ਨਵੀਂ ਦਿੱਲੀ: ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਵਿਚ ਵਿੱਤ ਮੰਤਰੀ ਤੇ ਗ੍ਰਹਿ ਮੰਤਰੀ ਰਹਿ ਚੁੱਕੇ ਪੀ. ਚਿਦੰਬਰਮ ਦੀ ਗ੍ਰਿਫਤਾਰੀ `ਤੇ ਸਵਾਲ ਉਠੇ ਹਨ। ਸੀ.ਬੀ.ਆਈ. ਵੱਲੋਂ ਆਈ.ਐਨ.ਐਕਸ. ਮੀਡੀਆ ਘੁਟਾਲੇ ਦੇ ਮਾਮਲੇ ਵਿਚ ਉਨ੍ਹਾਂ ਅਤੇ ਉਨ੍ਹਾਂ ਦੇ ਲੜਕੇ ਕਾਰਤਿਕ ਚਿਦੰਬਰਮ `ਤੇ ਕੇਸ ਬਣਾਇਆ ਗਿਆ। ਚਿਦੰਬਰਮ ਦੇਸ਼ ਦੇ ਇਕ ਉਘੇ ਵਕੀਲ ਵੀ ਹਨ, ਜਦੋਂ ਤੋਂ ਉਨ੍ਹਾਂ `ਤੇ ਕੇਸ ਦਰਜ ਕੀਤਾ ਗਿਆ ਹੈ, ਉਦੋਂ ਤੋਂ ਉਨ੍ਹਾਂ ਨੇ ਅਨੇਕਾਂ ਵਾਰ ਇਹ ਕਿਹਾ ਹੈ ਕਿ ਜਾਂਚ ਏਜੰਸੀਆਂ ਨੂੰ ਉਨ੍ਹਾਂ ਖਿਲਾਫ ਵਰਤਿਆ ਜਾ ਰਿਹਾ ਹੈ।
ਇਸ ਸਬੰਧੀ ਉਨ੍ਹਾਂ ਨੇ ਉਚ ਅਦਾਲਤ ਵਿਚ ਵੀ ਪਹੁੰਚ ਕੀਤੀ ਸੀ। ਜਿਸ ਤਰ੍ਹਾਂ ਜਾਂਚ ਏਜੰਸੀਆਂ ਨੇ ਉਨ੍ਹਾਂ ਸਬੰਧੀ ਲੁਕ ਆਊਟ ਨੋਟਿਸ ਜਾਰੀ ਕੀਤਾ, ਜਿਸ ਦਾ ਭਾਵ ਸਮੁੰਦਰੀ, ਹਵਾਈ ਤੇ ਸੜਕ ਰਾਹੀਂ ਉਨ੍ਹਾਂ ਦੇ ਬਾਹਰ ਭੱਜਣ ਦੇ ਸ਼ੰਕੇ ਬਾਰੇ ਦੇਸ਼ ਭਰ ਦੀਆਂ ਸੁਰੱਖਿਆ ਏਜੰਸੀਆਂ ਨੂੰ ਚੌਕਸ ਕੀਤਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਜੇਕਰ ਉਹ ਕਿਤੇ ਵੀ ਨਜ਼ਰ ਆਉਂਦੇ ਹਨ ਤਾਂ ਉਨ੍ਹਾਂ ਸਬੰਧੀ ਸੂਚਨਾ ਦਿੱਤੀ ਜਾਏ। ਆਮ ਕਰਕੇ ਅਜਿਹਾ ਕਿਸੇ ਵੱਡੇ ਆਰਥਿਕ ਅਪਰਾਧੀ ਬਾਰੇ ਹੀ ਕੀਤਾ ਜਾਂਦਾ ਹੈ। ਅਦਾਲਤ ਵੱਲੋਂ ਰਾਹਤ ਨਾ ਮਿਲਣ `ਤੇ ਜਿਸ ਨਾਟਕੀ ਢੰਗ ਨਾਲ ਉਨ੍ਹਾਂ ਨੂੰ ਫੜਿਆ ਗਿਆ, ਉਹ ਕਾਰਵਾਈ ਵੀ ਸਵਾਲਾਂ ਦੇ ਘੇਰੇ ਵਿਚ ਹੈ। ਚਿਦੰਬਰਮ ਲਈ ਲੁਕ ਆਊਟ ਨੋਟਿਸ ਤਾਂ ਜਾਰੀ ਕਰ ਦਿੱਤਾ ਗਿਆ ਪਰ ਲਲਿਤ ਮੋਦੀ, ਮੇਹੁਲ ਚੋਕਸੀ, ਵਿਜੇ ਮਾਲਿਆ ਅਤੇ ਨੀਰਵ ਮੋਦੀ ਵਰਗੇ ਸਾਲਾਂ ਤੋਂ ਵਿਦੇਸ਼ਾਂ ਵਿਚ ਬੈਠੇ ਆਪਣੇ ਕੇਸ ਲੜ ਰਹੇ ਹਨ। ਸਰਕਾਰ ਹੁਣ ਤੱਕ ਉਨ੍ਹਾਂ ਨੂੰ ਭਾਰਤ ਲਿਆਉਣ ਵਿਚ ਸਫਲ ਨਹੀਂ ਹੋ ਸਕੀ। ਕਾਰਤਿਕ ਚਿਦੰਬਰਮ `ਤੇ ਆਈ.ਐਨ.ਐਕਸ. ਮੀਡੀਆ ਕੰਪਨੀ ਨੂੰ ਵਿਦੇਸ਼ਾਂ ਤੋਂ ਪੂੰਜੀ ਨਿਵੇਸ਼ ਹਾਸਲ ਕਰਨ ਦੇ ਮਾਮਲੇ ਵਿਚ ਸਹਾਇਤਾ ਕਰਨ ਦਾ ਦੋਸ਼ ਹੈ ਅਤੇ ਇਹ ਕੇਸ ਕਾਫੀ ਪੁਰਾਣੇ ਸਮੇਂ ਤੋਂ ਚੱਲਦਾ ਹੈ।
ਚਿਦੰਬਰਮ `ਤੇ ਵੀ ਇਹ ਦੋਸ਼ ਹੈ ਕਿ ਆਈ.ਐਨ.ਐਕਸ. ਮੀਡੀਆ ਕੰਪਨੀ ਜੋ ਕਿ ਇੰਦਰਾਣੀ ਮੁਖਰਜੀ ਅਤੇ ਉਨ੍ਹਾਂ ਦੇ ਪਤੀ ਪੀਟਰ ਨੇ ਬਣਾਈ ਸੀ ਅਤੇ ਜਿਸ ਨੇ ‘ਫਾਰਨ ਇਨਵੈਸਟਮੈਂਟ ਪ੍ਰੋਮੋਸ਼ਨ ਬੋਰਡ ਤੋਂ 4.62 ਕਰੋੜ ਰੁਪਏ ਦੇ ਵਿਦੇਸ਼ੀ ਨਿਵੇਸ਼ ਦੀ ਆਗਿਆ ਲਈ ਸੀ, ਪਰ ਕੰਪਨੀ ਨੇ ਤਿੰਨ ਵਿਦੇਸ਼ੀ ਕੰਪਨੀਆਂ ਤੋਂ 305.36 ਕਰੋੜ ਰੁਪਏ ਹਾਸਲ ਕਰਕੇ ਅੱਗੇ ਬਿਨਾਂ ਮਨਜ਼ੂਰੀ ਆਈ.ਐਨ.ਐਕਸ. ਨਿਊਜ਼ ਕੰਪਨੀ ਵਿਚ ਨਿਵੇਸ਼ ਕਰ ਦਿੱਤੇ। ਸੀ.ਬੀ.ਆਈ. ਤੇ ਡਾਇਰੈਕਟੋਰੇਟ ਆਫ ਇਨਫੋਰਸਮੈਂਟ ਦਾ ਦੋਸ਼ ਹੈ ਕਿ ਇਸ ਵਿਚ ਕਾਰਤਿਕ ਤੇ ਚਿਦੰਬਰਮ ਦੋਵਾਂ ਨੇ ਆਈ.ਐਨ.ਐਕਸ. ਮੀਡੀਆ ਕੰਪਨੀ ਦੀ ਸਹਾਇਤਾ ਕੀਤੀ ਸੀ। ਉਹ ਇਸ ਨੂੰ ਵਿਦੇਸ਼ੀ ਪੂੰਜੀ ਸਬੰਧੀ ਨਿਵੇਸ਼ ਬਾਰੇ ਕਾਨੂੰਨ ਦੀ ਉਲੰਘਣਾ ਮੰਨਦੀਆਂ ਹਨ। ਇਨ੍ਹਾਂ ਏਜੰਸੀਆਂ ਦਾ ਸਪੱਸ਼ਟ ਦੋਸ਼ ਹੈ ਕਿ ਕਾਰਤਿਕ ਤੇ ਚਿਦੰਬਰਮ ਨੇ ਪੈਸੇ ਲੈ ਕੇ ਉਕਤ ਕੰਪਨੀ ਦੀ ਸਹਾਇਤਾ ਕੀਤੀ ਸੀ।
ਇਹ ਕੇਸ ਮਾਰਚ 2006 ਨੂੰ ਸ਼ੁਰੂ ਹੋਇਆ ਸੀ ਤੇ ਦਸੰਬਰ 2014 ਨੂੰ ਇਸ ਵਿਚ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਵੀ ਧਰ ਲਿਆ ਗਿਆ ਸੀ। ਇਸ ਸਬੰਧੀ ਕਾਰਤਿਕ ਤੇ ਚਿਦੰਬਰਮ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾਂਦੀ ਰਹੀ ਹੈ। ਕਾਰਤਿਕ ਕੁਝ ਸਮਾਂ ਜੇਲ੍ਹ ਵਿਚ ਵੀ ਰਹੇ ਸਨ। ਸੀ.ਬੀ.ਆਈ. ਨੇ ਚਿਦੰਬਰਮ ਨੂੰ ਦਿੱਲੀ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਸੀ ਅਤੇ ਵਿਸ਼ੇਸ਼ ਅਦਾਲਤ ਨੇ 26 ਅਗਸਤ ਤੱਕ ਪੁੱਛਗਿੱਛ ਲਈ ਰਿਮਾਂਡ ਦੇ ਦਿੱਤਾ ਹੈ। ਪਰ ਮੋਦੀ ਸਰਕਾਰ `ਤੇ ਕਾਂਗਰਸ ਵੱਲੋਂ ਇਸ ਸਬੰਧੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ।
__________________
ਭਾਜਪਾ ਨੇ ਕਾਂਗਰਸ ਦੇ ਦੋਸ਼ਾਂ ਨੂੰ ਨਕਾਰਿਆ
ਨਵੀਂ ਦਿੱਲੀ: ਦੋ ਕੇਂਦਰੀ ਮੰਤਰੀਆਂ ਡੀ.ਵੀ ਸਦਾਨੰਦ ਗੌੜਾ ਅਤੇ ਮੁਖਤਾਰ ਅੱਬਾਸ ਨਕਵੀ ਨੇ ਪੀ ਚਿਦੰਬਰਮ ਦੀ ਗ੍ਰਿਫਤਾਰੀ `ਤੇ ਕਾਂਗਰਸ ਵੱਲੋਂ ‘ਬਦਲਾਖੋਰੀ` ਦੇ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਸਰਕਾਰ ਨੇ ਜਾਂਚ ਏਜੰਸੀਆਂ ਦੀ ਕੋਈ ਦੁਰਵਰਤੋਂ ਨਹੀਂ ਕੀਤੀ ਹੈ। ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਸੀ ਅਤੇ ਹੁਣ ਉਹੋ ਦੋਸ਼ ਭਾਜਪਾ `ਤੇ ਮੜ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਬਦਲਾ ਹੀ ਲੈਣਾ ਸੀ ਤਾਂ ਐਨ.ਡੀ.ਏ. ਸਰਕਾਰ ਦੇ ਪਿਛਲੇ ਕਾਰਜਕਾਲ `ਚ ਹੀ ਲੈ ਲਿਆ ਗਿਆ ਹੁੰਦਾ।