ਸੁਰਾਂ ਦਾ ਸੰਗਮ: ਰਾਹੋਂ ਵਾਲਾ ਖੱਯਾਮ

ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਸੰਗੀਤਕਾਰ ਖੱਯਾਮ ਦੇ ਚਲਾਣੇ ਦੀ ਖਬਰ ਪੜ੍ਹਦਿਆਂ ਹੀ ਸਭ ਤੋਂ ਪਹਿਲਾਂ ਸੰਗਤੀਕਾਰ ਪਿਆਰੇ ਲਾਲ (ਲਕਸ਼ਮੀ ਕਾਂਤ ਦੇ ਜੋੜੀਕਾਰ) ਦੀ ਟਿੱਪਣੀ ਯਾਦ ਆਈ: “ਖੱਯਾਮ ਸਾਹਬ![[[ ਉਨ ਕੀ ਤੋ ਕਲਾਸ ਹੀ ਅਲੱਗ ਹੈ। ਉਨ ਜੈਸਾ ਮਿਊਜ਼ਿਕ ਹਮ ਕਭੀ ਭੀ ਨਹੀਂ ਬਨਾ ਪਾਏ।” ਪਿਆਰੇ ਲਾਲ ਨੇ ਇਹ ਟਿੱਪਣੀ ਚਾਰ ਸਾਲ ਪਹਿਲਾਂ ਵਿਵਿਧ ਭਾਰਤੀ ਦੇ ਐਤਵਾਰੀ ਪ੍ਰੋਗਰਾਮ ‘ਉਜਾਲੇ ਉਨ ਕੀ ਯਾਦੋਂ ਕੇ’ ਵਿਚ ਕੀਤੀ ਸੀ। ਬੜੀ ਇਮਾਨਦਾਰਾਨਾ ਅਕੀਦਤ ਸੀ ਇਹ, ਆਪਣੇ ਸਮਕਾਲੀ ਸੰਗੀਤਕਾਰ ਦੀ ਕਾਬਲੀਅਤ ਨੂੰ।

ਅਜਿਹੀਆਂ ਢੇਰਾਂ ਅਕੀਦਤਾਂ ਦਾ ਹੱਕਦਾਰ ਸੀ ਖੱਯਾਮ। ਸੰਗੀਤਕਾਰ ਵਜੋਂ ਵੀ ਅਤੇ ਇਨਸਾਨ ਵਜੋਂ ਵੀ। ਸੰਗੀਤਕਾਰ ਵਜੋਂ ਉਸ ਨੇ ਸੰਗੀਤਕ ਮਿਆਰਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ ਅਤੇ ਇਨਸਾਨ ਵਜੋਂ ਇਨਸਾਨੀ ਅਸੂਲਾਂ ਤੇ ਨਫਾਸਤ ਨਾਲ। ਉਹ 1947 ਤੋਂ ਲੈ ਕੇ 2016 ਤਕ 69 ਵਰ੍ਹੇ ਹਿੰਦੀ ਫਿਲਮ ਸੰਗੀਤ ਦੇ ਖੇਤਰ ਵਿਚ ਸਰਗਰਮ ਰਿਹਾ ਪਰ ਉਸ ਦੇ ਸੰਗੀਤ ਵਾਲੀਆਂ ਫਿਲਮਾਂ ਦੀ ਗਿਣਤੀ 69ਵੀਂ ਨਹੀਂ ਬਣਦੀ। ਨੌਸ਼ਾਦ ਅਲੀ ਤੇ ਸਚਿਨ ਦੇਵ ਬਰਮਨ ਦੀਆਂ ਫਿਲਮਾਂ ਦੀ ਗਿਣਤੀ ਦੀ ਔਸਤ ਵੀ ਇਕ ਫਿਲਮ ਪ੍ਰਤੀ ਸਾਲ ਬਣਦੀ ਹੈ ਪਰ ਉਨ੍ਹਾਂ ਨੂੰ ਹਮੇਸ਼ਾਂ ਵੱਡੇ ਫਿਲਮਸਾਜ਼ਾਂ ਦੀ ਸਰਪ੍ਰਸਤੀ ਮਿਲਦੀ ਰਹੀ। ਖੱਯਾਮ (ਤੇ ਉਸ ਵਾਂਗ ਜੈਦੇਵ ਨੂੰ ਵੀ) ਸ਼ਾਬਾਸ਼ ਬਹੁਤ ਮਿਲੀ ਪਰ ਇਹ ਸ਼ਾਬਾਸ਼ੀ ਬਾਜ਼ਾਰੀ ਕਾਮਯਾਬੀ ਦਾ ਭੇਸ ਨਹੀਂ ਬਣਾ ਸਕੀ। ਇਹ ਖੱਯਾਮ ਦੀ ਕਿਰਦਾਰੀ ਮਜ਼ਬੂਤੀ ਸੀ ਕਿ ਉਸ ਨੇ ਕਦੇ ਢਿੱਲੀ ਨਹੀਂ ਢਾਹੀ। ਆਤਮ ਰੁਦਨ ਜਾਂ ਸ਼ਰਾਬਖੋਰੀ ਨੂੰ ਆਪਣੀ ਜੀਵਨ ਜਾਚ ਨਹੀਂ ਬਣਾਇਆ। ਤਹਿਜ਼ੀਬ ਤੇ ਤਹੱਮਲ ਦਾ ਪੱਲਾ ਕਦੇ ਨਹੀਂ ਛੱਡਿਆ। ਜ਼ਿੰਦਗੀ ਪੂਰੀ ਆਸਵੰਦੀ ਨਾਲ ਜਿਊਂਦਾ ਰਿਹਾ – ਇਕੋ ਇਕ ਸੰਤਾਨ (ਪੁੱਤਰ) ਪ੍ਰਦੀਪ ਖੱਯਾਮ ਦੀ ਬੇਵਕਤੀ ਮੌਤ ਅਤੇ ਹਮਸਫਰ (ਗਾਇਕਾ ਜਗਜੀਤ ਕੌਰ) ਦੀ ਲੰਮੀ ਬਿਮਾਰੀ ਦੇ ਬਾਵਜੂਦ। ਕੁਝ ਮਹੀਨੇ ਪਹਿਲਾਂ ਪੁਲਵਾਮਾ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਲਈ ਪੰਜ ਲੱਖ ਰੁਪਏ ਦੀ ਦਾਨ ਰਾਸ਼ੀ ਦੇਣ ਮਗਰੋਂ ਉਸ ਨੇ ਇਕ ਅਖਬਾਰੀ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਜਗਜੀਤ ਤੋਂ ਪਹਿਲਾਂ ਨਹੀਂ ਮਰਨਾ ਚਾਹੁੰਦਾ, ਕਿਉਂਕਿ ਜਗਜੀਤ ਨੂੰ ‘ਇਸ ਵੇਲੇ ਸਭ ਤੋਂ ਵੱਧ ਮੇਰੀ ਲੋੜ ਹੈ। ਜੋ ਮੈਂ ਉਸ ਲਈ ਕਰ ਸਕਦਾ ਹਾਂ, ਉਹ ਕੋਈ ਮਿੱਤਰ-ਬੰਧੂ ਜਾਂ ਨੌਕਰ ਚਾਕਰ ਨਹੀਂ ਕਰ ਸਕਦਾ।’ ਉਸ ਦੀ ਇਹ ਖਵਾਹਿਸ਼ ਤੇ ਚਾਹਤ ਪੂਰੀ ਨਹੀਂ ਹੋਈ।

ਮੁਹੰਮਦ ਜ਼ਹੂਰ ਖਾਨ ਹਾਸ਼ਮੀ ਉਰਫ ਮੁਹੰਮਦ ਜ਼ਹੂਰ ਜਲੰਧਰੀ ਉਰਫ ਖੱਯਾਮ ਦਾ ਜਨਮ ਰਾਹੋਂ ਕਸਬੇ ਵਿਚ 18 ਫਰਵਰੀ, 1927 ਨੂੰ ਹੋਇਆ। ਰਾਹੋਂ ਉਦੋਂ ਜਲੰਧਰ ਜ਼ਿਲ੍ਹੇ ਵਿਚ ਪੈਂਦਾ ਸੀ। ਪਰਿਵਾਰ ਪੜ੍ਹਿਆ ਲਿਖਿਆ ਸੀ। ਖਾਂਦਾ ਪੀਂਦਾ ਸੀ। ਚੋਪੜਿਆਂ (ਫਿਲਮਸਾਜ਼ ਬੀ[ਆਰ[ ਚੋਪੜਾ) ਦੇ ਟੱਬਰ ਨਾਲ ਉਨ੍ਹਾਂ ਦੀ ਚੰਗੀ ਸਾਂਝ ਸੀ। ਮਾਪੇ ਚਾਹੁੰਦੇ ਸਨ ਜ਼ਹੂਰ ਪੜ੍ਹੇ ਪਰ ਜ਼ਹੂਰ ਨੂੰ ਗਾਉਣ ਤੇ ਅਦਾਕਾਰੀ ਦਾ ਸ਼ੌਕ ਸੀ। ਮਾਪਿਆਂ ਨੇ ਪੜ੍ਹਾਈ ਲਈ ਉਸ ਨੂੰ ਦਿੱਲੀ ਭੇਜਿਆ ਪਰ ਉਥੇ ਜਾ ਕੇ ਉਸ ਨੇ ਸਕੂਲੀ ਪੜ੍ਹਾਈ ਵੱਲ ਘੱਟ ਤੇ ਸੰਗੀਤ ਦੀ ਤਾਲੀਮ ‘ਤੇ ਵੱਧ ਜ਼ੋਰ ਦਿੱਤਾ। ਫਿਰ ਉਸ ਨੂੰ ਘਰ ਲਿਆ ਕੇ ਲੁਧਿਆਣੇ ਪੜ੍ਹਨ ਪਾਇਆ ਗਿਆ ਪਰ ਉਹ ਗਾਉਣ ਵਜਾਉਣ ਦੀ ਲਲਕ ਕਾਰਨ ਲਾਹੌਰ ਭੱਜ ਗਿਆ। ਉਥੇ ਜਾ ਕੇ ਉਸ ਨੇ ਸੰਗੀਤਕਾਰ ਬਾਬਾ ਚਿਸ਼ਤੀ ਦੀ ਸ਼ਾਗਿਰਦੀ ਕਰ ਲਈ। ਇਸ ਤੋਂ ਬਾਅਦ ਪੰਡਿਤ ਅਮਰਨਾਥ (ਸੰਗੀਤਕਾਰ ਜੋੜੀ ਹੁਸਨ ਲਾਲ ਭਗਤ ਰਾਮ ਦੇ ਵੱਡੇ ਭਰਾ) ਦੀ ਸ਼ਾਗਿਰਦੀ ਤੇ ਸਹਾਇਕੀ ਦਾ ਮੌਕਾ ਮਿਲਿਆ। ਪੰਡਿਤ ਅਮਰਨਾਥ, ਪਾਇਲ (ਲੁਧਿਆਣਾ) ਦੇ ਸਨ। ਉਨ੍ਹਾਂ ਦੇ ਨਾਲ ਹੀ ਜ਼ਹੂਰ ਮੁੰਬਈ ਪਹੁੰਚਿਆ। ਜਗਜੀਤ ਕੌਰ ਜੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੰਗ ਮਾਈਆ ਦੇ ਜ਼ਿਮੀਂਦਾਰ ਦੀ ਧੀ ਸੀ, ਨਾਲ ਜ਼ਹੂਰ ਦੀ ਮੁਲਾਕਾਤ ਲਾਹੌਰ ਵਿਚ ਹੋਈ। ਉਹ ਉਥੇ ਰੇਡੀਓ ‘ਤੇ ਗਾਉਣ ਆਈ ਸੀ। ਇਹ ਮੁਲਾਕਾਤ ਦੋਵਾਂ ਨੂੰ ਜੀਵਨ ਸਾਥੀ ਬਣਨ ਦੇ ਰਾਹ ਪਾ ਗਈ।
ਮੁੰਬਈ ਵਿਚ ਜ਼ਹੂਰ ਨੂੰ ਸਪਸ਼ਟ ਹੋ ਗਿਆ ਕਿ ਸ਼ਾਸਤਰੀ ਸੰਗੀਤ ਤੇ ਫਿਲਮ ਸੰਗੀਤ ਦੀ ਕਾਰਜਮੁਖੀ ਵਿਆਕਰਨ ਵੱਖੋ ਵੱਖਰੀ ਹੈ। ਇਥੇ ਪੰਡਿਤ ਅਮਰਨਾਥ ਵਾਲੀ ਸ਼ੈਲੀ ਨਹੀਂ ਚੱਲਣੀ। ਇਸ ਲਈ ਉਸ ਨੇ ਨਵਾਂ ਰਾਹ ਖੋਜਣਾ ਸ਼ੁਰੂ ਕੀਤਾ। 1947 ਦੀ ਫਿਲਮ ‘ਰੋਮੀਓ ਜੂਲੀਅਟ’ ਵਿਚ ਇਕ ਗੀਤ ਗਾਇਆ। ਦੇਸ਼ ਵੰਡ ਤੋਂ ਉਪਜੇ ਫਿਰਕੇਦਾਰਾਨਾ ਮਾਹੌਲ ਨੇ ਨਾਂ ਬਦਲਣ ਲਈ ਮਜਬੂਰ ਕੀਤਾ। 1948 ਦੀ ਫਿਲਮ ‘ਹੀਰ ਰਾਂਝਾ’ ਵਿਚ ਰਹਿਮਾਨ ਵਰਮਾ ਨਾਲ ਮਿਲ ਕੇ ਉਸ ਨੇ ਸ਼ਰਮਾ ਜੀ-ਵਰਮਾ ਜੀ ਦੇ ਨਾਮ ਹੇਠ ਸੰਗੀਤ ਦਿੱਤਾ। ਅਗਲੇ ਸਾਲ ਰਹਿਮਾਨ ਵਰਮਾ ਪਾਕਿਸਤਾਨ ਖਿਸਕ ਗਿਆ ਤਾਂ ‘ਬੀਵੀ’ (1950) ਲਈ ਮੁਹੰਮਦ ਜ਼ਹੂਰ ਹਾਸ਼ਮੀ ਦਾ ਖੱਯਾਮ ਵਾਲਾ ਅਵਤਾਰ ਸਾਹਮਣੇ ਆ ਗਿਆ। 1953 ਵਿਚ ਖੱਯਾਮ ਨੂੰ ਪਹਿਲਾ ਵੱਡਾ ਬ੍ਰੇਕ ਜ਼ਿਆ ਸਰਹੱਦੀ ਦੀ ਫਿਲਮ ‘ਫੁੱਟਪਾਥ’ ਰਾਹੀਂ ਮਿਲਿਆ। ਦਿਲੀਪ ਕੁਮਾਰ ਤੇ ਮੀਨਾ ਕੁਮਾਰੀ ਇਸ ਦੇ ਮੁੱਖ ਕਲਾਕਾਰ ਸਨ। ਇਸ ਦੇ ਗੀਤ, ਖਾਸ ਕਰਕੇ ‘ਸ਼ਾਮ-ਏ-ਗ਼ਮ ਕੀ ਕਸਮ, ਆਜ ਗਮਗੀਨ ਹੈ ਹਮ’ (ਤਲਤ ਮਹਿਮੂਦ) ਹਿੰਦੀ ਫਿਲਮ ਜਗਤ ਦੇ ਸਦਾਬਹਾਰ ਗੀਤਾਂ ਵਿਚ ਸ਼ੁਮਾਰ ਹਨ। ‘ਫੁੱਟਪਾਥ’ ਦੀ ਟਿਕਟ ਖਿੜਕੀ ਉਤੇ ਨਾਕਾਮੀ ਖੱਯਾਮ ਲਈ ਵੱਡਾ ਧੱਕਾ ਸੀ। ਉਸ ਦੀ ਅਗਲੀ ਵੱਡੀ ਫਿਲਮ ‘ਫਿਰ ਸੁਬ੍ਹਾ ਹੋਗੀ’ (1958) ਰਹੀ। ਰਾਜ ਕਪੂਰ ਤੇ ਮਾਲਾ ਸਿਨਹਾ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਹ ਫਿਲਮ ਭਾਵੇਂ ਟਿਕਟ ਖਿੜਕੀ ਉਤੇ ਬਹੁਤੀ ਕਮਾਈ ਨਾ ਕਰ ਸਕੀ ਪਰ ਸਾਹਿਰ ਲੁਧਿਆਣਵੀ ਦੇ ਗੀਤ ਅਤੇ ਖੱਯਾਮ ਦਾ ਸੰਗੀਤ ਆਪੋ-ਆਪਣੀ ਖੂਬਸੂਰਤੀ ਕਾਰਨ ਹੁਣ ਵੀ ਖੂਬ ਮਕਬੂਲ ਹਨ। ਇਸੇ ਫਿਲਮ ਦਾ ਟਾਈਟਲ ਗੀਤ ‘ਵੋਹ ਸੁਬ੍ਹਾ ਕਭੀ ਤੋਂ ਆਏਗੀ’ ਰਿਕਾਰਡ ਕਰਾਉਣ ਮਗਰੋਂ ਗਾਇਕਾ ਆਸ਼ਾ ਭੋਸਲੇ ਨੇ ਖੱਯਾਮ ਨੂੰ ਮੁਬਾਰਕਬਾਦ ‘ਆਪ ਕੀ ਸੁਬ੍ਹ ਅਬ ਆ ਗਈ ਹੈ’ ਸ਼ਬਦਾਂ ਨਾਲ ਦਿੱਤੀ। ਖੱਯਾਮ ਨੇ ਆਸ਼ਾ ਵਲੋਂ ਕੀਤੀ ਇਸ ਤਾਰੀਫ ਦਾ ਸ਼ੁਕਰੀਆ ‘ਉਮਰਾਓ ਜਾਨ’ (1981) ਦੇ ਜਾਦੂਈ ਗੀਤਾਂ ਰਾਹੀਂ ਅਦਾ ਕੀਤਾ। ਇਨ੍ਹਾਂ ਗੀਤਾਂ ਦੀ ਬਦੌਲਤ ਆਸ਼ਾ ਨੂੰ ਸਰਵੋਤਮ ਗਾਇਕਾ ਦਾ ਕੌਮੀ ਪੁਰਸਕਾਰ ਹਾਸਲ ਹੋਇਆ।

ਸੰਗੀਤਕਾਰ ਵਜੋਂ ਖੱਯਾਮ ਨੂੰ ਲਗਾਤਾਰ ਹਿੱਟ ਫਿਲਮਾਂ ਵਾਲਾ ਦੌਰ ਸਿਰਫ ਇਕ ਵਾਰ ਨਸੀਬ ਹੋਇਆ। ਉਹ ਵੀ ਬਹੁਤ ਥੋੜ੍ਹੇ ਅਰਸੇ ਲਈ। ‘ਕਭੀ ਕਭੀ’ (1976) ਤੋਂ ‘ਨੂਰੀ’ (1979) ਤਕ। ‘ਕਭੀ ਕਭੀ’ ਉਸ ਦੇ ਕਰੀਅਰ ਵਿਚ ਉਹ ਮੁਕਾਮ ਰੱਖਦੀ ਹੈ ਜੋ ਦਾਦਾ (ਸਚਿਨ ਦੇਵ) ਬਰਮਨ ਦੇ ਕਰੀਅਰ ਲਈ ‘ਗਾਈਡ’ ਅਤੇ ਨੌਸ਼ਾਦ ਲਈ ‘ਮੁਗਲੇ-ਆਜ਼ਮ’। ‘ਫਿਰ ਸੁਬ੍ਹਾ ਹੋਗੀ’, ‘ਸ਼ੋਲਾ ਔਰ ਸ਼ਬਨਮ’ (1961), ‘ਸ਼ਗੁਨ’ (1963), ‘ਮੁਹੱਬਤ ਇਸ ਕੋ ਕਹਿਤੇ ਹੈਂ’ (1965), ‘ਉਮਰਾਓ ਜਾਨ’, ‘ਰਜ਼ੀਆ ਸੁਲਤਾਨ’ (1983) ਤੇ ‘ਬਾਜ਼ਾਰ’ (1982) ਦਾ ਸੰਗੀਤ ਵੀ ਬੇਹੱਦ ਕਾਮਯਾਬ ਤੇ ਨਾਯਾਬ ਰਿਹਾ। ਬਕਮਾਲ ਪੱਖ ਇਹ ਸੀ ਕਿ ਬਹੁਤੀਆਂ ਫਿਲਮਾਂ ਵਿਚ ਖੱਯਾਮ ਨੇ ਇਹ ਕਾਮਯਾਬੀ ਲਤਾ ਮੰਗੇਸ਼ਕਰ ਦੀ ਆਵਾਜ਼ ਦਾ ਸਹਾਰਾ ਲਏ ਬਿਨਾ ਹਾਸਲ ਕੀਤੀ। ਇਸ ਪੱਖੋਂ ‘ਸ਼ਗੁਨ’ ਖਾਸ ਤੌਰ ‘ਤੇ ਜ਼ਿਕਰਯੋਗ ਹੈ। ਇਸ ਵਿਚ ਸਾਹਿਰ ਦੇ ਅਲਫਾਜ਼ ਦੀ ਖੂਬਸੂਰਤੀ ਨੂੰ ਖੱਯਾਮ ਨੇ ਸੁਮਨ ਕਲਿਆਣਪੁਰ, ਮੁਬਾਰਕ ਬੇਗਮ ਤੇ ਜਗਜੀਤ ਕੌਰ ਦੀ ਗਾਇਕੀ ਰਾਹੀਂ ਨਾਯਾਮੀ ਮੁਹੱਈਆ ਕੀਤੀ। ‘ਬੁਝਾ ਦੀਏ ਹੈਂ ਖੁਦ ਅਪਨੇ ਹਾਥੋਂ ਮੁਹੱਬਤੋਂ ਕੇ ਦੀਏ ਜਲਾ ਕੇ[[[’ ਸੁਮਨ ਕਲਿਆਣਪੁਰ ਦੇ ਪੰਜ ਬਿਹਤਰੀਨ ਸੋਲੋ ਗੀਤਾਂ ਵਿਚੋਂ ਇਕ ਹੈ। ਦਰਅਸਲ, ਅਣਗੌਲੇ ਗਇਕਾਂ ਦੀ ਸਮਰੱਥਾ ਨੂੰ ਸਹੀ ਮੰਚ ਮੁਹੱਈਆ ਕਰਨ ਦੇ ਮਾਮਲੇ ਵਿਚ ਖੱਯਾਮ ਨੇ ਕਦੇ ਝਿਜਕ ਨਹੀਂ ਦਿਖਾਈ। ਭੁਪਿੰਦਰ ਸਿੰਘ ਦਾ ਪਹਿਲਾ ਸੋਲੋ ‘ਰੁੱਤ ਜਵਾਂ ਜਵਾਂ ਜਵਾਂ’ (ਆਖਰੀ ਖਤ, 1966), ਸੁਲਕਸ਼ਣਾ ਪੰਡਿਤ ਦਾ ਫਿਲਮਫੇਅਰ ਐਵਾਰਡ ਜੇਤੂ ਗੀਤ ‘ਤੂ ਹੀ ਸਾਗਰ ਤੂ ਹੀ ਕਿਨਾਰਾ’ (ਸੰਕਲਪ, 1975), ਲਖਨਊ ਦੇ ਰੇਡੀਓ ਅਨਾਊਂਸਰ ਕੱਬਨ ਮਿਰਜ਼ਾ ਦਾ ਗਾਇਕ ਵਜੋਂ ਬ੍ਰੇਕ ‘ਆਈ ਜ਼ੰਜੀਰ ਕੀ ਝਨਕਾਰ, ਖੁਦਾ ਖੈਰ ਕਰੇ’ (ਰਜ਼ੀਆ ਸੁਲਤਾਨ, 1983) ਅਤੇ ਗਜ਼ਲ ਗਾਇਕ ਤਲਤ ਅਜ਼ੀਜ਼ ਦਾ ਪਹਿਲਾ ਫਿਲਮੀ ਗੀਤ ‘ਫਿਰ ਛਿੜੀ ਰਾਤ, ਬਾਤ ਫੂਲੋਂ ਕੀ’ (ਬਾਜ਼ਾਰ, 1982) ਖੱਯਾਮ ਦੀ ਹੀ ਦੇਣ ਸਨ।
ਖੱਯਾਮ ਹੁਣ ਇਸ ਜਹਾਨ ਵਿਚ ਨਹੀਂ ਹੈ ਪਰ ‘ਬਾਜ਼ਾਰ’ ਦੇ ਗੀਤ ‘ਕਰੋਗੇ ਯਾਦ ਤੋ ਹਰ ਬਾਤ ਯਾਦ ਆਏਗੀ’ ਵਾਲੇ ਮਿਸਰੇ ਵਾਂਗ ਉਸ ਦੇ ਮਿੱਠੇ ਮਿੱਠੇ ਗੀਤ ਉਸ ਦੀ ਯਾਦ ਨੂੰ ਸੰਗੀਤ ਪ੍ਰੇਮੀਆਂ ਦੇ ਮਨਾਂ ਵਿਚ ਹਮੇਸ਼ਾਂ ਤਰੋਤਾਜ਼ਾ ਰੱਖਣਗੇ।