ਰਾਮ ਰਹੀਮ ਦੀ ਜੇਲ੍ਹ ‘ਚੋਂ ਬਾਹਰ ਆਉਣ ਦੀ ਹਰ ਕੋਸ਼ਿਸ਼ ਰਹੀ ਨਾਕਾਮ

ਦੋ ਸਾਲਾਂ ਬਾਅਦ ਵੀ ਕਿਸੇ ਹੋਰ ਨੂੰ ਗੱਦੀ ਸੌਂਪਣ ਬਾਰੇ ਨਾ ਹੋਇਆ ਸਹਿਮਤ
ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟਦੇ ਹੋਏ ਨੂੰ ਦੋ ਸਾਲ ਹੋ ਗਏ ਹਨ। ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ ‘ਚ 25 ਅਗਸਤ 2017 ਨੂੰ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਨੂੰ ਪੰਚਕੂਲਾ ਸੀ.ਬੀ.ਆਈ. ਅਦਾਲਤ ਤੋਂ ਸਿੱਧਾ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ‘ਚ ਭੇਜ ਦਿੱਤਾ ਗਿਆ ਸੀ, ਜਦੋਂ ਉਸ ਨੂੰ ਜੇਲ੍ਹ ਭੇਜਣ ਲਈ ਹਿਰਾਸਤ ‘ਚ ਲਿਆ ਗਿਆ ਤਾਂ ਪੰਚਕੂਲਾ ਤੇ ਸਿਰਸਾ ਸਮੇਤ ਅਨੇਕਾਂ ਸਥਾਨਾਂ ਉਤੇ ਹਿੰਸਕ ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ ‘ਚ ਦਰਜਨਾਂ ਲੋਕ ਮਾਰੇ ਗਏ ਸਨ।

ਡੇਰਾ ਮੁਖੀ ਨੂੰ ਸੀ.ਬੀ.ਆਈ. ਅਦਾਲਤ ਨੇ ਸੁਨਾਰੀਆ ਜੇਲ੍ਹ ‘ਚ ਅਦਾਲਤ ਲਗਾ ਕੇ 20 ਸਾਲ ਦੀ ਸਜ਼ਾ ਸੁਣਾਈ ਸੀ, ਉਦੋਂ ਤੋਂ ਉਹ ਜੇਲ੍ਹ ‘ਚ ਹੀ ਬੰਦ ਹੈ। ਇਸ ਸਜ਼ਾ ਤੋਂ ਬਾਅਦ ਡੇਰਾ ਮੁਖੀ ਰਾਮ ਰਹੀਮ ਨੂੰ ਸਿਰਸਾ ਦੇ ਪੱਤਰਕਾਰ ਛਤਰਪਤੀ ਹੱਤਿਆ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਅਦਾਲਤ ਨੇ ਇਹ ਵੀ ਕਿਹਾ ਕਿ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਮਿਲੀ 20 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਛਤਰਪਤੀ ਹੱਤਿਆ ਮਾਮਲੇ ਦੀ ਸਜ਼ਾ ਸ਼ੁਰੂ ਹੋਵੇਗੀ। ਡੇਰਾ ਮੁਖੀ ਦੇ ਜੇਲ੍ਹ ਜਾਂਦਿਆਂ ਹੀ ਇਹ ਵੀ ਚਰਚਾ ਸ਼ੁਰੂ ਹੋ ਗਈ ਸੀ ਕਿ ਰਾਮ ਰਹੀਮ ਆਪਣੇ ਸਥਾਨ ‘ਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਗੱਦੀ ਸੌਂਪ ਸਕਦਾ ਹੈ, ਪਰ ਉਹ ਆਪਣੇ ਸਥਾਨ ‘ਤੇ ਕਿਸੇ ਹੋਰ ਨੂੰ ਡੇਰੇ ਦੀ ਗੱਦੀ ਸੌਂਪਣ ਦੇ ਮੂਡ ‘ਚ ਨਹੀਂ ਹੈ। ਇਸ ਦੌਰਾਨ ਡੇਰਾ ਮੁਖੀ ਨੇ 2-3 ਵਾਰ ਪੈਰੋਲ ਲੈਣ ਦਾ ਵੀ ਯਤਨ ਕੀਤਾ, ਪਰ ਸਫਲਤਾ ਨਹੀਂ ਮਿਲੀ। ਪਹਿਲਾਂ ਤਾਂ ਡੇਰਾ ਮੁਖੀ ਨੇ ਆਪਣੀ ਇਕ ਮੂੰਹ ਬੋਲੀ ਬੇਟੀ ਦੇ ਵਿਆਹ ਦੇ ਨਾਂ ‘ਤੇ ਪੈਰੋਲ ਲੈਣ ਲਈ ਅਦਾਲਤ ‘ਚ ਅਰਜ਼ੀ ਲਗਾਈ, ਪਰ ਅਦਾਲਤ ਦਾ ਰੁੱਖ ਦੇਖਦੇ ਹੋਏ ਇਸ ਨੂੰ ਵਾਪਸ ਲੈ ਲਿਆ ਗਿਆ। ਇਸ ਤੋਂ ਬਾਅਦ ਡੇਰਾ ਮੁਖੀ ਨੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਖੇਤੀ ਦੇ ਨਾਂ ਉਤੇ ਪੈਰੋਲ ਦਿੱਤੇ ਜਾਣ ਦੀ ਮੰਗ ਕੀਤੀ ਸੀ, ਪਰ ਮਾਮਲਾ ਵਿਵਾਦਤ ਹੋਣ ਤੋਂ ਬਾਅਦ ਡੇਰਾ ਮੁਖੀ ਨੇ ਖੁਦ ਹੀ ਆਪਣੇ ਪਰਿਵਾਰ ਤੇ ਵਕੀਲਾਂ ਨਾਲ ਵਿਚਾਰ-ਚਰਚਾ ਕਰਨ ਤੋਂ ਬਾਅਦ ਆਪਣੀ ਪੈਰੋਲ ਦੀ ਅਰਜ਼ੀ ਵਾਪਸ ਲੈ ਲਈ।
ਅਜੇ ਕੁਝ ਦਿਨ ਪਹਿਲਾਂ ਹੀ ਗੁਰਮੀਤ ਰਾਮ ਰਹੀਮ ਦੀ ਪਤਨੀ ਨੇ ਹਾਈਕੋਰਟ ‘ਚ ਅਰਜੀ ਦੇ ਕੇ ਰਾਮ ਰਹੀਮ ਦੀ ਮਾਤਾ ਦਾ ਇਲਾਜ ਡੇਰਾ ਪ੍ਰਮੁੱਖ ਦੀ ਮੌਜੂਦਗੀ ‘ਚ ਕਰਵਾਉਣ ਦੇ ਨਾਂ ਉਤੇ ਪੈਰੋਲ ਦੀ ਮੰਗ ਕੀਤੀ ਸੀ। ਇਸ ਅਰਜੀ ‘ਤੇ ਅਦਾਲਤ ਨੇ ਸੁਨਾਰੀਆ ਜੇਲ੍ਹ ਦੇ ਮੁਖੀ ਨੂੰ 5 ਦਿਨਾਂ ਦੇ ਅੰਦਰ ਫੈਸਲਾ ਲੈਣ ਨੂੰ ਕਿਹਾ। ਜੇਲ੍ਹ ਮੁਖੀ ਨੇ ਇਸ ਅਰਜੀ ‘ਤੇ ਡਿਪਟੀ ਕਮਿਸ਼ਨਰ ਸਿਰਸਾ ਤੋਂ ਰਿਪੋਰਟ ਮੰਗੀ ਤੇ ਡਿਪਟੀ ਕਮਿਸ਼ਨਰ ਨੇ ਡਾਕਟਰਾਂ ਦੇ ਪੈਨਲ ਤੋਂ ਰਾਮ ਰਹੀਮ ਦੀ ਮਾਤਾ ਨਸੀਬ ਕੌਰ ਦੀ ਸਿਹਤ ਦੀ ਜਾਂਚ ਕਰਵਾ ਕੇ ਪੁਲਿਸ ਤੋਂ ਕਾਨੂੰਨ ਵਿਵਸਥਾ ਸਬੰਧੀ ਰਿਪੋਰਟ ਲੈ ਕੇ ਜੇਲ੍ਹ ਮੁਖੀ ਨੂੰ ਭਿਜਵਾ ਦਿੱਤੀ। ਰਿਪੋਰਟ ਮਿਲਦੇ ਹੀ ਜੇਲ੍ਹ ਮੁਖੀ ਨੇ ਪੈਰੋਲ ਦੀ ਅਰਜ਼ੀ ਨੂੰ ਨਾਮਨਜ਼ੂਰ ਕਰ ਦਿੱਤਾ। 2 ਸਾਲ ਪਹਿਲਾਂ ਰਾਮ ਰਹੀਮ ਜਦੋਂ ਸੁਨਾਰੀਆ ਜੇਲ੍ਹ ਆਇਆ ਸੀ ਤਾਂ ਉਸ ਦੀ ਦਾੜ੍ਹੀ ਤੇ ਸਿਰ ਦੇ ਸਾਰੇ ਵਾਲ ਕਾਲੇ ਸੀ, ਪਰ ਜੇਲ੍ਹ ‘ਚ ਦਾੜ੍ਹੀ ਰੰਗਣ ਦਾ ਮੌਕਾ ਨਾ ਮਿਲਣ ਕਾਰਨ ਹੁਣ ਦਾੜ੍ਹੀ ਲਗਭਗ ਪੂਰੀ ਤਰ੍ਹਾਂ ਚਿੱਟੀ ਹੋ ਗਈ ਹੈ ਤੇ ਰੰਗ ਵੀ ਚਿੱਟੇ ਤੋਂ ਪੱਕਾ ਕਣਕ ਵਰਗਾ ਹੋ ਗਿਆ ਹੈ। ਜੇਲ੍ਹ ‘ਚ ਰਾਮ ਰਹੀਮ ਨੇ ਆਪਣਾ ਸਮਾਂ ਸਬਜ਼ੀਆਂ ਦੀ ਖੇਤੀ ਕਰਨ, ਉਸ ਦੀ ਗੁਡਾਈ ਕਰਨ, ਉਨ੍ਹਾਂ ਨੂੰ ਪਾਣੀ ਦੇਣ ਤੇ ਸਬਜ਼ੀਆਂ ਲਈ ਕਿਆਰੀਆਂ ਤਿਆਰ ਕਰਨ ‘ਚ ਗੁਜਾਰਿਆ ਹੈ। ਪਹਿਲਾਂ ਰਾਮ ਰਹੀਮ ਨੂੰ ਫੋਨ ‘ਤੇ ਪਰਿਵਾਰ ਨਾਲ ਗੱਲ ਕਰਨ ਦੀ ਸੁਵਿਧਾ ਨਹੀਂ ਮਿਲੀ ਸੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਹੋਰ ਕੈਦੀਆਂ ਦੀ ਤਰ੍ਹਾਂ ਇਹ ਸੁਵਿਧਾ ਵੀ ਮਿਲ ਗਈ। ਜੇਲ੍ਹ ਦੇ ਅੰਦਰ ਰਾਮ ਰਹੀਮ ਲਈ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਸ ਨੂੰ ਮਿਲਣ ਲਈ ਲਗਾਤਾਰ ਵਕੀਲ ਆਉਂਦੇ ਰਹਿੰਦੇ ਹਨ। ਗੁਰਮੀਤ ਰਾਮ ਰਹੀਮ ਦੀ ਆਪਣੇ ਪਰਿਵਾਰ ਤੇ ਵਕੀਲਾਂ ਨਾਲ ਮੁਲਾਕਾਤ ਸਮੇਂ ਜਾਂ ਅਦਾਲਤ ‘ਚ ਵੀਡੀਓ ਕਾਨਫਰੰਸਿੰਗ ‘ਤੇ ਪੇਸ਼ੀ ਦੌਰਾਨ ਪੂਰੀ ਜੇਲ੍ਹ ਨੂੰ ਸੀਲ ਕਰਨ ਤੋਂ ਬਾਅਦ ਉਸ ਨੂੰ ਬਾਹਰ ਮੁਲਾਕਾਤੀ ਕਮਰੇ ‘ਚ ਲਿਆਂਦਾ ਜਾਂਦਾ ਹੈ।
ਸ਼ੁਰੂ-ਸ਼ੁਰੂ ‘ਚ ਗੁਰਮੀਤ ਰਾਮ ਰਹੀਮ ਦੀ ਸਿਹਤ ਨੂੰ ਲੈ ਕੇ ਕਾਫੀ ਪਰੇਸ਼ਾਨੀ ਚੱਲਦੀ ਰਹੀ। ਕਦੀ ਉਸ ਦਾ ਬਲੱਡ ਪ੍ਰੈਸ਼ਰ ਵਧ ਜਾਂਦਾ ਤੇ ਕਦੀ ਸ਼ੂਗਰ ਵਧ ਜਾਂਦੀ ਸੀ। ਜੇਲ੍ਹ ‘ਚ ਉਸ ਨੂੰ ਕੈਦੀਆਂ ਵਾਲਾ ਆਮ ਖਾਣਾ ਮਿਲਦਾ ਹੈ ਤੇ ਹੁਣ ਜੇਲ੍ਹ ਦਾ ਖਾਣਾ ਉਸ ਦੇ ਮਾਫਿਕ ਵੀ ਆਉਣ ਲੱਗਾ ਹੈ ਤੇ ਵਜ਼ਨ ਵੀ 105 ਕਿੱਲੋ ਤੋਂ ਘਟ ਕੇ 90 ਕਿੱਲੋ ਦੇ ਆਸਪਾਸ ਰਹਿ ਗਿਆ ਹੈ ਜਦਕਿ ਬਲੱਡ ਪ੍ਰੈਸ਼ਰ ਤੇ ਸ਼ੂਗਰ ਵੀ ਸਥਿਰ ਰਹਿਣ ਲੱਗੇ ਹਨ। ਹੋਰ ਕੈਦੀਆਂ ਦੀ ਤਰ੍ਹਾਂ ਉਸ ਨੂੰ ਕੰਟੀਨ ਤੋਂ ਸਾਮਾਨ ਖਰੀਦਣ ਦੀ ਇਜਾਜ਼ਤ ਹੈ ਤੇ ਉਹ ਕੰਟੀਨ ਤੋਂ ਅਕਸਰ ਫਲ, ਦੁੱਧ, ਦਹੀ, ਪਾਣੀ ਦੀ ਬੋਤਲ, ਟਮਾਟਰ, ਟੁੱਥਪੇਸਟ ਤੇ ਬਰੁਸ਼ ਵਗੈਰਾ ਖਰੀਦਦਾ ਹੈ। ਗੁਰਮੀਤ ਰਾਮ ਰਹੀਮ ਦੇ ਜਨਮ ਦਿਨ ਤੇ ਰੱਖੜੀ ਮੌਕੇ ਉਸ ਦੇ ਨਾਂ ‘ਤੇ ਹਜ਼ਾਰਾਂ ਦੀ ਤਦਾਦ ‘ਚ ਕਾਰਡ ਤੇ ਚਿੱਠੀਆਂ ਆਉਂਦੀਆਂ ਹਨ, ਜਿਨ੍ਹਾਂ ਨੂੰ ਪੂਰੀ ਜਾਂਚ-ਪੜਤਾਲ ਤੋਂ ਬਾਅਦ ਹੀ ਡੇਰਾ ਮੁਖੀ ਨੂੰ ਦਿੱਤਾ ਜਾਂਦਾ ਹੈ। ਡੇਰਾ ਮੁਖੀ ਦੀ ਜਾਂਚ ‘ਚ ਲੱਗੇ ਸੁਰੱਖਿਆ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਨਿਰੰਤਰ ਸਮੇਂ ਤੋਂ ਬਾਅਦ ਬਦਲ ਦਿੱਤਾ ਜਾਂਦਾ ਹੈ। ਉਸ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਵੀ ਨਿਯਮਿਤ ਜਾਂਚ ਦੇ ਨਾਲ-ਨਾਲ ਵੀਡੀਓਗ੍ਰਾਫੀ ਵੀ ਕਰਵਾਈ ਜਾਂਦੀ ਹੈ।
_________________________
ਵਿਪਾਸਨਾ ਅਤਿ-ਲੋੜੀਂਦੇ ਅਪਰਾਧੀਆਂ ਦੀ ਸੂਚੀ ‘ਚੋਂ ਬਾਹਰ
ਪੰਚਕੂਲਾ: 25 ਅਗਸਤ 2017 ਨੂੰ ਪੰਚਕੂਲਾ ਸਥਿਤ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਭੜਕੇ ਦੰਗਿਆਂ ਦੇ ਮਾਮਲੇ ‘ਚ ਰਾਮ ਰਹੀਮ ਦੀ ਖਾਸ ਤੇ ਡੇਰੇ ਦੀ ਪ੍ਰਬੰਧਕ ਵਿਪਾਸਨਾ ਇੰਸਾਂ ਤੇ ਆਦਿਤਿਆ ਇੰਸਾਂ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਹੁਣ ਪੁਲਿਸ ਨੇ ਵਿਪਾਸਨਾ ਨੂੰ ਅਤਿ-ਲੋੜੀਂਦੇ ਅਪਰਾਧੀਆਂ (ਮੋਸਟ ਵਾਂਟੇਡ) ਦੀ ਸੂਚੀ ‘ਚੋਂ ਬਾਹਰ ਕੱਢ ਦਿੱਤਾ ਹੈ। ਦੂਜੇ ਪਾਸੇ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਆਦਿਤਿਆ ਇੰਸਾਂ ਲਗਭਗ ਦੋ ਸਾਲਾਂ ਤੋਂ ਫਰਾਰ ਚੱਲ ਰਿਹਾ ਹੈ, ਜਿਸ ‘ਤੇ ਪੁਲਿਸ ਨੇ 5 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। 25 ਅਗਸਤ ਨੂੰ ਹੋਈ ਹਿੰਸਾ ਦੇ ਮਾਮਲੇ ‘ਚ ਹਨੀਪ੍ਰੀਤ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਵਿਪਾਸਨਾ ਨੂੰ ਪੰਚਕੂਲਾ ਵਿਖੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਤੇ ਹਨੀਪ੍ਰੀਤ ਦੇ ਸਾਹਮਣੇ ਬਿਠਾ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਸੀ, ਜਿਸ ਦੌਰਾਨ ਦੋਵਾਂ ਵਿਚਕਾਰ ਬਹਿਸ ਵੀ ਹੋਈ ਸੀ। ਪੁਲਿਸ ਨੇ ਜਿਸ ਵਿਪਾਸਨਾ ਨੂੰ ਗ੍ਰਿਫਤਾਰ ਕਰਨ ਲਈ 8 ਵਾਰ ਛਾਪੇਮਾਰੀ ਕੀਤੀ ਸੀ, ਉਸ ਨੂੰ ਹੁਣ ਮੋਸਟ ਵਾਂਟੇਡ ਦੀ ਸੂਚੀ ‘ਚੋਂ ਬਾਹਰ ਕੱਢ ਦੇਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।