ਕਰਤਾਰਪੁਰ ਲਾਂਘਾ: ਪਾਕਿਸਤਾਨ ਤੈਅ ਸਮੇਂ ਉਤੇ ਉਦਘਾਟਨ ਲਈ ਦ੍ਰਿੜ੍ਹ

ਇਸਲਾਮਾਬਾਦ: ਪਾਕਿਸਤਾਨ ਨੇ ਨਵੰਬਰ ‘ਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਵਚਨਬੱਧਤਾ ਦੁਹਰਾਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇਕ ਸੀਨੀਅਰ ਸਹਾਇਕ ਨੇ ਕਿਹਾ ਹੈ ਕਿ ਭਾਰਤ ਨਾਲ ਰਿਸ਼ਤਿਆਂ ਵਿਚ ਤਣਾਅ ਦੇ ਬਾਵਜੂਦ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਾਕਿ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਯੋਜਨਾ ਨੂੰ ਪੂਰਾ ਕਰਨ ਲਈ ਵਚਨਬੱਧ ਹੈ।

ਭਾਰਤੀ ਕਸਬੇ ਡੇਰਾ ਬਾਬਾ ਨਾਨਕ ਨੂੰ ਕਰਤਾਰਪੁਰ ਸਾਹਿਬ (ਪਾਕਿ) ਨਾਲ ਜੋੜਨ ਵਾਲੇ ਲਾਂਘੇ ਸਬੰਧੀ ਟਵੀਟ ਕਰਦਿਆਂ ਪਾਕਿ ਪ੍ਰਧਾਨ ਮੰਤਰੀ ਦੀ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਕਿਹਾ ਕਿ ਕਰਤਾਰਪੁਰ ਸਿੱਖਾਂ ਲਈ ਪਵਿੱਤਰ ਸਥਾਨ ਹੈ। ਉਨ੍ਹਾਂ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਕਿ ਪਾਕਿ ਨੇ ਭਾਰਤ ਨਾਲ ਸਬੰਧਾਂ ਵਿਚ ਤਾਜ਼ਾ ਤਣਾਅ ਕਾਰਨ ਲਾਂਘੇ ਦੇ ਕੰਮ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਸਬੰਧਾਂ ਵਿਚ ਤਣਾਅ ਦੇ ਬਾਵਜੂਦ ਦਰਬਾਰ ਸਾਹਿਬ ਕਰਤਾਰਪੁਰ ਦੀ ਯਾਤਰਾ ਕਰਨ ਵਾਲੇ ਸਿੱਖ ਸ਼ਰਧਾਲੂਆਂ ਲਈ ਉਨ੍ਹਾਂ ਦੇ ਵਤਨ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਰੇਡੀਓ ਪਾਕਿਸਤਾਨ ਮੁਤਾਬਕ ਉਨ੍ਹਾਂ ਕਿਹਾ ਕਿ ਵੱਧ ਰਹੇ ਅਤਿਵਾਦ ਤੇ ਅਸਹਿਣਸ਼ੀਲਤਾ ਦੀ ਦੁਨੀਆਂ ਵਿਚ ਕਰਤਾਰਪੁਰ ਲਾਂਘਾ ਸਨਮਾਨ ਤੇ ਸਹਿਣਸ਼ੀਲਤਾ ਦਾ ਪ੍ਰਤੀਕ ਹੈ। ਅਵਾਨ ਨੇ ਕਿਹਾ ਕਿ ਪਾਕਿ ਝੰਡੇ ਵਿਚ ਸਫੈਦ ਰੰਗ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਦਾ ਹੈ ਤੇ ਇਹ ਸਰਕਾਰ ਨੂੰ ਹਰੇ ਰੰਗ ਜਿੰਨਾ ਹੀ ਪਿਆਰਾ ਹੈ। ਉਨ੍ਹਾਂ ਕਿਹਾ ਕਿ ਇਸ ਲਾਂਘੇ ਦਾ ਤੈਅ ਪ੍ਰੋਗਰਾਮ ਮੁਤਾਬਕ ਇਸੇ ਸਾਲ ਨਵੰਬਰ ਵਿਚ ਉਦਘਾਟਨ ਕੀਤਾ ਜਾਵੇਗਾ।
ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਨਵੰਬਰ ਵਿਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਦੋਵਾਂ ਦੇਸ਼ਾਂ ਵੱਲੋਂ ਨਿਰਮਾਣ ਕਾਰਜ ਹੁਣ ਜੰਗੀ ਪੱਧਰ ‘ਤੇ ਕੀਤੇ ਜਾ ਰਹੇ ਹਨ। ਡੇਰਾ ਬਾਬਾ ਨਾਨਕ ਨੇੜੇ ਕੰਡਿਆਲੀ ਤਾਰ ਕੋਲ ਸਥਿਤ ਧੁੱਸੀ ਬੰਨ੍ਹ ‘ਤੇ ਭਾਰਤ ਵਾਲੇ ਪਾਸੇ ਜਿਥੇ ਨਿਰਮਾਣ ਕੰਪਨੀ ਸੰਗਤਾਂ ਲਈ ਮੁੱਖ ਪੁਲ ਨੂੰ ਜਲਦ ਮੁਕੰਮਲ ਕਰਨ ਲਈ ਵੱਡੇ ਪੱਧਰ ਉਤੇ ਲੱਗੀ ਹੋਈ ਹੈ, ਉਥੇ ਪਾਕਿਸਤਾਨ ਵਾਲੇ ਪਾਸੇ ਵੀ ਇਹੋ ਰਸਤਾ ਬਣਾਉਣ ਲਈ ਨਿਰਮਾਣ ਕਾਰਜ ਕੀਤੇ ਜਾ ਰਹੇ ਹਨ।
ਜਾਣਕਾਰ ਸੂਤਰ ਦੱਸਦੇ ਕਿ ਕਰਤਾਰਪੁਰ ਲਾਂਘੇ ਸਬੰਧੀ ਪਾਕਿਸਤਾਨ ਨੇ ਭਾਰਤ-ਪਾਕਿ ਦੀ ਕੌਮਾਂਤਰੀ ਸਰਹੱਦ ‘ਤੇ ਦੋਵਾਂ ਦੇਸ਼ਾਂ ਨੂੰ ਜੋੜਨ ਵਾਲਾ 235 ਮੀਟਰ ਲੰਬਾ ਪੁਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸੇ ਪੁਲ ਤੋਂ ਸੰਗਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੀਆਂ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਉੱਚ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਦਾ ਕੰਮ ਨਿਰਧਾਰਤ ਤਰੀਕ ‘ਤੇ ਮੁਕੰਮਲ ਕਰਨ ਲਈ ਹੁਣ ਮਜ਼ਦੂਰਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ। ਦੱਸਿਆ ਕਿ ਇਹ ਕਾਰਜ 31 ਅਕਤੂਬਰ ਤੱਕ ਮੁਕੰਮਲ ਹੋ ਜਾਣਗੇ।
__________________________
ਲਾਂਘਾ ਖੋਲ੍ਹਣ ਲਈ ਪਾਕਿਸਤਾਨ ਤਿਆਰ: ਕੁਰੈਸ਼ੀ
ਇਸਲਾਮਾਬਾਦ: ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਨਾਲ ਤਣਾਅ ਦੇ ਬਾਵਜੂਦ ਉਹ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਤਿਆਰ ਹਨ ਅਤੇ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਇਥੇ ਆਉਣ ਵਾਲੀ ਸੰਗਤ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਗੱਲ ਅਫਗਾਨਿਸਤਾਨ ਦੇ ਸੰਸਦ ਮੈਂਬਰਾਂ ਅਤੇ ਉਥੇ ਸਮਾਜਿਕ ਆਗੂਆਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਵਫਦ ਨੂੰ ਇਹ ਵੀ ਕਿਹਾ ਕਿ ਭਾਰਤ ਨਾਲ ਮੌਜੂਦਾ ਤਣਾਅ ਦਾ ਅਸਰ ਪਾਕਿਸਤਾਨ ਦੇ ਅਫਗਾਨਿਸਤਾਨ ਨਾਲ ਸਬੰਧਾਂ ‘ਤੇ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਧਿਆਨ ਅਫਗਾਨਿਸਤਾਨ ਦੇ ਹਾਲਾਤ ਅਤੇ ਉਥੇ ਨਿਭਾਈ ਜਾ ਰਹੀ ਭੂਮਿਕਾ ‘ਤੇ ਕੇਂਦਰਤ ਹੈ।