਗਏ। ਉਸ ਨੇ ਸਿੱਖ ਲੀਡਰਾਂ ਨੂੰ ਸਿਗਾਰ ਪੇਸ਼ ਕੀਤੇ। ਸਿੱਖ ਲੀਡਰਾਂ ਨੇ ਇਨਕਾਰ ਕਰਦਿਆਂ ਕਿਹਾ ਕਿ ਜਿਨਾਹ ਸਾਹਿਬ, ਤੁਹਾਨੂੰ ਪਤਾ ਨਹੀਂ ਕਿ ਸਿੱਖ ਧਰਮ ਵਿਚ ਤਮਾਕੂਨੋਸ਼ੀ ਮਨ੍ਹਾ ਹੈ? ਜਿਨਾਹ ਦਾ ਜਵਾਬ ਸੀ, ਸਰਦਾਰ ਸਾਹਿਬ! ਮੈਨੂੰ ਪਤਾ ਹੈ ਸਿੱਖ ਤਮਾਕੂਨੋਸ਼ੀ ਨਹੀਂ ਕਰਦੇ, ਪਰ ਮੈਨੂੰ ਇਹ ਵੀ ਪਤਾ ਹੈ ਕਿ ਨਾ ਅਮੀਰ ਦਾ ਤੇ ਨਾ ਹੀ ਗਰੀਬ ਦਾ ਕੋਈ ਧਰਮ ਹੁੰਦਾ ਹੈ।
ਸ. ਸੀਤਲ ਨੇ ਇੰਗਲੈਂਡ ਦੀ ਗੱਲ ਸੁਣਾਈ, “ਮੈਂ ਕਿਸੇ ਗੋਰੇ ਦੀ ਦੁਕਾਨ ਤੋਂ ਬਦਾਮ ਰੋਗਨ ਖਰੀਦਿਆ ਤੇ ਪੈਸੇ ਦਿੱਤੇ। ਜਦ ਦੁਕਾਨ ਤੋਂ ਉਤਰਿਆ ਤਾਂ ਗੋਰੇ ਨੇ ਕਿਹਾ, ‘ਮਿਸਟਰ ਸਿੰਘ! ਤੁਸਾਂ ਇਹ ਖਾਣ ਵਾਸਤੇ ਲਿਆ ਹੈ ਜਾਂ ਮਲਣ ਵਾਸਤੇ?’ ਮੈਂ ਕਿਹਾ, ‘ਖਾਣ ਵਾਸਤੇ’ (ਬਦਾਮ ਰੋਗਨ ਮਲਣ ਵਾਸਤੇ ਸੀ)। ਉਸ ਨੇ ਉਸੇ ਵੇਲੇ ਬਦਾਮ ਰੋਗਨ ਵਾਪਸ ਲੈ ਕੇ ਪੈਸੇ ਮੋੜ ਦਿੱਤੇ। ਜੇ ਮੈਂ ਬਦਾਮ ਰੋਗਨ ਭਾਰਤ ਵਿਚੋਂ ਖਰੀਦਿਆ ਹੁੰਦਾ ਤਾਂ ਕਿਸੇ ਕਿਰਪਾਨ ਜਾਂ ਤਿਲਕਧਾਰੀ ਨੇ ਮੇਰੇ ਪੈਸੇ ਵਾਪਸ ਨਹੀਂ ਸਨ ਕਰਨੇ।” ਉਨ੍ਹਾਂ ਦਾ ਕਹਿਣਾ ਸੀ ਕਿ ਗੋਰਿਆਂ ਦੇ ਔਗੁਣ ਅਸੀਂ ਸਾਰੇ ਸਿੱਖ ਲਏ ਨੇ, ਪਰ ਗੁਣ ਕੋਈ ਨਹੀਂ ਸਿਖਿਆ।
ਮਹਾਨ ਵਿਦਵਾਨ, ਢਾਡੀ ਕਲਾ ਦਾ ਪਿਤਾਮਾ, ਪੈਗੰਬਰ, ਬਾਦਸ਼ਾਹ ਤੇ ਚਿੰਤਕ ਢਾਡੀ ਸੀਤਲ 23 ਸਤੰਬਰ 1998 ਨੂੰ ਸੰਸਾਰ ਨੂੰ ਅਲਵਿਦਾ ਕਹਿ ਗਿਆ। 2 ਅਕਤੂਬਰ 1998 ਨੂੰ ਮੈਂ ਉਨ੍ਹਾਂ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਇਆ। ਕੈਨੇਡਾ ਤੋਂ ਉਨ੍ਹਾਂ ਦੇ ਦੋ ਪੁੱਤਰ-ਰਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਆਏ, ਪਰ ਤੀਜਾ ਪੁੱਤਰ (ਜੋ ਸ. ਸੀਤਲ ਦੀ ਬਦੌਲਤ ਸਰਜਨ ਬਣਿਆ) ਰਘਬੀਰ ਸਿੰਘ ਤਾਂ ਅੰਤਿਮ ਦਰਸ਼ਨ ਕਰਨ ਲਈ ਵੀ ਨਾ ਆਇਆ। ਮੈਂ ਹੈਰਾਨ ਹਾਂ ਕਿ ਸ. ਸੀਤਲ ਆਪਣੇ ਡਾਕਟਰ ਪੁੱਤਰ ਦੀ ਪ੍ਰਸ਼ੰਸਾ ਕਰਦੇ ਨਹੀਂ ਸਨ ਥੱਕਦੇ। ਨਾ ਹੀ ਕੋਈ ਵੱਡਾ ਧਾਰਮਿਕ ਅਤੇ ਸਿਆਸੀ ਲੀਡਰ ਆਇਆ। ਅੱਜ ਕੱਲ੍ਹ ਦੇ ਸਿਆਸੀ ਤੇ ਧਾਰਮਿਕ ਲੀਡਰ ਉਸ ਭੋਗ ‘ਤੇ ਜ਼ਰੂਰ ਜਾਂਦੇ ਹਨ, ਜਿਥੋਂ ਵਧੇਰੇ ਵੋਟਾਂ ਦੀ ਆਸ ਹੋਵੇ।
ਸ. ਸੀਤਲ ਆਪਣੀ ਢਾਡੀ ਕਲਾ ਅਤੇ ਲਿਖਤਾਂ ਸਦਕਾ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿਚ ਸਦਾ ਜਿੰਦਾ ਰਹਿਣਗੇ। ਉਹ 20ਵੀਂ ਸਦੀ ਦੀ ਢਾਡੀ ਕਲਾ ਦੇ ਪਿਤਾਮਾ ਸਨ। ਜੇ ਅਸੀਂ ਆਪਣੇ ਸਮਾਜ ਨੂੰ, ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਨਸ਼ਿਆਂ, ਨੰਗੇਜਵਾਦ ਤੇ ਅਸ਼ਲੀਲਤਾ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਢਾਡੀ ਕਲਾ ਦੀ ਸਰਪ੍ਰਸਤੀ ਕਰਕੇ ਇਸ ਨੂੰ ਮੁੜ ਤੋਂ ਸੁਰਜੀਤ ਕਰਨਾ ਪਏਗਾ। ਸ਼੍ਰੋਮਣੀ ਕਮੇਟੀ ਨੂੰ ਯੋਗ ਢਾਡੀਆਂ ਦੀ ਸਰਪ੍ਰਸਤੀ ਕਰਨੀ ਚਾਹੀਦੀ ਹੈ। ਨਹੀਂ ਤਾਂ ਸਾਡੇ ਅਜੋਕੇ ਅਖੌਤੀ ‘ਸਭਿਆਚਾਰਕ ਗਾਇਕ/ਗਾਇਕਾਵਾਂ’ ਅਤੇ ਗੀਤਕਾਰਾਂ ਨੇ ਹਰ ਮੁੰਡੇ ਕੁੜੀ ਨੂੰ ਹੀਰ ਰਾਂਝਾ ਬਣਾ ਦਿੱਤਾ ਹੈ। ਸਿੱਖ ਸਭਿਆਚਾਰ ਅਤੇ ਪੰਜਾਬ ਦੇ ਅਸਲ ਸਭਿਆਚਾਰ ਦੀ ਗੱਲ ਕਰਨੀ ਪਵੇਗੀ। ਢਾਡੀ ਸੀਤਲ ਦੀਆਂ ਹੇਠ ਲਿਖੀਆਂ ਸਤਰਾਂ ਅੱਜ ਦੇ ਲੀਡਰਾਂ ਨੂੰ ਨੰਗਾ ਕਰਦੀਆਂ ਹਨ:
ਹਾਕਮ ਥਾਪੇ ਗਏ ਸੀ ਪਰਜਾ ਪਾਲਣ ਵਾਸਤੇ,
ਪਰਜਾ ਖਾਣ ਦੀ ਨੀਤੀ ਬਣ ਗਈ ਹੈ ਸਰਕਾਰ ਦੀ।
ਕਈਆਂ ਜਿਉਂਦਿਆਂ ਜੀਆਂ ਦੀ ਕੱਢ ਚਰਬੀ,
ਮਹਿਲੀਂ ਕਿਸੇ ਨੇ ਜੋਤ ਜਗਾਈ ਹੋਈ ਆ।