ਜਲੰਧਰ: ਹੜ੍ਹ ਪੀੜਤਾਂ ਲਈ ਪਰਵਾਸੀ ਪੰਜਾਬੀਆਂ ਨੇ ਪੌਂਡਾਂ ਅਤੇ ਡਾਲਰਾਂ ਦਾ ਮੀਂਹ ਵਰ੍ਹਾ ਦਿੱਤਾ ਹੈ। ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ ਅਤੇ ਯੂਰਪੀ ਦੇਸ਼ਾਂ ਵਿਚੋਂ ਪਰਵਾਸੀ ਪੰਜਾਬੀਆਂ ਦੀਆਂ ਜਥੇਬੰਦੀਆਂ ਨੇ ਗੁਰਦੁਆਰਿਆਂ ਅਤੇ ਹੋਰ ਸਾਂਝੀਆਂ ਥਾਵਾਂ `ਤੇ ਮੀਟਿੰਗਾਂ ਕਰ ਕੇ ਪੰਜਾਬ ਵਿਚ ਹੜ੍ਹ ਦੀ ਤਬਾਹੀ ਨਾਲ ਬਰਬਾਦ ਹੋਏ ਲੋਕਾਂ ਦੀ ਮਦਦ ਵਾਸਤੇ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਹਨ।
ਕੈਨੇਡਾ ਤੋਂ ਸਾਹਿਤਕਾਰ ਸੁੱਖੀ ਬਾਠ ਉਚੇਚੇ ਤੌਰ `ਤੇ ਹੜ੍ਹ ਪੀੜਤਾਂ ਦੇ ਹਾਲਾਤ ਨੂੰ ਜਾਨਣ ਲਈ ਪਹੁੰਚ ਗਏ ਹਨ। ਉਨ੍ਹਾਂ ਨੇ ਗਿੱਦੜਪਿੰਡੀ ਅਤੇ ਹੋਰ ਨਾਲ ਲਗਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਕੈਨੇਡਾ ਵਾਪਸ ਜਾ ਕੇ ਉਥੇ ਆਪਣੇ ਭਾਈਚਾਰੇ ਵਿਚ ਸਾਰੀ ਸਥਿਤੀ ਨੂੰ ਰੱਖਣਗੇ ਤੇ ਮਦਦ ਵਾਸਤੇ ਪੈਸੇ ਭੇਜਣਗੇ।
ਆਸਟਰੇਲੀਆ ਤੋਂ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਹਨ। ਜਿਉਂ ਹੀ ਉਨ੍ਹਾਂ ਕੋਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਖਬਰਾਂ ਆਈਆਂ ਤਾਂ ਉਨ੍ਹਾਂ ਨੇ ਆਪਣੇ ਮਿੱਤਰਾਂ ਨਾਲ ਗੱਲਬਾਤ ਕਰਕੇ ਪੈਸੇ ਭੇਜਣ ਦਾ ਪ੍ਰੋਗਰਾਮ ਉਲੀਕਿਆ। ਹੜ੍ਹ ਵਿਚ ਫਸੇ ਹੋਏ ਪਿੰਡ ਨੱਲ੍ਹ `ਚ ਵੀ ਲੋਕਾਂ ਦੀ ਮਦਦ ਵਾਸਤੇ ਆਸਟਰੇਲੀਆ ਤੋਂ ਮਦਦ ਭੇਜੀ ਜਾ ਰਹੀ ਹੈ। ਪ੍ਰੋ. ਤੀਰਥ ਸਿੰਘ ਖਾਲਸਾ ਨੇ ਦੱਸਿਆ ਕਿ ਐਨ.ਆਰ.ਆਈਜ਼. ਦੇ ਸਹਿਯੋਗ ਨਾਲ ਪਹਿਲਾਂ 16 ਹਜ਼ਾਰ ਦੀ ਕਿਸ਼ਤੀ ਖਰੀਦੀ ਸੀ, ਜਿਸ ਨਾਲ ਪਿੰਡ `ਚ ਫਸੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ।
ਹੜ੍ਹ ਪੀੜਤਾਂ ਦੀ ਸਹਾਇਤਾ ਵਿਚ ਲੱਗੀ ਕੌਮਾਂਤਰੀ ਪੱਧਰ ਦੀ ਸੰਸਥਾ ਖਾਲਸਾ ਏਡ ਦੇ ਪ੍ਰਧਾਨ ਰਵੀ ਸਿੰਘ ਵੱਲੋਂ ਵੀ ਮਦਦ ਵਾਸਤੇ ਡੇਢ ਲੱਖ ਪੌਂਡ ਭੇਜੇ ਜਾ ਰਹੇ ਹਨ। ਉਨ੍ਹਾਂ ਦੇ ਕਾਰਕੁਨ ਪਹਿਲਾਂ ਹੀ ਹੜ੍ਹ ਪੀੜਤਾਂ ਦੀ ਸਹਾਇਤਾ ਵਿਚ ਲੱਗੇ ਹੋਏ ਹਨ ਤੇ ਸੁੱਕਾ ਰਾਸ਼ਨ ਵੀ ਪਹੁੰਚਾ ਰਹੇ ਹਨ। ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਮਨਜੀਤ ਸਿੰਘ ਗੋਰਸੀਆਂ ਅਤੇ ਦੇਵ ਵਾੜਾ ਜਗੀਰ ਨੇ ਦੱਸਿਆ ਕਿ ਉਹ ਗੁਰੂ ਘਰ ਵਿਚ ਮੀਟਿੰਗ ਕਰਕੇ ਹੜ੍ਹ ਪੀੜਤਾਂ ਦੀ ਮਦਦ ਲਈ ਯੂਰੋ ਇਕੱਠੇ ਕਰ ਰਹੇ ਹਨ। ਹੜ੍ਹ ਨਾਲ ਜਿਨ੍ਹਾਂ ਪਰਿਵਾਰਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਤੋਂ ਕਈ ਪਰਵਾਸੀ ਪੰਜਾਬੀਆਂ ਨੇ ਫੋਨ ਕੀਤੇ ਹਨ। ਉਹ ਵੱਡੀ ਪੱਧਰ `ਤੇ ਪੈਸੇ ਭੇਜਣਾ ਚਾਹੁੰਦੇ ਹਨ ਪਰ ਉਨ੍ਹਾਂ ਨੇ ਪਰਵਾਸੀਆਂ ਨੂੰ ਸਲਾਹ ਦਿੱਤੀ ਹੈ ਕਿ ਪਹਿਲਾਂ ਉਹ ਇਥੇ ਆ ਕੇ ਜਾਇਜ਼ਾ ਲੈ ਲੈਣ ਕਿ ਕਿਹੜੇ ਕਿਹੜੇ ਪਰਿਵਾਰਾਂ ਨੂੰ ਕਿੰਨੀ ਸਹਾਇਤਾ ਦੀ ਲੋੜ ਹੈ।
ਇੰਗਲੈਂਡ ਤੋਂ ਹਰਜਿੰਦਰ ਸਿੰਘ ਹੇਅਰ ਨੇ ਦੱਸਿਆ ਕਿ ਉਹ ਅਗਲੇ ਹਫਤੇ ਪੀੜਤ ਪਰਿਵਾਰਾਂ ਲਈ 1500 ਪੌਂਡ ਭੇਜ ਰਹੇ ਹਨ ਤਾਂ ਜੋ ਸਕੂਲ ਜਾਣ ਵਾਲੇ ਹੜ੍ਹ ਪੀੜਤਾਂ ਦੇ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕੀਤੀ ਜਾ ਸਕੇ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਪਰਵਾਸੀ ਪੰਜਾਬੀਆਂ ਨੇ ਆਰਥਿਕ ਸਹਾਇਤਾ ਭੇਜਣ ਲਈ ਸੰਪਰਕ ਸਾਧੇ ਹਨ।
______________________________
ਮਦਦ ਲਈ ਸਮਾਜਸੇਵੀ ਤੇ ਆਮ ਲੋਕ ਖੁੱਲ੍ਹ ਕੇ ਅੱਗੇ ਆਏ
ਜਲੰਧਰ: ਹੜ੍ਹਾਂ ਵਿਚ ਘਿਰੇ ਲੋਕਾਂ ਦੀ ਮਦਦ ਲਈ ਸਮਾਜਸੇਵੀ ਸੰਸਥਾਵਾਂ ਤੇ ਆਮ ਲੋਕ ਖੁੱਲ੍ਹ ਕੇ ਅੱਗੇ ਆਏ। ਸੂਬੇ ਭਰ ਤੋਂ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਲੋਹੀਆਂ, ਸ਼ਾਹਕੋਟ ਅਤੇ ਫਿਲੌਰ ਦੇ ਹੜ੍ਹ ਪੀੜਤਾਂ ਲਈ ਲੰਗਰ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡੀ। ਹੜ੍ਹ ਵਿਚ ਘਿਰੇ ਲੋਕਾਂ ਨੂੰ ਪੰਜਾਬ ਦੇ ਬਰਗਾੜੀ, ਮਾਨਸਾ, ਫਿਰੋਜ਼ਪੁਰ, ਅੰਮ੍ਰਿਤਸਰ, ਤਰਨ ਤਾਰਨ, ਬਾਬਾ ਬਕਾਲਾ ਅਤੇ ਜ਼ਿਲ੍ਹਾ ਜਲੰਧਰ ਦੇ ਕਈ ਕਸਬਿਆਂ ਤੋਂ ਮਦਦ ਪੁੱਜ ਰਹੀ ਹੈ। ਲੋਕਾਂ ਦੀ ਸੇਵਾ ਵਿਚ ਜੁਟੀਆਂ ਜਥੇਬੰਦੀਆਂ ਨੂੰ ਬੇੜੀਆਂ ਨਾ ਮਿਲਣ ਕਾਰਨ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਕਈ ਲੋਕਾਂ ਨੇ ਆਪਣੀ ਜ਼ਿੰਦਗੀ ਦਾਅ `ਤੇ ਲਾ ਕੇ ਦੇਸੀ ਜੁਗਾੜ ਨਾਲ ਲੋਕਾਂ ਤਕ ਖਾਣ-ਪੀਣ ਵਾਲੀਆਂ ਵਸਤਾਂ ਅਤੇ ਦਵਾਈਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਣੀ ਵਿਚ ਘਿਰੇ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਅਤੇ ਖਾਸ ਕਰਕੇ ਪੀਣ ਵਾਲਾ ਪਾਣੀ ਅਤੇ ਬੱਚਿਆਂ ਲਈ ਦੁੱਧ ਪਹੁੰਚਾਉਣ ਲਈ ਸੂਬੇ ਦੇ ਲੋਕ ਆਪਣੀਆਂ ਜਾਨਾਂ ਦੀ ਪ੍ਰਵਾਹ ਵੀ ਨਹੀਂ ਕਰ ਰਹੇ। ਪਿੰਡ ਤਲਵੰਡੀ ਚੌਧਰੀਆਂ ਤੋਂ ਆਏ 50 ਦੇ ਕਰੀਬ ਨੌਜਵਾਨਾਂ ਨੇ ਹੜ੍ਹ ਵਿਚ ਘਿਰੇ ਲੋਕਾਂ ਨੂੰ ਲੰਗਰ ਪਹੁੰਚਾਉਣ ਲਈ ਸੁਰੱਖਿਆ ਜੈਕਟਾਂ ਪਾਏ ਬਿਨਾਂ ਲੋਹੇ ਦੇ ਕੜਾਹੇ ਵਿਚ ਸਾਮਾਨ ਰੱਖ ਕੇ ਪਹੁੰਚਦਾ ਕੀਤਾ। ਜਿਉਂ ਹੀ ਇਹ ਨੌਜਵਾਨ ਪਾਣੀ ਵਿਚ ਫਸੇ ਪੀੜਤਾਂ ਕੋਲ ਪਹੁੰਚੇ ਤਾਂ ‘ਬੋਲੇ ਸੋ ਨਿਹਾਲ` ਦੀ ਗੂੰਜ ਦੂਰ ਤੱਕ ਸੁਣਾਈ ਦੇ ਰਹੀ ਸੀ।