ਹੜ੍ਹਾਂ ਦੀ ਮਾਰ: ਸਰਕਾਰਾਂ ਦੀ ਨਾਲਾਇਕੀ ਨੇ ਦਿੱਤਾ ਆਫਤ ਨੂੰ ਸੱਦਾ

ਚੰਡੀਗੜ੍ਹ: ਪੰਜਾਬ ਵਿਚ ਹੜ੍ਹਾਂ ਨੇ ਭਾਰੀ ਤਬਾਹੀ ਲਿਆਂਦੀ ਹੈ। ਸਾਲ 1988 ਵਿਚ ਵੀ ਅਜਿਹੀ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ ਸੀ ਤੇ ਹੁਣ 31 ਸਾਲਾਂ ਬਾਅਦ ਮੁੜ ਉਹੀ ਪਿੰਡ ਪਾਣੀ ਦੀ ਮਾਰ ਹੇਠ ਆਏ ਹਨ। ਬੀਤੇ ਤਿੰਨ ਦਹਾਕਿਆਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਤੇ ਗਈਆਂ ਪਰ ਸਥਾਨਕ ਲੋਕਾਂ ਨੂੰ ਸਤਲੁਜ ਦਰਿਆ ਦੇ ਕਹਿਰ ਤੋਂ ਬਚਾਉਣ ਲਈ ਕਿਸੇ ਵੀ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਸੋਚਿਆ।

ਸਰਕਾਰੀ ਅੰਕੜਿਆਂ ਅਨੁਸਾਰ ਜਿਥੇ ਨੰਗਲ, ਸ੍ਰੀ ਆਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ਦੇ ਪਿੰਡਾਂ ਵਿਚ ਲਗਭਗ 40 ਕਰੋੜ ਦਾ ਨੁਕਸਾਨ ਹੋਇਆ ਹੈ ਉਥੇ ਹੀ ਪੂਰੇ ਜ਼ਿਲ੍ਹੇ ਰੂਪਨਗਰ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਅੰਕੜਾ 100 ਕਰੋੜ ਨੂੰ ਪਾਰ ਕਰ ਗਿਆ ਹੈ। ਜਦਕਿ ਜ਼ਿਲ੍ਹੇ ਦੇ 175 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ 11 ਹਜ਼ਾਰ ਏਕੜ ਰਕਬਾ ਨੁਕਸਾਨਿਆ ਗਿਆ ਹੈ। ਇਹ ਨੁਕਸਾਨ ਬੇਸ਼ੱਕ ਕੁਦਰਤੀ ਵਰਤਾਰਾ ਗਰਦਾਨਿਆ ਗਿਆ ਹੈ ਪਰ ਸਰਕਾਰਾਂ ਤਿੰਨ ਦਹਾਕਿਆਂ ਬਾਅਦ ਵੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਵਿਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਤ ਹੋਈਆਂ ਹਨ। ਇਸ ਸਮੱਸਿਆ ਦੀ ਅਸਲ ਜੜ੍ਹ ਤਾਂ ਇਹ ਸੀ ਕਿ ਜੇਕਰ ਸਵਾਂ ਨਦੀ ਅਤੇ ਸਤਲੁਜ ਦਰਿਆ ਨੂੰ ਹਿਮਾਚਲ ਪ੍ਰਦੇਸ਼ ਦੀ ਤਰਜ਼ `ਤੇ ਚੈਨੇਲਾਈਜ਼ ਕੀਤਾ ਹੁੰਦਾ ਤਾਂ ਇਹ ਪਾਣੀ ਨਾਲ ਲੱਗਦੇ ਦਰਜਨਾਂ ਪਿੰਡਾਂ ਦਸਗਰਾਈਂ, ਐਲਗਰਾਂ, ਖਾਨਪੁਰ, ਮਥੁਰਾ, ਗਰਾਂ, ਗਨ੍ਹਾਰੂ, ਲੋਧੀਪੁਰ, ਬੁਰਜ, ਮਟੌਰ, ਬੱਲੋਵਾਲ, ਹਰੀਵਾਲ, ਅਮਰਪੁਰ ਬੇਲਾ, ਸ਼ਾਹਪੁਰ ਬੇਲਾ, ਮਹਿੰਦਲੀ ਕਲਾਂ, ਗੱਜਪੁਰ, ਚੰਦਪੁਰ, ਬੱਢਲ ਹੇਠਲਾ, ਅਟਾਰੀ, ਹਜ਼ਾਰਾ, ਬੇਲੀ ਆਦਿ ਵਿਚ ਆਪਣਾ ਕਹਿਰ ਨਾ ਵਰ੍ਹਾਉਂਦਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਬੀਤੇ ਤਿੰਨ ਦਹਾਕਿਆਂ ਦੌਰਾਨ ਹਾਕਮ ਧਿਰਾਂ ਇਸ ਪ੍ਰੋਜੈਕਟ ਨੂੰ ਸਿਰੇ ਚੜ੍ਹਾਉਣ ਵਿਚ ਨਾਕਾਮ ਰਹੀਆਂ ਹਨ। ਜਦਕਿ ਹਿਮਾਚਲ ਪ੍ਰਦੇਸ਼ ਵੱਲੋਂ ਆਪਣੇ ਹਿੱਸੇ ਦੀ ਚੈਨੇਲਾਈਜੇਸ਼ਨ ਕਰਵਾਉਣ ਨਾਲ ਪੰਜਾਬ ਦੇ ਹਿੱਸੇ ਵਿੱਚ ਨੁਕਸਾਨ ਵਧਿਆ ਹੈ ਕਿਉਂਕਿ ਹਿਮਾਚਲ ਵਾਲੇ ਪਾਸੇ ਸੰਤੋਖਗੜ੍ਹ ਤੋਂ ਬੰਨਿ੍ਹਆ ਹੋਇਆ ਪਾਣੀ ਇਕਦਮ ਪੰਜਾਬ ਵੱਲ ਦਾਖਲ ਹੁੰਦਾ ਹੈ ਤੇ ਫਿਰ ਬੇਕਾਬੂ ਹੋ ਕੇ ਸਭ ਕੁਝ ਤਹਿਸ-ਨਹਿਸ ਕਰਦਾ ਅੱਗੇ ਵਧਦਾ ਹੈ। ਹਾਲਾਂਕਿ ਸਤਲੁਜ ਨੂੰ ਚੈਨੇਲਾਈਜ਼ ਕਰਨ ਦੇ ਨਾਂ `ਤੇ ਕਈ ਆਗੂ ਪਿਛਲੀਆਂ ਤਿੰਨ-ਚਾਰ ਲੋਕ ਸਭਾ ਚੋਣਾਂ ਲੜ ਚੁੱਕੇ ਹਨ। ਇਸ ਪ੍ਰੋਜੈਕਟ ਨੂੰ ਨੇਪਰੇ ਨਾ ਚਾੜ੍ਹਨ ਕਰਕੇ ਜਾਂ ਤਾਂ ਸਿਆਸੀ ਆਗੂਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ ਜਾਂ ਫਿਰ ਉਹ ਹਲਕਾ ਛੱਡ ਕੇ ਹੀ ਭੱਜ ਗਏ ਹਨ। ਪੀੜਤ ਲੋਕਾਂ ਨੂੰ ਗਿਲਾ ਹੈ ਕਿ ਬੇਸ਼ੱਕ ਪੰਜਾਬ ਸਰਕਾਰ, ਸਥਾਨਕ ਪ੍ਰਸ਼ਾਸਨ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਉਨ੍ਹਾਂ ਦਾ ਦਰਦ ਵੰਡਾਉਣ ਵਿਚ ਮਦਦ ਕਰ ਰਹੀਆਂ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਕੋਲੋਂ ਇਸ ਕੁਦਰਤੀ ਕਹਿਰ ਦੇ ਸਤਾਏ ਲੋਕਾਂ ਦੇ ਹੱਕ `ਚ ਸੰਵੇਦਨਾ ਦੇ ਦੋ ਬੋਲ ਵੀ ਨਾ ਆਉਣਾ ਮੰਦਭਾਗਾ ਹੈ। ਉਹ ਸਵਾਲ ਕਰ ਰਹੇ ਹਨ ਕਿ ਪੰਜਾਬ ਵਾਸਤੇ ਕੋਈ ਵੱਡਾ ਪੈਕੇਜ ਜਾਰੀ ਕਿਉਂ ਨਹੀਂ ਹੋ ਰਿਹਾ।
ਪਾਣੀ ਘਟਣ ਤੋਂ ਬਾਅਦ ਹੁਣ ਮਹਾਂਮਾਰੀ ਫੈਲਣ ਦਾ ਡਰ
ਜਲੰਧਰ: ਪਿਛਲੇ ਤਕਰੀਬਨ ਦੋ ਇਕ ਹਫਤਿਆਂ ਤੋਂ ਲੁਧਿਆਣਾ, ਜਲੰਧਰ, ਰੋਪੜ, ਫਿਰੋਜ਼ਪੁਰ, ਕਪੂਰਥਲਾ ਅਤੇ ਮੋਗਾ ਆਦਿ ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਆਏ ਹੋਏ ਹਨ ਤੇ ਲਗਾਤਾਰ ਕਈ ਦਿਨਾਂ ਤੋਂ ਪਾਣੀ `ਚ ਡੁੱਬੇ ਉਕਤ ਜ਼ਿਲਿ੍ਹਆਂ ਦੇ ਸੈਂਕੜੇ ਪਿੰਡਾਂ `ਚ ਹਾਲਾਤ ਅਜੇ ਵੀ ਬਦਤਰ ਬਣੇ ਹੋਏ ਹਨ, ਜਿਸ ਕਾਰਨ ਇਨ੍ਹਾਂ ਖੇਤਰਾਂ `ਚ ਹੁਣ ਮਹਾਂਮਾਰੀ ਫੈਲਣ ਦਾ ਡਰ ਸਤਾਉਣ ਲੱਗਾ ਹੈ। ਕਈਆਂ ਦਿਨਾਂ ਤੋਂ ਪਿੰਡਾਂ ਦੇ ਪਿੰਡ ਪਾਣੀ `ਚ ਡੁੱਬੇ ਹੋਣ ਕਾਰਨ ਚਾਰੇ ਪਾਸੇ ਗੰਦਗੀ ਅਤੇ ਬਦਬੂ ਫੈਲ ਰਹੀ ਹੈ, ਜਿਸ ਕਾਰਨ ਲੋਕ ਵੱਡੀ ਪੱਧਰ `ਤੇ ਬਿਮਾਰ ਹੋ ਰਹੇ ਹਨ।
ਹੜ੍ਹ ਪ੍ਰਭਾਵਿਤ ਬਹੁਤੇ ਪਿੰਡਾਂ ਦੇ ਲੋਕਾਂ ਵੱਲੋਂ ਦਸਤ ਤੇ ਪੇਟ ਦੀਆਂ ਹੋਰਨਾਂ ਬਿਮਾਰੀਆਂ ਦੇ ਨਾਲ-ਨਾਲ ਚਮੜੀ ਦੇ ਰੋਗਾਂ ਸਬੰਧੀ ਵੀ ਸ਼ਿਕਾਇਤਾਂ ਕੀਤੀਆਂ ਜਾਣ ਲੱਗੀਆਂ ਹਨ, ਜਿਸ ਤੋਂ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ `ਚ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ `ਚ ਪਾਣੀ ਦਾ ਪੱਧਰ ਘਟਦਾ ਵੀ ਹੈ ਜਾਂ ਪਾਣੀ ਨਿਕਲ ਵੀ ਜਾਂਦਾ ਹੈ ਤਾਂ ਵੀ ਹੜ੍ਹ ਪ੍ਰਭਾਵਿਤ ਖੇਤਰਾਂ `ਚ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਅਜਿਹੇ `ਚ ਕਿਸੇ ਵੀ ਤਰ੍ਹਾਂ ਦੀ ਮਹਾਂਮਾਰੀ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ਦੇ ਚੱਲਦਿਆਂ ਸਿਹਤ ਮਹਿਕਮੇ ਵੱਲੋਂ ਵੀ ਕਮਰਕੱਸ ਲਈ ਗਈ ਹੈ ਤੇ ਮਹਿਕਮੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ `ਚ ਕੈਂਪ ਲਗਾ ਕੇ ਬਿਮਾਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਅਤੇ ਭਾਖੜਾ ਡੈਮ ਤੋਂ ਲੱਖਾਂ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਸੂਬੇ ਦੇ ਅੱਧੀ ਦਰਜਨ ਤੋਂ ਵਧੇਰੇ ਜ਼ਿਲਿ੍ਹਆਂ `ਚ ਹੜ੍ਹ ਆ ਗਏ ਸਨ ਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਇਨ੍ਹਾਂ ਜ਼ਿਲਿ੍ਹਆਂ ਦੇ ਸੈਂਕੜੇ ਪਿੰਡ ਪਾਣੀ `ਚ ਡੁੱਬ ਗਏ ਸਨ।
ਹੜ੍ਹ ਆਉਣ ਕਾਰਨ ਜਿਥੇ ਵੱਡੀ ਗਿਣਤੀ `ਚ ਲੋਕ ਆਪਣੇ ਘਰ-ਬਾਰ ਛੱਡ ਕੇ ਰਾਹਤ ਕੈਂਪਾਂ `ਚ ਸ਼ਰਨ ਲੈਣ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਦੇ ਜਾ ਕੇ ਰਹਿਣ ਲਈ ਮਜਬੂਰ ਹੋ ਗਏ ਹਨ, ਉਥੇ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਹੜ੍ਹ ਪ੍ਰਭਾਵਿਤ ਬਹੁਤੇ ਪਿੰਡਾਂ `ਚ ਹਾਲਾਤ ਅਜੇ ਵੀ ਜਿਉਂ ਦੇ ਤਿਉਂ ਬਣੇ ਹੋਏ ਹਨ ਤੇ ਲੋਕਾਂ ਦੇ ਘਰਾਂ ਅੰਦਰ ਅਜੇ ਵੀ ਕਈ-ਕਈ ਫੁੱਟ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਵਧਦਾ ਜਾ ਰਿਹਾ ਹੈ। ਜੇਕਰ ਪਾਣੀ ਨਿਕਲਦਾ ਵੀ ਹੈ ਤਾਂ ਲੋਕਾਂ ਨੂੰ ਗੰਦਗੀ ਹਟਾਉਣ ਅਤੇ ਸਾਫ-ਸਫਾਈ ਕਰਨ `ਚ ਲੰਬਾ ਸਮਾਂ ਲੱਗ ਸਕਦਾ ਹੈ ਤੇ ਇਸ ਦੌਰਾਨ ਹੜ੍ਹ ਪ੍ਰਭਾਵਿਤ ਖੇਤਰਾਂ `ਚ ਗੰਦਗੀ ਤੇ ਬਦਬੂ ਕਾਰਨ ਮਹਾਂਮਾਰੀ ਫੈਲ ਸਕਦੀ ਹੈ।
________________________
ਲੋਕ ਭੁੱਖ ਤੇ ਆਰਥਿਕ ਨੁਕਸਾਨ ਤੋਂ ਪਰੇਸ਼ਾਨ
ਜਲੰਧਰ: ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਘੱਟ ਹੁੰਦਾ ਜਾ ਰਿਹਾ ਹੈ ਪਰ ਲੋਕਾਂ ਦੀਆਂ ਮੁਸੀਬਤਾਂ ਵਧਣ ਲੱਗ ਪਈਆਂ ਹਨ। ਹੜ੍ਹ ਦੌਰਾਨ ਲੋਕ ਭੁੱਖ ਤੇ ਆਰਥਿਕ ਨੁਕਸਾਨ ਤੋਂ ਪਰੇਸ਼ਾਨ ਸਨ, ਪਰ ਹੁਣ ਇਥੇ ਵੱਖਰੀ ਕਿਸਮ ਦੀਆਂ ਸਮੱਸਿਆਵਾਂ ਨੇ ਲੋਕਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਜਿਹੜੇ ਪਿੰਡ ਪਾਣੀ ਵਿਚ ਘਿਰੇ ਹੋਏ ਹਨ, ਉਨ੍ਹਾਂ ਵਿਚ ਸਭ ਤੋਂ ਵੱਡੀ ਸਮੱਸਿਆ ਪੀਣ ਵਾਲੇ ਪਾਣੀ ਦੀ ਆ ਰਹੀ ਹੈ। ਹੜ੍ਹ ਦੇ ਪਾਣੀ ਕਾਰਨ ਖੇਤਾਂ ਟਿਊਬਵੈੱਲਾਂ ਅਤੇ ਘਰਾਂ ਵਿਚ ਲੱਗੀਆਂ ਮੋਟਰਾਂ ਦੇ ਬੋਰਾਂ ਵਿਚ ਪਾਣੀ ਚਲਾ ਗਿਆ ਹੈ। ਹੜ੍ਹ ਪ੍ਰਭਾਵਿਤ ਪਿੰਡਾਂ `ਚ ਬਿਜਲੀ ਸਪਲਾਈ ਠੱਪ ਪਈ ਹੈ। ਬਿਜਲੀ ਦੀਆਂ ਤਾਰਾਂ ਤੇ ਟਰਾਂਸਫਾਰਮਰਾਂ ਨੂੰ ਮੁਰੰਮਤ ਲਈ ਕਾਫੀ ਸਮਾਂ ਲੱਗ ਸਕਦਾ ਹੈ। ਪਾਣੀ ਕਾਰਨ ਪਿੰਡਾਂ ਵਿਚ ਮੱਛਰ ਵਧ ਗਿਆ ਹੈ ਤੇ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਵੀ ਖਤਰਾ ਪੈਦਾ ਹੋ ਗਿਆ ਹੈ।
_
ਕਰਜ਼ੇ ਥੱਲੇ ਨੱਪੀ ਕਿਸਾਨੀ ਉਤੇ ਦੂਹਰੀ ਮਾਰ
ਚੰਡੀਗੜ੍ਹ: ਪੰਜਾਬ ਵਿਚ ਪਹਿਲਾਂ ਤੋਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਹੁਣ ਹੜ੍ਹਾਂ ਦੀ ਮਾਰ ਪੈ ਗਈ ਹੈ। ਸੂਬੇ `ਚ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਹੋਇਆ ਹੈ।
ਖੇਤੀਬਾੜੀ ਵਿਭਾਗ ਅਨੁਸਾਰ ਪੰਜਾਬ `ਚ ਵੱਖ-ਵੱਖ ਜ਼ਿਲਿ੍ਹਆਂ `ਚ 10 ਹਜ਼ਾਰ ਏਕੜ ਫਸਲਾਂ ਤਬਾਹ ਹੋ ਗਈਆਂ ਹਨ ਜਦਕਿ 60 ਹਜ਼ਾਰ ਏਕੜ ਫਸਲਾਂ ਅਜੇ ਵੀ ਪਾਣੀ `ਚ ਡੁੱਬੀਆਂ ਹੋਈਆਂ ਹਨ, ਜਿਥੇ ਖੇਤੀਬਾੜੀ ਵਿਭਾਗ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਕਿਸਾਨ ਦੀਆਂ ਫਸਲਾਂ ਬਾਰਸ਼ ਨਾਲ ਨਹੀਂ ਸਗੋਂ ਭਾਖੜਾ ਤੋਂ ਛੱਡੇ ਪਾਣੀ ਨਾਲ ਨੁਕਸਾਨੀਆਂ ਗਈਆਂ ਹਨ, ਉਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਇਸ ਸਾਰੇ ਵਰਤਾਰੇ ਨੂੰ ‘ਕੁਦਰਤੀ ਕਹਿਰ` ਕਹਿ ਕੇ ਆਪਣਾ ਪੱਲਾ ਝਾੜ ਲਿਆ ਗਿਆ ਸੀ। ਦੂਜੇ ਪਾਸੇ ਖੇਤੀਬਾੜੀ ਵਿਭਾਗ ਅਨੁਸਾਰ ਹੜ੍ਹਾਂ ਕਾਰਨ 13 ਜ਼ਿਲਿ੍ਹਆਂ ਦੇ 561 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿਨ੍ਹਾਂ `ਚੋਂ 12 ਜ਼ਿਲਿ੍ਹਆਂ ਵਿਚ ਅਜੇ ਵੀ 60 ਹਜ਼ਾਰ ਏਕੜ ਤੋਂ ਜ਼ਿਆਦਾ ਖੇਤਰ ਪਾਣੀ `ਚ ਡੁੱਬਿਆ ਹੋਇਆ ਹੈ। ਵਿਭਾਗ ਤੋਂ ਮਿਲੇ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ 5 ਪਿੰਡਾਂ ਵਿਚ 202 ਏਕੜ ਦੇ ਖੇਤਰ `ਚ ਫਸਲਾਂ ਪਾਣੀ ਵਿਚ ਡੁੱਬੀਆਂ ਹੋਈਆਂ ਹਨ ਅਤੇ 200 ਏਕੜ ਫਸਲਾਂ ਨੁਕਸਾਨੀਆਂ ਜਾ ਚੁੱਕੀਆਂ ਹਨ।
ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ 67 ਪਿੰਡ ਪ੍ਰਭਾਵਿਤ ਹੋਏ ਹਨ ਅਤੇ 2,557 ਏਕੜ ਫਸਲਾਂ ਪਾਣੀ `ਚ ਡੁੱਬ ਗਈਆਂ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਦੇ 22 ਪਿੰਡਾਂ `ਚ 7,177 ਏਕੜ, ਗੁਰਦਾਸਪੁਰ ਦੇ 8 ਪਿੰਡਾਂ `ਚ 700 ਏਕੜ, ਕਪੂਰਥਲਾ ਦੇ 67 ਪਿੰਡਾਂ `ਚ 10,750 ਏਕੜ ਫਸਲਾਂ ਪਾਣੀ ਵਿਚ ਡੁੱਬੀਆਂ ਹੋਈਆਂ ਹਨ, ਜਦਕਿ ਲੁਧਿਆਣਾ ਦੇ 72 ਪਿੰਡਾਂ `ਚ 11,550 ਏਕੜ ਫਸਲਾਂ ਪਾਣੀ `ਚ ਡੁੱਬੀਆਂ ਹੋਈਆਂ ਹਨ ਅਤੇ 550 ਏਕੜ ਫਸਲਾਂ ਨੁਕਸਾਨੀਆਂ ਜਾ ਚੁੱਕੀਆਂ ਹਨ। ਮੋਗਾ ਦੇ 15 ਪਿੰਡਾਂ `ਚ 4,220 ਏਕੜ `ਚ ਫਸਲਾਂ ਦਾ ਨੁਕਸਾਨ ਹੋ ਗਿਆ ਹੈ, ਇਸੇ ਤਰ੍ਹਾਂ ਮੁਹਾਲੀ ਦੇ 39 ਪਿੰਡਾਂ `ਚ 1,720 ਏਕੜ ਫਸਲਾਂ ਪਾਣੀ `ਚ ਡੁੱਬ ਗਈਆਂ ਹਨ, ਜਦਕਿ 250 ਏਕੜ ਫਸਲਾਂ ਨੁਕਸਾਨੀਆਂ ਗਈਆਂ ਹਨ।
ਪਟਿਆਲਾ ਦੇ 64 ਪਿੰਡਾਂ `ਚ 5,252 ਏਕੜ ਫਸਲਾਂ ਪਾਣੀ `ਚ ਡੁੱਬੀਆਂ ਹੋਈਆਂ ਹਨ, ਰੋਪੜ ਦੇ 95 ਪਿੰਡਾਂ `ਚ 9,762 ਏਕੜ ਫਸਲਾਂ `ਚ ਪਾਣੀ ਭਰ ਚੁੱਕਾ ਹੈ, ਜਦਕਿ 4,287 ਏਕੜ ਫਸਲਾਂ ਦਾ ਨੁਕਸਾਨ ਹੋ ਚੁੱਕਾ ਹੈ। ਐਸ.ਬੀ.ਐਸ. ਨਗਰ ਦੇ 64 ਪਿੰਡਾਂ `ਚ 2,447 ਏਕੜ `ਚ ਫਸਲਾਂ ਪਾਣੀ `ਚ ਡੁੱਬ ਗਈਆਂ, ਜਦਕਿ 140 ਏਕੜ ਵਿਚ ਨੁਕਸਾਨ ਹੋ ਗਿਆ ਹੈ, ਜਦਕਿ ਸੰਗਰੂਰ ਦੇ 18 ਪਿੰਡਾਂ `ਚ 1,360 ਏਕੜ ਫਸਲਾਂ ਪਾਣੀ `ਚ ਡੁੱਬ ਗਈਆਂ ਤੇ 350 ਏਕੜ ਦਾ ਨੁਕਸਾਨ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਜਲੰਧਰ ਦੇ 25 ਪਿੰਡਾਂ ਵਿਚ 6800 ਏਕੜ `ਚ ਖੜ੍ਹੀਆਂ ਫਸਲਾਂ ਪਾਣੀ `ਚ ਡੁੱਬ ਗਈਆਂ ਦੱਸੀਆਂ ਜਾ ਰਹੀਆਂ ਹਨ।
______________________________
ਹੜ੍ਹ ਪੀੜਤਾਂ ਲਈ ਕੈਪਟਨ ਨੇ ਕੇਂਦਰ ਕੋਲੋਂ 1000 ਕਰੋੜ ਮੰਗੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ 1000 ਕਰੋੜ ਰੁਪਏ ਦਾ ਵਿਸ਼ੇਸ਼ ਹੜ੍ਹ ਰਾਹਤ ਪੈਕੇਜ ਮੰਗਿਆ ਹੈ ਤਾਂ ਜੋ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਵੀ ਮੰਗ ਕੀਤੀ ਹੈ ਕਿ ਉਹ ਮੌਜੂਦਾ ਫਸਲੀ ਸੀਜ਼ਨ ਦੌਰਾਨ ਪ੍ਰਭਾਵਿਤ ਹੋਏ ਪਿੰਡਾਂ ਦੇ ਪੀੜਤ ਕਿਸਾਨਾਂ ਦੇ ਬੈਂਕਾਂ-ਵਿੱਤ ਸੰਸਥਾਵਾਂ ਤੋਂ ਲਏ ਫਸਲੀ ਕਰਜ਼ਿਆਂ ਨੂੰ ਮੁਆਫ ਕਰਨ ਲਈ ਤੁਰਤ ਸਬੰਧਤ ਅਧਿਕਾਰੀਆਂ ਨੂੰ ਵੀ ਹਦਾਇਤਾਂ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਮੁਢਲੇ ਅੰਦਾਜ਼ੇ ਅਨੁਸਾਰ ਇਨ੍ਹਾਂ ਹੜ੍ਹਾਂ ਕਾਰਨ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਪ੍ਰਭਾਵਿਤ ਖੇਤਰਾਂ ਵਿਚ ਕੁਦਰਤੀ ਆਫਤ ਐਲਾਨੀ ਜਾ ਚੁੱਕੀ ਹੈ।
______________________________
ਲੋਕਾਂ ਦੇ ਕੰਮਾਂ ਲਈ ਕੇਂਦਰ ਕੋਲ ਪਹੁੰਚ ਨਹੀਂ ਕਰਦੇ ਕੈਪਟਨ: ਹਰਸਿਮਰਤ
ਜਲੰਧਰ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਨ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ `ਤੇ ਨਿੱਜੀ ਹਮਲਿਆਂ ਦੀ ਝੜੀ ਲਾ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੇ ਕੰਮਾਂ ਲਈ ਕੇਂਦਰ ਸਰਕਾਰ ਕੋਲ ਨਹੀਂ ਜਾਂਦੇ ਸਗੋਂ ਉਦੋਂ ਆਉਂਦੇ ਹਨ ਜਦੋਂ ਆਪਣੇ ਨਿੱਜੀ ਕੇਸ ਠੰਢੇ ਬਸਤੇ ਵਿਚ ਪਾਉਣੇ ਹੋਣ। ਬੀਬੀ ਬਾਦਲ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਅਰੂਸਾ ਆਲਮ ਦਾ ਨਾਂ ਲਏ ਬਿਨਾਂ ਕਿਹਾ ਕਿ ਉਹ ਆਪਣੇ ਮਿੱਤਰਾਂ ਦਾ ਵੀਜ਼ਾ ਲਗਵਾਉਣ ਲਈ ਉਥੇ ਜਾ ਕੇ ਬੈਠ ਜਾਂਦੇ ਹਨ।