ਕੀ ਤੁਸੀਂ ਕਦੇ ਸਰਦਾਰ ਭਿਖਾਰੀ ਦੇਖਿਆ ਹੈ?

ਇਹ ਕੋਈ ਕਹਾਣੀ ਨਹੀਂ, ਹਾਅ ਦਾ ਨਾਅਰਾ ਹੈ; ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੇ ਪਲਾਂ ਵਿਚ ਵੀ ਮਨੁੱਖਤਾ ਬਚੇ ਰਹਿਣ ਦਾ ਕੋਈ ਸਬੂਤ ਹੈ। ‘ਕੀ ਤੁਸੀਂ ਕਦੇ ਸਰਦਾਰ ਭਿਖਾਰੀ ਦੇਖਿਆ ਹੈ?’ ਨਾਂ ਦੀ ਇਸ ਹਿੰਦੀ ਕਹਾਣੀ ਵਿਚ ਲੇਖਕ ਸਵੈਮ ਪ੍ਰਕਾਸ਼ ਨੇ ਔਖੇ ਵੇਲਿਆਂ ਵਿਚ ਤੂਫਾਨ ਵਾਂਗ ਆਉਂਦੇ ਦਰਦਾਂ ਨੂੰ ਜ਼ੁਬਾਨ ਦਿੱਤੀ ਹੈ। ਦਹਿਸ਼ਤ ਵਿਚ ਘੁਲੇ ਇਹ ਦਰਦ ਜਦੋਂ ਦਸਤਕ ਦਿੰਦੇ ਹਨ, ਉਦੋਂ ਬੰਦੇ-ਕੁਬੰਦੇ ਦੀ ਪਛਾਣ ਵੀ ਹੋ ਜਾਂਦੀ ਹੈ। ਸਵੈਮ ਪ੍ਰਕਾਸ਼ ਨੇ ਇਹ ਕਹਾਣੀ ਇਸ ਢੰਗ ਨਾਲ ਬੁਣੀ ਹੈ ਕਿ ਕਹਾਣੀ ਪੜ੍ਹਦਿਆਂ ਪਾਠਕ ਖੁਦ ਉਸ ਹਾਲਾਤ ਵਿਚੋਂ ਲੰਘਦਾ ਮਹਿਸੂਸ ਕਰਦਾ ਹੈ। -ਸੰਪਾਦਕ

ਸਵੈਮ ਪ੍ਰਕਾਸ਼
ਪਹਿਲੀ ਤਾਰੀਖ ਦੀ ਸ਼ਾਮ ਅਜਮੇਰ ਤੋਂ ਰਵਾਨਾ ਹੋ ਕੇ ਅਸੀਂ ਦੋ ਦੀ ਸਵੇਰ ਸਾਢੇ ਪੰਜ ਵਜੇ ਦਿੱਲੀ ਪਹੁੰਚੇ। ਨਿਜ਼ਾਮੂਦੀਨ ਤੋਂ ਪੌਣੇ ਸੱਤ ਵਜੇ ਗੱਡੀ ਫੜਨੀ ਸੀ ਅਤੇ ਕੁਲੀਆਂ ਨੇ ਦੱਸਿਆ ਕਿ ਅੱਜ ਰਿਕਸ਼ਾ-ਟੈਕਸੀ ਕੁਝ ਨਹੀਂ ਚੱਲ ਰਿਹਾ। ਇਸ ਲਈ ਅਸੀਂ ਛੱਤੀਸਗੜ੍ਹ ਐਕਸਪ੍ਰੈਸ ਰਾਹੀਂ ਨਵੀਂ ਦਿੱਲੀ ਤੱਕ ਆਏ। ਉਥੇ ਰੇਲ ਦੇ ਡਰਾਈਵਰ ਨੇ ਦੱਸਿਆ ਕਿ ਪਹਿਲਾਂ ਡੀਜ਼ਲ ਭਰਿਆ ਜਾਵੇਗਾ। ਸੋ, ਪੌਣੇ ਸੱਤ ਵਜੇ ਤੱਕ ਨਿਜ਼ਾਮੂਦੀਨ ਨਹੀਂ ਪਹੁੰਚ ਸਕਦੇ। ਮੈਂ ਸਾਰਾ ਸਾਮਾਨ ਕੁਲੀ ਤੋਂ ਬਾਹਰ ਕਢਵਾਇਆ। ਬਾਹਰ ਵੀ ਬਹੁਤ ਘੱਟ ਟੈਕਸੀਆਂ ਸਨ। ਜਿਹੜੀਆਂ ਸਨ, ਉਨ੍ਹਾਂ ਦੇ ਡਰਾਈਵਰਾਂ ਦਾ ਕੋਈ ਪਤਾ ਨਹੀਂ ਸੀ। ਜਿਹੜੇ ਡਰਾਈਵਰ ਸਨ, ਉਹ ਐਨੀ ਜਲਦੀ ਨਿਜ਼ਾਮੂਦੀਨ ਜਾਣ ਲਈ ਤਿਆਰ ਨਹੀਂ ਸਨ। ਬੜੀ ਮੁਸ਼ਕਿਲ ਨਾਲ ਇਕ ਆਟੋ ਰਿਕਸ਼ਾ ਪੰਜਾਹ ਰੁਪਏ ‘ਚ ਤਿਆਰ ਹੋਇਆ। ਅਸੀਂ ਬੈਠੇ ਤੇ ਆਟੋ ਰਿਕਸ਼ਾ ਚੱਲ ਪਿਆ।
ਸਵੇਰੇ ਸਵੇਰੇ ਨਵੀਂ ਦਿੱਲੀ ਬਹੁਤ ਖੂਬਸੂਰਤ ਲੱਗ ਰਹੀ ਸੀ ਜਿੰਨੀ ਹਮੇਸ਼ਾ ਲੱਗਦੀ ਹੈ। ਦੁਨੀਆਂ ਦੀਆਂ ਸਭ ਤੋਂ ਖੂਬਸੂਰਤ ਰਾਜਧਾਨੀਆਂ ਵਿਚੋਂ ਇਕ। ਕਨਾਟ ਪਲੇਸ ਕੋਲੋਂ ਲੰਘਦਿਆਂ ਮੈਨੂੰ ਪਲ ਭਰ ਲਈ ਅਨੁਭਵ ਹੋਇਆ ਜਿਵੇਂ ਕੋਈ ਨੌਜਵਾਨ ਕਿਸੇ ਲੜਕੀ ਦਾ ਜਿਸਮ ਪਹਿਲੀ ਵਾਰ ਵੇਖ ਰਿਹਾ ਹੋਵੇ। ਦਿੱਲੀ ਦੇ ਜਿਸਮ ‘ਤੇ ਉਸ ਸਮੇਂ ਕੋਈ ਝਰੀਟ, ਜ਼ਖ਼ਮ ਜਾਂ ਫੋੜਾ ਮੈਨੂੰ ਨਜ਼ਰ ਨਹੀਂ ਆਇਆ।
ਪਹੁੰਚੇ ਹੀ ਸੀ ਕਿ ਹਾਰਨ ਵੱਜਿਆ। ਬੱਚੀ ਨੂੰ ਗੋਦੀ ਚੁੱਕੀ ਪਤਨੀ ਪੁਲ ਵੱਲ ਭੱਜੀ। ਪਿੱਛੇ ਪਿੱਛੇ ਕੁਲੀ ਤੇ ਮੈਂ। ਭੱਜਦਿਆਂ ਭੱਜਦਿਆਂ ਗੱਡੀ ਫੜੀ। ਜਿਹੜਾ ਡੱਬਾ ਸਾਹਮਣੇ ਆ ਗਿਆ, ਉਸੇ ‘ਚ ਵੜ ਗਏ। ਇਹ ਪੁਰੀ ਕੋਚ ਸੀ ਸਾਡਾ ਰਿਜ਼ਰਵੇਸ਼ਨ ਰਿਓੜਕੇਲਾ ਕੋਚ ‘ਚ ਸੀ। ਸੋਚਿਆ, ਮਥਰਾ ਬਦਲ ਲਵਾਂਗੇ।
ਡੱਬਾ ਜਿਹੜਾ ਸਦਾ ਸਵਾਰੀਆਂ ਨਾਲ ਭਰਿਆ ਰਹਿੰਦਾ ਸੀ, ਅੱਜ ਤਕਰੀਬਨ ਖਾਲੀ ਸੀ। ਅਸੀਂ ਆਪਣੀ ਇੱਛਾ ਅਨੁਸਾਰ ਵਿਚਕਾਰਲੀਆਂ ਦੋ ਬਰਥਾਂ ਲੈ ਲਈਆਂ। ਉਹ ਸੀਟਾਂ ਦੇਣ ‘ਚ ਟੀæਟੀæ ਨੂੰ ਵੀ ਕੋਈ ਖਾਸ ਤਕਲੀਫ ਨਹੀਂ ਹੋਈ।
ਸਾਡੇ ਸਾਹਮਣੇ ਵਾਲੇ ਬਰਥ ‘ਤੇ ਇਕ ਸਰਦਾਰ ਜੀ ਬੈਠੇ ਸਨ। ਦੇਖਣ ਨੂੰ ਬੁੱਢੇ ਤੇ ਥੱਕੇ ਹੋਏ। ਸੱਤਰ ਕੁ ਸਾਲ ਦੀ ਉਮਰ ਹੋਵੇਗੀ। ਲੱਗ ਰਿਹਾ ਸੀ ਜਿਵੇਂ ਬਿਮਾਰ ਹੋਣ। ਪੱਗ ਦਾ ਬੁਰਾ ਹਾਲ ਸੀ, ਪੈਂਟ ਗੰਦੀ ਸੀ। ਬੱਸ ਚੁੱਪ-ਚਾਪ ਪਏ ਹੋਏ ਸਨ। ਉਨ੍ਹਾਂ ਸਾਡੇ ਵੱਲ ਦੇਖਿਆ ਵੀ ਨਹੀਂ। ਸਾਡੀ ਬੱਚੀ ਨੇ ਕਿਲਕਾਰੀਆਂ ਮਾਰੀਆਂ, ਹੱਥ ਪੈਰ ਹਿਲਾਏ। ਆਂਡੇ ਵਰਗਾ ਮੂੰਹ ਗੋਲ ਕਰ ਕੇ ਬਾਬਾ! ਬਾਬਾ! ਕਿਹਾ। ਉਸ ਨੇ ਬੱਚੀ ਵੱਲ ਵੀ ਨਹੀਂ ਵੇਖਿਆ।
ਨਾਲ ਵਾਲੀ ਬਰਥ ‘ਤੇ ਪੰਜ-ਛੇ ਆਦਮੀ ਅਖ਼ਬਾਰ, ਵੰਡ ਕੇ ਪੜ੍ਹ ਰਹੇ ਸਨ। ਕਾਲੇ ਹਾਸ਼ੀਏ ਵਾਲਾ ਅਖ਼ਬਾਰ। ਤਸਵੀਰਾਂ, ਸ਼ਰਧਾਂਜਲੀਆਂ ਅਤੇ ਸਦਮੇ ਦੀ ਸਨਸਨੀ ਨਾਲ ਭਰਿਆ ਹੋਇਆ। ਸੱਜੇ ਪਾਸੇ ਭਾਰੀ ਆਵਾਜ਼ ਵਾਲਾ ਇਕ ਸਭਿਅਕ ਬੰਦਾ ਆਪਣੀ ਧੀ ਨਾਲ ਸਫ਼ਰ ਕਰ ਰਿਹਾ ਸੀ ਅਤੇ ਇਸ ਸਮੇਂ ਵਿਦੇਸ਼ਾਂ ‘ਚ ਵਸੇ ਆਪਣੇ ਕੁਝ ਰਿਸ਼ਤੇਦਾਰਾਂ ਬਾਰੇ ਅੰਗਰੇਜ਼ੀ ‘ਚ ਗੱਲ ਕਰ ਰਿਹਾ ਸੀ। ਹਾਲਾਂਕਿ ਇਸ ‘ਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਸੀ, ਪਰ ਮੈਨੂੰ ਹੈਰਾਨੀ ਹੋਈ ਕਿ ਇਹ ਲੋਕ ਉਹ ਗੱਲ ਕਿਉਂ ਨਹੀਂ ਕਰ ਰਹੇ ਜੋ ਇਸ ਸਮੇਂ ਸਭ ਕਰ ਰਹੇ ਹਨ।
ਮਥਰਾ ਬਹੁਤ ਦੇਰ ਨਾਲ ਆਇਆ। ਉਥੇ ਕੁਝ ਵੀ ਨਹੀਂ ਸੀ। ਨਾ ਚਾਹ, ਨਾ ਨਾਸ਼ਤਾ। ਨਾ ਸਿਗਰਟ, ਨਾ ਅਖ਼ਬਾਰ। ਨਾ ਕੁਲੀ, ਨਾ ਮੁਸਾਫ਼ਿਰ। ਜਿਵੇਂ ਸਟੇਸ਼ਨ ‘ਤੇ ਕਰਫਿਊ ਲੱਗਿਆ ਹੋਵੇ। ਅਸੀਂ ਬੱਚੀ ਲਈ ਥਰਮਸ ‘ਚ ਪਾਣੀ ਭਰਵਾਉਣਾ ਸੀ ਗਰਮ। ਉਹ ਸਾਨੂੰ ਦੋ ਦਿਨ ਅਤੇ ਇਕ ਰਾਤ ਦੇ ਸਫ਼ਰ ਦੌਰਾਨ ਕਿਤੇ ਨਹੀਂ ਮਿਲਣਾ ਸੀ।
ਘੁੰਮ-ਘੁੰਮ ਮੈਂ ਵਾਪਸ ਡੱਬੇ ‘ਚ ਆ ਗਿਆ ਤੇ ਪਤਨੀ ਨੂੰ ਕਿਹਾ ਕਿ ਚੰਗਾ ਕੀਤਾ, ਆਪਾਂ ਰਿਓੜਕੇਲਾ ਕੋਚ ਦੇ ਰਿਜ਼ਰਵੇਸ਼ਨ ਦੇ ਚੱਕਰ ‘ਚ ਨਹੀਂ ਪਏ। ਫਿਰ ਹੇਠਾਂ ਉਤਰ ਕੇ ਘੁੰਮਣ ਲੱਗਿਆ। ਅਚਾਨਕ ਪੰਜਾਹ-ਸੱਠ ਮੁੰਡਿਆਂ ਦੀ ਭੀੜ ਨਾਅਰੇ ਲਾਉਂਦੀ ਹੋਈ ਸਟੇਸ਼ਨ ‘ਚ ਦਾਖ਼ਲ ਹੋਈ। ਕਈਆਂ ਦੇ ਹੱਥਾਂ ‘ਚ ਡੰਡੇ ਸਨ। ਉਨ੍ਹਾਂ ਨੇ ਹਰ ਡੱਬੇ ਨੂੰ ਖਿੜਕੀ ਰਾਹੀਂ ਬਾਹਰੋਂ ਦੇਖਿਆ ਅਤੇ ਰੇਲਵੇ ਪੁਲਿਸ ਦੇ ਸਮਝਾਉਣ ‘ਤੇ ਰੌਲਾ ਪਾਉਂਦੇ ਸਟੇਸ਼ਨ ‘ਚੋਂ ਬਾਹਰ ਹੋ ਗਏ। ਲੇਕਿਨ ਜਾਣ ਤੋਂ ਪਹਿਲਾਂ ਇਕ ਲੜਕੇ ਨੇ ਸਾਡੇ ਡੱਬੇ ਕੋਲ ਆ ਕੇ ਖਿੜਕੀ ਰਾਹੀਂ ਸਰਦਾਰ ਜੀ ਨੂੰ ਗਾਲਾਂ ਕੱਢੀਆਂ, ਗੱਦਾਰ ਕਿਹਾ ਅਤੇ ਨਾਲ ਇਹ ਵੀ ਕਿਹਾ ਕਿ ਵਿਚਕਾਰੋਂ ਚੀਰ ਕੇ ਰੱਖ ਦੇਵਾਂਗਾ। ਫਿਰ ਚਲਾ ਗਿਆ। ਮੈਂ ਸੋਚਿਆ ਇਹ ਕੱਲ੍ਹ ਦੇ ਮੁੰਡੇæææ। ਡੱਬੇ ‘ਚ ਆ ਕੇ ਬੈਠ ਗਿਆ। ਬੱਚੀ ਖਿੜਕੀ ਨਾਲ ਖੜ੍ਹੀ ਖੇਡ ਰਹੀ ਸੀ ਅਤੇ ਨਾਅਰੇ ਲਾਉਣ ਵਾਲਿਆਂ ਦੀ ਨਕਲ ‘ਚ ਹਾæææਹੋæææਹੋæææਕਰ ਰਹੀ ਸੀ। ਅਸੀਂ ਪਤੀ ਪਤਨੀ ਉਸ ਦੀਆਂ ਹਰਕਤਾਂ ਦਾ ਸੁਆਦ ਲੈ ਰਹੇ ਸੀ।
“ਮੈਂ ਲੈਟਰੀਨ ‘ਚ ਬੰਦ ਹੋ ਜਾਂਦਾ ਹਾਂ।” ਅਚਾਨਕ ਸਰਦਾਰ ਜੀ ਨੇ ਮੈਨੂੰ ਕਿਹਾ। ਉਹ ਪ੍ਰੇਸ਼ਾਨ ਲੱਗ ਰਿਹਾ ਸੀ। ਮੈਂ ਉਸ ਦੇ ਚਿਹਰੇ ਵੱਲ ਦੇਖਿਆ। ਜੋ ਉਨ੍ਹਾਂ ਕਿਹਾ ਸੀ, ਉਹ ਮੇਰੇ ਸਿਰ ‘ਚ ਵੱਜਿਆ ਤੇ ਮੈਂ ਹਿੱਲ ਗਿਆ। ਮੈਂ ਜ਼ੋਰ ਨਾਲ ਕਿਹਾ, “ਕੁਝ ਨਹੀਂ ਹੋਵੇਗਾ ਸਰਦਾਰ ਜੀ, ਤੁਸੀਂ ਚਿੰਤਾ ਨਾ ਕਰੋ। ਸਾਡੇ ਹੁੰਦਿਆਂ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ। ਇਹ ਤਾਂ ਮੁੰਡ੍ਹੀਰ ਏ, ਕਿਉਂ ਫਿਕਰ ਕਰਦੇ ਹੋ।”
ਉਹ ਆਪਣੀ ਮੈਲੀ ਚਾਦਰ ਮੂੰਹ ਤੇ ਲੈ ਕੇ ਪੈ ਗਿਆ।
ਬੱਸ ਇਹੀ ਇਕ ਸ਼ਬਦ ਸੀ ਜੋ ਪੂਰੇ ਦਿਨ ‘ਚ ਉਸ ਨੇ ਬੋਲਿਆ ਸੀ।
ਉਸ ਨੂੰ ਵਿਸ਼ਵਾਸ ਦਿਵਾ ਕੇ ਮੇਰੇ ਦਿਮਾਗ ‘ਚ ਥੋੜ੍ਹਾ ਜਿਹਾ ਤਣਾਓ ਪੈਦਾ ਹੋਇਆ ਕਿ ਕੋਈ ਕਿਉਂ ਆਪਣੇ-ਆਪ ਨੂੰ ਲੈਟਰੀਨ ‘ਚ ਬੰਦ ਕਰੇਗਾ? ਕਿਉਂ? ਪਰ ਜਿਵੇਂ ਜਿਵੇਂ ਟਰੇਨ ਅੱਗੇ ਵਧੀ, ਤਣਾਓ ਵੀ ਵਧਦਾ ਗਿਆ।
ਆਗਰਾ ਸਟੇਸ਼ਨ ਇਕਦਮ ਖਾਲੀ ਸੀ। ਗਵਾਲੀਅਰ ‘ਚ ਕਰਿਫਊ ਲੱਗਿਆ ਹੋਇਆ ਸੀ। ਬੱਚੀ ਦੁੱਧ ਲਈ ਰੋ ਰਹੀ ਸੀ। ਅਸੀਂ ਸਵੇਰ ਦੀ ਚਾਹ ਵੀ ਨਹੀਂ ਸੀ ਪੀਤੀ। ਮੇਰੀਆਂ ਸਿਗਰਟਾਂ ਖ਼ਤਮ ਹੋਣ ਕਿਨਾਰੇ ਸਨ ਅਤੇ ਖਾਣਾ? ਅਸੀਂ ਸੋਚਿਆ ਦਿੱਲੀ ਜਿਉਂ ਜਿਉਂ ਦੂਰ ਹੁੰਦੀ ਜਾਵੇਗੀ, ਸਭ ਕੁਝ ਸ਼ਾਂਤ ਅਤੇ ਸਹਿਜ ਹੁੰਦਾ ਜਾਵੇਗਾ, ਪਰ ਝਾਂਸੀ ਆਉਂਦਿਆਂ ਹੀ ਦੂਰੋਂ ਕਈ ਥਾਂਵਾਂ ਤੋਂ ਧੁੰਆਂ ਨਿਕਲਦਾ ਦੇਖਿਆ ਅਤੇ ਆਊਟਰ ਸਿਗਨਲ ‘ਤੇ ਭੀੜ ਵੀ ਦੇਖੀ। ਮੈਂ ਸਰਦਾਰ ਜੀ ਨੂੰ ਕਿਹਾ, “ਤੁਸੀਂ ਉਪਰ ਵਾਲੀ ਸੀਟ ‘ਤੇ ਚਾਦਰ ਨਾਲ ਮੂੰਹ ਲੁਕੋ ਕੇ ਸੌਂ ਜਾਵੋ।” ਤੇ ਇਕ ਨੂੰ ਛੱਡ ਕੇ ਸਾਰੀਆਂ ਖਿੜਕੀਆਂ ਬੰਦ ਕਰ ਲਈਆਂ।
ਲੇਕਿਨ ਸਟੇਸ਼ਨ ‘ਤੇ ਕੋਈ ਤਣਾਓ ਨਹੀਂ ਸੀ। ਉਥੇ ਚਾਹ ਵੀ ਮਿਲ ਰਹੀ ਸੀ। ਮੈਂ ਪਲੇਟਫਾਰਮ ‘ਤੇ ਖੜ੍ਹੇ ਨੇ ਸਰਦਾਰ ਜੀ ਨੂੰ ਕਿਹਾ, “ਹੇਠਾਂ ਆ ਜਾਓ। ਡਰਨ ਦੀ ਕੋਈ ਗੱਲ ਨਹੀਂ।” ਉਸ ਦਾ ਸਾਰਾ ਸਰੀਰ ਚਾਦਰ ਨਾਲ ਢਕਿਆ ਹੋਇਆ ਸੀ, ਸਿਰਫ਼ ਅੱਖਾਂ ਖੁੱਲ੍ਹੀਆਂ ਸਨ ਜਿਨ੍ਹਾਂ ‘ਚ ਦਹਿਸ਼ਤ ਭਰੀ ਹੋਈ ਸੀ। ਜਿਵੇਂ ਕਿਸੇ ਸੁਰੰਗ ‘ਚ ਦੇਖਦਿਆਂ ਕਿਸੇ ਡਰੇ ਹੋਏ ਪਸ਼ੂ ਦੀਆਂ ਦੋ ਅੱਖਾਂ। ਉਹ ਹਿੱਲੇ ਤੱਕ ਨਹੀਂ। ਹੇਠਾਂ ਵੀ ਨਹੀਂ ਉਤਰੇ, ਪਰ ਦੇਖਿਆ ਜਾਵੇ ਤਾਂ ਠੀਕ ਹੀ ਕੀਤਾ ਕਿ ਉਹ ਨਹੀਂ ਉਤਰੇ; ਕਿਉਂਕਿ ਥੋੜ੍ਹੀ ਦੇਰ ਬਾਅਦ ਫਿਰ ਭੀੜ ਨਾਅਰੇ ਮਾਰਦੀ ਪਲੇਟਫਾਰਮ ‘ਤੇ ਆ ਗਈ। ਭੀੜ ਵਿਚ ਅਧਖੜ ਵੀ ਸਨ, ਨੌਜਵਾਨ ਵੀ ਅਤੇ ਦਸ ਬਾਰਾਂ ਸਾਲ ਦੇ ਮੁੰਡੇ ਵੀ। ਕਈਆਂ ਦੇ ਹੱਥਾਂ ‘ਚ ਡਾਂਗਾਂ, ਕਈਆਂ ਦੇ ਹੱਥਾਂ ‘ਚ ਕੁਹਾੜੀਆਂ, ਇਕ-ਦੋ ਦੇ ਹੱਥਾਂ ‘ਚ ਪੈਟਰੋਲ ਦੀਆਂ ਬੋਤਲਾਂ ਲੱਗਦੀਆਂ ਸਨ।
“ਸ਼ææਰæææਦਾæææਰ! ਨਿਕਲ ਬਾਹਰ ਤੇਰੀæææ।” ਕੋਈ ਡੱਬੇ ਦੀਆਂ ਕੰਧਾਂ ਨੂੰ ਹੀ ਪਿੱਟ ਰਿਹਾ ਸੀ।
ਦੇਖਦੇ ਦੇਖਦੇ ਭੀੜ ਸਾਡੇ ਡੱਬੇ ਵਿਚ ਦੋਹਾਂ ਪਾਸਿਆਂ ਤੋਂ ਵੜ ਗਈ। ਹਰ ਸੀਟ, ਸੀਟ ਦੇ ਹੇਠਾਂ ਏਧਰ ਉਧਰ ਝਾਕਦਿਆਂ ਸਭ ਨੂੰ ਪੁੱਛਣ ਲੱਗੀ, “ਕੋਈ ਸਰਦਾਰ ਤਾਂ ਨਹੀਂ?” ਉਨ੍ਹਾਂ ਨੇ ਡੱਬੇ ਦੇ ਅੰਦਰ ਵੜਦਿਆਂ ਹੀ ਪਹਿਲਾ ਕੰਮ ਇਹ ਕੀਤਾ ਕਿ ਸਾਰੇ ਟਾਇਲਟ ਚੈਕ ਕੀਤੇ ਅਤੇ ਸਾਰਿਆਂ ਦੀਆਂ ਅੰਦਰੋਂ ਚਿਟਕਣੀਆਂ ਤੋੜ ਦਿੱਤੀਆਂ। ਹੁਣ ਉਹ ਸਾਡੇ ਵੱਲ ਆ ਰਹੇ ਸਨ। ਸਰਦਾਰ ਜੀ ਵਾਲੀ ਸੀਟ ਕੋਲ ਪਹੁੰਚੇ ਹੀ ਸਨ ਕਿ ਉਸੇ ਵੇਲੇ ਰੇਲਵੇ ਪੁਲਿਸ ਆ ਗਈ ਅਤੇ ਉਸ ਨੇ ਸਾਰਿਆਂ ਨੂੰ ਡੱਬੇ ਵਿਚੋਂ ਬਾਹਰ ਕੱਢ ਦਿੱਤਾ।
ਪਲੇਟਫਾਰਮ ਦੇ ਬਾਹਰ ਰੇਲਵੇ ਵਾਲਿਆਂ ਦੇ ਕੁਆਰਟਰ ਸਨ। ਬਗੀਚੀ ਨਾਲ ਲਗਦੇ ਕੁਆਰਟਰ ਉਤੇ ਭੀੜ ਨੇ ਹੱਲਾ ਬੋਲ ਦਿੱਤਾ। ਸਭ ਕੁਝ ਤੋੜ ਕੇ ਅੱਗ ਲਾ ਦਿੱਤੀ।
ਮੁਸਾਫਿਰ ਤਮਾਸ਼ਾ ਦੇਖ ਰਹੇ ਸਨ ਅਤੇ ਮਨ ਹੀ ਮਨ ਦੁਆ ਕਰ ਰਹੇ ਸਨ ਕਿ ਛੇਤੀ-ਛੇਤੀ ਗੱਡੀ ਤੁਰੇ। ਤੇ ਉਸੇ ਸਮੇਂ ਗੱਡੀ ਚੱਲ ਪਈ। ਸਰਦਾਰ ਜੀ ਹੁਣ ਵੀ ਉਸੇ ਤਰ੍ਹਾਂ ਉਥੇ ਹੀ ਪਏ ਸਨ। ਕੁਝ ਦੇਰ ਬਾਅਦ ਕੋਈ ਕਿਸੇ ਨੂੰ ਕਹਿ ਰਿਹਾ ਸੀ, “ਵਿਚਾਰੇ ਦਾ ਹਾਰਟ ਫੇਲ੍ਹ ਹੀ ਨਾ ਹੋ ਜਾਵੇ।”
ਅਗਲੇ ਸਟੇਸ਼ਨ ‘ਤੇ ਫਿਰ ਉਹੀ ਨਜ਼ਾਰਾ ਸੀ। ਆਊਟਰ ਤੇ ਗੱਡੀ ਰੁਕੀ ਰਹੀ। ਸਾਹਮਣੇ ਇਕ ਮਕਾਨ ਵਿਚੋਂ ਕਾਲਾ ਗੂੜ੍ਹਾ ਧੂੰਆਂ ਉਠ ਰਿਹਾ ਸੀ। ਸੋਫਾ ਸੈੱਟ, ਪਲੰਘ, ਕੁਰਸੀਆਂ, ਗੱਦੇ, ਬਿਸਤਰੇ, ਕਿਸੇ ਬੱਚੇ ਦੀ ਟਰਾਈ-ਸਾਈਕਲ, ਹਾਕੀæææਸੜ ਰਹੇ ਸਨ, ਤੇ ਦੂਰ ਖੜ੍ਹੇ ਤਮਾਸ਼ਾ ਦੇਖਦੇ ਅਨੇਕ ਆਦਮੀ ਔਰਤਾਂ ਬੱਚੇ।
ਸਾਰਾ ਦਿਨ ਇਸੇ ਡਰ ‘ਚ ਸਹਿਮੇ ਹੋਏ ਗੁਜ਼ਰਿਆ। ਸਾਰਾ ਦਿਨ ਸਰਦਾਰ ਜੀ ਚੁੱਪ-ਚਾਪ ਪਏ ਰਹੇ। ਸਾਰਾ ਦਿਨ ਦਵਾਈ ਦੀਆਂ ਕੁਝ ਗੋਲੀਆਂ ਤੋਂ ਬਿਨਾਂ ਉਨ੍ਹਾਂ ਨੇ ਕੁਝ ਨਹੀਂ ਖਾਧਾ। ਸਾਰਾ ਦਿਨ ਉਦਾਸੀ ਅਤੇ ਮਨਹੂਸੀਅਤ ਦਾ ਆਲਮ ਡੱਬੇ ‘ਤੇ ਹਾਵੀ ਰਿਹਾ।
ਲੇਕਿਨ ਰਾਤ ਹੁੰਦੇ-ਹੁੰਦੇ ਹਾਲਾਤ ਹੋਰ ਖ਼ਰਾਬ ਹੋ ਗਏ। ਹੁਣ ਕਿਸੇ ਵੀ ਦੋ ਸਟੇਸ਼ਨਾਂ ਵਿਚਕਾਰ ਗੱਡੀ ਰੋਕ ਲਈ ਜਾਂਦੀ। ਭੀੜ ਡੱਬੇ ‘ਚ ਵੜ ਜਾਂਦੀ। ਗਾਲਾਂ ਕੱਢਦੀ। ਡੱਬੇ ‘ਤੇ, ਸੀਟਾਂ ‘ਤੇ ਡੰਡੇ ਮਾਰਦੀ।æææਭਾਈ ਸਾਹਿਬ ਕੋਈ ਸਰਦਾਰ ਤਾਂ ਨਹੀਂ ਹੈæææਪੁੱਛਿਆ ਜਾਂਦਾ।
ਮੈਂ ਕਿਹਾ, “ਸਾਨੂੰ ਡੱਬੇ ਦੇ ਚਾਰੇ ਦਰਵਾਜ਼ੇ ਬੰਦ ਕਰ ਲੈਣੇ ਚਾਹੀਦੇ ਹਨ।
ਤਮਾਸ਼ਾ ਦੇਖਣ ਤੇ ਸੁਆਦ ਲੈਣ ਦੇ ਮਾਰੇ, ਦਰਵਾਜ਼ੇ ਨੇੜੇ ਦੋ ਸਿੰਧੀ ਲੜਕੇ ਬੈਠੇ ਸਨ; ਹਾਲਾਂਕਿ ਡੱਬੇ ਦੇ ਬਾਕੀ ਲੋਕ ਉਦਾਸ ਤੇ ਪ੍ਰੇਸ਼ਾਨ ਸਨ। ਸ਼ਾਇਦ ਸ਼ਰਮਿੰਦਾ ਵੀ। ਸਿੰਧੀਆਂ ਨੇ ਕਿਹਾ ਕਿ ਜੇ ਦਰਵਾਜ਼ਾ ਬੰਦ ਰੱਖਾਂਗੇ ਤਾਂ ਉਨ੍ਹਾਂ ਨੂੰ ਹੋਰ ਸ਼ੱਕ ਪਵੇਗਾ ਤੇ ਉਹ ਪੱਥਰ ਮਾਰਨਗੇ। ਮੈਂ ਕਿਹਾ,”ਮਾਰਨ ਦਿਓ ਪੱਥਰ ਨਾਲ ਡੱਬਾ ਤਾਂ ਨਹੀਂ ਟੁੱਟਣ ਲੱਗਾ। ਖਿੜਕੀਆਂ ਬੰਦ ਰੱਖੋ।” ਇਕ ਨੇ ਕਿਹਾ, “ਉਹ ਖਿੜਕੀਆਂ ਨੂੰ ਅੱਗ ਵੀ ਲਾ ਸਕਦੇ ਹਨ।” ਮੈਂ ਚੁੱਪ ਹੋ ਗਿਆ।
ਨਾਲ ਲਗਦੇ ਡੱਬੇ ਦੇ ਲੋਕ ਗੁੰਮਸੁੰਮ ਸਨ ਅਤੇ ਸ਼ਾਇਦ ਖ਼ੈਰ ਮਨਾ ਰਹੇ ਹੋਣ ਕਿ ਉਹ ਸਰਦਾਰ ਨਹੀਂ ਹਨ; ਜਾਂ ਇਸ ਗੱਲ ‘ਤੇ ਪਛਤਾ ਰਹੇ ਹੋਣ ਕਿ ਘਰੋਂ ਨਿਕਲੇ ਹੀ ਕਿਉਂ, ਜਾਂ ਰੇਲ ਵਾਲਿਆਂ ਨੂੰ ਦੁਹਾਈ ਦੇ ਰਹੇ ਸਨ ਕਿ ਗੱਡੀ ਹਰ ਥਾਂ ਕਿਉਂ ਰੋਕ ਲੈਂਦੇ ਹਨ? ਜਾਂ ਡਰ ਰਹੇ ਸਨ ਕਿ ਕੁਝ ਵੀ ਹੋ ਸਕਦਾ ਹੈ!
ਸਾਡੇ ਡੱਬੇ ਤੋਂ ਅੱਗੇ ਨਾਲ ਵਾਲੀ ਸੀਟ ‘ਤੇ ਬੈਠਾ ਭਾਰੀ ਆਵਾਜ਼ ਵਾਲਾ ਸਭਿਅਕ ਆਦਮੀ ਯੂਰਪ ਦੀਆਂ ਗੱਲਾਂ ਆਪਣੀ ਲੜਕੀ ਤੇ ਇਕ ਨੌਜਵਾਨ ਹਮਸਫਰ ਨੂੰ ਦੱਸ ਰਿਹਾ ਸੀ। ਕੁਝ ਦੇਰ ਬਾਅਦ ਉਨ੍ਹਾਂ ਨੇ ਠਾਠ ਨਾਲ ਦਾਰੂ ਦੀ ਬੋਤਲ ਕੱਢੀ ਤੇ ਪੀਣੀ ਸ਼ੁਰੂ ਕਰ ਦਿੱਤੀ। ਲੜਕੀ ਨੇ ਅੰਗਰੇਜ਼ੀ ‘ਚ ਕਿਹਾ ਕਿ ਗਲਾਸ ਤਾਂ ਇਕ ਹੀ ਹੈ। ਫਿਰ ਉਨ੍ਹਾਂ ਦਾ ਨੌਕਰ ਸਾਥੋਂ ਗਿਲਾਸ ਮੰਗ ਕੇ ਲੈ ਗਿਆ। ਜੇ ਸਾਨੂੰ ਪਤਾ ਹੁੰਦਾ ਕਿ ਗਿਲਾਸ ਕਿਸ ਲਈ ਮੰਗਿਆ ਹੈ ਤਾਂ ਅਸੀਂ ਨਾ ਦਿੰਦੇ। ਖ਼ੈਰ! ਫਿਰ ਲੜਕੀ ਨੇ ਅੰਗਰੇਜ਼ੀ ‘ਚ ਕਿਹਾ, “ਇਸ ਨਾਲ ਭੁੱਖ ਲੱਗਣ ਲੱਗ ਜਾਂਦੀ ਹੈ ਨਾ?” ਤੇ ਬਾਪ ਨੇ ਧੀ ਨੂੰ ਕਿਹਾ, “ਤੂੰ ਵੀ ਲੈ ਲੈ, ਜੇ ਮਨ ਕਰ ਰਿਹਾ ਹੈ।” ਤੇ ਧੀ ਨੇ ਕਿਹਾ, “ਡ੍ਰਿੰਕਸ ਦਾ ਤਾਂ ਨਹੀਂ, ਸਮੋਕ ਕਰਨ ਨੂੰ ਮਨ ਕਰਦਾ ਹੈ, ਪਰ ਇੱਥੇ ਡੱਬੇ ‘ਚ ਸਭ ਦੇ ਸਾਹਮਣੇ ਨਹੀਂ ਪੀਆਂਗੀ।” ਤੇ ਨੌਜਵਾਨ ਹਮਸਫ਼ਰ ਉਸ ਨੂੰ ਮਨਾਉਣ ਲੱਗਿਆ, “ਖਾਣ-ਪੀਣ ‘ਚ ਕਾਹਦੀ ਸ਼ਰਮ? ਉਹ ਐਨੀ ਪ੍ਰਵਾਹ ਕਿਉਂ ਕਰਦੀ ਹੈ” ਤੇ ਉਹਨੂੰ ਸਿਗਰਟ ਪੇਸ਼ ਕਰਨ ਲੱਗਿਆ। ਕੁਝ ਦੇਰ ਦੇ ਨਖ਼ਰਿਆਂ ਤੋਂ ਬਾਅਦ ਲੜਕੀ ਨੇ ਸਿਗਰਟ ਲੈ ਲਈ। ਪਿਉ ਨੇ ਮਜ਼ਾਕ ‘ਚ ਨੌਜਵਾਨ ਨੂੰ ਕਿਹਾ ਕਿ ਖੂਬਸੂਰਤ ਲੜਕੀਆਂ ਬਹੁਤ ‘ਫੱਸੀ’ ਹੁੰਦੀਆਂ ਅਤੇ ਯੂਰਪ ਦੇ ਕਿੱਸੇ ਫਿਰ ਚਾਲੂ ਹੋ ਗਏ।
ਫਿਰ ਕਿਸੇ ਇਕ ਥਾਂ ਜੰਗਲ ਵਿਚ ਹਨੇਰੇ ‘ਚ ਗੱਡੀ ਰੁਕ ਗਈ। ਦੋਹਾਂ ਪਾਸਿਆਂ ਤੋਂ ਪੱਥਰ ਮਾਰੇ ਗਏ। ਮੈਂ ਭੱਜ ਕੇ ਖਿੜਕੀਆਂ ਬੰਦ ਕਰ ਦਿੱਤੀਆਂ। ਸਾਡੇ ਵਾਲੀ ਖਿੜਕੀ ਜਾਮ ਸੀ ਅਤੇ ਬੰਦ ਨਹੀਂ ਹੋ ਰਹੀ ਸੀ। ਪਤਨੀ ਨੇ ਘਬਰਾ ਕੇ ਬੱਚੀ ਨੂੰ ਆਪਣੇ ਸੀਨੇ ਨਾਲ ਲਾ ਲਿਆ ਅਤੇ ਡਰਦੇ ਮਾਰੇ ਦੋਹਾਂ ਸੀਟਾਂ ਦੇ ਵਿਚਕਾਰ ਫਰਸ਼ ‘ਤੇ ਬੈਠ ਗਈ। ਮੈਂ ਉਸ ਨੂੰ ਕੁਝ ਨਹੀਂ ਕਿਹਾ, ਅਟੈਚੀ ਖਿੜਕੀ ‘ਚ ਫਸਾਈ ਅਤੇ ਪਿੱਠ ਲਗਾ ਕੇ ਬੈਠ ਗਿਆ। ਪਤਨੀ ਨੇ ਮੈਨੂੰ ਇਸ ਤਰ੍ਹਾਂ ਦੇਖਿਆ ਜਿਵੇਂ ਕਿਸੇ ਗਾਂ ਨੂੰ ਕਸਾਈ ਲੈ ਕੇ ਜਾ ਰਿਹਾ ਹੋਵੇ ਅਤੇ ਉਹ ਆਪਣੇ ਮਾਲਕ ਵੱਲ ਦੇਖੇ। ਮੈਂ ਉਸ ਨੂੰ ਗੁੱਸੇ ਹੋਇਆ ਕਿ ਪੜ੍ਹੀ-ਲਿਖੀ ਹੋ ਕੇ ਘਬਰਾ ਰਹੀ ਹੈਂ। ਕੁਝ ਨਹੀਂ ਹੋਵੇਗਾ, ਉਪਰ ਹੋ ਕੇ ਬੈਠ।
ਸਿੰਧੀਆਂ ਨੇ ਦਰਵਾਜ਼ਾ ਖੋਲ੍ਹ ਦਿੱਤਾ।
ਸਾਰੀ ਭੀੜ ਹਥਿਆਰਾਂ ਸਮੇਤ ਡੱਬੇ ਅੰਦਰ ਘੁਸ ਆਈ। ਇਕ ਨੌਜਵਾਨ ਲੜਕਾ ਪੈਂਟ ਬੁਨੈਣ ਪਹਿਨੀ, ਦਾਰੂ ਪੀਤੀ ਹੋਈ ਤੇ ਜ਼ੋਰ-ਜ਼ੋਰ ਦੀ ਚੀਕ ਰਿਹਾ ਸੀ-“ਸ਼ææਰæææਦਾæææਰ। ਨਿਕਲ ਬਾਹਰ ਤੇਰੀæææ”, ਤੇ ਸੀਟਾਂ ਦੇ ਹੇਠਾਂ ਡੰਡਾ ਮਾਰੀ ਜਾ ਰਿਹਾ ਸੀ।
ਤੂਫ਼ਾਨ ਵਾਂਗ ਪਾਗਲਾਂ ਦੀ ਉਹ ਭੀੜ ਇਕ ਪਾਸਿਓਂ ਵੜ ਕੇ ਦੂਜੇ ਪਾਸੇ ਨਿਕਲ ਗਈ। ਗੱਡੀ ਫਿਰ ਵੀ ਨਹੀਂ ਚੱਲੀ।
ਫਿਰ ਭੀੜ ਦਾ ਤੂਫ਼ਾਨ ਆਇਆ, ਇਧਰ ਉਧਰ ਝਾਕਿਆ। “ਨਹੀਂ ਐ, ਨਹੀਂ ਐ” ਸੁਣ ਕੇ ਬਾਹਰ ਨਿਕਲ ਗਿਆ।
ਮੈਨੂੰ ਬਾਅਦ ‘ਚ ਪਤਾ ਲੱਗਿਆ ਕਿ ਇਕ ਬੇਵਕੂਫ ਔਰਤ ਨੇ ਖੁਦ ਖਿੜਕੀ ਵਿਚੋਂ ਸਿਰ ਕੱਢ ਕੇ ਕਿਸੇ ਨੂੰ ਦੱਸ ਦਿੱਤਾ ਸੀ ਕਿ ਇਕ ਸਰਦਾਰ ਜੀ ਹੈ ਇਸ ਡੱਬੇ ‘ਚ।
ਹੁਣ ਦੁੱਗਣੀ ਭੀੜ ਡੱਬੇ ‘ਚ ਸੀ ਅਤੇ ਉਹ ਸੁੱਤੇ ਪਏ, ਬੈਠੇ ਮੁਸਾਫਿਰਾਂ ਦੇ ਕੱਪੜੇ ਇੱਧਰ ਉਧਰ ਕਰ ਕੇ ਵੇਖ ਰਹੇ ਸਨ।
ਤੇ ਉਸ ਸਮੇਂ ਇਕ ਮੁੰਡੇ ਨੇ ਸਾਡੇ ਸਰਦਾਰ ਜੀ ਨੂੰ ਦੇਖ ਲਿਆ। “ਕੌਣ ਹੈ, ਇਹ ਕੌਣ ਹੈ? ਇਹ ਕੌਣ ਹੈ?” ਉਹ ਚੀਕਿਆ।
ਸਾਰੇ ਉਥੇ ਟੁੱਟ ਕੇ ਪੈ ਗਏ। ਚਾਦਰ ਲਾਹ ਕੇ ਪਰ੍ਹੇ ਮਾਰੀ। ਹੇਠਾਂ ਸੁੱਟ ਲਿਆ। ਗਾਲਾਂ ਕੱਢਦੇ ਗਏ, ਨਾਲੇ ਡੰਡੇ ਮਾਰਦੇ ਗਏ। ਇਕ ਜਣਾ ਸੀਟ ਉਪਰ ਖੜ੍ਹਾ ਹੋ ਗਿਆ। ਉਸ ਨੇ ਸਿਰ ਦੇ ਵਾਲਾਂ ਨੂੰ ਫੜ ਲਿਆ। ਇਕ ਨੇ ਦਾੜ੍ਹੀ ਨੂੰ ਹੱਥ ਪਾ ਲਿਆ। ਪਤਨੀ ਨੇ ਮੇਰੀ ਬਾਂਹ ਘੁੱਟ ਕੇ ਫੜ ਲਈ। ਮੈਂ ਬਾਂਹ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਕਿਹਾ, “ਮੇਰਾ ਕੀ ਬਣੇਗਾ? ਬੱਚੀ ਦਾ ਕੀ ਹੋਵੇਗਾ?” ਫਿਰ ਕੋਈ ਜਣਾ ਭੀੜ ਵਿਚੋਂ ਪਤਨੀ ਨੂੰ ਬੋਲਿਆ, “ਘਬਰਾਉ ਨਾ ਭੈਣ ਜੀ, ਤੁਹਾਨੂੰ ਕੋਈ ਕੁਝ ਨਹੀਂ ਕਹੇਗਾ।”
ਸਰਦਾਰ ਜੀ ਨੇ ਸੀਟ ਵਾਲੀ ਰਾਡ ਚੰਗੀ ਤਰ੍ਹਾਂ ਘੁੱਟ ਕੇ ਫੜੀ ਹੋਈ ਸੀ। ਐਨੇ ਲੋਕਾਂ ਨੇ ਜ਼ੋਰ ਲਾਇਆ, ਪਰ ਉਸ ਨੇ ਡੰਡੇ ਦਾ ਹੱਥ ਨਹੀਂ ਛੱਡਿਆ। ਉਹ ਬੁਰੀ ਤਰ੍ਹਾਂ ਕੰਬ ਰਿਹਾ ਸੀ। ਉਸ ਦਾ ਬਿਸਤਰਾ, ਅਟੈਚੀ, ਚਾਦਰ, ਜੁੱਤੇ, ਪੱਗ ਸਭ ਪਤਾ ਨਹੀਂ ਕਿੱਧਰ ਚਲੇ ਗਏ। ਭੀੜ ਵਿਚੋਂ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਉਠ ਰਹੀਆਂ ਸਨ, “ਨੰਗਾ ਕਰੋ ਸਾਲੇ ਨੂੰ। ਮਾਰੋ ਸਾਲੇ ਨੂੰ। ਛੱਡਣਾ ਨਾ ਗੱਦਾਰ ਕੌਮ ਨੂੰæææ।” ਉਹ ਵਿਚਾਰਾ ਬੁੱਢਾ ਬਿਮਾਰ ‘ਆਹæææਆਹ’ ਕਰ ਕੇ ਚੀਕ ਰਿਹਾ ਸੀ। ਉਸ ਦੇ ਕੱਪੜੇ ਪਾੜ ਦਿੱਤੇ ਅਤੇ ਉਸ ਨੂੰ ਨੰਗਾ ਕਰ ਦਿੱਤਾ। ਅੱਖ ਝਪਕਦਿਆਂ ਹੀ ਇਹ ਸਭ ਕੁਝ ਹੋ ਗਿਆ। ਕੋਈ ਮੁਸਾਫਿਰ ਬੋਲਿਆ ਤਾਂ ਭੀੜ ਵਿਚੋਂ ਕੋਈ ਬੋਲਿਆ, “ਤੂੰ ਵੀ ਇਸ ਦੇ ਨਾਲ ਐਂ?” ਉਹ ਚੁੱਪ ਹੋ ਗਿਆ। ਸਾਰੇ ਮੁਸਾਫਿਰ ਗੁੰਡਿਆਂ ਅੱਗੇ ਹੱਥ ਬੰਨ੍ਹ ਕੇ ਬੋਲੇ, “ਬਸ ਬਹੁਤ ਹੋ ਗਿਆæææਛੱਡ ਦੇਵੋæææਬੁੱਢਾ ਬਿਮਾਰ ਆਦਮੀ ਏ ਵਿਚਾਰਾ।” ਗੁੰਡਿਆਂ ਵਿਚੋਂ ਕੋਈ ਬੋਲਿਆæææ”ਛੱਡੋ ਯਾਰæææਮਾਲ ਮਾਰੋ ਮਾਲ।” ਉਸੇ ਵਕਤ ਕਈ ਲੋਕਾਂ ਦੇ ਭੱਜਣ ਦੀ ਆਵਾਜ਼ ਆਈ। ਕੋਈ ਕਿਸੇ ਨੂੰ ਕਹਿ ਰਿਹਾ ਸੀ, “ਉਤਾਰæææਦੂਜੇ ਨੂੰ ਵੀ ਉਤਾਰ ਸਾਲੇ ਨੂੰ।”
ਬਾਹਰ ਸਾਡੇ ਸਰਦਾਰ ਜੀ ਦੇ ਸਾਮਾਨ ਦੀ ਹੋਲੀ ਮੱਚ ਰਹੀ ਸੀ ਅਤੇ ਕਈ ਆਦਮੀ ਨੰਗੇ ਸਰਦਾਰ ਨੂੰ ਹੋਲੀ ‘ਚ ਧੱਕਣ ਦੀ ਕੋਸ਼ਿਸ਼ ਕਰ ਰਹੇ ਸਨ। ਹਨ੍ਹੇਰੇ ‘ਚ ਸਾਰੇ ਮੁਸਾਫ਼ਿਰ ਖਿੜਕੀਆਂ ਨਾਲ ਚਿੰਬੜੇ ਹੋਏ ਬਾਹਰ ਦੇਖਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਕਿਸੇ ਨੂੰ ਕੁਝ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ।
ਉਸੇ ਸਮੇਂ ਗੱਡੀ ਨੇ ਰੀਂਗਣਾ ਸ਼ੁਰੂ ਕਰ ਦਿੱਤਾæææ
ਸਰਦਾਰ ਜੀ ਦੀ ਦਾੜ੍ਹੀ ਅੱਧੀ ਰਹਿ ਗਈ ਸੀ ਤੇ ਸਿਰ ਦੇ ਵਾਲ ਬਿਖਰੇ ਹੋਏ ਸਨ।
ਉਪਰਲੀ ਸੀਟ ਦੇ ਕੋਨੇ ‘ਚ ਉਹ ਗਰਦਨ ਲਮਕਾਈ ਬੈਠਾ ਸੀ ਅਤੇ ਔਖੇ-ਔਖੇ ਸਾਹ ਲੈ ਰਿਹਾ ਸੀ। ਸਿਰ ਦੇ ਵਾਲਾਂ ਵਿਚੋਂ ਖੂਨ ਵਹਿ ਰਿਹਾ ਸੀ। ਦਾੜ੍ਹੀ ਵੀ ਖੂਨ ਨਾਲ ਲਿੱਬੜ ਗਈ ਸੀ। ਬਾਹਾਂ ‘ਤੇ, ਛਾਤੀ ‘ਤੇæææਸਰੀਰ ਦਾ ਕੋਈ ਹਿੱਸਾ ਅਜਿਹਾ ਨਹੀਂ ਸੀ ਜੋ ਲਾਲ ਨਾ ਹੋ ਗਿਆ ਹੋਵੇ। ਹਰ ਥਾਂ ਮਾਰ ਦੇ ਨਿਸ਼ਾਨ ਸਨ।
ਤੇ ਮੈਂæææਬੇਵਕੂਫ ਮੈਂæææਸਵੇਰੇ ਕਹਿ ਰਿਹਾ ਸੀ, “ਸਾਡੇ ਹੁੰਦਿਆਂ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ। ਤੁਸੀਂ ਨਿਸ਼ਚਿੰਤ ਰਹੋæææਨਿਸ਼ਚਿੰਤ! ਇਸ ਮੁਲਕ ‘ਚ।”
ਪਤਨੀ ਨੇ ਮੇਰੀ ਲੁੰਗੀ ਕੱਢ ਕੇ ਸਰਦਾਰ ਜੀ ਨੂੰ ਦਿੱਤੀ ਅਤੇ ਰੋਣ ਲੱਗੀ। ਡੱਬੇ ਦੇ ਕਿਸੇ ਮੁਸਾਫਿਰ ਨੇ ਕਮੀਜ਼ ਦਿੱਤੀ। ਹੁਣ ਦੂਜੇ ਡੱਬਿਆਂ ਦੇ ਮੁਸਾਫਿਰ ਵੀ ਉਸ ਨੂੰ ਦੇਖਣ ਆ ਰਹੇ ਸਨ। ਆਖ਼ਰ ਕਿਉਂ ਨਾ ਆਉਂਦੇ? ਐਨੇ ਆਦਮੀਆਂ ਦੇ ਵਿਚਕਾਰ ਵੀਹ ਆਦਮੀਆਂ ਦੁਆਰਾ ਕੁੱਟਿਆ ਇਕ ਬੁੱਢਾ ਕਮਜ਼ੋਰ ਬਿਮਾਰ ਆਦਮੀ-ਕੀ ਘੱਟ ਦਿਲਚਸਪ ਦ੍ਰਿਸ਼ ਹੁੰਦਾ ਹੈ?
ਹੁਣ ਉਹ ਭਾਰੀ ਆਵਾਜ਼ ਵਾਲਾ ਸਭਿਅਕ ਵਿਅਕਤੀ ਹਰਕਤ ਵਿਚ ਆਇਆ, “ਕੀ ਹੋਇਆ? ਬਹੁਤ ਮਾਰਿਆ? ਕੋਈ ਖਾਸ ਨਹੀਂ ਲੱਗੀ। ਡੂੰਘੀ ਸੱਟ ਤਾਂ ਕੋਈ ਨਹੀਂ। ਫਿਕਰ ਨਾ ਕਰੋ। ਅਜਿਹੇ ਮੌਕੇ ਇਨ੍ਹਾਂ ਨੂੰ ਘਰੋਂ ਬਾਹਰ ਨਿਕਲਣਾ ਹੀ ਨਹੀਂ ਚਾਹੀਦਾ। ਡੱਬੇ ‘ਚ ਕੋਈ ਡਾਕਟਰæææ? ਸੋਫਰਾਮਾਈਸੀਨ ਹੈ ਕਿਸੇ ਕੋਲ?” ਉਹ ਆਪਣੀ ਭਾਰੀ ਰੋਅਬਦਾਰ ਆਵਾਜ਼ ਵਿਚ ਬੋਲ ਰਿਹਾ ਸੀ। ਉਸ ਦੀ ਲੜਕੀ ਉਸ ਨੌਜਵਾਨ ਨਾਲ ਉਪਰਲੀ ਸੀਟ ‘ਤੇ ਹੀ ਬੈਠੀ ਰਹੀ। ਕਿਸੇ ਕੋਲ ਸੋਫਰਾਮਾਈਸੀਨ ਨਿਕਲ ਆਈ। ਜਿਵੇਂ-ਜਿਵੇਂ ਲੋਕ ਦੱਸਦੇ ਗਏ, ਸਰਦਾਰ ਜੀ ਮਾਈਸੀਨ ਲਗਾਉਂਦੇ ਰਹੇ, ਪਰ ਜ਼ਖ਼ਮ ਐਨੇ ਜ਼ਿਆਦਾ ਸਨ ਅਤੇ ਮਲ੍ਹਮ ਬਹੁਤ ਘੱਟ।
ਮੈਂ ਸੋਚ ਰਿਹਾ ਸੀ ਕਿ ਅੱਜ ਫਰਜ਼ ਕਰੋ ਇਸ ਸਰਦਾਰ ਦੀ ਥਾਂ ਮੈਂ ਹੁੰਦਾ; ਤਾਂ ਮੈਂ ਕੀ ਕਰਦਾ? ਫੁੱਟ-ਫੁੱਟ ਕੇ ਰੋਂਦਾ। ਮਿੰਨਤਾਂ ਕਰਦਾ। ਹੋਰ ਪਤਾ ਨਹੀਂ ਕੀ-ਕੀ ਕਰਦਾ? ਲੇਕਿਨ ਸਰਦਾਰ ਜੀ ਦੀ ਅੱਖ ਵਿਚ ਇਕ ਵੀ ਹੰਝੂ ਨਹੀਂ ਸੀæææਬਸ ਸਿਰਫ਼ ਐਨਾ ਕੁ, ਜਿਵੇਂ ਉਂਗਲੀ ਕਿਸੇ ਭਾਰੇ ਪੱਥਰ ਥੱਲੇ ਆ ਜਾਵੇ।
ਸਾਰਾ ਡੱਬਾ ਹੁਣ ਉਨ੍ਹਾਂ ਨੂੰ ਸਲਾਹ ਦੇ ਰਿਹਾ ਸੀ, “ਆਪਣੇ ਵਾਲ ਖੋਲ੍ਹ ਲਵੋ, ਮੱਥੇ ‘ਤੇ ਤਿਲਕ ਲਗਾ ਕੇ ਬਾਬਾ ਜੀ ਬਣ ਜਾਉ। ਕੋਈ ਪੁੱਛੇ ਤਾਂ ਕਹਿ ਦੇਣਾ ਬਨਾਰਸ ਜਾ ਰਿਹਾ ਹਾਂæææਹੇ ਰਾਮ-ਰਾਮ ਬੋਲਣਾ। ਤੇ ਹਿੰਦੀ ‘ਚ ਗੱਲ ਕਰਨਾ, ਪੰਜਾਬੀ ‘ਚ ਨਹੀਂ।” ਕੋਈ ਕਹਿ ਰਿਹਾ ਸੀ, “ਅਗਲੇ ਸਟੇਸ਼ਨ ‘ਤੇ ਉਤਰ ਜਾਣਾ ਅਤੇ ਪੁਲਿਸ ਸਟੇਸ਼ਨ ਵਿਚ ਬੈਠ ਜਾਣਾ।” ਇਸ ਸੁਝਾਅ ਦਾ ਕਈ ਲੋਕਾਂ ਨੇ ਹੁੰਗਾਰਾ ਭਰਿਆ, ਕਿਉਂਕਿ ਉਸ ਦਾ ਡੱਬੇ ‘ਚ ਰਹਿਣਾ ਸਭ ਲਈ ਖ਼ਤਰਾ ਸੀ। ਗੱਲ ਤਾਂ ਇਹ ਸੀ, ਜੇ ਸਰਦਾਰ ਜੀ ਉਤਰ ਜਾਂਦੇ ਤਾਂ ਸਾਰੇ ਚੈਨ ਦੀ ਨੀਂਦਰ ਸੌਂਦੇ।
ਉਸ ਨੇ ਸਭ ਦੀ ਸੁਣੀ ਅਤੇ ਆਖ਼ਰ ਫਰਸ਼ ਵੱਲ ਦੇਖਿਆ ਅਤੇ ਬੋਲੇ, “ਮੇਰਾ ਟਿਕਟ ਸੀ ਪੈਂਟ ਦੀ ਜੇਬ ਵਿਚ।” ਲੋਕਾਂ ਨੇ ਕਿਹਾ, “ਕੋਈ ਗੱਲ ਨਹੀਂ, ਟਿਕਟ ਨੂੰ ਕੌਣ ਪੁੱਛਦਾ ਹੈ ਇਸ ਹਾਲਤ ਵਿਚ। ਕੋਈ ਪੁੱਛੇਗਾ ਤਾਂ ਅਸੀਂ ਦੱਸ ਦੇਵਾਂਗੇ।” ਉਸ ਨੇ ਕਿਹਾ, “ਪੈਂਟ ‘ਚ ਮੇਰੇ ਪੈਸੇ ਸਨæææਪੌਣੇ ਤਿੰਨ ਸੌ ਰੁਪਏ।” ਲੋਕਾਂ ਨੇ ਕਿਹਾ, “ਕੋਈ ਗੱਲ ਨਹੀਂ। ਪੈਸਿਆਂ ਦਾ ਕੀ ਹੈ? ਹੱਥਾਂ ਦੀ ਮੈਲ! ਸ਼ੁਕਰ ਕਰੋ ਜਾਨ ਬਚ ਗਈ।” ਉਸ ਨੇ ਜ਼ਮੀਨ ਵੱਲ ਦੇਖਦੇ ਹੋਏ ਕਿਹਾ, “ਹੁਣ ਜਿਵੇਂ ਪਹੁੰਚੇ, ਪਹੁੰਚ ਜਾਵਾਂਗੇ। ਬਿਲਾਸਪੁਰ ਹੀ ਤਾਂ ਜਾਣਾ ਹੈ। ਸਵੇਰੇ ਤਾਂ ਆ ਹੀ ਜਾਵੇਗਾ। ਤੁਸੀਂ ਮੈਨੂੰ ਬੱਸ ਚਾਹ-ਚੂ ਦੇ ਪੈਸੇ ਦੇ ਦੇਵੋ। ਬਿਲਾਸਪੁਰ ‘ਚ ਵਾਪਸ ਕਰ ਦੇਵਾਂਗਾ। ਫਿਰ ਜੋ ਹੋਵੇਗਾ ਦੇਖਿਆ ਜਾਵੇਗਾ।”
ਕੋਈ ਆਦਮੀ ਇਸ ਹਾਲ ‘ਚ ਵੀ ਚਾਹ ਦੇ ਪੈਸੇ ਮੰਗ ਰਿਹਾ ਹੈ। ਉਸ ਦਾ ਸੱਤਰ ਸਾਲਾਂ ਦਾ ਤਜਰਬਾ ਸਾਡੇ ਹਕੀਰਾਂ ਤੋਂ ਸਿਰਫ ਚਾਹ ਦੇ ਪੈਸੇ ਮੰਗ ਰਿਹਾ ਸੀ!
ਮੈਨੂੰ ਘਬਰਾਹਟ ਹੋਣ ਲੱਗੀ। ਰੋਣਾ ਆ ਗਿਆ। ਜੀਅ ਘਟਣ ਲੱਗਿਆ। ਮੈਂ ਉਠ ਕੇ ਪਾਣੀ ਦੇ ਛਿੱਟੇ ਮਾਰਨ ਲਈ ਟਾਇਲਟ ਵੱਲ ਚਲਾ ਗਿਆ।
ਮੁੜਦੇ ਸਮੇਂ ਦੇਖਿਆ ਕਿ ਤਿੰਨੇ ਸਭਿਅਕ ਆਦਮੀ ਸਿਗਰਟ ਪੀ ਰਹੇ ਹਨ ਅਤੇ ਠਾਠ ਨਾਲ ਤਾਸ਼ ਕੁੱਟ ਰਹੇ ਹਨ।

Be the first to comment

Leave a Reply

Your email address will not be published.