ਮਾਮਲਾ ਚਿਦੰਬਰਮ ਦੀ ਚੜ੍ਹਤ ਤੇ ਨਿਘਾਰ ਦਾ ਜਾਂ ਸਿਸਟਮ ਦਾ!

-ਜਤਿੰਦਰ ਪਨੂੰ
ਉਹ ਵੀ ਸਮਾਂ ਸੀ, ਜਦੋਂ ਮਸਾਂ ਚਾਲੀ ਸਾਲਾਂ ਦੀ ਉਮਰ ਵਿਚ ਰਾਜੀਵ ਗਾਂਧੀ ਨੇ ਭਾਰਤ ਦੀ ਕਮਾਨ ਸੰਭਾਲੀ ਅਤੇ ਆਪਣੇ ਤੋਂ ਮਸਾਂ ਇੱਕ ਸਾਲ ਛੋਟੇ ਪਲਾਨੀਅੱਪਨ ਚਿਦੰਬਰਮ ਨੂੰ ਕੇਂਦਰ ਸਰਕਾਰ ਵਿਚ ਮੰਤਰੀ ਬਣਾਇਆ ਸੀ। ਬਹੁਤ ਚਰਚਿਤ ਰਹੇ ਕੇਂਦਰੀ ਮੰਤਰੀਆਂ ਵਿਚ ਉਸ ਵਕਤ ਸ਼ਾਮਲ ਰਿਹਾ ਚਿਦੰਬਰਮ ਫਿਰ ਚੜ੍ਹਤ ਦੀਆਂ ਪੌੜੀਆਂ ਚੜ੍ਹਦਾ ਇਸ ਦੇਸ਼ ਦਾ ਖਜਾਨਾ ਮੰਤਰੀ ਵੀ ਬਣਿਆ ਤੇ ਗ੍ਰਹਿ ਮੰਤਰੀ ਵੀ। ਸੱਤ ਵਾਰੀ ਲੋਕ ਸਭਾ ਦਾ ਮੈਂਬਰ ਬਣਿਆ ਅਤੇ ਅੱਜ ਕੱਲ੍ਹ ਉਹ ਰਾਜ ਸਭਾ ਦਾ ਮੈਂਬਰ ਹੈ।

ਇਹੋ ਵੇਲਾ ਉਸ ਲਈ ਸਭ ਤੋਂ ਔਖਾ ਹੈ। ਉਹ ਈਮਾਨਦਾਰ ਲੀਡਰ ਡਾ[ ਮਨਮੋਹਨ ਸਿੰਘ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਦੌਰਾਨ ਕੀਤੇ ਕੁਝ ਕੰਮਾਂ ਲਈ ਇਸ ਵਕਤ ਕੇਂਦਰੀ ਜਾਂਚ ਬਿਊਰੋ ਦੀ ਹਿਰਾਸਤ ਵਿਚ ਹੈ ਤੇ ਜੋ ਦੋਸ਼ ਲੱਗਦੇ ਹਨ, ਉਨ੍ਹਾਂ ਨੂੰ ਸੁਣ ਕੇ ਕਈ ਲੋਕਾਂ ਨੂੰ ਹੈਰਾਨੀ ਹੁੰਦੀ ਹੈ। ਅੰਨਾਮਲਾਈ ਯੂਨੀਵਰਸਿਟੀ ਅਤੇ ਅੱਜ ਕੱਲ੍ਹ ਦੇਸ਼ ਦੀ ਪ੍ਰਮੁੱਖ ਬੀਮਾ ਕੰਪਨੀ ਯੁਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਉਸ ਦੇ ਨਾਨੇ ਨੇ ਸ਼ੁਰੂ ਕੀਤੀਆਂ ਸਨ ਅਤੇ ਉਸ ਦੇ ਭਰਾ ਨੇ ਇੰਡੀਅਨ ਬੈਂਕ ਖੁਦ ਸ਼ੁਰੂ ਕੀਤਾ ਤੇ ਕਿਸੇ ਹੋਰ ਨਾਲ ਰਲ ਕੇ ਇੰਡੀਅਨ ਓਵਰਸੀਜ਼ ਬੈਂਕ ਸ਼ੁਰੂ ਕਰਨ ਵਿਚ ਉਸ ਦੀ ਮੋਹਰੀ ਭੂਮਿਕਾ ਸੀ।
ਏਡੇ ਅਮੀਰ ਪਰਿਵਾਰ ਅਤੇ ਅਮੀਰ ਵਿਰਸੇ ਵਾਲੇ ਪਰਿਵਾਰ ਵਿਚ ਜਨਮ ਲੈਣ ਵਾਲਾ ਚਿਦੰਬਰਮ ਕਿਸੇ ਵਕਤ ਖੱਬੇ ਪੱਖੀਆਂ ਦਾ ਬਾਹਰੀ ਸਮਰਥਕ ਹੁੰਦਾ ਸੀ ਤੇ ਅੱਜ ਵੀ ਕਈ ਵਾਰੀ ਭਾਸ਼ਣਾਂ ਦੌਰਾਨ ਆਪਣੇ ਪੁਰਾਣੇ ਰੰਗ ਵਿਚ ਆ ਜਾਂਦਾ ਹੈ, ਪਰ ਜਦੋਂ ਉਸ ਬੰਦੇ ਦੇ ਜੀਵਨ ਦੀਆਂ ਪਰਤਾਂ ਫੋਲੀਏ ਤਾਂ ਅੰਦਰੋਂ ਲੱਭਾ ਪੁਲੰਦਾ ਉਸ ਦੀਆਂ ਤੰਦਾਂ ਦੇਸ਼ ਤੋਂ ਬਾਹਰ ਸੰਸਾਰ ਭਰ ਵਿਚ ਖਿੱਲਰੇ ਖਿਲਾਰੇ ਨਾਲ ਜਾ ਜੋੜਦਾ ਹੈ। ਫੇਰ ਸਮਝ ਪੈਂਦੀ ਹੈ ਕਿ ਉਸ ਦੇ ਸਬੰਧ ਕਈ ਦੇਸ਼ਾਂ ਵਿਚ ਚੱਲ ਰਹੇ ਚਰਚਿਤ ਕਾਰਪੋਰੇਟ ਘਰਾਣਿਆਂ ਨਾਲ ਬੜੇ ਗੁੰਦਵੇਂ ਹਨ।
ਗੁਣੀ-ਗਿਆਨੀ ਸਮਝਿਆ ਜਾਂਦਾ ਇਹ ਕਾਬਲ ਵਕੀਲ ਨਰਸਿਮਹਾ ਰਾਓ ਵੇਲੇ ਅਤੇ ਫਿਰ ਐਚ[ ਡੀ[ ਦੇਵਗੌੜਾ ਨਾਲ ਹੁੰਦਿਆਂ ਵੀ ਕਿਸੇ ਵੱਡੇ ਵਿਵਾਦ ਵਿਚ ਨਹੀਂ ਸੀ ਫਸਿਆ। ਜਦੋਂ ਡਾ[ ਮਨਮੋਹਨ ਸਿੰਘ ਦੀ ਪਹਿਲੀ ਸਰਕਾਰ ਬਣਦੇ ਸਾਰ ਇਸ ਨੂੰ ਖਜਾਨਾ ਮੰਤਰੀ ਬਣਾਇਆ ਗਿਆ ਤਾਂ ਉਦੋਂ ਵੀ ਇਹ ਪ੍ਰਭਾਵ ਸੀ ਕਿ ਈਮਾਨਦਾਰ ਪ੍ਰਧਾਨ ਮੰਤਰੀ ਨੇ ਇੱਕ ਹੋਰ ਈਮਾਨਦਾਰ ਬੰਦਾ ਲੱਭ ਕੇ ਉਸ ਨੂੰ ਦੇਸ਼ ਦੇ ਖਜਾਨੇ ਦੀ ਚਾਬੀ ਸੌਂਪੀ ਹੈ। ਇਹ ਗੱਲ ਸੱਚ ਨਹੀਂ ਸੀ। ਅੱਜ ਕਈ ਲੋਕ ਇਹ ਸੋਚਦੇ ਹਨ ਕਿ ਹੋਰ ਕਿਸੇ ਨੂੰ ਹੋਵੇ ਜਾਂ ਨਾ, ਡਾ[ ਮਨਮੋਹਨ ਸਿੰਘ ਵਰਗੇ ਬੰਦੇ ਨੂੰ ਤਾਂ ਉਸ ਵੇਲੇ ਵੀ ਪਤਾ ਹੋਵੇਗਾ ਕਿ ਇਸ ਦੇ ਸਬੰਧ ਬ੍ਰਿਟੇਨ ਦੀ ਇੱਕ ਵੱਡੀ ਬਹੁ-ਕੌਮੀ ਕੰਪਨੀ ਨਾਲ ਬੜੇ ਵਧ ਚੁਕੇ ਸਨ। ਭਾਰਤੀ ਮੂਲ ਦੇ ਬ੍ਰਿਟਿਸ਼ ਪੂੰਜੀਪਤੀਆਂ ਦੀ ਇਸ ਕੰਪਨੀ ਉਤੇ ਉਥੋਂ ਦੀ ਸਰਕਾਰ ਨੇ ਮਨੀ ਲਾਂਡਰਿੰਗ ਦਾ ਇੱਕ ਕੇਸ ਬਣਾਇਆ ਸੀ, ਜੋ ਨੌਂ ਸਾਲ ਚੱਲਦਾ ਰਿਹਾ ਤੇ ਡਾ[ ਮਨਮੋਹਨ ਸਿੰਘ ਦੀ ਪਹਿਲੀ ਸਰਕਾਰ ਬਣਨ ਤੋਂ ਇੱਕ ਸਾਲ ਪਹਿਲਾਂ ਚਿਦੰਬਰਮ ਉਸ ਕੰਪਨੀ ਦੇ ਵਕੀਲ ਵਜੋਂ ਸਾਡੇ ਦੇਸ਼ ਵਿਚ ਵੀ ਹਾਈ ਕੋਰਟ ਵਿਚ ਪੇਸ਼ ਹੋ ਚੁਕਾ ਸੀ। ਉਸ ਦੀ ਸੇਵਾ ਤੋਂ ਖੁਸ਼ ਹੋ ਕੇ ਉਸ ਕਾਰਪੋਰੇਸ਼ਨ ਨੇ ਚਿਦੰਬਰਮ ਨੂੰ ਆਪਣੇ ਡਾਇਰੈਕਟਰਾਂ ਦੇ ਬੋਰਡ ਦਾ ਨਾਨ-ਐਗਜ਼ੈਕਟਿਵ ਮੈਂਬਰ ਬਣਾ ਲਿਆ ਅਤੇ ਜਿਸ ਦਿਨ ਉਹ ਭਾਰਤ ਦਾ ਖਜਾਨਾ ਮੰਤਰੀ ਬਣਿਆ, ਉਸ ਤੋਂ ਇੱਕ ਦਿਨ ਪਹਿਲਾਂ ਉਸ ਨੇ ਇਸ ਮੈਂਬਰੀ ਤੋਂ ਅਸਤੀਫਾ ਦਿੱਤਾ ਸੀ। ਉਦੋਂ ਉਸ ਕਾਰਪੋਰੇਸ਼ਨ ਨੇ ਇਹ ਅਸਤੀਫਾ ਪ੍ਰਵਾਨ ਕਰਨ ਦੇ ਨਾਲ ਉਸ ਨੂੰ ਖਜਾਨਾ ਮੰਤਰੀ ਬਣ ਜਾਣ ਦੀ ਵਧਾਈ ਵੀ ਦਿੱਤੀ ਸੀ।
ਅਸੀਂ ਇਸ ਵੇਲੇ ਇਸ ਗੱਲ ਵਿਚ ਨਹੀਂ ਜਾਣਾ ਚਾਹੁੰਦੇ ਕਿ ਭਾਰਤ ਦੇ ਦੱਖਣੀ ਰਾਜਾਂ ਦੇ ਜੰਗਲਾਂ ਤੋਂ ਕਿੰਨੇ ਕਰੋੜਾਂ ਨਹੀਂ, ਅਰਬਾਂ ਨਹੀਂ, ਖਰਬਾਂ ਡਾਲਰ ਦੀ ਲੁੱਟ ਖਜਾਨਾ ਮੰਤਰੀ ਬਣੇ ਚਿਦੰਬਰਮ ਦੀ ਮਿੱਤਰ ਕਾਰਪੋਰੇਸ਼ਨ ਨੇ ਕੀਤੀ, ਸਗੋਂ ਇਹ ਗੱਲ ਜਾਣ ਲੈਣੀ ਜ਼ਰੂਰੀ ਹੈ ਕਿ ਇਹ ਬੰਦਾ ਕਿਸ ਰਾਹ `ਤੇ ਚੱਲ ਪਿਆ ਸੀ! ਭ੍ਰਿਸ਼ਟਾਚਾਰੀ ਕੇਸਾਂ ਦੀ ਜਾਂਚ ਦੇ ਕਈ ਮਾਮਲਿਆਂ ਵਿਚ ਦਖਲ ਦੇਣ ਦੇ ਦੋਸ਼ ਵੀ ਇਸ ਖਿਲਾਫ ਲੱਗਦੇ ਰਹੇ ਅਤੇ ਇਨਕਮ ਟੈਕਸ ਦੇ ਮਾਮਲਿਆਂ ਦੀ ਵਕੀਲ ਇਸ ਦੀ ਪਤਨੀ ਨਾਲਿਨੀ ਚਿੰਦਬਰਮ ਦਾ ਜ਼ਿਕਰ ਵੀ ਕਈ ਮਾਮਲਿਆਂ ਵਿਚ ਆਉਂਦਾ ਰਿਹਾ।
ਜਦੋਂ ਚਿਦੰਬਰਮ ਇਨਕਮ ਟੈਕਸ ਵਾਲੇ ਮਹਿਕਮੇ ਦਾ ਖਜਾਨਾ ਮੰਤਰੀ ਵਜੋਂ ਇੰਚਾਰਜ ਸੀ, ਉਸ ਦੀ ਪਤਨੀ ਨਾਲਿਨੀ ਇਹੋ ਜਿਹੇ ਕੇਸਾਂ ਵਿਚ ਵਕੀਲ ਵਜੋਂ ਪੇਸ਼ ਹੁੰਦੀ ਅਤੇ ਪੈਰਵੀ ਕਰਦੀ ਸੀ। ਜਿਸ ਮਹਿਕਮੇ ਦੇ ਮੰਤਰੀ ਦੀ ਪਤਨੀ ਮਹਿਕਮੇ ਦੇ ਅਫਸਰਾਂ ਸਾਹਮਣੇ ਵਕੀਲ ਵਜੋਂ ਖੜੀ ਹੁੰਦੀ ਹੋਵੇ, ਉਸ ਕੇਸ ਦਾ ਫੈਸਲਾ ਕੀ ਹੁੰਦਾ ਹੈ, ਕਹਿਣ ਦੀ ਲੋੜ ਨਹੀਂ ਰਹਿੰਦੀ।
ਬਹੁਤ ਬਦਨਾਮ ਹੋਏ ਸ਼ਾਰਦਾ ਚਿੱਟ ਫੰਡ ਕੇਸ ਵਿਚ ਵੀ ਇਹੋ ਕੁਝ ਹੋਇਆ ਮੰਨਿਆ ਜਾਂਦਾ ਹੈ। ਸੀ[ ਬੀ[ ਆਈ[ ਨੇ ਨਾਲਿਨੀ ਨੂੰ ਕੇਸ ਵਿਚ ਘਸੀਟ ਲਿਆ ਅਤੇ ਇਸ ਕੇਸ ਦੀ ਮੁੱਖ ਦੋਸ਼ੀ ਕੰਪਨੀ ਕੋਲੋਂ ਉਸ ਵੱਲੋਂ ਇੱਕ ਕਰੋੜ ਰੁਪਏ ਲੈਣ ਨੂੰ ਭ੍ਰਿਸ਼ਟਾਚਾਰ ਦਾ ਮਾਮਲਾ ਦੱਸਿਆ ਤੇ ਨਾਲਿਨੀ ਨੇ ਜਵਾਬ ਵਿਚ ਦਲੀਲ ਦਿੱਤੀ ਕਿ ਇਹ ਵਕੀਲ ਵਜੋਂ ਵਸੂਲ ਕੀਤੀ ਫੀਸ ਸੀ। ਅਸਲ ਵਿਚ ਫੀਸ ਸੀ ਜਾਂ ਕੁਝ ਹੋਰ, ਇਸ ਬਾਰੇ ਹਰ ਕੋਈ ਆਪੋ-ਆਪਣੇ ਅੰਦਾਜ਼ੇ ਲਾ ਸਕਦਾ ਹੈ ਤੇ ਸਿੱਟੇ ਕੱਢ ਸਕਦਾ ਹੈ।
ਫਿਰ ਕੁਝ ਕੇਸਾਂ ਵਿਚ ਚਿਦੰਬਰਮ ਦੇ ਪੁੱਤਰ ਕਾਰਤੀ ਅਤੇ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦਾ ਨਾਂ ਸਾਂਝੇ ਤੌਰ `ਤੇ ਹੇਰਾਫੇਰੀ ਕਰਨ ਲਈ ਸਾਹਮਣੇ ਆਉਂਦਾ ਰਿਹਾ। ਲੋਕ ਜਾਣਦੇ ਹਨ ਕਿ ਸੋਨੀਆ ਗਾਂਧੀ ਦਾ ਜਵਾਈ ਖੁਦ ‘ਹਰ ਮੱਸਿਆ ਬਦਨਾਮੀ’ ਵਾਲੇ ਲੋਕਾਂ ਵਿਚੋਂ ਇੱਕ ਹੈ। ਉਸ ਨਾਲ ਕਾਰਤੀ ਦਾ ਨਾਂ ਜੁੜਨਾ ਹੀ ਇਹ ਦੱਸਣ ਨੂੰ ਕਾਫੀ ਹੈ ਕਿ ਉਹ ਦੋਵੇਂ ਨੇਕ ਕੰਮ ਨਹੀਂ ਸਨ ਕਰਦੇ ਪਏ। ਜੋ ਵੀ ਕੀਤਾ, ਸਰਪ੍ਰਸਤੀ ਤਾਂ ਚਿਦੰਬਰਮ ਦੀ ਹੁੰਦੀ ਸੀ।
ਜਿਸ ਵੱਡੇ ਕੇਸ ਵਿਚ ਇਸ ਵੇਲੇ ਚਿਦੰਬਰਮ ਗ੍ਰਿਫਤਾਰ ਹੋਇਆ ਹੈ, ਉਹ ਇੱਕ ਮੀਡੀਆ ਅਦਾਰੇ ਨੂੰ ਵਿਦੇਸ਼ੀ ਪੂੰਜੀ ਦੀ ਮਨਜ਼ੂਰੀ ਦੇਣ ਦਾ ਮਾਮਲਾ ਹੈ ਤੇ ਇਹ ਮਨਜ਼ੂਰੀ ਜਦੋਂ ਮਿਲੀ, ਉਸ ਵੇਲੇ ਚਿਦੰਬਰਮ ਖਜਾਨਾ ਮੰਤਰੀ ਸੀ ਅਤੇ ਦੋਸ਼ ਇਹੋ ਲੱਗਾ ਹੈ ਕਿ ਇਸ ਕੰਮ ਲਈ ਮੋਟੀ ਮਾਇਆ ਵਸੂਲੀ ਸੀ। ਕੰਪਨੀ ਦੀ ਮਾਲਕ ਇੰਦਰਾਣੀ ਮੁਕਰਜੀ ਕੋਈ ਨੇਕ ਔਰਤ ਨਹੀਂ, ਆਪਣੀ ਧੀ ਦੇ ਕਤਲ ਕੇਸ ਵਿਚ ਉਹ ਜੇਲ੍ਹ ਬੈਠੀ ਕੈਦਣ ਹੈ ਤੇ ਹੋਰ ਕਈ ਦੋਸ਼ ਉਸ `ਤੇ ਵੱਖਰੇ ਲੱਗਦੇ ਜਾਂਦੇ ਹਨ, ਪਰ ਇਸ ਵੇਲੇ ਉਹ ਚਿਦੰਬਰਮ ਦੀ ਗ੍ਰਿਫਤਾਰੀ ਦਾ ਆਧਾਰ ਬਣੇ ਕੇਸ ਦੀ ਵਾਅਦਾ ਮੁਆਫ ਗਵਾਹ ਬਣਨ ਕਰ ਕੇ ਚਰਚਾ ਵਿਚ ਹੈ। ਜੇਲ੍ਹ ਵਿਚ ਤੜੀ ਹੋਈ ਇੰਦਰਾਣੀ ਨੂੰ ਸਰਕਾਰ ਦੀ ਨਾਰਾਜ਼ਗੀ ਮਹਿੰਗੀ ਪੈ ਸਕਦੀ ਹੈ, ਇਸ ਲਈ ਜਦੋਂ ਉਸ ਤੱਕ ਪਹੁੰਚ ਕੀਤੀ ਗਈ ਹੋਵੇਗੀ ਕਿ ਚਿਦੰਬਰਮ ਵਾਲੇ ਮਾਮਲੇ ਵਿਚ ਸਰਕਾਰੀ ਗਵਾਹ ਬਣ ਕੇ ਆਪਣੀ ਜਾਨ ਛੁਡਾਵੇ ਤੇ ਉਸ ਨੂੰ ਫਸਾਉਣ ਲਈ ਮਦਦ ਕਰੇ ਤਾਂ ਉਹ ਝੱਟ ਮੰਨ ਗਈ ਹੋਵੇਗੀ।
ਇੰਦਰਾਣੀ ਨੇ ਅਦਾਲਤ ਵਿਚ ਇਕਬਾਲੀਆ ਬਿਆਨ ਦੇ ਕੇ ਇਹ ਭੇਦ ਖੋਲ੍ਹ ਦਿੱਤਾ ਕਿ ਜਾਂਚ ਅਧੀਨ ਆਏ ਕੇਸ ਵਿਚ ਉਸ ਨੇ ਚਿਦੰਬਰਮ ਦੇ ਪਰਿਵਾਰ ਨੂੰ ਕਿੰਨੀ ਰਕਮ ਦਿੱਤੀ ਸੀ। ਜਦੋਂ ਪੈਸੇ ਦੇਣ ਵਾਲੀ ਮੰਨਦੀ ਹੈ ਕਿ ਦਿੱਤੇ ਸਨ ਤਾਂ ਬਾਕੀ ਕੰਮ ਸੁਖਾਲਾ ਹੋ ਜਾਂਦਾ ਹੈ। ਇਸ ਨਾਲ ਚਿਦੰਬਰਮ ਏਨਾ ਔਖਾ ਫਸ ਗਿਆ ਹੈ ਕਿ ਕਈ ਦੂਜੇ ਲੋਕਾਂ ਨੂੰ ਚੁਟਕੀਆਂ ਵਿਚ ਅਦਾਲਤਾਂ ਤੋਂ ਛੁਡਾ ਲੈਣ ਦੇ ਨੁਕਤੇ ਲੱਭ ਲਿਆਉਣ ਦਾ ਮਾਹਰ ਧੜੱਲੇਦਾਰ ਵਕੀਲ ਆਪਣੇ ਲਈ ਦਲੀਲ ਲੱਭਣ ਵਿਚ ਔਖ ਮਹਿਸੂਸ ਕਰ ਰਿਹਾ ਹੈ।
ਇਹ ਗੱਲ ਬੜੀ ਵਾਰੀ ਸੁਣੀ ਹੈ ਕਿ ਯੋਗੀਆਂ ਦੀ ਦਿੱਤੀ ਸਵਾਹ ਦੀ ਚੁਟਕੀ ਵੀ ਵੱਡੇ ਤੋਂ ਵੱਡੇ ਮਰੀਜ਼ ਨੂੰ ਠੀਕ ਕਰ ਸਕਦੀ ਹੈ, ਪਰ ਜਦੋਂ ਖੁਦ ਕਿਸੇ ਯੋਗੀ ਦੇ ਘਰ ਵਿਚ ਮੁਸੀਬਤ ਹੋਵੇ, ਵੱਡੇ ਤੋਂ ਵੱਡੇ ਯੋਗੀ ਦਾ ਨੁਸਖਾ ਵੀ ਕੰਮ ਨਹੀਂ ਕਰਦਾ। ਚਿਦੰਬਰਮ ਨਾਲ ਇਸੇ ਤਰ੍ਹਾਂ ਹੋਈ ਜਾਪਦੀ ਹੈ। ਉਹ ਇਸ ਵਕਤ ਜਿਸ ਭਵਜਲ ਵਿਚ ਫਸਿਆ ਪਿਆ ਹੈ, ਉਸ ਵਿਚੋਂ ਨਿਕਲ ਸਕਣ ਦੀ ਕੋਈ ਬਿੱਧ ਬਣਦੀ ਦਿਖਾਈ ਨਹੀਂ ਦੇ ਰਹੀ ਅਤੇ ਇਹ ਕੇਸ ਉਸ ਦੇ ਬਹੁਤ ਬੁਰੀ ਤਰ੍ਹਾਂ ਜੜ੍ਹੀਂ ਬੈਠ ਸਕਦਾ ਹੈ।
ਇਥੇ ਆ ਕੇ ਇੱਕ ਗੱਲ ਆਮ ਕਹੀ ਜਾਂਦੀ ਹੈ ਕਿ ਕਿਸੇ ਸਮੇਂ ਦਾ ਬਹੁਤ ਈਮਾਨਦਾਰ ਮੰਨਿਆ ਜਾਂਦਾ ਇਹ ਬੰਦਾ ਫਿਰ ਗਲਤ ਰਾਹੇ ਪੈ ਗਿਆ। ਗੱਲ ਸਿਰਫ ਬੰਦੇ ਉਤੇ ਕੇਂਦਰਤ ਕੀਤੀ ਜਾ ਰਹੀ ਹੈ। ਅਸਲ ਸਵਾਲ ਇੱਕ ਬੰਦੇ ਦਾ ਨਹੀਂ, ਭਾਰਤ ਦੇ ਉਸ ਸਿਸਟਮ ਦਾ ਹੈ, ਜਿਸ ਵਿਚ ਕਦੀ ਕੋਈ ਸੁਖਰਾਮ ਅਚਾਨਕ ਟੈਲੀਕਾਮ ਸਕੈਂਡਲ ਦੇ ਚੱਕਰ ਵਿਚ ਫਸਿਆ ਦਿਖਾਈ ਦਿੰਦਾ ਹੈ, ਕਦੀ ਕੋਈ ਨਟਵਰ ਸਿੰਘ ਇਰਾਕ ਤੋਂ ‘ਫੂਡ ਫਾਰ ਆਇਲ’ ਦੇ ਸਕੈਂਡਲ ਵਿਚ ਫਸਣ ਪਿਛੋਂ ਵਿਦੇਸ਼ ਮੰਤਰੀ ਦਾ ਅਹੁਦਾ ਛੱਡਣ ਨੂੰ ਮਜਬੂਰ ਹੁੰਦਾ ਹੈ, ਕਦੀ ਕੋਈ ਏ[ ਰਾਜਾ ਕੇਂਦਰ ਦੇ ਟੈਲੀਕਾਮ ਮੰਤਰੀ ਦੇ ਅਹੁਦੇ ਤੋਂ ਹਟਣ ਪਿੱਛੋਂ ਜੇਲ੍ਹ ਭੇਜਿਆ ਜਾਂਦਾ ਹੈ ਤੇ ਫਿਰ ਸਾਨੂੰ ਇੱਕ ਦਿਨ ਇਹ ਗੱਲ ਸੁਣਦੀ ਹੈ ਕਿ ਚਿਦੰਬਰਮ ਦੇ ਘਰ ਦੀਆਂ ਕੰਧਾਂ ਟੱਪ ਕੇ ਇੱਕ ਜਾਂਚ ਏਜੰਸੀ ਦੇ ਅਫਸਰ ਅੰਦਰ ਗਏ ਤੇ ਬਾਹੋਂ ਫੜ ਕੇ ਲੈ ਤੁਰੇ ਸਨ।
ਗੱਲ ਬੰਦੇ ਦੀ ਹੋਵੇ ਤਾਂ ਮੁੱਦਾ ਇਸ ਕੇਸ ਨਾਲ ਮੁੱਕ ਸਕਦਾ ਹੈ, ਜਦੋਂ ਗੱਲ ਸਿਸਟਮ ਦੀ ਹੋਵੇ ਤਾਂ ਬਹਿਸ ਬੰਦੇ ਦੁਆਲੇ ਇਸ ਲਈ ਘੁੰਮਦੀ ਹੈ ਕਿ ਸਿਸਟਮ ਨਾਲ ਕੋਈ ਵੀ ਵਿਗਾੜ ਪਾਉਣ ਨੂੰ ਛੇਤੀ ਕੀਤੇ ਤਿਆਰ ਨਹੀਂ। ਪਿਛਲੀਆਂ ਸਭ ਸਰਕਾਰਾਂ ਨੂੰ ਅਸਲੋਂ ਹੀ ਭ੍ਰਿਸ਼ਟਾਚਾਰੀ ਦੱਸ ਕੇ ਹਿੱਕ ਥਾਪੜਨ ਵਾਲਿਆਂ ਦੀ ਆਪਣੀ ਸਰਕਾਰ ਵੀ ਸਾਫ ਨਹੀਂ। ਹਾਲੇ ਕੁਝ ਮਹੀਨੇ ਪਹਿਲਾਂ ਇਸ ਸਰਕਾਰ ਨੂੰ ਚਲਾਉਣ ਵਾਲਿਆਂ ਨੇ ਆਸਾਮ ਦੇ ਇੱਕ ਕਾਂਗਰਸੀ ਆਗੂ ਦੇ ਖਿਲਾਫ ਸੜਕਾਂ ਦੇ ਘੋਟਾਲੇ ਦੇ ਦੋਸ਼ ਲਾਏ ਸਨ, ਜਾਂਚ ਏਜੰਸੀਆਂ ਉਸ ਦੇ ਮਗਰ ਲਾ ਦਿੱਤੀਆਂ ਸਨ, ਪਰ ਜਦੋਂ ਉਹੀ ਬੰਦਾ ਭਾਜਪਾ ਵਿਚ ਆ ਗਿਆ ਤਾਂ ਉਸ ਨੂੰ ਭਾਜਪਾ ਨੇ ਚੋਣ ਲਈ ਟਿਕਟ ਦਿੱਤੀ ਅਤੇ ਜਿੱਤਣ ਪਿਛੋਂ ਫਿਰ ਓਸੇ ਮਹਿਕਮੇ ਦਾ ਮੰਤਰੀ ਬਣਾ ਦਿੱਤਾ ਹੈ।
ਬੰਗਾਲ ਦਾ ਤ੍ਰਿਣਮੂਲ ਆਗੂ ਮੁਕੁਲ ਰਾਏ, ਜੋ ਸ਼ਾਰਦਾ ਚਿੱਟ ਫੰਡ ਘੋਟਾਲੇ ਦਾ ਮੁੱਖ ਦੋਸ਼ੀ ਮੰਨਿਆ ਜਾਂਦਾ ਸੀ ਤੇ ਰੋਜ਼ ਹੀ ਕਿਸੇ ਨਾ ਕਿਸੇ ਜਾਂਚ ਏਜੰਸੀ ਦੇ ਦਫਤਰ ਵਿਚ ਸੱਦਿਆ ਜਾ ਰਿਹਾ ਸੀ, ਜਿਸ ਦਿਨ ਦਾ ਭਾਜਪਾ ਵਿਚ ਸ਼ਾਮਲ ਹੋ ਗਿਆ, ਉਸ ਨੂੰ ਕਿਸੇ ਨੇ ਕੇਸ ਦੀ ਅਗਲੀ ਤਰੀਕ ਨਹੀਂ ਪੁੱਛੀ। ਨਰਸਿਮਹਾ ਰਾਓ ਪ੍ਰਧਾਨ ਮੰਤਰੀ ਹੋਣ ਸਮੇਂ ਕਹਿੰਦਾ ਹੁੰਦਾ ਸੀ ਕਿ ਕਾਨੂੰਨ ਆਪਣਾ ਰਾਹ ਆਪੇ ਅਖਤਿਆਰ ਕਰੇਗਾ, ਉਹ ਖੁਦ ਵੀ ਪਹਿਲਾਂ ਜੇਲ੍ਹ ਗਿਆ ਤੇ ਫਿਰ ਦੂਜੇ ਅਣਦੇਖੇ ਜਹਾਨ ਨੂੰ ਤੁਰ ਗਿਆ, ਪਰ ਉਸ ਦਾ ਦੱਸਿਆ ਰਾਹ ਭਾਰਤ ਦੇ ਕਾਨੂੰਨ ਨੂੰ ਅੱਜ ਤੱਕ ਨਹੀਂ ਲੱਭ ਸਕਿਆ। ਭਲਾ ਕਿਉਂ, ਕਿਉਂਕਿ ਸਵਾਲ ਸਿਸਟਮ ਦਾ ਹੈ।