ਭਾਜਪਾ ਦੀ ਅੱਖ ਹੁਣ ਕਰਤਾਰਪੁਰ ਲਾਂਘੇ `ਤੇ?

ਸੁਬਰਾਮਨੀਅਮ ਸਵਾਮੀ ਵਲੋਂ ਕੰਮ ਰੋਕਣ ਦੀ ਪੈਰਵੀ
ਚੰਡੀਗੜ੍ਹ: ਇਕ ਪਾਸੇ ਜਿਥੇ ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਦਾ ਕੰਮ ਤੈਅ ਸਮੇਂ ਉਤੇ ਨੇਪਰੇ ਚਾੜ੍ਹਨ ਲਈ ਜ਼ੋਰਾਂ-ਸ਼ੋਰਾਂ ਨਾਲ ਕੰਮ ਚੱਲ ਰਿਹਾ ਹੈ, ਉਥੇ ਭਾਰਤ ਵਾਲੇ ਪਾਸੇ ਲਾਂਘੇ ਨੂੰ ਰੋਕਣ ਲਈ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਜੰਮੂ ਕਸ਼ਮੀਰ ਵਿਚ ਧਾਰਾ 370 ਹਟਾਉਣ ਤੋਂ ਬਾਅਦ ਬਣੇ ਹਾਲਾਤ ਦਾ ਬਹਾਨਾ ਬਣਾ ਕੇ ਕਰਤਾਰਪੁਰ ਲਾਂਘੇ ਦੇ ਰਾਹ ਵਿਚ ਅੜਿੱਕਾ ਢਾਹੁਣ ਦੀ ਰਣਨੀਤੀ ਬਣਾਈ ਜਾ ਰਹੀ ਹੈ।

ਰਾਜ ਸਭਾ ਮੈਂਬਰ ਤੇ ਸੀਨੀਅਰ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਵਲੋਂ ਲਾਂਘੇ ਦਾ ਕੰਮ ਰੋਕਣ ਦੇ ਦਿੱਤੇ ਬਿਆਨ ਤੋਂ ਬਾਅਦ ਇਹ ਚਰਚਾ ਛਿੜ ਗਈ ਹੈ ਕਿ ਮੋਦੀ ਸਰਕਾਰ ਇਸ ਬਾਰੇ ਕੋਈ ਫੈਸਲਾ ਲੈਣ ਦੀ ਤਿਆਰੀ ਵਿਚ ਹੈ। ਚੰਡੀਗੜ੍ਹ ਵਿਚ ਇਕ ਸਮਾਗਮ ਵਿਚ ਹਿੱਸਾ ਲੈਣ ਆਏ ਸਵਾਮੀ ਦੀ ਬੋਲਬਾਣੀ ਤੋਂ ਪਤਾ ਲੱਗਦਾ ਹੈ ਕਿ ਉਹ ਤੈਅ ਕਰਕੇ ਆਏ ਸਨ ਕਿ ਉਨ੍ਹਾਂ ਨੇ ਕਰਤਾਰਪੁਰ ਲਾਂਘੇ ਬਾਰੇ ਕੀ ਬੋਲਣਾ ਹੈ। ਉਨ੍ਹਾਂ ਨੇ ਲਾਂਘੇ ਦਾ ਵਿਰੋਧ ਕਰਦਿਆਂ ਇਥੋਂ ਤੱਕ ਆਖ ਦਿੱਤਾ ਕਿ ਸਿੱਖ ਪੱਕੇ ਰਾਸ਼ਟਰਵਾਦੀ ਹਨ ਤੇ ਉਹ ਸਭ ਸਮਝਦੇ ਹਨ। ਇਸ ਲਈ ਉਹ ਖੁਦ ਹੀ ਲਾਂਘਾ ਰੋਕਣ ਲਈ ਅੱਗੇ ਆਉਣ, ਲਾਂਘਾ ਕਦੇ ਫਿਰ ਬਣਾ ਲਵਾਂਗੇ। ਭਾਵੇਂ ਚੁਫੇਰਿਉਂ ਵਿਰੋਧ ਤੋਂ ਬਾਅਦ ਕੁਝ ਭਾਜਪਾ ਆਗੂਆਂ ਨੇ ਆਖ ਦਿੱਤਾ ਕਿ ਸਵਾਮੀ ਦਾ ਇਹ ਬਿਆਨ ਨਿੱਜੀ ਹੈ ਪਰ ਸਿੱਖ ਜਥੇਬੰਦੀਆਂ ਅਤੇ ਪੰਜਾਬ ਦੀਆਂ ਕੁਝ ਸਿਆਸੀ ਧਿਰਾਂ ਇਸ ਨੂੰ ਡੂੰਘੀ ਸਾਜ਼ਿਸ਼ ਮੰਨ ਰਹੀਆਂ ਹਨ।
ਯਾਦ ਰਹੇ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਵਿਚ ਭਾਰਤ ਸਰਕਾਰ ਨੇ ਕਦੇ ਵੀ ਬਹੁਤੀ ਦਿਲਚਸਪੀ ਨਹੀਂ ਵਿਖਾਈ। ਭਾਵੇਂ ਇਹ ਮੰਗ ਭਾਰਤੀਆਂ (ਸਿੱਖਾਂ) ਦੀ ਹੈ ਪਰ ਮੋਦੀ ਸਰਕਾਰ ਇਸ ਪਾਸੇ ਹਮੇਸ਼ਾ ਪਾਕਿਸਤਾਨ ਤੋਂ ਦੋ ਕਦਮ ਪਿੱਛੇ ਰਹੀ ਹੈ। ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਮੁੱਢ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੌਰੇ ਮੌਕੇ ਬੱਝਾ ਸੀ, ਜਦੋਂ ਉਥੋਂ ਦੇ ਫੌਜ ਮੁਖੀ ਨੇ ਸਿੱਧੂ ਨੂੰ ਜੱਫੀ ਪਾ ਕੇ ਕੰਨ ਵਿਚ ਇਹ ਖੁਸ਼ਖਬਰੀ ਦਿੱਤੀ ਸੀ ਪਰ ਇਹ ਜੱਫੀ ਭਾਰਤ ਦੀਆਂ ਸਿਆਸੀ ਧਿਰਾਂ, ਖਾਸ ਕਰਕੇ ਭਾਜਪਾ ਨੂੰ ਬੜੀ ਚੁੱਭੀ ਸੀ। ਪਾਕਿਸਤਾਨ ਦੀ ਇਸ ਪਹਿਲ ਕਾਰਨ ਮਜਬੂਰੀ ਵਿਚ ਮੋਦੀ ਸਰਕਾਰ ਨੂੰ ਵੀ ਹਾਮੀ ਭਰਨੀ ਪਈ। ਇਸ ਪਿੱਛੋਂ ਦੋਵਾਂ ਦੇਸ਼ਾਂ ਵਿਚ ਲਾਂਘੇ ਦਾ ਉਦਘਾਟਨ ਤਾਂ ਹੋ ਗਿਆ ਪਰ ਇਸ ਕੰਮ ਨੂੰ ਸਿਰੇ ਲਾਉਣ ਵਿਚ ਜਿਸ ਤਰ੍ਹਾਂ ਦੀ ਫੁਰਤੀ ਪਾਕਿਸਤਾਨ ਨੇ ਦਿਖਾਈ, ਉਸ ਦੀ ਹਰ ਪਾਸੇ ਸ਼ਲਾਘਾ ਹੋਈ। ਖਾਸ ਕਰਕੇ ਸਿੱਖ ਭਾਈਚਾਰਾ ਪਾਕਿਸਤਾਨ ਦੀ ਇਸ ਪਹਿਲਕਦਮੀ ਦਾ ਕਾਇਲ ਹੋ ਗਿਆ। ਫਿਰ ਮਜਬੂਰੀਵੱਸ ਭਾਰਤ ਵਾਲੇ ਪਾਸੇ ਵੀ ਕੰਮ ਅੱਗੇ ਤੋਰਨਾ ਪਿਆ। ਹੁਣ ਪਾਕਿਸਤਾਨ ਵਾਲੇ ਪਾਸੇ ਲਾਂਘੇ ਦਾ ਕੰਮ ਪੂਰਾ ਹੋਣ ਕੰਢੇ ਹੈ ਤੇ ਭਾਰਤ ਵੀ ਤੈਅ ਸਮੇਂ ਵਿਚ ਕੰਮ ਨਿਬੇੜਨ ਦੇ ਦਾਅਵੇ ਕਰ ਰਿਹਾ ਹੈ।
ਇਸ ਸਮੇਂ ਭਾਜਪਾ ਆਗੂ ਦੇ ਬਿਆਨ ਨੇ ਸਿੱਖਾਂ ਵਿਚ ਸਹਿਮ ਪੈਦਾ ਕਰ ਦਿੱਤਾ ਹੈ। ਵੱਡੀ ਗਿਣਤੀ ਸਿੱਖ, ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਤਿਆਰ ਬੈਠੇ ਹਨ। ਪਾਕਿਸਤਾਨ ਵਾਲੇ ਪਾਸੇ ਵੀ ਭਾਰਤੀ ਸੰਗਤ ਨੂੰ ਜੀ ਆਇਆਂ ਆਖਣ ਲਈ ਵੱਡੇ ਵੱਧਰ ਉਤੇ ਤਿਆਰੀਆਂ ਚੱਲ ਰਹੀਆਂ ਹਨ ਪਰ ਭਾਜਪਾ ਮੰਤਰੀ ਦਾ ਇਹ ਬਿਆਨ ਕੁਝ ਹੋਰ ਹੀ ਇਸ਼ਾਰਾ ਕਰਦਾ ਹੈ। ਉਧਰ, ਸਵਾਮੀ ਵਲੋਂ ਕਰਤਾਰਪੁਰ ਲਾਂਘਾ ਨਾ ਖੋਲ੍ਹਣ ਦੀ ਵਕਾਲਤ ਕੀਤੇ ਜਾਣ ਮਗਰੋਂ ਪੰਜਾਬ ਦੀ ਸਿਆਸਤ ਵਿਚ ਜ਼ੋਰਦਾਰ ਹਲਚਲ ਹੋਈ ਹੈ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਸ ਬਿਆਨ ਦੀ ਕਰੜੀ ਆਲੋਚਨਾ ਕਰਦਿਆਂ ਇਸ ਨੂੰ ਬੇਲੋੜਾ ਤੇ ਸਿੱਖ ਵਿਰੋਧੀ ਦੱਸਿਆ ਹੈ। ਕਾਂਗਰਸ ਦੇ 10 ਸੀਨੀਅਰ ਆਗੂਆਂ ਨੇ ਕਿਹਾ ਕਿ ਇਸ ਬਿਆਨ ਨਾਲ ਸਿੱਖ ਭਾਈਚਾਰੇ ਨੂੰ ਠੇਸ ਪੁੱਜੀ ਹੈ। ਕੁਝ ਸਿਆਸੀ ਆਗੂ ਇਹ ਖਦਸ਼ਾ ਜ਼ਾਹਿਰ ਕਰ ਰਹੇ ਹਨ ਕਿ ਜੰਮੂ ਕਸ਼ਮੀਰ ਤੋਂ ਬਾਅਦ ਹੁਣ ਭਾਜਪਾ ਦੀ ਪੰਜਾਬ ਉਤੇ ਅੱਖ ਹੈ ਤੇ ਮੋਦੀ ਸਰਕਾਰ ਸੂਬੇ ਬਾਰੇ ਛੇਤੀ ਹੀ ਕੁਝ ਸਖਤ ਫੈਸਲੇ ਕਰਨ ਵਾਲੀ ਹੈ।
______________________________
ਸਵਾਮੀ ਦੇ ਬਿਆਨ ਨੇ ਬਾਦਲਾਂ ਨੂੰ ਕਸੂਤਾ ਫਸਾਇਆ
ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਦੇ ਬਿਆਨ ਨੇ ਅਕਾਲੀ ਦਲ ਬਾਦਲ ਨੂੰ ਕਸੂਤਾ ਫਸਾ ਦਿੱਤਾ ਹੈ। ਅਕਾਲੀ ਦਲ ਹੁਣ ਤੱਕ ਇਹੀ ਦਾਅਵਾ ਕਰਦਾ ਰਿਹਾ ਹੈ ਕਿ ਕਰਤਾਰਪੁਰ ਲਾਂਘਾ ਮੋਦੀ ਸਰਕਾਰ ਦੀਆਂ ਕੋਸ਼ਿਸ਼ਾਂ ਕਰਕੇ ਖੁੱਲਿ੍ਹਆ ਹੈ ਪਰ ਹੁਣ ਭਾਜਪਾ ਆਗੂਆਂ ਦੇ ਬਿਆਨ ਦੱਸਦੇ ਹਨ ਕਿ ਭਗਵਾ ਸਰਕਾਰ ਇਸ ਫੈਸਲੇ ਤੋਂ ਕਿੰਨੀ ਔਖੀ ਹੈ। ਸਵਾਮੀ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਵੀ ਬਾਦਲਾਂ ਦੁਆਲੇ ਹੋ ਗਈਆਂ ਹਨ। ਸਿਆਸੀ ਆਗੂਆਂ ਨੇ ਦੋਸ਼ ਲਾਇਆ ਹੈ ਕਿ ਬਾਦਲ ਪਰਿਵਾਰ ਭਾਜਪਾ ਦਾ ਭਾਈਵਾਲ ਹੋਣ ਦੇ ਬਾਵਜੂਦ ਗੁਰੂ ਘਰਾਂ ਉਤੇ ਲਾਇਆ ਜੀ.ਐਸ.ਟੀ. ਨਹੀਂ ਰੋਕ ਸਕਿਆ ਤੇ ਹੁਣ ਲਾਂਘੇ ਦਾ ਕੰਮ ਰੋਕਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਤੇ ਪੰਜਾਬ ਵਿਰੋਧੀ ਫੈਸਲਿਆਂ ਉਤੇ ਅਕਾਲੀ ਦਲ ਦੀ ਚੁੱਪ ਸਾਬਤ ਕਰਦੀ ਹੈ ਕਿ ਅਕਾਲੀ ਦਲ ਬਰਾਬਰ ਦਾ ਗੁਨਾਹਗਾਰ ਹੈ।
______________________________
ਸਿੱਖ ਜਥੇਬੰਦੀਆਂ ਵਲੋਂ ਵਿਰੋਧ
ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਵਲੋਂ ਕਰਤਾਰਪੁਰ ਲਾਂਘਾ ਰੋਕਣ ਦੀ ਵਕਾਲਤ ਦਾ ਅਕਾਲ ਤਖਤ, ਦਮਦਮੀ ਟਕਸਾਲ, ਸੰਤ ਸਮਾਜ, ਪੰਥਕ ਤਾਲਮੇਲ ਸੰਗਠਨ, ਦਲ ਖਾਲਸਾ ਆਦਿ ਸਿੱਖ ਜਥੇਬੰਦੀਆਂ ਨੇ ਸਖਤ ਵਿਰੋਧ ਕੀਤਾ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਪੁਲਵਾਮਾ ਹਮਲੇ ਤੇ ਕਸ਼ਮੀਰ ਵਿਚ ਧਾਰਾ-370 ਖਤਮ ਕੀਤੇ ਜਾਣ ਦੌਰਾਨ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਦਰਮਿਆਨ ਪੈਦਾ ਹੋਏ ਤਣਾਅ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ, ਵਪਾਰ, ਹਵਾਈ ਲਾਂਘਾ ਆਦਿ ਬੰਦ ਹੋ ਚੁੱਕਾ ਹੈ। ਕੂਟਨੀਤਕ ਰਿਸ਼ਤੇ ਵੀ ਟੁੱਟ ਰਹੇ ਹਨ। ਅਜਿਹੀ ਸਥਿਤੀ ਵਿਚ ਵੀ ਸਿਰਫ ਗੁਰਦੁਆਰਾ ਕਰਤਾਰਪੁਰ ਲਾਂਘੇ ਦਾ ਕੰਮ ਹੀ ਅਜਿਹਾ ਕਾਰਜ ਹੈ, ਜੋ ਦੋਵਾਂ ਦੇਸ਼ਾਂ ਵੱਲੋਂ ਨਿਰੰਤਰ ਕੀਤਾ ਜਾ ਰਿਹਾ ਹੈ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਜਪਾ ਆਗੂ ਦੇ ਬਿਆਨ ਦੀ ਨਿਖੇਧੀ ਕਰਦਿਆਂ ਆਖਿਆ ਕਿ ਇਹ ਮਾਮਲਾ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਸਿੱਖ ਕੌਮ ਲੰਮੇ ਸਮੇਂ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਮੰਗ ਕਰ ਰਹੀ ਹੈ, ਹੁਣ ਜਦੋਂ ਇਹ ਮੌਕਾ ਆਇਆ ਹੈ ਤਾਂ ਅਜਿਹੀ ਬਿਆਨਬਾਜ਼ੀ ਠੀਕ ਨਹੀਂ ਹੈ।