ਡਾæ ਗੁਰਨਾਮ ਕੌਰ, ਕੈਨੇਡਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅਤੇ ਗੁਰੂ ਸਾਹਿਬਾਨ ਵੱਲੋਂ ਅਮਲੀ ਰੂਪ ਵਿਚ ਦਿੱਤੇ ਇਸਤਰੀ ਪੁਰਸ਼ ਦੀ ਬਰਾਬਰੀ ਦੇ ਸਿਧਾਂਤ ਵਿਚੋਂ ਹੀ ਇਸਤਰੀ ਦੀ ਮੁਖਤਿਆਰਤਾ (ਇੰਪਾਵਰਮੈਂਟ) ਦਾ ਸਿਧਾਂਤ ਨਿਕਲਦਾ ਹੈ। ਸਮੱਸਿਆ ਵੱਧ ਅਧਿਕਾਰ ਦੇਣ ਜਾਂ ਘੱਟ ਫ਼ਰਜ਼ ਦੇਣ ਦੀ ਨਹੀਂ ਹੈ। ਸਮੱਸਿਆ ਇਸਤਰੀ ਨੂੰ ਪੁਰਸ਼ ਵਾਗ ਹੀ ਇਨਸਾਨ ਸਮਝਦੇ ਹੋਏ, ਪੁਰਸ਼ ਦੇ ਬਰਾਬਰ ਨੈਤਿਕ ਅਤੇ ਅਧਿਆਤਮਕ ਅਧਿਕਾਰ ਦਿੰਦਿਆਂ ਉਸ ਦੇ ਬਰਾਬਰ ਥਾਂ ਦੇਣ ਦੀ ਹੈ। ਗੁਰੂ ਨਾਨਕ ਸਾਹਿਬ ਨੇ ਇਸਤਰੀ ਅਤੇ ਸਮਾਜ-ਦੋਵਾਂ ਨੂੰ ਹੀ ਉਸ ਦੇ ਹਾਲਾਤ, ਉਸ ਦੀ ਗ਼ੁਲਾਮੀ, ਉਸ ਤੇ ਲੱਗੀਆਂ ਰੋਕਾਂ ਤੋਂ ਜਾਣੂ ਕਰਵਾਇਆ ਹੈ, ਉਸ ਅੰਦਰ ਆਪਣੀ ਅਸਲੀ ਯੋਗਤਾ ਦੀ ਚੇਤੰਨਤਾ ਪੈਦਾ ਕੀਤੀ ਅਤੇ ਸਮਾਜ ਦੇ ਦਿਮਾਗ ਵਿਚੋਂ ਉਸ ਪ੍ਰਤੀ ਪਾਲੇ ਜਾ ਰਹੇ ਪੱਖਪਾਤਾਂ ਨੂੰ ਦੂਰ ਕੀਤਾ ਹੈ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਨੇ ਇਸਤਰੀ ਨੂੰ ਪੁਰਸ਼ ਦੇ ਬਰਾਬਰ ਨੈਤਿਕ ਅਤੇ ਅਧਿਆਤਮਕ ਅਧਿਕਾਰ ਦੇ ਕੇ ਉਸ ਨੂੰ ਉਸ ਦੀ ਬਣਦੀ ਥਾਂ ਮੁਹੱਈਆ ਕਰਾਈ। ਇਸੇ ਲਈ ਸਿੱਖ ਧਰਮ ਦੇ ਅਰੰਭ ਤੋਂ ਹੀ ਸਿੱਖ ਇਸਤਰੀ ਖ਼ਾਲਸੇ ਦੀ ਰੀੜ੍ਹ ਦੀ ਹੱਡੀ ਰਹੀ ਹੈ ਅਤੇ ਰਹੇਗੀ। ਅਸੀਂ ਸਿੱਖ ਇਸਤਰੀਆਂ ਦੇ ਜੀਵਨ ਇਤਿਹਾਸ ਵਿਚੋਂ ਦੇਖ ਸਕਦੇ ਹਾਂ ਕਿ ਜਾਗੀਆਂ ਹੋਈਆਂ ਰੂਹਾਂ ਵਜੋਂ ਉਹ ਕਿਵੇਂ ਅਧਿਆਤਮਕ ਅਨੁਭਵ, ਧਾਰਮਿਕ ਕਾਰਜਾਂ, ਸਮਾਜਿਕ ਅਤੇ ਸਭਿਆਚਾਰਕ ਸ਼ਕਤੀ ਲਈ ਬਰਾਬਰ ਦੀਆਂ ਹੱਕਦਾਰ ਬਣੀਆਂ ਅਤੇ ਬਾਣੀ ਦੀ ਉਨ੍ਹਾਂ ਨੂੰ ਬਰਾਬਰ ਦੀ ਸੂਝ ਸੀ। ਸਿੱਖ ਇਸਤਰੀ ਬਾਣੀ ਪੜ੍ਹ ਸਕਦੀ ਹੈ, ਕੀਰਤਨ ਕਰ ਸਕਦੀ ਹੈ ਅਤੇ ਇਸ ਦਾ ਪ੍ਰਚਾਰ ਕਰ ਸਕਦੀ ਹੈ। ਬੀਬੀਆਂ ਦੇ ਉਪਰ ਵਰਣਨ ਕੀਤੇ ਬਰਾਬਰੀ ਦੇ ਹੱਕਾਂ ਅਤੇ ਉਨ੍ਹਾਂ ਦੇ ਸਮਾਜ ਅਤੇ ਧਰਮ ਦੇ ਖੇਤਰ ਵਿਚ ਪਾਏ ਯੋਗਦਾਨ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਇਤਿਹਾਸ ਵਿਚ ਪਈਆਂ ਹਨ, ਜਿਨ੍ਹਾਂ ਵਿਚੋਂ ਕੁੱਝ-ਇੱਕ ਚੋਣਵੀਆਂ ਦਾ ਜ਼ਿਕਰ ਇਸ ਲੇਖ-ਲੜੀ ਵਿਚ ਕੀਤਾ ਜਾਵੇਗਾ।
ਬੇਬੇ ਨਾਨਕੀ: ਪਹਿਲੇ ਸਮਿਆਂ ਵਿਚ ਵੱਡੀਆਂ ਭੈਣਾਂ ਨੂੰ ਆਮ ਤੌਰ ‘ਤੇ ‘ਬੇਬੇ’ ਸ਼ਬਦ ਨਾਲ ਸੰਬੋਧਨ ਕਰਨ ਦਾ ਰਿਵਾਜ ਸੀ। ਇਸੇ ਲਈ ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਬੀਬੀ ਨਾਨਕੀ ਨੂੰ ਜਨਮ ਸਾਖੀਆਂ ਜਾਂ ਪੁਰਾਣੇ ਇਤਿਹਾਸ ਵਿਚ ‘ਬੇਬੇ’ ਕਰਕੇ ਸੰਬੋਧਨ ਕੀਤਾ ਮਿਲਦਾ ਹੈ। ਬੀਬੀ ਨਾਨਕੀ ਗੁਰੂ ਨਾਨਕ ਸਾਹਿਬ ਤੋਂ ਪੰਜ ਸਾਲ ਵੱਡੀ ਸੀ ਅਤੇ ਉਨ੍ਹਾਂ ਦਾ ਜਨਮ ਆਪਣੇ ਨਾਨਕੇ ਘਰ ਪੰਜਾਬ ਦੇ ਜਿਲ੍ਹਾ ਲਾਹੌਰ (ਹੁਣ ਪਾਕਿਸਤਾਨ) ਦੇ ਪਿੰਡ ਚਾਹਲ ਵਿਚ ਹੋਇਆ। ਸ਼ਾਇਦ ਨਾਨਕੇ ਘਰ ਜਨਮ ਹੋਣ ਕਰਕੇ ਹੀ ਉਨ੍ਹਾ ਦਾ ਨਾਮ ‘ਨਾਨਕੀ’ ਰੱਖਿਆ ਗਿਆ ਹੋਵੇ। ਸਾਖੀਆਂ ਵਿਚ ਬੀਬੀ ਨਾਨਕੀ ਅਤੇ ਬਾਬਾ ਨਾਨਕ ਦੇ ਭਰਾਤ੍ਰੀ ਪ੍ਰੇਮ ਦਾ ਜ਼ਿਕਰ ਬਹੁਤ ਹੀ ਭਾਵੁਕ ਸ਼ਬਦਾਂ ਵਿਚ ਕੀਤਾ ਮਿਲਦਾ ਹੈ। ਬੀਬੀ ਨਾਨਕੀ ਨੂੰ ਆਪਣੇ ਛੋਟੇ ਭਰਾ ਨਾਲ ਬਹੁਤ ਹੀ ਡੂੰਘਾ ਪ੍ਰੇਮ ਅਤੇ ਅਥਾਹ ਸ਼ਰਧਾ ਸੀ। ਬੀਬੀ ਨਾਨਕੀ ਸਿੱਖ ਇਤਿਹਾਸ ਵਿਚ ਅਜਿਹੇ ਪਹਿਲੇ ਇਨਸਾਨ ਹੋਏ ਹਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਅੰਦਰ ਰੌਸ਼ਨ ਰੱਬੀ ਜੋਤਿ ਨੁੰ ਪਛਾਣਿਆ। ਸਾਖੀਆਂ ਵਿਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਕਿਸੇ ਗੱਲੋਂ ਬਾਲਕ ਨਾਨਕ ਨਾਲ ਨਾਰਾਜ਼ ਹੋਏ ਤਾਂ ਬੀਬੀ ਨਾਨਕੀ ਨੇ ਸਦਾ ਹੀ ਆਪਣੇ ਛੋਟੇ ਵੀਰ ਦਾ ਪੱਖ ਪੂਰਿਆ ਅਤੇ ਪਿਤਾ ਦੇ ਗੁੱਸੇ ਤੋਂ ਬਚਾਇਆ। ਉਨ੍ਹਾਂ ਸਮਿਆਂ ਵਿਚ ਲੜਕੀਆਂ ਦਾ ਵਿਆਹ ਛੋਟੀ ਉਮਰ ਵਿਚ ਕਰ ਦਿੱਤਾ ਜਾਂਦਾ ਸੀ। ਬੀਬੀ ਨਾਨਕੀ ਦਾ ਵਿਆਹ ਵੀ 11 ਸਾਲ ਦੀ ਉਮਰ ਵਿਚ ਭਾਈ ਜੈ ਰਾਮ ਜੀ ਨਾਲ ਕਰ ਦਿੱਤਾ ਗਿਆ ਜੋ ਸੁਲਤਾਨਪੁਰ ਲੋਧੀ, ਹੁਣ ਜ਼ਿਲ੍ਹਾ ਕਪੂਰਥਲਾ, ਦੇ ਵਾਸੀ ਸਨ। ਉਹ ਮਾਲ ਅਫ਼ਸਰ ਸਨ ਅਤੇ ਉਨ੍ਹਾਂ ਦਾ ਅਸਰ-ਰਸੂਖ ਕਾਫੀ ਸੀ। ਬੀਬੀ ਨਾਨਕੀ ਦੀ ਸਲਾਹ ਨਾਲ ਭਾਈ ਜੈ ਰਾਮ ਜੀ ਬਾਬਾ ਨਾਨਕ ਨੂੰ 15 ਸਾਲ ਦੀ ਉਮਰ ਵਿਚ ਸੁਲਤਾਨਪੁਰ ਆਪਣੇ ਪਾਸ ਲੈ ਗਏ ਅਤੇ ਉਥੇ ਨਵਾਬ ਦੌਲਤ ਖਾਨ ਦੇ ਮੋਦੀਖਾਨੇ ਵਿਚ ਨੌਕਰੀ ਕਰਨ ਲਾ ਦਿੱਤਾ। ਉਥੇ ਹੀ ਪਰਿਵਾਰ ਨਾਲ ਸਲਾਹ ਕਰਕੇ ਭਾਈ ਜੈ ਰਾਮ ਅਤੇ ਬੀਬੀ ਨਾਨਕੀ ਨੇ ਗੁਰੂ ਨਾਨਕ ਦੇਵ ਦਾ ਵਿਆਹ ਬਟਾਲੇ ਦੇ ਖੱਤਰੀ ਪਰਿਵਾਰ ਦੀ ਲੜਕੀ ਬੀਬੀ ਸੁਲੱਖਣੀ ਨਾਲ ਕਰ ਦਿੱਤਾ। ਵਿਆਹ ਪਿਛੋਂ ਵੱਡੀ ਭੈਣ ਦਾ ਫ਼ਰਜ਼ ਨਿਭਾਉਂਦੇ ਹੋਏ ਬੀਬੀ ਨਾਨਕੀ ਨੇ ਆਪਣੇ ਵੀਰ ਨੂੰ ਵੱਖਰਾ ਘਰ ਦੇ ਦਿੱਤਾ।
ਸਿੱਖ ਇਲਹਾਮ ਦਾ ਪ੍ਰਕਾਸ਼ਨ ਸੰਨ 1499 ਵਿਚ ਬਾਨੀ ਗੁਰੂ ਨਾਨਕ ਦੇਵ ਦੇ ‘ਵੇਈਂ ਨਦੀ’ ਪ੍ਰਵੇਸ਼ ਤੋਂ ਮੰਨਿਆ ਜਾਂਦਾ ਹੈ। ਸਾਖੀਆਂ ਅਨੁਸਾਰ ਗੁਰੂ ਨਾਨਕ ਹਰ ਰੋਜ਼ ਵੇਈਂ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇੱਕ ਦਿਨ ਜਦੋਂ ਗੁਰੂ ਨਾਨਕ ਇਸ਼ਨਾਨ ਕਰਨ ਗਏ ਅਤੇ ਨਦੀ ਵਿਚ ਅਲੋਪ ਹੋ ਗਏ ਤਾਂ ਉਨ੍ਹਾਂ ਦੀ ਕਾਫੀ ਭਾਲ ਕੀਤੀ ਗਈ। ਜਦੋਂ ਬਾਹਰ ਨਹੀਂ ਆਏ ਤਾਂ ਸਭ ਨੇ ਸਮਝਿਆ ਕਿ ਨਦੀ ਦਾ ਪਾਣੀ ਉਨ੍ਹਾਂ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ ਹੈ। ਉਸ ਵੇਲੇ ਬੀਬੀ ਨਾਨਕੀ ਦਾ ਪ੍ਰਤੀਕਰਮ ਸੀ, “ਮੇਰਾ ਵੀਰ ਤਾਂ ਡੁੱਬਦਿਆਂ ਨੂੰ ਤਾਰਨ ਆਇਆ ਹੈ। ਉਹ ਨਦੀ ਵਿਚ ਨਹੀਂ ਡੁੱਬ ਸਕਦਾ।” ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਵਿਚ ਸੁਸ਼ੋਭਿਤ ਰੱਬੀ ਜੋਤਿ ਦੀ ਸਭ ਤੋਂ ਪਹਿਲਾਂ ਪਛਾਣ ਬੀਬੀ ਨਾਨਕੀ ਨੇ ਕੀਤੀ ਅਤੇ ਉਹ ਗੁਰੂ ਨਾਨਕ ਦੇ ਪਹਿਲੇ ਸਿੱਖ ਹੋਏ ਹਨ, ਦੂਸਰੇ ਰਾਇ ਬੁਲਾਰ, ਜਿਨ੍ਹਾਂ ਨੂੰ ਗੁਰੂ ਨਾਨਕ ਦੇ ਵੱਡੀ ਦੈਵੀ ਹਸਤੀ ਹੋਣ ਦਾ ਪੂਰਾ ਯਕੀਨ ਸੀ। ਸਾਖੀਕਾਰਾਂ ਅਨੁਸਾਰ ਜਦੋਂ ਗੁਰੂ ਨਾਨਕ ਦੇਵ ਜੀ ‘ਵੇਈਂ ਨਦੀ ਪ੍ਰਵੇਸ਼’ ਤੋਂ ਬਾਅਦ ਸੰਸਾਰ ਦਾ ਉਧਾਰ ਕਰਨ ਲਈ ‘ਉਦਾਸੀਆਂ’ ‘ਤੇ ਨਿਕਲੇ ਤਾਂ ਬੀਬੀ ਨਾਨਕੀ ਨੇ ਭਾਈ ਮਰਦਾਨੇ ਨੂੰ ਉਨ੍ਹਾਂ ਦੇ ਨਾਲ ਜਾਣ ਲਈ ਦੀ ਸਲਾਹ ਦਿੱਤੀ ਅਤੇ ਗੁਰੂ ਨਾਨਕ ਦੇਵ ਦੇ ‘ਰੱਬੀ ਬਾਣੀ’ ਦਾ ਕੀਰਤਨ ਕਰਨ ਵਾਸਤੇ ਮਰਦਾਨੇ ਨੂੰ ਵਜਾਉਣ ਲਈ ਰਬਾਬ ਭੇਟ ਕੀਤੀ। ਭਾਈ ਗੁਰਦਾਸ ਨੇ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦੇ ਇਸ ਮਿਸ਼ਨ ਦਾ ਜ਼ਿਕਰ ਕਰਦਿਆ ਭਾਈ ਮਰਦਾਨੇ ਦਾ ਉਨ੍ਹਾਂ ਦੇ ਸਾਥੀ ਹੋਣ ਬਾਰੇ ਲਿਖਿਆ ਹੈ,
ਫਿਰਿ ਬਾਬਾ ਗਇਆ ਬਗਦਾਦਿ ਨੋ
ਬਾਹਰਿ ਜਾਇ ਕੀਆ ਅਸਥਾਨਾ।
ਇਕੁ ਬਾਬਾ ਅਕਾਲ ਰੂਪੁ
ਦੂਜਾ ਰਬਾਬੀ ਮਰਦਾਨਾ।
ਦਿਤੀ ਬਾਂਗ ਨਿਵਾਜਿ ਕਰਿ
ਸੁੰਨਿ ਸਮਾਨਿ ਹੋਆ ਜਹਾਨਾ। (1/35)
ਬੀਬੀ ਨਾਨਕੀ ਨੇ ਗੁਰੂ ਨਾਨਕ ਸਾਹਿਬ ਦੀਆਂ ਇਨ੍ਹਾਂ ਯਾਤਰਾਵਾਂ ਦੌਰਾਨ ਪਿੱਛੋਂ ਗੁਰੂ ਨਾਨਕ ਸਾਹਿਬ ਦੀ ਪਤਨੀ ਮਾਤਾ ਸੁਲੱਖਣੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਬਾਬਾ ਸ੍ਰੀਚੰਦ ਅਤੇ ਬਾਬਾ ਲੱਖਮੀ ਦਾਸ ਦੀ ਪੂਰੀ ਤਰ੍ਹਾਂ ਸਾਂਭ-ਸੰਭਾਲ ਕੀਤੀ। ਬੀਬੀ ਨਾਨਕੀ ਨੂੰ ਸਿੱਖ ਇਤਿਹਾਸ ਵਿਚ ਬਹੁਤ ਹੀ ਸਤਿਕਾਰ ਅਤੇ ਆਦਰਯੋਗ ਸਥਾਨ ਪ੍ਰਾਪਤ ਹੈ, ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਹੋਣ ਦੇ ਨਾਤੇ ਹੀ ਨਹੀਂ, ਬਲਕਿ ਇਸ ਲਈ ਵੀ ਕਿ ਉਨ੍ਹਾਂ ਨੇ ਆਪਣੇ ਫ਼ਰਜ਼ਾਂ ਨੂੰ ਬਾਖ਼ੂਬੀ ਨਿਭਾਇਆ ਅਤੇ ਗੁਰੂ ਨਾਨਕ ਸਾਹਿਬ ਵਿਚ ਦੈਵੀ ਜੋਤਿ ਦੀ ਪਛਾਣ ਕਰਦਿਆਂ ਪਹਿਲੇ ਸਿੱਖ ਹੋਏ।
ਮਾਤਾ ਖੀਵੀ: ਮਾਤਾ ਖੀਵੀ ਦੂਸਰੀ ਨਾਨਕ ਜੋਤਿ ਗੁਰੂ ਅੰਗਦ ਸਾਹਿਬ ਦੀ ਧਰਮ-ਪਤਨੀ ਸਨ। ਉਨ੍ਹਾਂ ਦਾ ਜਨਮ ਭਾਈ ਦੇਵੀ ਚੰਦ ਅਤੇ ਮਾਤਾ ਕਰਨ ਦੇਵੀ ਦੇ ਘਰ 1506 ਈਸਵੀ ਵਿਚ ਹੋਇਆ। ਭਾਈ ਦੇਵੀ ਚੰਦ ਸ਼ਾਹੂਕਾਰ ਅਤੇ ਦੁਕਾਨਦਾਰ ਸੀ, ਜਿਸ ਦੀ ਇਲਾਕੇ ਵਿਚ ਕਾਫੀ ਮਾਨਤਾ ਸੀ। ਮਾਤਾ ਖੀਵੀ ਨੇ ਵੀ ਆਪਣੇ ਪਿਤਾ ਤੋਂ ਚੰਗੇ ਸੰਸਕਾਰ ਅਤੇ ਗੁਣ ਵਿਰਾਸਤ ਵਿਚ ਲਏ। ਉਨ੍ਹਾਂ ਦਾ ਵਿਆਹ 13 ਸਾਲ ਦੀ ਉਮਰ ਵਿਚ ਸੰਨ 1519 ਵਿਚ ਭਾਈ ਲਹਿਣਾ ਜੀ ਨਾਲ ਕਰ ਦਿੱਤਾ ਗਿਆ। ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਮਾਈ ਭਿਰਾਈ ਤੋਂ ਮਿਲੀ। ਤਕਰੀਬਨ ਇਸੇ ਸਮੇ ਭਾਈ ਲਹਿਣਾ ਨੂੰ ਭਾਈ ਜੋਧਾ ਕੋਲੋਂ ਗੁਰੂ ਨਾਨਕ ਸਾਹਿਬ ਬਾਰੇ ਜਾਣਕਾਰੀ ਮਿਲੀ। ਸੰਨ 1532 ਵਿਚ ਇਨ੍ਹਾਂ ਦੀ ਵੱਡੀ ਪੁੱਤਰੀ ਬੀਬੀ ਅਮਰੋ ਦਾ ਜਨਮ ਹੋਇਆ। ਇਸ ਤੋਂ ਇੱਕ ਦਮ ਬਾਅਦ ਜਦੋਂ ਭਾਈ ਲਹਿਣਾ ਦੇਵੀ ਦੀ ਸਾਲਾਨਾ ਯਾਤਰਾ ਨੂੰ ਜਾਣ ਲੱਗੇ ਤਾਂ ਉਨ੍ਹਾਂ ਨੇ ਕਰਤਾਰਪੁਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦਾ ਮਨ ਬਣਾਇਆ। ਭਾਈ ਲਹਿਣਾ ਰਸਤੇ ਵਿਚ ਕਰਤਾਰਪੁਰ ਰੁਕੇ ਅਤੇ ਗੁਰੂ ਨਾਨਕ ਸਾਹਿਬ ਤੋਂ ਏਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਗੁਰੂ ਸਾਹਿਬ ਪਾਸੋਂ ਉਥੇ ਹੀ ਰਹਿ ਪੈਣ ਦੀ ਆਗਿਆ ਲੈ ਲਈ। ਉਹ ਤਨ, ਮਨ ਅਤੇ ਧਨ ਨਾਲ ਸੇਵਾ ਕਰਨ ਲੱਗੇ। ਕੁਝ ਦੇਰ ਬਾਅਦ ਗੁਰੂ ਨਾਨਕ ਨੇ ਉਨ੍ਹਾਂ ਨੂੰ ਖਡੂਰ ਭੇਜ ਦਿੱਤਾ ਅਤੇ ਬਾਣੀ ਦਾ ਪ੍ਰਚਾਰ ਕਰਨ ਲਈ ਕਿਹਾ। ਗੁਰੂ ਨਾਨਕ ਦੇਵ ਭਾਈ ਲਹਿਣਾ ਦੀ ਸੇਵਾ ਤੋਂ ਏਨੇ ਜ਼ਿਆਦਾ ਖੁਸ਼ ਸੀ ਕਿ ਦੋ ਵਾਰ ਖਡੂਰ ਮਿਲਣ ਆਏ। ਬੀਬੀ ਅਮਰੋ ਤੋਂ ਬਾਅਦ ਬੀਬੀ ਅਨੋਖੀ ਅਤੇ ਦੋ ਪੁੱਤਰ ਦਾਤੂ ਅਤੇ ਦਾਸੂ ਪੈਦਾ ਹੋਏ। ਮਾਤਾ ਖੀਵੀ ਨੇ ਗੁਰੂ ਨਾਨਕ ਦੀ ਸਿੱਖਿਆ ਆਪਣੇ ਪਤੀ ਕੋਲੋਂ ਗ੍ਰਹਿਣ ਕੀਤੀ ਅਤੇ ਇਸ ਨੁੰ ਪੂਰੇ ਮਨ ਅਤੇ ਤਨ ਨਾਲ ਅਪਨਾਇਆ।
ਗੁਰੂ ਨਾਨਕ ਸਾਹਿਬ ਨੇ ਸਿੱਖੀ ਸਿਧਾਂਤਾਂ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਅਮਲੀ ਪ੍ਰਕਾਸ਼ਨ ਕਰਤਾਰਪੁਰ ਤੋਂ ਹੀ ਸਥਾਪਤ ਕਰ ਦਿੱਤਾ ਸੀ ਅਤੇ ਇਸ ਲਈ ਲੰਗਰ ਦੀ ਸੰਸਥਾ ਸ਼ੁਰੂ ਹੋ ਗਈ ਸੀ। ਜਦੋਂ ਗੁਰ-ਗੱਦੀ ‘ਤੇ ਬੈਠਣ ਬਾਅਦ ਗੁਰੂ ਅੰਗਦ ਦੇਵ ਨੇ ਖਡੂਰ ਸਾਹਿਬ ਤੋਂ ਗੁਰਮਤਿ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਮਾਤਾ ਖੀਵੀ ਨੇ ਲੰਗਰ ਦੀ ਸੇਵਾ ਦੇ ਸਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਆਪ ਸੰਭਾਲ ਲਈ। ਮਾਤਾ ਖੀਵੀ ਵੱਲੋਂ ਬਹੁਤ ਵਧੀਆ ਲੰਗਰ ਤਿਆਰ ਕੀਤਾ ਜਾਂਦਾ ਸੀ ਅਤੇ ਸੰਗਤਾਂ ਨੂੰ ਸ਼ਰਧਾ ਨਾਲ ਛਕਾਇਆ ਜਾਂਦਾ ਸੀ। ਮਾਤਾ ਖੀਵੀ ਨੇ ਲੰਗਰ ਦੀ ਸੇਵਾ ਤੋਂ ਇਲਾਵਾ ਸਭ ਲਈ ਪ੍ਰੇਮ ਭਰਿਆ ਵਾਤਾਵਰਣ ਸਿਰਜਿਆ। ‘ਰਾਮਕਲੀ ਵਾਰ’ ਵਿਚ ਰਾਇ ਬਲਵੰਡ ਅਤੇ ਸਤੇ ਡੂਮ ਨੇ ਲਿਖਿਆ ਹੈ ਕਿ ਜਦੋਂ ਗੁਰੂ ਨਾਨਕ ਨੇ ਆਪਣੀ ਜੋਤਿ ਭਾਈ ਲਹਿਣੇ ਵਿਚ ਰੱਖੀ ਤਾਂ ਗੁਰੂ ਨਾਨਕ ਦੀ ਥਾਂ ਭਾਈ ਲਹਿਣੇ ਦੀ ਦੋਹੀ ਫਿਰਾਈ ਗਈ ਅਤੇ ਜੋਤਿ ਵੀ ਉਹੀ ਸੀ ਅਤੇ ਉਸ ਨੂੰ ਪ੍ਰਕਾਸ਼ਿਤ ਕਰਨ ਦੀ ਗੁਰੂ ਜੁਗਤ ਵੀ ਉਹੀ ਸੀ। ਗੁਰੂ ਨਾਨਕ ਨੇ ਗੁਰਮਤਿ ਰਾਜ ਕਾਇਮ ਕੀਤਾ, ਸੱਚ ਰੂਪ ਕਿਲਾ ਤਕੜੀ ਨੀਂਹ ‘ਤੇ ਉਸਾਰਿਆ। ਇਸੇ ਗੁਰਮਤਿ ਦੇ ਪ੍ਰਚਾਰ ਹਿਤ ਗੁਰੂ ਅੰਗਦ ਸਾਹਿਬ ਗੁਰ-ਸ਼ਬਦ ਦਾ ਅਤੁਟ ਲੰਗਰ ਚਲਾਉਣ ਲੱਗੇ। ਇੱਕ ਪਾਸੇ ਗੁਰੂ ਅੰਗਦ ਵੱਲੋਂ ਸ਼ਬਦ ਦਾ ਅਤੁੱਟ ਲੰਗਰ ਚੱਲ ਰਿਹਾ ਸੀ ਤਾਂ ਦੂਸਰੇ ਪਾਸੇ ਸਾਧ-ਸੰਗਤਿ ਲਈ ਮਾਤਾ ਖੀਵੀ ਵੱਲੋਂ ਪ੍ਰਸ਼ਾਦੇ ਦਾ ਬੇਹੱਦ ਸੁਆਦ ਲੰਗਰ ਚਲਾਇਆ ਜਾ ਰਿਹਾ ਸੀ ਜਿਸ ਵਿਚ ਘਿਉ ਵਾਲੀ ਸੁਆਦਲੀ ਖੀਰ ਮਾਤਾ ਖੀਵੀ ਵੱਲੋਂ ਤਿਆਰ ਕੀਤੀ ਜਾਂਦੀ ਅਤੇ ਮਾਤਾ ਜੀ ਦਾ ਲੋਕਾਂ ਨੂੰ ਬਹੁਤ ਵੱਡਾ ਆਸਰਾ ਸੀ। ਮਾਤਾ ਖੀਵੀ ਦਾ ਐਸਾ ਮਾਲਕ ਹੈ, ਗੁਰੂ ਅੰਗਦ ਜਿਸ ਨੇ ਸਾਰੇ ਜਗਤ ਦਾ ਭਾਰ ਚੁੱਕਿਆ ਹੋਇਆ ਹੈ,
ਬਲਵੰਡ ਖੀਵੀ ਨੇਕ ਜਨ
ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ
ਰਸੁ ਅੰਮ੍ਰਿਤੁ ਖੀਰ ਘਿਆਲੀ॥
ਗੁਰਸਿਖਾ ਕੇ ਮੁਖ ਉਜਲੇ
ਮਨਮੁਖ ਥੀਏ ਪਰਾਲੀ॥
ਪਏ ਕਬੂਲੁ ਖਸੰਮ ਨਾਲਿ
ਜਾਂ ਘਾਲ ਮਰਦੀ ਘਾਲੀ॥
ਮਾਤਾ ਖੀਵੀ ਸਹੁ ਸੋਇ
ਜਿਨਿ ਗੋਇ ਉਠਾਲੀ॥3॥ (ਪੰਨਾ 966)
ਰਾਇ ਬਲਵੰਡ ਅਤੇ ਸਤੇ ਡੂਮ ਨੇ ਗੁਰੂ ਅੰਗਦ ਸਾਹਿਬ ਦੀ ਸਿਫਤਿ-ਸਾਲਾਹ ਮਾਤਾ ਖੀਵੀ ਦੇ ਅਜਿਹਾ ਸਹੁ ਹੋਣ ਦੇ ਰੂਪ ਵਿਚ ਕੀਤੀ ਹੈ ਜਿਸ ਨੇ ਸਾਰੇ ਜਗਤ ਦਾ ਭਾਰ ਸੰਭਾਲਿਆ ਹੋਇਆ ਹੈ। ਗੁਰੂ ਪਰਿਵਾਰ ਵਿਚੋਂ ਵੀ ਮਾਤਾ ਖੀਵੀ ਹੀ ਅਜਿਹੀ ਇਕੱਲੀ ਇਸਤਰੀ ਹਨ ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਮਾਤਾ ਖੀਵੀ ਅਤੇ ਗੁਰੂ ਅੰਗਦ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਨ੍ਹਾਂ ਦੀ ਭਲਾਈ ਲਈ ਮਿਲ ਕੇ ਜਤਨ ਕਰਦੇ। ਗੁਰੂ ਅੰਗਦ ਦੇਵ ਨੇ ਲਿਪੀ ਨੁੰ ਸੁਧਾਰ ਕੇ ਬੱਚਿਆਂ ਲਈ ਬਾਲ-ਬੋਧ ਤਿਆਰ ਕੀਤੇ ਅਤੇ ਇਸ ਲਿਪੀ ਨੂੰ ‘ਗੁਰਮੁਖੀ’ ਦਾ ਨਾਮ ਦਿੱਤਾ ਗਿਆ। ਬੱਚਿਆਂ ਨੁੰ ਪੜ੍ਹਾਉਣ ਤੋਂ ਇਲਾਵਾ ਉਨ੍ਹਾਂ ਦੀ ਸਰੀਰਕ ਕਸਰਤ ਲਈ ਖਡੂਰ ਸਾਹਿਬ ਵਿਖੇ ਖੇਡਾਂ ਜਿਵੇਂ ਕੁਸ਼ਤੀ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ। ਗੁਰੂ ਅੰਗਦ ਦੇਵ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਮਾਤਾ ਖੀਵੀ 30 ਸਾਲ ਤੱਕ ਜੀਵੇ। ਗੁਰੂ ਅਮਰਦਾਸ ਨੇ ਸੇਵਾ ਅਤੇ ਗੁਰੂ ਨਾਨਕ ਸਾਹਿਬ ਦੇ ਦਿੱਤੇ ਸਿਧਾਂਤਾਂ ਨੂੰ ਅਮਲੀ ਰੂਪ ਵਿਚ ਹੋਰ ਪਰਪੱਕ ਕਰਨ ਲਈ ਲੰਗਰ ਦੀ ਸੰਸਥਾ ਨੂੰ ਹੋਰ ਮਜ਼ਬੂਤ ਕਰਦਿਆਂ ਗੁਰੂ ਦੀ ਸੰਗਤਿ ਤੋਂ ਪਹਿਲਾਂ ਲੰਗਰ ਵਿਚ ਪ੍ਰਸ਼ਾਦਾ ਛਕਣ ਨੂੰ ਜ਼ਰੂਰੀ ਕਰਾਰ ਦਿੰਦਿਆਂ ‘ਪਹਿਲੇ ਪੰਗਤਿ ਪਾਛੇ ਸੰਗਤਿ’ ਦਾ ਅਦੇਸ਼ ਕੀਤਾ। ਮਾਤਾ ਖੀਵੀ ਗੁਰੂ ਅਮਰਦਾਸ ਦੇ ਸਮੇਂ ਵਿਚ ਲੰਗਰ ਦਾ ਪ੍ਰਬੰਧ ਪਹਿਲਾਂ ਦੀ ਤਰ੍ਹਾਂ ਹੀ ਬਖ਼ੂਬੀ ਨਿਭਾਉਂਦੇ ਰਹੇ। ਉਹ ਸਾਰੀ ਉਮਰ ਗੁਰੂ ਘਰ ਨਾਲ ਜੁੜੇ ਰਹੇ ਅਤੇ ਸੰਗਤ ਦੀ ਸੇਵਾ ਕਰਦੇ ਰਹੇ। ਲੰਗਰ ਗੁਰਮਤਿ ਜੁਗਤਿ ਦੀ ਬਹੁਤ ਹੀ ਅਹਿਮ ਅਤੇ ਜ਼ਰੂਰੀ ਸੰਸਥਾ ਹੈ। ਇਹ ਸੰਸਥਾ ਨਾ ਸਿਰਫ ਆਤਮਕ ਤ੍ਰਿਪਤੀ ਦੇ ਨਾਲ ਨਾਲ ਪੇਟ ਦੀ ਭੁੱਖ ਪੂਰੀ ਕਰਨ ਲਈ ਹੀ ਕਾਇਮ ਕੀਤੀ ਗਈ ਬਲਕਿ ਇਸ ਦਾ ਮੁਖ ਮਕਸਦ ਸਮਾਜ ਵਿਚੋਂ ਹਰ ਤਰ੍ਹਾਂ ਦੀ ਊਚ-ਨੀਚ ਅਤੇ ਭੇਦ ਭਾਵ ਨੁੰ ਖਤਮ ਕਰਕੇ ਸੇਵਾ ਅਤੇ ਵੰਡ ਛਕਣ ਰਾਹੀਂ ਬਰਾਬਰੀ ਅਤੇ ਏਕਤਾ ਕਾਇਮ ਕਰਨਾ ਹੈ।
ਲੰਗਰ ਵਿਚ ਮਨੁੱਖ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੀ ਜੀਵਨ-ਜਾਚ ਸਿੱਖਦਾ ਹੈ ਅਤੇ ਇਹ ਸਿਧਾਂਤ ਸਿੱਖੀ ਦਾ ਧੁਰਾ ਹਨ। ਸ਼ਾਇਦ ਇਸ ਸੰਸਥਾ ਦੇ ਗੋਇੰਦਵਾਲ ਵਿਚ ਗੁਰੂ ਅਮਰਦਾਸ ਦੀ ਅਗਵਾਈ ਵਿਚ ਹੋਰ ਮਜ਼ਬੂਤ ਹੋ ਜਾਣ ਕਾਰਨ ਹੀ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਕਿਹਾ ਗਿਆ ਹੈ। ਅਕਬਰ ਬਾਦਸ਼ਾਹ ਵਰਗਾ ਹਿੰਦੁਸਤਾਨ ਦੇ ਤਖਤ ਦਾ ਮਾਲਕ ਵੀ ਜਦੋਂ ਗੁਰੂ ਅਮਰਦਾਸ ਦੇ ਦਰਸ਼ਨਾਂ ਨੂੰ ਆਇਆ ਤਾਂ ਉਸ ਨੇ ਵੀ ਗੁਰੂ-ਆਦੇਸ਼ ਅਨੁਸਾਰ ਪਹਿਲਾਂ ਆਮ ਸੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਿਆ ਅਤੇ ਪਿੱਛੋਂ ਗੁਰੂ ਦੇ ਦਰਸ਼ਨ ਕੀਤੇ। ਮਾਤਾ ਖੀਵੀ ਦਾ ਦੋ ਗੁਰੂ ਸਾਹਿਬਾਨ ਦੇ ਸਮੇਂ ਇਸ ਸੰਸਥਾ ਦਾ ਪ੍ਰਬੰਧ ਕਰਨਾ ਆਪਣੇ ਆਪ ਵਿਚ ਇੱਕ ਬਹੁਤ ਹੀ ਅਹਿਮ ਕਾਰਜ ਹੈ। ਸੁਘੜ ਮਾਤਾ ਦਾ ਰੋਲ ਨਿਭਾਉਂਦੇ ਹੋਏ ਗੁਰੂ ਦੇ ਪਾਏ ਪੂਰਨਿਆਂ ‘ਤੇ ਪਹਿਰਾ ਦਿੰਦਿਆਂ ਮਾਤਾ ਖੀਵੀ ਨੇ ਇੱਕ ਹੋਰ ਅਹਿਮ ਕਾਰਜ ਕੀਤਾ। ਗੁਰੂ ਅੰਗਦ ਦੇਵ ਵੱਲੋਂ ਗੁਰੂ ਅਮਰਦਾਸ ਨੂੰ ਗੁਰਗੱਦੀ ਸੌਂਪ ਦੇਣ ‘ਤੇ ਭਾਈ ਦਾਤੂ ਨਾਰਾਜ਼ ਹੋ ਗਏ ਅਤੇ ਆਪਣੇ ਵੱਖਰੇ ਚੇਲੇ ਬਣਾ ਲਏ। ਮਾਤਾ ਖੀਵੀ ਆਪ ਭਾਈ ਦਾਤੂ ਨੂੰ ਗੁਰੂ ਅਮਰਦਾਸ ਕੋਲ ਲੈ ਕੇ ਗਏ ਅਤੇ ਗੁਰੂ ਪਾਸੋਂ ਭੁੱਲ ਬਖਸ਼ਾਉਣ ਲਈ ਪ੍ਰੇਰਨਾ ਕੀਤੀ।
(ਚਲਦਾ)
Leave a Reply