-ਜਤਿੰਦਰ ਪਨੂੰ
‘ਭੰਡਾ ਭੰਡਾਰ ਤੇਰਾ ਕਿੰਨਾ ਕੁ ਭਾਰ, ਇੱਕ ਮੁੱਕੀ ਚੁੱਕ ਲਓ ਤਾਂ ਦੂਜੀ ਨੂੰ ਤਿਆਰ।’ ਇਹ ਬੱਚਿਆਂ ਦੀ ਖੇਡ ਸੀ, ਹੁਣ ਵੀ ਪਿੰਡਾਂ ਵਿਚ ਕੁਝ ਨਾ ਕੁਝ ਬਚੀ ਹੋਈ ਹੈ, ਪਰ ਦੇਸ਼ ਦੇ ਪੱਧਰ ਉਤੇ ਹੁਣ ਇਹ ਭ੍ਰਿਸ਼ਟਾਚਾਰ ਦੇ ਮਾਮਲੇ ਵਿਚਾਰਨ ਵੇਲੇ ਵਰਤਣ ਵਾਲਾ ਮੁਹਾਵਰਾ ਬਣ ਸਕਦੀ ਹੈ। ਹਾਲੇ ਇੱਕ ਮਾਮਲਾ ਕਿਸੇ ਸਿਰੇ ਨਹੀਂ ਲੱਗਦਾ, ਉਸ ਬਾਰੇ ਇਹ ਪਤਾ ਨਹੀਂ ਲੱਗਦਾ ਕਿ ਜਾਂਚ ਸਰਕਾਰ ਦੀ ਨਿਗਰਾਨੀ ਹੇਠ ਹੋਣੀ ਹੈ ਕਿ ਅਦਾਲਤ ਦੇ ਹੱਥ ਕਮਾਨ ਚਲੀ ਗਈ ਹੈ ਤੇ ਓਨੀ ਦੇਰ ਨੂੰ ਦੂਸਰਾ ਤੇ ਫਿਰ ਤੀਸਰਾ, ਚੌਥਾ ਤੇ ਪੰਜਵਾਂ ਮਾਮਲਾ ਵੀ ਲੜੀ ਬੰਨ੍ਹੀ ਤੁਰੇ ਆਉਂਦੇ ਹਨ। ਇਸ ਹਫਤੇ ਸਾਹਮਣੇ ਆਏ ਸ਼ਾਰਦਾ ਚਿੱਟ ਫੰਡ ਘੋਟਾਲੇ ਨੇ ਇਹ ਗੱਲ ਆਖਣ ਦਾ ਸਾਨੂੰ ਅਜੇ ਮੌਕਾ ਹੀ ਦਿੱਤਾ ਸੀ ਕਿ ਓਨੀ ਦੇਰ ਨੂੰ ਅਗਲਾ ਰੋਜ਼ ਵੈਲੀ ਕੰਪਨੀ ਦਾ ਮੁੱਦਾ ਉਭਰ ਪਿਆ ਹੈ। ਦੋਵੇਂ ਮਾਮਲੇ ਪੱਛਮੀ ਬੰਗਾਲ ਵਿਚ ਹੋਏ ਘੋਟਾਲੇ ਦੇ ਹਨ, ਪਰ ਇਨ੍ਹਾਂ ਦੀ ਲਪੇਟ ਵਿਚ ਪਾਰਲੀਮੈਂਟ ਦੇ ਬੰਗਾਲੀ ਮੈਂਬਰ ਹੀ ਨਹੀਂ, ਦੇਸ਼ ਦਾ ਖਜ਼ਾਨਾ ਮੰਤਰੀ ਵੀ ਆ ਰਿਹਾ ਹੈ।
ਅਸੀਂ ਪਿਛਲੇ ਸਾਲਾਂ ਵਿਚ ਟੈਲੀਕਾਮ ਦਾ ਟੂ-ਜੀ ਸਪੈਕਟਰਮ ਦਾ ਮਾਮਲਾ ਉਭਰਦਾ ਵੇਖਿਆ, ਜਿਸ ਦੇ ਸ਼ੁਰੂ ਵਿਚ ਈਮਾਨਦਾਰ ਦਿੱਖ ਵਾਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਕੁਝ ਵੀ ਗਲਤ ਨਹੀਂ ਹੋਇਆ ਅਤੇ ਟੈਲੀਕਾਮ ਮੰਤਰੀ ਏæ ਰਾਜਾ ਨੇ ਜੋ ਕੁਝ ਵੀ ਕੀਤਾ ਸੀ, ਮੈਨੂੰ ਭਰੋਸੇ ਵਿਚ ਲੈ ਕੇ ਕੀਤਾ ਸੀ। ਬਾਅਦ ਵਿਚ ਜਦੋਂ ਇਹ ਮਾਮਲਾ ਸੁਪਰੀਮ ਕੋਰਟ ਵਿਚ ਗਿਆ ਤਾਂ ਪ੍ਰਧਾਨ ਮੰਤਰੀ ਨੇ ਆਪਣੇ ਮੰਤਰੀ ਦੇ ਕੀਤੇ ਦੀ ਜ਼ਿੰਮੇਵਾਰੀ ਚੁੱਕਣ ਤੋਂ ਨਾਂਹ ਕਰਨ ਦੇ ਨਾਲ ਉਸ ਦਾ ਅਸਤੀਫਾ ਵੀ ਲੈ ਲਿਆ। ਸਿਰਫ ਉਸੇ ਨੂੰ ਪਾਸੇ ਨਹੀਂ ਸੀ ਕੀਤਾ, ਸਕੈਂਡਲ ਦਾ ਸੇਕ ਤਾਮਿਲਨਾਡੂ ਦੇ ਉਦੋਂ ਦੇ ਮੁੱਖ ਮੰਤਰੀ ਕਰੁਣਾਨਿਧੀ ਦੀ ਪਾਰਲੀਮੈਂਟ ਮੈਂਬਰ ਧੀ ਕਨੀਮੋਈ ਤੇ ਕਈ ਹੋਰਨਾਂ ਨੂੰ ਵੀ ਲੱਗਾ ਸੀ। ਵਿਰੋਧੀ ਧਿਰ ਦੇ ਦਬਾਅ ਕਾਰਨ ਇੱਕ ਸਾਂਝੀ ਪਾਰਲੀਮੈਂਟਰੀ ਕਮੇਟੀ ਬਣਾਈ ਤਾਂ ਜਿਹੜਾ ਸਾਬਕਾ ਮੰਤਰੀ ਏæ ਰਾਜਾ ਇਸ ਘੋਟਾਲੇ ਦਾ ਸੂਤਰਧਾਰ ਹੈ, ਉਹ ਆਪ ਪੇਸ਼ ਹੋਣ ਨੂੰ ਕਹਿੰਦਾ ਹੋਣ ਦੇ ਬਾਵਜੂਦ ਪੇਸ਼ੀ ਨਹੀਂ ਕਰਵਾਈ ਤੇ ਕਮੇਟੀ ਦੇ ਕਾਂਗਰਸੀ ਚੇਅਰਮੈਨ ਪੀ ਸੀ ਚਾਕੋ ਨੇ ਅੱਧ-ਪੱਕੀ ਰਿਪੋਰਟ ਬਣਾ ਕੇ ਭੇਜ ਦਿੱਤੀ। ਪ੍ਰਧਾਨ ਮੰਤਰੀ ਤੇ ਕਈ ਹੋਰਨਾਂ ਨੂੰ ਬਚਾਉਣ ਲਈ ਪੇਸ਼ ਕੀਤੀ ਗਈ ਇਸ ਰਿਪੋਰਟ ਦੇ ਆਉਣ ਤੋਂ ਪਹਿਲਾਂ ਕੋਲਾ ਸਕੈਂਡਲ ਨੇ ਫਸਾ ਦਿੱਤਾ ਹੈ, ਜਿਸ ਵਿਚ ਸ਼ੱਕ ਦੀ ਸੂਈ ਦੇਸ਼ ਦੇ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਦੇ ਨਾਲ ਪ੍ਰਧਾਨ ਮੰਤਰੀ ਦੇ ਦਫਤਰ ਤੱਕ ਆ ਪਹੁੰਚੀ ਹੈ ਤੇ ਕਈਆਂ ਦੇ ਗਲ਼ ਰੱਸਾ ਪੈਣ ਦੀ ਸੰਭਾਵਨਾ ਹੈ। ਇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਜਾਂਚ ਏਜੰਸੀ ਨੂੰ ਕਿਹਾ ਸੀ ਕਿ ਰਿਪੋਰਟ ਕਿਸੇ ਨੂੰ ਵਿਖਾਉਣੀ ਨਹੀਂ, ਪਰ ਕਾਨੂੰਨ ਮੰਤਰੀ ਦੀ ਟੀਮ ਨੇ ਰਿਪੋਰਟ ਵੇਖਣ ਦਾ ਬਿਆਨ ਜਾਂਚ ਏਜੰਸੀ ਸੀ ਬੀ ਆਈ ਦੇ ਮੁਖੀ ਨੇ ਸੁਪਰੀਮ ਕੋਰਟ ਨੂੰ ਆਪ ਹੀ ਦੇ ਦਿੱਤਾ ਹੈ, ਜਿਸ ਨਾਲ ਉਹ ਖੁਦ ਵੀ ਫਸ ਸਕਦਾ ਹੈ।
ਭਾਰਤ ਦੀ ਹਰ ਹੋਰ ਸਰਕਾਰ ਵਾਂਗ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਦੀ ਸਰਕਾਰ ਵੀ ਇਸ ਜਾਂਚ ਏਜੰਸੀ ਸੀ ਬੀ ਆਈ ਦੀ ਦੁਰਵਰਤੋਂ ਕਰਦੀ ਹੈ, ਇਹ ਗੱਲ ਹੁਣ ਚਿੱਟੇ ਦਿਨ ਵਾਂਗ ਸਾਫ ਹੈ। ਜਿਹੜੇ ਬਾਕੀ ਸਕੈਂਡਲ ਇਸ ਵਕਤ ਜਾਂਚ ਲਈ ਇਸ ਏਜੰਸੀ ਦੇ ਕੋਲ ਹਨ, ਉਨ੍ਹਾਂ ਵਿਚ ਵੀ ਇਹੋ ਕੜ੍ਹੀ ਘੋਲੇ ਜਾਣ ਦੇ ਹੁਣੇ ਤੋਂ ਅੰਦਾਜ਼ੇ ਲਾਉਣ ਦੀ ਲੜੀ ਬੱਝ ਗਈ ਹੈ, ਪਰ ਸਰਕਾਰ ਨੂੰ ਇਸ ਦੀ ਵੀ ਕੋਈ ਪ੍ਰਵਾਹ ਨਹੀਂ ਜਾਪਦੀ।
ਇੱਕ ਗੱਲ ਕਮਾਲ ਦੀ ਹੋਈ ਕਿ ਪਾਰਲੀਮੈਂਟ ਦੀ ਇੱਕ ਕਮੇਟੀ ਦਾ ਚੇਅਰਮੈਨ ਤ੍ਰਿਣਮੂਲ ਕਾਂਗਰਸ ਪਾਰਟੀ ਦਾ ਮੈਂਬਰ ਹੈ ਤੇ ਉਸ ਨੇ ਕਾਂਗਰਸ ਨਾਲ ਆਪਣੀ ਪਾਰਟੀ ਦੇ ਤੋੜ-ਵਿਛੋੜੇ ਤੋਂ ਬਾਅਦ ਇੱਕ ਰਿਪੋਰਟ ਇਹੋ ਜਿਹੀ ਬਣਾ ਦਿੱਤੀ ਹੈ, ਜਿਸ ਨਾਲ ਕੇਂਦਰ ਸਰਕਾਰ ਫਸ ਗਈ ਹੈ। ਉਸ ਦੀ ਪਾਰਟੀ ਦੀ ਮੁਖੀ ਮਮਤਾ ਬੈਨਰਜੀ ਨੇ ਕਾਂਗਰਸ ਪਾਰਟੀ ਨੂੰ ਬਹੁਤ ਭ੍ਰਿਸ਼ਟ ਰਾਜਸੀ ਪਾਰਟੀ ਆਖ ਕੇ ਦਿੱਲੀ ਵਿਚ ਉਸ ਦੀ ਆਲੋਚਨਾ ਕੀਤੀ, ਪਰ ਉਸ ਨੂੰ ਇਹ ਖੁਸ਼ੀ ਮਨਾਉਣ ਦਾ ਵਕਤ ਬਹੁਤਾ ਨਹੀਂ ਮਿਲ ਸਕਿਆ। ਜਿਸ ਪੱਛਮੀ ਬੰਗਾਲ ਦੀ ਉਹ ਮੁੱਖ ਮੰਤਰੀ ਹੈ, ਉਸ ਵਿਚ ਇੱਕ ਚਿੱਟ ਫੰਡ ਕੰਪਨੀ ਦਾ ਸਕੈਂਡਲ ਜ਼ਾਹਰ ਹੋ ਗਿਆ, ਜਿਹੜਾ ਚਾਲੀ ਹਜ਼ਾਰ ਕਰੋੜ ਰੁਪਏ ਤੋਂ ਉਪਰ ਚਲਾ ਜਾਂਦਾ ਹੈ ਤੇ ਇਸ ਵਿਚ ਤ੍ਰਿਣਮੂਲ ਕਾਂਗਰਸ ਦੇ ਬੰਦਿਆਂ ਦੀ ਸ਼ਮੂਲੀਅਤ ਜ਼ਾਹਰ ਹੋਣ ਪਿੱਛੋਂ ਮਮਤਾ ਬੈਨਰਜੀ ਤੱਕ ਵੀ ਗੱਲ ਪਹੁੰਚ ਰਹੀ ਹੈ। ਸੁਦੀਪਤ ਸੇਨ ਨਾਂ ਦੇ ਜਿਹੜੇ ਬੰਦੇ ਨੇ ਸ਼ਾਰਦਾ ਚਿੱਟ ਫੰਡ ਕੰਪਨੀ ਬਣਾ ਕੇ ਇਹ ਘੋਟਾਲਾ ਕੀਤਾ ਸੀ, ਉਸ ਦੀ ਕੰਪਨੀ ਵਿਚ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਇੱਕ ਐਮ ਪੀ ਨੂੰ ਮੈਨੇਜਿੰਗ ਡਾਇਰੈਕਟਰ ਲਾਇਆ ਗਿਆ ਸੀ। ਮੁੱਢਲੇ ਤੌਰ ਉਤੇ ਭਾਵੇਂ ਪਾਰਲੀਮੈਂਟ ਮੈਂਬਰ ਕੁਨਾਲ ਘੋਸ਼ ਤੇ ਸਾਰੰਜਏ ਰਾਏ ਦੇ ਨਾਂ ਹੀ ਆਉਂਦੇ ਸਨ, ਪਰ ਮਮਤਾ ਬੈਨਰਜੀ ਵੀ ਆਪਣੀਆਂ ਪੇਂਟਿੰਗਜ਼ ਦੀ ਕਮਾਈ ਦੀ ਫੋਲਾ-ਫਾਲੀ ਨਾਲ ਇਸ ਵਿਚ ਉਲਝ ਗਈ ਹੈ।
ਪਿਛਲੇ ਸਮੇਂ ਵਿਚ ਇਹ ਸਵਾਲ ਕਈ ਵਾਰ ਕੀਤਾ ਜਾਂਦਾ ਸੀ ਕਿ ਮਮਤਾ ਬੈਨਰਜੀ ਆਪਣੀ ਪਾਰਟੀ ਦਾ ਕਰੋੜਾਂ ਰੁਪਏ ਦਾ ਚੋਣ ਖਰਚਾ ਕਿੱਥੋਂ ਕਰਦੀ ਹੈ ਤੇ ਉਹ ਆਖ ਛੱਡਦੀ ਸੀ ਕਿ ਉਹ ਆਪਣੀਆਂ ਬਣਾਈਆਂ ਤਸਵੀਰਾਂ ਵੇਚਦੀ ਹੈ, ਜਿਹੜੀਆਂ ਉਸ ਦੇ ਪ੍ਰਸ਼ੰਸਕ ਖਰੀਦਦੇ ਹਨ ਤੇ ਉਸ ਕਮਾਈ ਨਾਲ ਪਾਰਟੀ ਚੱਲਦੀ ਹੈ। ਹੁਣ ਪਤਾ ਲੱਗਾ ਹੈ ਕਿ ਇਹ ਚਿੱਤਰ ਖਰੀਦਣ ਵਾਲੇ ‘ਪ੍ਰਸ਼ੰਸਕ’ ਕਿਹੋ ਜਿਹੇ ਕਿਰਦਾਰ ਦੇ ਮਾਲਕ ਸਨ? ਜਿਹੜਾ ਸੁਦੀਪਤ ਸੇਨ ਪੱਛਮੀ ਬੰਗਾਲ ਅਤੇ ਨਾਲ ਆਸਾਮ ਦੇ ਲੱਖਾਂ ਲੋਕਾਂ ਨੂੰ ਚਾਲੀ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਕੁੰਡੀ ਲਾ ਗਿਆ, ਉਹ ਵੀ ਮਮਤਾ ਬੈਨਰਜੀ ਦਾ ਏਡਾ ‘ਪ੍ਰਸ਼ੰਸਕ’ ਸੀ ਕਿ ਉਸ ਦੀ ਬਣਾਈ ਇੱਕ ਤਸਵੀਰ ਇੱਕ ਕਰੋੜ ਛਿਆਸੀ ਲੱਖ ਰੁਪਏ ਵਿਚ ਖਰੀਦ ਕੇ ਲੈ ਗਿਆ ਸੀ। ਮਮਤਾ ਬੈਨਰਜੀ ਨਾ ਹੋਈ, ਮਕਬੂਲ ਫਿਦਾ ਹੁਸੈਨ ਦੀ ਗੁਰੂ-ਭੈਣ ਹੋ ਗਈ, ਜਿਸ ਦੀਆਂ ਤਸਵੀਰਾਂ ਕਰੋੜਾਂ ਵਿਚ ਵਿਕ ਰਹੀਆਂ ਸਨ।
ਅਸਲੀਅਤ ਵਿਚ ਸੁਦੀਪਤ ਸੇਨ ਵਰਗੇ ਜਿਹੜੇ ਕਾਲੀ ਕਮਾਈ ਕਰਨ ਵਾਲਿਆਂ ਤੋਂ ਮਮਤਾ ਬੈਨਰਜੀ ਨੇ ਕਰੋੜਾਂ ਰੁਪਏ ਲੈਣੇ ਹੁੰਦੇ ਸਨ, ਉਹ ਆ ਕੇ ਤਸਵੀਰਾਂ ਖਰੀਦਣ ਦਾ ਨਾਟਕ ਕਰਦੇ ਅਤੇ ਥੈਲੀਆਂ ਦੇ ਜਾਂਦੇ ਸਨ, ਜਿਸ ਦਾ ਖੁਲਾਸਾ ਹੁਣ ਸੁਦੀਪਤ ਸੇਨ ਨੇ ਜਾਂਚ ਏਜੰਸੀ ਨੂੰ ਲਿਖੀ ਆਪਣੀ ਚਿੱਠੀ ਵਿਚ ਕਰ ਦਿੱਤਾ ਹੈ। ਇਹ ਭ੍ਰਿਸ਼ਟਾਚਾਰ ਦਾ ਨਵਾਂ ਢੰਗ ਨਿਕਲਿਆ ਹੈ। ਮਮਤਾ ਕਿਸੇ ਵੀ ਸਮਾਗਮ ਜਾਂ ਮੀਟਿੰਗ ਵਿਚ ਕੋਈ ਸਵਾਲ ਕਰਨ ਵਾਲੇ ਨੂੰ ਇਹ ਕਹਿ ਕੇ ਪੁਲਿਸ ਤੋਂ ਗ੍ਰਿਫਤਾਰ ਕਰਵਾ ਦਿੰਦੀ ਸੀ ਕਿ ਇਹ ਬੰਦਾ ਨਕਸਲੀ ਜਾਪਦਾ ਹੈ, ਪਰ ਹੁਣ ਪਤਾ ਲੱਗਾ ਹੈ ਕਿ ਮਮਤਾ ਬੈਨਰਜੀ ਨੂੰ ਕਰੋੜਾਂ ਰੁਪਏ ਦੇਣ ਵਾਲਾ ਸੁਦੀਪਤ ਸੇਨ ਵੀ ਪੁਰਾਣਾ ਨਕਸਲੀ ਸੀ ਤੇ ਮੋਟੀ ਕਮਾਈ ਦੀ ਝਾਕ ਵਿਚ ਰਾਜਸੀ ਲੀਡਰਾਂ ਦਾ ਜੋੜੀਦਾਰ ਆਣ ਬਣਿਆ ਸੀ।
ਜਦੋਂ ਇਹ ਕੱਚਾ ਚਿੱਠਾ ਖਿੱਲਰਿਆ ਤਾਂ ਪੱਛਮੀ ਬੰਗਾਲ ਦੀ ਪਿਛਲੀ ਸਰਕਾਰ ਵਾਲੇ ਮਾਰਕਸੀ ਕਾਮਰੇਡਾਂ ਇਸ ਨੂੰ ਚੁੱਕਣਾ ਹੀ ਸੀ, ਤ੍ਰਿਣਮੂਲ ਕਾਂਗਰਸ ਤੋਂ ਨਵਾਂ-ਨਵਾਂ ਵੱਖ ਹੋਏ ਕਾਂਗਰਸ ਪਾਰਟੀ ਦੇ ਲੀਡਰ ਵੀ ਚਾਂਭਲ ਕੇ ਮਮਤਾ ਬੈਨਰਜੀ ਦਾ ਗੁੱਡਾ ਬੰਨ੍ਹਣ ਲਈ ਮੈਦਾਨ ਵਿਚ ਆ ਗਏ, ਪਰ ਉਨ੍ਹਾਂ ਦੀ ਇਹ ਖੁਸ਼ੀ ਥੋੜ੍ਹ-ਚਿਰੀ ਸਾਬਤ ਹੋਈ। ਸੀ ਬੀ ਆਈ ਨੂੰ ਲਿਖੀ ਸੁਦੀਪਤ ਸੇਨ ਦੀ ਜਿਹੜੀ ਚਿੱਠੀ ਵਿਚ ਤ੍ਰਿਣਮੂਲ ਕਾਂਗਰਸ ਵਾਲਿਆਂ ਦੇ ਚਿਹਰੇ ਤੋਂ ਨਕਾਬ ਲਾਹ ਕੇ ਲੋਕਾਂ ਸਾਹਮਣੇ ਸ਼ਰਮਿੰਦੇ ਕੀਤਾ ਗਿਆ ਸੀ, ਉਸੇ ਵਿਚ ਕੇਂਦਰ ਦੇ ਖਜ਼ਾਨਾ ਮੰਤਰੀ ਪੀæ ਚਿਦੰਬਰਮ ਦੀ ਪਤਨੀ ਨਲਿਨੀ ਦਾ ਨਾਂ ਵੀ ਲਿਖਿਆ ਪਿਆ ਹੈ। ਜਦੋਂ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਹੁੰਦਾ ਸੀ, ਆਸਾਮ ਤੋਂ ਉਸ ਦਾ ਇੱਕ ਮੰਤਰੀ ਮਤੰਗ ਸਿੰਘ ਕਈ ਵਿਵਾਦਾਂ ਵਿਚ ਚਰਚਿਤ ਰਿਹਾ ਸੀ। ਮਤੰਗ ਸਿੰਘ ਦੀ ਪਤਨੀ ਮਨੋਰੰਜਨਾ ਸਿੰਘ ਦੇ ਨਾਲ ਸੁਦੀਪਤ ਸੇਨ ਦਾ ਇੱਕ ਸੌਦਾ ਖਜ਼ਾਨਾ ਮੰਤਰੀ ਚਿਦੰਬਰਮ ਦੀ ਵਕੀਲ ਪਤਨੀ ਨਲਿਨੀ ਸਿੰਘ ਨੇ ਕਰਵਾਇਆ ਤੇ ਇਸ ਸੇਵਾ ਦੇ ਬਦਲੇ ਇੱਕ ਕਰੋੜ ਤੋਂ ਵੱਧ ਰੁਪਏ ਉਸ ਨੇ ਲਏ ਸਨ। ਜੇ ਤਾਂ ਬੀਬੀ ਨਲਿਨੀ ਚਿਦੰਬਰਮ ਇਹ ਕਹਿੰਦੀ ਕਿ ਉਸ ਨੇ ਵਕੀਲ ਵਜੋਂ ਆਪਣੀ ਫੀਸ ਲਈ ਸੀ ਤਾਂ ਹੋਰ ਗੱਲ ਸੀ, ਪਰ ਉਹ ਇਹ ਪੈਸੇ ਲੈਣ ਦੀ ਗੱਲ ਤੋਂ ਹੀ ਮੁੱਕਰ ਗਈ ਹੈ, ਜਿਸ ਦਾ ਭਾਵ ਇਹ ਹੈ ਕਿ ਉਸ ਨੇ ਪੈਸੇ ਲੈ ਕੇ ਕਿਸੇ ਖਾਤੇ ਵਿਚ ਇਸ ਲਈ ਦਰਜ ਨਹੀਂ ਕੀਤੇ ਕਿ ਕਮਾਈ ਕਾਲੀ ਸੀ। ਇਹ ਗੱਲ ਕਿਸੇ ਨੇ ਨਹੀਂ ਮੰਨਣੀ ਕਿ ਬੀਵੀ ਨੇ ਇੱਕ ਕਰੋੜ ਰੁਪਏ ਕਮਾਈ ਕਰ ਲਈ ਤੇ ਉਸ ਦੇ ਪਤੀ ਨੂੰ ਪਤਾ ਹੀ ਨਹੀਂ, ਜਿਹੜਾ ਸਾਰੇ ਦੇਸ਼ ਦੇ ਪੈਸੇ ਦੇ ਲੈਣ-ਦੇਣ ਦਾ ਖਿਆਲ ਰੱਖਣ ਵਾਲਾ ਖਜ਼ਾਨਾ ਮੰਤਰੀ ਹੈ। ਜਿੱਥੇ ਇਹੋ ਜਿਹਾ ਬੰਦਾ ਖਜ਼ਾਨਾ ਮੰਤਰੀ ਬਣ ਜਾਂਦਾ ਹੈ, ਉਸ ਦੇਸ਼ ਦੇ ਲੋਕਾਂ ਦੀ ਕਿਸਮਤ ਫਿਰ ‘ਭਗਵਾਨ ਭਰੋਸੇ’ ਕਹੀ ਜਾ ਸਕਦੀ ਹੈ।
ਉਂਜ ਇਹੋ ਚਿਦੰਬਰਮ ਪਹਿਲਾਂ ਵੀ ਕਈ ਮਾਮਲਿਆਂ ਵਿਚ ਚਰਚਿਤ ਰਿਹਾ ਹੈ, ਜਿਨ੍ਹਾਂ ਵਿਚੋਂ ਇੱਕ ਕੇਸ ਦਾ ਸਬੰਧ ਉਸ ਵੇਦਾਂਤਾ ਕਾਰਪੋਰੇਸ਼ਨ ਨਾਲ ਹੈ, ਜਿਹੜੀ ਕਈ ਦੇਸ਼ਾਂ ਵਿਚ ਅੱਡੇ ਜਮਾਈ ਬੈਠੀ ਹੈ। ਉਸ ਦਾ ਕਾਰੋਬਾਰ ਕਈ ਗੱਲਾਂ ਕਰ ਕੇ ਠੀਕ ਨਹੀਂ ਸਮਝਿਆ ਜਾਂਦਾ। ਚਿਦੰਬਰਮ ਆਪ ਪਹਿਲਾਂ ਉਸ ਦੇ ਕਰਤੇ-ਧਰਤਿਆਂ ਵਿਚ ਰਿਹਾ, ਉਸ ਦਾ ਵਕੀਲ ਵੀ ਰਿਹਾ ਅਤੇ ਫਿਰ ਉਸ ਦੀ ਪਤਨੀ ਇਹ ਕੰਮ ਕਰਨ ਲੱਗ ਪਈ ਤੇ ਇਹ ਕਾਰਪੋਰੇਸ਼ਨ ਏਨੀ ਕੁ ਸੁਥਰੀ ਹੈ ਕਿ ਬੀਤੇ ਇੱਕੋ ਹਫਤੇ ਵਿਚ ਸੁਪਰੀਮ ਕੋਰਟ ਨੇ ਇਸ ਦੇ ਖਿਲਾਫ ਦੋ ਕੇਸਾਂ ਵਿਚ ਹੁਕਮ ਕੀਤੇ ਹਨ। ਜਦੋਂ ਅੰਨਾ ਹਜ਼ਾਰੇ ਦੀ ਟੀਮ ਚੜ੍ਹਤ ਵਿਚ ਸੀ, ਉਦੋਂ ਉਸ ਦੀ ਇੱਕ ਸਹਿਯੋਗਣ ਉਤੇ ਲੋਕ ਭਲਾਈ ਬਹਾਨੇ ਉਨ੍ਹਾਂ ਕੰਪਨੀਆਂ ਤੋਂ ਪੈਸੇ ਲੈਣ ਦਾ ਦੋਸ਼ ਲੱਗਾ ਸੀ, ਜਿਨ੍ਹਾਂ ਵਿਰੁਧ ਅੰਨਾ ਦੇ ਸਹਿਯੋਗੀ ਬੋਲਦੇ ਸਨ ਅਤੇ ਉਨ੍ਹਾਂ ਪੈਸੇ ਦੇਣ ਵਾਲਿਆਂ ਵਿਚ ਵੀ ਚਿਦੰਬਰਮ ਦੀ ਚਹੇਤੀ ਵੇਦਾਂਤਾ ਕਾਰਪੋਰੇਸ਼ਨ ਸ਼ਾਮਲ ਸੀ। ਅੱਗੋਂ ਚਿਦੰਬਰਮ ਦਾ ਨਾਂ ਭਾਰਤ ਦੇ ਭਵਿੱਖ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਜਾ ਰਿਹਾ ਹੈ ਤੇ ਜੇ ਅਜਿਹਾ ਹੋ ਗਿਆ ਤਾਂ ਇਹ ਦੇਸ਼ ਦੀ ਵੱਡੀ ਬਦਕਿਸਮਤੀ ਹੋਵੇਗੀ ਕਿ ਵੇਦਾਂਤਾ ਤੋਂ ਲੈ ਕੇ ਸੁਦੀਪਤ ਸੇਨ ਤੱਕ ਨਾਲ ਜਿਸ ਦਾ ਨਾਂ ਜੁੜਦਾ ਹੈ, ਉਹ ਬੰਦਾ ਦੇਸ਼ ਦਾ ਆਗੂ ਮੰਨ ਲਿਆ ਜਾਵੇ।
‘ਭੰਡਾ ਭੰਡਾਰ ਤੇਰਾ ਕਿੰਨਾ ਕੁ ਭਾਰ, ਇੱਕ ਮੁੱਕੀ ਚੁੱਕ ਲਓ ਤਾਂ ਦੂਜੀ ਨੂੰ ਤਿਆਰ’ ਵਾਲੀ ਗੱਲ ਤਾਂ ਏਥੇ ਆਣ ਕੇ ਪਤਾ ਲੱਗਦੀ ਹੈ ਕਿ ਹੁਣ ਸੁਦੀਪਤ ਸੇਨ ਤੋਂ ਬਾਅਦ ਇੱਕ ਰੋਜ਼ ਵੈਲੀ ਕੰਪਨੀ ਦਾ ਕਿੱਸਾ ਵੀ ਖੁੱਲ੍ਹ ਗਿਆ ਹੈ। ਨਵੇਂ ਜ਼ਾਹਰ ਹੋਏ ਅਤੇ ਅਗਲੇ ਦਿਨੀਂ ਵੱਡਾ ਖਿਲਾਰਾ ਬਣ ਸਕਦੇ ਇਸ ਮਾਮਲੇ ਵਿਚ ਤ੍ਰਿਣਮੂਲ ਕਾਂਗਰਸ ਦੀ ਪਾਰਲੀਮੈਂਟ ਮੈਂਬਰ ਅਤੇ ਬੰਗਾਲੀ ਫਿਲਮਾਂ ਦੀ ਹੀਰੋਇਨ ਸ਼ਤਾਬਦੀ ਰਾਏ ਦਾ ਨਾਂ ਵੀ ਚਰਚਾ ਵਿਚ ਆ ਗਿਆ ਹੈ। ਸ਼ਤਾਬਦੀ ਦਾ ਕਹਿਣਾ ਹੈ ਕਿ ਉਹ ਕਲਾਕਾਰ ਹੈ ਤੇ ਇਸ ਕੰਮ ਲਈ ਜਦੋਂ ਕੁਝ ਪੇਸ਼ਕਾਰੀ ਕਰਦੀ ਸੀ, ਉਸ ਦੇ ਬਦਲੇ ਵਿਚ ਰਕਮਾਂ ਵਸੂਲਦੀ ਰਹੀ ਸੀ। ਪੇਸ਼ਕਾਰੀ ਬਦਲੇ ਰਕਮਾਂ ਵਸੂਲਣ ਦਾ ਇਹ ਮਾਮਲਾ ਵੀ ਮਮਤਾ ਬੈਨਰਜੀ ਵਾਲੀਆਂ ਨਿਕੰਮੀਆਂ ਪੇਂਟਿੰਗਜ਼ ਦਾ ਮੁੱਲ ਕਰੋੜਾਂ ਵਿਚ ਮਿਥਣ ਵਾਂਗ ਹੈ।
ਯੂ ਪੀ ਵਿਚ ਮੁਲਾਇਮ ਸਿੰਘ ਦੇ ਪਿਛਲੇ ਰਾਜ ਵੇਲੇ ਇੱਕ ਫਿਲਮੀ ਪਰਿਵਾਰ ਦੇ ਸਾਰੇ ਜੀਆਂ ਨੂੰ ਪੇਸ਼ਕਾਰੀ ਦੇ ਨਾਂ ਉਤੇ ਕਰੋੜਾਂ ਰੁਪਏ ਦਿੱਤੇ ਜਾਣ ਦੇ ਚਰਚੇ ਸਨ ਤੇ ਇਹ ਚਰਚੇ ਕਈ ਰਾਜਾਂ ਵਿਚ ਸੁਣੇ ਜਾਂਦੇ ਹਨ। ਅਸਲ ਵਿਚ ਜਿਹੜੀ ਪੇਸ਼ਕਾਰੀ ਇਹ ਕਰਦੇ ਹਨ, ਉਹ ਵਧੀਆ ਨਾ ਵੀ ਹੋਵੇ ਤਾਂ ਮਾਲ ਚੋਖਾ ਮਿਲ ਜਾਂਦਾ ਹੈ, ਕਿਉਂਕਿ ਮਾਲ ਦੇਣ ਵਾਲੀ ਸਰਕਾਰ ਜਾਂ ਕੰਪਨੀ ਦਾ ਨਾਂ ਤਾਂ ਪੇਸ਼ਕਾਰੀ ਦਾ ਬਹਾਨਾ ਕਾਲੀ ਕਮਾਈ ਨੂੰ ਚਿੱਟੀ ਕਰਨ ਲਈ ਵਰਤਿਆ ਜਾਂਦਾ ਹੈ। ‘ਚੋਰਾਂ ਦੇ ਕੱਪੜੇ, ਡਾਂਗਾਂ ਦੇ ਗਜ਼’ ਦੇ ਅਖਾਣ ਵਾਂਗ ਚੋਰਾਂ ਨੇ ਕਾਲੀ ਕਮਾਈ ਜਿਨ੍ਹਾਂ ਲੀਡਰਾਂ ਦੀ ਮਦਦ ਨਾਲ ਕੀਤੀ ਹੁੰਦੀ ਹੈ, ਇਹ ਉਨ੍ਹਾਂ ਨੂੰ ਹਿੱਸਾ-ਪੱਤੀ ਦੇਣ ਦਾ ਨਵਾਂ ਢੰਗ ਹੈ।
ਜਿਹੜੇ ਚੋਰ ਇਨ੍ਹਾਂ ਲੋਕਾਂ ਦੀ ਮਦਦ ਨਾਲ ਕਮਾਈ ਕਰਦੇ ਹਨ, ਉਨ੍ਹਾਂ ਵਿਚੋਂ ਇੱਕ ਬੀਬੀ ਨੀਰਾ ਰਾਡੀਆ ਦਾ ਕਿੱਸਾ ਸਾਨੂੰ ਯਾਦ ਹੈ। ਉਹ ਸਿਰਫ ਪੰਦਰਾਂ ਲੱਖ ਰੁਪਏ ਲੈ ਕੇ ਏਅਰਲਾਈਨ ਖੋਲ੍ਹਣ ਤੁਰ ਪਈ ਸੀ। ਇਸ ਕੰਮ ਵਿਚ ਕਾਮਯਾਬੀ ਨਾ ਮਿਲੀ, ਪਰ ਇਸ ਦੌਰਾਨ ਵੱਡੇ ਲੋਕਾਂ ਲਈ ਉਹ ਇਹੋ ਜਿਹੀ ਤੰਦ ਬਣ ਗਈ ਕਿ ਸਾਰੇ ਘਰਾਣੇ ਉਸ ਦੇ ਰਾਹੀਂ ਲੈਣ-ਦੇਣ ਕਰਨ ਤੇ ਉਸ ਨੂੰ ਹਿੱਸਾ ਦੇਣ ਲੱਗ ਪਏ, ਜਿਸ ਨਾਲ ਪੰਦਰਾਂ ਲੱਖ ਤੋਂ ਤੁਰੀ ਨੀਰਾ ਰਾਡੀਆ ਕੁਝ ਸਾਲਾਂ ਵਿਚ ਹੀ ਨੌਂ ਸੌ ਕਰੋੜ ਰੁਪਏ ਦੀ ਮਾਲਕ ਬਣ ਗਈ ਸੀ। ਹੁਣ ਸੁਦੀਪਤ ਸੇਨ ਦੀ ਕੰਪਨੀ ਵਿਚ ਵੀ ਇੱਕ ਨੀਰਾ ਰਾਡੀਆ ਨਿਕਲ ਆਈ ਹੈ, ਜਿਸ ਦਾ ਨਾਂ ਦੇਵਜਾਨੀ ਮੁਖਰਜੀ ਹੈ। ਤੇਲ ਦੀ ਛੋਟੀ ਜਿਹੀ ਮਿੱਲ ਵਿਚ ਘਾਟਾ ਪੈਣ ਪਿੱਛੋਂ ਦੇਵਜਾਨੀ ਦਾ ਬਾਪ ਲੋਕਾਂ ਕੋਲ ਕੰਮ ਕਰਨ ਲੱਗ ਪਿਆ ਤੇ ਮਾਂ ਨੇ ਅਚਾਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਹਾਲੇ ਕੁਝ ਸਾਲ ਪਹਿਲਾਂ ਲੋਕਾਂ ਦੇ ਘਰਾਂ ਦੀ ਘੰਟੀ ਖੜਕਾ ਕੇ ਡੱਬਾ-ਬੰਦ ਆਚਾਰ ਵੇਚਣ ਵਾਲੀ ਦੇਵਜਾਨੀ ਨੂੰ 2007 ਵਿਚ ਇੱਕ ਟਰੈਵਲ ਏਜੰਸੀ ਦੇ ਦਫਤਰ ਦੀ ਰਿਸੈਪਸ਼ਨ ਕਲਰਕ ਦੀ ਨੌਕਰੀ ਮਿਲ ਗਈ। ਸਿਰਫ ਚਾਰ ਸਾਲ ਹੋਰ ਲੰਘੇ ਤੇ ਉਹ ਕਈ ਹਜ਼ਾਰ ਕਰੋੜ ਰੁਪਏ ਦੇ ਕਾਰੋਬਾਰ ਵਾਲੀ ਸੁਦੀਪਤ ਸੇਨ ਦੀ ਸ਼ਾਰਦਾ ਚਿੱਟ ਫੰਡ ਕੰਪਨੀ ਦੀ ਐਗਜ਼ੈਕਟਿਵ ਡਾਇਰੈਕਟਰ ਦੀ ਕੁਰਸੀ ਉਤੇ ਜਾ ਬੈਠੀ। ਉਸ ਕੰਪਨੀ ਵਿਚ ਵੀਹ ਲੱਖ ਰੁਪਏ ਤੋਂ ਵੱਧ ਦਾ ਚੈਕ ਹੋਵੇ ਤਾਂ ਦਸਖਤ ਕਰਨ ਦਾ ਅਧਿਕਾਰ ਜਾਂ ਸੁਦੀਪਤ ਸੇਨ ਨੂੰ ਸੀ, ਜਾਂ ਫਿਰ ਦੇਵਜਾਨੀ ਨੂੰ। ‘ਪਰਸੂ, ਪਰਸਾ, ਪਰਸਰਾਮ’ ਦੀ ਕਹਾਣੀ ਨੂੰ ਸੱਚਾ ਸਾਬਤ ਕਰਨ ਵਾਲੀ ਦੇਵਜਾਨੀ ਮੁਖਰਜੀ ਹੁਣ ਸਰਕਾਰੀ ਗਵਾਹ ਬਣਨ ਨੂੰ ਤਿਆਰ ਹੋਈ ਜਾਪਦੀ ਹੈ।
ਕਹਿੰਦੇ ਹਨ ਕਿ ਕੋਈ ਧਓਲਾ ਬਲਦ ਹੈ, ਜਿਹੜਾ ਆਪਣੇ ਸਿੰਗਾਂ ਉਤੇ ਧਰਤੀ ਦਾ ਭਾਰ ਚੁੱਕੀ ਫਿਰਦਾ ਹੈ ਤੇ ਉਸ ਦੇ ਆਸਰੇ ਕਾਇਨਾਤ ਚੱਲੀ ਜਾਂਦੀ ਹੈ। ਭਾਰਤ ਦੀ ਜਨਤਾ ਧਓਲੇ ਬਲਦ ਤੋਂ ਘੱਟ ਨਹੀਂ। ਜਿਹੜਾ ਭ੍ਰਿਸ਼ਟਾਚਾਰ ਦਾ ਭਾਰਾ ਟੋਕਰਾ, ਤੇ ਦਿਨੋ-ਦਿਨ ਹੋਰ ਭਾਰਾ ਹੋਈ ਜਾਂਦਾ ਟੋਕਰਾ, ਚੁੱਕ ਕੇ ਵੀ ਇਹ ਜਨਤਾ ਦਿਨ-ਕੱਟੀ ਕਰੀ ਜਾਂਦੀ ਹੈ, ਇਹ ਵੀ ਇੱਕ ਕ੍ਰਿਸ਼ਮਾ ਹੀ ਹੈ। ਕਮਾਲ ਹੈ ਕਿ ਅਜੇ ਵੀ ਲੋਕ ਉਬਲਦੇ ਨਹੀਂ, ਤੇ ਦੇਸ਼ ਚੱਲੀ ਜਾਂਦਾ ਹੈ।
Leave a Reply